ਸਿੱਖੀ, ਸ਼ਰਧਾ ਤੇ ਸਿਆਸਤ

ਐਤਕੀਂ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਮੌਕੇ ਸਿਆਸੀ ਕਾਨਫਰੰਸਾਂ ਦੇ ਘੜਮੱਸ ਅਤੇ ਇਕ-ਦੂਜੇ ਉਤੇ ਸਿਆਸੀ ਤੁਹਮਤਾਂ ਦੀ ਥਾਂ ਸ਼ਰਧਾ ਦਾ ਸੈਲਾਬ ਵਗਿਆ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਤੋਂ ਬਾਅਦ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਨਫਰੰਸਾਂ ਕਰਨ ਦਾ ਵਿਚਾਰ ਤਿਆਗ ਦਿੱਤਾ। ਇਹ ਤੱਥ ਨੋਟ ਕਰਨ ਵਾਲਾ ਹੈ ਕਿ ਕੁਝ ਨਿਸ਼ਕਾਮ ਸੇਵਕਾਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇਸ ਸ਼ਹੀਦੀ ਜੋੜ-ਮੇਲ ਦੀ ਸੁੱਚਮਤਾ ਲਈ ਹੀਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹੀਲਿਆਂ ਨੂੰ ਹੁਣ ਭਰਪੂਰ ਹੁੰਗਾਰਾ ਮਿਲਣਾ ਸ਼ੁਰੂ ਹੋਇਆ ਹੈ।

ਦਰਅਸਲ ਸਿਆਸੀ ਪਾਰਟੀਆਂ ਨੇ ਆਪਣੇ ਸੌੜੇ ਸਿਆਸੀ ਹਿਤਾਂ ਖਾਤਰ ਇਨ੍ਹਾਂ ਜੇੜ-ਮੇਲਾਂ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਸਿਆਸੀ ਕਾਨਫਰੰਸਾਂ ਦੌਰਾਨ ਇਕੱਠ ਜੋੜਨ ਲਈ ਮਾਇਆ ਤਾਂ ਪਾਣੀ ਵਾਂਗ ਵਗਾਈ ਹੀ ਜਾਂਦੀ ਸੀ, ਤੁਹਮਤਬਾਜ਼ੀ ਵੀ ਸਿਖਰਾਂ ਛੂਹਣ ਲਗਦੀ ਸੀ। ਐਤਕੀਂ ਇਹ ਦ੍ਰਿਸ਼ ਬਦਲਿਆ ਹੋਇਆ ਨਜ਼ਰ ਆਇਆ। ਬਿਨਾ ਸ਼ੱਕ, ਇਹ ਸਭ ਨਿਸ਼ਕਾਮ ਸੇਵਕਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ, ਪਰ ਇਸ ਵਾਰ ਸੂਬੇ ਦੇ ਸਿਆਸੀ ਦ੍ਰਿਸ਼ ਕਾਰਨ ਵੀ ਅਜਿਹਾ ਸੰਭਵ ਹੋ ਸਕਿਆ ਹੈ। ਵਿਧਾਨ ਸਭਾ ਚੋਣਾਂ ਵਿਚ ਆਸ ਮੁਤਾਬਕ ਨਤੀਜੇ ਨਾ ਨਿਕਲਣ ਅਤੇ ਹੁਣੇ ਹੁਣੇ ਮਿਉਂਸਪਲ ਚੋਣਾਂ ਵਿਚ ਫਾਡੀ ਰਹਿ ਜਾਣ ਕਾਰਨ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਦਾ ਉਤਸ਼ਾਹ ਪਹਿਲਾਂ ਵਾਲਾ ਨਹੀਂ ਸੀ ਰਹਿ ਗਿਆ। ਸ਼ਾਇਦ ਇਸੇ ਕਰ ਕੇ ਸ਼ਹੀਦੀ ਜੋੜ-ਮੇਲ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਇਸ ਪਾਰਟੀ ਵੱਲੋਂ ਹੀ ਸਭ ਤੋਂ ਪਹਿਲਾਂ ਆਇਆ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਵੀ ਆਮ ਆਦਮੀ ਪਾਰਟੀ ਵਾਲਾ ਹੀ ਹੈ। ਵਿਧਾਨ ਸਭਾ ਚੋਣਾਂ ਵਿਚ ਹੋਈ ਲੱਕ ਤੋੜਵੀਂ ਹਾਰ ਨੂੰ ਭਾਵੇਂ ਇਕ ਸਾਲ ਹੋ ਚੱਲਿਆ ਹੈ, ਪਰ ਅਜੇ ਤੱਕ ਲੋਕਾਂ ਨੇ ਇਸ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਮੂੰਹ ਤੱਕ ਨਹੀਂ ਲਾਇਆ ਹੈ। ਇਸ ਪਾਰਟੀ ਨੂੰ ਨਿੱਤ ਦਿਨ ਲੋਕ ਰੋਹ ਝੱਲਣਾ ਪੈ ਰਿਹਾ ਹੈ। ਇਸ ਸੂਰਤ ਵਿਚ ਸਿਆਸੀ ਕਾਨਫਰੰਸ ਨਾ ਕਰ ਕੇ ਸੱਤਾਧਾਰੀ ਕਾਂਗਰਸ ਦਾ ‘ਨੁਕਸਾਨ’ ਕੋਈ ਨਹੀਂ ਸੀ ਹੋ ਰਿਹਾ। ਕਾਂਗਰਸ ਸਰਕਾਰ ਦੇ ਮੁਖੀ ਵਜੋਂ ਇਲਾਕੇ ਨਾਲ ਸਬੰਧਤ ਕੁਝ ਐਲਾਨ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਸੱਲੀ ਕਰ ਲਈ ਹੈ। ਜ਼ਾਹਰ ਹੈ ਕਿ ਇਹ ਸਾਰੀਆਂ ਸਿਆਸੀ ਧਿਰਾਂ, ਨਿਰੋਲ ਧਾਰਮਿਕ ਜੋੜ-ਮੇਲਾਂ ਨੂੰ ਆਪਣੇ ਸਿਆਸੀ ਮੁਫਾਦ ਲਈ ਹੀ ਵਰਤੀਆਂ ਰਹੀਆਂ ਹਨ। ਸਿੱਖੀ ਅਤੇ ਸ਼ਰਧਾ ਨਾਲ ਇਨ੍ਹਾਂ ਦਾ ਕੋਈ ਖਾਸ ਲੈਣਾ-ਦੇਣਾ ਨਹੀਂ ਸੀ ਹੁੰਦਾ। ਇਹ ਤੱਥ ਤਾਂ ਹਰ ਪਾਰਟੀ ਦੀ ਕਾਨਫਰੰਸ ਦੌਰਾਨ ਹੁੰਦੇ ਭਾਸ਼ਣਾਂ ਤੋਂ ਹੀ ਸਪਸ਼ਟ ਹੁੰਦਾ ਰਿਹਾ ਹੈ। ਅਜਿਹੇ ਇਕੱਠਾਂ ਮੌਕੇ ਅਜਿਹੀਆਂ ਕਾਨਫਰੰਸਾਂ ਜਥੇਬੰਦ ਕਰਨ ਦਾ ਸਿਲਸਿਲਾ ਆਜ਼ਾਦੀ ਦੀ ਲੜਾਈ ਦੌਰਾਨ ਸ਼ੁਰੂ ਹੋਇਆ ਸੀ, ਜਦੋਂ ਲੋਕਾਂ ਅੰਦਰ ਆਜ਼ਾਦੀ ਦੀ ਚੇਤਨਾ ਪੈਦਾ ਕਰਨ ਲਈ ਅਜਿਹੇ ਇਕੱਠ ਵਧੀਆ ਸਬੱਬ ਬਣਦੇ ਸਨ, ਪਰ ਸਿਆਸਤ ਵਿਚ ਆਏ ਨਿਘਾਰ ਕਾਰਨ ਹੁਣ ਅਜਿਹੇ ਸੁਨੇਹੇ ਵੀ ਸੱਚੇ ਅਤੇ ਸੁੱਚੇ ਨਹੀਂ ਰਹਿ ਗਏ। ਨਤੀਜੇ ਵਜੋਂ ਅਜਿਹੀਆਂ ਕਾਨਫਰੰਸਾਂ ਵਿਚ ਸਿਰਫ ਸਿਆਸਤ ਦਾ ਹੀ ਬੋਲ-ਬਾਲਾ ਰਹਿ ਗਿਆ। ਇਸ ਵਾਰ ਸਿਰਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੀ ਕਾਨਫਰੰਸ ਕੀਤੀ ਹੈ। ਸਭ ਜਾਣਦੇ ਹਨ ਕਿ ਇਸ ਪਾਰਟੀ ਦੇ ਆਗੂਆਂ ਨੂੰ ਇਹ ਸਿਆਸੀ ਕਾਨਫਰੰਸ ਹਰ ਹਾਲ ਆਪਣੀ ਹਾਜ਼ਰੀ ਲਾਉਣ ਖਾਤਰ ਕਰਨ ਦੀ ਲੋੜ ਮਹਿਸੂਸ ਹੋਈ ਹੈ।
ਫਤਿਹਗੜ੍ਹ ਸਾਹਿਬ ਵਿਚ ਚਲਦੇ ਤਿੰਨ ਰੋਜ਼ਾ ਜੋੜ-ਮੇਲ ਲਈ ਸ਼ਰਧਾਲੂ ਦੂਰੋਂ ਦੂਰੋਂ ਪੁੱਜਦੇ ਹਨ। ਸੰਗਤ ਲਈ ਥਾਂ ਥਾਂ ਲੰਗਰ ਵੀ ਲਗਾਏ ਜਾਂਦੇ ਹਨ। ਸਿੱਖੀ ਵਿਚ ਲੰਗਰ ਦੀ ਆਪਣੀ ਮਹੱਤਤਾ ਹੈ, ਪਰ ਜੋੜ-ਮੇਲ ਦੌਰਾਨ ਸਿਆਸਤ ਚਮਕਾਉਣ ਖਾਤਰ ਇਨ੍ਹਾਂ ਲੰਗਰਾਂ ਦਾ ਸਰੂਪ ਵੀ ਬਦਲ ਦਿੱਤਾ ਗਿਆ ਸੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਵਾਰ ਵਾਰ ਕੀਤੀਆਂ ਬੇਨਤੀਆਂ ਤੋਂ ਬਾਅਦ ਬਰੈਡ ਪਕੌੜਿਆਂ, ਜਲੇਬੀਆਂ, ਖੀਰ, ਪੂੜਿਆਂ, ਪਕੌੜਿਆਂ ਤੋਂ ਇਲਾਵਾ ਮਠਿਆਈਆਂ ਦੇ ਲੰਗਰ ਆਖਰਕਾਰ ਬੰਦ ਹੋ ਗਏ। ਇਸ ਕਿਸਮ ਦੇ ਲੰਗਰਾਂ ਖਿਲਾਫ ਲੋਕ ਰਾਏ ਲਾਮਬੰਦ ਕਰਨ ਵਾਲਿਆਂ ਦੀ ਇਕ ਹੀ ਦਲੀਲ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਵਸ ਤਾਂ ਸੋਗ ਨਾਲ ਮਨਾਉਣੇ ਚਾਹੀਦੇ ਹਨ। ਲੋਕਾਂ ਵੱਲੋਂ ਇਸ ਲਾਮਬੰਦੀ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਸਾਦਾ ਲੰਗਰਾਂ ਦੀ ਸ਼ੁਰੂਆਤ ਹੋ ਗਈ। ਇਸ ਕਾਮਯਾਬੀ ਵਿਚੋਂ ਹੀ ਹੁਣ ਸਿਆਸੀ ਕਾਨਫਰੰਸਾਂ ਬੰਦ ਹੋਣ ਦਾ ਰਾਹ ਖੁੱਲ੍ਹਿਆ ਹੈ। ਵਿਚਲਾ ਨੁਕਤਾ ਇਹ ਹੈ ਕਿ ਅਜਿਹੇ ਇਕੱਠਾਂ ਨੂੰ ਸਿਆਸੀ ਪਾਰਟੀਆਂ ਆਪਣੇ ਸਿਆਸੀ ਹਿਤਾਂ ਲਈ ਵਰਤਣਾ ਚਾਹੁੰਦੀਆਂ ਹਨ। ਪੰਜਾਬ ਵਿਚ ਹੀ ਨਹੀਂ, ਮੁਲਕ ਦੇ ਹੋਰ ਸੂਬਿਆਂ ਅੰਦਰ ਵੀ ਧਾਰਮਿਕ ਸਮਾਗਮਾਂ ਦੌਰਾਨ ਸਿਆਸੀ ਪ੍ਰਚਾਰ ਕੀਤਾ ਜਾਂਦਾ ਹੈ। ਹੁਣ ਫਤਿਹਗੜ੍ਹ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਦਾ ਸਿਲਸਿਲਾ ਖਤਮ ਹੋਣ ਨਾਲ ਸਿੱਖੀ ਦੇ ਹੋਰ ਮੌਲਣ ਦਾ ਆਧਾਰ ਵੀ ਬਣ ਗਿਆ ਹੈ। ਸਿੱਖੀ ਲਈ ਅਜਿਹੀ ਸੁਧਾਰ ਲਹਿਰ ਅੱਜ ਸਮੇਂ ਦੀ ਲੋੜ ਵੀ ਹੈ ਤਾਂ ਕਿ ਲੋਕਾਂ ਨੂੰ ਸਿੱਖੀ ਅਤੇ ਸਿੱਖ ਸਿਧਾਂਤਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਫਤਿਹਗੜ੍ਹ ਸਾਹਿਬ ਤੋਂ ਇਸ ਬਾਰੇ ਪਹਿਲ ਹੋ ਗਈ ਹੈ। ਇਸ ਦਾ ਵਿਸਥਾਰ ਹੋਰ ਧਾਰਮਿਕ ਇਕੱਠਾਂ ਤੱਕ ਵੀ ਹੋਣਾ ਚਾਹੀਦਾ ਹੈ। ਇਸ ਨਾਲ ਸਰਕਾਰੀ, ਗੈਰ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਤਾਂ ਰੁਕੇਗੀ ਹੀ, ਲੋਕਾਂ ਵੱਲੋਂ ਅਜਿਹੇ ਇਕੱਠਾਂ ਉਤੇ ਜਾਣ ਲਈ ਮੁਸੀਬਤਾਂ ਵੀ ਘਟਣਗੀਆਂ। ਕੁਝ ਸਮਾਂ ਪਹਿਲਾਂ ਸਿੱਖੀ ਵਿਚ ਆ ਰਹੇ ਨਿਘਾਰ ਦੇ ਹੱਲ ਬਾਰੇ ਚਰਚਾ ਕਰਦਿਆਂ ਕੁਝ ਸਿੱਖ ਸੇਵਕਾਂ ਨੇ ਸੁਝਾਅ ਦਿੱਤਾ ਸੀ ਕਿ ਲੋਕਾਂ ਨੂੰ ਗੁਰੂ ਘਰਾਂ ਵਿਚ ਮਾਇਆ ਚੜ੍ਹਾਉਣੀ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਬਹੁਤੇ ਝਗੜੇ-ਝੇੜੇ ਮਾਇਆ ਕਾਰਨ ਹੀ ਅਰੰਭ ਹੁੰਦੇ ਹਨ। ਸਿੱਖੀ ਨੂੰ ਪ੍ਰਨਾਏ ਜਿਊੜਿਆਂ ਨੂੰ ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣ-ਵਿਚਾਰਨ ਦੀ ਲੋੜ ਹੈ। ਇਸ ਵੇਲੇ ਵੱਡਾ ਮਸਲਾ ਸੁਧਾਰ ਲਹਿਰ ਦੀ ਸ਼ੁਰੂਆਤ ਦਾ ਹੈ। ਸਿਆਸੀ ਕਾਨਫਰੰਸਾਂ ਬੰਦ ਹੋਣੀਆਂ ਅਤੇ ਮਾਇਆ ਨਾ ਚੜ੍ਹਾਉਣ ਬਾਰੇ ਸੋਚਣਾ ਇਸ ਸੁਧਾਰ ਦੇ ਅਹਿਮ ਨੁਕਤੇ ਹਨ। ਇਨ੍ਹਾਂ ਨੂੰ ਵਿਸਥਾਰ ਮਿਲਣਾ ਹੀ ਚਾਹੀਦਾ ਹੈ।