ਹਾਏ ਰੱਬਾ, ਇੱਕ ਹੋਰ ਬਾਬਾ!

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਵੈਸੇ ਤਾਂ ਸਾਡੇ ਕੋਲ ਯਾਨਿ ਸਿੱਖ ਕੌਮ ਕੋਲ ਵੀ ਬਾਬੇ ਅਤੇ ਡੇਰੇ ਬਥੇਰੇ ਹਨ ਪਰ ਸਾਡੇ ਬਾਬੇ ਜ਼ਰਾ ਜ਼ਿਆਦਾ ਚਤੁਰ ਅਤੇ ਸੁਜਾਨ ਹਨ, ਉਹ ਅਪਣੀਆਂ ਅੱਖਾਂ ਖੋਲ੍ਹ ਕੇ ਸਾਰੇ ਕੰਮ ਕਰਦੇ ਹਨ। ਜੇ ਕਦੀ ਕੋਈ ਧੂੰਆਂ ਨਿਕਲਣ ਵੀ ਲੱਗੇ ਤਾਂ ਉਹ ਆਪਣੇ ਬਚਾਅ ਵਿਚ ਕਾਮਯਾਬ ਹੋ ਜਾਂਦੇ ਹਨ। ਸਾਡੀ ਕੌਮ ਦੇ ਸਾਧਾਂ-ਬਾਬਿਆਂ ਕੋਲ ਜੋ ਸਭ ਤੋਂ ਵੱਡਾ ਬਚਾਓ ਦਾ ਸਾਧਨ ਹੈ, ਉਹ ਹੈ ਡੇਰੇ ਦਾ ਧਾਰਮਿਕ ਨਾਮ ਅਤੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਇਸ ਮਗਰੋਂ ਤਾਂ ਇਹ ਆਪਣੇ ਬਾਪ ਦੀ ਵੀ ਨਹੀਂ ਸੁਣਦੇ। ਆਪਣੇ ਜਥੇਦਾਰਾਂ ਨੂੰ ਬੁਲਾਓ, ਗਲ ਵਿਚ ਲੋਈ ਪਾਓ, ਇਕਵੰਜਾ ਹਜ਼ਾਰ ਦਾ ਲਿਫਾਫਾ ਹੱਥ ਵਿਚ ਫੜ੍ਹਾਓ-ਬੱਸ ਹੁਣ ਤਾਂ ਤੁਹਾਡਾ ਰੱਬ ਵੀ ਕੁਝ ਨਹੀਂ ਵਿਗਾੜ ਸਕਦਾ।

ਗੁਰਬਾਣੀ ਦਾ ਪ੍ਰਚਾਰ ਕਿਵੇਂ ਅਤੇ ਕਿਹੜੇ ਤਰੀਕੇ ਨਾਲ ਕਰਨਾ ਹੈ, ਇਹ ਸਾਡੇ ਬਾਬਿਆਂ ਨੂੰ ਭਲੀ ਭਾਂਤ ਆਉਂਦਾ ਹੈ। ਇਨ੍ਹਾਂ ਬਨਾਰਸੀ ਠੱਗਾਂ ਨੂੰ ਪਿੰਡਾਂ ਵਿਚ ਵਸਦੇ ਪਰਿਵਾਰਾਂ ਦੀ ਕਮਜ਼ੋਰ ਨਸ ਦਾ ਪੂਰਾ ਪੂਰਾ ਗਿਆਨ ਹੈ। ਜਿਸ ਡੇਰੇ ਨਾਲ ਪਿੰਡਾਂ ਦੀਆਂ ਬੀਬੀਆਂ ਜੁੜ ਜਾਣ, ਸਮਝੋ ਉਹ ਡੇਰਾ ਚਲ ਨਿਕਲਿਆ ਅਤੇ ਬਾਬੇ ਦੇ ਵਾਰੇ ਨਿਆਰੇ ਹੋ ਗਏ। ਬੀਬੀਆਂ ਹੁਣ ਆਜ਼ਾਦ ਹਨ-ਭਾਵੇਂ ਉਨ੍ਹਾਂ ਕੋਲੋਂ ਧਰਨੇ ਲੁਆ ਲਵੋ, ਭਾਵੇਂ ਪਿਟ ਸਿਆਪਾ ਕਰਵਾ ਲਵੋ। ਉਨ੍ਹਾਂ ਨੂੰ ਬਾਬੇ ਦੀਆਂ ਲੱਤਾਂ ਘੁੱਟਣ ਤੋਂ ਅਤੇ ਬਾਬੇ ਦੇ ਗੁਣ ਗਾਇਨ ਕਰਨ ਤੋਂ ਸਿਵਾ ਹੋਰ ਕੋਈ ਕੰਮ ਨਹੀਂ, ਆਪਣਾ ਘਰ-ਪਰਿਵਾਰ ਜਾਵੇ ਢੱਠੇ ਖੂਹ ਵਿਚ। ਜੇ ਬਾਬਾ ਹੈ ਤਾਂ ਸਭ ਕੁਝ ਹੈ। ਮੁੜ ਕੇ ਇਹੋ ਬਾਬੇ ਜਥੇਦਾਰਾਂ ਅਤੇ ਸਰਕਾਰਾਂ ਨੂੰ ਤਿਕੜੀ ਦਾ ਨਾਚ ਨਚਾਉਂਦੇ ਫਿਰਦੇ ਹਨ। ਵੈਸੇ ਅੱਜ ਕੱਲ ਵੀ ਬਾਬਿਆਂ ਅਤੇ ਡੇਰਿਆਂ ਨੇ ਪੂਰੀ ਕੌਮ ਦਾ ਹੀ ਨੱਕ ਵਿਚ ਦਮ ਕੀਤਾ ਹੋਇਆ ਹੈ। ਪਹਿਲਾਂ ਤਾਂ ਇੱਟ ਪੁੱਟਿਆਂ ਇੱਕ ਹੀ ਬਾਬਾ ਨਿਕਲਦਾ ਸੀ ਪਰ ਹੁਣ ਤਾਂ ਇੱਕ ਇੱਟ ਥੱਲਿਓਂ ਕਈ ਕਈ ਬਾਬੇ ਨਿਕਲ ਆਉਂਦੇ ਹਨ। ਜਿਵੇਂ ਸਾਉਣ ਮਹੀਨੇ ਦੀਆਂ ਝੜੀਆਂ ਵਿਚ ਭੱਬੂ ਅਤੇ ਗੰਡੋਏ ਨਿਕਲਦੇ ਸਨ, ਉਵੇਂ ਹੀ ਅੱਜ ਕੱਲ ਬਾਬੇ ਨਿਕਲ ਰਹੇ ਹਨ। ਲੱਗਦਾ ਹੈ ਜਿਵੇਂ ਬਾਬੇ ਬਣਾਉਣ ਦੀ ਵੀ ਕੋਈ ਫੈਕਟਰੀ ਲੱਗ ਗਈ ਹੋਵੇ।
ਪਿਛਲੇ ਕੁਝ ਦਿਨਾਂ ਤੋਂ ਭਾਰਤ ਦੀ ਰਾਜਧਾਨੀ ਵਿਚ ਇੱਕ ਬਾਬਾ ਨਿਕਲਿਆ ਹੈ-ਬਾਬਾ ਵਰਿੰਦਰ ਦੇਵ ਦੀਕਸ਼ਿਤ। ਇਹ ਬਾਬਾ ਨਿਕਲਿਆ ਤਾਂ ਬਹੁਤ ਚਿਰ ਪਹਿਲਾਂ ਦਾ ਹੋਵੇਗਾ ਪਰ ਦੁਨੀਆਂ ਉਸ ਦੇ ਖੁਲ੍ਹੇਆਮ ਟੀæ ਵੀæ ਚੈਨਲਾਂ ‘ਤੇ ਦਰਸ਼ਨ ਦੀਦਾਰ ਹੁਣ ਕਰ ਰਹੀ ਹੈ, ਪਰ ਬਾਬਾ ਅਜੇ ਵੀ ਫਰਾਰ ਹੈ।
ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਹ ਬਾਬਾ ਕੋਈ ਪਹਿਲਾ ਥੋੜ੍ਹੀ ਨਾ ਹੈ, ਇਸ ਤੋਂ ਪਹਿਲਾਂ ਵੀ ਬਥੇਰੇ ਬਾਬੇ ਫੜ੍ਹੇ ਜਾ ਚੁਕੇ ਹਨ, ਜੋ ਜੇਲ੍ਹਾਂ ਵਿਚ ਬੈਠੇ ਆਰਾਮ ਫੁਰਮਾ ਰਹੇ ਹਨ। ਬਾਬਾ ਆਸਾ ਰਾਮ, ਬਾਬਾ ਤੁਣਕਾ ਰਾਮ, ਬਾਬਾ ਕੁਣਕਾ ਰਾਮ ਅਤੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਸਿਰਸਾ ਵਾਲਾ-ਕਿਆ ਜਲਵੇ ਨੇ ਬਾਬਿਆਂ ਦੇ! ਸਾਰੀ ਦੁਨੀਆਂ ਦੇ ਸੁਖ ਅਤੇ ਐਸ਼ੋ ਆਰਾਮ ਇਨ੍ਹਾਂ ਦੇ ਦਵਾਰੇ ‘ਤੇ ਆਪ ਚੱਲ ਕੇ ਆਉਂਦੇ ਹਨ। ਇਨ੍ਹਾਂ ਨੂੰ ਨਾ ਕੋਈ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਨਾ ਹੀ ਕੋਈ ਹੱਥ-ਪੈਰ ਹਿਲਾਉਣੇ ਪੈਂਦੇ ਹਨ। ਇਨ੍ਹਾਂ ਦੇ ਸਾਰੇ ਕੰਮ ਬੈਠੇ ਬਿਠਾਏ ਆਪਣੇ ਆਪ ਹੁੰਦੇ ਰਹਿੰਦੇ ਹਨ। ਬਸ ਕੁਝ ਕੁ ਇਨ੍ਹਾਂ ਵਰਗੇ ਹੀ ਮੁਸ਼ਟੰਡੇ ਇਨ੍ਹਾਂ ਨਾਲ ਹੋਰ ਆ ਜੁੜਦੇ ਹਨ ਜੋ ਸਾਧ ਸੰਗਤ ਇਕੱਠੀ ਕਰਨ ਲਈ ਪ੍ਰਚਾਰ ਦੀ ਜਿੰਮੇਦਾਰੀ ਸੰਭਾਲ ਲੈਂਦੇ ਹਨ।
ਬਸ ਫਿਰ ਕੀ, ਵੇਖਦੇ ਹੀ ਵੇਖਦੇ ਇੱਕ ਤੋਂ ਗਿਆਰਾਂ, ਪੰਜਾਹ ਤੋਂ ਸੌ ਅਤੇ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਬਣਦਿਆਂ ਦੇਰ ਨਹੀਂ ਲੱਗਦੀ। ਦਿਨਾਂ ਵਿਚ ਹੀ ਉਸ ਡੇਰੇ ਦੀਆਂ ਦੇਸ਼-ਵਿਦੇਸ਼ ਵਿਚ ਧੁੰਮਾਂ ਪੈ ਜਾਂਦੀਆਂ ਹਨ। ਤਖਤਾਂ ‘ਤੇ ਸੁਭਾਇਮਾਨ ਪ੍ਰਧਾਨ ਮੰਤਰੀ ਹੋਵੇ ਜਾਂ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਜਾਂ ਐਮæ ਐਲ਼ ਏæ ਹੋਵੇ-ਲੱਗ ਪੈਂਦੇ ਹਨ ਡੇਰੇ ਦੇ ਗੇੜੇ ਮਾਰਨ। ਇੱਥੋਂ ਹੀ ਸਾਂਝ ਬਣ ਜਾਂਦੀ ਹੈ, ਡੇਰੇ ਚਲਾਉਂਦੇ ਗੁੰਡਿਆਂ ਅਤੇ ਸਿਆਸੀ ਲੋਕਾਂ ਦੀ। ਜਿਸ ਸਾਧ ਦੇ ਡੇਰੇ ‘ਤੇ ਬਹੁਤੇ ਮੰਤਰੀ ਆਉਣਗੇ, ਉਨਾ ਹੀ ਡੇਰੇ ਦਾ ਨਾਂ ਉਚਾ ਹੁੰਦਾ ਜਾਵੇਗਾ। ਡੇਰਿਆਂ ਵਿਚ ਚੜ੍ਹਦਾ ਹੈ ਬੇਸ਼ੁਮਾਰ ਚੜ੍ਹਾਵਾ ਯਾਨਿ ਧਨ ਦੌਲਤ, ਜਿਸ ਨਾਲ ਇਹ ਡੇਰੇ ਆਪਣੇ ਆਪ ਅੱਯਾਸ਼ੀ ਦੇ ਅੱਡੇ ਬਣ ਜਾਂਦੇ ਹਨ। ਮੰਤਰੀਆਂ ਨੂੰ ਡੇਰਿਆਂ ਵਿਚੋਂ ਨੋਟਾਂ ਦੇ ਨਾਲ ਨਾਲ ਭਾਰੀ ਗਿਣਤੀ ਵਿਚ ਵੋਟ ਮਿਲਦੇ ਹਨ ਅਤੇ ਡੇਰਾ ਸੰਚਾਲਕ ਬਾਬਿਆਂ ਨੂੰ ਸਰਕਾਰਾਂ ਦੀ ਖੁਲ੍ਹੇਆਮ ਛਤਰ-ਛਾਇਆ ਮਿਲ ਜਾਂਦੀ ਹੈ। ਫਿਰ ਚੋਰ ਤੇ ਕੁੱਤੇ ਮਿਲ ਬੈਠਦੇ ਹਨ ਅਤੇ ਆਮ ਜਨਤਾ ਮੂਰਖ ਬਣ ਕੇ ਇਸ ਖੇਡ ਵਿਚ ਰੱਜ ਕੇ ਲੁਟੀਂਦੀ ਹੈ।
ਅੱਜ ਧਰਮ ਦੀ ਆੜ ਵਿਚ ਹੀ ਸਾਰਾ ਕੁਝ ਹੋ ਰਿਹਾ ਹੈ ਪਰ ਧਰਮ ਨੂੰ ਮੰਨਦਾ ਕੋਈ ਨਹੀਂ। ਇਸ ਲਈ ਜਦੋਂ ਰਾਜਨੀਤੀ ਅਤੇ ਡੇਰੇ ਮਿਲ ਬੈਠਦੇ ਹਨ ਤਾਂ ਔਰਤ ਦਾ ਸ਼ੋਸ਼ਣ ਸ਼ੁਰੂ ਹੁੰਦਾ ਹੈ। ਉਹ ਗਰੀਬ ਲੋਕ, ਜੋ ਝੂਠੀ ਆਸਥਾ ਬਣਾ ਕੇ ਇਨ੍ਹਾਂ ਡੇਰਿਆਂ ਨਾਲ ਜੁੜੇ ਹੁੰਦੇ ਹਨ ਅਤੇ ਆਪਣੀਆਂ ਧੀਆਂ-ਭੈਣਾਂ ਨੂੰ ਆਪਣੇ ਘਰਾਂ ਤੋਂ ਵੀ ਜ਼ਿਆਦਾ ਇਨ੍ਹਾਂ ਡੇਰਿਆਂ ਵਿਚ ਸੁਰੱਖਿਅਤ ਅਤੇ ਮਹਿਫੂਜ਼ ਸਮਝਦੇ ਹਨ, ਬਰਬਾਦ ਹੋ ਜਾਂਦੇ ਹਨ। ਪਹਿਲਾਂ ਤਾਂ ਮਾਪਿਆਂ ਤੇ ਧੀਆਂ ਨੂੰ ਸਬਜ ਬਾਗ ਦਿਖਾ ਕੇ ਫਸਾਇਆ ਜਾਂਦਾ ਹੈ ਅਤੇ ਜਦ ਉਹ ਇਸ ਜਾਲ ਵਿਚ ਪੂਰੀ ਤਰ੍ਹਾਂ ਫਸ ਜਾਂਦੇ ਹਨ ਤਾਂ ਜਵਾਨ ਕੁੜੀਆਂ ਤੇ ਔਰਤਾਂ ਦਾ ਜਿਨਸੀ ਧੰਦਾ ਭੋਰਿਆਂ ਵਿਚ ਚਲਣ ਲੱਗ ਪੈਂਦਾ ਹੈ। ਬਾਬਿਆਂ ਦੀ ਸਰਕਾਰੇ-ਦਰਬਾਰੇ ਚੱਲਦੀ ਵੇਖ ਗਰੀਬ ਪਰਿਵਾਰ ‘ਸਭ ਕੁਝ ਖਤਮ ਹੋ ਗਿਆ’ ਦੀ ਪੀੜਾ ਆਪਣੇ ਅੰਦਰ ਹੀ ਦੱਬ ਲੈਂਦੇ ਹਨ ਅਤੇ ਘੁਟ ਘੁਟ ਕੇ ਮਰਦੇ ਰਹਿੰਦੇ ਹਨ। ਇਸ ਚੁਪੀ ਸਦਕਾ ਹੀ ਇਹ ਕਾਲੇ ਘੋਰ ਅਪਰਾਧ ਲੰਮੇ ਸਮੇਂ ਤਕ ਲਗਾਤਾਰ ਨਿਰੰਤਰ ਚੱਲਦੇ ਰਹਿੰਦੇ ਹਨ।
ਦੂਜੇ ਪਾਸੇ ਮੁਲਕ ਦੇ ਧਰਮ ਅਸਥਾਨਾਂ ‘ਤੇ ਚਲਦੇ ਕੱਟੜਤਾ ਅਤੇ ਜਾਤ-ਪਾਤ ਦੇ ਵਰਤਾਰੇ ਨੇ ਵੀ ਇਨ੍ਹਾਂ ਡੇਰਿਆਂ ਨੂੰ ਸਫਲ ਬਣਾਉਣ ਵਿਚ ਪੂਰਾ ਸਹਿਯੋਗ ਦਿੱਤਾ ਹੈ। ਇਸ ਲਈ ਜਦ ਗਰੀਬ ਲੋਕਾਂ ਨੂੰ ਡੇਰਿਆਂ ਵਿਚ ਲੋੜੀਂਦਾ ਸਤਿਕਾਰ ਮਿਲਦਾ ਹੈ ਤਾਂ ਉਹ ਸਹਿਜੇ ਹੀ ਅੰਨੀ ਆਸਥਾ ਵਿਚ ਜੁੜ ਕੇ ਬਾਕੀ ਸਭ ਕੁਝ ਭੁੱਲ ਬੈਠਦੇ ਹਨ।
ਇੱਕ ਡੇਰੇ ਦੇ ਸ਼ਰਧਾਲੂਆਂ ਨੇ ਤਾਂ ਕਈ ਸਾਲਾਂ ਤੋਂ ਆਪਣੇ ਬਾਬੇ ਦਾ ਮੁਰਦਾ ਸਾਂਭ ਕੇ ਰੱਖਿਆ ਹੋਇਆ ਹੈ ਕਿ ਸਾਡਾ ਬਾਬਾ ਸਮਾਧੀ ਵਿਚ ਜੁੜਿਆ ਹੋਇਆ ਹੈ। ਅਜਿਹੀ ਅੰਨੀ ਆਸਥਾ ਡੇਰਿਆਂ ਦੇ ਸ਼ਰਧਾਲੂਆਂ ਵਿਚ ਕੁੱਟ ਕੁੱਟ ਕੇ ਭਰੀ ਹੁੰਦੀ ਹੈ, ਜੋ ਵਕਤ ਆਉਣ ‘ਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਨ।
ਅਜੇ ਕੁਝ ਮਹੀਨੇ ਪਹਿਲਾਂ ਹੀ ਸਿਰਸੇ ਵਾਲੇ ਦਾ ਜਲੌ ਸਾਰੀ ਦੁਨੀਆਂ ਨੇ ਵੇਖਿਆ ਹੈ ਕਿ ਪੰਚਕੂਲੇ ਵਿਚ ਉਸ ਦੇ ਪੈਰੋਕਾਰਾਂ ਨੇ ਕਿਵੇਂ ਤਾਂਡਵ ਨਾਚ ਕੀਤਾ। ਅੱਜ ਭਾਵੇਂ ਉਹ ਜੇਲ੍ਹ ਵਿਚ ਹੈ ਪਰ ਕੀ ਫਰਕ ਪਿਆ ਹੈ? ਅਜਿਹੇ ਹੋਰ ਬਥੇਰੇ ਗੁੰਡੇ ਸਾਧ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ। ਸਾਡੀਆਂ ਸਰਕਾਰਾਂ ਤੇ ਸਮਾਜ ਦੇ ਠੇਕੇਦਾਰ ਕਈ ਕਈ ਸਾਲਾਂ ਤਕ ਇਨ੍ਹਾਂ ਸਾਧਾਂ-ਬਾਬਿਆਂ ਦੇ ਭਾਈਵਾਲ ਬਣੇ ਰਹਿੰਦੇ ਹਨ ਅਤੇ ਹਰ ਮਾੜੇ ਕਰਮ ਵਿਚ ਇਨ੍ਹਾਂ ਦਾ ਖੁਲ੍ਹ ਕੇ ਸਾਥ ਦਿੰਦੇ ਹਨ। ਇਹ ਮਿਲ ਕੇ ਐਸ਼ ਵੀ ਕਰਦੇ ਹਨ ਪਰ ਕਿਸੇ ਦੇ ਵੀ ਸਿਰ ‘ਤੇ ਜੂੰ ਤਕ ਨਹੀਂ ਸਰਕਦੀ। ਟੀæ ਵੀæ ਚੈਨਲਾਂ ਵਾਲੇ ਵੀ ਬਾਬਿਆਂ ਦੇ ਮਹਿਲਾਂ ਵਿਚ ਜਾ ਕੇ ਉਨ੍ਹਾਂ ਦੀਆਂ ਇੰਟਰਵਿਊਆਂ ਕਰਕੇ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਜਦੋਂ ਉਨ੍ਹਾਂ ਦੇ ਅੱਡੇ ਫੜ੍ਹੇ ਜਾਂਦੇ ਹਨ ਤਾਂ ਹਰ ਚੈਨਲ ਦੁਹਾਈਆਂ ਪਾਉਣ ਲੱਗ ਜਾਂਦਾ ਹੈ। ਕਿਆ ਦੁਨੀਆਂ ਹੈ, ਕਿਆ ਤਮਾਸ਼ਾ ਹੈ!
ਸਾਰੇ ਹੀ ਧਰਮ ਆਪੋ ਆਪਣੀ ਥਾਂ ਸਤਿਕਾਰ ਵਾਲੇ ਹਨ ਪਰ ਧਰਮ ਨੂੰ ਮੰਨਣ ਵਾਲੇ ਜਾਂ ਪੈਰੋਕਾਰ ਜਦੋਂ ਕੱਟੜਤਾ ਦੇ ਰਾਹ ਤੁਰ ਪੈਂਦੇ ਹਨ ਤਾਂ ਉਦੋਂ ਧਰਮੀ ਅਖਵਾਉਣ ਵਾਲੇ ਲੀਡਰ ਟਾਈਪ ਲੋਕ ਸਹਿਜੇ ਹੀ ਦੁੱਧ ਵਿਚ ਕਾਂਜੀ ਮਿਲਾਉਣ ਦਾ ਰਸਤਾ ਅਖਤਿਆਰ ਕਰ ਕੇ ਆਮ ਜਨਤਾ ਨੂੰ ਧਾਰਮਿਕ ਅਸਥਾਨਾਂ ਤੋਂ ਦੂਰ ਕਰਕੇ ਆਪਣਾ ਸਿੱਕਾ ਚਲਾਉਂਦੇ ਹਨ। ਐਨ ਉਸੇ ਵੇਲੇ ਹੀ ਕਈ ਵਿਹਲੜ ਬੰਦੇ ਸਾਧ ਬਣ ਬੈਠਦੇ ਹਨ ਅਤੇ ਦਿਨਾਂ ਵਿਚ ਹੀ ਨਵੇਂ ਡੇਰੇ ਹੋਂਦ ਵਿਚ ਆ ਜਾਂਦੇ ਹਨ, ਜਿਨ੍ਹਾਂ ਨੂੰ ਖਤਮ ਕਰ ਸਕਣਾ ਕਿਸੇ ਦੇ ਵੀ ਵੱਸ ਵਿਚ ਨਹੀਂ ਰਹਿੰਦਾ।
ਸਾਡੇ ਕੋਲ ਗੁਰਬਾਣੀ ਦਾ ਅਥਾਹ ਸਮੁੰਦਰ ‘ਸ਼ਬਦ ਗੁਰੂ’ ਗੁਰੂ ਗ੍ਰੰਥ ਸਾਹਿਬ ਹੋਣ ਦੇ ਬਾਵਜੂਦ ਕੌਮ ਭਟਕਦੀ ਫਿਰ ਰਹੀ ਹੈ। ਉਹ ਇਸ ਲਈ ਕਿ ਸਾਡੀ ਲੀਡਰਸ਼ਿਪ ਨੂੰ ਗੋਲਕਾਂ ਤੇ ਚੌਧਰਾਂ ਨੇ ਸਬੂਤੇ ਹੀ ਨਿਗਲ ਲਿਆ ਹੈ। ਸਾਡਾ ਪ੍ਰਚਾਰ ਅਧੂਰਾ ਹੈ, ਜ਼ਮੀਰਾਂ ਵਿਕ ਰਹੀਆਂ ਹਨ, ਸਭ ਕੁਝ ਵਿਕ ਰਿਹਾ ਹੈ। ਬਸ ਨੋਟ ਤੇ ਵੋਟ ਜਿਸ ਕੋਲ ਹਨ, ਉਹ ਗੁਰੂ ਨੂੰ ਜਾਂ ਰੱਬ ਨੂੰ ਕੁਝ ਵੀ ਨਹੀਂ ਸਮਝਦਾ। ਸਾਡੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬਾਂ ਦੀਆਂ ਵੰਡੀਆਂ, ਸ਼ਬਦ ਗੁਰੂ ਗੁਰਬਾਣੀ ਦੀ ਆਪਣੇ ਹਿਤਾਂ ਲਈ ਵਰਤੋਂ-ਇਹ ਆਮ ਅਤੇ ਹਰ ਥਾਂ ਹੋ ਰਿਹਾ ਹੈ, ਤੇ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਲਈ ਬਹੁਤ ਮਾਰੂ ਹੋ ਨਿਬੜੇਗਾ।
ਆਓ, ਆਪਣੇ ਨਿਜੀ ਹਿਤ ਛੱਡ ਕੇ ਆਪਣੇ ਪੁਰਖਿਆਂ ਦੇ ਰਸਤੇ ‘ਤੇ ਤੁਰੀਏ, ਸ਼ਬਦ ਗੁਰੂ ਦੀ ਵਿਚਾਰਧਾਰਾ ਨਾਲ ਜੁੜੀਏ ਅਤੇ ਇਨ੍ਹਾਂ ਨਕਲੀ ਬਾਬਿਆਂ ਤੇ ਡੇਰਿਆਂ ਤੋਂ ਲੁਕਾਈ ਨੂੰ ਬਚਾਉਣ ਲਈ ਚੌਧਰੀ ਨਹੀਂ, ਚੌਕੀਦਾਰ ਬਣ ਕੇ ਪਹਿਰਾ ਦੇਣ ਵਾਲੇ ਬਣੀਏ ਤਾਂ ਕਿ ਅੱਗੋਂ ਕੋਈ ਹੋਰ ਬਾਬਾ ਹੋਂਦ ਵਿਚ ਨਾ ਆਵੇ।