ਭਾਰਤ ਦੇ ਵਿਚਾਰਧਾਰਕ ਵਹਿਣ ਦਾ ਅਜੋਕਾ ਦੌਰ

-ਜਤਿੰਦਰ ਪਨੂੰ
ਭਾਰਤ ਇਸ ਵੇਲੇ ਇੱਕ ਵਿਚਾਰਧਾਰਕ ਲੀਹ ਛੱਡ ਕੇ ਦੂਜੀ ਵੱਲ ਜਾਣ ਦੀ ਤਬਦੀਲੀ ਦੇ ਅਜਿਹੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜੋ ਸੁਲੱਖਣਾ ਤਾਂ ਹੈ ਨਹੀਂ, ਪਰ ਗਲਤ ਕਹਿਣ ਨਾਲ ਕਈ ਲੋਕਾਂ ਨੂੰ ਆਪਣੇ ਭਵਿੱਖ ਲਈ ਖਤਰੇ ਦਾ ਅਹਿਸਾਸ ਹੋਣ ਲੱਗਦਾ ਹੈ। ਕੁਲਬੁਰਗੀ, ਨਰਿੰਦਰ ਡਾਭੋਲਕਰ ਜਾਂ ਗੋਵਿੰਦ ਪਾਂਸਰੇ ਦੀ ਸਿਫਤ ਕਰਨਾ ਚੰਗਾ ਲੱਗਦਾ ਹੋਵੇਗਾ, ਪਰ ਏਦਾਂ ਦਾ ਕਦਮ ਖੁਦ ਪੁੱਟਣ ਦਾ ਜੋਖਮ ਉਠਾਉਣ ਤੋਂ ਕਈ ਸੱਜਣ ਡਰ ਜਾਣਗੇ।

ਕਿਸੇ ਵਿਅਕਤੀ ਦੀ ਅਕਲ ਚੰਗੀ ਜਾਂ ਮਾੜੀ ਜਿੱਦਾਂ ਦੀ ਵੀ ਹੋਵੇ, ਉਸ ਨੂੰ ਰੱਬੀ-ਤੋਹਫਾ ਕਹਿਣ ਦਾ ਰਿਵਾਜ ਹੈ, ਪਰ ਇਹ ਸੱਚਾਈ ਬਹੁਤੇ ਲੋਕ ਨਹੀਂ ਜਾਣਦੇ ਕਿ ‘ਗੌਡ ਗਿਫਟਿਡ’ ਸਿਆਣਿਆਂ ਵਿਚੋਂ ਬਹੁਤੇ ਅਕਲਮੰਦ ਵਗਦੇ ਵਹਿਣ ਦੇ ਗੁਣ ਗਿਣਾਉਣ ਤੇ ਇਸ ਗਿਣਤੀ-ਮਿਣਤੀ ਵਿਚੋਂ ਆਪਣਾ ਭਵਿੱਖ ਉਜਲਾ ਕਰਨ ਦੀ ਆਦਤ ਦਾ ਸ਼ਿਕਾਰ ਬਣ ਸਕਦੇ ਹਨ।
ਇੱਕ ਸਮਾਂ ਇਹੋ ਜਿਹਾ ਵੀ ਸੀ, ਜਦੋਂ ਯੂਨੀਵਰਸਿਟੀਆਂ ਵਿਚ ਸਿਖਰ ਉਤੇ ਆਉਣ ਵਾਲੇ ਬਹੁਤਿਆਂ ਨੂੰ ਸਾਰੀ ਲੋਕਾਈ ਦਾ ਭਲਾ ਕਿਰਤੀ ਜਮਾਤ ਦੀ ਬੰਦ ਖਲਾਸੀ ਕਰ ਸਕਣ ਵਾਲੇ ਇਨਕਲਾਬ ਵਿਚ ਦਿਖਾਈ ਦਿੰਦਾ ਸੀ। ਹੁਣ ਇਹੋ ਜਿਹੇ ਲੋਕਾਂ ਦੀ ਵੱਡੀ ਗਿਣਤੀ ਅਸਲੋਂ ਉਲਟੇ ਵਹਿਣ ਪਈ ਲੱਗਦੀ ਹੈ। ਇਹ ਵਰਤਾਰਾ ਲਗਭਗ ਹਰ ਦੇਸ਼ ਵਿਚ ਏਦਾਂ ਹੀ ਚਲਦਾ ਹੈ। ਈਰਾਨ ਵਿਚ ਇਸਲਾਮੀ ਦੌਰ ਦੀ ਚੜ੍ਹਤ ਪਿੱਛੋਂ ਉਥੋਂ ਦੇ ਬੁੱਧੀਜੀਵੀ, ਬੁੱਧੀ ਆਸਰੇ ਰੋਟੀ ਕਮਾਉਣ ਵਾਲੇ, ਲੋਕਾਂ ਦਾ ਵੱਡਾ ਵਰਗ ਆਇਤੁੱਲਾ ਖੁਮੈਨੀ ਦੀ ਵਿਚਾਰਧਾਰਾ ਨੂੰ ਸਹੀ ਸਾਬਤ ਕਰਨ ਰੁੱਝ ਗਿਆ ਸੀ ਤੇ ਫਿਰ ਇੱਕ ਵੇਲੇ ਕੁਝ ਅਕਲ ਦੇ ਭੜੋਲੇ ਜਾਪਦੇ ਏਦਾਂ ਦੇ ਲੋਕ ਫੌਜੀ ਤਾਨਾਸ਼ਾਹ ਮੁਸ਼ੱਰਫ ਦੇ ਗੁਣ ਗਾਉਂਦੇ ਫਿਰਦੇ ਸਨ। ਉਨ੍ਹਾਂ ਵਿਚੋਂ ਇੱਕ ਜਣਾ ਇੰਗਲੈਂਡ ਵਿਚ ਇੱਕ ਸੈਮੀਨਾਰ ਦੌਰਾਨ ਭਾਰਤੀ ਲੋਕਾਂ ਨੂੰ ਵੀ ਫੌਜੀ ਤਾਨਾਸ਼ਾਹੀ ਦਾ ਤਜਰਬਾ ਕਰ ਕੇ ਵੇਖਣ ਲਈ ਕਹਿਣ ਲੱਗ ਪਿਆ ਸੀ।
ਅੱਜ ਦਾ ਸੱਚ ਇਹ ਹੈ ਕਿ ਭਾਜਪਾ ਦੀ ਸਿਆਸੀ ਚੜ੍ਹਤ ਦਾ ਦੌਰ ਹੋਣ ਕਾਰਨ ਬਹੁਤ ਸਾਰੇ ਰਾਜਾਂ ਵਿਚੋਂ ਹਰ ਰੰਗ ਦੀ ਰਾਜਨੀਤੀ ਤੋਂ ਦਲ-ਬਦਲੀਆਂ ਕਰ ਕੇ ਲੋਕ ਇਸ ਪਾਰਟੀ ਨਾਲ ਜੁੜ ਰਹੇ ਹਨ। ਸੰਸਾਰ ਵਿਚ ਲੋਕਤੰਤਰੀ ਉਭਾਰ ਦੇ ਨਾਲ ਅੰਗਰੇਜ਼ੀ ਭਾਸ਼ਾ ਦਾ ਨਵਾਂ ਸ਼ਬਦ ‘ਜੈਰੀਮੈਂਡਰਿੰਗ’ ਪਿਛਲੀ ਸਦੀ ਦੌਰਾਨ ਵਰਤੋਂ ਵਿਚ ਆਇਆ ਸੀ। ਇਸ ਦਾ ਭਾਵ ਏਦਾਂ ਦੀ ਕੋਸ਼ਿਸ਼ ਕਰਨਾ ਸੀ, ਜਿਸ ਵਿਚ ਕੋਈ ਆਗੂ ਚੋਣ ਲੜਨ ਲਈ ਕਾਂਟ-ਛਾਂਟ ਨਾਲ ਏਦਾਂ ਦਾ ਹਲਕਾ ਬਣਵਾ ਲਵੇ, ਜਿੱਥੇ ਵੋਟਰਾਂ ਦੀ ਬਹੁ-ਗਿਣਤੀ ਉਸ ਆਗੂ ਦੇ ਪੱਖ ਦੀ ਹੋਵੇ।
ਭਾਰਤ ਵਿਚ ਇਸ ਵੇਲੇ ਅਜਿਹੀ ਰਾਜਸੀ ਖੇਡ ਹੋ ਰਹੀ ਹੈ ਕਿ ਜਿਸ ਰਾਜ ਵਿਚ ਅਗਲੀ ਚੋਣ ਵਿਚ ਜਿੱਤਣ ਦਾ ਇਰਾਦਾ ਹੋਵੇ, ਉਥੇ ਚਲੰਤ ਸਦਨ ਵਿਚੋਂ ਹੀ ਰਾਜ ਕਰਦੀ ਧਿਰ ਦੇ ਬੰਦਿਆਂ ਨੂੰ ਚੋਣ ਕਰਵਾਉਣ ਤੋਂ ਪਹਿਲਾਂ ਕੁੰਡੀਆਂ ਪਾ ਕੇ ਖਿੱਚਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਮੇਘਾਲਿਆ ਵਿਚ ਅਗਲੇ ਸਾਲ ਚੋਣਾਂ ਹੋਣੀਆਂ ਹਨ, ਹੁਣ ਉਥੇ ਅੱਠ ਜਣੇ ਉਦਾਂ ਹੀ ਰਾਜ ਕਰਦੀ ਪਾਰਟੀ ਛੱਡ ਕੇ ਦੂਸਰੇ ਪਾਸੇ ਚਲੇ ਗਏ ਹਨ, ਜਿਵੇਂ ਪੰਜਾਬ ਦੇ ਨਾਲ ਹੋਈਆਂ ਚੋਣਾਂ ਤੋਂ ਪਹਿਲਾਂ ਮਨੀਪੁਰ ਵਿਚ ਹੋਇਆ ਸੀ। ਮਨੀਪੁਰ ਦੇ ਹਰ ਦਲ-ਬਦਲੂ ਨੂੰ ਇਹੀ ਪੇਸ਼ਕਸ਼ ਕੀਤੀ ਗਈ ਕਿ ਤੂੰ ਆ ਜਾਹ, ਮੁੱਖ ਮੰਤਰੀ ਤੈਨੂੰ ਬਣਾਵਾਂਗੇ ਤੇ ਜਦੋਂ ਇਹੋ ਜਿਹੇ ਕਈ ਦਲ-ਬਦਲੂ ਆ ਗਏ ਤੇ ਖਿੱਚੋਤਾਣ ਵਧ ਗਈ ਤਾਂ ਜਿਸ ਨੇ ਸਭ ਤੋਂ ਅਖੀਰ ਵਿਚ ਪੂਰੀ ਸੌਦੇਬਾਜ਼ੀ ਕਰਨ ਪਿੱਛੋਂ ਕੁੜਤਾ ਬਦਲਿਆ ਸੀ, ਉਸ ਨੂੰ ਰਾਜ ਕਰਨ ਦਾ ਹੱਕ ਦੇ ਦਿੱਤਾ ਗਿਆ। ਬਾਕੀ ਸਾਰੇ ਜਣੇ ਔਖੇ ਭਾਵੇਂ ਜਿੰਨੇ ਵੀ ਹੋਏ ਹੋਣ, ਪਿੱਛੇ ਨਹੀਂ ਸੀ ਮੁੜ ਸਕਦੇ।
ਦੂਜਾ ਮੋੜਾ ਵਿਚਾਰਧਾਰਕ ਪੱਖ ਤੋਂ ਭਾਰਤੀ ਸਮਾਜ ਦੀ ਮੁੱਖ ਧਾਰਾ ਵਿਚਾਲੇ ਆ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਇਸ ਮੋੜੇ ਦਾ ਅਹਿਸਾਸ ਹੈ, ਉਹ ਸਿਰਫ ਵਿਰੋਧ ਖਾਤਰ ਵਿਰੋਧ ਕਰੀ ਜਾ ਰਹੇ ਹਨ, ਕਿਉਂਕਿ ਹੋਰ ਕੁਝ ਕਰਨ ਲਈ ਹੁਣ ਸਮਾਂ ਨਹੀਂ ਰਹਿ ਗਿਆ ਜਾਪਦਾ। ਜਦੋਂ ਇਸ ਦਾ ਸਮਾਂ ਸੀ, ਉਦੋਂ ਉਹ ਇਸ ਬਾਰੇ ਚੁੱਪ ਰਹੇ ਤੇ ਜਾਂ ਫਿਰ ਅਸਲੋਂ ਵਿਖਾਵੇ ਜੋਗੀ ਜ਼ਬਾਨ ਹਿਲਾ ਕੇ ਆਪਣੇ ਵਿਚਾਰਾਂ ਦੀ ਹਾਜ਼ਰੀ ਲਵਾਉਣ ਤੱਕ ਸੀਮਤ ਹੋ ਗਏ ਸਨ। ਮਿਸਾਲ ਵਜੋਂ ਮੁਸਲਿਮ ਸਮਾਜ ਵਿਚ ਤਿੰਨ ਤਲਾਕ ਦੀ ਰਵਾਇਤ ਨੂੰ ਸਾਰੇ ਗਲਤ ਕਹਿੰਦੇ ਸਨ, ਮੌਜੂਦਾ ਸਰਕਾਰ ਨੇ ਇਸ ਦੇ ਖਿਲਾਫ ਸਖਤ ਕਦਮ ਚੁੱਕਿਆ ਹੈ ਤਾਂ ਆਨੇ-ਬਹਾਨੇ ਇਸ ਨੂੰ ਇੱਕ ਜਾਂ ਦੂਜੀ ਕਮੇਟੀ ਨੂੰ ਸੌਂਪਣ ਦੀ ਗੱਲ ਉਹ ਲੋਕ ਕਹਿ ਰਹੇ ਹਨ, ਜਿਨ੍ਹਾਂ ਨੇ ਸ਼ਾਹ ਬਾਨੋ ਕੇਸ ਵੇਲੇ ਇਹੋ ਕੰਮ ਖੁਦ ਕਰਨ ਦਾ ਮੌਕਾ ਵੋਟਾਂ ਦੀ ਗਿਣਤੀ-ਮਿਣਤੀ ਕਰਦਿਆਂ ਅਜਾਈਂ ਗਵਾ ਲਿਆ ਸੀ।
ਸ਼ਾਹ ਬਾਨੋ ਬਚਪਨ ਵਿਚ ਜਿਸ ਵਕੀਲ ਨਾਲ ਵਿਆਹੀ ਗਈ, ਧੌਲਾ ਝਾਟਾ ਹੋਣ ਪਿੱਛੋਂ ਉਸ ਬੰਦੇ ਨੂੰ ਕੋਈ ਨੱਢੀ ਮਿਲ ਗਈ ਤਾਂ ਉਸ ਨੇ ਅਠਤਾਲੀ ਸਾਲ ਪਹਿਲਾਂ ਦੀ ਵਿਆਹੀ ਬੀਵੀ ਘਰੋਂ ਕੱਢ ਦਿੱਤੀ। ਅਦਾਲਤ ਦਾ ਉਸ ਵਕੀਲ ਖਿਲਾਫ ਫੈਸਲਾ ਆ ਗਿਆ ਤੇ ਨਾਲ ਇਹ ਕਹਾਣੀ ਵੀ ਨਿਕਲ ਆਈ ਕਿ ਆਪਣੀ ਬੀਵੀ ਨੂੰ ਉਸ ਦਾ ਹੱਕ ਦੇਣ ਤੋਂ ਇਨਕਾਰ ਕਰਨ ਵਾਲਾ ਉਹ ਵਕੀਲ ਹੋਰਨਾਂ ਆਦਮੀਆਂ ਦੀਆਂ ਇਸੇ ਢੰਗ ਨਾਲ ਤਿਆਗੀਆਂ ਔਰਤਾਂ ਦੇ ਕੇਸ ਅਦਾਲਤਾਂ ਵਿਚ ਲੜਦਾ ਪਿਆ ਹੈ ਤਾਂ ਇਸ ਕੁਰੀਤੀ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਸੀ। ਉਦੋਂ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਰਾਜੀਵ ਗਾਂਧੀ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਇਸ ਫੈਸਲੇ ਨੂੰ ਬਦਲਣ ਲਈ ਪਾਰਲੀਮੈਂਟ ਤੋਂ ਬਹੁ-ਸੰਮਤੀ ਦੇ ਜ਼ੋਰ ਨਾਲ ਮੋਹਰ ਲਵਾ ਲਈ ਸੀ। ਖੱਬੇ ਪੱਖੀ ਇਸਤਰੀ ਆਗੂ ਨੁਸਰਤ ਬਾਨੋ ਰੂਹੀ ਨੇ ਉਦੋਂ ਲਿਖਿਆ ਸੀ ਕਿ ਅੱਜ ਕੀਤੀ ਹੋਈ ਭੁੱਲ ਭਲਕ ਨੂੰ ਜਦੋਂ ਭੁਗਤਣੀ ਪਈ ਤਾਂ ਅੱਜ ਦੇ ਹਾਕਮਾਂ ਦੀ ਅਗਲੀ ਪੀੜ੍ਹੀ ਵੀ ਰੋਵੇਗੀ ਤੇ ਇਹ ਪਾਪ ਕੀਤੇ ਜਾਣ ਦੌਰਾਨ ਚੁੱਪ ਵੱਟੀ ਰੱਖਣ ਵਾਲੇ ਵੀ ਇੱਕ ਦਿਨ ਇਸ ਭੁੱਲ ਦਾ ਨਤੀਜਾ ਭੁਗਤਣਗੇ। ਅੱਜ ਉਹ ਵਕਤ ਆ ਗਿਆ ਹੈ।
ਸਾਨੂੰ ਪ੍ਰਸਿੱਧ ਖੱਬੇ ਪੱਖੀ ਸ਼ਾਇਰ ਕੈਫੀ ਆਜ਼ਮੀ ਦੀ ਪਟਨੇ ਵਿਚ ਪੈਂਤੀ ਕੁ ਸਾਲ ਪਹਿਲਾਂ ਕੀਤੀ ਤਕਰੀਰ ਵੀ ਨਹੀਂ ਭੁੱਲਦੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਸ ਵੇਲੇ ਰਾਜ ਕਰ ਰਹੀ ਕਾਂਗਰਸ ਪਾਰਟੀ ਆਪਣੇ ਨਹਿਰੂ-ਗਾਂਧੀ ਦੇ ਵਿਰਸੇ ਨੂੰ ਭੁੱਲਦੀ ਜਾਂਦੀ ਹੈ ਤੇ ਇਸ ਵਿਚ ਉਹ ਲੋਕ ਭਾਰੂ ਹੋ ਰਹੇ ਹਨ, ਜੋ ਉਤੋਂ ਇਸ ਦੇ ਆਗੂ ਤੇ ਅੰਦਰੋਂ ਕਿਸੇ ਹੋਰ ਦੇ ਏਜੰਟ ਹਨ। ਬਦਲੇ ਦੌਰ ਵਿਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਬਾਰੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਦਾ ਕਿਹਾ ਵੀ ਸਾਨੂੰ ਯਾਦ ਹੈ ਕਿ ਨਰਸਿਮਹਾ ਰਾਓ ਵਿਖਾਵੇ ਦਾ ਕਾਂਗਰਸੀ ਹੈ ਅਤੇ ਅੰਦਰਖਾਤੇ ਕਾਂਗਰਸ ਵਿਰੋਧੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਹੈ। ਬਾਅਦ ਵਿਚ ਜਦੋਂ ਨਰਸਿਮਹਾ ਰਾਓ ਦੇ ਨੇੜਲੇ ਸਾਥੀ ਕਾਂਗਰਸ ਛੱਡ ਕੇ ਇੱਕ ਖਾਸ ਪਾਰਟੀ ਵੱਲ ਜਾਣ ਲੱਗ ਪਏ ਤਾਂ ਇਹ ਗੱਲ ਹੋਰ ਸਾਫ ਹੋ ਗਈ ਸੀ। ਏਦਾਂ ਦੇ ਬੰਦੇ ਸੋਨੀਆ ਗਾਂਧੀ ਦੇ ਸੇਵਕ ਵੀ ਬਣੇ ਸਨ। ਰਾਜ ਸੱਤਾ ਦਾ ਲਾਭ ਲੈਣ ਲਈ ਉਹ ਲੋਕ ਸੋਨੀਆ ਗਾਂਧੀ ਦੇ ਜੀ-ਹਜ਼ੂਰੀਏ ਸਨ, ਪਰ ਸੋਚਣੀ ਦੀ ਸਾਂਝ ਕਿਸੇ ਹੋਰ ਪਾਸੇ ਨਾਲ ਹੁੰਦੀ ਸੀ। ਉਹ ਹੁਣ ਅਸਲੀ ਟਿਕਾਣੇ ਜਾ ਪਹੁੰਚੇ ਹਨ ਅਤੇ ਜੋ ਗੱਲਾਂ ਪਿਛਲੇ ਰਾਜ ਦੌਰਾਨ ਕਿਹਾ ਕਰਦੇ ਸਨ, ਹੁਣ ਉਹ ਐਨ ਉਸ ਤੋਂ ਉਲਟ ਗੱਲਾਂ ਕਰਦੇ ਅਤੇ ਇਨ੍ਹਾਂ ਨਵੀਂਆਂ ਕਹੀਆਂ ਗੱਲਾਂ ਨੂੰ ਸਾਬਤ ਕਰਨ ਵਾਲੇ ਹਵਾਲੇ ਪੇਸ਼ ਕਰਦੇ ਹਨ।
ਹੁਣ ਜਦੋਂ ਇਸ ਦੇਸ਼ ਦੀ ਵਿਚਾਰਧਾਰਾ ਦਾ ਵਹਿਣ ਪਹਿਲਾਂ ਵਾਲੀ ਲੀਹ ਛੱਡ ਕੇ ਨਵੀਂ ਦਿਸ਼ਾ ਨੂੰ ਵਹਿੰਦਾ ਦਿਖਾਈ ਦਿੰਦਾ ਹੈ, ਪਹਿਲੀ ਸੋਚ ਦੀ ਪ੍ਰਤੀਬੱਧਤਾ ਵਾਲੇ ਲੋਕਾਂ ਨੂੰ ਸਭ ਕੁਝ ਰੁੜ੍ਹਦਾ ਲੱਗ ਸਕਦਾ ਹੈ। ਭਾਰਤ ਦੇ ਲੋਕਾਂ ਨੇ ਕਈ ਦੌਰ ਦੇਖੇ ਹਨ ਤੇ ਕਈ ਹਾਲੇ ਵੇਖਣੇ ਹਨ। ਕੋਈ ਵੀ ਦੌਰ ਸਥਾਈ ਹੋਣ ਦੀ ਗਾਰੰਟੀ ਨਹੀਂ ਹੁੰਦੀ। ਅਜੋਕਾ ਦੌਰ ਕਿੰਨਾ ਕੁ ਲੰਮਾ ਹੈ, ਇਸ ਦਾ ਪਤਾ ਉਦੋਂ ਲੱਗੇਗਾ, ਜਦੋਂ ਹਾਲਾਤ ਕਿਸੇ ਅਗਲੀ ਕਰਵਟ ਦਾ ਵਕਤ ਮਹਿਸੂਸ ਕਰਨਗੇ।