ਗਾਥਾ ਨਵਾਂ ਸ਼ਹਿਰ: ਮੋੜ੍ਹੀ ਗੱਡਣ ਤੋਂ 1947 ਤੀਕ

ਵਿਜੈ ਬੰਬੇਲੀ
ਫੋਨ: 91-94634-39075
ਦੁਆਬੇ ਦੇ ਗੱਭੇ ਜਿਹੇ ਪੈਂਦੇ ਜਲੰਧਰ-ਹੁਸ਼ਿਆਰਪੁਰ ਦੇ ਨਾਂ ਨਾਲ ਨਵਾਂ ਸ਼ਹਿਰ ਦਾ ਨਾਂ ਉਦੋਂ ਹੀ ਲਿਆ ਜਾਣ ਲੱਗ ਪਿਆ ਸੀ, ਜਦ ਇਹ ਜ਼ਿਲ੍ਹਾ ਤਾਂ ਕੀ, ਤਹਿਸੀਲ ਵੀ ਨਹੀਂ ਸੀ ਬਣਿਆ। ਇਸ ਕੋਲ ਵੱਸਦਾ ਰਾਹੋਂ ਭਾਵੇਂ ਪ੍ਰਾਚੀਨ ਤੇ ਘੁੱਗ ਸੀ, ਪ੍ਰੰਤੂ ਬਹੁਤਾ ਜ਼ਿਕਰ ਨਵਾਂ ਸ਼ਹਿਰ ਦਾ ਹੀ ਤੁਰਦਾ। ਹਰ ਸ਼ਹਿਰ ਦੇ ਨਾਂ ਨਾਲ ਅਕਸਰ ਸ਼ਹਿਰ ਸ਼ਬਦ ਵੀ ਲਾਇਆ ਜਾਂਦਾ ਹੈ, ਪਰ ਨਵਾਂ ਸ਼ਹਿਰ ਨਾਲ ਨਹੀਂ। ਇਸ ਦੇ ਨਾਂ ਨਾਲ ਤਾਂ ਸ਼ਹਿਰ ਉਦੋਂ ਹੀ ਲੱਗ ਗਿਆ ਸੀ ਜਦ ਇਹ ਆਪਣੇ ਲਾਗਲੇ ਪ੍ਰਾਚੀਨ ਨਗਰ ਰਾਹੋਂ ਨਾਲੋਂ ਵਿਛੜ ਕੇ ਅਜੇ ਵੱਸ ਹੀ ਰਿਹਾ ਸੀ; ਕਾਰਨ ਉਦੋਂ ਵੀ ਤਵਾਰੀਖੀ ਸਨ। ਹੁਣ ਇਹ ਵਿਕਸਿਤ ਵੀ ਬਹੁਤ ਹੋ ਚੁਕਾ ਹੈ, ਭਰਿਆ-ਪਰੁੰਨਾ ਅਤੇ ਉਮਰ-ਦਰਾਜ਼ ਵੀ।

ਮਾਲ ਵਿਭਾਗ ਅਨੁਸਾਰ, “ਪਿੰਡ ਨਵਾਂ ਸ਼ਹਿਰ ਮਸ਼ੀਰ ਖਾਨ ਨੇ ਆਬਾਦ ਕੀਤਾ। ਜਮੀਨ ਦਾ ਮਾਲਕ ਅਜ਼ੀ ਬਖਸ਼, ਕੌਮ ਰਾਜਪੂਤ ਘੋੜੇਵਾਹ, ਪਿੰਡ ਹਿਮਾ, ਤਹਿਸੀਲ ਸਮਰਾਲਾ ਤੋਂ ਵਕਤ ਦੇ ਹਾਕਮ ਦੇ ਹੁਕਮ ਨਾਲ ਕਾਬਜ਼ ਹੋਇਆ। ਪਿੱਛੋਂ ਮੁਸੱਮੀਆ, ਲੱਧਾ, ਨਿਹਾਲ, ਬਲਾਕੀ, ਬੋਡਾ-ਪੀਰੂ ਬਾਕੀ ਗੋਰਚੀ ਵਗੈਰਾ ਸਮੇਂ ਦੇ ਹਾਕਮ ਦੀ ਪ੍ਰਵਾਨਗੀ ਲੈ ਕੇ ਆਪਣੇ ਮਾਲ-ਅਸਬਾਬ ਨਾਲ ਆ ਕਾਬਜ਼ ਹੋਏ, ਜ਼ਰਾਇਤ (ਖੇਤੀਬਾੜੀ) ਕਰਨ ਲੱਗੇ ਆਹਲਾ ਮਾਲਕ ਬਣੇ। ਇਸ ਪਿੱਛੋਂ ਸਵਾ ਪੰਜਤਾਲੀ ਵਿਘੇ ਹਲ ਮੁਕੱਰਰ ਹੋਆ। ਕੌਮ ਰਾਜਪੂਤ ਬਾਰਾਂ ਹਲ, ਅਰਾਇਆ (ਅਰਾਈਂ) ਸਵਾ ਬੀਹੀ ਹਲ, ਜੱਟ ਗਿਆਰਾਂ ਹਲ ਕਾਇਮ ਕਰਕੇ ਤਿੰਨ ਪੱਤੀਆਂ ਰਾਜਪੂਤਾਂ, ਜੱਟਾਂ ਅਤੇ ਮੁਆਫੀ ਕਾਇਮ ਹੋਇਆ।”
ਇੱਕ ਹੋਰ ਵਿਸ਼ਵਾਸ, “ਨਵਾਂ ਸ਼ਹਿਰ ਦਾ ਇਤਿਹਾਸ 14ਵੀਂ ਸਦੀ ਨਾਲ ਜਾ ਖਹਿੰਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਅਫਗਾਨ ਫੌਜ ਮੁਖੀ ਨੌ-ਸ਼ੇਰ-ਖਾਨ ਨੇ ਅਲਾਉਦੀਨ ਖਿਲਜੀ (1295-1316) ਸਮੇਂ ਇੱਕ ਝੀਲ ਦੇ ਕਿਨਾਰੇ ਇਸ ਦੀ ਮੋੜ੍ਹੀ ਗੱਡੀ। ਪਹਿਲ-ਪਲੱਕੜਿਆਂ ਵਿਚ ਇਸ ਨੂੰ ਨੌ-ਸ਼ੇਰ ਕਿਹਾ ਜਾਂਦਾ ਰਿਹਾ। ਸਮਾਂ ਪਾ ਕੇ ਇਹ ਵਿਗੜਦਾ-ਸੰਵਰਦਾ ਨਵਾਂ ਸ਼ਹਿਰ ਵਜੋਂ ਸਥਾਪਤ ਹੋ ਗਿਆ। ਨੌ-ਸ਼ੇਰ-ਖਾਨ ਨੇ ਪੰਜ ਕਿਲ੍ਹੇ, ‘ਜਿਹੜੇ ਕਿ ਹਵੇਲੀ-ਨੁਮਾ ਸਨ’, ਬਣਵਾਏ, ਜਿਨ੍ਹਾਂ ਦੇ ਖੰਡਰ ਅੱਜ ਵੀ ਮੌਜੂਦ ਹਨ।”
ਇੱਕ ਹੋਰ ਮਿੱਥ ਅਨੁਸਾਰ, “ਕਈ ਲੋਕ ਦਰਿਆ ਸਤਲੁਜ ਦੇ ਵਾਰ-ਵਾਰ ਭੰਨੇ, ਰਾਹੋਂ ਲਾਗਲੇ ਖਿੱਤੇ ਤੋਂ ਇਥੇ ਆ ਬੈਠੇ। ਪ੍ਰਾਚੀਨ ਰਾਹੋਂ ਸ਼ਹਿਰ ਦੀ ਤਰਜ਼ ਉਤੇ ਉਨ੍ਹਾਂ ਇਸ ਦਾ ਨਾਂ ‘ਨਵਾਂ ਸ਼ਹਿਰ’ ਰੱਖ ਦਿੱਤਾ।” ਪਰ ਇੱਕ ਹੋਰ ਦੰਦ ਕਥਾ ਅਨੁਸਾਰ ਰਾਹੋਂ ਉਚੇ ਥੇਹ ‘ਤੇ ਬਿਰਾਜਮਾਨ ਹੈ ਅਤੇ ਇਹ ਕਿਤੇ ਨੀਵੀਂ ਥਾਂ। ‘ਨੀਵੀਂ ਵਸੋਂ’ ਨੂੰ ਪਹਿਲਾਂ ਨੀਵਾਂ ਸ਼ਹਿਰ ਕਿਹਾ ਜਾਂਦਾ ਰਿਹਾ, ਸਮਾਂ ਬੀਤਦਿਆਂ ਜੋ ਨਵਾਂ ਸ਼ਹਿਰ ਵਜੋਂ ਪ੍ਰਸਿੱਧ ਹੋਇਆ।
ਇਸ ਸ਼ਹਿਰ ਦਾ ਇਤਿਹਾਸ ਬਾਬਾ ਬੰਦਾ ਬਹਾਦਰ, ਸਿੱਖ ਮਿਸਲਾਂ ਅਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨਾਲ ਜਾ ਜੁੜਦਾ ਹੈ। ਕੁਝ ਇਤਿਹਾਸਕਾਰਾਂ ਮੁਤਾਬਕ ਜਲੰਧਰ ਦੁਆਬ ਦੇ ਸਿੱਖਾਂ ਨੇ ਮੁਸਲਿਮ ਦਾਬੇ ਤੋਂ ਮੁਕਤ ਕਰਾਉਣ ਦੇ ਯਤਨਾਂ ਵਜੋਂ ਦੁਆਬੇ ਦੇ ਫੌਜਦਾਰ ਸ਼ਮਸ ਖਾਨ ਨੂੰ ਕੁਝ ਸੁਧਾਰ ਕਰਨ ਲਈ ਕਿਹਾ। ਸੁਧਾਰ ਦੀ ਜਗ੍ਹਾ ਉਲਟਾ ਦਮਨ-ਚੱਕਰ ਤੇਜ਼ ਹੋ ਗਿਆ। ਬਾਬਾ ਬੰਦਾ ਬਹਾਦਰ ਦੀ ਚੜ੍ਹਤ ਨਾਲ ਸਿੱਖਾਂ ਨੇ ਪੁਰਾਣੇ ਸ਼ਹਿਰ ਰਾਹੋਂ ‘ਤੇ ਕਬਜ਼ਾ ਕਰ ਲਿਆ। ਮਗਰੋਂ ਯਕੂਬ ਖਾਨ ਦੇ ਬਾਗ ਕੋਲ ਘਮਸਾਨ ਦਾ ਯੁੱਧ ਹੋਇਆ, ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਫੇਰ ਸ਼ਮਸ ਖਾਨ ਦੇ ਦੁਆਬ ਛੱਡਦਿਆਂ ਹੀ ਬੰਦਾ ਬਹਾਦਰ, ਜੋ ਇਧਰ ਸਤਲੁਜ ਦਰਿਆ ਪਾਰ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ (ਕਟਾਰ ਧਾਰ) ਵਿਚ ਡੇਰਾ ਜਮਾ ਚੁਕਾ ਸੀ, ਨੇ ਪੁਰਾਣੇ ਹੁਸ਼ਿਆਰਪੁਰ ਖੇਤਰ ਦੇ ਵੱਡੇ ਖਿੱਤੇ ਸਮੇਤ ਜਲੰਧਰ ਦੁਆਬ ਦੇ ਰਾਹੋਂ ਉਤੇ ਵੀ ਕਬਜ਼ਾ ਕਰ ਲਿਆ, ਪ੍ਰੰਤੂ ਉਸ ਦੇ ਸਿਪਾਹਸਾਲਾਰ ਬਾਜ਼ ਸਿੰਘ ਵੱਲੋਂ ਰਾਹੋਂ ਉਤੇ ਕਬਜ਼ਾ ਕਰਨ ਤੋਂ ਕਿਤੇ ਪਹਿਲਾਂ ਕੁਝ ਸਿੱਖ ਜਥਿਆਂ ਨੇ ਨਾਕਾਮ ਕੋਸ਼ਿਸ਼ਾਂ ਵੀ ਕੀਤੀਆਂ ਸਨ, ਜੋ ਆਧਾਰ ਸਾਬਤ ਹੋਈਆਂ, ਭਾਵੇਂ ਕਿ ਰਾਜ ਦੀ ਬਜਾਏ ਉਨ੍ਹਾਂ ਜਥਿਆਂ ਦੀ ਮਨਸ਼ਾ ਮਾਲ-ਅਸਬਾਬ ਹਥਿਆਉਣਾ ਹੀ ਸੀ।
ਦਰਅਸਲ 1708 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਤੋਰਿਆ ਤਾਂ ਉਸ ਆਪਣੇ ਸਿਰਲੱਥ ਨਿਸ਼ਕਾਮ ਸਿੱਖ ਯੋਧਿਆਂ ਨਾਲ ਭੁਵਾ (ਕੈਥਲ), ਸੋਨੀਪਤ, ਸਮਾਣਾ, ਘੁੜਾਮ, ਕਪੂਰੀ, ਚੱਪੜਚਿੜੀ ਦਾ ਮੈਦਾਨ ਫਤਿਹ ਕਰਨ ਉਪਰੰਤ ਜਾ ਸਰਹਿੰਦ ਤਬਾਹ ਕੀਤੀ। ਛੋਟੀਆਂ ਮੋਟੀਆਂ ਝੜਪਾਂ ‘ਚ ਜਿੱਤ ਮਗਰੋਂ ਦਸੰਬਰ 1710 ਵਿਚ ਸਢੌਰੇ ਦੇ ਯੁੱਧ ਸਮੇਂ ਸ਼ਾਹੀ ਫੌਜਾਂ ਦਾ ਜੋਰ ਪੈ ਜਾਣ ਕਾਰਨ ਬੰਦਾ ਬਹਾਦਰ ਨੂੰ ਲੋਹਗੜ੍ਹ ਕਿਲ੍ਹੇ ਵਿਚ ਪਨਾਹ ਲੈਣੀ ਪਈ। ਫਿਰ ਅਣਸਾਂਵੀਂ ਤਾਕਤ ਕਾਰਨ ਉਹ ਨਾਹਨ ਦੀਆਂ ਪਹਾੜੀਆਂ ‘ਚ ਛੁਪਣ-ਛੋਤ ਹੋ ਜਾਣ ਲਈ ਮਜਬੂਰ ਹੋ ਗਿਆ, ਮਗਰੋਂ ਕਹਿਲੂਰ-ਬਿਲਾਸਪੁਰ ਦੇ ਰਾਜਿਆਂ ਨਾਲ ਝੜਪਾਂ ਉਪਰੰਤ ਉਹ ਜਨਵਰੀ 1711 ‘ਚ ਆਪਣੇ ਬਚੇ-ਖੁਚੇ ਯੋਧਿਆਂ ਸਮੇਤ ਰੋਪੜੋਂ ਦਰਿਆ ਪਾਰ ਕਰਕੇ ਹੁਣ ਦੇ ਰੈਲਮਾਜਰਾ ਨੇੜੇ ਉਦੋਂ ਘੁੱਗ ਵਸਦੇ ਪਰ ਹੁਣ ਥੇਹ ਹੋ ਚੁਕੇ ਪਿੰਡ ਜਿਮ ਕਿਹਰ ਆ ਟਿਕਿਆ, ਜਿਥੇ ਉਸ ਨਾਲ ਰਾਹੋਂ ਯੁੱਧ ਦੇ ਦਬੱਲੇ ਸਿੱਖ ਜਥੇ ਆਣ ਸ਼ਾਮਲ ਹੋਏ।
ਰਾਹੋਂ ‘ਤੇ ਬੱਝਵਾਂ ਹਮਲਾ ਕਰਨ ਅਤੇ ਦਰਿਆ ਪਾਰਲੀ ਸ਼ਾਹੀ ਫੌਜ ਤੋਂ ਬਚਾਅ ਹਿੱਤ ਪੱਕੇ ਪੈਰੀਂ ਹੋਣ ਲਈ ਉਸ ਨੇ ਕਟਾਰ ਧਾਰ ਦੀਆਂ ਜਿਮ ਕਿਹਰ ਦੀਆਂ ਦੁਰਾਡੀਆਂ ਪਹਾੜੀਆਂ ਨੂੰ ਗੁਫਾ ਨੁਮਾ ਖੋਦ-ਖੁਦਾਅ ਕੇ ਜੰਗੀ ਮੋਰਚੇ ਅਤੇ ਛੁਪਣਗਾਹਾਂ ਸਥਾਪਤ ਕੀਤੀਆਂ, ਜੋ ਉਪਰੋਂ ਵੇਖਿਆਂ ਪਹਾੜੀ-ਜੰਗਲ ਵੇਲਾਂ ਹੀ ਜਾਪਦੀਆਂ। ਗੁਫਾਵਾਂ ਦੇ ਪਰਵੇਸ਼ ਦੁਆਰ ਹਰਿਆਵਲ ਨਾਲ ਢਕੇ ਹੋਣ ਕਾਰਨ ਦੁਸ਼ਮਣ ਇਨ੍ਹਾਂ ਦੀ ਥਾਹ ਨਹੀਂ ਸੀ ਪਾ ਸਕਦਾ। ਇੱਕ ਗੁਫਾ ਵਿਚ ਇੱਕ ਵੱਡ-ਅਕਾਰੀ ਕਮਰਾ, ਜੋ ਮਨੁੱਖੀ ਮਿਹਨਤ ਦਾ ਕਮਾਲ ਸੀ, ਬੰਦਾ ਬਹਾਦਰ ਦਾ ਸਦਰ-ਮੁਕਾਮ ਬਣਿਆ।
ਜਦੋਂ 1759 ਤਾਈਂ ਮਿਸਲਾਂ ਦਾ ਜ਼ੋਰ ਵਧਣਾ ਸ਼ੁਰੂ ਹੋ ਗਿਆ, ਤਦ 1760 ਵਿਚ ਡੱਲੇਵਾਲੀਆ ਮਿਸਲ ਦੇ ਤਾਰਾ ਸਿੰਘ ਗੈਬਾ ਨੇ ਮਾਛੀਵਾੜਾ ਵੱਲੋਂ ਮੁੜ ਸਤਲੁਜ ਪਾਰ ਕਰਕੇ ਦੁਆਬੇ ਅੰਦਰ ਦਰਿਆ ਦੇ ਨਾਲ-ਨਾਲ ਚਾਰ ਛੋਟੀਆਂ ਰਿਆਸਤਾਂ, ਜਿਨ੍ਹਾਂ ‘ਚ ਰਾਹੋਂ ਤੇ ਕਾਠਗੜ੍ਹ ਵੀ ਸ਼ੁਮਾਰ ਸਨ, ਅਫਗਾਨਾਂ ਤੋਂ ਖੋਹ ਕੇ ਬੰਗਾ ਤੇ ਨਵਾਂ ਸ਼ਹਿਰ ‘ਚ ਆਪਣਾ ਰਾਜ ਕਾਇਮ ਕਰਕੇ ਰਾਹੋਂ ਨੂੰ ਮੁੱਖ ਕੇਂਦਰ ਬਣਾਇਆ। ਉਸ ਨੇ ਕਾਠਗੜ੍ਹ ‘ਚ ਸਰਦਾਰ ਝੰਡਾ ਸਿੰਘ ਨੂੰ ਅਤੇ ਧਰਮ ਸਿੰਘ ਖੱਤਰੀ ਨੂੰ ਬੰਗਾ ਦਾ ਮੁਖੀ ਥਾਪਿਆ। ਧਰਮ ਸਿੰਘ ਨੇ ਬੰਗਾ ਖੇਤਰ ਦੇ 240 ਪਿੰਡ ਹੋਰ ਜਿੱਤ ਕੇ ਬਹੁਤੇ ਬੰਗਾ ਅਤੇ ਕੁਝ ਨਵਾਂ ਸ਼ਹਿਰ ਨਾਲ ਜੋੜ ਦਿੱਤੇ। ਕਾਠਗੜ੍ਹੀਆ ਝੰਡਾ ਸਿੰਘ 1797 ਨੂੰ ਫੌਤ ਹੋ ਗਿਆ। ਉਸ ਦੇ ਪੁੱਤਰ ਤਾਰਾ ਸਿੰਘ ਨੇ ਗੁੱਪ-ਚੁੱਪ ਰਣਜੀਤ ਸਿੰਘ ਨਾਲ ਸਬੰਧ ਜੋੜ ਲਏ ਅਤੇ ਬਜ਼ੁਰਗ ਤਾਰਾ ਸਿੰਘ ਦੀ ਆਗਿਆ ਬਗੈਰ ਹੀ ਕਾਠਗੜ੍ਹ ਦਾ ਜਗੀਰਦਾਰ ਬਣ ਬੈਠਾ। ਨਵਾਂ ਸ਼ਹਿਰ ਇਲਾਕਾ ਭਾਵੇਂ ਡੱਲੇਵਾਲੀਆ ਹੇਠ ਮੁੱਖ ਕੇਂਦਰ ਵਜੋਂ ਉਭਰਨਾ ਸ਼ੁਰੂ ਹੋ ਗਿਆ ਸੀ, ਪਰ ਇਸ ਦਾ ਇੱਕ ਸਬਜ਼ ਖਿੱਤਾ ਸਰਹਾਲ ਕਾਜ਼ੀਆਂ ਕਰੇੜਾ ਸਿੰਘ ਕਲਸੀਆਂ ਮਿਸਲ ਹੇਠ ਹੀ ਰਿਹਾ, ਕਿਉਂਕਿ ਸਰਦਾਰ ਕਲਸੀਆਂ ਸਰਹਾਲ ਕਾਜ਼ੀਆਂ ਵਿਖੇ ਹੀ ਡੇਰਾ ਲਾਈ ਬੈਠਾ ਰਿਹਾ।
ਰਾਹੋਂ ਦਾ ਸਰਦਾਰ ਤਾਰਾ ਸਿੰਘ ਗੈਬਾ ਜਦ ਬੁੱਢਾ ਹੋ ਰਿਹਾ ਸੀ, ਤਦ ਤੱਕ ਰਣਜੀਤ ਸਿੰਘ ਦੀ ਚੜ੍ਹਤ ਦਾ ਦੌਰ ਸ਼ੁਰੂ ਹੋ ਗਿਆ ਸੀ, ਜੋ ਮੁਸਲਿਮ ਖੇਤਰਾਂ ਸਣੇ ਸਿੱਖ ਮਿਸਲਾਂ ਦਾ ਵੀ ਕੇਂਦਰੀਕਰਨ ਕਰੀ ਜਾ ਰਿਹਾ ਸੀ। ਤਾਰਾ ਸਿੰਘ ਦੀ ਡੱਲੇਵਾਲੀਆ ਮਿਸਲ ਉਤੇ ਵੀ ਅੱਖ ਸੀ। ਮੁੱਕਦੀ ਗੱਲ, ਉਸ ਸਮੇਂ ਰਣਜੀਤ ਸਿੰਘ ਸਾਰੀਆਂ ਮਿਸਲਾਂ ਨੂੰ ਹਰ-ਹਰਬੇ ਸਣੇ ਨਿਗਲੀ ਜਾਂਦਾ ਸੀ। ਹਾਲਾਤ ਵੀ ਉਸ ਦੇ ਪੱਖ ‘ਚ ਸਨ। ਭਾਵੇਂ 1807 ਵਿਚ ਤਾਰਾ ਸਿੰਘ ਨੇ ਬੁੱਢ ਵਰੇਸੇ ਰਣਜੀਤ ਸਿੰਘ ਨਾਲ ਨਰਾਇਣਗੜ੍ਹ (ਹੁਣ ਹਰਿਆਣਾ) ਦੀ ਚੜ੍ਹਾਈ ਵਿਚ ਸ਼ਾਮਲ ਹੋ ਕੇ ਜਾਨ-ਹੂਲਵੀਂ ਮਦਦ ਕੀਤੀ, ਨਰਾਇਣਗੜ੍ਹ ਜਿੱਤਿਆ ਵੀ ਗਿਆ, ਪਰ ਰਣਜੀਤ ਸਿੰਘ ਉਸ ਪ੍ਰਤੀ ਅਹਿਸਾਨਮੰਦ ਨਾ ਨਿਕਲਿਆ। ਸਦਰ ਮੁਕਾਮ ਤੋਂ ਬਾਹਰ ਗਿਆ, ਇੱਕ ਸਦੀ ਤੋਂ ਕੁਝ ਵੱਧ ਉਮਰ ਦਾ ਤਾਰਾ ਸਿੰਘ ਜਦ ਅਚਾਨਕ ਫੌਤ ਹੋ ਗਿਆ ਤਾਂ ਉਸ ਦੇ ਵਫਾਦਾਰਾਂ ਨੇ ਉਸ ਦੀ ਦੇਹ ਰਾਹੋਂ ਲਿਆ ਕੇ ਚੁੱਪ-ਚੁਪੀਤੇ ਸਸਕਾਰ ਕਰ ਦਿੱਤਾ। ਭੇਤੀਆਂ ਤੋਂ ਪਤਾ ਲੱਗਣ ‘ਤੇ ਰਣਜੀਤ ਸਿੰਘ ਵੀ ਅਫਸੋਸ ਦੇ ਬਹਾਨੇ ਫੌਜਾਂ ਸਣੇ ਪੁੱਜ ਗਿਆ। ਭਾਣਾ ਵਰਤ ਜਾਣ ਦੇ ਡਰੋਂ ਤਾਰਾ ਸਿੰਘ ਦੀ ਵਿਧਵਾ ਰਤਨ ਕੌਰ ਨੇ ਸੋਗੀ ਮਾਹੌਲ ਅਤੇ ਸੀਮਤ ਸਮਰੱਥਾ ਦੇ ਬਾਵਜੂਦ ਰਣਜੀਤ ਸਿੰਘ ਨੂੰ ਇੱਕ ਹਾਥੀ, ਪੰਜ ਘੋੜੇ ਤੇ ਛੇ ਲੱਖ ਰੁਪਏ ਬਤੌਰ ਨਜ਼ਰਾਨਾ ਭੇਟ ਕੀਤੇ, ਪਰ ਰਣਜੀਤ ਸਿੰਘ ਦੀ ਮਨਸ਼ਾ ਤਾਂ ਕੁਝ ਹੋਰ ਸੀ। ਉਹ ਕਿਲ੍ਹੇ ਅੰਦਰ ਜਾਣਾ ਚਾਹੁੰਦਾ ਸੀ। ਰਤਨ ਕੌਰ ਨੇ ਮਾਲਕਾਨਾ, ਗੈਰਤ ਕਾਰਨ ਅਜਿਹਾ ਨਾ ਹੋਣ ਦਿੱਤਾ, ਲੜਾਈ ਸ਼ੁਰੂ ਹੋ ਗਈ। ਪਟਿਆਲਾ ਰਿਆਸਤ ਦੀ ਧੀ ਹੋਣ ਕਾਰਨ ਰਤਨ ਕੌਰ ਰਾਜਿਆਂ ਵਾਂਗ ਲੜੀ। ਉਨ੍ਹਾਂ ਵੇਲਿਆਂ ਵਿਚ ਰਣਜੀਤ ਸਿੰਘ ਨੇ ਦੁਆਬੇ ਦੇ ਹੋਰ ਇਲਾਕੇ ਵੀ ‘ਜਿੱਤ’ ਕੇ ਦੀਵਾਨ ਮੋਹਕਮ ਚੰਦ ਨੂੰ ਜਲੰਧਰ ਦੁਆਬ ਦਾ ਮੁਖੀ ਥਾਪ ਦਿੱਤਾ ਤੇ ਖੁਸ਼ਹਾਲ ਸਿੰਘ ਨੂੰ ਨਵਾਂ ਸ਼ਹਿਰ ਦਾ ਆਹਲਾ ਜਮਾਂਦਾਰ।
ਜਮਾਂਦਾਰ ਖੁਸ਼ਹਾਲ ਸਿੰਘ ਵੇਲੇ ਨਵਾਂ ਸ਼ਹਿਰ ਰਾਹੋਂ ਦੇ ਮੁਕਾਬਲੇ ਹੋਰ ਵੀ ਤੇਜ਼ੀ ਨਾਲ ਉਭਰਿਆ। ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਆਲੀਸ਼ਾਨ ਬਾਰਾਂਦਰੀ ਬਣਾਈ, ਜਿਸ ਦੇ ਬਾਰਾਂ ਦਰਵਾਜ਼ੇ ਸਨ, ਹਰ ਕੋਨੇ ਵਿਚ ਉਚਾ ਗੁੰਬਦ। ਬਾਰਾਂਦਰੀ ਅੱਜ ਵੀ ਸਾਬਤ-ਸਬੂਤੀ ਖੜ੍ਹੀ ਹੈ। ਗਜ਼ਟੀਅਰ ਆਫ ਇੰਡੀਆ (ਪੰਜਾਬ) ਜ਼ਿਲ੍ਹਾ ਜਲੰਧਰ (ਮਾਲ ਵਿਭਾਗ), ਪੰਜਾਬ ਅਨੁਸਾਰ ਇਹ ਬਾਰਾਂਦਰੀ ਮੁਹੰਮਦ ਸਾਦਿਕ ਨੇ ਬਣਵਾਈ ਸੀ। ਆਖਦੇ ਹਨ ਕਿ ਮੁਹੰਮਦ ਸਾਦਿਕ, ਜਿਸ ਦਾ ਪਹਿਲਾਂ ਨਾਂ ਭਿਖਾਰੀ ਮੱਲ ਸੀ, ਹਿੰਦੂ ਉਮਟ ਖੱਤਰੀ, ਪਸਰੂਰ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਦਾ ਰਹਿਣ ਵਾਲਾ ਸੀ। ਉਹ ਖੱਤਰੀ ਧਰਮ ਸਿੰਘ ਬੰਗਾ ਦੀ ਪ੍ਰੇਰਨਾ ਨਾਲ ਨਵਾਂ ਸ਼ਹਿਰ ਆ ਵਸਿਆ। ਮੁਕਾਬਲੇਬਾਜ਼ੀ ਕਾਰਨ ਉਸ ਦੀ ਇਥੋਂ ਦੇ ਭੁੱਚਰ ਖੱਤਰੀਆਂ ਨਾਲ ਲੜਾਈ ਹੋ ਗਈ। ਬੜੀ ਮਾਰ-ਧਾੜ ਹੋਈ, ਰੋਸ ਵਜੋਂ ਉਹ ਆਪਣਾ ਕੁਨਬਾ ਵੀ ਛੱਡ ਗਿਆ ਅਤੇ ਹਿੰਦੂ ਧਰਮ ਵੀ। ਪ੍ਰਸਥਿਤੀਆਂ ਵੱਸ ਮੁਸਲਿਮ ਹੋ ਗਿਆ, ਜੋ ਮਗਰੋਂ ਮੁਹੰਮਦ ਸਾਦਿਕ ਦਾਨਾ ਵਪਾਰੀ ਵਜੋਂ ਪ੍ਰਸਿੱਧ ਹੋਇਆ। ਸਦੀਵੀ ਪਛਾਣ ਲਈ ਉਸ ਨੇ ਬਾਰਾਂਦਰੀ ਬਣਾਈ, ਆਪਣੇ ਲਈ ਹੀ ਨਹੀਂ, ਹੋਰਨਾਂ ਦੀ ਸੈਰਗਾਹ ਲਈ ਵੀ। ਨਵਾਂ ਸ਼ਹਿਰ ਦੀ ਇੱਕ ਹੋਰ ਪ੍ਰਾਚੀਨ ਇਮਾਰਤ ‘ਸ਼ਿਵਾਲਾ ਬੰਨ੍ਹਾ ਮੱਲਾ’ ਵੀ ਬੜੀ ਮਸ਼ਹੂਰ ਤੇ ਵਿਲੱਖਣ ਹੈ। ਧਾਰਨਾ ਅਨੁਸਾਰ ਦੀਵਾਨ ਬੰਨਾ ਮੱਲ ਸਿੱਖ ਉਥਾਨ ਸਮੇਂ ਕਪੂਰਥਲਾ ਤੋਂ ਇਥੇ ਆ ਵਸਿਆ ਸੀ। ਕਿਹਾ ਜਾਂਦਾ ਹੈ, ਜਦ ਉਹ ਕਪੂਰਥਲਾ ਰਿਆਸਤ ਦਾ ਦੀਵਾਨ ਸੀ, ਉਸ ਨੇ ਇਸੇ ਵਰਗਾ ਇੱਕ ਸ਼ਿਵਾਲਾ ਕਪੂਰਥਲੇ ਵੀ ਬਣਵਾਇਆ ਸੀ।
‘ਦਾ ਇੰਪੀਰੀਅਲ ਗਜ਼ਟੀਅਰ ਆਫ ਇੰਡੀਆ’ ਜਿਲਦ-18, ਸਫਾ-429 ਅਨੁਸਾਰ ਨਵਾਂ ਸ਼ਹਿਰ, ਕਿਸੇ ਸਮੇਂ ਸ਼ਕਤੀਸ਼ਾਲੀ ਸਿੱਖ ਯੋਧੇ ਤਾਰਾ ਸਿੰਘ ਗੈਬਾ ਦੀ ਮਲਕੀਅਤ ਸੀ, ਜੋ ਉਸ ਦੀ ਮੌਤ ਪਿਛੋਂ ਰਣਜੀਤ ਸਿੰਘ ਨੇ ਹਥਿਆ ਲਿਆ। ਉਦੋਂ ਇਸ ਦੀ ਵਪਾਰਕ ਮਹੱਤਤਾ ਨਹੀਂ ਸੀ। 1867 ਵਿਚ ਇਥੇ ਮਿਊਂਸਪੈਲਟੀ ਬਣਾਈ ਗਈ, ਜੋ ਇਥੇ ਐਂਗਲੋ-ਵੈਨਕੂਲਰ ਮਿਡਲ ਸਕੂਲ ਵੀ ਚਲਾਉਣ ਲੱਗੀ। 1901 ਤਾਈਂ ਇਸ ਦੀ ਆਬਾਦੀ ਸਿਰਫ 5641 ਸੀ।
ਭਾਵੇਂ ਰਾਹੋਂ ਪੁਰਾਤਨ ਸ਼ਹਿਰ ਸੀ, ਪਰ ਕਈ ਕਾਰਨਾਂ ਕਰਕੇ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਨਵਾਂ ਸ਼ਹਿਰ ਜ਼ਿਆਦਾ ਤਰੱਕੀ ਕਰਨ ਲੱਗਾ। 1915 ਵਿਚ ਇਥੇ ਦਾਣਾ ਮੰਡੀ ਬਣੀ। ਇੱਕ ਦਹਾਕੇ ਵਿਚ ਹੀ ਇਹ ਥੋਕ ਵਪਾਰ ਦੀ ਮੰਡੀ ਵੀ ਬਣ ਗਈ। 1926 ਵਿਚ ਇਥੇ ਵਿਸ਼ਾਲ ਸਬਜ਼ੀ ਮੰਡੀ ਅਤੇ ਪੁਲਿਸ ਚੌਕੀ 1927 ਵਿਚ ਹੋਂਦ ‘ਚ ਆਈ, ਪਰ ਇਸ ਸਭ ਤੋਂ ਕਿਤੇ ਪਹਿਲਾਂ 1911-12 ਵਿਚ ਅੰਗਰੇਜ਼ ਫੌਜ ਨੇ ਨਵਾਂ ਸ਼ਹਿਰ-ਬਲਾਚੌਰ ਮਾਰਗ ਉਤੇ ਸ਼ਹਿਰ ਤੋਂ ਮੀਲ ਕੁ ਪਰ੍ਹੇ ਬਲਾਚੌਰ ਤਰਫ ਵੱਡਾ ਕੈਂਪਿੰਗ ਮੈਦਾਨ ਬਣਾਇਆ। ਅੱਜ ਦੇ ਸਾਰੇ ਪ੍ਰਬੰਧਕੀ ਕੰਪਲੈਕਸ ਅਤੇ ਕੁਝ ਵਿੱਦਿਅਕ ਅਦਾਰੇ ਇਥੇ ਹੀ ਹਨ। ਮਾਰਚ 1936 ਵਿਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ‘ਬਾਹਰਲੀ ਮੰਡੀ’ ਕਰਕੇ ਮਕਬੂਲ ਹੋਈ ਨਵੀਂ ਮੰਡੀ ਵਿਚ ‘ਸਰਾਂ ਭੁੱਚਰਾਂ’ ਦਾ ਉਦਘਾਟਨ ਕੀਤਾ, ਜਿਸ ਨਾਲ ਰੇਲਵੇ ਰੋਡ ਖਹਿ ਕੇ ਲੰਘਦੀ ਹੈ। ਸਰਾਂ ਤੋਂ ਟੇਸ਼ਨ ਨੂੰ ਜਾਂਦੀ ਇਸ ਸੜਕ ਉਤੇ 1914 ਵਿਚ ਹੀ ਰੇਲਵੇ ਸਟੇਸ਼ਨ ਬਣ ਗਿਆ ਸੀ, ਕਿਉਂਕਿ ਜਲੰਧਰ-ਨਵਾਂ ਸ਼ਹਿਰ-ਜੇਜੋਂ ਰੇਲਵੇ, ਜੋ ਨਾਰਥ ਵੈਸਟ ਰੇਲਵੇ ਦੀ ਸ਼ਾਖ ਹੈ, ਗੋਰਿਆਂ ਨੇ ਸੁਪ੍ਰਸਿੱਧ ਜੇਜੋਂ ਵਪਾਰਕ ਦੱਰੇ ਲਾਗਲੇ ਸ਼ਿਵਾਲਿਕ ਪਹਾੜਾਂ ਦੀਆਂ ਕੁਦਰਤੀ ਉਪਜਾਂ ਨਾਲ ਲਬਰੇਜ਼ ਪਰਤਾਂ ਦੀ ਲੁੱਟ-ਚੋਘ ਕਰਨ ਲਈ ਬਣਵਾਈ ਸੀ। ਢੋਆ-ਢੁਆਈ ਲਈ ਰੇਲ ਲਾਈਨ ਦਾ ਕਾਰਜ 1913 ਦੇ ਅਖੀਰ ਤੱਕ ਮੁਕਾਅ ਲਿਆ ਗਿਆ ਸੀ, ਪਰ ਨਵਾਂ ਸ਼ਹਿਰ ਦਾ ਟੇਸ਼ਨ 1914 ‘ਚ ਬਣਿਆ।
ਉਨ੍ਹਾਂ ਵਕਤਾਂ ਵਿਚ ਸਟੇਸ਼ਨ ਤੋਂ ਲੈ ਕੇ ਧੁਰ ਚੰਡੀਗੜ੍ਹ ਚੌਂਕ ਤੱਕ ਸੁੰਨ-ਮਸਾਨ ਸੀ। ਹੁਣ ਦਾ ਨਵਾਂ ਸ਼ਹਿਰ ਤਾਂ ਜ਼ਿਲ੍ਹਾ ਸਦਰ-ਮੁਕਾਮ ਬਣਨ ਤੋਂ ਕਿਤੇ ਪਹਿਲਾਂ ਹੀ ਬੜਾ ਫੈਲ ਚੁਕਾ ਸੀ, ਪਰ ਉਹ ਵੀ ਦਿਨ ਸਨ, ਜਦ ਸ਼ਹਿਰ ਦੇ ਵਿਚਕਾਰ ਮਹੱਲਾ ਲੜੋਈਆ ‘ਚ ਮਨਿਆਰੀ ਦੀ ਇੱਕੋ ਦੁਕਾਨ ਹੁੰਦੀ ਸੀ। ਪੰਸਾਰੀ ਦੀਆਂ ਕੁਝ ਦੁਕਾਨਾਂ ਬੱਝਵੇਂ ਥਾਂ, ਪਰ ਕਿਤੇ-ਕਿਤੇ ਵੱਸੋਂ ‘ਚ ਛੋਟੀਆਂ-ਮੋਟੀਆਂ ਪ੍ਰਚੂਨ ਦੁਕਾਨਾਂ ਸਨ। ਹੁਣ ਦੇ ਲਾਲ ਚੌਂਕ ਨੂੰ ਪੰਸਾਰੀਏ ਗੰਡੂ ਦੀ ਮਸ਼ਹੂਰ ਥੋਕ ਹੱਟੀ ਕਾਰਨ ‘ਚੌਕ ਗੰਡੂ ਸ਼ਾਹ’ ਕਿਹਾ ਜਾਂਦਾ ਸੀ। ‘ਟੇਸ਼ਣ’ ਤੋਂ ਲੈ ਕੇ ਤੋੜ ਹੁਣ ਦੇ ਬੱਸ ਅੱਡੇ ਤੀਕ ਕੋਈ ਦੁਕਾਨ ਜਾਂ ਵਸੋਂ ਨਹੀਂ ਸੀ ਹੁੰਦੀ। ਰਾਹੋਂ ਰੋਡ, ਰੇਲਵੇ ਰੋਡ, ਚੰਡੀਗੜ੍ਹ ਰੋਡ, ਕੋਠੀ ਰੋਡ-ਗੱਲ ਕੀ, ਕਿਧਰੇ ਵੀ ਕੋਈ ਮਕਾਨ-ਢਾਰਾ ਨਹੀਂ ਸੀ। ਹਾਂ, ਵਿਚਾਲੇ ਜਿਹੇ ਇੱਕ ਝੁਗੀ ਨੁਮਾ ਚਾਹ-ਲੱਸੀ ਦੀ ਦੁਕਾਨ ਹੀ ਸੀ, ਜਿਥੇ ਹੁਣ ਆਲੀਸ਼ਾਨ ਬਾਜ਼ਾਰ ਹਨ। ਕਦੇ ਇਥੇ ਛੋਟਾ ਜਿਹਾ ਦੁਕਾਨ ਸਮੂਹ ਸੀ, ਜਿਸ ਨੂੰ ਬੜਾ ਬਾਜ਼ਾਰ ਕਿਹਾ ਜਾਂਦਾ ਸੀ। ਦਰਅਸਲ ਉਹ ਰੇੜ੍ਹੀਆਂ ਵਾਲਾ ਬਾਜ਼ਾਰ ਸੀ। ਬੰਗਾ, ਗੜ੍ਹਸ਼ੰਕਰ, ਬਲਾਚੌਰ, ਫਿਲੌਰ ਨੂੰ ਜਾਂਦੀਆਂ ਸੜਕਾਂ ਪਹੇ ਨੁਮਾ ਸਨ, ਮਿੱਟੀ-ਘੱਟੇ ਅਤੇ ਮੀਂਹਾਂ ‘ਚ ਗਾਰੇ ਨਾਲ ਲੱਥਪੱਥ। ਆਵਾਜਾਈ ਲਈ ਟਾਂਗੇ ਸਨ, ਸਾਈਕਲ ਕਿਸੇ ਵਿਰਲੇ ਕੋਲ ਹੀ ਸੀ। ਫਿਰ ਲੰਬੂਤਰੇ ਮੂੰਹ ਵਾਲੀਆਂ ਕੋਲੇ ਨਾਲ ਚੱਲਣ ਵਾਲੀਆਂ ਲਾਰੀਆਂ ਚੱਲ ਪਈਆਂ। ਡਰੈਵਰ ਘੰਟਿਆਂਬੱਧੀ ਸਵਾਰੀਆਂ ਨੂੰ ‘ਵਾਜ਼ਾਂ ਮਾਰਦੇ ਰਹਿੰਦੇ। ਨੇੜੇ ਜਾਣ ਵਾਲੀਆਂ ਸਵਾਰੀਆਂ ਟਾਂਗੇ ਵਾਲੇ ਨਾ ਲੱਦਣ ਦਿੰਦੇ। ਕਈ ਵਾਰ ਡਾਂਗ-ਸੋਟਾ ਚੱਲ ਜਾਂਦਾ। 1947 ਤੀਕ ਉਂਕਾਰ ਬੱਸ ਵਾਲਿਆਂ ਦੀ ਝੰਡੀ ਹੋ ਗਈ, ਫਿਰ ਤਾਂ ਚੱਲ ਸੋ ਚੱਲ। ਉਦੋਂ ਬਾਰਾਂਦਾਰੀ ਜਿਸ ਨੂੰ ਪੱਕਾ ਬਾਗ ਵੀ ਕਿਹਾ ਜਾਂਦਾ, ਵੀ ਸ਼ਹਿਰੋਂ ਬਾਹਰ ਸੀ। 1867 ਤੱਕ ਇਥੇ ਇੱਕ ਸਮਾਲ ਟਾਊਨ ਕਮੇਟੀ, ਜਿਸ ਦੇ ਚਾਰ ਮੈਂਬਰ ਸਨ, ਸ਼ਹਿਰ ਦੀ ਦੇਖ-ਭਾਲ ਕਰਦੀ ਸੀ।
ਨਵਾਂ ਸ਼ਹਿਰ ਮੰਡੀ ਚਾਲੂ ਬੇਸ਼ੱਕ 1918 ਵਿਚ ਹੋਈ, ਪਰ ਨਵੰਬਰ 1915 ਵਿਚ ਜਦੋਂ ਦੁਕਾਨਾਂ ਲਈ ਥਾਂ ਦੀ ਬੋਲੀ ਹੋਈ ਤਾਂ ਭਾਅ 20 ਰੁਪਏ ਮਰਲਾ ਤੋਂ ਨਹੀਂ ਸੀ ਟੱਪਿਆ, ਤਾਂ ਵੀ ਇਹ ਬਹੁਤ ਮਹਿੰਗਾ ਸਮਝਿਆ ਗਿਆ। ਇੱਟ ਦਾ ਭਾਅ ਉਦੋਂ ਪੰਜ ਰੁਪਏ ਹਜ਼ਾਰ ਸੀ। ਮਜ਼ਦੂਰ ਦੀ ਦਿਹਾੜੀ ਦੁਆਨੀ ਹੁੰਦੀ ਸੀ। ਦੋਮ ਰਾਜ ਮਿਸਤਰੀ ਦੁਆਨੀ ਅਤੇ ਆਹਲਾ ਤਾਮੀਰਕਾਰ ਅਠਿਆਨੀ ਦਿਹਾੜੀ ‘ਤੇ ਕੰਮ ਕਰਦਾ ਸੀ। 1928 ਵਿਚ ਦੂਸਰੀ ਮੰਡੀ, ਜਿਸ ਨੂੰ ਬਾਹਰਲੀ ਆਖਦੇ ਹਨ, ਬਣੀ। ਇਸ ਦੇ ਸਾਹਮਣੇ ਇੱਕ ਧਰਮ-ਅਰਥ ਧਰਮਸ਼ਾਲਾ ਬਣੀ, ‘ਸਰਾਂ ਭੁੱਚਰਾਂ’, ਜਿਸ ਨੂੰ ਟੇਸ਼ਨ ਵਾਲੀ ਵੱਡੀ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ। ਲਾਗਲੇ ਪਿੰਡਾਂ ਦੇ ਲੋਕ ਜਿਨ੍ਹਾਂ ਜਲੰਧਰੋਂ ਗੱਡੀ ਫੜ੍ਹਨੀ ਹੁੰਦੀ, ਰਾਤ ਇਥੇ ਕੱਟਦੇ। ਉਪਰਲੇ ਹਿਮਾਚਲ ਤੱਕ, ਧੁਰ ਕਬਾਇਲੀ ਖਿੱਤੇ ਦਾ ਵਪਾਰੀ ਆਪਣੇ ਮਾਲ-ਅਸਬਾਬ ਨਾਲ ਇਥੇ ਆ ਠਹਿਰਦਾ। ਵੱਡੀਆਂ ਬਰਾਤਾਂ ਵੀ ਇਸੇ ਧਰਮਸ਼ਾਲਾ ਵਿਚ ਠਹਿਰਾਉਂਦੇ। ਅੱਠੇ ਪਹਿਰ ਰੌਣਕ ਮੇਲਾ ਲੱਗਾ ਰਹਿੰਦਾ। ‘ਭੁੱਚਰਾਂ ਦੀ ਧਰਮ ਅਰਥ ਸਰਾਂ’ ਵਜੋਂ ਪ੍ਰਸਿੱਧ ਰਹੀ ਇਹ ਧਰਮਸ਼ਾਲਾ ਭੁੱਚਰ ਖੱਤਰੀ ਪਰਿਵਾਰ ਦੇ ਚਾਰ ਬਜ਼ੁਰਗਾਂ, ਜੋ ਆਪੋ ਵਿਚੀ ਸਕੇ-ਸੋਧਰੇ ਸਨ, ਨੇ ਬਣਵਾਈ ਸੀ। ਲੰਮਾ ਸਮਾਂ ਲੋਕ-ਭਲੇ ਲਈ ਵਰਤੀਂਦੀ ਰਹੀ ਇਹ ਇਮਾਰਤ ਅਗਲੀਆਂ ਪੀੜ੍ਹੀਆਂ ਦੇ ਲਾਲਚ ਦਾ ਸ਼ਿਕਾਰ ਹੋ ਕੇ ਕਦੋਂ ਦੀ ਇਤਿਹਾਸਕ ਸਾਰਥਕਤਾ ਗੁਆ ਬੈਠੀ ਹੈ।
1927 ਤੱਕ ਸ਼ਹਿਰ ਵਿਚ ਸਰਾਵਾਂ ਤਾਂ ਸਨ, ਪਰ ਮੁਸਾਫਰਾਂ ਲਈ ਲੰਗਰ ਨਹੀਂ ਸੀ। 1928 ਵਿਚ ਕੁਝ ਭਲੇ ਪੁਰਸ਼ਾਂ ਨੇ ਇੱਕ 25 ਮੈਂਬਰੀ ਕਮੇਟੀ ਬਣਾ ਕੇ ਗੁਰਦੁਆਰਾ ਸਿੰਘ ਸਭਾ ਬਣਾਉਣ ਦਾ ਫੈਸਲਾ ਕੀਤਾ, ਜਿਥੇ ਅੱਠੇ ਪਹਿਰ ਲੰਗਰ-ਪਾਣੀ ਵੀ ਚੱਲਣਾ ਸੀ। ਦੂਰ ਅੰਦੇਸ਼ੀ ਕਮੇਟੀ ਵਿਚ ਸ਼ਹਿਰ ਦੇ ਸਿਰਫ ਪੰਜ ਮੈਂਬਰ ਲਏ ਗਏ, ਬਾਕੀ ਵੀਹ ਲਾਗਲੇ ਪਿੰਡਾਂ ਦੇ ਮੋਹਤਬਰ ਸਨ। ਇਨ੍ਹਾਂ ‘ਚ ਕੁਝ ਹਿੰਦੂ ਤੇ ਦੋ-ਚਾਰ ਮੁਸਲਿਮ ਵੀ ਸਨ। ਮੁਸਲਿਮ ਤਹਿਸੀਲਦਾਰ ਦੀ ਹਿੰਮਤ ਅਤੇ ਕਮੇਟੀ ਮੈਂਬਰਾਂ ਇੰਸਪੈਕਟਰ ਭਗਤ ਸਿੰਘ, ਵਕੀਲ ਭੀਮ ਸੈਨ, ਡਾ. ਜਸਵੰਤ ਸਿੰਘ ਤੇ ਲਾਲਾ ਗੋਪਾਲ ਦਾਸ ਦੇ ਸਿਰੜ ਨਾਲ ਜਗ੍ਹਾ ਖਰੀਦ ਕੇ ਇਸ ਦੀ ਸਰਕਲ (ਕੁਰਸੀ) ਸਵਾ ਛੇ ਹੱਥ ਉਚੀ ਰੱਖੀ ਗਈ। ਮੀਰਜ਼ਾਦਿਆਂ (ਮਰਾਸੀਆਂ) ਨੇ ਸਲੋਤਰਖਾਨੇ ਲਾਗਲੀ ਆਪਣੀ ਸਾਂਝੀ ਬਗੀਚੀ ਦੀ ਮਿੱਟੀ ਭਰਤ ਲਈ ਪੁਟਾ ਦਿੱਤੀ। ਅਰਾਈਂ ਮੁਸਲਮਾਨਾਂ ਆਪਣੇ ਗੱਡੇ, ਬਲਦ ਇਸ ਕਾਰਜ ਲਈ ਦਿੱਤੇ। ਇਸਲਾਮੀਆ ਸਕੂਲ ਦੇ ਭਿੱਤਾ (ਕੱਚੀਆਂ-ਪੱਕੀਆਂ, ਮਿੱਟੀ ਦੀਆਂ ਧੜਵੈਲ ਦੀਵਾਰਾਂ) ਦੇ ਖੰਡਰਾਤ ਗਾਰੇ-ਰੋੜੀ ਜਾਂ ਫਰਸ਼ਾਂ ਦੇ ਕੰਮ ਆਏ। ਹਿੰਦੂਆਂ-ਮੁਸਲਮਾਨਾਂ-ਸਿੱਖਾਂ ਦਾ ਇਹ ਸਾਂਝਾ ਕਾਰਜ, ਅੱਜ ਦੇ ਫਿਰਕਾਪ੍ਰਸਤ-ਕੱਟੜਪੰਥੀਆਂ ਲਈ ਵਦਾਨੀ ਸੱਟ ਹੈ। ਮੁਸਲਮਾਨ ਭਾਵੇਂ ਸੰਤਾਲੀ ‘ਚ ਹੁੱਬਕੀ ਰੋਂਦਿਆਂ ਪਾਕਿਸਤਾਨ ਤੁਰ ਗਏ, ਪਰ ਇਹ ਥਾਂ ਆਪਸੀ ਅਪਣੱਤ ਦਾ ਮੂਕ ਹੀ ਸਹੀ, ਬੁਲੰਦ ਸੁਨੇਹਾ ਹੈ। ਇਹ ਮਹਾਂ-ਕੁੰਭ ਸਿਰਫ ਲੰਗਰ ਖਾਨਾ ਹੀ ਨਹੀਂ, ਰਿਹਾਇਸ਼ੀ ਕਮਰਿਆਂ ਸਣੇ ਵਾਸ਼ਰੂਮ ਅਤੇ ਇੱਕ ਨਿੱਕੜਾ ਸਕੂਲ ਵੀ ਚਲਾਉਣ ਲੱਗਾ, ਜਿਥੇ ਤਾਅ ਧਰਮ-ਕੌਮਾਂ ਅੱਖਰ ਗਿਆਨ ਲੈਂਦੀਆਂ ਰਹੀਆਂ।
ਨਵਾਂ ਸ਼ਹਿਰੀਆਂ ਨੇ ਜੰਗ-ਏ-ਆਜ਼ਾਦੀ ‘ਚ ਵੀ ਪ੍ਰਮੁੱਖ ਹਿੱਸਾ ਪਾਇਆ 1942 ਦੇ ਭਾਰਤ ਛੱਡੋ ਅੰਦੋਲਨ ਅਤੇ ਸਵਦੇਸ਼ੀ ਸੱਤਿਆਗ੍ਰਹਿ ਵਿਚ ਇਥੋਂ ਦੇ ਮੋਹਨ ਲਾਲ ਪੁੱਤਰ ਜੀਵਨ, ਮਹਾਰਾਜ ਪੁੱਤਰ ਕਿਸ਼ਨ, ਸਾਈਂਦਾਸ ਪੁੱਤਰ ਜਗਤ ਰਾਮ ਅਤੇ ਗੁਰਬਚਨ ਸਿੰਘ ਨੇ ਤਸੀਹੇ ਤੇ ਕੈਦਾਂ ਕੱਟੀਆਂ। ਉਸ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ (1920-22), ਜੋ ਆਜ਼ਾਦੀ ਦੀ ਅਹਿਮ ਕੜੀ ਮੰਨੀ ਗਈ, ਵਿਚ ਇਸ ਦੇ ਇੱਕ ਸਪੂਤ ਉਜਾਗਰ ਸਿੰਘ ਪੁੱਤਰ ਬਸੰਤਾ ਨੇ ਭਾਈ ਫੇਰੂ ਮੋਰਚੇ ਵਿਚ ਤਸ਼ੱਦਦ ਅਤੇ ਕੈਦ ਕੱਟੀ। ਆਜ਼ਾਦ ਹਿੰਦ ਫੌਜ (1942-45) ਦੀ ਰੱਤ-ਡੋਲ੍ਹਵੀਂ ਲੜਾਈ ਵਿਚ ਤਨਹਾਈ ਕੈਦ ਕੱਟਣ ਵਾਲਿਆਂ ਵਿਚ ਇਥੋਂ ਦਾ ਇੱਕ ਯੋਧਾ ਕਰਮ ਸਿੰਘ ਪੁੱਤਰ ਦਲੀਪ ਸਿੰਘ ਸ਼ੁਮਾਰ ਸੀ। 1857 ਦੇ ਗਦਰ ਤੋਂ ਲੈ ਕੇ ਤੋੜ 1947 ਤੱਕ, ਤਾਅ ਕਿਸਮ ਦੇ ਆਜ਼ਾਦੀ ਅੰਦੋਲਨ ਵਿਚ ਨਵਾਂ ਸ਼ਹਿਰ ਦੀ ਖਲਕਤ ਨੇ ਜਾਤਾਂ-ਧਰਮਾਂ, ਕੌਮਾਂ ਅਤੇ ਖਿੱਤੇ ਤੋਂ ਉਪਰ ਉਠ ਕੇ ਫਖਰਯੋਗ ਹਿੱਸਾ ਪਾਇਆ।
ਹੁਣ ਨਵਾਂ ਸ਼ਹਿਰ ਪੰਜਾਬ ਦੇ ਨਾਮਣੇ ਵਾਲੇ ਸ਼ਹਿਰਾਂ ਵਿਚ ਸ਼ੁਮਾਰ ਹੈ। ਦੁਨੀਆਂ ਵਿਚ ਆਪਣੇ ਇੱਕ ਕਰਮਯੋਗੀ ਅਧਿਕਾਰੀ ਕ੍ਰਿਸ਼ਨ ਕੁਮਾਰ ਆਈ. ਏ. ਐਸ਼ ਕਾਰਨ ਬੜਾ ਚਰਚਿਤ ਹੋਇਆ ਸੀ ਇਹ ਸ਼ਹਿਰ। ਵੇਲੇ ਦੇ ਹਾਕਮਾਂ ਨੂੰ ਭਾਵੇਂ ਆਪਣੇ ਲੋਕ-ਹਿੱਤੂ, ਨਿਵੇਕਲੇ ਤੇ ਦੂਰ-ਰਸ ਸਿੱਟੇ ਕੱਢਣ ਵਾਲੇ ਕਾਰਜਾਂ ਅਤੇ ਬਣਦੀ ਡਿਊਟੀ ਨਿਭਾਉਣ ਵਾਲਾ, ਉਹ ਸਾਦ-ਮੁਰਾਦਾ ਅਧਿਕਾਰੀ ਪਸੰਦ ਨਹੀਂ ਸੀ ਆਇਆ, ਪਰ ਉਸ ਦੀ ਅਗਵਾਈ ਹੇਠ ਨਵਾਂ ਸ਼ਹਿਰੀਆਂ ਦੇ ਧੀਆਂ-ਧਿਆਣੀਆਂ ਨੂੰ ਬਚਾਉਣ-ਪੜ੍ਹਾਉਣ ਅਤੇ ਰੁੱਖ-ਤ੍ਰਿਵੈਣੀਆਂ ਉਗਾਉਣ ਵਰਗੇ ਕਾਰਜਾਂ ਕਰਕੇ ਅੱਜ ਸੰਸਾਰ ਪੱਧਰ ‘ਤੇ ‘ਨਵਾਂ ਸ਼ਹਿਰ ਮਾਡਲ’ ਵੱਲੋਂ ਸੁਪ੍ਰਸਿੱਧ ਅਤੇ ਕਾਰਜਸ਼ੀਲ ਹਨ। ਸਮੁੱਚੇ ਸੰਸਾਰ ਵੱਲੋਂ ਅਪਨਾਇਆ ਗਿਆ ‘ਨਵਾਂ ਸ਼ਹਿਰ ਮਾਡਲ’ ਵਰਗਾ ਮਾਣ, ਭਲਾ ਭਾਰਤ ਦੇ ਹੋਰ ਕਿਹੜੇ ਸ਼ਹਿਰ ਦੇ ਹਿੱਸੇ ਆਇਆ?