ਵਿਦਿਆਰਥੀ ਅੰਦੋਲਨ ਤੋਂ ਨਕਸਲੀ ਲਹਿਰ ਤੱਕ ਦਾ ਸਫਰ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ

ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਲੇਖ ਦੀ ਪੰਜਵੀਂ ਕਿਸ਼ਤ ਵਿਚ ਉਨ੍ਹਾਂ ਆਪਣੇ ਪਰਿਵਾਰ ਦੇ ਗਰੀਬੀ ਦੇ ਦਿਨਾਂ ਤੋਂ ਲੈ ਕੇ 1972 ਦੇ ਮੋਗਾ ਵਿਦਿਆਰਥੀ ਅੰਦੋਲਨ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਉਨ੍ਹਾਂ ਨੂੰ ਇਸ ਅੰਦੋਲਨ ਵਿਚ ਜੇਲ੍ਹ ਦੀ ਯਾਤਰਾ ਕਰਨੀ ਪਈ। -ਸੰਪਾਦਕ

ਪ੍ਰਿੰ. ਸਰਵਣ ਸਿੰਘ
ਫੋਨ: 905-799-1661

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕਾਲਜ ਜਾਣਾ ਵਰਿਆਮ ਸਿੰਘ ਦੇ ਨਸੀਬਾਂ ਵਿਚ ਨਾ ਹੋਣ ਬਾਰੇ ਮੈਂ ਅਕਸਰ ਸੋਚਦਾਂ ਜੇ ਮੇਰੀ ਇਕ ਭੂਆ ਫਾਜ਼ਿਲਕਾ ਕਾਲਜ ਦੇ ਨੇੜਲੇ ਪਿੰਡ ਕੋਠੇ ਨਾ ਵਿਆਹੀ ਹੁੰਦੀ ਤੇ ਉਨ੍ਹਾਂ ਕੋਲ ਰਹਿ ਕੇ ਮੈਨੂੰ ਅੱਗੇ ਪੜ੍ਹਨ ਦੀ ਸਹੂਲਤ ਨਾ ਮਿਲਦੀ ਤਾਂ ਮੈਂ ਕਿਹੜਾ ਕਿਸੇ ਕਾਲਜ ਦਾ ਮੂੰਹ ਵੇਖ ਸਕਣਾ ਸੀ? ਉਦੋਂ ਕਾਲਜ ਦੀ ਪੜ੍ਹਾਈ ਆਮ ਕਿਸਾਨਾਂ ਦੇ ਬੱਚਿਆਂ ਦੀ ਪਹੁੰਚ ਵਿਚ ਨਹੀਂ ਸੀ। 1956 ‘ਚ ਜਦੋਂ ਮੈਂ ਕਾਲਜ ਵਿਚ ਪੜ੍ਹਨ ਲੱਗਾ ਤਾਂ ਫਾਜ਼ਿਲਕਾ ਦੇ ਐਮ. ਆਰ. ਕਾਲਜ ਵਿਚ ਕੁੱਲ ਤਿੰਨ ਸੌ ਵਿਦਿਆਰਥੀ ਸਨ। ਉਦੋਂ ਫਾਜ਼ਿਲਕਾ ਤੋਂ 53 ਮੀਲ ਦੇ ਘੇਰੇ ਵਿਚ ਕੋਈ ਹੋਰ ਕਾਲਜ ਨਹੀਂ ਸੀ। ਨਾ ਮੁਕਤਸਰ ਸੀ, ਨਾ ਅਬੋਹਰ, ਨਾ ਮਲੋਟ ਤੇ ਜਲਾਲਾਬਾਦ ਤਾਂ ਹੋਣਾ ਹੀ ਕੀ ਸੀ। 53 ਮੀਲ ਦੂਰ ਫਿਰੋਜ਼ਪੁਰ ਤੇ ਏਦੂੰ ਅੱਗੇ ਫਰੀਦਕੋਟ ਕਾਲਜ ਸਨ। ਫਾਜ਼ਿਲਕਾ ਦੇ ਕਾਲਜ ਵਿਚ ਰੱਜੇ-ਪੁੱਜੇ ਜੱਟਾਂ ਦੇ ਵੀ ਮਸਾਂ ਵੀਹ ਕੁ ਮੁੰਡੇ ਹੀ ਸਨ। ਏਨੀ ਕੁ ਗਿਣਤੀ ਜਾਟਾਂ ਦੀ ਸੀ। ਬਾਕੀ ਬ੍ਰਾਹਮਣ, ਖੱਤਰੀ, ਅਰੋੜੇ, ਬਾਣੀਏ, ਕੰਬੋਅ, ਭਾਪੇ ਅਤੇ ਹੋਰ ਮਹਾਜਨੀ ਜਾਤੀਆਂ ਅਤੇ ਮੁਲਾਜ਼ਮਾਂ ਦੇ ਸਨ।
ਉਚੇਰੀ ਪੜ੍ਹਾਈ ਕਿਸਾਨ ਬੱਚਿਆਂ ਦੇ ਭਾਗਾਂ ਵਿਚ ਨਹੀਂ ਸੀ। ਵਰਿਆਮ ਦੀ ਫਸਟ ਡਿਵੀਜ਼ਨ ਆਖਰ ਜੇ. ਬੀ. ਟੀ. ਕਰਨ ਦੇ ਕੰਮ ਆਈ ਤੇ ਉਹ ਵੀ ਪਿੰਡ ਸਰਹਾਲੀ ਦੇ ਸਕੂਲ ਵਿਚ। ਉਹ ਵਾਲੀਬਾਲ ਦਾ ਤਕੜਾ ਖਿਡਾਰੀ ਹੋਣ ਦੇ ਨਾਲ ਜ਼ਿਲ੍ਹੇ ਦੀਆਂ ਸਕੂਲੀ ਖੇਡਾਂ ਦਾ ਉਚੀ ਛਾਲ ਦਾ ਵੀ ਚੈਂਪੀਅਨ ਸੀ। ਉਸ ਨੂੰ ਖਿਡਾਰੀ ਵਜੋਂ ਸਹੂਲਤਾਂ ਮਿਲਦੀਆਂ ਤਾਂ ਉਹ ਵੀ ਹੋਰਨਾਂ ਖਿਡਾਰੀਆਂ ਵਾਂਗ ਨੈਸ਼ਨਲ ਚੈਂਪੀਅਨ ਤੇ ਪਤਾ ਨਹੀਂ ਹੋਰ ਕਿਥੇ ਤਕ ਦਾ ਚੈਂਪੀਅਨ ਬਣਦਾ। ਪਰ ਪੱਟੀ ਮੇਸ ਕੀਤੀ ਆਰਥਿਕ ਤੰਗੀ ਨੇ। ਵਰਿਆਮ ਨੇ ਮੇਰੀ ਵਾਰਤਕ ਬਾਰੇ ਲਿਖੇ ਲੇਖ ਵਿਚ ਲਿਖਿਆ ਹੈ:
1962-64 ਵਿਚ ਮੈਂ ਸਰਹਾਲੀ ਤੋਂ ਜੇ. ਬੀ. ਟੀ. ਕੀਤੀ ਸੀ। ਉਸ ਸਾਲ ਪੰਜਾਬ ਦੀਆਂ ਸਕੂਲ-ਖੇਡਾਂ ਦੇ ਨਾਲ ਜੇ. ਬੀ. ਟੀ. ਸਕੂਲਾਂ ਦੀਆਂ ਖੇਡਾਂ ਵੀ ਹੋਈਆਂ। ਪਰਵੀਨ ਉਦੋਂ ਸਰਹਾਲੀ ਦੇ ਖਾਲਸਾ ਸਕੂਲ ਵਿਚ ਨੌਂਵੀਂ ਦਾ ਵਿਦਿਆਰਥੀ ਸੀ। ਮੈਂ ਫੁੱਟਬਾਲ ਤੇ ਵਾਲੀਬਾਲ ਦੀ ਟੀਮ ਦਾ ਮੈਂਬਰ ਸਾਂ। ਉਚੀ ਤੇ ਲੰਮੀ ਛਾਲ ਵੀ ਲਾਉਂਦਾ। ਮੈਂ ਉਚੀ ਛਾਲ ਮਾਰਨ ਵਿਚ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ। ਪਰਵੀਨ ਹੈਮਰ ਤੇ ਡਿਸਕਸ ਵਿਚ ਪਹਿਲੇ ਨੰਬਰ ‘ਤੇ ਸੀ। ਅਸੀਂ ਜਲੰਧਰ ਡਵੀਜ਼ਨ ਦਾ ਫੁੱਟਬਾਲ ਜਿੱਤ ਗਏ ਤੇ ਮੈਂ ਉਚੀ ਛਾਲ ਵੀ। ਪਰਵੀਨ ਤਾਂ ਰਿਕਾਰਡ ਤੋੜੀ ਜਾਂਦਾ ਸੀ। ਪੰਜਾਬ ਦੀਆਂ ਸਕੂਲ-ਖੇਡਾਂ ਲਈ ਅਸੀਂ ਪਟਿਆਲੇ ਗਏ। ਮੈਂ ਪੰਜਾਬ ਵਿਚੋਂ ਉਚੀ ਛਾਲ ਦੇ ਮੁਕਾਬਲੇ ਵਿਚ ਪਹਿਲੇ ਨੰਬਰ ‘ਤੇ ਆ ਗਿਆ। ਅਸੀਂ ਪੰਜਾਬ ਦੇ ਫੁੱਟਬਾਲ ਮੁਕਾਬਲੇ ਵੀ ਜਿੱਤ ਗਏ। ਬੇਸਿਕ ਸਕੂਲਾਂ ਦੀਆਂ ਖੇਡਾਂ ਤਾਂ ਇਥੋਂ ਤੱਕ ਹੀ ਸਨ ਪਰ ਪਰਵੀਨ ਪੌੜੀ ਦਰ ਪੌੜੀ ਚੜ੍ਹਦਾ ਓਸੇ ਸਾਲ ਸਕੂਲ-ਖੇਡਾਂ ਵਿਚ ਆਪਣੇ ਈਵੈਂਟ ਵਿਚ ਨੈਸ਼ਨਲ ਚੈਂਪੀਅਨ ਬਣ ਗਿਆ। ਉਹਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਕੁਝ ਸਾਲਾਂ ਵਿਚ ਉਹ ਪੂਰੇ ਦੇਸ਼ ਵਿਚ ਛਾ ਗਿਆ। ਚਾਰੇ ਪਾਸੇ ਉਹਦੀ ‘ਬੱਲੇ ਬੱਲੇ’ ਹੋ ਰਹੀ ਸੀ। ਉਹ ਜਿੱਤਾਂ ਜਿੱਤਦਾ ਤਾਂ ਸਾਨੂੰ ਲੱਗਦਾ ਸਾਡਾ ਛੋਟਾ ਭਰਾ ਮੋਰਚਾ ਮਾਰ ਕੇ ਆਇਆ ਹੈ। ‘ਧਰਤੀ ਧੱਕ’ ਬਾਰੇ ਪੜ੍ਹ ਕੇ ਸਾਨੂੰ ਲੱਗਾ ਕੋਚਿੰਗ ਕੈਂਪ ਵਿਚ ਵਿਚਰਦਾ ਸਾਡਾ ਪਰਵੀਨ ਉਹ ਸਾਰੇ ਹਾਸੇ ਠੱਠੇ, ਜਿਹੜੇ ਸਰਵਣ ਸਿੰਘ ਨੇ ਬਿਆਨ ਕੀਤੇ ਸਨ, ਸਾਡੇ ਨਾਲ ਹੀ ਕਰਦਾ ਤੁਰਿਆ ਫਿਰਦਾ ਹੈ। ਪਰਵੀਨ ਘੜੇ ਵਿਚ ਰੂਹਅਫਜ਼ਾ ਦੀ ਬੋਤਲ ਘੋਲ ਕੇ ਘੜੇ ਨੂੰ ਮੂੰਹ ਲਾਈ ਝੀਕ ਲਾ ਕੇ ‘ਸ਼ਰਬਤ’ ਪੀ ਰਿਹਾ ਸੀ। ਅਥਲੀਟਾਂ ਦੇ ਹੋਟਲ ਵਿਚ ਠਹਿਰਨ ਸਮੇਂ ਸਿੰਕ ਵਿਚ ਪੈਰ ਧੋਂਦਿਆਂ ਪੈਰਾਂ ਦੇ ਭਾਰ ਨਾਲ ਸਿੰਕ ਤੋੜ ਬੈਠਣ ਪਿੱਛੋਂ ‘ਪੈਸੇ ਪੈ ਜਾਣ’ ਦੇ ਡਰੋਂ ਸਹਿਮਿਆ ਫਿਰਦਾ ਸੀ। ਮੇਰੇ ਲਈ ਵਰਤੇ ਜਾਣ ਵਾਲੇ ਉਪਮਾ-ਅਲੰਕਾਰ ਨਾਲ ਉਹ ਕਿਸੇ ਪਤਲੀਆਂ ਲੱਤਾਂ ਵਾਲੇ ਸਾਥੀ ਅਥਲੀਟ ਦੀ ‘ਵਡਿਆਈ’ ਕਰ ਰਿਹਾ ਸੀ, “ਲੱਤਾਂ ਵੇਖ! ਜਿਵੇਂ ਝੋਲੇ ‘ਚ ਪੰਪ ਪਾਇਆ ਹੁੰਦਾ।” ਜਿਉਂਦਾ-ਜਾਗਦਾ ਪਰਵੀਨ ਕੁਮਾਰ ਕਾਗਜ਼ਾਂ ‘ਤੇ ਤੁਰਿਆ ਫਿਰਦਾ ਸੀ। ਬਿਲਕੁਲ ਸਾਡੇ ਨਾਲ-ਨਾਲ, ਸਾਡੇ ਅੰਗ-ਸੰਗ। ਸਰਵਣ ਸਿੰਘ ਨੇ ਉਸ ਬਾਰੇ ਲਿਖ ਕੇ ਸੱਚ ਮੁੱਚ ਉਸ ਨੂੰ ਫੁੰਮਣ ਲਾ ਦਿੱਤੇ ਸਨ। ਜਾਪੇ ਜਿਵੇਂ ਸਰਵਣ ਸਿੰਘ ਨੇ ਇਹ ਆਰਟੀਕਲ ਸਾਡੇ ਬਾਰੇ ਹੀ ਲਿਖਿਆ ਹੋਵੇ, ਉਨ੍ਹਾਂ ਸਾਰਿਆਂ ਬਾਰੇ, ਜਿਨ੍ਹਾਂ ਨਾਲ ਉਹ ਜਲੰਧਰ ਤੇ ਪਟਿਆਲੇ ਰਹਿੰਦਾ ਟੋਟਕੇ ਸੁਣਾ ਸੁਣਾ ਢਿੱਡੀਂ ਪੀੜਾਂ ਪਾਉਂਦਾ ਰਿਹਾ ਸੀ। ‘ਸਾਡੇ ਬੰਦੇ’ ਬਾਰੇ ਲਿਖਣ ਕਰਕੇ ਸਰਵਣ ਸਿੰਘ ‘ਸਾਡਾ ਬੰਦਾ’ ਹੀ ਬਣ ਗਿਆ। ਉਹਨੇ ਸਾਨੂੰ ਆਪਣੀ ਲਿਖਤ ਦਾ ਸ਼ੈਦਾਈ ਬਣਾ ਲਿਆ।
ਸਰਵਣ ਸਿੰਘ ਦੀ ਵਾਰਤਕ ਵਿਚ ਵਿਸ਼ੇਸ਼ ਕਿਸਮ ਦੀ ਖਿੱਚ ਤੇ ਅਨੰਦ ਸੀ। ਮੇਰੇ ਲਈ ਇਸ ਖਿੱਚ ਦਾ ਵਿਸ਼ੇਸ਼ ਕਾਰਨ ਸੀ। ਮੇਰੇ ਅੰਦਰ ਵੀ ਸਰਵਣ ਸਿੰਘ ਤੇ ਅਨੇਕ ਹੋਰਨਾਂ ਵਾਂਗ ਇੱਕ ਅਸਫਲ ਜਾਂ ਅਤ੍ਰਿਪਤ ਖਿਡਾਰੀ ਬੈਠਾ ਸੀ। ਮੈਂ ਵੀ ਵੱਡਾ ਖਿਡਾਰੀ ਬਣਨਾ ਚਾਹੁੰਦਾ ਸਾਂ, ਪਰ ਬਣ ਨਾ ਸਕਿਆ। ਸਰਵਣ ਸਿੰਘ ਦੀ ਲਿਖਣ-ਸ਼ੁਰੂਆਤ ਵੇਲੇ ਖੇਡ ਤੋਂ ਵਿਛੜਨ ਦਾ ਦੁੱਖ ਮੇਰੇ ਅੰਦਰ ਅਜੇ ਤਾਜ਼ਾ ਸੀ। ਖੇਡਾਂ ਤੋਂ ਬਾਅਦ ਉਸ ਵੇਲੇ ਉਚੀ ਛਾਲ ਦਾ ਨੈਸ਼ਨਲ ਚੈਂਪੀਅਨ ਅਜੀਤ ਸਿੰਘ ਕੋਚਿੰਗ ਲਈ ਸਰਹਾਲੀ ਆਇਆ। ਮੈਨੂੰ ਕਹਿੰਦਾ, “ਤੂੰ ਸਿੱਧਾ ਟੱਪ ਕੇ ਜਟਕੇ ਢੰਗ ਨਾਲ ਜੰਪ ਲਾਉਂਦੈਂ। ਜੇ ਪੰਜ ਦਸ ਦਿਨ ਦੇ ਅਭਿਆਸ ਨਾਲ ਮੱਛੀ-ਤਾਰੀ ਜੰਪ ਮਾਰਨਾ ਸਿੱਖ ਜਾਏਂ ਤਾਂ ਤੇਰੀ ਜੰਪ ਪੰਜ-ਛੇ ਇੰਚ ਯਕਦਮ ਵਧ ਜਾਊ। ਕੁਝ ਮਹੀਨਿਆਂ ਵਿਚ ਤੂੰ ਕਾਫੀ ਅੱਗੇ ਜਾ ਸਕਦਾ ਏਂ।” ਮੈਂ ਆਖਿਆ, “ਅੱਗੇ ਕਿੱਥੇ ਜਾਣੈਂ? ਜੇ. ਬੀ. ਟੀ. ਕਰ ਕੇ ਪ੍ਰਾਇਮਰੀ ਸਕੂਲ ਵਿਚ ਮਾਸਟਰ ਜਾ ਲੱਗਾਂਗਾ। ਉਸ ਫੀਲਡ ਵਿਚ ਕਿੱਥੇ ਖੇਡ ਮੁਕਾਬਲੇ? ਮੇਰੀ ਖੇਡ ਦਾ ਕੋਈ ਭਵਿੱਖ ਨਹੀਂ।” ਮੈਂ ਉਹਦੇ ਆਖੇ ਨਾ ਲੱਗਾ। ਕੋਚਿੰਗ ਨਾ ਲਈ।
ਪਰ ਖੇਡਾਂ ਨਾਲੋਂ ਟੁੱਟ ਕੇ ਵੀ ਮੈਂ ਖੇਡਾਂ ਨਾਲ ਜੁੜਿਆ ਹੋਇਆ ਸਾਂ। ਆਪਣੇ ਅੰਦਰ ਗਵਾਚੇ ਖਿਡਾਰੀ ਨੂੰ ਮੈਂ ਅਜੇ ਵੀ ਮੈਦਾਨ ਵਿਚ ਜੂਝਦਿਆਂ ਵੇਖਣਾ ਚਾਹੁੰਦਾ ਸਾਂ। ਪਰ ਮੇਰਾ ਮੈਦਾਨ ਕਿੱਥੇ ਸੀ? ਮੁਕਾਬਲਾ ਕਿੱਥੇ ਸੀ? ਸਰਵਣ ਸਿੰਘ ਦੀਆਂ ਲਿਖਤਾਂ ਪੜ੍ਹੀਆਂ ਤਾਂ ਭਖੇ ਹੋਏ ਮੈਦਾਨ ਵਿਚ ਮੈਂ ਜੂੜੇ ‘ਤੇ ਚਿੱਟਾ ਰੁਮਾਲ ਬੰਨ੍ਹੀ ਮਿਲਖਾ ਸਿੰਘ ਨਾਲ ਸਾਹੋ ਸਾਹ ਦੌੜਨ ਲੱਗਾ, ਦੇਓ-ਕੱਦ ਪਰਵੀਨ ਕੁਮਾਰ ਨੇ ਹੈਮਰ ਤੇ ਡਿਸਕ ਅਸਮਾਨ ਵੱਲ ਉਛਾਲੀ ਤਾਂ ਨਾਲ ਹੀ ਮੈਂ ਵੀ ਅਸਮਾਨ ਵੱਲ ਉਛਲਿਆ। ਮਹਿੰਦਰ ਗਿੱਲ ਹਿਰਨਾਂ ਵਾਂਗ ਚੁੰਘੀਆਂ ਭਰਦਾ ਤੀਹਰੀ ਛਾਲ ਲਾਉਂਦਾ ਦਿਸਿਆ ਤਾਂ ਮੇਰੇ ਕਦਮ ਪਲ-ਛਿਣ ਵਿਚ ਯੋਜਨਾ ਪੈਂਡਾ ਤੈਅ ਕਰਨ ਲੱਗੇ। ਪ੍ਰਿਥੀਪਾਲ ਦੀ ਹਾਕੀ ਨੇ ਗੋਲਾਂ ਦਾ ‘ਠਾਹ’ ਫੱਟਾ ਖੜਕਾਇਆ ਤਾਂ ਮੈਂ ਆਪਣੇ ਗੁੱਟ ਦੀ ਤਾਕਤ ਨੂੰ ਚੁੰਮ ਲਿਆ। ਸੁਰਜੀਤ ਦੀਆਂ ਅੱਖਾਂ ਦੀ ਗਹਿਰ ਮੇਰੀਆਂ ਅੱਖਾਂ ‘ਚੋਂ ਝਾਕਣ ਲੱਗੀ। ਮੇਰੇ ਮੁੱਕੇ ‘ਚ ਮੁਹੰਮਦ ਅਲੀ ਦੇ ਮੁੱਕੇ ਦੀ ਤਾਕਤ ਉਸਲਵੱਟੇ ਲੈਣ ਲੱਗੀ। ਦੌੜਦਿਆਂ ਮੈਂ ਕਾਰਲ ਲੂਈਸ ਨੂੰ ਪਿੱਛੇ ਛੱਡਣ ਲੱਗਾ। ਇਹ ‘ਗਵਾਚਾ ਖਿਡਾਰੀ’ ਸਰਵਣ ਸਿੰਘ ਦੀਆਂ ਲਿਖਤਾਂ ਵਿਚ ਪੂਰੇ ਤਾਣ ਨਾਲ ਖੇਡਣ ਲੱਗਾ। ਕਿਹੜਾ ਬੰਦਾ ਹੈ, ਜਿਸ ਨੇ ਬਚਪਨ ਜਾਂ ਜਵਾਨੀ ਦੇ ਦਿਨਾਂ ਵਿਚ ਵੱਡਾ ਖਿਡਾਰੀ ਬਣਨ ਦਾ ਸੁਪਨਾ ਨਾ ਲਿਆ ਹੋਵੇ ਜਾਂ ਆਪਣੀ ਹੈਸੀਅਤ ਤੇ ਸਥਿਤੀ ਮੁਤਾਬਕ ਇਸ ਲਈ ਜ਼ੋਰ ਨਾ ਲਾਇਆ ਹੋਵੇ ਜਾਂ ਯਤਨ ਨਾ ਕੀਤੇ ਹੋਣ। ਹਕੀਕਤ ਤੇ ਸੁਪਨੇ ਦਾ ਪਾੜਾ ਸੁਪਨੇ ਦਾ ਦਮ ਤੋੜ ਦਿੰਦਾ ਹੈ। ਸੁਪਨਾ ਧੁਰ ਅਵਚੇਤਨ ਵਿਚ ਕਿਧਰੇ ਸੌਂ ਜਾਂਦਾ। ਸਰਵਣ ਸਿੰਘ ਦੀਆਂ ਲਿਖਤਾਂ ਨੇ ਪਾਠਕ ਦੇ ਮਨਾਂ ਉਤੋਂ ਸਵਾਹ ਪਾਸੇ ਕੀਤੀ ਤੇ ਹਰੇਕ ਬੰਦੇ ਦੇ ਮਨ ਅੰਦਰ ਧੁਰ ਹੇਠਾਂ ‘ਗਵਾਚੇ ਖਿਡਾਰੀ’ ਦੀ ਧੁਖਦੀ ਰੂਹ ਵਿਚ ਮਤਾਬੀਆਂ ਬਾਲ ਦਿੱਤੀਆਂ। ਉਹ ਮੇਰੇ ਵਰਗੇ ਅਨੇਕਾਂ-ਅਨੇਕ ਅਣਬਣੇ ਖਿਡਾਰੀਆਂ ਦੀਆਂ ਅਤ੍ਰਿਪਤ ਰੀਝਾਂ ਦਾ ਸਿਰਜਣਹਾਰ ਤੇ ਤ੍ਰਿਪਤ-ਕਰਤਾ ਹੋ ਨਿੱਬੜਿਆ।

ਵਰਿਆਮ ਦੇ ਪਿਤਾ ਦੀ ਅਧੇੜ ਉਮਰੇ ਅਚਾਨਕ ਮ੍ਰਿਤੂ ਹੋ ਜਾਣ ‘ਤੇ ਪਰਿਵਾਰ ਪਾਲਣ ਦੀ ਜਿੰਮੇਵਾਰੀ ਵਰਿਆਮ ਸਿਰ ਆਣ ਪਈ। ਉਦੋਂ ਵਰਿਆਮ ਦੀ ਉਮਰ 27 ਸਾਲਾਂ ਦੀ ਸੀ ਅਤੇ ਉਸ ਦਾ ਵਿਆਹ ਨਹੀਂ ਸੀ ਹੋਇਆ। ਉਹ ਦੱਸਦੈ: ਮੇਰੀ ਬਹੁਤੀ ਤਨਖਾਹ ਪਹਿਲਾਂ ਹੀ ਘਰ ਦੇ ਖਰਚਿਆਂ ਵਿਚ ਵਰਤੀ ਜਾਂਦੀ ਸੀ। ਇਨ੍ਹੀਂ ਦਿਨੀਂ ਸਾਡਾ ਬਿਜਲੀ ਦਾ ਟਿਊਬਵੈੱਲ ਲਵਾਉਣ ਦਾ ਕੁਨੈਕਸ਼ਨ ਮਨਜ਼ੂਰ ਹੋ ਗਿਆ। ਪਿਤਾ ਦੇ ਜੀਂਦਿਆਂ ਮੈਂ ਘਰ ਦੀਆਂ ਜਿੰਮੇਵਾਰੀਆਂ ਤੋਂ ਲਟੰਕ ਹੀ ਰਿਹਾ ਸਾਂ। ਨੌਕਰੀ ਮਿਲਣ ਤੋਂ ਬਾਅਦ ਮੇਰਾ ਘਰ ਤੇ ਵਾਹੀ ਦੀਆਂ ਸਰਗਰਮੀਆਂ ਨਾਲ ਸਿੱਧਾ ਸਬੰਧ ਨਹੀਂ ਸੀ ਰਹਿ ਗਿਆ। ਮੈਂ ਜਾਂ ਤਾਂ ਆਪਣੀ ਨੌਕਰੀ ਕਰਦਾ ਜਾਂ ਪੜ੍ਹਦਾ-ਲਿਖਦਾ। ਕਬੀਲਦਾਰੀ ਜਾਣੇ ਤਾਂ ਮੇਰਾ ਮਾਂ-ਪਿਓ ਜਾਣੇ! ਪਰ ਜਦੋਂ ਸਿੰਗਾਂ ਤੋਂ ਸਿਰ ‘ਤੇ ਪਈ ਤਾਂ ਨਾਨੀ ਚੇਤੇ ਆਉਣੀ ਹੀ ਸੀ। ਹੁਣ ਨਿਸਚਿਤ ਸਮੇਂ ਵਿਚ ਬਿਜਲੀ ਬੋਰਡ ਦੇ ਦਫਤਰ ‘ਟੈਸਟ ਰਿਪੋਰਟ’ ਜਮ੍ਹਾਂ ਕਰਵਾਉਣੀ ਸੀ, ਬਿਜਲੀ ਦੀ ਮੋਟਰ ਖਰੀਦਣੀ ਸੀ, ਪੱਕਾ ਕੋਠਾ ਪਾਉਣਾ ਸੀ ਅਤੇ ਹੋਰ ਉਤਲੇ ਪੁਤਲੇ ਖਰਚੇ ਕਰਨੇ ਸਨ। ਘਰ ਦਾ ਸਾਰਾ ਖਰਚਾ ਵੀ ਤਾਂ ਹੁਣ ਮੈਂ ਹੀ ਜੁਟਾਉਣਾ ਸੀ। ਪਰ ਮੇਰੇ ਕੋਲ ਤਾਂ ਨਵੰਬਰ ਤੋਂ ਅਪ੍ਰੈਲ ਤੱਕ ਕਾਲਜ ਦੇ ਹੋਣ ਵਾਲੇ ਖਰਚੇ ਦਾ ਹੀ ਥੋੜ੍ਹਾ ਬਹੁਤ ਹਿੱਸਾ ਪਿਆ ਸੀ। ਉਸ ਤੋਂ ਬਾਅਦ ਹੀ ਪਹਿਲੀ ਨੌਕਰੀ ‘ਤੇ ਹਾਜ਼ਰ ਹੋ ਸਕਣਾ ਸੀ ਅਤੇ ਤਨਖਾਹ ਮਿਲਣੀ ਸੀ।
ਪਿਤਾ ਦੀਆਂ ਅੰਤਿਮ ਰਸਮਾਂ ਨਿਭਾ ਕੇ ਤੇ ਪੜ੍ਹਾਈ ਦੇ ਖਰਚੇ ਲਈ ਆਪਣੇ ਕੋਲ ਬਚਾ ਕੇ ਰੱਖੇ ਪੈਸੇ ਬੀਬੀ ਨੂੰ ਘਰ ਦੇ ਖਰਚ-ਪਾਣੀ ਲਈ ਫੜ੍ਹਾ ਕੇ ਕਾਲਜ ਪਹੁੰਚ ਗਿਆ। ਹੁਣ ਕੀ ਕਰਾਂ? ਨੌਕਰੀ ‘ਤੇ ਹਾਜ਼ਰ ਹੋਣ ਤੋਂ ਪਹਿਲਾਂ ਤਨਖਾਹ ਨਹੀਂ ਸੀ ਮਿਲਣੀ ਤੇ ਪੜ੍ਹਾਈ ਵਿਚੇ ਨਹੀਂ ਸਾਂ ਛੱਡ ਸਕਦਾ। ਮੈਂ ਬਹੁਤ ਹੀ ਪ੍ਰੇਸ਼ਾਨੀ ਅਤੇ ਘਬਰਾਹਟ ਦੇ ਆਲਮ ਵਿਚ ਸਾਂ। ਤਦ ਤੱਕ ਕਿਸੇ ਯਾਰ-ਦੋਸਤ ਤੋਂ ਦਸ ਰੁਪਏ ਵੀ ਉਧਾਰ ਨਹੀਂ ਸਨ ਲਏ। ਪੈਸੇ ਲਵਾਂ ਤਾਂ ਕਿੱਥੋਂ ਲਵਾਂ? ਮੰਗਾਂ ਤਾਂ ਕਿਸ ਕੋਲੋਂ? ਮੋਟਰ ਨਾ ਲੱਗੀ ਤਾਂ ਵਾਹੀ ਦਾ ਕੀ ਬਣੂ? ਹਫਤੇ ਵਿਚ ਹੀ ਪਤਾ ਲੱਗ ਗਿਆ ਕਿ ਪਿਓ ਕਿਉਂ ਪ੍ਰੇਸ਼ਾਨ ਰਹਿੰਦਾ ਸੀ? ਕਿਉਂ ਨਸ਼ਾ ਕਰਨ ਲੱਗ ਪਿਆ ਸੀ। ਆਰਥਕ ਤੰਗਦਸਤੀ ਦਾ ਅਹਿਸਾਸ ਤਾਂ ਬਚਪਨ ਤੋਂ ਹੀ ਸੀ ਪਰ ਇਹ ਪਤਾ ਹੁਣ ਹੀ ਲੱਗਾ ਕਿ ਅਜਿਹੀ ਸਥਿਤੀ ਵਿਚ ਪਰਿਵਾਰ ਦਾ ਮੁਖੀ ਬਣ ਕੇ ਘਰ ਦਾ ਗੁਜ਼ਾਰਾ ਚਲਾਉਣਾ ਕਿੰਨਾ ਮੁਸ਼ਕਿਲ ਹੈ?
ਮੇਰੇ ਪਿਤਾ ਨੇ ਸਾਰੀ ਉਮਰ ਨਾ ਕਿਸੇ ਨਾਲ ਲੜਾਈ ਕੀਤੀ, ਨਾ ਕਿਸੇ ਨੂੰ ਉਚਾ ਬੋਲਿਆ, ਨਾ ਕਿਸੇ ਨੂੰ ਮੰਦਾ ਬੋਲਿਆ, ਨਾ ਕਿਸੇ ਨਾਲ ਧੋਖਾ ਕੀਤਾ, ਨਾ ਕਿਸੇ ਦਾ ਹੱਕ ਮਾਰਿਆ। ਸੁੱਚੀ ਰੂਹ ਸੀ, ਪਰ ਵਿਰੋਧੀ ਹਾਲਾਤ ਨੇ ਦੱਬ ਲਈ। ਉਹ ਹਾਲਾਤ ਨਾਲ ਸਿੱਧਾ ਹੋ ਕੇ ਲੜ ਨਾ ਸਕਿਆ। ਪਰ ਇਹ ਵੀ ਸਭ ਕਹਿਣ ਦੀਆਂ ਗੱਲਾਂ ਨੇ। ਖਬਰੇ ਉਹ ਆਪਣੇ ਅੰਦਰ ਕਿੰਨਾ ਲੜਿਆ ਹੋਵੇਗਾ, ਕਿੰਨੀ ਵਾਰ ਡਿਗਿਆ ਤੇ ਕਿੰਨੀ ਵਾਰ ਉਠਿਆ ਹੋਵੇਗਾ?
ਸਾਰੀਆਂ ਮਾਂਵਾਂ ਦੇ ਜਿਗਰੇ ਹੀ ਸਮੁੰਦਰਾਂ ਵਰਗੇ ਹੁੰਦੇ ਹੋਣਗੇ। ਪਰ ਆਪਣੀ ਮਾਂ ਬਾਰੇ ਇਕ ਗੱਲ ਸੋਚਦਿਆਂ ਅੱਜ ਵੀ ਮੇਰੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਨੇ। ਪਿਓ ਬੀਮਾਰ, ਆਕਸੀਜਨ ਲੱਗੀ ਹੋਈ। ਅਸੀਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਆਏ ਤਾਂ ਪਿਓ ਦੇ ਸਿਰਹਾਣਿਓਂ ਉਠ ਕੇ ਬੀਬੀ ਅੱਗਲਵਾਂਡੀ ਆ ਕੇ ਸਾਨੂੰ ਕਹਿੰਦੀ, “ਤੁਹਾਡੇ ਪਿਓ ਕੋਲ ਮੈਂ ਬੈਠੀ ਹਾਂ, ਠੀਕ ਹੈ ਉਹ। ਤੁਸੀਂ ਰੋਟੀ ਖਾ ਆਓ।” ਰੋਟੀ ਖਾ ਕੇ ਮੁੜੇ ਤਾਂ ਪਤਾ ਲੱਗਾ ਕਿ ਪਿਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁਕੀ ਸੀ। ਮਾਂ ਤਾਂ ਸਿਰਫ ਇਹ ਚਾਹੁੰਦੀ ਸੀ ਕਿ ਰੋਣ-ਕੁਰਲਾਉਣ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਤੋਂ ਭੁੱਖਣ-ਭਾਣਾ ਉਹਦਾ ਪੁੱਤ ਰੋਟੀ ਖਾ ਲਵੇ!
ਮੇਰੀ ਮਾਂ ਸੱਚਮੁੱਚ ਬੜੀ ਦਲੇਰ ਸੀ। ਖਰੀ ਗੱਲ ਕਰਨੋਂ ਕਦੀ ਨਹੀਂ ਸੀ ਰੁਕਦੀ, ਭਾਵੇਂ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਤੱਕ ਵੀ ਉਹ ਜਿਉਂਦੀ ਸੀ। ਮੇਰੀਆਂ ਪ੍ਰਾਪਤੀਆਂ ‘ਤੇ ਖੁਸ਼ ਵੀ ਹੁੰਦੀ ਪਰ ਜੇ ਕਿਤੇ ਮੇਰੀ ਕੋਈ ਗੱਲ ਉਸ ਨੂੰ ਠੀਕ ਨਾ ਲੱਗਦੀ ਤਾਂ ਅਜੇ ਵੀ ਮੇਰੀ ਖੜਕਾਈ ਕਰ ਦਿੰਦੀ ਸੀ। ਮੇਰੀ ਮੰਗਣੀ ਤੋਂ ਬਾਅਦ ਇਕ ਹੋਰ ਬੀਬੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਨੂੰ ਇਹ ‘ਸੌਦਾ’ ਤਾਂ ਆਪ ਹੀ ਪਰਵਾਨ ਨਹੀਂ ਸੀ ਪਰ ਬੀਬੀ ਅਜੇ ਤੱਕ ਮੇਰੀ ਪਤਨੀ ਨੂੰ ਮਾਣ ਨਾਲ ਕਹਿੰਦੀ ਸੀ, “ਮੈਂ ਇਹਨੂੰ ਆਖਿਆ, ਬੰਦਾ ਬਣ ਜਾਹ। ਇਸ ਘਰ ਆਊ ਤਾਂ ਰਜਵੰਤ ਈ। ਕੋਈ ਹੋਰ ਆ ਕੇ ਵੇਖੇ ਤਾਂ ਸਹੀ। ਨਾਲੇ ਉਹਦੇ, ਨਾਲੇ ਤੇਰੇ ਗਿੱਟੇ ਨਾ ਛਾਂਗ ਦਿੱਤੇ ਤਾਂ ਮੇਰਾ ਨਾਂ ਵੀ ਜੋਗਿੰਦਰ ਕੌਰ ਨਹੀਂ।” ਸੱਚ ਕਹਿਣ ਦੀ ਦਲੇਰੀ ਤੇ ਬੇਬਾਕੀ ਜਿਹੇ ਗੁਣ-ਲੱਛਣ ਸ਼ਾਇਦ ਮੇਰੇ ਕੋਲ ਬੀਬੀ ਵੱਲੋਂ ਹੀ ਆਏ ਹੋਣ।
ਮੁਹੱਬਤ ਨਾਲ ਏਨੀ ਲਬਾ-ਲਬ ਕਿ ਮੇਰੇ ਨਕਸਲੀ ਮਿੱਤਰਾਂ-ਹਰਭਜਨ ਹਲਵਾਰਵੀ, ਅਮਰਜੀਤ ਚੰਦਨ ਤੇ ਗੋਵਿੰਦਰ (ਹੁਣ ਅਜਮੇਰ ਸਿੰਘ) ਤੇ ਹੋਰਨਾਂ ਨੂੰ ਸਕੇ ਪੁੱਤਰਾਂ ਵਰਗਾ ਪਿਆਰ ਦਿੰਦੀ। ਇਹ ਸਾਰੇ ਵੀ ਬੀਬੀ ਨੂੰ ਮਾਂਵਾਂ ਵਰਗਾ ਆਦਰ ਦਿੰਦੇ।
ਕੁਝ ਸਾਲ ਪਹਿਲਾਂ ਬੀਬੀ ਦੇ ਬੀਮਾਰ ਹੋਣ ‘ਤੇ ਹਸਪਤਾਲ ਦਾਖਲ ਹੋਣ ਦਾ ਸੁਨੇਹਾ ਮਿਲਿਆ ਤਾਂ ਮੈਂ ਜਲੰਧਰੋਂ ਪਿੰਡ ਵੱਲ ਭੱਜਾ। ਜਾਂਦਿਆਂ ਮਨ ਵਿਚ ਖਿਆਲ ਆਇਆ ਕਿ ਆਪਣਾ ਨਵਾਂ ਛਪਿਆ ਸਫਰਨਾਮਾ ‘ਵਗਦੀ ਏ ਰਾਵੀ’, ਜੋ ਬੀਬੀ ਨੂੰ ਸਮਰਪਿਤ ਕੀਤਾ ਹੈ, ਨਾਲ ਲੈਂਦਾ ਜਾਵਾਂ ਤੇ ਉਸ ਨੂੰ ਆਪਣੀ ਉਸ ਪ੍ਰਤੀ ਅਕੀਦਤ ਵਿਖਾ ਕੇ ਲਾਡ ਲਡਾਵਾਂ ਤੇ ਬੀਮਾਰੀ ਵਿਚ ਹੌਸਲਾ ਦਿਆਂ। ਰਜਵੰਤ ਕਿਤਾਬ ਲੈਣ ਅੰਦਰ ਵੀ ਗਈ ਪਰ ਕਾਹਲੀ ਕਰਕੇ ਮੈਂ ਕਿਹਾ, “ਚੱਲ ਕੱਲ੍ਹ ਲੈ ਜਾਵਾਂਗੇ।” ਪਰ ਉਹ ਕੱਲ੍ਹ ਨਾ ਆਇਆ। ਬੀਬੀ ਉਸੇ ਸ਼ਾਮ ਚੱਲ ਵੱਸੀ। ਉਹ ਕਿਤਾਬ ਅੱਜ ਵੀ ਵਿੰਹਦਾ ਹਾਂ ਤਾਂ ਬੀਬੀ ਚੇਤੇ ਆ ਜਾਂਦੀ ਹੈ!

ਪ੍ਰਾਇਮਰੀ ਸਕੂਲ ਵਿਚ ਅਧਿਆਪਕ ਲੱਗ ਕੇ ਵਰਿਆਮ ਦਾ ਜੀਵਨ ਸੰਘਰਸ਼ ਹੋਰ ਵੀ ਤਿੱਖਾ ਹੋ ਗਿਆ ਸੀ। ਇਕ ਪਾਸੇ ਪਰਿਵਾਰ ਪਾਲਣ ਵਿਚ ਮਾਇਕ ਮਦਦ ਕਰਨਾ ਸੀ, ਦੂਜੇ ਪਾਸੇ ਪ੍ਰਾਈਵੇਟ ਪੜ੍ਹ ਕੇ ਆਪਣੀ ਵਿਦਿਅਕ ਯੋਗਤਾ ਵਧਾਉਣੀ ਸੀ ਤੇ ਤੀਜੇ ਪਾਸੇ ਵਿਆਹ ਵੀ ਕਰਵਾਉਣਾ ਸੀ। ਪੰਜਾਬ ਵਿਚ ਨਕਸਲੀ ਲਹਿਰ ਵੀ ਜ਼ੋਰਾਂ ‘ਤੇ ਸੀ। ਉਸ ਦਾ ਤੱਤਾ ਲਹੂ ਉਸ ਨੂੰ ਉਧਰ ਵੀ ਖਿੱਚੀ ਜਾ ਰਿਹਾ ਸੀ। ਖਿੱਚੀ ਜਾ ਰਿਹਾ ਕੀ, ਉਹ ‘ਖਿੱਚਿਆ’ ਹੀ ਗਿਆ ਸੀ ਤੇ ਉਹਦਾ ਨਾਂ ਸਰਕਾਰੀ ਕਾਗਜ਼ਾਂ ਵਿਚ ‘ਖਤਰਨਾਕ ਵਿਅਕਤੀ’ ਵਜੋਂ ਚੜ੍ਹ ਗਿਆ ਸੀ।
ਉਹ 1971 ਵਿਚ ਜਲੰਧਰ ਦੇ ਇੱਕ ‘ਕ੍ਰਾਂਤੀਕਾਰੀ ਕਵੀ ਦਰਬਾਰ’ ਵਿਚ ਕਵਿਤਾ ਪੜ੍ਹ ਬੈਠਾ:
ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ‘ਚੋਂ ਨਹੀਂ ਆਉਣਾ
ਮਸਤਕ ਤੋਂ ਹੱਥ ਤੱਕ
ਇਹੋ ਹੀ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।
ਉਹ ਦੱਸਦੈ: ਮੇਰੀ ਪਹਿਲੀ ਗ੍ਰਿਫਤਾਰੀ ਅਕਤੂਬਰ 1972 ਵਿਚ ਹੋਈ। ਮੇਰਾ ਪਹਿਲਾ ਕਹਾਣੀ ਸੰਗ੍ਰਿਹ ‘ਲੋਹੇ ਦੇ ਹੱਥ’ ਛਪ ਚੁਕਾ ਸੀ। ਇੱਕ ਕਵੀ ਵਜੋਂ ਮੇਰਾ ਨਾਂ ‘ਇਨਕਲਾਬੀ’ ਕਵੀਆਂ ਵਿਚ ਸ਼ਾਮਿਲ ਸੀ। ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਵਿਚ ਹਥਿਆਰਬੰਦ ਕ੍ਰਾਂਤੀ ਦਾ ਸੁਨੇਹਾ ਹੁੰਦਾ। ਮੈਂ ਤੱਤੇ ਲਹੂ ਵਾਲੇ ਲੇਖਕਾਂ ਦੇ ਸੈਮੀਨਾਰਾਂ, ਸਭਾਵਾਂ ਅਤੇ ਕਵੀ ਦਰਬਾਰਾਂ ਵਿਚ ਸ਼ਾਮਿਲ ਹੁੰਦਾ। ਕਵੀ ਅਤੇ ਕਵਿਤਾ ਇਨ੍ਹੀਂ ਦਿਨੀਂ ਖਤਰਨਾਕ ਹੋ ਗਏ ਸਨ। ਸਰਕਾਰ ਦਾ ਖੁਫੀਆ ਵਿਭਾਗ ਚੌਕਸ ਹੋ ਗਿਆ ਸੀ। ਮੇਰੇ ਮਾਪਿਆਂ ਨੂੰ ਲੱਗਦਾ ਸੀ ਕਿ ਮੈਂ ‘ਭਗਤ ਸਿੰਘ’ ਦੇ ਰਾਹ ‘ਤੇ ਤੁਰ ਰਿਹਾ ਸਾਂ। ਇਸ ਰਾਹ ‘ਤੇ ਤੁਰਨਾ ਉਨ੍ਹਾਂ ਨੂੰ ਮਿਹਣੇ ਜਾਂ ਫਿਕਰ ਵਾਲੀ ਗੱਲ ਨਹੀਂ ਸੀ ਲੱਗਦੀ। ਅੱਜ ਮੈਨੂੰ ਹੈਰਾਨੀ ਹੁੰਦੀ ਹੈ ਕਿ ਹੋਰਨਾਂ ਦੇ ਮਾਪਿਆਂ ਵਾਂਗ ਮੇਰੇ ਮਾਂ-ਪਿਓ ਨੇ ਮੈਨੂੰ ‘ਇਸ ਰਾਹੋਂ’ ਰੋਕਣ ਲਈ ਕਦੇ ਕਿਉਂ ਨਹੀਂ ਸੀ ਆਖਿਆ?
ਮੈਨੂੰ ਖੁਦ ਨੂੰ ਲੱਗਦਾ ਸੀ ਕਿ ਮੈਂ ਭਲਾ ਕੀ ‘ਗੁਨਾਹ’ ਕਰ ਰਿਹਾਂ? ਭੁੱਖ-ਦੁੱਖ, ਅਨਿਆਂ ਤੇ ਬੇਵੱਸੀ ਦਾ ਜੀਵਨ ਭੋਗ ਰਹੇ ਆਪਣੇ ਲੋਕਾਂ ਦੀ ਬੰਦ-ਖਲਾਸੀ ਲਈ ਹੱਕ-ਸੱਚ ਦੀ ਆਵਾਜ਼ ਹੀ ਤਾਂ ਬੁਲੰਦ ਕਰ ਰਿਹਾਂ। ਲਿਖ ਕੇ ਜਾਂ ਬੋਲ ਕੇ, ਬੜੇ ਹੀ ਸੀਮਤ ਰੂਪ ਵਿਚ। ਨਾਲੇ ਮੈਂ ਕਿਹੜੀ ਕੋਈ ਏਡੀ ਗੌਲਣਯੋਗ ਹਸਤੀ ਸਾਂ! ਮੇਰੇ ਤੋਂ ਸਰਕਾਰ ਨੂੰ ਏਡਾ ਕੀ ‘ਖਤਰਾ’ ਹੋ ਸਕਦਾ ਸੀ? ਨਾਲੇ ਉਂਜ ਉਸ ਉਮਰ ਵਿਚ ਕੁਝ ਕਰਨ ਲਈ ਤਤਪਰ ਅਤੇ ਉਤੇਜਿਤ ਮਨ ਨੂੰ ਉਦੋਂ ਤਾਂ ਇੰਜ ਹੀ ਲੱਗਦਾ ਸੀ ਕਿ ਕਰ ਲਵੇ ਪੁਲਿਸ ਜੋ ਕਰਨਾ ਹੈ? ਵਿਗਾੜ ਲਵੇ ਸਰਕਾਰ, ਜੋ ਵਿਗਾੜਨਾ ਹੈ?
1972 ਵਿਚ ਮੋਗੇ ਦੇ ਇੱਕ ਸਿਨੇਮੇ ਪਿੱਛੇ ਪੁਲਿਸ ਦੀ ਗੋਲੀ ਨਾਲ ਵਿਦਿਆਰਥੀ ਮਾਰੇ ਗਏ ਤਾਂ ਪੰਜਾਬ ਵਿਚ ਤੂਫਾਨੀ ਰੋਸ ਦੀ ਲਹਿਰ ਉਠ ਖੜ੍ਹੀ ਹੋਈ। ਥਾਂ-ਥਾਂ ਜਲਸੇ, ਮੁਜਾਹਰੇ ਤੇ ਪੁਲਿਸ ਨਾਲ ਝੜਪਾਂ ਹੋਣ ਲੱਗੀਆਂ। ਮੈਂ ਉਨ੍ਹੀਂ ਦਿਨੀਂ ਪ੍ਰਾਇਮਰੀ ਅਧਿਆਪਕ ਵਜੋਂ ਨੌਕਰੀ ਤੋਂ ਛੁੱਟੀ ਲੈ ਕੇ ਅੰਮ੍ਰਿਤਸਰ ‘ਖਾਲਸਾ ਕਾਲਜ ਆਫ ਐਜੂਕੇਸ਼ਨ’ ਵਿਚ ਬੀ. ਐਡ ਕਰ ਰਿਹਾ ਸਾਂ। ਨਿੱਤ ਦਿਨ ਫੈਲ ਰਹੇ ਵਿਦਿਆਰਥੀ ਅੰਦੋਲਨ ਨਾਲ ਵਧ ਰਹੇ ਤਣਾਓ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਭਾਰਤੀ ਸੈਨਾ ਨੂੰ ਸੜਕਾਂ ਉਤੇ ਫਲੈਗ ਮਾਰਚ ਕਰਨ ਲਈ ਬੁਲਾ ਲਿਆ ਸੀ। ਕਾਲਜਾਂ ਵਿਚ ਪੜ੍ਹਾਈ ਬੰਦ ਹੋ ਗਈ ਸੀ। ਮੈਂ ਤੇ ਮੇਰੇ ਜਮਾਤੀ ਮਿੱਤਰ ਅਮਰ ਸਿੰਘ ਨੇ ਸੋਚਿਆ ਕਿ ਕਾਲਜ ਦੇ ਹੋਸਟਲ ਵਿਚ ਬੈਠੇ ਰਹਿਣ ਦਾ ਕੋਈ ਲਾਭ ਨਹੀਂ। ਆਪੋ ਆਪਣੇ ਪਿੰਡਾਂ ਨੂੰ ਚੱਲਦੇ ਹਾਂ। ਜਦੋਂ ਠੰਢ-ਠੰਢੌੜਾ ਹੋਇਆ ਤਾਂ ਪਰਤ ਆਵਾਂਗੇ। ਪ੍ਰੋਫੈਸ਼ਨਲ ਕੋਰਸ ਹੋਣ ਕਰਕੇ ਸਾਡੇ ਕਾਲਜ ਦੇ ਵਿਦਿਆਰਥੀ ਇਸ ਅੰਦੋਲਨ ਵਿਚ ਸ਼ਾਮਲ ਨਹੀਂ ਸਨ। ਮੈਂ ਤੇ ਅਮਰ ਸਿੰਘ ਖਾਲਸਾ ਕਾਲਜ ਦੇ ਪੱਛਮੀ ਦਰਵਾਜ਼ੇ ‘ਚੋਂ ਬਾਹਰ ਨਿਕਲੇ ਅਤੇ ਸੜਕ ਦੇ ਕਿਨਾਰੇ-ਕਿਨਾਰੇ ਸੱਜੇ ਹੱਥ ਤੁਰਨ ਲੱਗੇ। ਇਸ ਆਸ ਨਾਲ ਕਿ ਕੋਈ ਆਉਂਦਾ-ਜਾਂਦਾ ਰਿਕਸ਼ਾ ਮਿਲ ਜਾਵੇਗਾ। ਖਾਲਸਾ ਕਾਲਜ ਦੇ ਪੂਰਬੀ ਗੇਟ ‘ਤੇ ਪੁਲਿਸ ਅਤੇ ਵਿਦਿਆਰਥੀ ਆਹਮੋ-ਸਾਹਮਣੇ ਡਟੇ ਖਲੋਤੇ ਸਨ। ਦੋ-ਢਾਈ ਸੌ ਵਿਦਿਆਰਥੀ ਜਲੂਸ ਕੱਢਣ ਲਈ ਦਰਵਾਜ਼ੇ ਦੇ ਅੰਦਰ-ਬਾਹਰ ਖੜੋਤੇ ਰੋਹ ਵਿਚ ਉਬਲ ਰਹੇ ਸਨ। ਸੜਕ ਦੇ ਪਾਰ ਹਥਿਆਰਬੰਦ ਪੁਲਿਸ ਬੈਂਤ ਦੀਆਂ ਢਾਲਾਂ ਫੜ੍ਹੀ ਉਨ੍ਹਾਂ ਨੂੰ ਬਾਹਰ ਆਉਣੋਂ ਰੋਕਣ ਲਈ ਡਟੀ ਖੜੋਤੀ ਸੀ। ਵਿਦਿਆਰਥੀ ਸਰਕਾਰ ਅਤੇ ਪੁਲਿਸ ਵਿਰੁਧ ਨਾਹਰੇ ਲਾ ਰਹੇ ਸਨ। ਜਦੋਂ ਅਸੀਂ ਪੁਲਿਸ ਤੇ ਵਿਦਿਆਰਥੀਆਂ ਦੀ ਸੜਕ ਦੇ ਆਰ-ਪਾਰ ਫੈਲੀ ਭੀੜ ਦੇ ਐਨ ਵਿਚਕਾਰ ਖਾਲਸਾ ਕਾਲਜ ਦੇ ਪੂਰਬੀ ਦਰਵਾਜ਼ੇ ਅੱਗੇ ਪਹੁੰਚੇ ਤਾਂ ਵਿਦਿਆਰਥੀਆਂ ਵਾਲੇ ਪਾਸਿਓਂ ਭੀੜ ‘ਚੋਂ ਉਚੀ ਲਲਕਾਰਵੀਂ ਆਵਾਜ਼ ਆਈ। ਕੋਈ ਮੇਰਾ ਨਾਂ ਲੈ ਕੇ ਬੁਲਾ ਰਿਹਾ ਸੀ:
“ਸੰਧੂ ਸਾਹਬ! ਰਣ-ਤੱਤੇ ‘ਚ ਜੂਝਣ ਲਈ ਕਵਿਤਾ ਕਹਾਣੀਆਂ ਤਾਂ ਬੜੀਆਂ ਗਰਮਾ-ਗਰਮ ਲਿਖਦੇ ਓ, ਪਰ ਜਦੋਂ ਐਥੇ ਯੁੱਧ ਦਾ ਮੈਦਾਨ ਭਖਿਆ ਪਿਆ ਤਾਂ ਅੱਖ ਬਚਾ ਕੇ ਭੱਜੇ ਜਾਂਦੇ ਓ।”
ਮੈਂ ਵੇਖਿਆ, ਵਿਦਿਆਰਥੀਆਂ ਦੀ ਭੀੜ ਵਿਚ ਨੌਜਵਾਨ ਅਕਾਲੀ ਨੇਤਾ ਦਰਸ਼ਨ ਸਿੰਘ ਈਸਾਪੁਰ ਖੜੋਤਾ ਹੱਸ ਰਿਹਾ ਸੀ। ਉਹਦੇ ਸੱਜੇ ਹੱਥ ਖੜੋਤਾ ਸੀ ਗਿਆਨੀ ਅਜੀਤ ਸਿੰਘ ‘ਮੌਲਵੀ’, ਈਸਾਪੁਰ ਦਾ ਦੋਸਤ। ‘ਮੌਲਵੀ’ ਨੇ ਵੀ ਵੰਗਾਰਿਆ, “ਯੁੱਧ ਵਿਚੋਂ ਕੰਡ ਵਿਖਾ ਕੇ ਭੱਜਣਾ ਮਰਦਾਂ ਦਾ ਕੰਮ ਨਹੀਂ।”
ਇਹ ਦੋਵੇਂ ਅਕਾਲੀ ਆਗੂ ਮੇਰੇ ਜਾਣੂ ਸਨ। ਉਹ ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸਰਕਾਰ ਵਿਰੁਧ ਲਾਮਬੰਦ ਕਰਨ ਲੱਗੇ ਹੋਏ ਸਨ ਅਤੇ ਉਨ੍ਹਾਂ ਨੂੰ ਜਲਸੇ-ਮੁਜਾਹਰੇ ਕਰਨ ਲਈ ਉਕਸਾ ਰਹੇ ਸਨ। ਸਰਕਾਰ ਵਿਰੋਧੀ ਪਾਰਟੀਆਂ ਅਜਿਹਾ ਕਰਦੀਆਂ ਹੀ ਹਨ। ਉਨ੍ਹਾਂ ਦਿਨਾਂ ‘ਚ ਨਕਸਲੀਆਂ ਨਾਲ ਜੁੜੀ ‘ਪੰਜਾਬ ਸਟੂਡੈਂਟਸ ਯੂਨੀਅਨ’ ਦਾ ਬੋਲਬਾਲਾ ਸੀ। ਯੂਨੀਅਨ ਪਿੱਛੇ ਕੰਮ ਕਰਨ ਵਾਲੇ ਨਕਸਲੀ ਆਗੂਆਂ ਨਾਲ ਇਨ੍ਹਾਂ ਅਕਾਲੀ ਆਗੂਆਂ ਦਾ ਵੀ ਮੇਲ-ਜੋਲ ਸੀ।
ਅਜੇ ਕੱਲ੍ਹ ਦੀ ਗੱਲ ਸੀ। ਖਾਲਸਾ ਕਾਲਜ ਦੇ ਪੂਰਬੀ ਗੇਟ ਦੇ ਬਾਹਰ ਖੱਬੇ ਹੱਥ ਕਾਲਜ ਦੇ ਮੁੰਡਿਆਂ ਦੀਆਂ ਪੱਗਾਂ ਰੰਗਣ ਵਾਲੇ ਲਲਾਰੀ ਦਾ ਤਖਤਪੋਸ਼ ਖਾਲੀ ਪਿਆ ਸੀ। ਮਿਥੇ ਪ੍ਰੋਗਰਾਮ ਮੁਤਾਬਕ ਗਿਆਨੀ ਸੰਤੋਖ ਸਿੰਘ ਤਖਤਪੋਸ਼ ‘ਤੇ ਖੜ੍ਹੋ ਕੇ ਭਾਸ਼ਣ ਦੇਣ ਲੱਗਾ। ਵਿਦਿਆਰਥੀ ਆਉਂਦੇ ਗਏ ਤੇ ਉਸ ਦੁਆਲੇ ਭੀੜ ਇਕੱਠੀ ਹੁੰਦੀ ਗਈ। ਗੜਬੜ ਹੋਣ ਦਾ ਖਤਰਾ ਸੁਣ ਕੇ ਐਸ਼ ਐਸ਼ ਪੀ. ਅਤੇ ਡੀ. ਸੀ. ਵੀ ਉਥੇ ਆ ਪਹੁੰਚੇ। ਵੱਡੀ ਗਿਣਤੀ ਵਿਚ ਪੁਲਿਸ ਵੀ ਹਾਜ਼ਰ ਸੀ। ਮੁੰਡਿਆਂ ਦੇ ਭੜਕ ਜਾਣ ਦੇ ਡਰੋਂ ਉਨ੍ਹਾਂ ਨੇ ਭਾਸ਼ਣ ਵਿਚ ਰੁਕਾਵਟ ਪਾਉਣੀ ਠੀਕ ਨਾ ਸਮਝੀ ਗਈ। ਡੀ. ਸੀ., ਐਸ਼ ਐਸ਼ ਪੀ., ਪ੍ਰਿੰਸੀਪਲ ਤੇ ਪ੍ਰੋਫੈਸਰ ਵੀ ਭੀੜ ‘ਚ ਖਲੋ ਕੇ ਸੰਤੋਖ ਸਿੰਘ ਨੂੰ ਸੁਣਨ ਲੱਗੇ।
ਭੀੜ ਵਾਹਵਾ ‘ਕੱਠੀ ਹੋ ਗਈ। ਲੋਹਾ ਗਰਮ ਹੋਇਆ ਵੇਖ ਸੰਤੋਖ ਸਿੰਘ ਨੇ ਤੋੜਾ ਝਾੜਿਆ, “ਜੁਆਨੋ! ਏਡਾ ਵੱਡਾ ਭਾਣਾ ਵਰਤ ਗਿਆ! ਸਾਰੇ ਪੰਜਾਬ ‘ਚ ਹਾਹਾਕਾਰ ਮੱਚੀ ਪਈ ਐ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਦਿਆਰਥੀ ਤੇ ਵਿਦਿਆਰਥਣਾਂ ਸਰਕਾਰ ਦਾ ਸਿਆਪਾ ਕਰਨ ਡਹੇ ਆ। ਤੁਸੀਂ ਅਜੇ ਵੀ ਮੂੰਹ ‘ਚ ਘੁੰਗਣੀਆਂ ਪਾਈ ਬੈਠੇ ਓਂ। ਤੁਹਾਡੀਆਂ ਜ਼ਮੀਰਾਂ ਜਾਮ ਕਿਉਂ ਹੋ ਗਈਆਂ? ਤੁਹਾਡੀ ਜ਼ਬਾਨ ਕਿਉਂ ਗੁੰਗੀ ਹੋ ਗਈ? ਸ਼ੇਰਾਂ ਵਰਗੇ ਗੱਭਰੂਓ! ਤੁਹਾਡੀਆਂ ਭੈਣਾਂ ਨੇ ਤੁਹਾਨੂੰ ਬੜਾ ਵੱਡਾ ਮਿਹਣਾ ਮਾਰਿਆ ਏ। ਮੋਗੇ ਦੀਆਂ ਵਿਦਿਆਰਥਣਾਂ ਨੇ ਤੁਹਾਡੇ ਲਈ ਆਹ ਚੂੜੀਆਂ ਤੇ ਚੁੰਨੀਆਂ ਭੇਜੀਆਂ ਨੇ!”
ਏਨੀ ਆਖਣ ਦੀ ਦੇਰ ਸੀ ਕਿ ਭੀੜ ਵਿਚ ਖਲੋਤੇ ਅਜੀਤ ਸਿੰਘ ਮੌਲਵੀ ਨੇ ਮਿਥੀ ਯੋਜਨਾ ਅਨੁਸਾਰ ਚੁੰਨੀਆਂ ਤੇ ਚੂੜੀਆਂ ਹਵਾ ਵਿਚ ਲਹਿਰਾਈਆਂ ਤੇ ਖਿਲਾਰ ਕੇ ਵਿਦਿਆਰਥੀਆਂ ਦੀ ਭੀੜ ਵਿਚ ਸੁੱਟ ਕੇ ਜੈਕਾਰਾ ਗਜਾ ਦਿੱਤਾ, “ਬੋਲੇ ਸੋ ਨਿਹਾਲ!” “ਸਤਿ ਸ੍ਰੀ ਅਕਾਲ!”
ਬਾਰੂਦ ਦੇ ਪਲੀਤੇ ਨੂੰ ਅੱਗ ਲੱਗ ਗਈ। ਜੋਸ਼ ਵਿਚ ਭੜਕੇ ਵਿਦਿਆਰਥੀਆਂ ਨੇ ਜੈਕਾਰੇ ਛੱਡਣੇ ਤੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਆਗੂਆਂ ਦਾ ਮੰਤਵ ਪੂਰਾ ਹੋ ਗਿਆ। ਪੁਲਿਸ ਦੀ ਭੀੜ ਨੇ ਚੱਕਰਵਿਊ ਵਲਿਆ ਹੋਇਆ ਸੀ। ਵਿਦਿਆਰਥੀ ਘੇਰੇ ਅੰਦਰ ਫਸੇ ਤਰਲੋਮੱਛੀ ਹੋ ਰਹੇ ਸਨ। ਡੀ. ਸੀ. ਅਤੇ ਐਸ਼ ਐਸ਼ ਪੀ. ਨੂੰ ਫਿਕਰ ਪਿਆ। ਗੇਟ ਦੇ ਅੰਦਰਵਾਰ ਹੋ ਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਉਹ ਬੜੇ ਠਰ੍ਹੰਮੇ ਨਾਲ ਬੋਲ ਰਿਹਾ ਸੀ। ਪੁਲਿਸ ਦੀ ਗੋਲੀ ਨਾਲ ਮੋਗੇ ਵਿਚ ਮਾਰੇ ਗਏ ਮੁੰਡਿਆਂ ਬਾਰੇ ਦੁੱਖ ਪ੍ਰਗਟਾ ਰਿਹਾ ਸੀ। ਉਨ੍ਹਾਂ ਨੂੰ ਆਪਣੇ ਪੁੱਤਰਾਂ ਦੀ ਨਿਆਈਂ ਦੱਸ ਰਿਹਾ ਸੀ। ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਦਿੱਤੀ ਜਾਣ ਵਾਲੀ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਦਾ ਹਵਾਲਾ ਦੇ ਰਿਹਾ ਸੀ। ਸਿਆਸੀ ਲੋਕਾਂ ਦੇ ਚੁੰਗਲ ਵਿਚ ਫਸਣੋਂ ਆਗਾਹ ਵੀ ਕਰ ਰਿਹਾ ਸੀ।
ਡੀ. ਸੀ. ਦੇ ਬੋਲ ਬਲਦੀ ਅੱਗ ਉਤੇ ਪਾਣੀ ਪਾਉਣ ਲੱਗੇ ਸਨ। ਮੁੰਡਿਆਂ ਦੇ ਜੋਸ਼ ਦੀ ਛੱਲ ਲਹਿ ਚੱਲੀ ਸੀ। ਨੌਜਵਾਨ ਅਕਾਲੀ ਆਗੂ ਵੀ ਭੀੜ ਵਿਚ ਖਲੋਤੇ ਸਭ ਕੁਝ ਵੇਖ-ਸੁਣ ਰਹੇ ਸਨ। ਉਨ੍ਹਾਂ ਦੀ ਬਣੀ ਬਣਾਈ ਖੇਡ ਵਿਗੜ ਚੱਲੀ ਸੀ। ਬਾਜ਼ੀ ਹੱਥੋਂ ਜਾਂਦੀ ਵੇਖ ਦਰਸ਼ਨ ਸਿੰਘ ਈਸਾਪੁਰ ਅੱਗੇ ਆਇਆ। ਮੱਚਦੇ ਬੋਲਾਂ ਨਾਲ ਭੀੜ ਨੂੰ ਮੁਖਾਤਬ ਹੋਇਆ, “ਡੀ. ਸੀ. ਸਾਹਿਬ ਆਪਣੇ ਭਾਸ਼ਣ ਵਿਚ ਆਖਦੇ ਨੇ ਪਈ ਮਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰ ਪੰਜਾਹ-ਪੰਜਾਹ ਹਜ਼ਾਰ ਰੁਪਈਆ ਦੇਵੇਗੀ। ਮੈਂ ਡੀ. ਸੀ. ਦਾ ਮੁੰਡਾ ਮਾਰ ਦਿੰਨਾਂ ਤੇ ਇਸ ਨੂੰ ਹੱਥੋ-ਹੱਥ ਪੰਜਾਹ ਹਜ਼ਾਰ ਰੁਪਈਆ ਵੀ ਨਾਲ ਹੀ ਦੇ ਦਿੰਨਾਂ। ਇਹ ਸਾਹਮਣੇ ਖਲੋਤਾ ਐ। ਇਹਨੂੰ ਪੁੱਛੋ, ਕੀ ਡੀ. ਸੀ. ਮੇਰੇ ਨਾਲ ਇਹ ਸੌਦਾ ਕਰਨ ਨੂੰ ਤਿਆਰ ਹੈ?”
ਏਨੀ ਸੁਣਦਿਆਂ ਹੀ ਵਿਦਿਆਰਥੀਆਂ ਦੀ ਭੀੜ ਭੜਕ ਪਈ ਤੇ ਸਰਕਾਰ ਅਤੇ ਪੁਲਿਸ ਖਿਲਾਫ ਨਾਅਰੇ ਲੱਗਣ ਲੱਗੇ। ਹੜ੍ਹ ਹੱਦਾਂ-ਬੰਨੇ ਟੱਪ ਗਿਆ। ਇਸ ਤੋਂ ਬਾਅਦ ਈਸਾਪੁਰ ਹੁਰਾਂ ਦੀ ਅਗਵਾਈ ਵਿਚ ਬੜਾ ਭਰਵਾਂ ਜਲੂਸ ਭੰਨ-ਤੋੜ ਕਰਦਾ ਉਚੇ ਪੁਲ ਵੱਲ ਵਧਣ ਲੱਗਾ। ਭੰਨ-ਤੋੜ ਕਰਨ ਲੱਗਿਆਂ ਭਖੇ ਵਿਦਿਆਰਥੀਆਂ ਨੇ ਨੌਜਵਾਨ ਅਕਾਲੀ ਆਗੂਆਂ ਦੀਆਂ ਬੇਨਤੀਆਂ ਦੀ ਵੀ ਕੋਈ ਪ੍ਰਵਾਹ ਨਾ ਕੀਤੀ। ਇਹ ਤਾਂ ਕੱਲ੍ਹ ਦੀ ਕਹਾਣੀ ਸੀ।
ਅੱਜ ਸਾਨੂੰ ਗੇਟ ਅੱਗੋਂ ਲੰਘਦਿਆਂ ਵੇਖ ਉਨ੍ਹਾਂ ਦੋਵਾਂ ਅਕਾਲੀ ਆਗੂਆਂ ਵੱਲੋਂ ਮਾਰੀ ਬੋਲੀ ਮੈਨੂੰ ਤੀਰ ਵਾਂਗ ਲੱਗੀ। ਉਨ੍ਹਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਤੁਰ ਜਾਣਾ ਮੈਨੂੰ ਚੰਗਾ ਨਾ ਲੱਗਾ। ਮੈਂ ਅਮਰ ਸਿੰਘ ਨੂੰ ਕਿਹਾ, “ਆ ਜਾ! ਘੜੀ ਪਲ ਇਨ੍ਹਾਂ ਨੂੰ ਮਿਲ-ਗਿਲ ਕੇ, ਗੱਪ-ਸ਼ੱਪ ਮਾਰ ਕੇ ਚਲੇ ਚੱਲਾਂਗੇ।” ਉਸ ਨੂੰ ਕੋਈ ਇਤਰਾਜ਼ ਨਹੀਂ ਸੀ। ਅਸੀਂ ਸੜਕ ਪਾਰ ਕਰਕੇ ਵਿਦਿਆਰਥੀਆਂ ਦੀ ਭੀੜ ਚੀਰਦੇ ਉਨ੍ਹਾਂ ਨੂੰ ਜਾ ਮਿਲੇ।
‘ਮੌਲਵੀ’ ਨੇ ਹਾਸੇ-ਹਾਸੇ ਵਿਚ ਜੈਕਾਰਾ ਛੱਡਿਆ, “ਬੋਲੇ ਸੋ ਨਿਹਾਲ!”
“ਸਤਿ ਸ੍ਰੀ ਅਕਾਲ” ਮੁੰਡਿਆਂ ਨੇ ਅਸਮਾਨ ਚੀਰਵੀਂ ਆਵਾਜ਼ ਵਿਚ ਜਵਾਬ ਦਿੱਤਾ, ਜਿਵੇਂ ਜੱਸਾ ਸਿੰਘ ਰਾਮਗੜ੍ਹੀਆ ‘ਰਾਮ ਰੌਣੀ’ ਦੇ ਕਿਲੇ ‘ਚ ਵਿਛੜੇ ਖਾਲਸਾ ਪੰਥ ਨਾਲ ਜਾ ਮਿਲਿਆ ਹੋਵੇ!
ਵਿਦਿਆਰਥੀ ਤੇ ਪੁਲਿਸ-ਦੋਵੇਂ ਧਿਰਾਂ ਆਹਮੋ-ਸਾਹਮਣੇ ਡਟੀਆਂ ਖਲੋਤੀਆਂ ਸਨ। ਕੋਈ ਧਿਰ ਵੀ ਅੱਗੇ ਨਹੀਂ ਸੀ ਵਧ ਰਹੀ। ਨਾ ਮੁੰਡੇ ਸੜਕ ਵੱਲ ਵਧ ਰਹੇ ਸਨ ਤੇ ਨਾ ਹੀ ਪੁਲਿਸ ਪਰਲੇ ਪਾਸਿਓਂ ਸੜਕ ਪਾਰ ਕਰਕੇ ਉਰਲੇ ਪਾਸੇ ਆਉਣ ਦਾ ਕੋਈ ਚਾਰਾ ਕਰ ਰਹੀ ਸੀ। ਅਸੀਂ ਵਿਦਿਆਰਥੀਆਂ ਦੀ ਭੀੜ ਤੋਂ ਪਿੱਛੇ ਹਟ ਕੇ ਗੱਪ-ਗਿਆਨ ਵਿਚ ਰੁੱਝ ਗਏ। ਮੇਰਾ ਇਸ ਸਾਰੇ ਕੁਝ ਨਾਲ ਕੋਈ ਸਿੱਧਾ ਲੈਣਾ-ਦੇਣਾ ਨਹੀਂ ਸੀ। ਮੈਂ ਤਾਂ ਸਿਰਫ ਕੁਝ ਪਲਾਂ ਲਈ ਉਨ੍ਹਾਂ ਮਿੱਤਰਾਂ ਨੂੰ ਮਿਲਣ ਆਇਆ ਸਾਂ। ਫਿਰ ਅਸੀਂ ਪਿੰਡਾਂ ਨੂੰ ਤੁਰ ਜਾਣਾ ਸੀ। ਪਰ ਇਸ ਤੋਂ ਪਹਿਲਾਂ ਕਿ ਅਸੀਂ ਵਾਪਸ ਪਰਤਦੇ, ਮੁੰਡਿਆਂ ਤੇ ਪੁਲਿਸ ਵਿਚਕਾਰ ਝੜਪ ਸ਼ੁਰੂ ਹੋ ਗਈ।
ਮੁੰਡੇ ਪੁਲਿਸ ‘ਤੇ ਇੱਟਾਂ ਰੋੜੇ ਵਰ੍ਹਾਉਣ ਲੱਗੇ ਤੇ ਪੁਲਿਸ ਵਿਦਿਆਰਥੀਆਂ ਦੀ ਭੀੜ ‘ਤੇ ਅੱਥਰੂ ਗੈਸ ਦੇ ਗੋਲੇ ਛੱਡਣ ਲੱਗੀ। ਧੂੰਆਂ ਛੱਡਦੇ ਗੋਲਿਆਂ ਨੂੰ ਪਾਣੀ ਤੇ ਗਿੱਲੇ ਕੱਪੜਿਆਂ ਨਾਲ ਬੁਝਾਉਂਦੇ ਮੁੰਡੇ ਲਾਲ ਅੱਖਾਂ ਪੂੰਝਦੇ। ਫਿਰ ਗੁੱਸਾ ਖਾ ਕੇ ਪੁਲਿਸ ਵੱਲ ਉਲਰਦੇ। ਦੋਵੇਂ ਧਿਰਾਂ ਵਾਰ ਕਰਨ ਲਈ ਥੋੜ੍ਹਾ ਕੁ ਅੱਗੇ ਆਉਂਦੀਆਂ ਤੇ ਵਾਰ ਕਰਕੇ ਰਤਾ ਪਿੱਛੇ ਹਟਦੀਆਂ।
“ਫਸਾ ਦਿੱਤਾ ਬਈ ਤੁਸਾਂ ਤਾਂ।” ਮੈਂ ਹੱਸਿਆ।
“ਦੇਖ ਭਾਈ ਬਾਲਿਆ! ਹੁਣ ਰੰਗ ਕਰਤਾਰ ਦੇ!” ਇਹੋ ਈ ਤਾਂ ਚਾਹੁੰਦਾ ਸੀ ਈਸਾਪੁਰ।
ਅਸੀਂ ਭੀੜ ਤੋਂ ਪਿੱਛੇ ਖੜੋਤੇ ਸਾਂ। ਕਦੀ-ਕਦੀ ਆਪਣੇ ਨੇੜੇ ਡਿੱਗਦੇ ਅੱਥਰੂ ਗੈਸ ਦੇ ਗੋਲੇ ਵੀ ਬੁਝਾਉਂਦੇ। ਧੁਖਦੇ ਗੋਲਿਆਂ ਨੂੰ ਵਾਪਸ ਪੁਲਿਸ ਵੱਲ ਵੀ ਸੁੱਟਦੇ। ‘ਫੌਜਾਂ’ ਦਾ ਉਤਸ਼ਾਹ ਬਣਾਈ ਰੱਖਣ ਲਈ ‘ਜਰਨੈਲਾਂ’ ਦਾ ‘ਯੁੱਧ’ ਵਿਚ ਸਰਗਰਮ ਹਿੱਸਾ ਲੈਣਾ ਵੀ ਤਾਂ ਜ਼ਰੂਰੀ ਸੀ! ਝੜਪ ਰੁਕ-ਰੁਕ ਕੇ ਹੋ ਰਹੀ ਸੀ। ਦੋਹਾਂ ਧਿਰਾਂ ਨੇ ਮੋਰਚੇ ਮੱਲੇ ਹੋਏ ਸਨ। ਇਹ ਸਾਰਾ ਕੁਝ ਵੇਖ ਕੇ ਮੈਂ ਅੱਕ-ਥੱਕ ਗਿਆ ਸਾਂ। ਮੈਂ ਕਿਹੜਾ ਸੱਚੀਂ-ਮੁੱਚੀਂ ਦਾ ‘ਜਰਨੈਲ’ ਸਾਂ। ਮੈਂ ਈਸਾਪੁਰ ਨੂੰ ਆਖਿਆ, “ਇਹ ਕੰਮ ਤਾਂ ਪਤਾ ਨਹੀਂ ਕਦੋਂ ਮੁੱਕੂ? ਚਲੋ ਕਿਤਿਓਂ ਚਾਹ-ਸ਼ਾਹ ਹੀ ਪਿਆਓ।”
ਖਾਲਸਾ ਕਾਲਜ ਦਾ ਇੱਕ ਪ੍ਰੋਫੈਸਰ ਉਨ੍ਹਾਂ ਦਾ ਜਾਣੂ ਸੀ ਜੋ ਅਕਾਲੀ ਖਿਆਲਾਂ ਦਾ ਸੀ। (ਪਿੱਛੋਂ ਉਹ ਦੋ ਵਾਰ ਵਿਧਾਇਕ ਵੀ ਚੁਣਿਆ ਗਿਆ ਤੇ ਬਾਦਲ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਵੀ ਬਣਿਆ) ਉਹ ਮੇਰੇ ਨਾਲ ਸਹਿਮਤ ਹੋ ਗਏ ਕਿ ਚੱਲੋ ਪ੍ਰੋਫੈਸਰ ਦੇ ਕੁਆਟਰ ਵਿਚ ਚੱਲਦੇ ਹਾਂ। ਜਿਹੜਾ ਕੰਮ ਜਾਂ ਜਿਹੜਾ ਰੋਲ ਉਨ੍ਹਾਂ ਨੇ ਅਦਾ ਕਰਨਾ ਸੀ, ਉਹ ਤਾਂ ਉਹ ਕਰ ਹੀ ਚੁਕੇ ਸਨ। ‘ਕਰਤਾਰ’ ਦੇ ਰੰਗ ‘ਬਾਲੇ’ ਵੇਖ ਰਹੇ ਸਨ!
ਅਸੀਂ ਪ੍ਰੋਫੈਸਰ ਦੇ ਘਰ ਅਜੇ ਬੈਠੇ ਹੀ ਸਾਂ। ਚਾਹ ਵੀ ਅਜੇ ਬਣ ਕੇ ਨਹੀਂ ਸੀ ਆਈ। ਏਨੇ ਨੂੰ ਬਾਹਰ ਪੁਲਿਸ ਨੇ ਮੁੰਡਿਆਂ ‘ਤੇ ਜ਼ੋਰ ਪਾ ਲਿਆ। ਮੁੰਡੇ ਬਾਰਾਂ ਹੱਥਾਂ ਦੀਆਂ ਛਾਲਾਂ ਮਾਰ ਕੇ ਜਿੱਧਰ ਮੂੰਹ ਆਇਆ, ਉਧਰ ਹਰਨ ਹੋ ਗਏ। ਪੁਲਿਸ ਦਗੜ-ਦਗੜ ਕਰਦੀ ਕਾਲਜ ਕੈਂਪਸ ਵਿਚ ਆਣ ਵੜੀ। ਘਰ-ਘਰ ਦੀ ਤਲਾਸ਼ੀ ਹੋਣ ਲੱਗੀ। ਲੁਕੇ ਹੋਏ ਵਿਦਿਆਰਥੀਆਂ ਨੂੰ ਫੜ੍ਹ ਕੇ ਉਨ੍ਹਾਂ ਦੀਆਂ ਪੱਗਾਂ ਨਾਲ ਹੀ ਉਨ੍ਹਾਂ ਦੀਆਂ ਬਾਹਵਾਂ ਬੰਨ੍ਹ ਕੇ ਪੁਲਿਸ ਦੀਆਂ ਗੱਡੀਆਂ ਵਿਚ ਸੁੱਟਿਆ ਜਾਣ ਲੱਗਾ। ਪੁਲਿਸ ਦੀ ਇੱਕ ਧਾੜ ਅਫਸਰਾਂ ਤੇ ਸਿਪਾਹੀਆਂ ਸਮੇਤ ਪ੍ਰੋਫੈਸਰ ਦੇ ਘਰ ਆਣ ਵੜੀ ਅਤੇ ਸਾਨੂੰ ਖੜ੍ਹੇ ਹੋ ਜਾਣ ਦਾ ਹੁਕਮ ਦਿੱਤਾ।
ਦਰਸ਼ਨ ਸਿੰਘ ਈਸਾਪੁਰ ਨੇ ਆਖਿਆ, “ਅਸੀਂ ਤਾਂ ਜੀ ਪ੍ਰੋਫੈਸਰ ਸਾਹਬ ਦੇ ਗੈਸਟ ਹਾਂ। ਸਾਡਾ ਬਾਹਰ ਦੀ ਵਿਦਿਆਰਥੀ ਕਾਰਵਾਈ ਨਾਲ ਕੀ ਲਾਗਾ-ਦੇਗਾ?”
ਰੋਹ ‘ਚ ਆਇਆ ਡੀ. ਐਸ਼ ਪੀ. ਬੋਲਿਆ, “ਸਾਨੂੰ ਪਤੈ। ਤੁਸੀਂ ਜਿਹੋ ਜਿਹੇ ਗੈਸਟ ਹੋ?”
ਉਨ੍ਹਾਂ ਨੂੰ ਕਾਹਦਾ ਭੁਲੇਖਾ ਸੀ? ਕੱਲ੍ਹ ਡੀ. ਸੀ. ਅਤੇ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਕੀਤੀ ਇਨ੍ਹਾਂ ਦੀ ਕਾਰਵਾਈ ਉਹਨੂੰ ਭੁੱਲੀ ਨਹੀਂ ਸੀ ਹੋਈ! ਤਦ ਵੀ ਉਸ ਨੇ ਰਸਮੀ ਤੌਰ ‘ਤੇ ਪ੍ਰੋਫੈਸਰ ਨੂੰ ਪੁੱਛ ਲਿਆ, “ਪ੍ਰੋਫੈਸਰ ਸਾਹਬ, ਇਹ ਤੁਹਾਡੇ ਗੈਸਟ ਨੇ?” ਉਸ ਦੇ ਬੋਲਾਂ ਵਿਚ ਤਿੱਖਾ ਵਿਅੰਗ ਸੀ।
ਪ੍ਰੋਫੈਸਰ ਨੇ ਦਰਸ਼ਨ ਸਿੰਘ ਈਸਾਪੁਰ ਤੇ ਅਜੀਤ ਸਿੰਘ ਮੌਲਵੀ ਵੱਲ ਉਂਗਲ ਕਰਕੇ ਕਿਹਾ, “ਇਹ ਦੋਵੇਂ ਤਾਂ ਮੇਰੇ ਗੈਸਟ ਨੇ, ਪਰ ਇਨ੍ਹਾਂ ਦੋਵਾਂ ਦਾ ਮੈਨੂੰ ਪਤਾ ਨ੍ਹੀਂ ਕੌਣ ਨੇ?” ਉਸ ਨੇ ਸਾਡੇ ਦੋਵਾਂ ਵੱਲ ਇਸ਼ਾਰਾ ਕੀਤਾ। ਆਪਣੀ ਥਾਂ ਸ਼ਾਇਦ ਉਹ ਠੀਕ ਹੀ ਸੀ। ਅਸੀਂ ਕਿਹੜਾ ਉਹਦੇ ਜਾਣੂ ਸਾਂ? ਪਰ ਜੇ ਉਹਦੇ ਦੋਸਤਾਂ ਨਾਲ ਉਸ ਕੋਲ ਆਏ ਸਾਂ ਤਾਂ ਕੋਈ ਚੋਰ-ਉਚੱਕੇ ਤਾਂ ਨਹੀਂ ਸਾਂ ਹੋ ਸਕਦੇ!
ਅਜੀਤ ਸਿੰਘ ਮੌਲਵੀ ਨੂੰ ਪ੍ਰੋਫੈਸਰ ਦੀ ਗੱਲ ਚੁਭ ਗਈ। ਉਹਨੇ ਤਿੱਖਾ ਹੋ ਕੇ ਆਖਿਆ, “ਪ੍ਰੋਫੈਸਰ ਸਾਹਿਬ! ਜੇ ਸਾਡੇ ਇਹ ਦੋਸਤ ਤੁਹਾਡੇ ਗੈਸਟ ਨਹੀਂ ਤਾਂ ਫਿਰ ਸੁਣ ਲਵੋ; ਅਸੀਂ ਵੀ ਤੁਹਾਡੇ ਗੈਸਟ ਨਹੀਂ! ਚੱਲੋ ਜੀ, ਲੈ ਚੱਲੋ ਸਾਨੂੰ ਜਿੱਥੇ ਲਿਜਾਣਾ।” ਉਹ ਉਠ ਕੇ ਖਲੋ ਗਿਆ ਅਤੇ ਤੁਰਨ ਲਈ ਦਰਵਾਜ਼ੇ ਵੱਲ ਵਧਿਆ।
ਲੈ ਤਾਂ ਸਾਨੂੰ ਪੁਲਿਸ ਨੇ ਜਾਣਾ ਹੀ ਸੀ, ਪਰ ਪ੍ਰੋਫੈਸਰ ਅਤੇ ਅਜੀਤ ਸਿੰਘ ਮੌਲਵੀ-ਦੋਵਾਂ ਦੇ ਬੋਲ ਅੱਜ ਵੀ ਮੇਰੇ ਚੇਤੇ ਵਿਚ ਵੱਸੇ ਹੋਏ ਹਨ। ਅੱਜ ਵੀ ਮੇਰਾ ਜੀਅ ਕਰਦਾ ਹੈ, ਮੌਲਵੀ ਕਿਤੇ ਮਿਲ ਜਾਵੇ ਤਾਂ ਮੈਂ ਉਹਨੂੰ ਲਾਡ ਨਾਲ ਜੱਫੀ ਵਿਚ ਘੁੱਟ ਲਵਾਂ!
ਪੁਲਿਸ ਦੀ ਗੱਡੀ ਵਿਚ ਬਿਠਾ ਕੇ ਸਾਨੂੰ ਥਾਣਾ ਸਦਰ ਲੈ ਗਏ। ਡਿਪਟੀ ਕਮਿਸ਼ਨਰ ਅਤੇ ਐਸ਼ ਐਸ਼ ਪੀ. ਸਾਨੂੰ ਵੇਖਣ ਆਏ। ਅਸਲ ਵਿਚ ਉਹ ਉਨ੍ਹਾਂ ਦੋਹਾਂ ਨੂੰ ‘ਵੇਖਣ’ ਆਏ ਸਨ ਤੇ ਅੰਦਰੋਂ ‘ਪੁਆੜੇ ਦੀ ਜੜ੍ਹ’ ਕਾਬੂ ਆ ਜਾਣ ‘ਤੇ ਖੁਸ਼ ਵੀ ਸਨ। ਅਸੀਂ ਤਾਂ ਐਵੇਂ ਰਾਹ ਜਾਂਦੇ ਕਾਬੂ ਆ ਗਏ ਸਾਂ! ਮੈਂ ਤੇ ਅਮਰ ਸਿੰਘ ਨੇ ਆਪਣੇ ਬਚਾਅ ਲਈ ਪੈਂਤੜਾ ਲਿਆ ਕਿ ਅਸੀਂ ਦੋਵੇਂ ਬਤੌਰ ਜੇ. ਬੀ. ਟੀ. ਅਧਿਆਪਕ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਸਾਂ ਤੇ ‘ਬਿਨਾ ਤਨਖਾਹ ਤੋਂ’ ਛੁੱਟੀ ਲੈ ਕੇ ਬੀ. ਐਡ. ਕਰਨ ਆਏ ਹੋਏ ਸਾਂ। ਸਾਨੂੰ ਤਾਂ ਪੁਲਿਸ ਐਵੇਂ ਹੀ ਵਲ ਲਿਆਈ ਹੈ। ਇਸ ਵਿਚ ਝੂਠ ਵੀ ਨਹੀਂ ਸੀ। ਪਰ ਕੋਲ ਖੜੋਤੇ ਡੀ. ਐਸ਼ ਪੀ. ਨੇ ਕਿਹਾ, “ਸਾਹਿਬ ਬਹਾਦਰ, ਇਹ ਚਾਰੇ ਇਕੱਠੇ ਇੱਕੋ ਥਾਂ ਤੋਂ ਹੀ ਗ੍ਰਿਫਤਾਰ ਕੀਤੇ ਹਨ।”
ਘੰਟੇ ਕੁ ਪਿੱਛੋਂ ਸਾਨੂੰ ਚੌਹਾਂ ਨੂੰ ਟਰੱਕ ਵਿਚ ਬਿਠਾ ਕੇ ਥਾਣਾ ਸਿਵਲ ਲਾਈਨਜ਼ ਲੈ ਗਏ। ਉਥੇ ਹਵਾਲਾਤ ‘ਚ ਪੰਜ-ਛੇ ਇਖਲਾਕੀ ਮੁਜਰਮ ਬੰਦ ਸਨ। ਉਨ੍ਹਾਂ ਨੇ ਸਾਨੂੰ ‘ਜੀ ਆਇਆਂ’ ਆਖਿਆ। ਹਵਾਲਾਤ ਵਿਚ ਸੰਘਣੀ ਸਿੱਲ੍ਹ ਅਤੇ ਬਦਬੂ ਸੀ। ਹਵਾਲਾਤ ਦੀ ਇੱਕ ਨੁੱਕਰੇ ਨਿੱਕੀ ਜਿਹੀ ਬਣੀ ਕੰਧ ਦੇ ਅੜਤਲੇ ਕੀਤੇ ਪਿਸ਼ਾਬ ਦੀ ਧਾਰ ਕਮਰੇ ਦੇ ਅੱਧ ਤੱਕ ਆਈ ਹੋਈ ਸੀ। ਅਸੀਂ ਥੜ੍ਹੇ ਉਤੇ ਬੈਠ ਗਏ। “ਤੁਸੀਂ ਤਾਂ ਯਾਰ ਐਂਵੇਂ ਜਾਂਦੇ-ਜਾਂਦੇ ਸਾਡੇ ਕਰਕੇ ਹੀ ਫਸ ਗਏ।” ਈਸਾਪੁਰ ਨੇ ਹਮਦਰਦੀ ਪ੍ਰਗਟਾਈ।
“ਕੋਈ ਨ੍ਹੀਂ! ਇਨ੍ਹਾਂ ਨੂੰ ਤਾਂ ਛੱਡ ਦੇਣਗੇ। ਸਰਕਾਰੀ ਨੌਕਰ ਜੁ ਹੋਏ!” ਮੌਲਵੀ ਹੱਸਿਆ। ਸਾਨੂੰ ਵੀ ਅੰਦਰੇ-ਅੰਦਰ ਆਸ ਸੀ ਕਿ ਉਹ ਸਾਡਾ ਅਤਾ-ਪਤਾ ਕਰਕੇ ਸਾਨੂੰ ਛੱਡ ਦੇਣਗੇ। ਜਦੋਂ ਸਾਡੇ ਕਾਗਜ਼ ਪੱਤਰ ਤਿਆਰ ਹੋਣ ਲੱਗੇ ਤਾਂ ਅਸੀਂ ਮੁਨਸ਼ੀ ਨੂੰ ਆਪਣੇ ਅਧਿਆਪਕ ਹੋਣ ਅਤੇ ਇਸ ਲਹਿਰ ਨਾਲ ਕੋਈ ਸਬੰਧ ਨਾ ਹੋਣ ਬਾਰੇ ਦੱਸਿਆ। ਕੋਲ ਆਉਂਦਿਆਂ ਥਾਣਾ ਮੁਖੀ ਮੁੱਛਾਂ ‘ਚੋਂ ਖਚਰਾ ਜਿਹਾ ਹੱਸਦਿਆਂ ਬੋਲਿਆ, “ਵਰਿਆਮ ਸਿੰਅ੍ਹਾਂ! ਸਰਕਾਰੀ ਕਾਗਜ਼ਾਂ ‘ਚ ਏਡਾ ਵੱਡਾ ਨਾਉਂ ਏ ਤੇਰਾ! ਹੁਣ ਬਚ ਕੇ ਕਿੱਧਰ ਜਾਣਾ ਚਾਹੁੰਨੈਂ?”
ਜ਼ਾਹਰ ਹੈ, ‘ਸਰਕਾਰੀ ਕਾਗਜ਼’ ਵੇਖੇ ਜਾ ਚੁਕੇ ਸਨ। ਈਸਾਪੁਰ ਤੇ ਮੌਲਵੀ ਨੇ ਠਹਾਕਾ ਮਾਰਿਆ। ਹੁਣ ਮੈਨੂੰ ਵੀ ਹੱਸਣਾ ਪੈਣਾ ਸੀ। ਮੈਨੂੰ ਅਫਸੋਸ ਸੀ ਕਿ ਮੇਰੇ ਕਰਕੇ ਵਿਚਾਰਾ ਅਮਰ ਸਿੰਘ ਮੁਫਤ ਵਿਚ ਫਸ ਗਿਆ ਪਰ ਉਸ ਨੇ ਦਿਲ ਕਰੜਾ ਰੱਖਿਆ ਤੇ ਅਸੀਂ ਰਲੇ ਸਾਥ ਹੱਸਦੇ-ਹਸਾਉਂਦੇ ਸ਼ਾਮ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਪਹੁੰਚ ਗਏ। ਸਾਡੇ ਉਤੇ ਅਮਨ-ਕਾਨੂੰਨ ਭੰਗ ਕਰਨ, ਅੱਗ ਲਾਉਣ, ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ, ਦਫਾ ਚੁਤਾਲੀ ਤੋੜਨ ਤੋਂ ਲੈ ਕੇ ਇਰਾਦਾ ਕਤਲ ਤੱਕ ਦੀਆਂ ਅੱਠ ਦਫਾਵਾਂ ਲਾਈਆਂ ਗਈਆਂ। ਕਾਲਜਾਂ ਦੇ ਵਿਦਿਆਰਥੀ, ਅੰਦੋਲਨ ਦੀ ਮਦਦ ਕਰਦੇ ਅਕਾਲੀ, ਕਮਿਊਨਿਸਟ, ਨਕਸਲੀਏ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ‘ਚ ਪਹੁੰਚਾ ਦਿੱਤੇ ਗਏ। ਅੰਮ੍ਰਿਤਸਰ ਜ਼ਿਲ੍ਹੇ ਦਾ ਸਰਕਾਰ ਵਿਰੋਧੀ ‘ਖਤਰਨਾਕ ਅਨਸਰ!’ ਬੈਰਕ ਨੰਬਰ ਇੱਕ ‘ਚ ‘ਕੱਠਾ ਕਰ ਦਿੱਤਾ!
ਰਾਤ ਨੂੰ ਬੈਰਕ ‘ਚ ਗ੍ਰਿਫਤਾਰ ਸਿਆਸੀ ਲੋਕਾਂ ਤੇ ਵਿਦਿਆਰਥੀਆਂ ਦਾ ਇਕੱਠ ਹੋਇਆ, ਜਿਸ ਵਿਚ ਬੜੀਆਂ ਤੇਜ਼ ਤਰਾਰ ਤਕਰੀਰਾਂ ਹੋਈਆਂ। ਮਾਸੂਮ ਵਿਦਿਆਰਥੀਆਂ ਦੀਆਂ ਹਿੱਕਾਂ ਵਿਚ ਗੋਲੀ ਮਾਰਨ ਵਾਲੀ ਜ਼ਾਲਮ ਸਰਕਾਰ ਨੂੰ ਨਿੰਦਿਆ ਗਿਆ। ਅਜਿਹੀ ‘ਜ਼ਾਲਮ ਸਰਕਾਰ’ ਨਾਲ ਸਮੂਹਿਕ ਆਧਾਰ ਬਣਾ ਕੇ ਵੱਡੀ ਲੜਾਈ ਲੜਨ ਦਾ ਪ੍ਰਣ ਲਿਆ ਗਿਆ। ਇਸ ਮਕਸਦ ਲਈ ਇੱਕ ‘ਜੇਲ੍ਹ ਕਮੇਟੀ’ ਬਣਾਈ ਗਈ। ਸਰਬਸੰਮਤੀ ਨਾਲ ਮੈਨੂੰ ਜੇਲ੍ਹ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿਚੋਂ ਫੜ੍ਹ ਕੇ ਲਿਆਂਦਾ ਮੇਰੇ ਗੁਆਂਢੀਆਂ ਦਾ ਲੜਕਾ ਰਾਮ (ਜੋ ਪਿਛੋਂ ਲਿਖੀ ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਵਿਚ ‘ਸਰਵਣ’ ਬਣਿਆ) ਮੈਨੂੰ ਉਥੇ ਵੇਖ ਕੇ ਹੌਸਲਾ ਫੜ੍ਹ ਗਿਆ। ਉਹਦਾ ਅੰਦੋਲਨ ਜਾਂ ਕਿਸੇ ਤਰ੍ਹਾਂ ਦੀ ਰਾਜਸੀ ਸੋਚ ਨਾਲ ਕੋਈ ਸਬੰਧ ਨਹੀਂ ਸੀ। ਉਹ ਵੀ ‘ਐਵੇਂ’ ਕਾਬੂ ਆ ਗਿਆ ਸੀ।
ਕਾਬੂ ਤਾਂ ਕਈ ਇਹੋ ਜਿਹੇ ਲੋਕ ਵੀ ਆਏ, ਜਿਨ੍ਹਾਂ ਦਾ ਇਸ ਅੰਦੋਲਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਇੱਕ ਰਿਕਸ਼ਾ ਚਾਲਕ ਮੁੰਡਾ ਇਸ ਲਈ ਧਰ ਲਿਆ ਗਿਆ ਕਿਉਂਕਿ ਉਸ ਨੇ ਪਟੇ ਬੜੇ ਸਵਾਰ ਕੇ ਵਾਹੇ ਸਨ! ਮਿੰਨਤਾਂ ਤਰਲੇ ਕਰਦਿਆਂ ਵੀ ਉਸ ਨੂੰ ਵਿਦਿਆਰਥੀ ‘ਤਸੱਵਰ’ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਜਸਵੰਤ ਸਿੰਘ ਖਾਲੜਾ ਜੋ ਪਿੱਛੋਂ ‘ਅਣਪਛਾਤੀਆਂ ਲਾਸ਼ਾਂ’ ਦੇ ਮੁੱਦੇ ‘ਤੇ ਬੋਲਣ ਕਰਕੇ ਆਪ ਹੀ ‘ਅਣਪਛਾਤੀ ਲਾਸ਼’ ਬਣਾ ਦਿੱਤਾ ਗਿਆ, ਉਦੋਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿਚ ਬੀ. ਏ. ਦਾ ਵਿਦਿਆਰਥੀ ਸੀ। ਮੇਰੇ ਇਲਾਕੇ ਦਾ ਹੋਣ ਕਰਕੇ ਉਹ ਮੇਰਾ ਸਤਿਕਾਰ ਕਰਦਾ ਤੇ ਮੇਰੇ ਲਾਗੇ-ਲਾਗੇ ਰਹਿੰਦਾ। ਉਸ ਨੂੰ ਮੁੱਢਲੀ ਵਿਚਾਰਧਾਰਕ ‘ਪਾਹੁਲ’ ਸਾਡੇ ਅੰਗ-ਸੰਗ ਰਹਿ ਕੇ ਪ੍ਰਾਪਤ ਹੋਈ।
ਅਸੀਂ ਵੱਖੋ ਵੱਖਰੇ ਸਿਆਸੀ ਵਿਚਾਰਾਂ ਵਾਲੇ ਲੋਕਾਂ ਨਾਲ ਭਾਈਚਾਰਕ ਬਹਿਸਾਂ ਕਰਦੇ। ਬਹੁਤਾ ਟਕਰਾਓ ਸਾਡਾ ਅਤੇ ਅਕਾਲੀਆਂ ਦਾ ਹੁੰਦਾ। ਉਹ ਕਮਿਊਨਿਸਟਾਂ ਦੇ ਆਪੋ ਵਿਚ ਵੰਡੇ ਹੋਣ, ਨਾਸਤਕ ਹੋਣ ਅਤੇ ਚੀਨ ਤੇ ਰੂਸ ਦੇ ਏਜੰਟ ਹੋਣ ਦਾ ਮਿਹਣਾ ਮਾਰਦੇ। ਅਸੀਂ ‘ਸੱਚੀ ਸਿੱਖੀ’ ਅਤੇ ਅਜੋਕੇ ਆਗੂਆਂ ਦੀ ‘ਦੰਭੀ ਅਤੇ ਵਿਖਾਵੇ ਵਾਲੀ ਸਿੱਖੀ’ ਉਤੇ ਚੋਟ ਕਰਦੇ। ਦਰਸ਼ਨ ਸਿੰਘ ਈਸਾਪੁਰ ਤੇ ਅਜੀਤ ਸਿੰਘ ਮੌਲਵੀ ਸਾਡੇ ਨਾਲ ਰਲ ਕੇ ਦੰਭੀ ਸਿੱਖੀ ਦਾ ਵਿਰੋਧ ਵੀ ਕਰਦੇ, ਪਰ ਨਾਲ ਹੀ ਇਸ ਗੱਲ ਉਤੇ ਵੀ ਜ਼ੋਰ ਦਿੰਦੇ ਕਿ ਮਾਰਕਸਵਾਦ ਨੂੰ ਭਾਰਤ ਦੀਆਂ ਠੋਸ ਹਾਲਤਾਂ ਸਮਝ ਕੇ ਹੀ ਲਾਗੂ ਕੀਤਾ ਜਾਣਾ ਚਾਹੀਦੈ। ਆਪਣੇ ਇਤਿਹਾਸ ਦੇ ਇਨਕਲਾਬੀ ਅੰਸ਼ਾਂ ਨਾਲ ਇਸ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਪੰਜਾਬ ਵਿਚ ਸਿੱਖੀ ਤੋਂ ਵੱਧ ਇਨਕਲਾਬੀ ਸੋਚ ਹੋਰ ਕਿਹੜੀ ਹੋ ਸਕਦੀ ਹੈ?
(ਚਲਦਾ)