ਐਸ਼ ਅਸ਼ੋਕ ਭੌਰਾ
ਸਤਿਕਾਰ ਨਾਲ ਉਨ੍ਹਾਂ ਪੁਰਸ਼ਾਂ ਨੂੰ ਮਹਾਂਪੁਰਸ਼ਾਂ ਵਾਂਗ ਯਾਦ ਕੀਤਾ ਜਾਂਦਾ ਹੈ, ਜੋ ਜਦੋਂ ਦੁਨੀਆਂ ਸੁੱਤੀ ਪਈ ਹੋਵੇ ਤੇ ਉਹ ਜਾਗਦੇ ਹੀ ਨਹੀਂ, ਔਖੇ ਅਤੇ ਮਹਾਨ ਕਾਰਜ ਕਰਦੇ ਰਹੇ ਹੋਣ। ਪੰਥ ਦੀ ਮਹਾਨ ਸੰਗੀਤਕ ਤੇ ਸਾਹਿਤਕਾਰ ਹਸਤੀ ਢਾਡੀ ਗੁਰਚਰਨ ਸਿੰਘ ਗੋਹਲਵੜ ਦੇ ਪਰਿਵਾਰ ਵੱਲ ਜਦੋਂ ਦੇਖਦੇ ਹਾਂ ਤਾਂ ਉਕਤ ਕਥਨ ਸੱਚ ਹੀ ਨਹੀਂ ਹੁੰਦਾ ਸਗੋਂ ਇਹ ਵੀ ਮੰਨਣਾ ਪੈਂਦਾ ਹੈ ਕਿ ਕਲਾ ਨਾਲੋਂ ਕਲਾਕਾਰੀ ਵੱਡੀ ਹੁੰਦੀ ਹੈ, ਜੋ ਗ੍ਰਹਿਸਥ ਦਾ ਹਾਰ ਸ਼ਿੰਗਾਰ ਵੀ ਕਰ ਲੈਂਦੀ ਹੈ। ਗੋਹਲਵੜ ਦੇ ਤਿੰਨਾਂ ਪੁੱਤਰਾਂ-ਉਪਕਾਰ ਸਿੰਘ, ਗੁਰਮੀਤ ਸਿੰਘ ਤੇ ਸੁਖਦੇਵ ਸਿੰਘ ਨੇ ਇਹ ਸੱਚ ਕਰਕੇ ਵਿਖਾਇਆ ਹੈ ਕਿ ਬਾਪੂ ਨੂੰ ਹੀ ਨਹੀਂ ਸਗੋਂ ਵਿਰਸਾ ਵੀ ਇੰਜ ਸੰਭਾਲੀਦਾ ਹੈ।
ਢਾਡੀ ਗੁਰਚਰਨ ਸਿੰਘ ਗੋਹਲਵੜ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਕਰੀਬ ਛੱਬੀ ਸਾਲ ਪੁਰਾਣੀ ਯਾਦ ਸਾਂਝੀ ਕਰਨ ਲੱਗਾ ਹਾਂ। ਕਹਾਣੀ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਅਖਬਾਰ ‘ਅਜੀਤ’ ਜ਼ਰੀਏ ਲੜੀਵਾਰ ਲਿਖ ਰਿਹਾ ਸਾਂ। ਪੰਜਾਬ ਐਂਡ ਸਿੰਧ ਬੈਂਕ ਦੇ ਲੈਟਰ ਹੈਡ ‘ਤੇ ਇੱਕ ਚਿੱਠੀ ਮਿਲੀ, ਉਪਕਾਰ ਸਿੰਘ ਹੋਰਾਂ ਦੀ। ਇੱਕ ਮੈਨੇਜਰ ਦੀ ਹੈਸੀਅਤ ਵਿਚ ਉਸ ਨੇ ਲਿਖਿਆ ਕਿ ਤੁਸੀਂ ਢਾਡੀਆਂ ਬਾਰੇ ਲਿਖ ਰਹੇ ਹੋ, ਫਿਰ ਮੇਰੇ ਪਿਤਾ ਗੁਰਚਰਨ ਸਿੰਘ ਗੋਹਲਵੜ ਬਿਨਾ ਇਹ ਬਾਤ ਅਧੂਰੀ ਰਹੇਗੀ। ਨਿਆਣੀ ਉਮਰੇ ਢਾਡੀਆਂ ਬਾਰੇ ਪੁਸਤਕ ਤਾਂ ਲਿਖ ਦਿੱਤੀ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਉਸ ਅਧੂਰੀ ਕਹਾਣੀ ਨੂੰ ਪੂਰਿਆਂ ਕਰਨ ਦਾ ਮਾਣ ਫਿਰ ਮੇਰੇ ਹੀ ਹਿੱਸੇ ਆਇਆ ਹੈ। ਕਿਉਂਕਿ ਗੋਹਲਵੜ ਬਾਰੇ ਤਾਂ ਗੱਲ ਨਹੀਂ ਕਰ ਸਕਿਆ ਪਰ ਬਾਤ ਮੁੜ ਢਾਡੀ ਇਤਿਹਾਸ ਦੀ ਉਥੋਂ ਹੀ ਮੈਨੂੰ ਸ਼ੁਰੂ ਕਰਨੀ ਪਈ। ਪੀੜਾ ਜੋ ਹੋਰ ਮਹਿਸੂਸ ਕਰਦਾ ਹਾਂ, ਉਹ ਇਹ ਵੀ ਹੈ ਕਿ 1988 ਵਿਚ ਇਹ ਹਸਤੀ ਸਾਹਾਂ ਦਾ ਪੁਤਲਾ ਸੀ ਤੇ ਅੱਜ ਜਦੋਂ ਉਹ ਨਹੀਂ ਰਿਹਾ ਤਾਂ ਸ਼ਬਦਾਂ ਨੂੰ ਸ਼ਰਧਾਂਜਲੀ ਵਾਲੀਆਂ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਹਨ। ਖੈਰ! ਮੇਰੇ ਹਿੱਸੇ ਦਾ ਕੰਮ ਮੈਨੂੰ ਹੀ ਕਰਨਾ ਪੈਣਾ ਸੀ।
ਜਿਹੜੇ ਫੁੱਲ ਨੂੰ ਖਿੜ੍ਹਦਿਆਂ ਵੇਖ ਕੇ ਜੀਵਨ ਚਾਲ ਚੱਲਦੇ ਹਨ, ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋ ਜਾਂਦਾ ਹੈ ਕਿ ਮੁਰਝਾਉਣ ਵੇਲੇ ਐਵੇਂ ਉਦਾਸੀ ਦੀਆਂ ਮੁੱਠੀਆਂ ਨਹੀਂ ਘੁੱਟੀਦੀਆਂ। ਗੋਹਲਵੜ ਦੀ ਰਚਨਾ ਸ਼ੈਲੀ ‘ਚੋਂ ਇਹੋ ਸਭ ਕੁਝ ਝਲਕਦਾ ਤੇ ਛਲਕਦਾ ਹੈ। ਜਿਨ੍ਹਾਂ ਨੂੰ ਢਾਡੀ ਕਲਾ ਨਾਲ ਮੋਹ ਹੈ, ਢਾਡੀਆਂ ਦਾ ਸਤਿਕਾਰ ਹੈ, ਉਹ ਗੋਹਲਵੜ ਦੀ ਇਸ ਪ੍ਰਾਪਤੀ ਨੂੰ ਹੁੱਬ ਕੇ ਦੱਸਣਗੇ ਕਿ ਸੰਨ 1965 ਅਤੇ 1971 ਦੀ ਪਾਕਿਸਤਾਨ ਨਾਲ ਜੋ ਜੰਗਾਂ ਜਿੱਤੀਆਂ ਗਈਆਂ, ਉਨ੍ਹਾਂ ਲਈ ਢਾਡੀਆਂ ਦਾ ਵੀ ਯੋਗਦਾਨ ਸੀ। ਜਦੋਂ ਫੌਜੀ ਗੋਲੀਆਂ, ਗੋਲੇ ਤੇ ਤੋਪਾਂ ਚਲਾ ਰਹੇ ਸਨ ਤਾਂ ਸਰਹੱਦ ‘ਤੇ ਢਾਡੀਆਂ ਦੀਆਂ ਵਾਰਾਂ ਸੁਣ ਕੇ ਫੌਜੀ ਮਰ ਮਿਟਣ ਲਈ ਅੱਗ ਦੀਆਂ ਨਾਲਾਂ ਬਣ ਜਾਂਦੇ ਸਨ। ਉਸ ਵੇਲੇ ਦੇ ਕਿਸੇ ਫੌਜੀ ਜਰਨੈਲ ਨੂੰ ਪੁੱਛ ਕੇ ਵੇਖਿਓ ਕਿ ਕਿਵੇਂ ਉਦੋਂ ਗੁਰਚਰਨ ਸਿੰਘ ਗੋਹਲਵੜ ਨੇ ਜੋਸ਼ ਤੇ ਜੁੱਸੇ ਦੇ ਜਿਹੜੇ ਧਮਾਕੇ ਜੋਸ਼ੀਲੇ ਭਾਸ਼ਣ ਤੇ ਗਰਮ ਜੋਸ਼ੀਲੀਆਂ ਵਾਰਾਂ ਨਾਲ ਕੀਤੇ ਸਨ, ਸਿੱਖ ਇਤਿਹਾਸ ਦੀ ਪ੍ਰੋੜਤਾ ਕਰਦਿਆਂ ਫੌਜੀਆਂ ਅੰਦਰ ਭਰ ਦਿੱਤਾ ਸੀ ਕਿ ਖੰਡੇ ਦੀ ਧਾਰ ‘ਤੇ ਨੱਚੀਦਾ ਕਿਵੇਂ ਹੈ? ਉਦੋਂ ਗੋਹਲਵੜ ਆਪਣੇ ਜਥੇ ਨਾਲ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਇਉਂ ਦੇਸ਼ ਦੀ ਸੇਵਾ ਸਰਹੱਦ ‘ਤੇ ਕਰ ਆਇਆ ਸੀ।
ਪਿੰਡ ਗੋਹਲਵੜ ਪਹਿਲਾਂ ਅੰਮ੍ਰਿਤਸਰ ਵਿਚ ਤੇ ਹੁਣ ਜਿਲ੍ਹਾ ਤਰਨ ਤਾਰਨ ‘ਚ ਚਲੇ ਗਿਆ ਹੈ। ਇਹ ਨਾਂ ਲਬਾਂ ‘ਤੇ ਆਉਂਦਿਆਂ ਹੀ ਮਹਾਨ ਵਿਰਸੇ ਤੇ ਇਤਿਹਾਸ ਦੀਆਂ ਫਿਰਕੀਆਂ ਮਨ ਅੰਦਰ ਘੁੰਮਣ ਲੱਗ ਪੈਂਦੀਆਂ ਹਨ। ਢਾਡੀ ਕਲਾ ਦੀ ਦਸਤਾਵੇਜ਼ੀ ਗੁਰਚਰਨ ਸਿੰਘ ਦੇ ਮਹਾਨ ਕਾਰਜ ਨਾਲ ਅੱਖਾਂ ਅੱਗੇ ਚੱਲਣ ਲੱਗ ਪੈਂਦੀ ਹੈ ਤੇ ਸਿੱਖ ਇਤਿਹਾਸ ਦੀ ਪੈੜ ‘ਚ ਵਸਿਆ ਇਹ ਉਹੀ ਪਿੰਡ ਹੈ, ਜਿਥੋਂ ਬਾਬਾ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਬਿਗਲ ਵਜਾਇਆ ਸੀ। ਪ੍ਰਸਿੱਧੀ ਪੱਖੋਂ ਇਹ ਦੋ ਧਾਰਨਾਵਾਂ ਗੋਹਲਵੜ ਨਾਲ ਜੁੜਦੀਆਂ ਹਨ ਤੇ ਤੀਜੀ ਘਟਨਾ ਇਹ ਹੈ ਕਿ ਇਹ ਦੋ ਮਸ਼ਹੂਰ ਸ਼ਹਿਰਾਂ ਵਿਚਾਲੇ ਵਸਿਆ ਹੋਇਆ ਹੈ, ਜਿੰਨਾ ਦੂਰ ਤਰਨ ਤਾਰਨ ਤਂੋ ਹੈ, ਉਨ੍ਹਾਂ ਹੀ ਅੰਮ੍ਰਿਤਸਰ ਤੋਂ।
ਸਿੱਖ ਜਗਤ ਵਿਚ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੇ ਬਿਰਤਾਂਤਾਂ, ਸ਼ਹੀਦੀ ਸਾਕਿਆਂ ਅਤੇ ਘੱਲੂਘਾਰਿਆਂ ਵਿਚ ਸਿੱਖ ਸੂਰਮਿਆਂ ਦੀ ਦਲੇਰੀ ਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਵਾਰਾਂ ਵਿਚ ਗੁੰਦ ਕੇ ਢੱਡ ਸਾਰੰਗੀ ਨਾਲ ਪੇਸ਼ ਕਰਨ ਦੀ ਰੀਤ ਯੁਗਾਂ ਪੁਰਾਣੀ ਹੈ। 1609 ਈਸਵੀ ਵਿਚ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਵੇਲੇ ਢਾਡੀ ਇਤਿਹਾਸ ਨੱਥਾ ਤੇ ਅਬਦੁੱਲਾ ਤੋਂ ਅਰੰਭਿਆ ਸੀ ਪਰ ਇਸ ਨੂੰ ਨਵੀਆਂ ਰੰਗਤਾਂ ਦੇਣ ਵਿਚ ਗੋਹਲਵੜ ਵਰਗੇ ਮਹਾਨ ਸਿੱਖ ਸਾਹਿਤਕਾਰਾਂ ਤੇ ਢਾਡੀਆਂ ਦਾ ਵੀ ਵਡਮੁੱਲਾ ਯੋਗਦਾਨ ਅਗਲੀਆਂ ਪੀੜ੍ਹੀਆਂ ਲਈ ਨਵਾਂ ਮਾਰਗ ਦਿਖਾਉਣ ਵਾਲਾ ਰਹੇਗਾ।
ਜੋਸ਼ ਤੇ ਲਗਨ ਦੀ ਜਿਹੜੀ ਚਿਣਗ ਢਾਡੀ ਗੋਹਲਵੜ ਅੰਦਰ ਸੀ, ਉਹਦੀ ਇੱਥੇ ਇੱਕ ਹੋਰ ਮਿਸਾਲ ਪੇਸ਼ ਕਰ ਰਿਹਾ ਹਾਂ ਕਿ ਉਹਨੇ ਅਮਲੀ ਰੂਪ ਵਿਚ ਸਿੱਧ ਕਰ ਦਿੱਤਾ ਸੀ ਕਿ ਲਿਖਤਾਂ ਤਖਤ ਕਿਵੇਂ ਕੰਬਣ ਲਾਉਂਦੀਆਂ ਹਨ। ਸੰਨ 1965 ਦੀ ਜੰਗ ਵੇਲੇ ਢਾਡੀ ਗੋਹਲਵੜ ਨੇ ਭੁੱਟੋ ਤੇ ਯਾਕੂਬ ਖਾਂ ਨੂੰ ਸੰਬੋਧਨ ਕਰਕੇ ਲਿਖੀ ਵਾਰ ਆਕਾਸ਼ਵਾਣੀ ਜਲੰਧਰ ਤੋਂ ਗਾ ਕੇ ਤਰਥੱਲੀ ਮਚਾ ਦਿੱਤੀ ਸੀ ਤੇ ਅਜਿਹੀਆਂ ਕਰੀਬ ਪੰਜਾਹ ਕੁ ਵਾਰਾਂ ਇਸ ਮਹਾਨ ਢਾਡੀ ਦੇ ਹਿੱਸੇ ਮਾਣ ਨਾਲ ਜੁੜੀਆਂ ਹੋਈਆਂ ਹਨ।
ਘਰ ਦੇ ਮਾਹੌਲ ਤੇ ਸਿੱਖੀ ਵਿਰਸੇ ਵਿਚ ਗਹਿਗੱਚ ਪਰਿਵਾਰ ਦੀਆਂ ਪੈੜਾਂ ਵਿਚ ਉਹਨੇ ਪੈਰ ਧਰਿਆ ਸੀ। ਹਾਲਾਂਕਿ ਇਸ ਗੱਲ ਨੂੰ ਵੀ ਉਹ ਸਵੀਕਾਰ ਕਰਦਾ ਰਿਹਾ ਹੈ ਕਿ ਇੱਕ ਸਿਹਤਮੰਦ ਤਾਅਨੇ ਨੇ ਉਸ ਨੂੰ ਪੰਥ ਦਾ ਮਹਾਨ ਢਾਡੀ ਬਣਨ ਲਈ ਰਾਹ ਪੱਧਰਾ ਕਰਕੇ ਦਿੱਤਾ ਸੀ। ਕਹਾਣੀ ਇਉਂ ਹੈ ਕਿ ਢਾਡੀ ਗੁਰਚਰਨ ਸਿੰਘ ਗੋਹਲਵੜ ਦੇ ਪਿਤਾ ਗਿਆਨੀ ਗੋਪਾਲ ਸਿੰਘ ਆਪਣੇ ਸਮੇਂ ਦੇ ਮਹਾਨ ਢਾਡੀ ਸਨ, ਜਿਨ੍ਹਾਂ ਬਾਰੇ ਮਾਝੇ ਵਿਚ ਪਰਪੱਕ ਧਾਰਨਾ ਹੈ ਕਿ ਜਦੋਂ ਗਿਆਨੀ ਗੋਪਾਲ ਸਿੰਘ ਬਿਨਾ ਸਾਊਂਡ ਸਿਸਟਮ ਤੋਂ ਦੀਵਾਨ ਲਾਉਂਦੇ ਸਨ ਤਾਂ ਉਨ੍ਹਾਂ ਦੀ ਆਵਾਜ਼ ਆਸ-ਪਾਸ ਦੇ ਚਾਰ ਚਾਰ ਪਿੰਡਾਂ ਵਿਚ ਸੁਣਦੀ ਸੀ। ਸਾਲ 1946 ਵਿਚ ਜਦੋਂ ਗੁਰਚਰਨ ਸਿੰਘ ਗੋਹਲਵੜ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਪੜ੍ਹਦਾ ਸੀ ਤਾਂ ਉਹਦੇ ਅੰਦਰ ਰੀਝਾਂ ਡਾਕਟਰ ਬਣਨ ਦੇ ਪਲਸੇਟੇ ਮਾਰ ਰਹੀਆਂ ਸਨ। ਕਿਤੇ ਕਿਸੇ ਮਿੱਤਰ ਪਿਆਰੇ ਨੇ ਮਿਹਣਾ ਮਾਰ’ਤਾ ਗਿਆਨੀ ਗੋਪਾਲ ਸਿੰਘ ਨੂੰ ਕਿ ‘ਤੇਰਾ ਪੁੱਤਰ ਢਾਡੀਆਂ ਦੇ ਨੇੜਿਓਂ ਵੀ ਨਹੀਂ ਲੰਘਦਾ, ਨਾਲੇ ਕਿਹੜਾ ਬੋਹੜ ਹੇਠਾਂ ਬੋਹੜ ਲੱਗਦਾ ਐ।’ ਬੋਲੀ ਗੋਲੀ ਵਾਂਗ ਅੰਦਰ ਧਸ ਗਈ ਤੇ ਗੁਰਚਰਨ ਸਿੰਘ ਨੇ ਫੈਸਲਾ ਲੈ ਲਿਆ ਕਿ ਬੋਹੜ ਹੇਠਾਂ ਬੋਹੜ ਤਾਂ ਲੱਗੇਗਾ ਹੀ ਸਗੋਂ ਸੰਘਣਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਹੋਵੇਗਾ। ਇਉਂ ਗੋਹਲਵੜ ਦੀ ਜ਼ਿੰਦਗੀ ਕਲਾ ਦੇ ਰਸਤੇ ਤੁਰ ਪਈ।
ਕਲਾ ਦੇ ਜਿਸ ਦਰ ‘ਤੇ ਸਿਰ ਆਪਣੇ ਆਪ ਸੋਹਣ ਸਿੰਘ ਸੀਤਲ ਵਾਂਗ ਝੁੱਕ ਜਾਂਦਾ ਹੈ, ਉਹ ਦਰ ਗੁਰਚਰਨ ਸਿੰਘ ਗੋਹਲਵੜ ਦਾ ਵੀ ਹੈ। ਸਹੀ ਅਰਥਾਂ ਵਿਚ ਉਸ ਨੂੰ ਢਾਡੀ ਕਲਾ ਦਾ ਮੁਕੰਮਲ ਹਸਤਾਖਰ ਅਤੇ ਸ਼ਾਹ ਸਵਾਰ ਕਿਹਾ ਹੀ ਜਾ ਸਕਦਾ ਹੈ। ਉਹ ਮੰਨਦਾ ਰਿਹਾ ਹੈ ਕਿ ਉਸ ਅੰਦਰ ਜਾਗੀ ਕਲਾ ਨੂੰ ਸ਼ਿੰਗਾਰਨ ਵਿਚ ਪਿਤਾ ਤੋਂ ਬਾਅਦ ਮਾਤਾ ਪ੍ਰੀਤਮ, ਸੁਪਤਨੀ ਜੋਗਿੰਦਰ ਕੌਰ ਅਤੇ ਛੋਟੇ ਭਰਾ ਸਵਿੰਦਰ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ।
ਪਹਿਲਾਂ ਪਹਿਲ ਉਹ ਆਪਣੇ ਪਿਤਾ ਦੇ ਢਾਡੀ ਜਥੇ ਨਾਲ ਜੁੜਿਆ ਰਿਹਾ। ਫਿਰ ਆਪਣਾ ਅਲੱਗ ਜਥਾ ਬਣਾ ਲਿਆ ਤੇ ਇੱਕ ਤਰ੍ਹਾਂ ਨਾਲ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਤੇ ਵਿਦੇਸ਼ਾਂ ਵਿਚ ਇਸ ਧਾਰਨਾ ‘ਤੇ ਮੋਹਰ ਲੁਆ ਲਈ ਕਿ ਗੁਰਚਰਨ ਸਿੰਘ ਢਾਡੀ ਕਲਾ ਦਾ ‘ਕੋਹੇਨੂਰ’ ਸੱਚੀਂ ਗਿਣਿਆ ਜਾਣਾ ਚਾਹੀਦਾ ਹੈ।
ਇੱਕ ਸ਼ਾਇਰ ਤੇ ਸਾਹਿਤਕਾਰ ਦੀ ਨਿਪੁੰਨਤਾ ਵਜੋਂ ਗੋਹਲਵੜ ‘ਤੇ ਕਿਤੇ ਵੀ ਪ੍ਰਸ਼ਨ ਚਿੰਨ ਨਹੀਂ ਲਾਇਆ ਜਾ ਸਕਦਾ। ਜੰਗਾਂ ਦੇ ਸਮੇਂ ਵਿਚ ‘ਸਿੱਖ ਰਾਜ ਕਿਵੇਂ ਗਿਆ’, ‘ਸ਼ਹੀਦ ਊਧਮ ਸਿੰਘ’ ਤੇ ‘ਭਗਤ ਸਿੰਘ’ ਦੀਆਂ ਅਜਿਹੀਆਂ ਵਾਰਾਂ ਉਹਨੇ ਆਪ ਲਿਖ ਕੇ ਢੱਡ ਸਾਰੰਗੀ ‘ਤੇ ਜਦੋਂ ਪੇਸ਼ ਕੀਤੀਆਂ ਤਾਂ ਹਰ ਦੀਵਾਨ ਵਿਚ ਅਤੇ ਹਰ ਜ਼ੁਬਾਨ ‘ਤੇ ਇਨ੍ਹਾਂ ਦੀ ਚੁੰਝ ਚਰਚਾ ਚੱਲੀ। ਉਂਜ ਉਸ ਵੱਲੋਂ ਰਚੇ ਸਾਹਿਤ ਦੀ ਸੂਚੀ ਬੜੀ ਲੰਬੀ ਹੈ, ਵਾਰਾਂ, ਪ੍ਰਸੰਗ ਰਿਕਾਰਡ ਕਰਾ ਕੇ ਬਹੁਤ ਵੱਡਾ ਮਾਣ ਦਿੱਤਾ ਤੇ ਸਿਮਰਨ ਵੀਡੀਓ ਵਾਲਿਆਂ ਨੇ ਸ਼ਾਮ ਸਿੰਘ ਅਟਾਰੀ ਪ੍ਰਸੰਗ ਨੂੰ ਵੀਡੀਓ ਰੂਪ ਵਿਚ ਪੇਸ਼ ਕਰਕੇ ਤੇ ਸਾਂਭ ਕੇ, ਆਉਣ ਵਾਲੇ ਢਾਡੀਆਂ ਨੂੰ ਅਗਵਾਈ ਲੈਣ ਲਈ ਦੱਸਿਆ ਹੈ ਕਿ ਵੇਖੋ ਤੇ ਸੁਣੋ, ‘ਆਹ ਹੁੰਦਾ ਸੀ ਗੁਰਬਚਨ ਸਿੰਘ ਗੋਹਲਵੜ।’ ਉਂਜ Ḕਸਰਬ ਸਾਂਝੀ ਗੁਰਬਾਣੀḔ ਕੰਪਨੀ ਵੱਲੋਂ ਵੀ ਪੇਸ਼ ਕੀਤੀਆਂ ਦੋ ਐਲਬਮਾਂ ‘ਸਿੱਖਾਂ ਦੀ ਪਹਿਲੀ ਜੰਗ’ ਅਤੇ ‘ਸਿੱਖ ਰਾਜ ਕਿਵੇਂ ਗਿਆ’ ਨੂੰ ਵੀ ਢਾਡੀ ਪ੍ਰੇਮੀਆਂ ਨੇ ਰੱਜ ਕੇ ਹੁੰਗਾਰਾ ਦਿੱਤਾ ਸੀ। ਨਾਲ ਹੀ ਗੋਹਲਵੜ ਨੇ ਦਰਸ਼ਨ ਸਿੰਘ ਫੇਰੂਮਾਨ ਅਤੇ 1947 ਦੀ ਵੰਡ ‘ਤੇ ਏਨਾ ਕੁਝ ਲਿਖਿਆ ਤੇ ਵਾਰਾਂ ਦੇ ਰੂਪ ਵਿਚ ਗਾਇਆ ਕਿ ਇਸ ਦੀ ਪੀੜਾ ਨਾਲ ਆਮ ਅੱਖ ਗਿੱਲੀ ਹੋ ਜਾਂਦੀ ਸੀ।
ਭਲੇ ਵੇਲਿਆਂ ਵਿਚ ਦੂਰਦਰਸ਼ਨ ਅਤੇ ਰੇਡੀਓ ਤੋਂ ਸਭ ਤੋਂ ਵੱਧ ਹਾਜ਼ਰੀ ਭਰਨ ਵਾਲਾ ਵੀ ਗੁਰਚਰਨ ਸਿੰਘ ਗੋਹਲਵੜ ਹੀ ਹੁੰਦਾ ਸੀ। ਜ਼ਿੰਦਗੀ ਵਿਚ ਮਹਾਨ ਹੋਣ ਦਾ ਸੰਕਲਪ, ਪ੍ਰਸਿੱਧ ਹੋਣ ਦਾ ਵਲਵਲਾ ਪੈਦਾ ਤਾਂ ਹਰੇਕ ਇਨਸਾਨ ਅੰਦਰ ਹੋ ਜਾਂਦਾ ਹੈ ਪਰ ਇਸ ਨੂੰ ਫਿੱਕੀ ਤੋਂ ਗੂੜ੍ਹੀ ਕਰਨ, ਸਤਿਕਾਰ ਵਾਲੀ ਚਮਕ ਦੇਣ ਲਈ ਔਖੇ ਕੰਮਾਂ ਨੂੰ ਲਗਾਤਾਰ ਕਰਨਾ ਪਵੇਗਾ। ਵੱਧ ਯੋਗਤਾ ਹੀ ਭੀੜ ‘ਚੋਂ ਅਲੱਗ ਕਰਦੀ ਹੈ ਤੇ ਜੋ ਕੁਝ ਗੋਹਲਵੜ ਨੇ ਆਪਣੇ ਸੱਤਰ ਵਰ੍ਹਿਆਂ ਦੇ ਮਾਣਮੱਤੇ ਪੰਧ ਵਿਚ ਕੀਤਾ ਹੈ, ਉਹਦੇ ਨਾਲ ਕਿਹਾ ਹੀ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਵਕਤ ਦੀਆਂ ਆਵਾਜ਼ਾਂ ਸੁਣੀਆਂ ਹਨ, ਉਹ ਜੀਵਨ ਜਾਚ ਵਿਚ ਕਦੇ ਵੀ ਬੇਸੁਰੇ ਨਹੀਂ ਹੋਏ। ਜਿਨ੍ਹਾਂ ਦੇ ਕੰਨ ਬੋਲੇ ਸਨ, ਉਹ ਨਾਲਦਿਆਂ ਨੂੰ ਪੁੱਛਦੇ ਰਹੇ, ‘ਵਕਤ ਕੀ ਕਹਿੰਦਾ ਸੀ, ਪਤਾ ਹੀ ਨ੍ਹੀਂ ਲੱਗਾ ਕਦੋਂ ਲੰਘ ਗਿਆ।’ ਤੇ ਇਹ ਲੋਕ ਵਕਤ ਤੋਂ ਪਹਿਲਾਂ ਗੁਜ਼ਰ ਗਏ ਹੁੰਦੇ ਹਨ।
ਬਾਪ ਦੀ ਵਿਰਾਸਤ ਨੂੰ ਸੰਭਾਲਣ ਵਿਚ ਤਿੰਨੋਂ ਪੁੱਤਰ-ਉਪਕਾਰ, ਗੁਰਮੀਤ ਤੇ ਸੁਖਦੇਵ ਸੁਹਿਰਦ ਹਨ ਅਤੇ ਪਰਿਵਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਮਾਂ ਜੋਗਿੰਦਰ ਕੌਰ ਨਾਲ ਕੈਨੇਡਾ ਰਹਿੰਦੇ ਹਨ। ਗੋਹਲਵੜ ਦੀਆਂ ਦੋਵੇਂ ਧੀਆਂ ਵਰਿੰਦਰ ਕੌਰ ਤੇ ਸ਼ਰਨਜੀਤ ਕੌਰ ਆਪਣੇ ਘਰ-ਪਰਿਵਾਰ ਨਾਲ ਅੰਮ੍ਰਿਤਸਰ ਰਹਿੰਦੀਆਂ ਹਨ।
15 ਮਾਰਚ 1996 ਨੂੰ ਢਾਡੀ ਕਲਾ ਦੇ ਖੇਤਰ ਵਿਚ ਰਾਜ ਕਰਕੇ ਤੁਰ ਜਾਣ ਵਾਲੇ ਗੁਰਚਰਨ ਸਿੰਘ ਗੋਹਲਵੜ ਨੂੰ ਸਤਿਕਾਰ ਦੀਆਂ ਸਾਰੀਆਂ ਅਦਾਵਾਂ ਨਾਲ ਪ੍ਰਣਾਮ ਹੈ।