ਦੋ ਨਿੱਘੀਆਂ ਹਸਤੀਆਂ ਦੀ ਯਾਦ ਵਿਚ

ਗੁਲਜ਼ਾਰ ਸਿੰਘ ਸੰਧੂ
2017 ਦੀ ਕ੍ਰਿਸਮਸ ਨੇ ਸਾਨੂੰ ਦੋ ਬਹੁਤ ਪਿਆਰੇ ਤੇ ਪਤਵੰਤੇ ਸੱਜਣਾਂ ਦੀ ਨਿੱਘੀ ਯਾਦ ਦਿਵਾਈ ਹੈ। 24 ਦਸੰਬਰ ਮੁਕਤਸਰ ਸਾਹਿਬ ਵਾਲੇ ਭਾਈ ਨਰਿੰਦਰ ਸਿੰਘ ਦੀ ਅੰਤਿਮ ਅਰਦਾਸ ਦਾ ਦਿਨ ਸੀ ਤੇ 25 ਦਸੰਬਰ ਗਿਆਨੀ ਜ਼ੈਲ ਸਿੰਘ ਦੀ ਤੇਈਵੀਂ ਬਰਸੀ। ਭਾਈ ਸਾਹਿਬ ਨਾਲ ਮੇਰੀ ਸਾਂਝ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣੇ ਵਿਚ ਕੰਮ ਕਰਦਿਆਂ 1978-79 ਵਿਚ ਪਈ। ਉਹ ਸਦਾ ਖਿੜੇ ਮੱਥੇ ਮਿਲਦੇ ਤੇ ਉਨਤ ਖੇਤੀ ਬਾਰੇ ਵਿਚਾਰ-ਵਟਾਂਦਰਾ ਕਰਦੇ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕੁੱਕੂ ਭਾਈ ਹਿਰਨਿਰਪਾਲ ਸਿੰਘ ਸਾਬਕਾ ਵਿਧਾਇਕ ਤੇ ਪੰਜਾਬ ਪਬਲਿਕ ਸਰਵਸ ਕਮਿਸ਼ਨ ਵਾਲੇ ਰਾਹੁਲ ਭਾਈ ਸਾਡੇ ਦੁੱਖ-ਸੁੱਖ ਦੇ ਸਾਂਝੀ ਰਹੇ ਹਨ।

ਗਿਆਨੀ ਜੀ ਨਾਲ ਨੇੜਤਾ ਮੇਰੀ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਵੇਲੇ ਗੂੜ੍ਹੀ ਹੋਈ। ਮੈਨੂੰ ਕੱਲ ਵਾਂਗ ਚੇਤੇ ਹੈ, ਜਦੋਂ ਮੈਂ ਉਨ੍ਹਾਂ ਦੀ ਭਾਰਤ ਦੇ ਰਾਸ਼ਟਰਪਤੀ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਇਆ ਤਾਂ ਉਨ੍ਹਾਂ ਨੇ ਖੱਬੇ ਹੱਥ ਵਿਚ ਮੇਰਾ ਸੱਜਾ ਹੱਥ ਫੜ੍ਹ ਕੇ ਮੈਨੂੰ ਆਪਣੇ ਨਾਲ ਉਦੋਂ ਤੱਕ ਭੋਰੀ ਰੱਖਿਆ ਜਦੋਂ ਤੱਕ ਆਖਰੀ ਪੱਤਰਕਾਰ ਨਾਲ ਨਹੀਂ ਮਿਲੇ। ਉਨ੍ਹਾਂ ਦੀ ਬੇਟੀ ਮੈਡੀਕਲ ਡਾਕਟਰ ਹੋਣ ਦੇ ਨਾਤੇ ਮੇਰੀ ਡਾਕਟਰ ਪਤਨੀ ਦੀ ਸਹੇਲੀ ਹੈ।
ਬੀਤੇ ਹਫਤੇ ਯੂæ ਟੀæ ਗੈਸਟ ਹਾਊਸ ਚੰਡੀਗੜ੍ਹ ਦੇ ਇਕ ਸਮਾਗਮ ਵਿਚ ਉਹ ਤੇ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਵਿਰਦੀ ਗਿਆਨੀ ਜੀ ਵਾਲੀ ਅਪਣਤ ਨਾਲ ਹੀ ਸਾਨੂੰ ਮਿਲੇ। ਗਿਆਨੀ ਜੀ ਦੀ ਬਰਸੀ ਦਿੱਲੀ ਦੇ ਏਕਤਾ ਸਥਲ ਵਿਖੇ ਸਰਵ ਧਰਮ ਪ੍ਰਾਰਥਨਾ ਸਭਾ ਵੱਲੋਂ ਮਨਾਈ ਗਈ। ਇਹ ਸਬੱਬ ਦੀ ਗੱਲ ਹੈ ਕਿ ਇਨ੍ਹਾਂ ਦਿਨਾਂ ਵਿਚ ਬਹੁਗਿਣਤੀ ਸਿਆਸੀ ਪਾਰਟੀ ਦਾ ਇੱਕ ਪ੍ਰਮੁੱਖ ਬੁਲਾਰਾ ਸੈਕੂਲਰਿਜ਼ਮ ਦੀ ਖਿੱਲੀ ਉੜਾ ਰਿਹਾ ਸੀ, ਉਸ ਸੈਕੂਲਰਿਜ਼ਮ ਦੀ, ਜਿਸ ਉਤੇ ਸਰਵ ਧਰਮ ਸਭਾ ਪਹਿਰਾ ਦੇ ਰਹੀ ਹੈ। ਸੈਕੂਲਰਿਜ਼ਮ ਜ਼ਿੰਦਾਬਾਦ!
ਯੁਵਾ ਲੇਖਕਾਂ ਦਾ ਚੰਡੀਗੜ੍ਹ ਮੇਲਾ: ਰਾਸ਼ਟਰੀ ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ 2017 ਦੇ ਯੁਵਾ ਲੇਖਕ ਪੁਰਸਕਾਰ ਪੰਜਾਬ ਕਲਾ ਪ੍ਰੀਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਚ ਪ੍ਰਦਾਨ ਕੀਤੇ। ਇਸ ਸਮੇਂ ਵਿਸ਼ਵਨਾਥ ਪ੍ਰਸ਼ਾਦ ਤਿਵਾੜੀ ਅਤੇ ਕੇæ ਸ੍ਰੀਨਿਵਾਸਾ ਰਾਓ ਨੇ ਕ੍ਰਮਵਾਰ ਅਕਾਦਮੀ ਦੇ ਪ੍ਰਧਾਨ ਤੇ ਸਕੱਤਰ ਵਜੋਂ ਸ਼ਿਰਕਤ ਕੀਤੀ। ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਦੋ ਦਿਨ ਚੱਲੇ ਇਸ ਸਮਾਗਮ ਵਿਚ 24 ਭਾਸ਼ਾਵਾਂ ਦੇ ਯੁਵਾ ਲੇਖਕ ਨਿਵਾਜੇ ਗਏ। ਪਾਰਕਾਂ ਲਈ ਉਨ੍ਹਾਂ ਦੇ ਨਾਂ ਤੇ ਉਨ੍ਹਾਂ ਦੀ ਮਾਤ ਭਾਸ਼ਾ ਜਾਣਨਾ ਦਿਲਚਸਪ ਹੋਵੇਗਾ। ਪ੍ਰੀਤਮ ਬਰੂਆ (ਆਸਾਮੀ), ਸ਼ਮੀਮ ਘੋਸ਼ (ਬੰਗਲਾ), ਵਿਜਿਤ ਗੋਰਾ (ਬੋਡੋ), ਰਾਜਿੰਦਰ ਰਾਂਝਾ (ਡੋਗਰੀ) ਮਨੂ ਪਿੱਲੇ (ਅੰਗਰੇਜ਼ੀ), ਰਾਮ ਮੋਰੀ (ਗੁਜਰਾਤੀ) ਤਾਰੋ ਸਿੰਦਿਕ (ਹਿੰਦੀ), ਸ਼ਾਂਤੀ ਅਪੱਨਾ (ਕੰਨੜ), ਨਿਗਹਤ ਸਾਹਿਬਾ (ਕਸ਼ਮੀਰੀ), ਸ਼ਸ਼ੀਕੁਮਾਰ (ਮਲਿਆਲਮ), ਕ੍ਰਿਸ਼ਨਮੋਹਨ ਸਿੰਘ (ਮਨੀਪੁਰੀ), ਰਾਹੁਲ ਕੋਸੰਭੀ (ਮਰਾਠੀ), ਸ਼ਰਣ ਮੁਸਕਾਨ (ਨੇਪਾਲੀ), ਸੂਰੀਆ ਨਾਥ ਤ੍ਰਿਪਾਠੀ (ਉੜੀਆ), ਹਰਮਨ (ਪੰਜਾਬੀ), ਉਮੇਦ ਧਾਨੀਆ (ਰਾਜਸਥਾਨੀ), ਹੇਮਚੰਦਰ ਬੇਲਵਾਲ (ਸੰਸਕ੍ਰਿਤ), ਮੈਨਾ ਟੂਡੋ (ਸੰਥਾਲੀ), ਰੇਖਾ ਪੋਹਾਨੀ (ਸਿੰਧੀ), ਮਾਨੁਸ਼ੀ (ਤਾਮਿਲ), ਮਰਸੀ ਮਾਰਗਰਟ (ਤੈਲਗੂ) ਅਤੇ ਖਾਨ (ਉਰਦੂ)। ਇਨ੍ਹਾਂ ਸਾਰਿਆਂ ਨੇ ਆਪੋ ਆਪਣੀਆਂ ਰਚਨਾਵਾਂ ਆਪਣੀ ਮਾਤ ਭਾਸ਼ਾ ਵਿਚ ਪੜ੍ਹ ਕੇ ਸੁਣਾਈਆਂ।
ਇਸ ਸੰਮੇਲਨ ਨੇ ਅਨੇਕਤਾ ਵਿਚ ਏਕਤਾ ਉਤੇ ਹੀ ਮੋਹਰ ਨਹੀਂ ਲਾਈ, ਮੈਨੂੰ ਐਮæ ਐਸ਼ ਰੰਧਾਵਾ ਵੱਲੋਂ ਭਾਰਤੀ ਖੇਤੀ ਖੋਜ ਕੌਂਸਲ ਲੱਭਤਾਂ ਭਾਰਤ ਦੇ ਪਿੰਡਾਂ ਤੱਕ ਪਹੁੰਚਦੀਆਂ ਕਰਨ ਲਈ ਕਈ ਭਾਸ਼ਾਵਾਂ ਦੇ ਸੰਪਾਦਕ ਰੱਖਣਾ ਵੀ ਚੇਤੇ ਕਰਵਾਇਆ। ਮੈਂ ਪੰਜਾਬੀ ਦਾ ਸੰਪਾਦਕ ਸਾਂ ਅਤੇ ਅਸੀਂ ਸਾਰੇ ਵੱਡੇ ਹਾਲ ਕਮਰੇ ਵਿਚ ਬਹਿੰਦੇ ਹੋਣ ਕਾਰਨ ਇੱਕ ਦੂਜੇ ਦੇ ਰਾਜਾਂ ਦੀ ਰਹਿਣੀ-ਸਹਿਣੀ ਤੋਂ ਜਾਣੂ ਹੋਏ ਤੇ ਸਾਡੀ ਮਿੱਤਰਤਾ ਅੱਧੀ ਸਦੀ ਨਿਭੀ।
ਯੁਵਾ ਮੇਲੇ ਵਿਚ ਗਰਮ ਰਾਜਾਂ ਤੋਂ ਆਏ ਮੈਂਬਰਾਂ ਨੂੰ ਸੂਤੀ ਵਸਤਰਾਂ ਵਿਚ ਠੁਰ-ਠੁਰ ਕਰਦੇ ਵੇਖ ਕੇ ਇਹ ਵੀ ਚੇਤੇ ਆਇਆ ਕਿ 1956 ਵਿਚ ਮੇਰੇ ਕੁਲੀਗ ਵੀ ਸੂਤੀ ਵਸਤਰਾਂ ਵਿਚ ਹਾਜ਼ਰ ਹੋਏ ਸਨ। ਉਦੋਂ ਵੀ ਦਸੰਬਰ ਦਾ ਮਹੀਨਾ ਸੀ ਤੇ ਮੈਂ ਉਨ੍ਹਾਂ ਨੂੰ ਕਰੋਲ ਬਾਗ, ਦਿੱਲੀ ਦੀ ਮਾਰਕਿਟ ਵਿਚੋਂ ਗਰਮ ਕੱਪੜੇ ਖਰੀਦਵਾਏ ਸਨ।
ਪਾਰਸੀ ਰਹਿਣੀ-ਸਹਿਣੀ ਦੀ ਊਚ-ਨੀਚ: ਪਾਰਸੀ ਬਰਾਦਰੀ ਵਾਲੇ ਮ੍ਰਿਤਕ ਦੇਹ ਨੂੰ ਨਾ ਹੀ ਸਪੁਰਦ-ਏ-ਖਾਕ ਕਰਦੇ ਹਨ ਤੇ ਨਾ ਹੀ ਅਗਨ ਭੇਟ। ਉਹ ਮੁਰਦੇ ਨੂੰ ਰੁੱਖ ਉਤੇ ਟੰਗ ਦਿੰਦੇ ਹਨ ਤਾਂ ਕਿ ਪੰਛੀਆਂ ਦੀ ਖੁਰਾਕ ਬਣ ਸਕੇ।
ਇਹ ਵੀ ਕਿ ਉਨ੍ਹਾਂ ਦੇ ਮਰਦ ਕਿਸੇ ਹੋਰ ਜਾਤ ਦੀ ਔਰਤ ਨਾਲ ਵਿਆਹ ਕਰ ਲੈਣ ਤਾਂ ਪਾਰਸੀ ਰਹਿੰਦੇ ਹਨ ਪਰ ਜੇ ਪਾਰਸੀ ਧੀ ਧਿਆਣੀ ਹੋਰ ਜਾਤ ਦੇ ਮਰਦ ਨਾਲ ਵਿਆਹ ਕਰ ਲਏ ਤਾਂ ਪਾਰਸੀ ਰੀਤੀ ਰਿਵਾਜਾਂ ਤੋਂ ਬੇਦਖਲ ਹੋ ਜਾਂਦੀ ਹੈ। ਇਥੋਂ ਤੱਕ ਕਿ ਉਹ ਆਪਣੇ ਮਾਤਾ/ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਦਾ ਹੱਕ ਗੰਵਾ ਲੈਂਦੀ ਹੈ। ਹਾਲ ਵਿਚ ਗੁਲਰੁਖ ਤੇ ਸ਼ੀਰਾਜ਼ ਨਾਂ ਦੀਆਂ ਪਾਰਸੀ ਭੈਣਾਂ ਨੇ ਅੱਠ ਸਾਲ ਲੰਮੀ ਅਦਾਲਤੀ ਜੰਗ ਸੁਪਰੀਮ ਕੋਰਟ ਵਿਚ ਲੜ ਕੇ ਮਾਤਾ/ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਦਾ ਹੱਕ ਪ੍ਰਾਪਤ ਕਰ ਲਿਆ ਹੈ।
ਗੁਲਰੁਖ ਵਿਆਹ ਤੋਂ ਪਿੱਛੋਂ ਗੁਲਰੁਖ ਗੁਪਤ ਹੋ ਚੁਕੀ ਹੈ ਤੇ ਦੂਜੀ ਭੈਣ ਸ਼ੀਰਾਜ਼ ਤੋਂ ਸ਼ੀਰਾਜ਼ ਪਟੋਦੀਆ। ਮਿਸਿਜ਼ ਪਟੋਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਰਾਦਰੀ ਦੇ ਮੈਂਬਰ ਕੇਵਲ 60,000 ਰਹਿ ਗਏ ਹਨ ਤੇ ਜੇ ਉਹ ਪਾਰਸੀ ਬੰਧਨ ਵਿਚ ਬੰਨ੍ਹੇ ਰਹਿਣ ਤਾਂ ਇੱਕ ਤਿਹਾਈ ਪਾਰਸੀ ਔਰਤਾਂ ਵਿਆਹੁਤਾ ਜੀਵਨ ਵਿਚ ਪੈਰ ਨਹੀਂ ਧਰ ਸਕਦੀਆਂ।
ਦੋਵੇਂ ਭੈਣਾਂ 50 ਸਾਲ ਤੋਂ ਵੱਧ ਉਮਰ ਦੀਆਂ ਹਨ। ਉਹ ਆਪਣੀ ਜਵਾਨੀ ਵਿਚ ਵਾਲਸਡ (ਗੁਜਰਾਤ) ਛੱਡ ਕੇ ਮੁੰਬਈ ਚਲੀਆਂ ਗਈਆਂ ਸਨ ਤੇ ਉਥੇ ਉਨ੍ਹਾਂ ਨੇ ਗੁਪਤਾ ਤੇ ਪਟੋਦੀਆ ਜਾਤ ਦੇ ਗੈਰ-ਪਾਰਸੀਆਂ ਨਾਲ ਵਿਆਹ ਕਰਵਾ ਲਿਆ ਤਾਂ ਅੰਜੁਮਨ ਪਾਰਸੀ ਟਰੱਸਟ ਨੇ ਉਨ੍ਹਾਂ ਨੂੰ ਬੇਦਖਲ ਕਰ ਦਿੱਤਾ ਸੀ। ਉਨ੍ਹਾਂ ਵੱਲੋਂ ਲੜੀ ਗਈ ਲੜਾਈ ਦਾ ਸਵਾਗਤ ਹੋਣਾ ਚਾਹੀਦਾ ਹੈ।
ਚੇਤੇ ਰਹੇ, ਮੁਸਲਿਮ ਲੀਗ ਦੇ ਮਹਾਰਥੀ ਮੁਹੰਮਦ ਅਲੀ ਜਿਨਾਹ ਨਾਲ ਵੀ ਬੈਟੀ ਨਾਂ ਦੀ ਪਾਰਸੀ ਕੁੜੀ ਨੇ ਵਿਆਹ ਕਰ ਲਿਆ ਸੀ ਤਾਂ ਉਸ ਨੂੰ ਪਾਰਸੀ ਬਰਾਦਰੀ ਨੇ ਏਨੀ ਅਲੱਗ ਥਲੱਗ ਕਰ ਦਿੱਤਾ ਸੀ ਕਿ ਦਿਲਗੀਰੀ ਤੇ ਵਿਸ਼ਾਦ ਦਾ ਸ਼ਿਕਾਰ ਹੋ ਕੇ ਉਹ ਭਰ ਜਵਾਨੀ ਵਿਚ ਪਰਲੋਕ ਸਿਧਾਰ ਗਈ ਸੀ।
ਅੰਤਿਕਾ: ਸਈਅਦ ਵਾਰਿਸ ਸ਼ਾਹ
ਅਖੀਂ ਵੇਖਿਆਂ ਬਾਝ ਪ੍ਰੀਤ ਨਾਹੀਂ
ਜਿਵੇਂ ਬਿਨਾ ਯਕੀਨ ਇਤਬਾਰ ਨਾਹੀਂ।
ਬਾਝੋਂ ਦੁੱਖ ਦੇ ਸੁੱਖ ਨਸੀਬ ਨਾਹੀਂ
ਲਗਨ ਬਾਝ ਖੁਆਰ ਸੰਸਾਰ ਨਾਹੀਂ।
ਬਾਝੋਂ ਇਸ਼ਕ ਦੇ ਜ਼ੌਕ ਤੇ ਸ਼ੌਕ ਨਾਹੀਂ
ਬਾਝੋਂ ਵਸਲ ਦੇ ਮੌਜ ਬਹਾਰ ਨਾਹੀਂ।
ਵਾਰਿਸ ‘ਰੰਡਿ, ਫਕੀਰ, ਤਲਵਾਰ, ਘੋੜਾ’
ਚਾਰੇ ਥੋਕ ਇਹ ਕਿਸੇ ਦੇ ਬਾਹ ਨਾਹੀਂ।