ਜੋੜ ਮੇਲ ਲਈ ਨਿਸ਼ਕਾਮ ਸੇਵਕਾਂ ਦੀ ਮਿਹਨਤ ਰੰਗ ਲਿਆਈ

ਸਿਆਸੀ ਕਾਨਫਰੰਸਾਂ ਦਾ ਘੜਮੱਸ ਮੁੱਕਣ ਨਾਲ ਜੋੜ ਮੇਲ ਦਾ ਸਰੂਪ ਬਦਲਿਆ
ਫਤਿਹਗੜ੍ਹ ਸਾਹਿਬ: ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ਵਾਰ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਕਾਨਫਰੰਸਾਂ ਨਾ ਕਰ ਕੇ ਸਵਾਗਤਯੋਗ ਪਹਿਲ ਕੀਤੀ ਹੈ। ਇਸ ਵਾਰ ਕਾਂਗਰਸ, ਸ਼੍ਰੋਮਣੀ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਮ ਸ਼ਰਧਾਲੂ ਵਾਂਗ ਮੱਥਾ ਟੇਕਿਆ।

ਦੱਸ ਦਈਏ ਕਿ ਇਸ ਵਾਰ ਕੁਝ ਸਿੱਖ ਜਥੇਬੰਦੀਆਂ ਨੇ ਜੋੜ ਮੇਲ ਮੌਕੇ ਸਿਆਸੀ ਕਾਨਫਰੰਸਾਂ ਰੁਕਵਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਸੀ। ਸਿਆਸੀ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੇ ਚਲਾਣੇ ਵਾਲੇ ਦਿਹਾੜੇ ਦਾ ਸੋਗ ਬਰਕਰਾਰ ਰੱਖਿਆ ਜਾਵੇ ਅਤੇ ਸਿਆਸੀ ਦੂਸ਼ਣਬਾਜ਼ੀ ਦੇ ਮੰਚ ਲਾਏ ਹੀ ਨਾ ਜਾਣ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹੁਕਮ ਨੇ ਵੀ ਸਿਆਸੀ ਧਿਰਾਂ ਨੂੰ ਕਾਨਫਰੰਸਾਂ ਵਾਲੀ ਰਵਾਇਤ ਤਿਆਗਣ ਦੇ ਰਾਹ ਪਾਇਆ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਕੀਤਾ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਆਪ’ ਵਾਲੇ ਰਾਹ ਤੁਰਨ ਦਾ ਫੈਸਲਾ ਕੀਤਾ। ਸਿਆਸੀ ਦੂਸ਼ਣਬਾਜ਼ੀ ਤੋਂ ਇਲਾਵਾ ਸ਼ਹਾਦਤ ਦੇ ਦਿਨ ਸਿਆਸੀ ਕਾਨਫਰੰਸਾਂ ਸੰਗਤ ਲਈ ਵੀ ਵੱਡੀ ਸਮੱਸਿਆ ਖੜ੍ਹੀ ਕਰਦੀਆਂ ਸਨ। ਵੀæਵੀæਆਈæਪੀæ ਦੀ ਆਮਦ ਕਾਰਨ ਆਮ ਸੰਗਤ ਅਕਸਰ ਤੰਗ ਹੁੰਦੀ ਸੀ। ਇਸ ਤੋਂ ਇਲਾਵਾ ਸਿਆਸੀ ਧਿਰਾਂ ਆਪਣੀ ਕਾਨਫਰੰਸ ਵਿਚ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਲਈ ਵੀ ਹਰ ਹੀਲਾ ਵਰਤਣ ਲਈ ਤਿਆਰ ਰਹਿੰਦੀਆਂ ਸਨ। ਸਿਆਸੀ ਧਿਰਾਂ ਨੂੰ ਧਾਰਮਿਕ ਸਮਾਗਮਾਂ ਮੌਕੇ ਦੂਸ਼ਣਬਾਜ਼ੀ ਬਾਰੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਕਈ ਵਾਰ ਹੁਕਮ ਹੋਏ ਹਨ, ਪਰ ਇਸ ‘ਤੇ ਕਦੇ ਅਮਲ ਨਹੀਂ ਹੋਇਆ। ਯਾਦ ਰਹੇ ਕਿ ਪਿਛਲੇ ਕੁਝ ਸਾਲਾਂ ਤੋਂ ਸ਼ਹੀਦੀ ਜੋੜ ਮੇਲ ਮੌਕੇ ‘ਮਨ ਮਤ’ ਵਾਲੀ ਸ਼ਰਧਾ ‘ਤੇ ਵੱਡੇ ਇਤਰਾਜ਼ ਉਠ ਰਹੇ ਸਨ। ਸ਼ਹਾਦਤ ਵਾਲੇ ਦਿਨ ਬਰੈੱਡ ਪਕੌੜਿਆਂ, ਜਲੇਬੀਆਂ, ਖੀਰਾਂ-ਪੂੜਿਆਂ ਤੇ ਹੋਰ ਮਠਿਆਈਆਂ ਵਰਤਾਏ ਜਾਣਾ ਆਮ ਰੁਝਾਨ ਬਣ ਗਿਆ ਸੀ। ਪਿੰਡ ਪੱਧਰ ‘ਤੇ ਲੰਗਰ ਬਾਰੇ ਵੀ ਕਈ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕੀਤੀ ਸੀ। ਹੁਣ ਇਸ ਪਾਸੇ ਸਵਾਗਤਯੋਗ ਪਹਿਲ ਹੋਈ ਹੈ। ਪਿਛਲੇ ਦੋ ਵਰ੍ਹਿਆਂ ਤੋਂ ਜਲੇਬੀਆਂ, ਖੀਰਾਂ-ਪੂੜਿਆਂ ਦੀ ਥਾਂ ਸਾਦੇ ਲੰਗਰ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਮ ਸ਼ਰਧਾਲੂ ਵਾਂਗ ਗੁਰੂ ਘਰ ਨਤਮਸਤਕ ਹੋਏ।
___________________
ਸ਼ਹੀਦਾਂ ਦੀ ਧਰਤੀ ਲਈ ਕੈਪਟਨ ਦੇ ਪੰਜ ਐਲਾਨ
ਗੁਰੂ ਘਰ ਨਤਮਸਤਕ ਹੋਣ ਆਏ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਫਤਿਹਗੜ੍ਹ ਸਾਹਿਬ ਦੀ ਪਵਿਤਰਤਾ ਤੇ ਮਹਾਨਤਾ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਵੱਲੋਂ ਇਸ ਧਰਤੀ ‘ਤੇ ਪੰਜ ਮੁੱਖ ਉਪਰਾਲੇ ਕੀਤੇ ਜਾਣਗੇ। ਇਨ੍ਹਾਂ ਤਹਿਤ ਫਤਿਹਗੜ੍ਹ ਸਾਹਿਬ ਵਿਖੇ ਨਵਾਂ ਬੱਸ ਸਟੈਂਡ ਬਣਾਇਆ ਜਾਵੇਗਾ, ਚੋਅ ਦੇ ਸੁੰਦਰੀਕਰਨ ਲਈ ਇਸ ਨੂੰ ਪੱਕਾ ਕਰ ਕੇ ਨੁਹਾਰ ਬਦਲੀ ਜਾਵੇਗੀ। ਫਤਿਹਗੜ੍ਹ ਸਾਹਿਬ ਨੂੰ ਸਪੈਸ਼ਲ ਟੂਰਿਜ਼ਮ ਵਜੋਂ ਹੋਰ ਵਿਕਸਤ ਕੀਤਾ ਜਾਵੇਗਾ। ਇਕ ਨਵਾਂ ਨੈਸ਼ਨਲ ਹਾਈਵੇ ਬਣਾਇਆ ਜਾਵੇਗਾ ਜੋ ਪਟਿਆਲਾ ਵਾਇਆ ਸਰਹਿੰਦ, ਫਤਿਹਗੜ੍ਹ ਸਾਹਿਬ, ਬਸੀ ਪਠਾਣਾ, ਮੋਰਿੰਡਾ ਹੁੰਦਾ ਹੋਇਆ ਅੱਗੇ ਜਾਵੇਗਾ। ਇਸ ਮਾਰਗ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਮ ‘ਤੇ ਰੱਖਣ ਸਬੰਧੀ ਭਾਰਤ ਸਰਕਾਰ ਨੂੰ ਤਜਵੀਜ਼ ਭੇਜ ਦਿੱਤੀ ਗਈ ਹੈ।