ਹਿੰਦ-ਪਾਕਿ ਸਰਹੱਦ ‘ਤੇ ਮੁੜ ਤਣਾਅ

ਚੰਡੀਗੜ੍ਹ: ਪਾਕਿਸਤਾਨੀ ਫੌਜ ਵੱਲੋਂ ਸਰਹੱਦ ਪਾਰ ਕਰ ਕੇ ਗਸ਼ਤ ਕਰ ਰਹੀ ਭਾਰਤੀ ਫੌਜ ਦੀ ਟੁਕੜੀ ‘ਤੇ ਹਮਲੇ ਕਾਰਨ ਦੋਵਾਂ ਦੇਸ਼ਾਂ ਵਿਚ ਤਣਾਅ ਵਧ ਗਿਆ ਹੈ। ਪਾਕਿਸਤਾਨੀ ਫੌਜ ਦੇ ਇਸ ਹਮਲੇ ਵਿਚ ਸਿੱਖ ਰੈਜਮੈਂਟ ਦੇ ਇਕ ਮੇਜਰ ਸਮੇਤ ਤਿੰਨ ਜਵਾਨ ਹਲਾਕ ਹੋ ਗਏ ਸਨ। ਇਸ ਘਟਨਾ ਤੋਂ ਤਿੰਨ ਦਿਨ ਪਿੱਛੋਂ ਭਾਰਤੀ ਸੈਨਾ ਵੱਲੋਂ ਵੀ ਇਸੇ ਤਰ੍ਹਾਂ ਦੀ ਕਾਰਵਾਈ ਕਰ ਕੇ ਪਾਕਿਸਤਾਨ ਫੌਜ ਦੇ ਚਾਰ ਜਵਾਨ ਮਾਰ ਕੇ ਕਰਾਰਾ ਜਵਾਬ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਭਾਰਤੀ ਸੈਨਾ ਨੇ ਰਵਾਲਕੋਟ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਕਰ ਕੇ ਪਾਕਿਸਤਾਨੀ ਚੌਕੀ ਨੂੰ ਨਿਸ਼ਾਨਾ ਬਣਾ ਦਿੱਤਾ। ਇਹ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਬਾਜਵਾ ਦੇਸ਼ ਦੀ ਸਿਵਲੀਅਨ ਸਰਕਾਰ ਨੂੰ ਭਾਰਤ ਨਾਲ ਗੱਲਬਾਤ ਕਰ ਕੇ ਸਬੰਧ ਸੁਧਾਰਨ ਦੀ ਸਲਾਹ ਦੇ ਰਹੇ ਸਨ।
ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ‘ਤੇ ਗੋਲੀਬੰਦੀ ਦੀਆਂ ਘਟਨਾਵਾਂ ‘ਚ ਪਿਛਲੇ ਸਵਾ ਕੁ ਸਾਲ ਦੌਰਾਨ ਇਕਦਮ ਵਾਧਾ ਹੋਇਆ ਹੈ। ਦੋਹਾਂ ਧਿਰਾਂ ਇਕ-ਦੂਜੇ ਉਪਰ ਪਹਿਲਾਂ ਗੋਲੀਬਾਰੀ ਸ਼ੁਰੂ ਕਰਨ ਦੇ ਇਲਜ਼ਾਮ ਲਾਉਂਦੀਆਂ ਰਹੀਆਂ ਹਨ, ਪਰ ਸਰਹੱਦ ਪਾਰ ਕਰ ਕੇ ਇਕ ਦੂਜੇ ਦੇ ਜਵਾਨਾਂ ਨੂੰ ਮਾਰਨ ਦੇ ਰੁਝਾਨ ਨੇ ਵੱਡਾ ਤਣਾਅ ਖੜ੍ਹਾ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਅਤੇ ਮੀਡੀਆ ਅਜਿਹੇ ਮਾਹੌਲ ਲਈ ਭਾਰਤ ਦੀ ਨਰੇਂਦਰ ਮੋਦੀ ਸਰਕਾਰ ਅਤੇ ਹਿੰਦੂਤਵੀ ਤਾਕਤਾਂ ਨੂੰ ਕਸੂਰਵਾਰ ਦੱਸ ਰਹੇ ਹਨ। ਦੂਜੇ ਪਾਸੇ, ਹਿੰਦੂਤਵੀ ਬ੍ਰਿਗੇਡ ਸਾਰਾ ਦੋਸ਼ ਪਾਕਿਸਤਾਨੀ ਦੋਗਲੇਪਣ ਉਤੇ ਮੜ੍ਹਦਾ ਹੈ।
ਅਸਲ ਵਿਚ, ਮੋਦੀ ਸਰਕਾਰ ਆਉਣ ਪਿੱਛੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਿਚ ਕਾਫੀ ਵਾਧਾ ਹੋਇਆ ਹੈ। 740 ਕਿਲੋਮੀਟਰ ਲੰਮੀ ਕੰਟਰੋਲ ਰੇਖਾ ਅਤੇ 221 ਕਿਲੋਮੀਟਰ ਦੀ ਕੌਮਾਂਤਰੀ ਸਰਹੱਦ ਉਤੇ ਇਸ ਸਾਲ 25 ਦਸੰਬਰ ਤੱਕ ਗੋਲੀਬੰਦੀ ਦੀ ਉਲੰਘਣਾ ਦੀਆਂ 881 (ਪਾਕਿਸਤਾਨ ਅਨੁਸਾਰ 1152) ਘਟਨਾਵਾਂ ਹੋਈਆਂ ਹਨ ਜੋ ਪਿਛਲੇ ਸੱਤ ਸਾਲਾਂ ਦੌਰਾਨ ਸਭ ਤੋਂ ਵੱਧ ਹਨ। ਇਨ੍ਹਾਂ ਵਿਚ ਭਾਰਤੀ ਪਾਸੇ 34 ਮੌਤਾਂ ਹੋਈਆਂ। ਮ੍ਰਿਤਕਾਂ ਵਿਚ 14 ਥਲ ਸੈਨਾ ਕਰਮੀ, 12 ਸਿਵਲੀਅਨ ਅਤੇ ਬੀæਐਸ਼ਐਫ਼ ਦੇ ਚਾਰ ਕਰਮੀ ਸ਼ਾਮਲ ਸਨ। ਪਾਕਿਸਤਾਨ ਨੇ ਅਜਿਹੀਆਂ ਵਾਰਦਾਤਾਂ ਵਿਚ 52 ਬੰਦੇ ਮਰਨ ਦੀ ਪੁਸ਼ਟੀ ਕੀਤੀ ਹੈ। 2017 ਦੇ ਮੁਕਾਬਲੇ 2016 ਦੌਰਾਨ ਗੋਲੀਬੰਦੀ ਦੀ ਉਲੰਘਣਾ ਦੀਆਂ 449 ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ 13 ਸਿਵਲੀਅਨ ਤੇ 13 ਸੁਰੱਖਿਆ ਮੁਲਾਜ਼ਮਾਂ ਦੀਆਂ ਜਾਨਾਂ ਗਈਆਂ ਸਨ।
ਯਾਦ ਰਹੇ ਕਿ ਮੋਦੀ ਸਰਕਾਰ ਭਾਵੇਂ ਕਸ਼ਮੀਰ ‘ਚ ਅਤਿਵਾਦ ਭੇਜਣ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹ ਰਹੀ ਹੈ, ਪਰ 2017 ਦੌਰਾਨ 117 ਸਥਾਨਕ ਨੌਜਵਾਨ ਵੱਖ ਵੱਖ ਅਤਿਵਾਦੀ ਸੰਗਠਨਾਂ ‘ਚ ਸ਼ਾਮਲ ਹੋਏ। ਸਾਲ 2010 ਤੋਂ 2017 ਦੌਰਾਨ 428 ਨੌਜਵਾਨਾਂ ਨੇ ਮੋਢਿਆਂ ਉਤੇ ਬੰਦੂਕਾਂ ਚੁੱਕ ਲਈਆਂ, ਜਿਨ੍ਹਾਂ ਵਿਚ ਕਈ ਉਚ ਵਿਦਿਆ ਪ੍ਰਾਪਤ ਨੌਜਵਾਨ ਵੀ ਸ਼ਾਮਲ ਹਨ। ਪਿਛਲੇ 8 ਸਾਲਾਂ ਦੇ ਮੁਕਾਬਲੇ ਇਸ ਸਾਲ ਸਥਾਨਕ ਨੌਜਵਾਨਾਂ ਵੱਲੋਂ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਦੇ ਰੁਝਾਨ ‘ਚ ਤੇਜ਼ੀ ਆਈ ਹੈ। 428 ਦੇ ਕਰੀਬ ਨੌਜਵਾਨਾਂ ਨੇ ਹਿਜ਼ਬੁਲ, ਲਸ਼ਕਰ ਅਤੇ ਗਜ਼ਾਵਿਤ-ਉਲ-ਹਿੰਦ ਅਤਿਵਾਦੀ ਸੰਗਠਨਾਂ ਦਾ ਪੱਲਾ ਫੜ ਲਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਗਰੀਬ ਅਤੇ ਮੱਧ ਪਰਿਵਾਰਾਂ ਨਾਲ ਸਬੰਧਤ ਹਨ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਕਸ਼ਮੀਰ ਵਿਚ 2010 ‘ਚ ਸਥਾਨਕ ਨੌਜਵਾਨਾਂ ਵੱਲੋਂ ਅਤਿਵਾਦੀ ਸੰਗਠਨਾਂ ‘ਚ ਜੁੜਨ ਦਾ ਰੁਝਾਨ ਪਹਿਲੀ ਵਾਰ ਸਾਹਮਣੇ ਆਇਆ ਅਤੇ ਇਸ ਸਾਲ ਵਿਚ 54 ਨੌਜਵਾਨਾਂ ਅਤਿਵਾਦੀ ਸੰਗਠਨਾਂ ‘ਚ ਸ਼ਾਮਿਲ ਹੋਏ। 2014 ਅਤੇ 2015 ਦੌਰਾਨ ਇਕ ਵਾਰ ਇਸ ਰੁਝਾਨ ‘ਚ ਵਾਧਾ ਹੋਇਆ ਤੇ ਤਰਤੀਬਵਾਰ 53 ਅਤੇ 66 ਨੌਜਵਾਨ ਅਤਿਵਾਦੀ ਗਰੁੱਪਾਂ ‘ਚ ਸ਼ਾਮਲ ਹੋਏ। ਪਿਛਲੇ ਸਾਲ ਜੁਲਾਈ ਮਹੀਨੇ ਦੇ ਦੂਜੇ ਹਫਤੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਪਿੱਛੋਂ ਕਈ ਮਹੀਨੇ ਚੱਲੇ ਅੰਦੋਲਨ ਦੌਰਾਨ 180 ਨੌਜਵਾਨਾਂ ਨੇ ਅਤਿਵਾਦ ਦਾ ਰਾਹ ਚੁਣਿਆ। ਇਨ੍ਹਾਂ ‘ਚ ਜ਼ਿਆਦਾਤਰ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਅੱਗੇ ਰਹਿਣ ਵਾਲੇ ਨੌਜਵਾਨ ਸਨ। ਸੁਰੱਖਿਆ ਏਜੰਸੀਆਂ ਮੁਤਾਬਕ, ਇਸ ਮਾਮਲੇ ਵਿਚ ਸਾਲ 2017 ਖਤਰਨਾਕ ਸਾਬਤ ਹੋਇਆ ਅਤੇ 117 ਨੌਜਵਾਨ ਵੱਖ ਵੱਖ ਕਾਰਨਾਂ ਕਰ ਕੇ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ ਹਨ।
_______________
ਸ਼ਹੀਦ ਦੀ ਮਾਂ ਵੱਲੋਂ ਮੋਦੀ ਨੂੰ ਸਲਾਹ
ਬਠਿੰਡਾ: ਪਾਕਿਸਤਾਨੀ ਫੌਜ ਦੇ ਹਮਲੇ ਵਿਚ ਮਾਰੇ ਗਏ ਬਠਿੰਡਾ ਦੇ ਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਨੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ‘ਤੇ ਜ਼ੋਰ ਦਿੱਤਾ। ਸ਼ਹੀਦ ਦੀ ਮਾਂ ਨੇ ਕਿਹਾ ਕਿ ਉਧਰ ਦੇ ਫੌਜੀ ਵੀ ਤਾਂ ਕਿਸੇ ਮਾਂ ਦੇ ਪੁੱਤ ਹਨ। ਕੁਲਦੀਪ ਸਿੰਘ ਦੀ ਮਾਤਾ ਰਾਣੀ ਕੌਰ ਦੀਆਂ ਗੱਲਾਂ ਵਿਚੋਂ ਸਰਕਾਰਾਂ ਪ੍ਰਤੀ ਰੋਸਾ ਸਾਫ ਨਜ਼ਰ ਆਇਆ। ਉਸ ਨੇ ਕਿਹਾ ਕਿ ਗੋਲੀਬਾਰੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਪਰਿਵਾਰ ਵੱਲੋਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਸਰਕਾਰ ਬਦਲੇ ਵਿਚ ਚਾਰ ਪਾਕਿਸਤਾਨ ਫੌਜੀਆਂ ਨੂੰ ਮਾਰਨ ਦਾ ਦਾਅਵਾ ਕਰ ਰਹੀ ਹੈ।