ਪਟਨਾ ਸਾਹਿਬ ‘ਚ ਪ੍ਰਕਾਸ਼ ਪੁਰਬ ‘ਤੇ ਸ਼ਰਧਾ ਦਾ ਦਰਿਆ ਵਗਿਆ

ਪਟਨਾ ਸਾਹਿਬ: ਪਟਨਾ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮ ਪੂਰੇ ਜਾਹੋ ਜਲਾਲ ਨਾਲ ਮੁਕੰਮਲ ਹੋਏ। ਬਿਹਾਰ ਸਰਕਾਰ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਂਝੇ ਯਤਨਾਂ ਨਾਲ ਕਰਵਾਏ ਸ਼ਤਾਬਦੀ ਸਮਾਗਮ ਮੌਕੇ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਨ੍ਹਾਂ ਸਮਾਗਮਾਂ ਵਿਚ ਦੇਸ਼ ਦੀਆਂ ਪ੍ਰਮੁੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਰਸਮੀ ਤੌਰ ਉਤੇ ਤਿੰਨ ਦਿਨ ਚੱਲੇ ਧਾਰਮਿਕ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ਉਤੇ ਹਾਜ਼ਰੀ ਭਰੀ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਅਤੇ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਸਮਾਗਮਾਂ ਵਿਚ ਹਾਜ਼ਰੀ ਲੁਆਈ। ਕਵੀਸ਼ਰ ਅਤੇ ਢਾਡੀ ਦਰਬਾਰ ਦੌਰਾਨ ਜਥਿਆਂ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀਆਂ ਲਾਸਾਨੀ ਕੁਰਬਾਨੀਆਂ ਦਾ ਗਾਇਨ ਕੀਤਾ। ਪਟਨਾ ਸ਼ਹਿਰ ਵਿਚ ਤਖਤ ਸ੍ਰੀ ਪਟਨਾ ਸਾਹਿਬ ਸਮੇਤ ਬਾਕੀ ਗੁਰੂ ਘਰਾਂ ਉਤੇ ਵੀ ਪਿਛਲੇ ਕਈ ਦਿਨਾਂ ਤੋਂ ਦੀਪਮਾਲਾ ਕੀਤੀ ਹੋਈ ਸੀ। ਸਾਰੇ ਬਾਜ਼ਾਰਾਂ ਨੂੰ ਦੀਪਮਾਲਾ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਗੁਰਦੁਆਰਾ ਗਊਘਾਟ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਆ ਕੇ ਮੁਕੰਮਲ ਹੋਇਆ। ਨਗਰ ਕੀਰਤਨ ਵਿਚ ਸ਼ਾਮਲ ਜਥਿਆਂ ਦਾ ਜਾਹੋ ਜਲਾਲ ਦੇਖਣ ਵਾਲਾ ਸੀ। ਪਟਨਾ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕੇ ਪੂਰੀ ਤਰ੍ਹਾਂ ਨਾਲ ਗੋਬਿੰਦ ਦੇ ਰੰਗ ਵਿਚ ਰੰਗੇ ਗਏ।
ਨਿਹੰਗ ਜਥੇਬੰਦੀਆਂ ਨੇ ਘੋੜਿਆਂ ਅਤੇ ਹਾਥੀਆਂ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਇਸ ਦੀ ਰੌਣਕ ਨੂੰ ਚਾਰ ਗੁਣਾ ਕਰ ਦਿੱਤਾ। ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਆਪਣੇ ਲਾਮ-ਲਸ਼ਕਰ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋਏ। ਪਟਨਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਜਦੋਂ ਨਗਰ ਕੀਰਤਨ ਲੰਘ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਸੰਗਤਾਂ ਲਈ ਚਾਹ ਅਤੇ ਦੁੱਧ ਦੇ ਖੁੱਲ੍ਹੇ ਲੰਗਰ ਲਾਏ ਹੋਏ ਸਨ। ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਚੜ੍ਹ ਕੇ ਨਗਰ ਕੀਰਤਨ ਦੇ ਜਾਹੋ ਜਲਾਲ ਨੂੰ ਮਾਣ ਰਹੇ ਸਨ। ਨਗਰ ਕੀਰਤਨ ਦੇ ਸਵਾਗਤ ਲਈ ਲੋਕਾਂ ਵੱਲੋਂ ਕਈ ਥਾਂਵਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ। ਕੇਂਦਰੀ ਮੰਤਰੀ ਐਸ਼ਐਸ਼ ਆਹਲੂਵਾਲੀਆ ਆਪ ਸੰਗਤਾਂ ਵਿਚ ਜਾ ਕੇ ਸੇਵਾ ਕਰ ਰਹੇ ਸਨ। ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਗਊਘਾਟ ਵਿਚ ਹੋਏ ਇਕੱਠ ਦੌਰਾਨ ਪੰਥ ਸ਼ਖਸੀਅਤਾਂ ਨੇ ਹਿੱਸਾ ਲਿਆ।
___________________________________________
ਗੁਰੂ ਸਾਹਿਬ ਨੇ ਹਰ ਸਮਾਜਿਕ ਵਿਤਕਰੇ ਦਾ ਵਿਰੋਧ ਕੀਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ ਉਤਸਵ ਉਤੇ ਕਿਹਾ ਕਿ ਉਹ ਸਮਾਨਤਾ ਦੀ ਤਾਕਤ ‘ਚ ਵਿਸ਼ਵਾਸ ਰੱਖਦੇ ਸਨ। ਗੁਰੂ ਗੋਬਿੰਦ ਸਿੰਘ ਜੀ ਸਾਰੀ ਤਰ੍ਹਾਂ ਦੇ ਸਮਾਜਿਕ ਵਿਤਕਰੇ ਦਾ ਵਿਰੋਧ ਕਰਦੇ ਸਨ ਅਤੇ ਉਨ੍ਹਾਂ ਦਾ ਨਿਆਂ ਅਤੇ ਇਮਾਨਦਾਰੀ ਪ੍ਰਤੀ ਸੰਵੇਦਨਾ ਲਈ ਸਤਿਕਾਰ ਕੀਤਾ ਜਾਂਦਾ ਹੈ।