ਸਮੇਂ ਦਾ ਹੇਰ-ਫੇਰ!

ਹਾਥੀ ਦਿਆਂ ਦੰਦਾਂ ਵਾਲੀ ਹੈਗੀ ਏ ਅਖੌਤ ਬਣੀ, ਖਾਣ ਵਾਲੇ ਹੋਰ ਅਤੇ ਹੋਰ ਨੇ ਦਿਖਾਣ ਦੇ।
ਲੀਡਰਾਂ ਦੀ ਜਾਇਦਾਦ ਮਾਰਦੀ ਛੜੱਪੇ ਵਧੇ, ਵੋਟਰ ਵਿਚਾਰੇ ਰਹਿੰਦੇ ਓਹੀਓ ਖਾਕ ਛਾਣਦੇ।
ਕਰਦਾ ‘ਤਰੱਕੀ’ ਫੋਨ ਅੱਖਾਂ ਮੋਹਰੇ ਆਣ ਪਹੁੰਚਾ, ਘੱਟ ਹੋਏ ਮੌਕੇ ਇਹਨੂੰ ਕੰਨਾਂ ਨਾਲ ਲਾਣ ਦੇ।
ਵਿਆਹੇ ਜਾਂ ਕੁਆਰੇ ਮੁੰਡੇ-ਕੁੜੀਆਂ ਤੇ ਬੁੱਢੇ ਯਾਰੋ, ਬਣੇ ਆ ‘ਫਰੈਂਡ’ ਫੇਸ-ਬੁੱਕੀ ਘਮਸਾਣ ਦੇ।
ਕੋਈ ਜਣਾ ਹੋਵੇ ‘ਪੌੜੀ’ ਬਹਾਰ ਦੀ ਬਣਨ ਵਾਲਾ, ਬਾਕੀ ਦੀਆਂ ਗੱਲਾਂ ਹੋਰ ਖਸਮਾਂ ਨੂੰ ਖਾਣ ਦੇ।
ਇਕ ‘ਬੈਂਡ’ ਵੱਜਦਾ ਬਰਾਤ ਨਾਲ ਫੱਬਦਾ ਏ, ਦੂਜੇ ‘ਬੈਂਡ’ ਬਣੇ ਨੇ ਵਸੀਲਾ ‘ਬਾਹਰ’ ਜਾਣ ਦੇ!