ਚੋਣਾਂ, ਲੋਕ ਅਤੇ ਸਿਆਸਤ

ਇਹ ਹਫਤਾ ਚੋਣਾਂ ਦੇ ਨਤੀਜਿਆਂ ਨੂੰ ਸਮਰਪਿਤ ਰਿਹਾ। ਪੰਜਾਬ ਵਿਚ ਹੁਣੇ ਹੁਣੇ ਮਿਉਂਸਪਲ ਚੋਣਾਂ ਹੋ ਕੇ ਹਟੀਆਂ ਹਨ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੇ ਤਾਂ ਸੰਸਾਰ ਭਰ ਦਾ ਧਿਆਨ ਖਿੱਚਿਆ ਹੋਇਆ ਸੀ। ਪੰਜਾਬ ਦੀਆਂ ਮਿਉਂਸਪਲ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਤਕਰੀਬਨ ਸਭ ਨੂੰ ਇਲਮ ਹੀ ਸੀ, ਪਰ ਗੁਜਰਾਤ ਵਿਚ ਜਿੰਨਾ ਜ਼ੋਰ ਸਿਆਸੀ ਧਿਰਾਂ ਦਾ ਲੱਗਾ ਹੋਇਆ ਸੀ, ਉਸ ਨਾਲ ਮੁਕਾਬਲਾ ਬਹੁਤ ਦਿਲਚਸਪ ਬਣ ਗਿਆ।

ਕੁਝ ਮਹੀਨੇ ਪਹਿਲਾਂ ਤੱਕ ਜਿਥੇ ਗੁਜਰਾਤ ਵਿਚ ਕਾਂਗਰਸ ਨੂੰ ਕੰਬਣੀ ਛਿੜੀ ਹੋਈ ਸੀ, ਉਹ ਭਾਜਪਾ ਨੂੰ ਬਰਾਬਰ ਦੀ ਟੱਕਰ ਦੇਣ ਦੇ ਸਮਰੱਥ ਹੋ ਗਈ। ਅਸਲ ਵਿਚ ਗੁਜਰਾਤ ਵਿਚ ਕਾਂਗਰਸ ਨੇ ਕੁਝ ਧਿਰਾਂ ਨੂੰ ਜਿਸ ਤਰ੍ਹਾਂ ਆਪਣੇ ਨਾਲ ਜੋੜਿਆ, ਉਸ ਤੋਂ ਚੋਣ ਪਿੜ ਦੀ ਸਫਬੰਦੀ ਇਕਦਮ ਬਦਲ ਗਈ। ਜਿਥੋਂ ਤੱਕ ਪੰਜਾਬ ਦੀਆਂ ਮਿਉਂਸਪਲ ਚੋਣਾਂ ਦਾ ਸਬੰਧ ਹੈ, ਸੱਤਾਧਾਰੀ ਧਿਰ ਨੇ ਇਹ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ। ਹੁਣ ਤੱਕ ਦਾ ਰਿਕਾਰਡ ਰਿਹਾ ਹੈ ਕਿ ਅਜਿਹੀਆਂ ਸਥਾਨਕ ਚੋਣਾਂ ਵਿਚ ਸੱਤਾਧਾਰੀ ਧਿਰ ਹੀ ਜਿੱਤਦੀ ਆਈ ਹੈ। ਦਾਅਵੇ ਭਾਵੇਂ ਇਹੀ ਕੀਤੇ ਜਾਂਦੇ ਹਨ ਕਿ ਚੋਣਾਂ ਨਿਰਪੱਖ ਅਤੇ ਭੈਅ ਮੁਕਤ ਕਰਵਾਈਆਂ ਗਈਆਂ, ਪਰ ਇਸ ਬਾਰੇ ਜਿਹੜਾ ਸੱਚ ਸਾਹਮਣੇ ਆਉਂਦਾ ਹੈ, ਉਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਦੌਰਾਨ ਵੀ ਇਨ੍ਹਾਂ ਚੋਣਾਂ ਵੇਲੇ ਵਧੀਕੀਆਂ ਹੋਈਆਂ ਸਨ ਅਤੇ ਹੁਣ ਵੀ ਰੱਜ ਕੇ ਹੋਈਆਂ ਹਨ। ਉਂਜ ਸਾਨ੍ਹਾਂ ਦੇ ਇਸ ਭੇੜ ਵਿਚ ਵਿਚਾਰਨ ਵਾਲਾ ਮੁੱਦਾ ਤੀਜੀ ਧਿਰ ਦੀ ਹੋਂਦ ਦਾ ਹੈ। 2014 ਵਿਚ ਲੋਕ ਸਭਾ ਅਤੇ ਫਿਰ ਇਸੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਬੜੀ ਭਰਵੀਂ ਹਾਜ਼ਰੀ ਲੱਗੀ ਸੀ, ਪਰ ਹੁਣ ਇਸ ਪਾਰਟੀ ਦੀ ਹੋਂਦ ਉਤੇ ਹੀ ਸਵਾਲ ਖੜ੍ਹੇ ਹੋ ਗਏ ਹਨ। ਹੁਣ 400 ਤੋਂ ਉਪਰ ਵਾਰਡਾਂ ਵਿਚ ਚੋਣ ਹੋਈ ਹੈ, ਪਰ ਇਹ ਪਾਰਟੀ ਸਿਰਫ ਇਕ ਵਾਰਡ ਵਿਚ ਹੀ ਜਿੱਤ ਦਰਜ ਕਰ ਸਕੀ ਹੈ।
ਦਰਅਸਲ, ਅੰਦਰੂਨੀ ਕਲੇਸ਼ ਨੇ ਇਸ ਪਾਰਟੀ ਦਾ ਖਹਿੜਾ ਨਹੀਂ ਛੱਡਿਆ। ਕੇਂਦਰੀ ਲਡਿਰਸ਼ਿਪ ਨੇ ਵੀ ਪਹਿਲਾਂ ਆਪਣੇ ਹਿਸਾਬ ਨਾਲ ਪਾਰਟੀ ਚਲਾਉਣ ਦੀ ਕੋਸ਼ਿਸ਼ ਕੀਤੀ ਜੋ ਅਸਫਲ ਹੀ ਸਾਬਤ ਹੋਈ। ਦੂਜਾ, ਪਾਰਟੀ ਦੇ ਜਥੇਬੰਦਕ ਢਾਂਚੇ ਵੱਲ ਉਕਾ ਹੀ ਧਿਆਨ ਨਹੀਂ ਕੀਤਾ ਗਿਆ। ਇਸ ਇਕ ਨੁਕਤੇ ਕਾਰਨ ਹੀ ਹੁਣ ਵਾਲਾ ਨਤੀਜਾ ਸਾਹਮਣੇ ਆਇਆ ਹੈ। ਪਾਰਟੀ ਦੀ ਇਸ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੁਣ ਕੇਂਦਰੀ ਲੀਡਰਸ਼ਿਪ ਨੇ ਪਾਰਟੀ ਦੇ ਸੀਨੀਆਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੈ। ਮਨੀਸ਼ ਸਿਸੋਦੀਆਂ ਦੇ ਆਪਣੇ ਬਥੇਰੇ ਰੁਝੇਵੇਂ ਹਨ, ਉਹ ਪੰਜਾਬ ਇਕਾਈ ਅਤੇ ਆਗੂਆਂ ਨੂੰ ਕਿਸ ਤਰ੍ਹਾਂ ਲੀਹ ਉਤੇ ਲਿਆਉਣਗੇ, ਇਹ ਵੀ ਸੋਚਣ-ਵਿਚਾਰਨ ਵਾਲਾ ਮਸਲਾ ਹੈ। ਇਹ ਉਹੀ ਪਾਰਟੀ ਹੈ ਜਿਸ ਨੇ ਦਿੱਲੀ ਵਿਚ ਭਾਜਪਾ ਨੂੰ ਭਾਜੜਾਂ ਪੁਆ ਦਿੱਤੀਆਂ ਸਨ। ਦਿੱਲੀ ਵਿਚ ਭਾਜਪਾ ਵੱਲੋਂ ਲੋਕ ਸਭ ਦੀਆਂ ਸੱਤ ਦੀਆਂ ਸੱਤ ਸੀਟਾਂ ਜਿੱਤਣ ਦੇ ਬਾਵਜੂਦ ਇਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿਚੋਂ 67 ਸੀਟਾਂ ਉਤੇ ਜਿੱਤ ਹਾਸਲ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਸੀ। ਇਸ ਤੋਂ ਬਾਅਦ ਗੋਆ ਅੰਦਰ ਪਾਰਟੀ ਦੀ ਪੈਂਠ ਤੋਂ ਲੱਗਦਾ ਸੀ ਕਿ ਉਥੇ ਪਾਸੇ ਪਲਟ ਸਕਦੇ ਹਨ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਫਿਰ ਇਸ ਦਾ ਵੱਡਾ ਦਾਈਆ ਪੰਜਾਬ ਬਾਰੇ ਸੀ, ਪਰ ਪੰਜਾਬ ਵਿਚ ਵੀ ਪਾਰਟੀ ਸਰਕਾਰ ਬਣਾਉਂਦੀ ਬਣਾਉਂਦੀ ਮੁੱਖ ਵਿਰੋਧੀ ਧਿਰ ਹੀ ਬਣ ਸਕੀ। ਹੁਣ ਗੁਜਰਾਤ ਦੇ ਨਤੀਜਿਆਂ ਨੇ ਸਾਰਿਆਂ ਨੂੰ ਇਹ ਸੋਚਣ ਲਾ ਦਿੱਤਾ ਹੈ ਕਿ ਇਸ ਪਾਰਟੀ ਦਾ ਦਮ ਹੁਣ ਟੁੱਟ ਰਿਹਾ ਹੈ। ਗੁਜਰਾਤ ‘ਚ ਅਸਲ ਵਿਚ, ਤੀਜੀ ਧਿਰ ਲਈ ਗੁੰਜਾਇਸ਼ ਹੀ ਨਹੀਂ ਬਚੀ ਸੀ, ਕਿਉਂਕਿ ਉਥੇ ਸਮੁੱਚੀ ਸਿਆਸੀ ਲਾਮਬੰਦੀ ਭਾਜਪਾ ਅਤੇ ਕਾਂਗਰਸ ਦੁਆਲੇ ਕੇਂਦਰਤ ਹੋ ਗਈ ਸੀ। ਇਸ ਲਾਮਬੰਦੀ ਕਰ ਕੇ ਹੀ ਭਾਜਪਾ ਦੇ ਗੁਜਰਾਤ ਮਾਡਲ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਇਕ ਗੱਲ ਇਹ ਵੀ ਹੈ ਕਿ ਚੋਣਾਂ ਜਿੱਤਣ ਲਈ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਪਿਆ ਕਿ ਦੂਜੇ ਗੇੜ ਦੌਰਾਨ ਉਨ੍ਹਾਂ ਦੀ ਪਾਰਟੀ ਪਛੜ ਰਹੀ ਹੈ ਤਾਂ ਉਹ ਅਤਿ ਪ੍ਰਚਾਰੇ ਜਾਂਦੇ ਵਿਕਾਸ ਦੇ ਮੁੱਦੇ ਨੂੰ ਛੱਡ ਕੇ ਧਰੁਵੀਕਰਨ ਦੀ ਨੀਤੀ ਉਤੇ ਆ ਗਏ। ਉਤਰ ਪ੍ਰਦੇਸ਼ ਦੀਆਂ ਮਿਉਂਸਪਲ ਚੋਣਾਂ ਦੌਰਾਨ ਪਾਰਟੀ ਨੇ ਇਹ ਨੀਤੀ ਕਾਰਗਰ ਢੰਗ ਨਾਲ ਇਸਤੇਮਾਲ ਕੀਤੀ ਸੀ, ਇਸ ਲਈ ਗੁਜਰਾਤ ਵਿਚ ਵੀ ਇਸੇ ਨੂੰ ਅਜ਼ਮਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਹਰ ਸੁਹਜ-ਸਲੀਕਾ ਦਰਕਿਨਾਰ ਕਰ ਕੇ ਵਿਰੋਧੀ ਧਿਰ ਨੂੰ ਪਾਕਿਸਤਾਨ ਨਾਲ ਨੱਥੀ ਕਰ ਦਿੱਤਾ। ਇਹ ਗੱਲ ਵੱਖਰੀ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਹਰ ਪਾਸਿਓਂ ਤਿੱਖੀ ਨੁਕਤਾਚੀਨੀ ਹੋਈ ਅਤੇ ਉਨ੍ਹਾਂ ਉਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵੱਕਾਰ ਨੂੰ ਮਿੱਟੀ ਵਿਚ ਰੋਲਣ ਦੇ ਦੋਸ਼ ਵੀ ਲੱਗੇ, ਪਰ ਭਾਜਪਾ ਅਤੇ ਪ੍ਰਧਾਨ ਮੰਤਰੀ ਨੇ ਬੇਹੱਦ ਢੀਠਤਾਈ ਨਾਲ ਆਪਣਾ ਇਹ ਪ੍ਰਚਾਰ ਜਿਉਂ ਦਾ ਤਿਉਂ ਕਾਇਮ ਰੱਖਿਆ। ਇਸ ਸਮੁੱਚੇ ਵਰਤਾਰੇ ਨੂੰ ਘੋਖਦਿਆਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਭਾਜਪਾ ਦੀ ਇਸ ਤਰ੍ਹਾਂ ਦੀ ਚੋਣ ਮਸ਼ੀਨਰੀ ਅਤੇ ਸਿਆਸਤ ਦਾ ਮੁਕਾਬਲਾ ਭਲਾ ਕੀਤਾ ਵੀ ਜਾ ਸਕਦਾ ਹੈ? ਇਹ ਹੁਣ ਮੰਨ ਲੈਣਾ ਚਾਹੀਦਾ ਹੈ ਕਿ ਚੋਣਾਂ ਲੜਨ ਅਤੇ ਜਿੱਤਣ ਦੇ ਮਾਮਲੇ ਵਿਚ ਭਾਜਪਾ ਹੋਰ ਪਾਰਟੀਆਂ ਤੋਂ ਦੋ ਕਦਮ ਅਗਾਂਹ ਹੀ ਹੈ। ਇੰਨੀ ਮਜ਼ਬੂਤੀ ਨਾਲ ਅਗਾਂਹ ਵਧ ਰਹੀ ਇਸ ਪਾਰਟੀ ਨੂੰ ਡੱਕਣ ਲਈ ਇੰਨੀ ਹੀ ਮਜ਼ਬੂਤ ਧਿਰ ਦੀ ਲੋੜ ਹੈ ਜੋ ਫਿਲਹਾਲ ਤਾਂ ਸਿਆਸੀ ਪਿੜ ਵਿਚੋਂ ਨਾਦਾਰਦ ਹੀ ਜਾਪਦੀ ਹੈ। ਹੋ ਸਕਦਾ ਹੈ, ਆਉਣ ਵਾਲੇ ਸਮੇਂ ਵਿਚ ਇਸ ਪਾਰਟੀ ਦੀਆਂ ਵਧੀਕੀਆਂ ਅਤੇ ਹਨੇਰਗਰਦੀਆਂ ਖਿਲਾਫ ਕੋਈ ਬੰਨ੍ਹ-ਸੁਬ ਬਣ ਜਾਵੇ, ਜਿਵੇਂ ਐਨ ਮੌਕੇ ਉਤੇ ਗੁਜਰਾਤ ਵਿਚ ਬਣਿਆ ਸੀ।