ਢਾਡੀ ਕਲਾ ਦਾ ਸਿਖਰਲਾ ਵਕਤ ਦੀਦਾਰ ਸਿੰਘ ਰਟੈਂਡਾ

ਅਸ਼ੋਕ ਭੌਰਾ
ਕਹਿਣਾ ਪਵੇਗਾ ਕਿ ਖੁਰਾਕ ਦੀ ਤਬਦੀਲੀ ਕਾਰਨ ਮਨੁੱਖ ਦਾ ਸੁਭਾਅ ਅਤੇ ਆਦਤਾਂ ਬਦਲ ਗਈਆਂ ਹਨ। ਪਰ ਇਸ ਯੁੱਗ ਵਿਚ ਖਾਣ-ਪੀਣ ਨੇ ਜੋ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ, ਉਹ ਹੈ, ਮਨੁੱਖ ਨੇ ਸੰਜਮ ਦਾ ਗਲਾ ਘੁੱਟ ਦਿੱਤਾ ਹੈ ਅਤੇ ਸਬਰ ਦਾ ਪਿਆਲਾ ਸਾਰੇ ਦਾ ਸਾਰਾ ਮੂਧਾ ਹੀ ਕਰ ਦਿੱਤਾ ਹੈ। ਅਸੀਂ ਸੰਗੀਤ ਦੀ ਕਲਾ ਪ੍ਰਤੀ ਸ਼ਰਧਾਵਾਨ ਹੋਣ ਦੀ ਗੱਲ ਤਾਂ ਕਰ ਰਹੇ ਹਾਂ ਪਰ ਇਸ ਦੇ ਵਿਰਾਸਤੀ ਪੰਨਿਆਂ ‘ਤੇ ਇੱਕ ਤਰ੍ਹਾਂ ਨਾਲ ਕਾਟਾ ਹੀ ਫੇਰ ਦਿੱਤਾ ਹੈ। ਜਦੋਂ ਪੱਬ ਨਾ ਚੁਕੇ ਜਾਂਦੇ ਹੋਣ ਤੇ ਸਿਰ ਨਾ ਵੀ ਝੂੰਮਦਾ ਹੋਵੇ ਪਰ ਅੰਦਰੋਂ ਅਣਖ ਜੈਕਾਰੇ ਛੱਡ ਰਹੀ ਹੋਵੇ ਤਾਂ ਸਥਿਤੀ ਸਾਫ ਹੋ ਜਾਂਦੀ ਹੈ ਕਿ ਢਾਡੀ ਰਾਗ ਦੀ ਬਾਤ ਪੈ ਰਹੀ ਹੈ। ਇਸ ਲਈ ਪੱਛਮ ਵਲੋਂ ਨ੍ਹੇਰੀਆਂ ਕਿੰਨੀਆਂ ਵੀ ਚੜ੍ਹੀਆਂ ਆਉਣ, ਬੇਸੁਰਿਆਂ ਦੀ ਭੀੜ ਕਿੰਨੀ ਵੀ ਵੱਧ ਗਈ ਹੋਵੇ-ਢਾਡੀ ਦੀਦਾਰ ਸਿੰਘ ਰਟੈਂਡਾ ਦੀ ਬਾਤ ਜਦੋਂ ਆਵੇਗੀ, ਸੁੱਤਾ ਪਿਆ ਬੰਦਾ ਵੀ ਉਠ ਕੇ ਹੁੰਗਾਰਾ ਭਰਨ ਲਈ ਕਮਲਾ ਹੋ ਜਾਵੇਗਾ।

ਇੱਕ ਚਿੱਤਰਕਾਰ ਜਦੋਂ ਰੰਗਾਂ ਨਾਲ ਬੁਰਸ਼ ਸਹਾਰੇ ਖੇਡ ਰਿਹਾ ਹੁੰਦਾ ਹੈ ਤਾਂ ਉਸ ਦੀ ਆਤਮਾ ਕਲਾ ਨਾਲ ਤ੍ਰਿਪਤ ਹੋ ਰਹੀ ਹੁੰਦੀ ਹੈ। ਉਹਦੇ ਲਈ ਭੁੱਖ-ਪਿਆਸ ਦੇ ਕੋਈ ਅਰਥ ਨਹੀਂ ਹੁੰਦੇ। ਬੁਢਾਪਾ ਸਰੀਰ ਤਾਂ ਢਾਹ ਲੈਂਦਾ ਹੈ ਪਰ ਕਲਾ ਅੱਗੇ ਹਥਿਆਰ ਸੁੱਟ ਦਿੰਦਾ ਹੈ। ਇਸ ਦੀ ਇੱਕ ਮਿਸਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।
ਕਰੀਬ ਛੱਤੀ ਸਾਲ ਪੁਰਾਣੀ ਗੱਲ। ਉਚੇ ਟਿੱਬੇ ਕਰਕੇ ਜਾਣਿਆ ਜਾਂਦਾ ਪਿੰਡ ਗੁਣਾਚੌਰ। ਉਹ ਪਿੰਡ ਜੋ ਅੱਜ ਕੱਲ੍ਹ ਗੀਤਕਾਰ ਜਸਵੀਰ ਗੁਣਾਚੌਰੀਏ ਕਰਕੇ ਚਰਚਿਤ ਹੈ। ਉਹੀ ਗਰਾਂ ਜਿਥੇ ਉਲੰਪੀਅਨ ‘ਤੇ ਪੁਲਿਸ ਅਧਿਕਾਰੀ ਸੁਰਿੰਦਰ ਸੋਢੀ ਨੇ ਜਨਮ ਲਿਆ। ਉਹੀ ਪਿੰਡ ਜੋ ਸ਼ਮਸ਼ੇਰ ਸੰਧੂ ਦੇ ਸਹੁਰਿਆਂ ਦਾ ਪਿੰਡ ਹੈ। ਸੰਧੂ ਦੀ ਪਤਨੀ ਸੁਖਵੀਰ ਇੱਥੇ ਹੀ ਨੰਬਰਦਾਰ ਦਰਸ਼ਨ ਸਿੰਘ ਦੇ ਘਰ ਜਨਮੀ ਤੇ ਇੱਥੇ ਹੀ ਮੈਂ ਬਸ ਅੱਡੇ ਦੇ ਲਹਿੰਦੇ ਪਾਸੇ ਖੇਤਾਂ ਵਿਚ ਸਾਲ 1988 ਵਿਚ ਖੇਤਾਂ ‘ਚ ਬਣੇ ਇੱਕ ਘਰ ਵਿਚ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਪਹਿਲੀ ਵਾਰ ਦਰਸ਼ਨ-ਦੀਦਾਰ ਕੀਤੇ। ਉਦੋਂ ਜਦੋਂ ਬੁਢਾਪਾ ਉਹਦੇ ਪਲ ਪਲ ਤੀਕਰ ਆ ਚੜ੍ਹਿਆ ਸੀ। ਸਰੀਰ ਪੂਰੇ ਦਾ ਪੂਰਾ ਹਫ ਚੁੱਕਾ ਸੀ ਪਰ ਕਲਾ ਤੇ ਸ਼ੌਕ ਚੜ੍ਹਦੀ ਵਰੇਸ ਵਾਲਾ ਸੀ। ਫਰਵਰੀ ਮਹੀਨੇ ਦੀ ਨਿੱਘੀ ਧੁੱਪ, ਕਮਜ਼ੋਰ ਯਾਦਦਾਸ਼ਤ ਤੇ ਉਹਦੇ ਪੁੱਤਰ ਨਿਰਮਲ ਸਿੰਘ ਨੇ ਸਹਾਰਾ ਦੇ ਕੇ ਉਹਨੂੰ ਬਾਹਰ ਧੁੱਪੇ ਡੱਠੀ ਕੁਰਸੀ ‘ਤੇ ਬਿਠਾਇਆ ਤਾਂ ਇੱਕ ਸੌ ਦੋ ਸਾਲ ਲੰਬੀ ਉਮਰ ਭੋਗ ਚੁਕੇ ਦੀਦਾਰ ਸਿੰਘ ਰਟੈਂਡਾ ਨਾਲ ਮੁਲਾਕਾਤ ਮੈਂ ਕਰਨ ਗਿਆ ਸਾਂ ਪਰ ਸੁਆਲ ਉਹਨੇ ਮੈਥੋਂ ਪੁੱਛਣੇ ਸ਼ੁਰੂ ਕੀਤੇ:
ਤੂੰ ਮੇਰੇ ਬਾਰੇ ਕਿੰਨਾ ਕੁ ਜਾਣਦੈ?
“ਤੁਹਾਡੇ ਆਮ ਪ੍ਰਸ਼ੰਸਕਾਂ ਤੋਂ ਥੋੜ੍ਹਾ ਜਿਹਾ ਵੱਧ।”
ਸੀਤਲ ਦਾ ਕੀ ਹਾਲ ਹੈ?
ਉਹਦਾ ਭਾਵ ਸੋਹਣ ਸਿੰਘ ਸੀਤਲ ਤੋਂ ਸੀ, “ਠੀਕ ਠਾਕ ਹੈ, ਦੋ ਕੁ ਮਹੀਨੇ ਪਹਿਲਾਂ ਲੁਧਿਆਣੇ ਮਿਲ ਕੇ ਆਇਆ ਹਾਂ।”
ਅੱਜ ਕੱਲ੍ਹ ਕਿਹੜੇ ਢਾਡੀ ਦੀ ਚੜ੍ਹਾਈ ਹੈ?
ਮੈਂ ਦਿਲਬਰ ਸਾਹਿਬ ਦਾ ਜ਼ਿਕਰ ਕੀਤਾ ਤੇ ਨਾਲ ਹੀ ਕਿਹਾ, “ਅੱਜ ਚਰਨ ਸਿੰਘ ਆਲਮਗੀਰ ਤੇ ਦਿਲਬਰ ਦਾ ਫਰਜੰਦ ਕੁਲਜੀਤ ਚੰਗਿਆਂ ‘ਚੋਂ ਹਨ।”
ਪਰ ਉਹਦੀ ਹਉਕਾ ਲੈ ਕੇ ਕਹੀ ਗੱਲ ਹਾਲੇ ਤੱਕ ਮੇਰੇ ਚੇਤੇ ‘ਚ ਵਸੀ ਹੋਈ ਹੈ, “ਸਿੱਖ ਫਿਲਾਸਫਰ ਬੜੇ ਨੇ ਪਰ ਦੁੱਖ ਹੈ ਕਿ ਢਾਡੀਆਂ ਤੇ ਢਾਡੀ ਕਲਾ ਦੀ ਬਾਤ ਪਾਉਣ ਵਾਲਾ ਹਾਲੇ ਤੱਕ ਵੀ ਕੋਈ ਨਹੀਂ ਜਾਗਿਆ।” ਇਹ ਖਲਾਅ ਹਾਲੇ ਵੀ ਬਰਕਰਾਰ ਹੈ ਅਤੇ ਸਿੱਖ ਧਰਮ ਤੇ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਚੁੱਪ ਹੈ।
ਕਿਸੇ ਵਕਤ ਸਾਰੰਗੀ ‘ਤੇ ਮਸ਼ੀਨ ਵਾਂਗ ਗਜ ਫੇਰਨ ਵਾਲੇ ਦੀਦਾਰ ਸਿੰਘ ਨੇ ਉਸ ਦਿਨ ਜਦੋਂ,
ਚੱਕ ਕੇ ਝੁੰਮਣ ਹੀਰੇ
ਡੋਲੀ ਬਹਿ ਗਈ ਖੇੜਿਆਂ ਦੀ
ਰਾਂਝੇ ਢਾਹ ਨੇ ਦੁਹੱਥੜ ਪੱਟੀ ਮਾਰੀ।
ਅੱਧੀ ਸੂਰਤ ਹੀਰੇ ਦੀ
ਦਿੱਸਦੀ ਸਾਰੀ ਦੁਨੀਆਂ ਨੂੰ
ਮੇਰੇ ਨੈਣਾਂ ਦੇ ਵਿਚ ਬਹਿ ਕੇ ਦਿਸਦੀ ਸਾਰੀæææ।
ਸੁਣਾਇਆ ਤਾਂ ਦ੍ਰਿਸ਼ ਦੇਖੋ ਕਿਆ ਕਮਾਲ ਸੀ। ਬੋਲਾਂ ਵਿਚ ਉਹ ਜੋਸ਼ ਤਾਂ ਨਹੀਂ ਸੀ ਪਰ ਉਤਸ਼ਾਹ ਏਨਾ ਕਿ ਉਹਨੇ ਖੱਬੀ ਬਾਂਹ ਦੀ ਸਾਰੰਗੀ ਉਤੇ ਸੱਜੀ ਬਾਂਹ ਨੂੰ ਜਦੋਂ ਗਜ ਬਣਾ ਕੇ ਫੇਰਿਆ ਤਾਂ ਅਹਿਸਾਸ ਹੋ ਗਿਆ ਸੀ, ਕਲਾਕਾਰਾਂ ਦੀਆਂ ਉਮਰਾਂ ਲੰਬੀਆਂ ਕਿਉਂ ਹੁੰਦੀਆਂ ਹਨ। ਢਾਡੀ ਦੀਦਾਰ ਸਿੰਘ ਦੀ ਗੱਲ ਕਰਦਿਆਂ ਮੈਨੂੰ ਇਹ ਦੁੱਖ ਹਮੇਸ਼ਾ ਰਹੇਗਾ ਕਿ ਇਸ ਮੁਲਾਕਾਤ ਪਿਛੋਂ ਮੈਂ ਛੇ ਮਹੀਨੇ ਗੁਣਾਚੌਰ ਨਾ ਜਾ ਸਕਿਆ ਤੇ ਫਿਰ ਜਦੋਂ ਉਪਰੋਥਲੀ ਗਿਆ ਤਾਂ ਉਹ ਮੰਜੇ ਨਾਲ ਰਿਸ਼ਤਾ ਗੂੜ੍ਹਾ ਕਰੀ ਬੈਠਾ ਸੀ।
ਮਾਲਵੇ ਦਾ ਸਭ ਤੋਂ ਹਰਮਨਪਿਆਰਾ ਦੁਆਬੀਆ ਢਾਡੀ ਦੀਦਾਰ ਸਿੰਘ ਰਟੈਂਡਾ ਇੱਕ ਸਦੀ ਤੋਂ ਵੱਧ ਉਮਰ ਭੋਗ ਕੇ ਨਹੀਂ, ਕਲਾ ਸਹਾਰੇ ਹੰਢਾ ਕੇ ਗਿਆ ਹੈ। ਭਾਵੇਂ ਅਸੀਂ ਕਈ ਵਾਰ ਕਿਸੇ ਦੀ ਮੌਤ ‘ਤੇ ਅੰਬਰੋਂ ਤਾਰਾ ਟੁੱਟਣ ਵਰਗੇ ਅਲੰਕਾਰ ਵਰਤ ਲੈਂਦੇ ਹਾਂ, ਜਦੋਂ ਬਹੁਤ ਹੀ ਹੇਜ਼ ਜਤਾਉਣਾ ਹੋਵੇ ਪਰ ਗਰਮ ਢਾਡੀ ਇਸ ਗੱਲ ਨੂੰ ਸਵੀਕਾਰ ਕਰਦੇ ਰਹਿਣਗੇ ਕਿ ਇਸ ਧਰੂ ਤਾਰੇ ਦੇ ਟੁੱਟਣ ਨਾਲ ਇਸ ਕਲਾ ਦਾ ਬਹੁਤ ਵੱਡਾ, ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਉਹ ਇੱਕੋ ਇੱਕ ਕਲਾਤਮਕ ਹਸਤੀ ਸੀ ਜੀਹਨੂੰ ਲੋਕ ਕਲਾ ਵਾਂਗ ਲੋਕ ਪੂਜਦੇ ਰਹੇ ਤੇ ਉਹਦੇ ਦਰਸ਼ਨ-ਦੀਦਾਰ ਲਈ ਵੰਡ ਪਿੱਛੋਂ ਵੀ ਲੋਕ ਲਹਿੰਦੇ ਪੰਜਾਬ ਤੋਂ ਗੁਣਾਚੌਰ ਆਉਂਦੇ ਰਹੇ। ਉਹਦੀ ਮੌਤ ਨਾਲ ਲੰਬਾ ਹਉਕਾ ਉਠਣਾ ਤੇ ਢਾਡੀ ਕਲਾ ਪ੍ਰੇਮੀਆਂ ਨੂੰ ਝਟਕਾ ਲੱਗਣਾ ਸੁਭਾਵਿਕ ਸੀ। ਸੱਚੀਂ ਹੀ ਉਹ ਇੱਕ ਪੂਜਣਯੋਗ ਨਾਂ ਰਿਹਾ ਹੈ।
ਦੀਦਾਰ ਭਾਵੇਂ ਜ਼ਿੰਦਗੀ ਦੇ ਆਖਰੀ ਅੱਧ ਤੱਕ ਦੁਆਬੇ ਵਿਚ ਰਿਹਾ ਪਰ ਮਾਲਵੇ ਦੇ ਲੋਕ ਉਹਦੀ ਕਲਾ ਦੀ ਪੂਜਾ ਮੜ੍ਹੀਆਂ ਪੂਜਣ ਵਾਂਗ ਕਰਦੇ ਹਨ। ਦੀਦਾਰ ਭਲਾ ਕਿਸੇ ਆਮ ਨੇ ਬਣ ਜਾਣੈ? ਲੋਕ ਉਹਦਾ ਗੌਣ ਸੁਣਨ ਗਏ ਅਰਦਾਸਾਂ ਕਰਿਆ ਕਰਦੇ ਸਨ ਕਿ ਪੁੱਤ ਹੋਵੇ ਤਾਂ ਦੀਦਾਰ ਸਿੰਘ ਵਰਗਾ। ਵੰਡ ਤੋਂ ਪਹਿਲਾਂ ਬਾਰ ਦੇ ਮੇਲਿਆਂ ‘ਤੇ ਉਹਦੀ ਝੰਡੀ ਵੀ ਰਹੀ ਤੇ ਸਰਦਾਰੀ ਵੀ। ਉਹਦੀ ਕਲਾ ਦੇ ਦੀਵਾਨੇ ਕਈ ਕਈ ਦਿਨ ਪਹਿਲਾਂ ਕੰਮ-ਧੰਦਾ ਨਿਪਟਾ ਲੈਂਦੇ ਸਨ। ਇੱਥੋਂ ਤੱਕ ਕਿ ਕਿਸੇ ਮੇਲੇ ‘ਤੇ ਉਹਨੇ ਆਉਣਾ ਹੁੰਦਾ ਸੀ ਤਾਂ ਵਿਆਹ ਸ਼ਾਦੀਆਂ ਵੀ ਅੱਗੇ ਪਾ ਲੈਂਦੇ।
ਲੁਧਿਆਣੇ ਦੇ ਪਿੰਡ ਭਰੋਵਾਲ ਦਾ ਸਮੁੰਦ ਸਿੰਘ ਇੱਕ ਵਾਰ ਉਹਦਾ ਗੌਣ ਸੁਣਨ ਗਿਆ। ਛਪਾਰ ਦੇ ਮੇਲੇ ਵਾਂਗ ਸੜਕਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਜਿੱਥੇ ਉਹਦਾ ਪ੍ਰੋਗਰਾਮ ਹੋਣਾ ਸੀ, ਮੀਲ ਤੱਕ ‘ਕੱਠ ਹੋਊ, ਚਿਹਰਾ ਵੀ ਉਹਦਾ ਦਿਸ ਨਹੀਂ ਸੀ ਰਿਹਾ। ਇੱਕ ਉਚੇ ਟਿੱਬੇ ‘ਤੇ ਖਲੋ ਕੇ ਉਹ ਪੱਬਾਂ ਭਾਰ ਹੋ ਕੇ ਸੁਣਦਾ ਰਿਹਾ। ਜਦੋਂ ਦੀਦਾਰ ਸਿੰਘ ਨੇ ਲੰਬੀ ਹੇਕ ਨਾਲ ਗਾਇਆ,
ਹਾਰ ਤੋੜ ਕੇ ਮਲਰ ਬਣਾ
ਲਿਆ ਹੀਰ ਨੇ
ਮੋਤੀ ਇੱਕ ਇੱਕ ਕਰਕੇ
ਡੋਲੀ ਕੋਲ ਖਿੰਡਾਇਆ।
ਤਾਂ ਸੁਮੰਦ ਸਿੰਘ ਨੇ ਮਨ ਹੀ ਮਨ ਅਰਦਾਸ ਕੀਤੀ ਕਿ ਵਾਹਿਗੁਰੂ ਵੱਡੇ ਪੁੱਤਰ ਦਾ ਨਾਂ ਤਾਂ ਦਰਸ਼ਨ ਰੱਖ ਲਿਆ ਹੈ ਜੇ ਹੁਣ ਇੱਕ ਪੁੱਤਰ ਦੀ ਦਾਤ ਦੇਵੇ ਤਾਂ ਸਹੁੰ ਧਰ ਕੇ ਕਹਿਨੈਂ ਉਹਦਾ ਨਾਂ ਦੀਦਾਰ ਸਿੰਘ ਰੱਖੂੰ ਤੇ ਬਣਾਵਾਂਗਾ ਵੀ ਗਵੱਈਆ। ਅੱਗੇ ਚੱਲ ਕੇ ਸੁਮੰਦ ਸਿੰਘ ਦਾ ਪੁੱਤਰ ਦੀਦਾਰ ਸੰਧੂ ਲੋਕ ਗਾਇਕ ਬਣ ਹੀ ਗਿਆ।
ਢਾਡੀ ਦੀਦਾਰ ਸਿੰਘ ਦਾ ਪਿੰਡ ਰਟੈਂਡਾ ਉਦੋਂ ਜਲੰਧਰ ਜ਼ਿਲ੍ਹੇ ਵਿਚ ਪੈਂਦਾ ਸੀ ਤੇ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਵਿਚ। ਇੱਥੇ ਪਿਤਾ ਦਲੇਰ ਸਿੰਘ ਦੇ ਘਰ ਉਹਨੇ ਅੱਖ ਪੱਟੀ ਤੇ ਪਿੱਛੋਂ ਪਾਕਿਸਤਾਨ ਚਲੇ ਗਿਆ। ਜਦੋਂ ਦੇਸ਼ 1947 ਵਿਚ ਵੰਡਿਆ ਗਿਆ ਤਾਂ ਉਹਨੂੰ ਗੁਣਾਚੌਰ ‘ਚ ਜਮੀਨ ਅਲਾਟ ਹੋ ਗਈ। ਜਿਹੜੀ ਸ਼ਾਨ ਉਹਨੇ ਬਾਰ ਦੇ ਮੇਲਿਆਂ ‘ਤੇ ਕਮਾਈ, ਉਹ ਸ਼ਾਇਦ ਹੀ ਕਿਸੇ ਢਾਡੀ ਨੂੰ ਅੱਜ ਤੱਕ ਨਸੀਬ ਹੋਈ ਹੋਵੇ। ਉਹਨੇ ਪਹਿਲਾਂ ਆਪਣੇ ਨਾਂ ਨਾਲ ਤਖਲਸ ḔਪੰਛੀḔ ਰੱਖਿਆ ਤੇ ਪਿੱਛੋਂ ਕੁਝ ਦੇਰ ਉਹ ਦੀਦਾਰ ਸਿੰਘ Ḕਜੱਟੋ ਕੇ ਸਹਿਗਲḔ ਦੇ ਨਾਂ ਹੇਠ ਵੀ ਗਾਉਂਦਾ ਰਿਹਾ। ਸਾਰੰਗੀ ਉਹਨੇ ਭਗਤੂ ਰਾਮਗੜ੍ਹੀਏ ਤੋਂ ਸਿੱਖੀ ਤੇ ਮੁਕਤਸਰ ਜਾ ਕੇ ਕੋਕੋਆਣੇ ਦੇ ਜੈਮਲ ਸਿੰਘ ਨੂੰ ਆਪਣਾ ਉਸਤਾਦ ਧਾਰਿਆ। ਉਹ ਆਖਦਾ, ਗਰਮ ਸੁਭਾਅ ਦੇ ਬਾਪੂ ਨੇ ਪਹਿਲਾਂ ਬੜੀਆਂ ਚੰਡਾਂ ਮਾਰੀਆਂ ਕਿ ਤੂੰ ਜੱਟਾਂ ਦਾ ਮੁੰਡਾ ਹੋ ਕੇ ਜਮੀਨ ਨਾਲੋਂ ਟੁੱਟ ਕੇ ਕਿਹੜੇ ਕੰਮ ਕਰਨ ਲੱਗ ਪਿਐ? ਪਰ ਦੀਦਾਰ ਨੇ ਬਾਪੂ ਦੀ ਇੱਕ ਨਾ ਮੰਨੀ ਤੇ ਘਰਦਿਆਂ ਤੋਂ ਚੋਰੀ ਇਹ ਰਾਗ ਵਿਦਿਆ ਸਿੱਖ ਕੇ ਆਪਣੇ ਨਾਂ ਦੀ ਆਪਣੀ ਹੀ ਕਲਾਤਮਕ ਕੰਧ ਖੜ੍ਹੀ ਕਰ ਲਈ।
ਜਲੰਧਰ ਦੂਰਦਰਸ਼ਨ ਲਈ ਡਾæ ਲਖਵਿੰਦਰ ਜੌਹਲ ਨੇ ਉਹਦੇ ‘ਤੇ 1989 ਵਿਚ ਅੱਧੇ ਘੰਟੇ ਦੀ ਜੀਵਨ ਦਸਤਾਵੇਜੀ ਫਿਲਮ ਬਣਾਈ ਤਾਂ ਨਿਆਣੀ ਉਮਰੇ ਇਹ ਸਕਰਿਪਟ ਲਿਖਦਿਆਂ ਕਮੀਆਂ ਤਾਂ ਰਹੀਆਂ ਹੋਣਗੀਆਂ ਪਰ ਦੂਰਦਰਸ਼ਨ ਦੇ ਇਸ ਖੋਜੀ ਕਾਰਜ ਦੀ ਵਡਿਆਈ ਰੱਜ ਕੇ ਹੋਈ ਸੀ। ਉਹਦੇ ਪੱਧਰ ਵਾਲੇ ਤਵੇ ਉਦੋਂ ਮੈਂ ਦੁਆਬਾ ਸਾਊਂਡ ਵਾਲੇ ਰਾਜ ਤੋਂ ਗੜ੍ਹਸ਼ੰਕਰੋਂ ਲੈ ਕੇ ਗਿਆ ਸਾਂ ਜੋ ਹੁਣ ਦੂਰਦਰਸ਼ਨ ਦੀ ਲਾਇਬ੍ਰੇਰੀ ਦੀ ਜਾਇਦਾਦ ਬਣ ਚੁਕੇ ਹਨ।
1930 ਵਿਚ ਵਿਸ਼ਵ ਪ੍ਰਸਿੱਧ ਕੰਪਨੀ ਐਚæਐਮæਵੀæ ਨੇ ਉਹਦੇ ਪੱਕੇ ਛੇ ਰਿਕਾਰਡ ਭਰ ਲਏ ਤੇ ਇਨ੍ਹਾਂ ਰਿਕਾਰਡਾਂ ਵਿਚ ਧੰਨੇ ਅਤੇ ਕਾਲੇਵਾਲ ਲੱਲੀਆਂ ਦੇ ਭਗਤ ਸਿੰਘ ਨੇ ਉਹਦਾ ਸਾਥ ਦਿੱਤਾ। ਕੰਪਨੀ ਨੇ ਕਿੰਨੀ ਦੇਰ ਇਹ ਤਵਾ ਰਿਲੀਜ਼ ਨਾ ਕੀਤਾ ਕਿ ਕਿਤੇ ਇਹ ਤਜ਼ਰਬਾ ਫੇਲ੍ਹ ਨਾ ਹੋ ਜਾਵੇ ਪਰ ਜਦੋਂ ਇਹ ਲੋਕਾਂ ਤੱਕ ਪੁੱਜਾ ਤਾਂ ਇੱਕ ਤਰ੍ਹਾਂ ਨਾਲ ਢਾਡੀ ਕਲਾ ਵਿਚ ਤੂਫਾਨ ਉਠਿਆ ਤੇ ਉਦੋਂ ਲੋਕ ਵਿਆਹ ਸ਼ਾਦੀਆਂ ‘ਤੇ ਤੂੰਬੇ ਵਾਲੇ ਗਵੱਈਆਂ ਨੂੰ ਛੱਡ ਕੇ ਢਾਡੀਆਂ ਨੂੰ ਸਵਾ ਰੁਪਿਆ ਸਾਈ ਦੇਣ ਲੱਗ ਪਏ। ਹਾਲਾਂਕਿ ਉਹਦੀ ਪੰਥਕ ਹਲਕਿਆਂ ਵਿਚ ਤਿੱਖੀ ਆਲੋਚਨਾ ਇਸ ਕਰਕੇ ਹੋਈ ਸੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਪਹਿਲੇ ਢਾਡੀ ਨੱਥਾ ਤੇ ਅਬਦੁੱਲਾ ਨੂੰ ਲੈ ਕੇ ਚਲਾਈ ਇਹ ਸਿੱਖੀ ਦੀ ਵਿਰਾਸਤ ਤੇ ਸੰਗੀਤ ਪਰੰਪਰਾ ਦੀਦਾਰ ਸਿੰਘ ਨੇ ਪ੍ਰੀਤ ਗਾਥਾਵਾਂ ਤੇ ਕਿੱਸਿਆਂ ਨੂੰ ਗਾਉਣ ਵੱਲ ਖਿੱਚ ਲਈ ਸੀ।
ਅਸਲ ਵਿਚ ਉਹਨੇ ਢਾਡੀ ਕਲਾ ਨੂੰ ਧਰਮ ਨਾਲ ਜੁੜਨ ਦੀ ਵਿਵਸਥਾ ਤੋਂ ਇੱਕ ਤਰ੍ਹਾਂ ਨਾਲ ਲਾਂਭੇ ਹੀ ਕਰੀ ਰੱਖਿਆ।
ਭੰਨ ਕੇ ਤੀਰ ਤੇ ਤਰਕਸ਼
ਟੰਗ ਦਿੱਤੇ ਰੰਨ ਨੇ ਜੰਡ ‘ਤੇ।
ਸਾਹਿਬਾਂ ਦੀ ਲੋਕ ਗਾਥਾ ਗਾ ਕੇ ਨਵਾਂ ਰਾਹ ਬਣਾਉਣ ਵਾਲੇ ਦੀਦਾਰ ਦੀਆਂ ਹੀ ਇਹ ਵੀ ਮੂਲ ਵੰਨਗੀਆਂ ਸਨ ਜਿਨ੍ਹਾਂ ਨੂੰ ਬਾਅਦ ਵਿਚ ਕੁਲਦੀਪ ਮਾਣਕ ਨੇ ਰਿਕਾਰਡ ਤਾਂ ਕਰਵਾ ਲਿਆ ਪਰ ਇਨ੍ਹਾਂ ਦੀ ਰਚਨਾ ਦਾ ਪਟਾ ਲਿਖ ਕੇ ਦੇਵ ਥਰੀਕੇ ਵਾਲੇ ਦੇ ਗਲ ਵਿਚ ਪਾ ਗਿਆ। “ਤੇਰੇ ਟਿੱਲੇ ਤੋਂ ਅਹੁ ਸੂਰਤ ਦੀਹਦੀ ਐ ਹੀਰ ਦੀ” ਆਧਾਰ ਦੀਦਾਰ ਸਿੰਘ ਰਟੈਂਡਾ ਦੀ ਰਚਨਾ “ਅੱਧੀ ਸੂਰਤ ਹੀਰ ਦੀ ਦਿਸਦੀ ਸਾਰੀ ਦੁਨੀਆਂ ਨੂੰ, ਮੇਰੇ ਨੈਣਾਂ ਦੇ ਵਿਚ ਬਹਿ ਕੇ ਦਿਸਦੀ ਸਾਰੀ” ਹੈ। ਇਵੇਂ:
ਹੱਥ ਤਾਂ ਜੁੜ ਜਾਂਦੇ ਜਿਨ੍ਹਾਂ ਦੇ ਨਾਲ ਅਮਰੀਕਾ ਦੇ
ਰੱਖਦੇ ਕਦੇ ਨਾ ਉਹੋ ਨਾਲ ਗਰੀਬਾਂ ਯਾਰੀ।
ਟੁੱਟ ਗਈ ਯਾਰੀ ‘ਤੇ ਮਨ ਮੁੜਿਆ ਮੁੜਿਆ ਲੱਗਦਾ ਨੀ,
ਹੈ ਨੀ ਅੱਖਾਂ ਦੇ ਵਿਚ ਪਹਿਲਾਂ ਵਾਲੀ ਧਾਰੀ।
ਸਭ ਕੁਝ ਦੀਦਾਰ ਸਿੰਘ ਰਟੈਂਡਾ ਦਾ ਹੀ ਲਿਖਿਆ ਹੋਇਆ ਹੈ।
ਛਾਂਗੇ ਸਾਰੰਗੀ ਵਾਲੇ ਤੇ ਤਾਰੇ ਨਾਲ ਜੁੜ ਕੇ ਉਹਨੇ ਬਹੁਤੀਆਂ ਲੋਕ ਗਾਥਾਵਾਂ ਰਿਕਾਰਡ ਕਰਵਾਈਆਂ। ਹਾਲਾਂਕਿ ਬਹੁਤ ਸਾਰੇ ਧਾਰਮਿਕ ਪ੍ਰਸੰਗ ਅਤੇ ਵਾਰਾਂ ਵੀ ਉਹਨੇ ਗਾਈਆਂ ਪਰ ਬਿਨਾ ਸ਼ੱਕ ਉਹ ਸਾਰੇ ਧਰਮਾਂ ਦਾ ਸਰਵ-ਪ੍ਰਵਾਣਿਤ ਕਲਾਕਾਰ ਬਣ ਕੇ ਵਿਚਰਦਾ ਰਿਹਾ। 1935-36 ਦੇ ਕਰੀਬ ਉਹ ਕੋਲੰਬੀਆ ਕੰਪਨੀ ਨਾਲ ਜੁੜ ਗਿਆ ਤੇ ਬਾਅਦ ਵਿਚ ਜਦੋਂ ਯੱਗ ਇੰਡੀਆ ਕੰਪਨੀ ਵਾਲਿਆਂ ਨੇ ਉਹਨੂੰ ਰਾਇਲਟੀ ਦੇਣ ਦੀ ਚੇਟਕ ਲਾਈ ਤਾਂ ਉਹਨੇ 16 ਪੱਕੇ ਰਿਕਾਰਡਾਂ ਵਿਚ ਬੱਤੀ ਗੀਤ ਗਾਏ। ਉਦੋਂ ਪੱਥਰ ਦੇ ਤਵਿਆਂ ਵਿਚ ਦੋਹੀਂ ਪਾਸੀਂ ਇੱਕ ਇੱਕ ਰਚਨਾ ਹੀ ਹੁੰਦੀ ਸੀ।
ਉਹ ਆਖਦਾ ਹੁੰਦਾ, ਉਹਦੇ ਸ਼ਾਗਿਰਦਾਂ ‘ਚੋਂ ਲਹਿਲ ਕਲਾਂ ਦੇ ਨਛੱਤਰ ਸਿੰਘ ਤੇ ਕਲੇਰਾਂ ਦੇ ਵੀ ਨਛੱਤਰ ਸਿੰਘ ਨੇ ਚੰਗਾ ਨਾਂ ਕਮਾਇਆ। ਮਹਿੰਗਾ ਵੀ ਚੰਗਿਆਂ ‘ਚੋਂ ਰਿਹਾ। ਭਾਵੇਂ ਉਹਨੇ ਇੱਕ ਦਿਨ ਵੀ ਸਕੂਲ ਦਾ ਮੂੰਹ ਨਹੀਂ ਦੇਖਿਆ ਪਰ ਉਸ ਨੂੰ ਗੁਰਮੁਖੀ, ਸ਼ਾਹਮੁਖੀ ਤੇ ਉਰਦੂ ਦਾ ਚੰਗਾ ਗਿਆਨ ਸੀ। ਸਿੱਖ ਇਤਿਹਾਸ ਉਹਦੇ ਚੇਤੇ ‘ਚ ਵਸਿਆ ਹੋਇਆ ਸੀ ਤੇ ਨਾਲ ਦਮਿਅੰਤੀ, ਜਾਨੀ ਚੋਰ ਤੇ ਪ੍ਰੀਤ ਕਿੱਸੇ ਵੀ ਜ਼ੁਬਾਨੀ ਯਾਦ ਸਨ।
ਉਹ ਆਪ ਦੱਸਦਾ ਰਿਹਾ ਕਿ ਪਹਿਲਾਂ ਉਹਨੂੰ ਸਿਰਫ ਗਾਉਣਾ ਆਉਂਦਾ ਸੀ, ਲਿਖਣਾ ਨਹੀਂ। ਪਹਿਲਿਆਂ ‘ਚ ਉਹਨੇ ਦਿਹਰੀ ਦੇ ਹਜ਼ੂਰ ਸਿੰਘ ਕੋਲੋਂ ਦਸ ਦਸ ਰੁਪਏ ‘ਚ ਅੱਸੀ ਕਲੀਆਂ ਖਰੀਦ ਕੇ ਆਪਣੇ ਨਾਂ ਹੇਠ ਰਿਕਾਰਡ ਕਰਵਾਇਆ। ਬਾਅਦ ‘ਚ ਸਾਹਿਬਾਂ ਦਾ ਤਰਲਾ, ਜੱਟ ਦੀ ਮਸਤੀ, ਬੰਦੇ ਦੀ ਤ੍ਰਿਸ਼ਨਾ, ਸੁੰਦਰ ਚਰਖਾ, ਧੀਆਂ ਦਾ ਵਿਛੋੜਾ, ਦੇਸ਼ ਪ੍ਰਵਾਨੇ ਉਹਦੀਆਂ ਸਿਰਮੌਰ ਰਚਨਾਵਾਂ ਸਰਵ ਪ੍ਰਵਾਨਿਤ ਹੋਈਆਂ। ਦੀਦਾਰ ਸਿੰਘ ਨੇ ਆਪਣੀ ਲੀਹ ਆਪ ਪਾਈ। ਉਹਨੇ ਕਦੇ ਨਹੀਂ ਦੇਖਿਆ ਕਿ ਉਹਦੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਕਿਹੜਾ ਢਾਡੀ ਕੀ ਚਾਹ ਰਿਹਾ ਹੈ ਸਗੋਂ ਉਹਨੇ ਆਪਣੇ ਰਾਹਾਂ ਨੂੰ ਖੁਦ ਜਰਨੈਲੀ ਰਾਹ ਬਣਾਇਆ।
1910 ਵਿਚ ਬਹਿਰਾਮ ਲਾਗੇ ਪਿੰਡ ਸੰਧਵਾਂ ਦੀ ਕਰਮ ਕੌਰ ਨਾਲ ਵਿਆਹ ਕਰਵਾਇਆ। ਇੱਕੋ ਇਕ ਪੁੱਤਰ ਨਿਰਮਲ ਸਿੰਘ ਇਸ ਪਾਸੇ ਵੱਲ ਨਾ ਮੁੜਿਆ ਤੇ ਹੁਣ ਪੁੱਤਰ ਦੇ ਨਾਂ ਅੱਗੇ ਵੀ ਮਰਹੂਮ ਲੱਗ ਗਿਆ ਹੈ।
102 ਸਾਲ ਦੀ ਉਮਰ ਭੋਗ ਕੇ ਢਾਡੀ ਦੀਦਾਰ ਸਿੰਘ ਰਟੈਂਡਾ ਨੇ 9 ਅਗਸਤ 1989 ਨੂੰ ਇਸ ਸੰਸਾਰ ਤੋਂ ਮੂੰਹ ਫੇਰ ਲਿਆ ਤੇ ਢਾਡੀ ਕਲਾ ਦੇ ਇਸ ਵਾਰਿਸ ਨਾਲ ਇਹ ਅੰਕੜਾ ਵੀ ਜੁੜਿਆ ਕਿ ਉਹਦੀ ਧਰਮ ਪਤਨੀ ਵੀ ਉਹਦੇ ਜਿੰਨੀ ਹੀ ਉਮਰ ਭੋਗ ਗਈ। ਤੁਰ ਜਾਣ ਦੇ ਵਕਫੇ ਵਿਚ ਮਸਾਂ ਛੇ ਕੁ ਮਹੀਨਿਆਂ ਦਾ ਹੇਰ-ਫੇਰ ਹੋਵੇਗਾ।
ਉਹ ਮੈਨੂੰ ਵੀ ਕਹਿੰਦਾ ਰਿਹਾ ਤੇ ਸ਼ਮਸ਼ੇਰ ਸੰਧੂ ਨੂੰ ਵੀ ਕਿ ਮੇਰੀਆਂ ਰਚਨਾਵਾਂ ਦੀਆਂ ਪੁਸਤਕਾਂ ਛਪਵਾ ਦਿਓ, ਮੈਂ ਜਿਉਂਦੇ ਜੀਅ ਇਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਣੀਆਂ ਚਾਹੁੰਨਾ। ਪਰ ਅਫਸੋਸ ਦਿਲ ਦੀਆਂ ਦਿਲ ‘ਚ ਲੈ ਗਿਆ, ਅਸੀਂ ਦੋਵੇਂ ਉਸ ਦੀ ਇਹ ਰੀਝ ਪੂਰੀ ਨਾ ਕਰ ਸਕੇ।
ਪ੍ਰਣਾਮ ਤੇ ਸਿਜਦਾ ਹੈ ਇਸ ਮਹਾਨ ਢਾਡੀ ਤੇ ਉਸ ਦੀ ਕਲਾ ਨੂੰ।