ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁੜ ਖਿੱਚਿਆ ਸਿੱਖ ਜਗਤ ਦਾ ਧਿਆਨ

ਚੰਡੀਗੜ੍ਹ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਸਿੱਖ ਸੰਗਤ ਦਾ ਧਿਆਨ ਖਿੱਚਿਆ ਹੈ। ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਦਿਵਸ ਤੇ 351ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਨੂੰ ਯਾਦਗਾਰੀ ਬਣਾ ਕੇ ਸਿੱਖ ਜਗਤ ਦੀ ਪ੍ਰਸ਼ੰਸਾ ਖੱਟੀ ਹੈ। ਨਿਤੀਸ਼ ਕੁਮਾਰ ਨੇ ਸਟੇਜ ਤੋਂ ਰਿਮੋਟ ਕੰਟਰੋਲ ਰਾਹੀ ‘ਪ੍ਰਕਾਸ਼ ਪੁੰਜ’ ਦਾ ਨੀਂਹ ਪੱਥਰ ਰੱਖਿਆ। ਗੁਰਦੁਆਰਾ ਗੁਰੂ ਕਾ ਬਾਗ ਨੇੜੇ ਬਣਨ ਵਾਲੇ ਪ੍ਰਕਾਸ਼ ਪੁੰਜ ਵਿਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਰਸ਼ਨ ਨੂੰ ਦਰਸਾਉਂਦੇ ਅਸਤਰ-ਸ਼ਸਤਰ ਰੱਖੇ ਜਾਣਗੇ।

ਉਨ੍ਹਾਂ ਪਟਨਾ ਸਾਹਿਬ ਦੇ ਸਾਰੇ ਗੁਰਦੁਆਰਿਆਂ ਨੂੰ ਜੋੜਨ ਵਾਲਾ ਗੁਰੂ ਸਰਕਟ ਬਣਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸਿੱਖ ਦੇਸ਼ ਦਾ ਮਾਣ ਹਨ, ਜਿਨ੍ਹਾਂ ਦੀ ਆਬਾਦੀ ਭਾਵੇਂ ਦੋ ਫੀਸਦੀ ਹੈ ਪਰ ਦੇਸ਼ ਲਈ ਕੁਰਬਾਨੀਆਂ 98 ਫੀਸਦੀ ਕੀਤੀਆਂ ਹਨ। ਨਿਤੀਸ਼ ਕੁਮਾਰ ਉਸ ਸਮੇਂ ਭਾਵੁਕ ਹੋ ਗਏ ਜਦੋਂ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਗਰੀਬ ਤੇ ਪੱਛੜੇ ਹੋਏ ਹਨ, ਜੇਕਰ ਉਨ੍ਹਾਂ ਕੋਲੋਂ ਸੇਵਾ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਮੁਆਫ਼ੀ ਮੰਗਦੇ ਹਨ। ਇੰਨਾ ਬੋਲਣ ਦੀ ਦੇਰ ਸੀ ਕਿ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਪੰਡਾਲ ਗੂੰਜਣ ਲਾ ਦਿੱਤਾ। ਨਿਤੀਸ਼ ਕੁਮਾਰ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਤੀਸ਼ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਬਿਹਾਰ ਦੇ ਲੋਕਾਂ ਨੇ ਜਿਸ ਢੰਗ ਨਾਲ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਮਨਾਏ ਹਨ, ਉਹ ਸ਼ਲਾਘਾਯੋਗ ਹਨ। ਜਥੇਦਾਰ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਸਾਰ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਬਿਹਾਰ ਸਰਕਾਰ ਨੇ ਪ੍ਰਬੰਧਾਂ ਵਿਚ ਕੋਈ ਕਸਰ ਨਹੀਂ ਛੱਡੀ ਹੋਈ।
____________________________________________
ਨਿਤੀਸ਼ ਦਾ ਰਾਜਾ ਮੇਘਨੀ ਪ੍ਰਕਾਸ਼ ਅਵਾਰਡ ਨਾਲ ਹੋਵੇਗਾ ਸਨਮਾਨ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਰਾਜਾ ਮੇਘਨੀ ਪ੍ਰਕਾਸ਼ ਐਵਾਰਡ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਨਿਤੀਸ਼ ਕੁਮਾਰ ਨੂੰ ਦਿੱਲੀ ਆਉਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਦੇ ਸਨਮਾਨ ‘ਚ ਵੱਡਾ ਸਮਾਗਮ ਕਰਨ ਦਾ ਵੀ ਐਲਾਨ ਕੀਤਾ। ਜੀæਕੇæ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਨਿਸ਼ਕਾਮ ਸੇਵਾ ਕਰਦੇ ਹੋਏ ਰਾਜਾ ਮੇਘਨੀ ਪ੍ਰਕਾਸ਼ ਦੇ ਲੋਕ ਪੱਖੀ ਰਾਜ ਦੀ ਯਾਦ ਤਾਜ਼ਾ ਕੀਤੀ ਹੈ।