ਕੀ ਫਰਜ਼ੀ ਹੀ ਸੀ 2ਜੀ ਘੁਟਾਲਾ; ਸਾਰੇ ਦੇ ਸਾਰੇ ਮੁਲਜ਼ਮ ਬਰੀ

ਨਵੀਂ ਦਿੱਲੀ: ਡਾæ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂæਪੀæਏ-2 ਸਰਕਾਰ ਦੀਆਂ ਚੂਲਾਂ ਹਿਲਾਉਣ ਵਾਲੇ 2ਜੀ ਘੁਟਾਲੇ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਕੇ ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਨੇ ਭਾਰਤੀ ਸਿਆਸਤ ਵਿਚ ਤੁਫਾਨ ਖੜ੍ਹਾ ਕਰ ਦਿੱਤਾ ਹੈ।

ਸਾਬਕਾ ਟੈਲੀਕਾਮ ਮੰਤਰੀ ਏ ਰਾਜਾ, ਡੀæਐਮæਕੇæ ਸੰਸਦ ਮੈਂਬਰ ਕਨੀਮੋੜੀ ਅਤੇ ਹੋਰ ਸਾਰੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਅਦਾਲਤ ਨੇ ਕਿਹਾ ਕਿ ਇਸਤਗਾਸਾ ਧਿਰ ਭ੍ਰਿਸ਼ਟਾਚਾਰ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਨੂੰ ਸਾਬਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਦੱਸਣਯੋਗ ਹੈ ਕਿ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਚੋਣ ਪ੍ਰਚਾਰ ਦੌਰਾਨ ਇਸ ਮਾਮਲੇ ਨੂੰ ਵੱਡੇ ਪੱਧਰ ਉਤੇ ਉਭਾਰਿਆ ਸੀ। 2ਜੀ ਘੁਟਾਲਾ ਉਹ ਘੁਟਾਲਾ ਸੀ ਜਿਸ ਨੇ ਯੂæਪੀæਏæ ਸਰਕਾਰ ਉਤੇ ਭ੍ਰਿਸ਼ਟ ਹੋਣ ਦਾ ਠੱਪਾ ਲਾਇਆ ਅਤੇ ਜਿਸ ਕਾਰਨ ਦੇਸ਼ ਦਾ ਸਿਆਸੀ ਅਰਥਚਾਰਾ ਤੇ ਰਾਜ ਪ੍ਰਬੰਧ ਠੱਪ ਹੋ ਕੇ ਰਹਿ ਗਿਆ।
2ਜੀ ਸਪੈਕਟ੍ਰਮ ਮਾਮਲੇ ਦਾ ਮੁਕੱਦਮਾ ਸੱਤ ਸਾਲ ਚੱਲਣ ਦੇ ਬਾਵਜੂਦ ਸੀæਬੀæਆਈæ ਵੱਲੋਂ ਠੋਸ ਸਬੂਤ ਜੁਟਾਉਣ ਵਿਚ ਨਾਕਾਮ ਰਹਿਣਾ ਸਾਬਤ ਕਰਦਾ ਹੈ ਕਿ ਘੁਟਾਲਾ ਵਾਸਤਵਿਕ ਘੱਟ ਸੀ, ਫ਼ਰਜ਼ੀ ਵੱਧ। ਮਨਮਾਨੇ ਢੰਗ ਨਾਲ 2ਜੀ ਲਾਇਸੈਂਸ ਜਾਰੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਵੱਡਾ ਘਾਟਾ ਪਾਉਣ ਦੇ ਅਨੁਮਾਨ ਲਾਉਣ ਵਾਲੀ ਸੀæਬੀæਆਈæ ਅਤੇ ਕੈਗ ਲਈ ਇਹ ਫੈਸਲਾ ਵੱਡਾ ਝਟਕਾ ਹੈ। ਮੁੱਖ ਕੇਸ ‘ਚ 1552 ਸਫਿਆਂ ਦੇ ਫੈਸਲੇ ਵਿਚ ਜੱਜ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ‘ਚਲਾਕੀ ਨਾਲ’ ਕੁਝ ਚੋਣਵੇਂ ਤੱਥ ਇਕੱਠੇ ਕੀਤੇ ਅਤੇ ਘੁਟਾਲਾ ਬਣਾ ਦਿੱਤਾ, ਜੋ ਅਸਲ ਵਿਚ ਹੈ ਹੀ ਨਹੀਂ। ਇਸ ਕੇਸ ਵਿਚ ਤਿੰਨ ਕਾਰਪੋਰੇਟ ਕੰਪਨੀਆਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਰਾਜਾ ਤੇ ਕਨੀਮੋੜੀ ਸਮੇਤ 17 ਮੁਲਜ਼ਮ ਸਨ। ਤਿੰਨ ਫੈਸਲਿਆਂ, ਜਿਨ੍ਹਾਂ ਦੇ ਇਕੱਠੇ 2183 ਸਫੇ ਬਣਦੇ ਹਨ, ਵਿਚ ਈæਡੀæ ਦੇ ਕਾਲੇ ਧਨ ਨਾਲ ਸਬੰਧਤ ਕੇਸ ਨੂੰ ਵੀ ਰੱਦ ਕਰ ਦਿੱਤਾ ਗਿਆ। ਈæਡੀæ ਦੀ ਚਾਰਜਸ਼ੀਟ ਵਿਚ 19 ਮੁਲਜ਼ਮ ਸਨ, ਜਿਨ੍ਹਾਂ ਵਿਚੋਂ ਕੁਝ ਦੇ ਨਾਂ ਸੀæਬੀæਆਈæ ਦੇ ਦੋਸ਼ ਪੱਤਰ ਵਿਚ ਵੀ ਸਨ।
ਅਦਾਲਤੀ ਫੈਸਲੇ ਦੇ ਨਾਲ ਹੀ ਭਾਜਪਾ ਤੇ ਵਿਰੋਧੀ ਧਿਰ ਦਰਮਿਆਨ ਸਿਆਸੀ ਜੰਗ ਛਿੜ ਗਈ ਹੈ। ਇਸ ਫੈਸਲੇ ਤੋਂ ਬਾਗੋਬਾਗ ਕਾਂਗਰਸ ਤੇ ਡੀæਐਮæਕੇæ ਨੇ ਕਿਹਾ ਕਿ ਅਖੀਰ ਸੱਚ ਦੀ ਜਿੱਤ ਹੋਈ ਹੈ। ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪੁੱਛਿਆ, ‘ਕੀ ਪ੍ਰਧਾਨ ਮੰਤਰੀ ਮੋਦੀ, ਅਰੁਣ ਜੇਤਲੀ ਸਮੇਤ ਹੋਰ ਸਾਰੇ ਲੋਕ, ਜੋ ਵਰ੍ਹਿਆਂ ਤੱਕ ਕੂੜ ਪ੍ਰਚਾਰ ਕਰਦੇ ਰਹੇ ਅਤੇ ਝੂਠ ਦੇ ਸਿਰ ‘ਤੇ ਸੱਤਾ ਵਿਚ ਆਏ, ਦੇਸ਼ ਤੋਂ ਮੁਆਫੀ ਮੰਗਣਗੇ?’
___________________________________________________
ਕੀ ਸੀ 2ਜੀ ਘੁਟਾਲਾæææ
ਨਵੰਬਰ 2010 ਵਿਚ ‘ਕੈਗ’ ਵੱਲੋਂ ਪੇਸ਼ ਕੀਤੀ ਰਿਪੋਰਟ ਤੋਂ ਬਾਅਦ 2ਜੀ ਮਾਮਲਾ ਸੁਰਖੀਆਂ ‘ਚ ਆਇਆ ਸੀ, ਜਿਸ ਮੁਤਾਬਿਕ ਸਪੈਕਟ੍ਰਮ ਵੰਡ ਕਾਰਨ ਯੂæਪੀæਏæ ਸਰਕਾਰ ‘ਤੇ ਗੈਰਕਾਨੂੰਨੀ ਢੰਗ ਨਾਲ ਲਾਇਸੈਂਸ ਵੰਡਣ ਅਤੇ ਕੁਝ ਟੈਲੀਕਾਮ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਗਿਆ ਸੀ। ਇਸ ਕਾਰਨ ਸਰਕਾਰੀ ਖਜ਼ਾਨੇ ਨੂੰ 1æ76 ਲੱਖ ਕਰੋੜ ਦਾ ਨੁਕਸਾਨ ਦੱਸਿਆ ਗਿਆ। ਦੋ ਦੋਸ਼ੀਆਂ ‘ਤੇ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਦਾ ਉਲੰਘਣ ਕਰਨ ਅਤੇ ਤਜਰਬੇਕਾਰ ਕੰਪਨੀਆਂ ਨੂੰ ਲਾਇਸੈਂਸ ਦੇਣ ਦਾ ਇਲਜ਼ਾਮ ਲਾਇਆ ਗਿਆ ਸੀ।
______________________________________________
ਖਰਾਬ ਨੀਅਤ ਨਾਲ ਲਾਏ ਇਲਜ਼ਾਮ: ਮਨਮੋਹਨ
ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਕਿਹਾ ਕਿ 2-ਜੀ ਬਾਰੇ ਭਾਜਪਾ ਵੱਲੋਂ ਜਾਣਬੁਝ ਕੇ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖਰਾਬ ਨੀਅਤ ਨਾਲ ਯੂæਪੀæਏæ ਸਰਕਾਰ ਤੇ ਇਲਜ਼ਾਮ ਲਾਏ ਗਏ ਸਨ। ਅਦਾਲਤ ਦੇ ਫੈਸਲੇ ਨਾਲ ਦੋਸ਼ ਬੇਬੁਨਿਆਦ ਸਾਬਤ ਹੋਏ ਹਨ।
_________________________________________________
ਫੈਸਲੇ ਨੂੰ ਤਗਮੇ ਵਾਂਗ ਨਾ ਸਮਝੇ ਕਾਂਗਰਸ: ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫੈਸਲੇ ਨੂੰ ਤਗਮੇ ਵਾਂਗ ਨਾ ਲਏ। ਜੇਤਲੀ ਨੇ ਕਿਹਾ ਕਿ ਫਰਵਰੀ 2012 ‘ਚ ਸੁਪਰੀਮ ਕੋਰਟ ਨੇ ਸਾਰੇ ਲਾਇਸੈਂਸ ਰੱਦ ਕਰ ਕੇ ਸਰਕਾਰ ਨੂੰ ਨਿਲਾਮੀ ਦੀ ਨਵੀਂ ਨੀਤੀ ਤਿਆਰ ਕਰਨ ਦੀ ਹਦਾਇਤ ਦਿੱਤੀ ਸੀ।