ਮੋਦੀ ਸਰਕਾਰ ਦੀ ‘ਕਾਂਗਰਸ ਮੁਕਤ ਭਾਰਤ’ ਵਾਲੀ ਮੁਹਿੰਮ ਨੇ ਫੜੀ ਰਫਤਾਰ

ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ‘ਕਾਂਗਰਸ ਮੁਕਤ ਭਾਰਤ’ ਵਾਲੀ ਮੁਹਿੰਮ ਨੂੰ ਹੋਰ ਤੇਜ਼ ਕਰ ਦੀ ਤਿਆਰੀ ਕਰ ਲਈ ਹੈ। ਭਾਜਪਾ ਦਾ ਅਗਲਾ ਨਿਸ਼ਾਨਾ ਉਹ ਤਿੰਨ ਸੂਬੇ ਹਨ, ਜਿਥੇ ਕਾਂਗਰਸ ਸਰਕਾਰ ਹੈ।

ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿਚ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਟੀ ਦੇ ਅੰਦਰ ਤੇ ਬਾਹਰ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਉਤੇ ਜ਼ੋਰ ਦਿੱਤਾ। ਸਾਲ 2018 ਵਿਚ ਪੰਜ ਮੁੱਖ ਰਾਜਾਂ- ਨਾਗਾਲੈਂਡ, ਕਰਨਾਟਕ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚੋਂ ਕਰਨਾਟਕ, ਮੇਘਾਲਿਆ ਤੇ ਮਿਜ਼ੋਰਮ ਵਿਚ ਪਹਿਲ ਕਾਂਗਰਸ ਦੀ ਸਰਕਾਰ ਹੈ। ਅਜਿਹੇ ਵਿਚ ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਰਾਜਾਂ ‘ਚੋਂ ਕਾਂਗਰਸ ਨੂੰ ਪਛਾੜ ਕੇ ਇਨ੍ਹਾਂ ਸੂਬਿਆਂ ‘ਤੇ ਕਬਜ਼ਾ ਕਰੇ। ਪਤਾ ਲੱਗਾ ਹੈ ਕਿ ਮੇਘਾਲਿਆ ਵਿਚ ਫਰਵਰੀ 2018, ਕਰਨਾਟਕ ਵਿਚ ਅਪਰੈਲ 2018 ਅਤੇ ਮਿਜ਼ੋਰਮ ਵਿਚ ਨਵੰਬਰ 2018 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਮਿਸ਼ਨ ਸਫਲ ਰਿਹਾ ਤਾਂ 2019 ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਛੱਡ ਕੇ ਸਾਰੇ ਰਾਜਾਂ ਵਿਚ ਭਾਜਪਾ ਦੀ ਸੱਤਾ ਕਾਇਮ ਹੋ ਜਾਵੇਗੀ।
ਸਾਲ 2019 ਦੇ ਜਨਵਰੀ ਮਹੀਨੇ ਵਿਚ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਚੋਣਾਂ ਹੋਣੀਆਂ ਹਨ, ਜਿਥੇ ਪਹਿਲਾਂ ਹੀ ਭਾਜਪਾ ਦੀਆਂ ਸਰਕਾਰਾਂ ਹਨ। ਕਰਨਾਟਕ ਵਿਚ ਪਹਿਲਾਂ ਕਾਂਗਰਸ ਖਿਲਾਫ ਭਾਜਪਾ ਚੋਣ ਲੜ ਚੁੱਕੀ ਹੈ। ਸਾਲ 2013 ਦੀਆਂ ਚੋਣਾਂ ਵਿਚ 224 ਸੀਟਾਂ ਵਾਲੀ ਵਿਧਾਨ ਸਭਾ ਵਿਚ ਕਾਂਗਰਸ ਨੇ 122 ਸੀਟਾਂ ਜਿੱਤੀਆਂ ਸਨ ਜਦ ਕਿ ਭਾਜਪਾ 40 ਸੀਟਾਂ ਉਤੇ ਸਿਮਟ ਗਈ ਸੀ। ਇਸ ਪਾਰਟੀ ਦਾ ਅਗਲਾ ਨਿਸ਼ਾਨਾ ਕਰਨਾਟਕ ਹੈ, ਜਿਸ ਲਈ ਭਾਜਪਾ ਨੇ ਤਿਆਰੀ ਆਰੰਭ ਦਿੱਤੀ ਹੈ। ਉਸ ਨੇ ਜਿਥੇ ਕਰਨਾਟਕ ਵਿਧਾਨ ਸਭਾ ਚੋਣ ਲਈ ਹਮਲਾਵਰ ਪ੍ਰਚਾਰ ਮੁਹਿੰਮ ਚਲਾ ਰੱਖੀ ਹੈ, ਉਥੇ ਕਾਂਗਰਸ ਦੇ ਮੁੱਖ ਮੰਤਰੀ ਸਿਧਰਮੈਯਾ ਰਾਜਨੀਤੀ ਦੇ ਸਮੀਕਰਨ ਗੜਬੜ ਕਰ ਰਹੇ ਹਨ। ਭਾਜਪਾ ਨੇ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਵਰਗੇ ਜ਼ਮੀਨੀ ਨੇਤਾ ਨੂੰ ਗੁਜਰਾਤ ਦਾ ਭਾਰ ਸੌਂਪ ਦਿੱਤਾ ਸੀ, ਪਰ ਹੁਣ ਉਨ੍ਹਾਂ ਨੂੰ ਕਰਨਾਟਕ ਲਈ ਸਰਗਰਮ ਕੀਤਾ ਜਾ ਰਿਹਾ ਹੈ।
___________________________________________________
ਹਿਮਾਚਲ: ਦੋ ਤਿਹਾਈ ਸੀਟਾਂ ਜਿੱਤ ਕੇ ਵੀ ਭਾਜਪਾ ਨਿਰਾਸ਼
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਭਾਵੇਂ ਦੋ ਤਿਹਾਈ ਸੀਟਾਂ ਜਿੱਤ ਗਈ ਹੋਵੇ ਪਰ ਭਾਜਪਾ ਨੂੰ ਇਸ ਉਤੇ ਜ਼ਿਆਦਾ ਖੁਸ਼ੀ ਨਹੀਂ ਹੋਈ। ਇਸ ਚੋਣ ਵਿਚ ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਸਣੇ ਕਈ ਵੱਡੇ ਨੇਤਾ ਹਾਰ ਗਏ ਹਨ। ਅਜਿਹੇ ਵਿਚ ਕਾਂਗਰਸ ਨੂੰ ਵੀ ਆਪਣੀ ਹਾਰ ਦਾ ਜ਼ਿਆਦਾ ਦੁੱਖ ਨਹੀਂ ਹੋ ਰਿਹਾ ਜਾਪਦਾ। ਕਾਂਗਰਸ ਦੇ ਲੀਡਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਭਾਜਪਾ ਤੋਂ ਵੱਡੀ ਹੈ। ਕਾਂਗਰਸੀ ਲੀਡਰ ਮੁਕੇਸ਼ ਅਗਨੀਹੋਤਰੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਭਾਜਪਾ ਦੇ ਵੱਡੇ-ਵੱਡੇ ਲੀਡਰਾਂ ਨੂੰ ਲੰਮੇ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਜਨਤਾ ਨੇ ਵਿਕਾਸ ਕਰਨ ਵਾਲੇ ਉਮੀਦਵਾਰਾਂ ਨੂੰ ਵੋਟ ਦਿੱਤੀ ਹੈ। ਸੁਜਾਨਪੁਰ ਵਿਚ ਰਾਜਿੰਦਰ ਰਾਣਾ ਦੀ ਜਿੱਤ ਨੇ ਭਾਜਪਾ ਨੂੰ ਜਸ਼ਨ ਮਨਾਉਣ ਦਾ ਮੌਕਾ ਹੀ ਨਹੀਂ ਦਿੱਤਾ। ਸੁਜਾਨਪੁਰ ਤੋਂ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਨੂੰ ਹਰਾਉਣ ਵਾਲੇ ਕਾਂਗਰਸ ਦੇ ਰਾਜਿੰਦਰ ਰਾਣਾ ਦਾ ਕਹਿਣਾ ਹੈ ਕਿ ਉਹ ਸੁਜਾਨਪੁਰ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦੇ ਹਨ।