ਥਰਮਲ ਪਲਾਂਟਾਂ ਦੀ ਤਾਲੇਬੰਦੀ ਬਣੀ ਕੈਪਟਨ ਸਰਕਾਰ ਲਈ ਸਿਰਦਰਦੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਮੁਲਾਜ਼ਮ ਡਟੇ ਗਏ ਹਨ। ਬਠਿੰਡਾ ਵਿਚ ਵੱਡੀ ਗਿਣਤੀ ਮੁਲਾਜ਼ਮਾਂ ਨੇ ਬਠਿੰਡਾ-ਗੰਗਾਨਗਰ ਹਾਈਵੇ ਉਤੇ ਜਾਮ ਲਾ ਦਿੱਤਾ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ। ਮੁਲਾਜ਼ਮਾਂ ਨੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਕਾਬਲੇਗੌਰ ਹੈ ਕਿ ਪੰਜਾਬ ਕੈਬਨਿਟ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟ ਤੇ ਰੋਪੜ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਪਹਿਲੀ ਜਨਵਰੀ 2018 ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਯੂਨਿਟਾਂ ਵਿਚ ਕੰਮ ਕਰਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਨੇੜਲੇ ਥਾਵਾਂ ਉਤੇ ਤਬਦੀਲ ਕੀਤਾ ਜਾਏਗਾ। ਥਰਮਲ ਮੁਲਾਜ਼ਮ ਯੂਨੀਅਨ ਨੇ ਸੰਘਰਸ਼ ਦਾ ਐਲਾਨ ਕਰਦਿਆਂ ਸੰਘਰਸ਼ ਦੀ ਰਣਨੀਤੀ ਘੜੀ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਪੂਰੇ ਪੰਜਾਬ ਵਿਚ ਸਬ ਡਿਵੀਜ਼ਨ ਪੱਧਰ ਉਤੇ ਧਰਨੇ ਦਿੱਤੇ ਜਾਣਗੇ।
ਆਮ ਆਦਮੀ ਪਾਰਟੀ ਨੇ ਵੀ ਸੰਘਰਸ਼ ਵਿਚ ਥਰਮਲ ਮੁਲਾਜ਼ਮਾਂ ਦਾ ਸਾਥ ਦਿੱਤਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਆਪਣੀ ਮਿਆਦ ਪੁਗਾ ਚੁੱਕੇ ਹਨ। ਬਠਿੰਡਾ ਤੋਂ ਬਿਜਲੀ ਪੈਦਾ ਕਰਨੀ ਜ਼ਿਆਦਾ ਮਹਿੰਗੀ ਪੈਂਦੀ ਹੈ। ਸ਼ਾਨਨ ਪਲਾਂਟ ਤੋਂ ਢਾਈ ਰੁਪਏ ਯੂਨਿਟ ਜਦੋਂਕਿ ਬਠਿੰਡਾ ਪਲਾਂਟ ਤੋਂ ਸਾਢੇ ਗਿਆਰਾਂ ਰੁਪਏ ਯੂਨਿਟ ਬਿਜਲੀ ਪੈਂਦੀ ਹੈ। ਇਸ ਸਬੰਧੀ ਕੈਪਟਨ ਸਰਕਾਰ ਨੇ ਕੈਬਨਿਟ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਜਿਸ ਵਿਚ ਵਿੱਤ ਮੰਤਰੀ ਤੋਂ ਇਲਾਵਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਚ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਸਨ। ਕਮੇਟੀ ਨੇ ਬਠਿੰਡਾ ਥਰਮਲ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਉਤੇ ਵਜ਼ਾਰਤ ਨੇ ਮੋਹਰ ਲਾ ਦਿੱਤੀ।
_________________________________
ਕਿਸਾਨਾਂ ਨੇ ਥਰਮਲ ਲਈ ਦਿੱਤੀ ਜ਼ਮੀਨ ਵਾਪਸ ਮੰਗੀ
ਬਠਿੰਡਾ: ਦਹਾਕੇ ਪਹਿਲਾਂ ਆਪਣੇ ਖੇਤ ਥਰਮਲ ਖਾਤਰ ਦੇਣ ਵਾਲੇ ਕਿਸਾਨ ਭੜਕ ਉਠੇ ਹਨ। ਪੰਜਾਬ ਸਰਕਾਰ ਨੇ ਉਦੋਂ ਮਾਮੂਲੀ ਮੁਆਵਜ਼ਾ ਦੇ ਕੇ ਇਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਸਨ। ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਮਗਰੋਂ ਕਿਸਾਨਾਂ ਵਿਚ ਰੋਹ ਹੈ। ਉਧਰ ਸਰਕਾਰ ਦਾ ਤਰਕ ਹੈ ਕਿ ਥਰਮਲ ਵਾਲੀ ਥਾਂ ਉਤੇ ਸੋਲਰ ਪਲਾਂਟ ਲਗਾਇਆ ਜਾਵੇਗਾ। ਥਰਮਲ ਮੁਲਾਜ਼ਮ ਹਾਲਾਂਕਿ ਇਸ ਨੂੰ ਲਾਲੀਪਾਪ ਦੱਸ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਅਸਲ ਮਕਸਦ ਜ਼ਮੀਨ ਵੇਚਣਾ ਹੈ।
_______________________________
ਮੁਲਾਜ਼ਮਾਂ ਨੂੰ ਸਿਆਸੀ ਵਿਰੋਧੀਆਂ ਵੱਲੋਂ ਹੱਲਾਸ਼ੇਰੀ
ਬਠਿੰਡਾ: ਬਠਿੰਡਾ ਥਰਮਲ ਪਲਾਂਟ ਦੀ ਤਾਲੇਬੰਦੀ ਦਾ ਮੁੱਦਾ ਹੁਣ ਸਿਆਸੀ ਰੰਗ ਫੜਨ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਥਰਮਲ ਮੁਲਾਜ਼ਮਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੇ ਆਖਿਆ ਕਿ ਗੱਠਜੋੜ ਸਰਕਾਰ ਸਮੇਂ ਥਰਮਲ ਨੂੰ ਗੈਸ ਆਧਾਰਿਤ ਬਣਾਉਣ ਦੀ ਵਿਉਂਤ ਬਣੀ ਸੀ ਪਰ ਕਾਂਗਰਸ ਸਰਕਾਰ ਨੇ ਥਰਮਲ ਬੰਦ ਕਰ ਕੇ ਇਸ ਦੀ ਜਾਇਦਾਦ ਨੂੰ ਵੇਚਣ ਦਾ ਮਨ ਬਣਾ ਲਿਆ ਹੈ। ‘ਆਪ’ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਅਨਿਲ ਠਾਕੁਰ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਬਾਂਸਲ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨਵਦੀਪ ਸਿੰਘ ਜੀਦਾ ਨੇ ਆਖਿਆ ਕਿ ਉਹ ਥਰਮਲ ਦੀ ਲੜਾਈ ਨੂੰ ਸੜਕਾਂ ‘ਤੇ ਲੈ ਕੇ ਜਾਣਗੇ ਅਤੇ ਥਰਮਲ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦੀ ਹਮਾਇਤ ਦੇਣਗੇ।