ਪੰਜਾਬ ਦੇ ਨਸ਼ੇੜੀਆਂ ਨੇ ਹੁਣ ਮਹਿੰਗੇ ਨਸ਼ਿਆਂ ਦਾ ਵੀ ਲੱਭ ਲਿਆ ਤੋੜ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਸਖਤੀ ਮਗਰੋਂ ਪੰਜਾਬ ਨੂੰ ਹੁਣ ਨਵੇਂ ਦੁਖਾਂਤ ਵਿਚੋਂ ਵਿਚਰਨਾ ਪੈ ਰਿਹਾ ਹੈ, ਕਿਉਂਕਿ ਨਸ਼ੇੜੀਆਂ ਵੱਲੋਂ ਮਹਿੰਗੇ ਨਸ਼ਿਆਂ ਦੇ ਤੋੜ ਵਜੋਂ ਵੱਡੇ ਪੱਧਰ ਉਤੇ ਫਾਰਮਾਸੂਟੀਕਲ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੇੜੀਆਂ ਵੱਲੋਂ 16 ਮਾਰਚ ਤੋਂ 30 ਸਤੰਬਰ 2017 ਦੌਰਾਨ ਸਿਰਫ ਸਾਢੇ ਪੰਜ ਮਹੀਨਿਆਂ ਵਿਚ ਹੀ ਕਰੋੜਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਵਰਤੋਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਨਸ਼ਿਆਂ ਵਾਲੇ ਟੀਕਿਆਂ ਤੇ ਪੀਣ ਵਾਲੀਆਂ ਦਵਾਈਆਂ ਸਮੇਤ ਨਸ਼ੀਲੇ ਪਾਊਡਰ ਦੀ ਵਰਤੋਂ ਵੀ ਵੱਡੇ ਪੱਧਰ ਉਤੇ ਕੀਤੀ ਜਾ ਰਹੀ ਹੈ। ਅੰਕੜਿਆਂ ਅਨੁਸਾਰ ਇਨ੍ਹਾਂ ਮਹੀਨਿਆਂ ਦੌਰਾਨ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 26,10,539 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 19,015 ਨਸ਼ੀਲੇ ਟੀਕੇ, ਪੀਣ ਵਾਲੀ ਦਵਾਈ ਦੀਆਂ 5337 ਸ਼ੀਸ਼ੀਆਂ ਤੇ 143 ਕਿਲੋ ਨਸ਼ੀਲੇ ਪਾਊਡਰ ਸਮੇਤ ਏਜੰਸੀ ਵੱਲੋਂ 20 ਲਿਟਰ ਨਸ਼ੀਲਾ ਤਰਲ ਪਦਾਰਥ ਬਰਾਮਦ ਕਰਨ ਦਾ ਖੁਲਾਸਾ ਹੋਇਆ ਹੈ।
ਕੌਮਾਂਤਰੀ ਪੱਧਰ ਉਤੇ ਇਸ ਸਬੰਧੀ ਹੋਈਆਂ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਪੁਲਿਸ ਏਜੰਸੀਆਂ ਵੱਲੋਂ ਕੁੱਲ ਖਪਤ ਹੁੰਦੇ ਨਸ਼ੇ ਦਾ ਸਿਰਫ 10-15 ਫੀਸਦੀ ਹੀ ਬਰਾਮਦ ਕੀਤਾ ਜਾਂਦਾ ਹੈ। ਅੰਕੜਿਆਂ ਅਨੁਸਾਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਵਰਤੋਂ ਕਰਨ ਵਿਚ ਮਾਨਸਾ ਜ਼ਿਲ੍ਹਾ ਨੰਬਰ ਇਕ ਉਤੇ ਹੈ, ਜਿਥੋਂ 5,39,054 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਹਨ। ਦੂਸਰੇ ਨੰਬਰ ਉਤੇ ਜ਼ਿਲ੍ਹਾ ਮੋਗਾ ਤੋਂ 4,93,706, ਤਰਨਤਾਰਨ ਤੋਂ 2,46,951, ਬਠਿੰਡਾ ਤੋਂ 2,11,116, ਜਲੰਧਰ (ਦਿਹਾਤੀ) ਤੋਂ 1,41,668 ਤੇ ਪਟਿਆਲਾ ਤੋਂ 1,39,744 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ।
ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਵਿਚ ਜ਼ਿਲ੍ਹਾ ਜਲੰਧਰ ਤੋਂ ਸਭ ਤੋਂ ਅੱਗੇ ਹੈ, ਜਿਥੋਂ 5503 ਟੀਕੇ, ਦੂਜੇ ਨੰਬਰ ਉਤੇ ਮੋਗਾ ਤੋਂ 2736, ਐਸੀæਬੀæਐਸ਼ ਨਗਰ ਤੋਂ 2162, ਪਟਿਆਲਾ ਤੋਂ 1389 ਤੇ ਮੁਹਾਲੀ ਜ਼ਿਲ੍ਹੇ ਵਿਚੋਂ 1031 ਨਸ਼ੀਲੇ ਟੀਕੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਪੀਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿਚ ਜ਼ਿਲ੍ਹਾ ਸੰਗਰੂਰ ਮੋਹਰੀ ਹੈ। ਇਥੋਂ 2193, ਪਟਿਆਲੇ ਤੋਂ 980 ਤੇ ਬਰਨਾਲਾ ਤੋਂ 358 ਸ਼ੀਸ਼ੀਆਂ ਫੜੀਆਂ ਗਈਆਂ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ) ਵਿਚੋਂ ਸਭ ਤੋਂ ਵੱਧ 48 ਕਿਲੋ ਨਸ਼ੀਲਾ ਪਾਊਡਰ, ਲੁਧਿਆਣਾ (ਦਿਹਾਤੀ) ਤੋਂ 25 ਕਿਲੋ, ਹੁਸ਼ਿਆਰਪੁਰ ਤੋਂ 16 ਕਿਲੋ ਤੇ ਖੰਨਾ ਤੋਂ 10 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।
____________________________________________________
ਯੂਨੀਵਰਸਿਟੀ ਦੀ ਵਿਦਿਆਰਥਣ ਹੈਰੋਇਨ ਸਣੇ ਗ੍ਰਿਫਤਾਰ
ਅੰਮ੍ਰਿਤਸਰ: ਹੈਰੋਇਨ ਤਸਕਰੀ ਦੇ ਮਾਮਲੇ ਵਿਚ ਐਸ਼ਟੀæਐਫ਼ ਵੱਲੋਂ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦਿਆਰਥਣ ਦੇ ਪਰਸ ਵਿਚੋਂ ਪੁਲਿਸ ਨੇ 270 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਕੀਮਤ ਕੌਮਾਂਤਰੀ ਮੰਡੀ ‘ਚ ਸਵਾ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਮਾਂ-ਧੀ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ। ਮਾਂ ਤੇ ਧੀ ਦੀ ਸ਼ਨਾਖਤ ਰਜਨੀ ਉਰਫ ਰੋਜੀ ਤੇ ਧੀ ਰੌਸ਼ਨੀ ਵਾਸੀ ਪੁਤਲੀਘਰ ਖੇਤਰ ਵਜੋਂ ਹੋਈ ਹੈ। ਵਿਦਿਆਰਥਣ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਪਤਾ ਲਗਾ ਹੈ ਕਿ ਉਕਤ ਵਿਦਿਆਰਥਣ ਤੇ ਉਸ ਦੀ ਮਾਂ ਹੀ ਨਹੀਂ ਬਲਕਿ ਸਾਰਾ ਪਰਿਵਾਰ ਹੀ ਇਸ ਤਸਕਰੀ ਦੇ ਕੰਮ ‘ਚ ਲੱਗਾ ਹੋਇਆ ਹੈ।
___________________________________________________
ਵਟਸਐਪ ਨੇ ਖੁਫੀਆ ਏਜੰਸੀਆਂ ਨੂੰ ਪਾਇਆ ਪੜ੍ਹਨੇ
ਫਿਰੋਜ਼ਪੁਰ: ਸਰਹੱਦ ਪਾਰੋਂ ਹੁੰਦੀ ਤਸਕਰੀ ਦੀ ਪੈੜ ਨੱਪਣ ਵਿਚ ਖੂਫੀਆ ਏਜੰਸੀਆਂ ਲਈ ਵਟਸਐਪ ਵੱਡਾ ਅੜਿੱਕਾ ਬਣ ਰਿਹਾ ਹੈ। ਏਜੰਸੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਹੁਣ ਸਰਹੱਦ ਪਾਰ ਬੈਠੇ ਤਸਕਰ ਵਟਸਐਪ ਰਾਹੀਂ ਸਾਰਾ ਕਾਰੋਬਾਰ ਚਲਾ ਰਹੇ ਹਨ। ਏਜੰਸੀਆਂ ਕੋਲ ਵਟਸਐਪ ਕਾਲ ਟਰੇਸ ਕਰਨ ਦਾ ਕੋਈ ਵੀ ਯੰਤਰ ਨਹੀਂ ਹੈ। ਜਾਣਕਾਰੀ ਮੁਤਾਬਕ ਵਟਸਐਪ ਦਾ ਸਰਵਰ ਅਮਰੀਕਾ ਹੋਣ ਕਰ ਕੇ ਵਾਈਸ ਕਾਲ ਦੀ ਜਾਣਕਾਰੀ ਭਾਰਤੀ ਖੂਫੀਆ ਏਜੰਸੀਆਂ ਹੱਥ ਨਹੀਂ ਲੱਗਦੀ। ਇਸ ਦਾ ਸਿੱਧਾ ਸਿੱਧਾ ਫਾਇਦਾ ਤਸਕਰਾਂ ਨੂੰ ਹੋ ਰਿਹਾ ਹੈ। ਇਥੋਂ ਤੱਕ ਕਿ ਤਸਕਰੀ ਦਾ ਪੈਸਾ ਵੀ ਹਵਾਲਾ ਕਾਰੋਬਾਰੀ ਦਿੱਲੀ ਰਾਹੀਂ ਵਿਦੇਸ਼ਾਂ ਤੋਂ ਸਰਹੱਦ ਪਾਰ ਪਹੁੰਚਾਉਂਦੇ ਹਨ। ਕਾਊਂਟਰ ਇੰਟੈਲੀਜੈਂਸ ਦੇ ਏæਆਈæਜੀæ ਨਰਿੰਦਰਪਾਲ ਨੇ ਸਪੱਸ਼ਟ ਕੀਤਾ ਕਿ ਭਾਰਤ ਦੀਆਂ ਖੂਫੀਆ ਏਜੰਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਭਾਵੇਂ ਸਮੇਂ-ਸਮੇਂ ਉਤੇ ਕਈ ਤਸਕਰਾਂ ਨੂੰ ਕਾਬੂ ਕਰਨ ਵਿਚ ਕਾਊਂਟਰ ਇੰਟੈਲੀਜੈਂਸ ਨੇ ਕਾਮਯਾਬੀ ਹਾਸਲ ਕਰ ਕੇ ਹੈਰੋਇਨ ਆਦਿ ਬਰਾਮਦ ਕੀਤੀ ਹੈ। ਸਰਹੱਦ ਪਾਰੋਂ ਤਸਕਰਾਂ ਨੂੰ ਮਿਲਦੀ ਸਹੂਲਤ ਬਾਰੇ ਅਧਿਕਾਰੀ ਨੇ ਕਿਹਾ ਕਿ ਜਿਹੜੀ ਤਸਕਰੀ ਪੁਲਿਸ ਜਾਂ ਬੀæਐਸ਼ਐਫ ਬਰਾਮਦ ਕਰਦੀ ਹੈ, ਉਸ ਦੀ ਅਦਾਇਗੀ ਭਾਰਤੀ ਤਸਕਰਾਂ ਨੂੰ ਨਹੀਂ ਕਰਨੀ ਪੈਂਦੀ। ਉਨ੍ਹਾਂ ਕਿਹਾ ਕਿ ਤਸਕਰਾਂ ਵੱਲੋਂ ਪਾਕਿਸਤਾਨ ਸਰਹੱਦ ਦੀ ਵਰਤੋਂ ਕਰਨ ਦੀ ਬਜਾਏ ਵਟਸਐਪ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਦਾ ਸਰਵਰ ਅਮਰੀਕਾ ਹੋਣ ਕਰ ਕੇ ਇਸ ਦੀ ਕੋਈ ਵੀ ਜਾਣਕਾਰੀ ਲੈਣ ਵਿਚ ਭਾਰਤੀ ਏਜੰਸੀਆਂ ਅਸਮਰਥ ਹਨ।