‘ਆਪ’ ਦੀ ਬੇੜੀ ਪਾਰ ਲਾਉਣ ਲਈ ਮਨੀਸ਼ ਸਿਸੋਦੀਆ ਵੱਲੋਂ ਕਮਰਕੱਸੇ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਪਾਰਟੀ ਨੂੰ ਮੁੜ ਲੀਹ ਉਤੇ ਲਿਆਉਣ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮੋਢਿਆਂ ਉਤੇ ਭਾਰ ਪਾਇਆ ਹੈ। ਕੇਜਰੀਵਾਲ ਨੇ ਇਹ ਫੈਸਲਾ ਪੰਜਾਬ ਵਿਚ ‘ਆਪ’ ਨੂੰ ਮਿਲ ਰਹੀ ਹਾਰ-ਦਰ-ਹਾਰ ਮਗਰੋਂ ਲਿਆ ਹੈ। ਪਤਾ ਲੱਗਾ ਹੈ ਕਿ ਸ੍ਰੀ ਸਿਸੋਦੀਆ ਨੇ ਪਹਿਲੇ ਪੜਾਅ ਵਿਚ ਪਾਰਟੀ ਦੇ ਸਾਰੇ ਵਿਧਾਇਕਾਂ, ਸੂਬਾਈ ਨੇਤਾਵਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾ ਕੇ ਪਾਰਟੀ ਦੀ ਸਮੀਖਿਆ ਕਰਨ ਦੀ ਰਣਨੀਤੀ ਬਣਾਈ ਹੈ।

ਇਸ ਦੌਰਾਨ ਮਾੜੀ ਕਾਰਗੁਜ਼ਾਰੀ ਵਾਲੇ ਆਗੂਆਂ ਉਤੇ ਵੀ ਗਾਜ਼ ਡਿੱਗ ਸਕਦੀ ਹੈ ਤੇ ਲੀਡਰਸ਼ਿਪ ਵਿਚ ਫੇਰਬਦਲ ਦੀ ਸੰਭਾਵਨਾ ਵੀ ਹੈ। ਸ੍ਰੀ ਸਿਸੋਦੀਆ ਦੇ ਪੀਏ ਨੇ ਪੰਜਾਬ ਦੇ ਪਾਰਟੀ ਵਿਧਾਇਕਾਂ, ਸੂਬਾਈ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਫੋਨ ਨੰਬਰ ਦੇ ਕੇ ਕਿਹਾ ਹੈ ਕਿ ਉਹ ਕਿਸੇ ਵੇਲੇ ਵੀ ਸਿੱਧੇ ਤੌਰ ਉਤੇ ਸ੍ਰੀ ਸਿਸੋਦੀਆ ਨਾਲ ਗੱਲ ਕਰ ਸਕਦੇ ਹਨ। ਸ੍ਰੀ ਸਿਸੋਦੀਆ ਖੁਦ ਵੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਫੋਨ ਉਤੇ ਗੱਲਬਾਤ ਦੀ ਪ੍ਰਕਿਰਿਆ ਵਿੱਢਣਗੇ।
ਸੂਤਰਾਂ ਅਨੁਸਾਰ ਜਦੋਂ ਪਾਰਟੀ ਨੂੰ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਵਿਚ ਨਮੋਸ਼ੀ ਭਰੀ ਹਾਰ ਮਿਲੀ ਸੀ ਤਾਂ ਸ੍ਰੀ ਸਿਸੋਦੀਆ ਸਮੇਤ ਕੌਮੀ ਆਗੂ ਆਸ਼ੂਤੋਸ਼ ਤੇ ਗੋਪਾਲ ਰਾਏ ਨੇ ਪੰਜਾਬ ਦੀ ਲੀਡਰਸ਼ਿਪ ਨਾਲ ਦਿੱਲੀ ਵਿਚ ਖੁੱਲ੍ਹੀ ਚਰਚਾ ਕੀਤੀ ਸੀ। ਉਸ ਵੇਲੇ ਪੰਜਾਬ ਦੀ ਲੀਡਰਸ਼ਿਪ ਨੇ ਮੰਗ ਕੀਤੀ ਸੀ ਕਿ ਭਗਵੰਤ ਮਾਨ, ਅਮਨ ਅਰੋੜਾ ਤੇ ਸੁਖਪਾਲ ਸਿੰਘ ਖਹਿਰਾ ਦੀ ਸੁਰ ਇਕਸਾਰ ਕਰਨ ਲਈ ਪੰਜਾਬ ਲਈ ਨਵਾਂ ਇੰਚਾਰਜ ਨਿਯੁਕਤ ਕੀਤਾ ਜਾਵੇ। ਉਸ ਵੇਲੇ ਸ੍ਰੀ ਸਿਸੋਦੀਆ ਨੇ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਨੂੰ ਮਿਲ ਕੇ ਕੰਮ ਕਰਨ ਦੀ ਨਸੀਅਤ ਦਿੰਦਿਆਂ ਸੰਕੇਤ ਦਿੱਤੇ ਸਨ ਤੇ ਕਿਹਾ ਸੀ ਕਿ ਜੇ ਨਿਗਮ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਮਾੜੀ ਰਹੀ ਤਾਂ ਹਾਈਕਮਾਂਡ ਨਵੀਂ ਰਣਨੀਤੀ ਘੜੇਗੀ। ਜਿਉਂ ਹੀ ਨਿਗਮ ਚੋਣਾਂ ਦੌਰਾਨ ‘ਆਪ’ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਈ ਤਾਂ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਸ੍ਰੀ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ।
ਪੰਜਾਬ ਵਿਚ ‘ਆਪ’ ਮੁੱਖ ਵਿਰੋਧੀ ਧਿਰ ਹੈ ਪਰ ਨਗਰ ਨਿਗਮ ਦੇ 225 ਵਾਰਡਾਂ ਵਿਚੋਂ ਇਕ ਸੀਟ ਉਤੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੀ। ਜਦਕਿ 17 ਨਗਰ ਪੰਚਾਇਤਾਂ ਤੇ ਨਗਰ ਪਾਲਿਕਾ ਦੇ 414 ਵਾਰਡਾਂ ਵਿਚ ਪਾਰਟੀ ਸਿਰਫ ਇਕ ਸੀਟ ਹੀ ਜਿੱਤ ਸਕੀ। 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਆਪ’ ਨੇ 117 ਸੀਟਾਂ ਵਿਚੋਂ 22 ਉਤੇ ਜਿੱਤ ਪ੍ਰਾਪਤ ਕਰ ਕੇ ਪੰਜਾਬ ਦੀ ਵਿਰੋਧੀ ਧਿਰ ਵਿਚ ਬੈਠ ਗਈ ਪਰ ਨਗਰ ਨਿਗਮ ਦੀਆਂ ਚੋਣਾਂ ਨੇ ਪਾਰਟੀ ਨੂੰ ਫਿਕਰਾਂ ਵਿਚ ਪਾ ਦਿੱਤਾ।
________________________________________
ਵੱਡੀ ਚੁਣੌਤੀ ਹੋਵੇਗਾ ਪਾਰਟੀ ਨੂੰ ਉਭਾਰਨਾ
ਚੰਡੀਗੜ੍ਹ: ਸਿਸੋਦੀਆ ਨੇ ਪਾਰਟੀ ਦੀ ਕਮਾਨ ਅਜਿਹੇ ਵੇਲੇ ਸੰਭਾਲੀ ਹੈ ਜਦੋਂ ਪਾਰਟੀ ਦੇ ਲੀਡਰਸ਼ਿਪ ਤੇ ਵਰਕਰਾਂ ਵਿਚ ਨਿਰਾਸ਼ਾ ਦਾ ਆਲਮ ਹੈ। ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਦਾ ਨਸ਼ਾ ਤਸਕਰੀ ਦੇ ਕੇਸ ਵਿਚ ਨਾਂ ਘਸੀਟਣ ਮਗਰੋਂ ਪਾਰਟੀ ਅੰਦਰ ਖਿੱਚੋਤਾਣ ਵਧੀ ਹੈ। ਸ਼ਹਿਰੀ ਚੋਣਾਂ ਵਿਚ ਪਾਰਟੀ ਦੇ ਸਫਾਏ ਨੇ ਫਿਕਰਮੰਦੀ ਵਧਾਈ ਹੈ। ਇਸ ਲਈ ਸਿਸੋਦੀਆ ਲਈ ਪਾਰਟੀ ਨੂੰ ਉਭਾਰਨਾ ਵੱਡੀ ਚੁਣੌਤੀ ਰਹੇਗੀ। ‘ਆਪ’ ਨੇ ਵਿਧਾਨ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਈ ਸੀ। ਪਾਰਟੀ ਨੇ 22 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਦਾ ਤਾਜ਼ ਆਪਣੇ ਸਿਰ ਸਜਾ ਲਿਆ ਸੀ। ਉਂਜ ਉਸ ਵੇਲੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦੀ ਪੂਰੀ ਉਮੀਦ ਸੀ। ਮੰਨਿਆ ਜਾਂਦਾ ਹੈ ਕਿ ਉਸ ਵੇਲੇ ਲੀਡਰਸ਼ਿਪ ਦੇ ਗਲਤ ਫੈਸਲਿਆਂ ਕਰ ਕੇ ਪਾਰਟੀ ਜਿੱਤ ਤੋਂ ਵਾਂਝੀ ਰਹਿ ਗਈ। ਉਸ ਵੇਲੇ ਵੀ ਸੰਜੇ ਸਿੰਘ ਉਪਰ ਸਵਾਲ ਉਠੇ ਸਨ ਪਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦੀ ਪ੍ਰਧਾਨ ਬਣਾ ਕੇ ਸੰਜੇ ਸਿੰਘ ਨੂੰ ਇੰਚਾਰਜ ਬਰਕਰਾਰ ਰੱਖਿਆ ਸੀ। ਹੁਣ ਸਿਸੋਦੀਆ ਦੇ ਆਉਣ ਨਾਲ ਕੁਝ ਫੇਰਬਦਲ ਜ਼ਰੂਰ ਹੋਏਗਾ।