ਲੁਟੇਰਿਆਂ ਦੇ ਜਥਿਆਂ ਦਾ ਸਿੱਖਾਂ ਉਪਰ ਅਸਰ

ਅੰਗਰੇਜ਼ਾਂ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਅਤੇ ਭਾਰਤ ਦੇ ਦੂਰ ਦੁਰੇਡੇ ਇਲਾਕਿਆਂ ਵਿਚ ਰਾਜ ਪ੍ਰਬੰਧ ਦੀ ਪਕੜ ਮਜ਼ਬੂਤ ਨਾ ਹੋਣ ਕਾਰਨ ਕਈ ਲੋਕ ਅਤੇ ਕਬੀਲੇ ਚੋਰੀ, ਠੱਗੀ ਤੇ ਲੁੱਟ-ਖੋਹ ਨੂੰ ਹੀ ਆਪਣਾ ਪੇਸ਼ਾ ਬਣਾਈ ਬੈਠੇ ਸਨ। ਐਸੇ ਲੋਕਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਲਈ ਅੰਗਰੇਜ਼ਾਂ ਨੇ ‘ਕ੍ਰਿਮੀਨਲ ਟਰਾਈਬਜ਼ ਐਕਟ’ ਲਾਗੂ ਕਰਕੇ ਬਹੁਤ ਸਾਰੇ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਕੇ ਉਨ੍ਹਾਂ ‘ਤੇ ਕਈ ਸਖਤ ਪਾਬੰਦੀਆਂ ਲਾਈਆਂ।

ਇਸ ਐਕਟ ਅਧੀਨ ਜ਼ਰਾਇਮ ਪੇਸ਼ਾ ਕਰਾਰ ਦੇਣ ਲਈ ਜੋ ਵਿਧੀ ਅਪਨਾਈ ਜਾਂਦੀ ਸੀ ਅਤੇ ਜਿਨ੍ਹਾਂ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਐਲਾਨਿਆ ਗਿਆ, ਉਸ ਬਾਰੇ ਇੰਗਲੈਂਡ ਰਹਿੰਦੇ ਪਾਕਿਸਤਾਨੀ ਲੇਖਕ ਗੁਲਾਮ ਮੁਸਤਫਾ ਡੋਗਰ ਨੇ ਇੱਕ ਖੋਜ ਭਰਪੂਰ ਲੰਮਾ ਲੇਖ ਲਿਖੀਆ ਹੈ। ਸ਼ਾਹਮੁਖੀ ਵਿਚ ਲਿਖੀ ਇਸ ਲਿਖਤ ਦਾ ਲਿਪੀਅੰਤਰ ਰਾਜਵਿੰਦਰ ਸਿੰਘ ਸਿੱਧੂ ਅਤੇ ਸਰਬਜੀਤ ਸਿੰਘ ਸੰਧੂ ਨੇ ਕੀਤਾ ਹੈ। ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਪੇਸ਼ ਹੈ, ਇਸ ਰੌਚਿਕ ਇਤਿਹਾਸ ਦੀ ਜਾਣਕਾਰੀ ਭਰਪੂਰ ਅਗਲੀ ਕਿਸ਼ਤ। -ਸੰਪਾਦਕ

ਗੁਲਾਮ ਮੁਸਤਫਾ ਡੋਗਰ ਯੂæ ਕੇæ
ਫੋਨ: +44 78781-32209
ਇਕ ਪੰਜਾਬੀ ਅਖਾਣ ਹੈ, ‘ਖਰਬੂਜ਼ਾ ਖਰਬੂਜ਼ੇ ਨੂੰ ਵੇਖ ਕੇ ਰੰਗ ਫੜ੍ਹਦਾ ਹੈ।’ ਜਦਂੋ ਸਿੱਖਾਂ ਨੇ ਵੇਖਿਆ ਕਿ ਅਫਗਾਨੀ ਆਉਂਦੇ ਹਨ ਤੇ ਉਨ੍ਹਾਂ ਦੀ ਲੁੱਟਮਾਰ ਕਰਕੇ ਤੁਰ ਜਾਂਦੇ ਹਨ। ਪਿੰਡਾਰੀਆਂ ਤੇ ਠੱਗਾਂ ਦੇ ਜਥੇ ਵੀ ਇਹੀ ਕੰਮ ਕਰਦੇ ਹਨ। ਗੋਰਖੇ ਵੀ ਆਪਣਾ ਦਾਅ ਲਾ ਜਾਂਦੇ ਹਨ। ਮਰਹੱਟਿਆਂ ਨੇ ਤਾਂ ਹੱਦ ਹੀ ਕਰ ਛੱਡੀ। ਉਹ ਪੰਜਾਬ ਦੀ ਲੁੱਟਮਾਰ ਕਰਦੇ ਲਾਹੌਰ ‘ਤੇ ਕਾਬਜ਼ ਹੋ ਗਏ ਨੇ। ਮੁਗਲ ਵੀ ਘੱਟ ਨਹੀਂ ਕਰਦੇ ਭਾਵੇਂ ਕਿ ਉਹ ਹਕੂਮਤ ‘ਤੇ ਕਾਬਜ਼ ਹਨ। ਪੰਜਾਬ ਦੇ ਸਿੱਖਾਂ ਨੇ ਸੋਚਿਆ ਹਮੇਸ਼ਾ ਉਹ ਹੀ ਕਿਉਂ ਲੁੱਟ ਦਾ ਸ਼ਿਕਾਰ ਹੋਣ? ਜਦੋਂ ਅਫਗਾਨੀ ਹਮਲਾਵਰ ਆਉਂਦੇ ਤਾਂ ਸਿੱਖ ਬਚਾਅ ਲਈ ਜੰਗਲਾਂ ਵੱਲ ਨੱਸ ਜਾਂਦੇ। ਜਦ ਅਫਗਾਨੀ ਵਾਪਸ ਚਲੇ ਜਾਂਦੇ ਤਾਂ ਸਿੱਖ ਅਫਗਾਨਾਂ ਦਾ ਗੁੱਸਾ ਪੰਜਾਬੀ ਮੁਸਲਮਾਨਾਂ ‘ਤੇ ਕੱਢਦੇ। ਇਤਿਹਾਸਕਾਰ ਲਿਖਦੇ ਹਨ ਕਿ ਸਿੱਖ ਮੁਸਲਮਾਨਾਂ ਦੇ ਪਿੰਡਾਂ ਨੂੰ ਘੇਰ ਕੇ ਅੱਗ ਲਾ ਦਿੰਦੇ ਸਨ, ਜਿਸ ‘ਚ ਮੁਸਲਮਾਨ ਸੜ੍ਹ ਜਾਂਦੇ ਸਨ। ਇਸ ਨੂੰ ਸਿੱਖ ਹੋਲਾ ਆਖਦੇ ਸਨ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ‘ਚ ਜਦੋਂ ਅਸੀਂ ਕੱਚੇ ਛੋਲਿਆਂ ਨੂੰ ਅੱਗ ‘ਤੇ ਭੁੰਨਦੇ ਹਾਂ ਤਾਂ ਉਸ ਨੂੰ ਹੌਲ਼ਾਂ ਆਖਿਆ ਜਾਂਦਾ ਹੈ। ਬਾਅਦ ‘ਚ ਹੌਲੀ-ਹੌਲੀ ਸਿੱਖਾਂ ਦੀਆਂ 12 ਮਿਸਲਾਂ ਬਣ ਗਈਆਂ, ਜਿਨ੍ਹਾਂ ‘ਚੋਂ ਕੁਝ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤੇ ਕੁਝ ਆਜ਼ਾਦ ਵੀ ਰਹਿ ਗਈਆਂ ਜਿਵੇਂ ਫੂਲਕੀਆਂ ਮਿਸਲ ਪਰ ਇਹ ਖਾਲਸਾ ਰਾਜ ਦਾ ਵੱਖਰਾ ਵਿਸ਼ਾ ਹੈ।
ਡਾਕੂ: ਪੰਜਾਬ ‘ਚ ਉਸ ਸਮੇਂ ਡਾਕੂ ਬਣਨ ਦਾ ਰਿਵਾਜ ਵੀ ਜ਼ੋਰਾਂ ‘ਤੇ ਸੀ। ਉਸ ਸਮੇਂ ਜਗੀਰਦਾਰੀ ਸਿਸਟਮ ਸੀ। ਲੋਕ ਜਗੀਰਦਾਰਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਡਾਕੂ ਬਣ ਜਾਂਦੇ ਸਨ। ਇੱਕ ਅੰਗਰੇਜ਼ ਲੇਖਕ ਜਿਮ ਕਾਰਬਟ ਨੇ ਆਪਣੀ ਕਿਤਾਬ ‘ਮਾਈ ਇੰਡੀਆ’ ‘ਚ ਵੇਰਵੇ ਸਹਿਤ ਡਾਕੂਆਂ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ, “ਯੂæ ਪੀæ ਦੇ ਸ਼ਹਿਰ ਜੱਬਲਪੁਰ ‘ਚ ਇੱਕ ਭਾਂਤੂ ਕੌਮ ਹੁੰਦੀ ਸੀ, ਜੋ ਬਹੁਤ ਹੀ ਜ਼ਰਾਇਮ ਪੇਸ਼ਾ ਸੀ। ਪ੍ਰਸਿੱਧ ਡਾਕੂ ਸੁਲਤਾਨਾ ਵੀ ਇਸ ਕੌਮ ‘ਚੋਂ ਹੀ ਹੋਇਆ ਹੈ। (ਡਾਕੂ ਸੁਲਤਾਨਾ ‘ਤੇ ਅੱਜ ਕਲ ਬਾਲੀਵੁੱਡ ‘ਚ ਫਿਲਮ ਬਣਾਉਣ ਦੀ ਤਿਆਰੀ ਹੋ ਰਹੀ ਹੈ। ਪਾਕਿਸਤਾਨ ‘ਚ ਅੱਜ ਤੋਂ 25-30 ਸਾਲ ਪਹਿਲਾਂ ਸੁਲਤਾਨਾ ਡਾਕੂ ਉਪਰ ਫਿਲਮ ਬਣ ਚੁਕੀ ਹੈ।) ਉਸ ਨੇ ਬੜੀ ਦੇਰ ਤੱਕ ਅੰਗਰੇਜ਼ਾਂ ਦੇ ਨੱਕ ‘ਚ ਦਮ ਕਰੀ ਰੱਖਿਆ। ਅੰਗਰੇਜ਼ਾਂ ਨੇ ਆਪਣੇ ਮੁਖਬਰਾਂ ਨੂੰ ਉਸ ਦੇ ਗਿਰੋਹ ‘ਚ ਸ਼ਾਮਲ ਕਰਵਾ ਕੇ ਧੋਖੇ ਨਾਲ ਉਸ ਨੂੰ ਮਰਵਾ ਦਿੱਤਾ। ਇਨ੍ਹਾਂ ਡਾਕੂਆਂ ‘ਚ ਬਹੁਤੇ ਅਫਗਾਨੀ ਪਠਾਣ ਤੇ ਸਿੱਖ ਵੀ ਹੁੰਦੇ ਸਨ। ਪੰਜਾਬ ‘ਚ ਉਸ ਸਮੇਂ ਬਹੁਤ ਸਾਰੇ ਲੋਕ ਸ਼ੌਕ ਵਜੋਂ ਹੀ ਡਾਕੂ ਬਣ ਜਾਂਦੇ ਸਨ। ਕੁਝ ਲੋਕ ਸ਼ਾਹੂਕਾਰਾਂ ਤੋਂ ਤੰਗ ਆ ਕੇ ਵੀ ਡਾਕੂ ਬਣ ਜਾਂਦੇ ਸਨ। ਉਹ ਸ਼ਾਹੂਕਾਰਾਂ ਨੂੰ ਲੁੱਟ ਕੇ ਕੁਝ ਪੈਸਾ ਆਮ ਗਰੀਬਾਂ ‘ਚ ਵੀ ਵੰਡ ਦਿੰਦੇ ਸਨ। ਜਿਸ ਦੀਆਂ ਕਈ ਮਿਸਾਲਾਂ ਸਾਡੇ ਕੋਲ ਮੌਜੂਦ ਹਨ। ਜਿਸ ਤਰ੍ਹਾਂ ਅਮਰੀਕਾ ‘ਚ ਰਾਬਿਨ ਹੁੱਡ ਕਰਦਾ ਸੀ। ਬਾਕੀ ਮਜਹਬਾਂ ਦੀ ਨਿਸਬਤ ਸਿੱਖ ਆਟੇ ‘ਚ ਲੂਣ ਹੀ ਸਨ।
ਰੱਸਾ ਗਿਰੀ ਜਾਂ ਡੰਗਰ ਚੋਰੀ: ਇਨ੍ਹਾਂ ਸਮਿਆਂ ਦੌਰਾਨ ਹੀ ਇੱਕ ਹੋਰ ਜ਼ੁਰਮ ਜਿਹੜਾ ਬਹੁਤ ਫੈਲਿਆ ਸੀ, ਉਸ ਦਾ ਜ਼ਿਕਰ ਵੀ ਕਰਨਾ ਚਾਹਾਂਗਾ, ਉਹ ਸੀ ਰੱਸਾ ਗਿਰੀ ਜਾਂ ਡੰਗਰ ਚੋਰੀ ਕਿਉਂਕਿ ਉਸ ਦੌਰ ‘ਚ ਸਿੰਚਾਈ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਖੇਤੀਬਾੜੀ ਕੋਈ ਜ਼ਿਆਦਾ ਪ੍ਰਫੁਲਿਤ ਧੰਦਾ ਨਹੀਂ ਸੀ। ਲੋਕਾਂ ਦਾ ਮੁੱਖ ਕੰਮ ਪਸੂ ਪਾਲਣ ਹੋ ਗਿਆ। ਮੁਗਲਾਂ ਦੇ ਆਖਰੀ ਦੌਰ ‘ਚ ਇਹ ਕੰਮ ਸਿਖਰ ‘ਤੇ ਸੀ। ਇਸ ਕੰਮ ‘ਚ ਸ਼ਾਮਿਲ ਚੌਧਰੀ ਕਿਸਮ ਦੇ ਲੋਕਾਂ ਨੇ ਰੱਸਾ ਗਿਰੀ ਕਰਵਾਉਣ ਲਈ ਬੰਦੇ ਰੱਖੇ ਹੁੰਦੇ ਸਨ ਜਾਂ ਕਹਿ ਲਉ ਚੋਰ ਰੱਖੇ ਸਨ। ਜਦ ਕਿਸੇ ਦਾ ਪਸੂ ਚੋਰੀ ਹੋ ਜਾਵੇ ਤੇ ਭਾਲ ਕਰਨ ‘ਤੇ ਵੀ ਉਸ ਦਾ ਖੁਰਾ ਖੋਜ ਨਾ ਮਿਲੇ ਤਾਂ ਉਹ ਚੌਧਰੀ ਜਾਂ ਵੱਡੇ ਸਰਦਾਰ ਨੂੰ ਮਦਦ ਲਈ ਕਹਿੰਦੇ, ਜਿਨ੍ਹਾਂ ਦਾ ਇਨ੍ਹਾਂ ਚੋਰਾਂ ਨਾਲ ਰਾਬਤਾ ਹੁੰਦਾ ਸੀ ਤੇ ਇਹ ਚੋਰਾਂ ਤੋਂ ਡੰਗਰ ਵਾਪਸ ਕਰਵਾ ਦਿੰਦੇ ਸਨ ਪਰ ਇਸ ਦੇ ਇਵਜ਼ ‘ਚ ਪਸੂ ਦੀ ਕੀਮਤ ਦਾ ਤੀਜਾ ਜਾਂ ਚੌਥਾ ਹਿੱਸਾ ਵਸੂਲ ਕਰਦੇ ਸਨ। ਜਿਹੜੀ ਰਕਮ ਲੋਕ ਆਪਣੇ ਪਸੂ ਨੂੰ ਲੱਭਣ ਲਈ ਚੌਧਰੀ ਨੂੰ ਦਿੰਦੇ, ਉਸ ਨੂੰ ‘ਭੁੰਗਾ’ ਆਖਿਆ ਜਾਂਦਾ ਸੀ। ਪੰਜਾਬ ‘ਚ ਇਹ ਕੰਮ ਕਾਫੀ ਵੱਡੇ ਪੱਧਰ ‘ਤੇ ਹੁੰਦਾ ਰਿਹਾ, ਖਾਸ ਕਰਕੇ ਦਰਿਆਈ ਇਲਾਕਿਆਂ ‘ਚ। ਦਰਿਆ ਦੇ ਇੱਕ ਪਾਰ ਤੋਂ ਦੂਸਰੇ ਪਾਰ ਪਸੂ ਲੈ ਜਾਏ ਜਾਂਦੇ ਕਿਉਂਕਿ ਬੇਲਾ ਪਾਰ ਕਰਨ ਸਮੇਂ ਕੋਈ ਸਬੂਤ ਨਹੀਂ ਸੀ ਲੱਭਦਾ। ਪੰਜਾਬ ਦੀਆਂ ਬਾਰਾਂ ਵੀ ਇਸ ਕੰਮ ਤੋਂ ਬਚੀਆਂ ਨਹੀਂ ਸਨ। ਕਈ ਵਾਰ ਲੋਕਾਂ ਨੂੰ ‘ਭੁੰਗਾ’ ਰਕਮ ਦੇ ਕੇ ਪਸੂ ਵਾਪਸ ਮਿਲ ਜਾਂਦੇ ਤੇ ਨਾਲ ਦੀ ਨਾਲ ਇਹ ਵੀ ਪਤਾ ਲੱਗ ਜਾਂਦਾ ਕਿ ਇਹ ਕੰਮ ਕਿਸ ਨੇ ਕਰਵਾਇਆ ਹੈ ਤੇ ਫਿਰ ਉਹ ਵੀ ਕਿਸੇ ਦੂਸਰੇ ਗਰੋਹ ਰਾਹੀਂ ਉਸ ਦੇ ਡੰਗਰ ਚੋਰੀ ਕਰਵਾ ਦਿੰਦੇ। ਇਹ ਸ਼ਰੀਕਾ ਪੰਜਾਬ ਦੇ ਪਿੰਡਾਂ ‘ਚ ਆਮ ਹੀ ਚੱਲਦਾ ਸੀ।
ਚੋਰਾਂ-ਡਾਕੂਆਂ ਦੀ ਸਮਾਜਕ ਹੈਸੀਅਤ: ਉਨ੍ਹਾਂ ਸਮਿਆਂ ਵਿਚ ਪੰਜਾਬੀ ਸਮਾਜ ਅੰਦਰ ਚੋਰੀ ਤੇ ਡਾਕੇ ਨੂੰ ਕੋਈ ਬੁਰਾ ਕੰਮ ਨਹੀਂ ਸੀ ਸਮਝਿਆ ਜਾਂਦਾ। ਇਹ ਕੰਮ ਕਰਨ ਵਾਲੇ ਨੂੰ ਸੂਰਬੀਰ ਮੰਨਿਆ ਜਾਂਦਾ ਤੇ ਨਾ ਕਰਨ ਵਾਲੇ ਨੂੰ ਡਰਪੋਕ। ਪੰਜਾਬ ਦੇ ਕਈ ਹਿੱਸਿਆਂ ‘ਚ ਇਹ ਰਿਵਾਜ ਸੀ ਕਿ ਕੋਈ ਗੱਭਰੂ ਉਨਾ ਚਿਰ ਸਿਰ ‘ਤੇ ਪੱਗ ਨਹੀਂ ਸੀ ਬੰਨ੍ਹਦਾ, ਜਿੰਨਾ ਚਿਰ ਉਹ ਚੋਰੀ-ਡਾਕੇ ਦੀ ਵਾਰਦਾਤ ਨਾ ਕਰ ਲੈਂਦਾ। ਨਾ ਹੀ ਉਨਾ ਚਿਰ ਉਸ ਦਾ ਵਿਆਹ ਹੁੰਦਾ ਸੀ। ਇਹ ਪੇਸ਼ਾ ਸਮਾਜ ‘ਚ ਬਹਾਦਰੀ ਦੇ ਚਿੰਨ੍ਹਾਂ ਵਜੋਂ ਪ੍ਰਚਲਿਤ ਸੀ। ਇਸ ਬਾਰੇ ਜਿਮ ਕਾਰਬਟ ਆਪਣੀ ਪੁਸਤਕ ‘ਮਾਈ ਇੰਡੀਆ’ ‘ਚ ਲਿਖਦਾ ਹੈ ਕਿ ਬ੍ਰਿਟਿਸ਼ ਹਕੂਮਤ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਚੋਰੀ ਦੇ ਪੈਸੇ ਨੂੰ ਲੋਕ ਮਾਨਸਿਕਤਾ ‘ਚੋਂ ਕੱਢਿਆ ਜਾਵੇ। ਇਸ ਲਈ ਹਕੂਮਤ ਵੱਲੋਂ ਚੋਰੀ ਦੇ ਪੇਸ਼ੇ ‘ਚ ਲੱਗੇ ਲੋਕਾਂ ਨੂੰ ਮੁਫਤ ਜਮੀਨਾਂ ਵੀ ਦਿੱਤੀਆਂ ਗਈਆਂ ਤਾਂ ਕਿ ਉਹ ਖੇਤੀਬਾੜੀ ਕਰਕੇ ਖੁਸ਼ਹਾਲ ਹੋਣ ਤੇ ਚੋਰੀ ਦੇ ਧੰਦੇ ਤੋਂ ਨਿਜਾਤ ਪਾ ਸਕਣ ਪਰ ਫਿਰ ਵੀ ਜ਼ਰਾਇਮ ‘ਚ ਕੋਈ ਖਾਸ ਕਮੀ ਨਾ ਆਈ। ਅੰਗਰੇਜ਼ਾਂ ਨੇ ਇਸ ਪਾਸੇ ਖਾਸ ਧਿਆਨ ਦਿੱਤਾ ਤੇ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਹੜਾ ਕਾਰਨ ਹੈ ਜੋ ਲੋਕਾਂ ਨੂੰ ਜ਼ਰਾਇਮ ਤੋਂ ਦੂਰ ਨਹੀਂ ਜਾਣ ਦਿੰਦਾ। ਉਨ੍ਹਾਂ ਨੇ ਜਾਣਿਆ ਕਿ ਇਸ ਸਭ ਦਾ ਕਾਰਨ ਕੁੜੀਆਂ ਹਨ। ਉਸ ਵਕਤ ਕੁੜੀਆਂ ਉਸ ਬੰਦੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸਨ ਹੁੰਦੀਆਂ, ਜਿਹੜਾ ਧਾੜਵੀ ਜਾਂ ਡਾਕੂ ਨਾ ਹੋਵੇ। ਸ਼ਰੀਫ ਆਦਮੀ ਨੂੰ ਕੋਈ ਕੁੜੀ ਪਸੰਦ ਨਹੀਂ ਸੀ ਕਰਦੀ।
ਚੋਰੀ-ਡਾਕੇ ਦੀ ਸਿਖਲਾਈ: ਜਿਮ ਕਾਰਬਟ ਆਪਣੀ ਕਿਤਾਬ ‘ਮਾਈ ਇੰਡੀਆ’ ‘ਚ ਲਿਖਦਾ ਹੈ, “ਕਬੀਲਿਆਂ ਦੇ ਬਜ਼ੁਰਗ ਆਪਣੀ ਨੌਜਵਾਨ ਪੀੜ੍ਹੀ ਨੂੰ ਚੋਰੀ ਡਾਕੇ ਮਾਰਨ ਦੀ ਸਿਖਲਾਈ ਦਿੰਦੇ ਸਨ। ਉਹ ਤਿੰਨ ਗੱਲਾਂ ‘ਤੇ ਜ਼ੋਰ ਦਿੰਦੇ- ਪਹਿਲੀ, ਹਰ ਨੌਜਵਾਨ ਇਕੱਲਾ ਚੋਰੀ ਕਰੇਗਾ। ਦੂਜੀ, ਉਹ ਆਬਾਦੀ ਤੋਂ ਹਟਵੇਂ ਇਲਾਕੇ ‘ਚ ਚੋਰੀ ਕਰੇਗਾ। ਤੀਜੀ, ਉਹ ਵਾਰਦਾਤ ਕਰਦਿਆਂ ਕਿਸੇ ਨੂੰ ਜਾਨੋਂ ਨਹੀਂ ਮਾਰੇਗਾ।”
ਜ਼ਰਾਇਮ ਨਾਲ ਜੁੜੇ ਵਹਿਮ-ਭਰਮ ਤੇ ਲੋਕ ਵਿਸ਼ਵਾਸ: ਵਹਿਮ-ਭਰਮ ਤੇ ਵਿਸ਼ਵਾਸ ਲੋਕ ਮਾਨਸ ਦੇ ਪ੍ਰਗਟਾਅ ਦੇ ਦੋ ਅਹਿਮ ਪਹਿਲੂ ਹਨ। ਦੋਵੇਂ ਹੀ ਆਪਸ ‘ਚ ਇਸ ਤਰ੍ਹਾਂ ਸਮਾਏ ਹੋਏ ਹਨ ਕਿ ਦੋਹਾਂ ਨੂੰ ਵੱਖਰੇ ਰੂਪ ‘ਚ ਵੇਖਣਾ ਮੁਸ਼ਕਿਲ ਲੱਗਦਾ ਹੈ। ਵਹਿਮ-ਭਰਮ ਦਾ ਆਧਾਰ ਡਰ, ਤੌਖਲਾ ਤੇ ਸ਼ੰਕੇ ਦੀ ਭਾਵਨਾ ਹੁੰਦੀ ਹੈ, ਜਿਸ ਦੇ ਸਾਹਮਣੇ ਇਨਸਾਨ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ ਤੇ ਗੈਰ ਮਨੁੱਖੀ ਵਰਤਾਰਿਆਂ ਨੂੰ ਗੈਬੀ ਸ਼ਕਤੀਆਂ ਦਾ ਚਮਤਕਾਰ ਮੰਨਦਿਆਂ ਇਹ ਵਿਸ਼ਵਾਸ ਕਰ ਲੈਂਦਾ ਹੈ ਕਿ ਜਿੰਨੀ ਦੇਰ ਇਨ੍ਹਾਂ ਸ਼ਕਤੀਆਂ ਨੂੰ ਖਤਮ ਨਹੀਂ ਕਰ ਲੈਂਦਾ, ਕੰਮ ਰਾਸ ਨਹੀਂ ਆਵੇਗਾ। ਇਸੇ ਤਰ੍ਹਾਂ ਹੀ ਕੁਝ ਵਹਿਮ-ਭਰਮ ਤੇ ਵਿਸ਼ਵਾਸ ਜ਼ਰਾਇਮ ਪੇਸ਼ਾ ਲੋਕਾਂ ਨਾਲ ਵੀ ਜੁੜੇ ਹੋਏ ਸਨ। ਜਿਸ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ।
ਸਾਂਸੀਆਂ ਦੇ ਵਹਿਮ: ਸਾਂਸੀ ਇਕ ਟੱਪਰੀਵਾਸ ਕਬੀਲਾ ਹੋਇਆ ਕਰਦਾ ਸੀ। ਇਨ੍ਹਾਂ ਬਾਰੇ ਰਵਾਇਤੀ ਤੌਰ ‘ਤੇ ਕਿਹਾ ਜਾਂਦਾ ਹੈ ਕਿ ਚੋਰੀ ਕਰਨਾ ਉਨ੍ਹਾਂ ਵਿਚ ਆਮ ਰਿਵਾਜ਼ ਸੀ। ਸਾਂਸੀਆਂ ਬਾਰੇ ਲਿਖਿਆ ਮਿਲਦਾ ਹੈ ਕਿ ਚੋਰੀ ਦੇ ਨਾਲ ਸਬੰਧਤ ਇਨ੍ਹਾਂ ਦੇ ਕੀ ਵਹਿਮ ਸਨ। ਜਦੋਂ ਸਾਂਸੀਆਂ ਨੇ ਚੋਰੀ ਕਰਨੀ ਹੁੰਦੀ ਤਾਂ ਇਹ ਚੰਨ ਦੀ 9 ਜਾਂ 10 ਤਰੀਕ ਨੂੰ ਰਾਤ ਦੇ ਇੱਕ ਪਹਿਰ ਬਾਕੀ ਰਹਿੰਦਿਆਂ ਹਲਵਾ ਬਣਾਉਂਦੇ। ਆਪਣੇ ਘਰਾਂ ਦੀਆਂ ਕੁਆਰੀਆਂ ਕੁੜੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਹੱਥਾਂ ‘ਤੇ ਮਹਿੰਦੀ ਲਾਉਂਦੇ। ਫਿਰ ਇਨ੍ਹਾਂ ਲੜਕੀਆਂ ਨੂੰ ਪੰਜ-ਪੰਜ ਕੌੜੀਆਂ (ਰੁਪਏ-ਪੈਸੇ) ਦਿੰਦੇ। ਸਾਂਸੀਆਂ ਦੇ ਜਿਨ੍ਹਾਂ ਬੰਦਿਆਂ ਨੇ ਚੋਰੀ ਲਈ ਜਾਣਾ ਹੁੰਦਾ, ਉਹ ਇਨ੍ਹਾਂ ਲੜਕੀਆਂ ਤੋਂ ਭੀਖ ਮੰਗਦੇ। ਬਣਾਇਆ ਗਿਆ ਜਿੰਨਾ ਹਲਵਾ ਕੁਆਰੀਆਂ ਲੜਕੀਆਂ ਨੂੰ ਦਿੱਤਾ ਜਾਂਦਾ, ਉਨ੍ਹਾਂ ਹੀ ਹਲਵਾ ਇਹ ਆਪ ਖਾਂਦੇ। ਜਿਸ ਹਥਿਆਰ ਨੂੰ ਇਹ ਸੰਨ ਲਾਉਣ ਲਈ ਵਰਤਦੇ, ਉਸ ਨੂੰ ਆਪਣੇ ਸਰ੍ਹਾਣੇ ਰੱਖ ਕੇ ਕੁਝ ਦੇਰ ਲਈ ਸੌਂ ਜਾਂਦੇ ਤੇ ਫਿਰ ਇਕੱਠੇ ਹੋ ਕੇ ਚੋਰੀ ਕਰਨ ਨਿਕਲਦੇ। ਇਸ ਤਰ੍ਹਾਂ ਇਨ੍ਹਾਂ ਨੂੰ ਆਪਣੇ ਕੰਮ ‘ਚ ਸਫਲ ਹੋਣ ਦਾ ਵਿਸ਼ਵਾਸ ਬੱਝ ਜਾਂਦਾ ਸੀ।
ਅਸ਼ੁੱਭ ਸਗਨ: ਸਾਂਸੀਆਂ ਦੇ ਹਫਤੇ ਦੇ ਦਿਨਾਂ ਨਾਲ ਸਬੰਧਤ ਵੀ ਕੁਝ ਵਹਿਮ-ਭਰਮ ਸਨ। ਸਾਂਸੀ ਵੀਰਵਾਰ ਤੇ ਮੰਗਲਵਾਰ ਨੂੰ ਚੋਰੀ ਨਹੀਂ ਸਨ ਕਰਦੇ। ਜੇ ਇਨ੍ਹਾਂ ਦਿਨਾਂ ਦੌਰਾਨ ਚੋਰੀ ਕਰਦੇ ਵੀ ਸਨ ਤਾਂ ਸਿਰਫ ਹਿੰਦੂਆਂ ਦੇ ਘਰ ਹੀ ਲੁੱਟਦੇ। ਇਨ੍ਹਾਂ ਦਿਨਾਂ ‘ਚ ਮੁਸਲਮਾਨਾਂ ਦੇ ਘਰਾਂ ਨੂੰ ਨਹੀਂ ਸੀ ਲੁੱਟਿਆ ਜਾਂਦਾ। ਬਾਕੀ ਪੰਜਾਂ ਦਿਨਾਂ ‘ਚ ਹਰ ਥਾਂ ਲੁੱਟਮਾਰ ਕਰਦੇ। ਜਿਸ ਰਾਤ ਚੰਨ ਚੜ੍ਹਦਾ, ਸਾਂਸੀ ਉਸ ਰਾਤ ਚੋਰੀ ਨਹੀਂ ਸਨ ਕਰਦੇ। ਅੱਗੇ ਹੋਰ ਵੀ ਕਈ ਵਹਿਮ-ਭਰਮ ਸਨ ਜੋ ਸਾਂਸੀਆਂ ਨੂੰ ਚੋਰੀ ਕਰਨ ਤੋਂ ਰੋਕਦੇ। ਜੇ ਨਹੀਂ ਸਨ ਰੁਕਦੇ ਤਾਂ ਸਾਂਸੀ ਸਮਝਦੇ ਸਨ ਕਿ ਉਹ ਕਿਸੇ ਗੰਭੀਰ ਸੰਕਟ ਦਾ ਸ਼ਿਕਾਰ ਹੋ ਜਾਣਗੇ। ਜੇ ਸਾਂਸੀਆਂ ਨੂੰ ਚੋਰੀ ਕਰਨ ਜਾਂਦਿਆਂ ਰਾਹ ‘ਚ ਕੋਈ ਨੰਬਰਦਾਰ, ਸਰਕਾਰੀ ਮੁਲਾਜ਼ਮ ਜਾਂ ਕੁਆਰੀ ਲੜਕੀ ਮਿਲ ਜਾਂਦੀ ਤਾਂ ਇਹ ਚੋਰੀ ਦਾ ਕੰਮ ਅੱਗੇ ਪਾ ਦਿੰਦੇ। ਜੇ ਚੋਰੀ ਕਰਨ ਜਾਂਦਿਆਂ ਰਸਤੇ ‘ਚ ਇਨ੍ਹਾਂ ਦੇ ਹੱਥਾਂ ‘ਚੋਂ ਸੋਟਾ ਜਾਂ ਡਾਂਗ ਡਿੱਗ ਪੈਂਦਾ, ਸੱਜੇ ਪਾਸੇ ਗਿੱਦੜ ਹਵਾਂਕਦੇ ਜਾਂ ਕੁੱਤਾ ਭੌਂਕਦਾ, ਮੂੰਹ ਸਾਹਮਣੇ ਕੋਈ ਗਧਾ ਹਿਣਕਦਾ, ਰਸਤੇ ‘ਚ ਕੋਈ ਬੰਦਾ ਪੁੱਛ ਲਵੇ ‘ਤੁਸੀਂ ਕੌਣ ਹੋ ਭਾਈ’, ਕੋਈ ਜਾਨਵਰ ਜਾਂ ਆਦਮੀ ਸੱਜੇ ਪਾਸੇ ਤੋਂ ਨਿਕਲ ਕੇ ਖੱਬੇ ਪਾਸੇ ਵੱਲ ਚਲਾ ਜਾਂਦਾ ਤਾਂ ਇਸ ਨੂੰ ਬਦਸ਼ਗਨੀ ਸਮਝ ਕੇ ਚੋਰੀ ਕਰਨ ਨਾ ਜਾਂਦੇ।
ਸ਼ੁਭ ਸਗਨ: ਇਸੇ ਤਰ੍ਹਾਂ ਹੀ ਕੁਝ ਵਹਿਮ ਭਰਮ ਅਜਿਹੇ ਵੀ ਸਨ, ਜਿਨ੍ਹਾਂ ਨੂੰ ਸਾਂਸੀ ਆਪਣੇ ਕਾਰਜ ਲਈ ਸ਼ੁਭ ਮੰਨਦੇ ਅਤੇ ਵਿਸ਼ਵਾਸ ਕਰਦੇ ਸਨ ਕਿ ਇਸ ਤਰ੍ਹਾਂ ਹੋਣ ਨਾਲ ਇਨ੍ਹਾਂ ਨੂੰ ਆਪਣੇ ਕੰਮ ‘ਚ ਸਫਲਤਾ ਜ਼ਰੂਰ ਮਿਲੇਗੀ। ਉਹ ਸਨ, ਚੋਰੀ ਕਰਨ ਜਾਂਦਿਆਂ ਕੋਈ ਗੱਡਾ ਮਿਲ ਜਾਵੇ, ਜਿਸ ਅੱਗੇ ਖੱਚਰ, ਗਧਾ, ਬਲਦ ਜਾਂ ਊਠ ਜੁੜਿਆ ਹੋਵੇ ਤੇ ਗੱਡੇ ‘ਤੇ ਬਹੁਤ ਸਾਰਾ ਸਮਾਨ ਲੱਦਿਆ ਹੋਵੇ-ਸਾਂਸੀ ਇਸ ਨੂੰ ਬੜਾ ਮੁਬਾਰਕ ਵਕਤ ਸਮਝਦੇ। ਇਸ ਤੋਂ ਇਲਾਵਾ ਜੇ ਕੋਈ ਵਣਜਾਰਾ ਰਸਤੇ ‘ਚ ਮਿਲੇ ਪਰ ਉਹ ਖਾਲੀ ਹੱਥ ਨਾ ਹੋਵੇ, ਰਸਤੇ ‘ਚ ਕੋਈ ਜੰਞ ਆਉਂਦੀ ਮਿਲ ਜਾਵੇ, ਜਿਸ ਪਿੰਡ ਚੋਰੀ ਕਰਨ ਜਾਣਾ ਹੋਵੇ ਉਥੇ ਕੋਈ ਗਧਾ ਹਿਣਕਦਾ, ਕੋਈ ਔਰਤ ਪਾਣੀ ਦਾ ਘੜਾ ਲੈ ਕੇ ਆਉਂਦੀ ਮਿਲ ਜਾਵੇ, ਕੋਈ ਕਿਸਾਨ ਆਪਣੀ ਫਸਲ ਸਿਰ ‘ਤੇ ਚੁੱਕ ਕੇ ਲਿਜਾਂਦਾ ਮਿਲ ਜਾਵੇ, ਰਸਤੇ ‘ਚ ਜਾਂਦਿਆਂ ਕੋਈ ਸੱਪ ਮਿਲ ਜਾਵੇ ਅਤੇ ਇਹ ਉਸ ਨੂੰ ਮਾਰ ਦੇਣ, ਰਸਤੇ ‘ਚ ਕੋਈ ਬੰਦਾ ਗੁੜ ਜਾਂ ਸ਼ੱਕਰ ਖਾਂਦਾ ਮਿਲ ਜਾਵੇ-ਸਾਂਸੀ ਇਸ ਸਭ ਨੂੰ ਸ਼ੁਭ ਮੰਨਦੇ ਅਤੇ ਸਮਝਦੇ ਸਨ ਕਿ ਇਸ ਸੁਭਾਗ ਸਮੇਂ ਚੋਰੀ ਕਰਨ ‘ਚ ਸਫਲਤਾ ਲਾਜ਼ਮੀ ਮਿਲੇਗੀ।
ਮਿਉ ਤੇ ਗੁੱਜਰ: ਅੱਜ ਜ਼ਮਾਨਾ ਬਦਲ ਗਿਆ ਹੈ ਅਤੇ ਮਿਉ ਤੇ ਗੁੱਜਰ ਕਬੀਲੇ ਵਿਕਸਿਤ ਅਤੇ ਅਮਨ ਪਸੰਦ ਕਬੀਲਿਆਂ ਦੇ ਤੌਰ ‘ਤੇ ਜਾਣੇ ਜਾਂਦੇ ਹਨ ਪਰ ਪਿਛਲੇ ਸਮਿਆਂ ਵਿਚ ਉਨ੍ਹਾਂ ਵਿਚ ਵੀ ਚੋਰੀ ਕਰਨ ਦਾ ਰਿਵਾਜ਼ ਹੁੰਦਾ ਸੀ। ਉਨ੍ਹਾਂ ਦੇ ਵੀ ਸਾਂਸੀਆਂ ਵਾਂਗ ਜ਼ਰਾਇਮ ਕਰਨ ਨਾਲ ਸਬੰਧਤ ਕੁਝ ਵਹਿਮ-ਭਰਮ ਸਨ, ਜਿਨ੍ਹਾਂ ਨੂੰ ਉਹ ਆਪਣੇ ਲਈ ਸ਼ੁਭ ਜਾਂ ਅਸ਼ੁਭ ਮੰਨਦੇ। ਚੋਰੀ ਕਰਨ ਦਾ ਇਨ੍ਹਾਂ ਦਾ ਆਪਣਾ ਤਰੀਕਾ ਹੁੰਦਾ। ਪਰ ਇਨ੍ਹਾਂ ਦੋਹਾਂ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਰਾਰ ਨਹੀਂ ਸੀ ਦਿੱਤਾ ਗਿਆ।
ਚੋਰੀ ਦੀ ਤਿਆਰੀ ਦਾ ਢੰਗ: ਮਿਉ ਤੇ ਗੁੱਜਰਾਂ ਨੇ ਜਿਸ ਰਾਤ ਚੋਰੀ ਲਈ ਜਾਣਾ ਹੁੰਦਾ, ਉਸ ਰਾਤ ਇੱਕ ਮਿੱਟੀ ਦੇ ਭਾਂਡੇ ‘ਚ ਦਹੀਂ ਜਮਾਉਂਦੇ। ਦਹੀਂ ਜਮਾਉਣ ਵੇਲੇ ਇਹ ਧਿਆਨ ਰੱਖਿਆ ਜਾਂਦਾ ਕਿ ਇਸ ਉਪਰ ਕਿਸੇ ਔਰਤ ਦਾ ਪਰਛਾਵਾਂ ਨਾ ਪਵੇ। ਜਿਸ ਜਗ੍ਹਾ ਦਹੀਂ ਜਮਾਇਆ ਜਾਂਦਾ, ਉਥੇ ਇੱਕ ਚੌਂਕੇ ਉਪਰ ਘਿਉ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ। ਇਸ ਜਗ੍ਹਾ ‘ਤੇ ਹੀ ਥਾਲੀ ‘ਚ ਇੱਕ ਮੁਰਗਾ ਕੱਟਦੇ। ਮੁਰਗੇ ਦੇ ਖੂਨ ਨੂੰ ਕੋਰੇ ਬਰਤਨ ‘ਚ ਜਮਾਂ ਕਰ ਲੈਂਦੇ ਤੇ ਫਿਰ ਇਸ ਖੂਨ ਨੂੰ ਹਲਾਲ ਕੀਤੇ ਉਸੇ ਚਿੱਟੇ ਮੁਰਗੇ ਉਪਰ ਛਿੜਕਦੇ। ਇਸ ਖੂਨ ‘ਚੋਂ ਹੀ ਇਹ ਆਪਣੇ ਮੱਥੇ ਉਪਰ ਤਿਲਕ ਲਾ ਲੈਂਦੇ। ਇਹ ਉਸ ਚੌਂਕੇ ਦੇ ਸੱਤ ਚੱਕਰ ਕੱਟਦੇ, ਜਿਸ ਉਤੇ ਘਿਓ ਦਾ ਦੀਵਾ ਤੇ ਚਿੱਟੇ ਮੁਰਗੇ ਨੂੰ ਕੱਟ ਕੇ ਰੱਖਿਆ ਹੁੰਦਾ। ਇਸ ਤੋਂ ਬਾਅਦ ਇਹ ਗੁੱਗਲ ਬਾਲ ਕੇ ਉਸ ਦੀ ਧੂੜੀ ਆਪਣੇ ਸਰੀਰ ‘ਤੇ ਲਾ ਲੈਂਦੇ ਤੇ ਚੋਰੀ ਕਰਨ ਲਈ ਤਿਆਰ ਹੋ ਜਾਂਦੇ।
ਅਸ਼ੁਭ ਸਗਨ: ਮਿਉ ਤੇ ਗੁੱਜਰ ਵੀ ਹਫਤੇ ਦੇ ਦੋ ਦਿਨ ਵੀਰਵਾਰ ਦੀ ਰਾਤ ਤੇ ਸ਼ੁੱਕਰਵਾਰ ਨੂੰ ਚੋਰੀ ਕਰਨਾ ਅਸ਼ੁੱਭ ਮੰਨਦੇ ਸਨ। ਇਹ ਮਹੀਨੇ ਦੀਆਂ 8, 18, ਤੇ 28 ਮਿਤੀਆਂ ਨੂੰ ਚੋਰੀ ਦੇ ਹਵਾਲੇ ਨਾਲ ਚੰਗਾ ਨਹੀਂ ਸੀ ਸਮਝਦੇ। ਜਦੋਂ ਇਹ ਚੋਰੀ ਕਰਨ ਜਾਂਦੇ ਤਾਂ ਪਿੱਛੇ ਮੁੜ ਕੇ ਨਹੀਂ ਸਨ ਵੇਖਦੇ। ਜੇ ਕੋਈ ਪਿੱਛੇ ਮੁੜ ਕੇ ਵੇਖ ਲੈਂਦਾ ਤਾਂ ਇਸ ਗੱਲ ਨੂੰ ਬਦਸ਼ਗਨੀ ਮੰਨਦਿਆਂ ਚੋਰੀ ਦਾ ਕੰਮ ਟਾਲ ਦਿੰਦੇ ਤੇ ਵਾਪਸ ਮੁੜ ਆਉਂਦੇ। ਬਿੱਲੀ ਦੇ ਰਸਤਾ ਕੱਟ ਜਾਣ ਨੂੰ ਵੀ ਮਾੜਾ ਸਮਝਦੇ। ਕਿਸੇ ਆਦਮੀ ਦਾ ਨਿੱਛ ਮਾਰ ਦੇਣਾ ਵੀ ਇਨ੍ਹਾਂ ਲਈ ਮਨਹੂਸ ਘੜੀ ਦਾ ਸੂਚਕ ਸੀ। ਇਸ ਤੋਂ ਬਿਨਾ ਕਿਸੇ ਕੁੱਤੇ ਦਾ ਰੋਣਾ, ਕਿਸੇ ਦੀ ਖੱਬੀ ਅੱਖ ਤੇ ਹੱਥ ਦਾ ਫਰਕਣਾ, ਰਸਤੇ ‘ਚ ਕਿਸੇ ਆਦਮੀ ਦਾ ਰੋਕਣਾ ਤੇ ਟੋਕਣਾ ਕਿ ਤੁਸੀਂ ਕੌਣ ਹੋ ਭਾਈ ਤੇ ਕਿਧਰ ਚੱਲੇ ਹੋ, ਨੂੰ ਆਪਣੇ ਲਈ ਮਾੜਾ ਸਮਝਦੇ ਤੇ ਚੋਰੀ ਦਾ ਕੰਮ ਅੱਗੇ ਪਾ ਦਿੰਦੇ।
ਸ਼ੁੱਭ ਸਗਨ: ਮਿਉ ਤੇ ਗੁੱਜਰ ਚੋਰੀ ਕਰਨ ਵੇਲੇ ਸੱæੁਭ ਸ਼ਗਨਾਂ ਦਾ ਖਾਸ ਖਿਆਲ ਰੱਖਦੇ। ਮਸਲਨ ਜਦੋਂ ਚੋਰੀ ਕਰਨ ਜਾਣਾ ਹੁੰਦਾ ਤਾਂ ਸੱਜੇ ਪਾਸੇ ਤਿੱਤਰ ਬੋਲੇ, ਹਿਰਨ ਸੱਜੇ ਪਾਸੇ ਤੋਂ ਨਿਕਲ ਕੇ ਖੱਬੇ ਪਾਸੇ ਚਲਾ ਜਾਵੇ, ਲੂੰਬੜ ਪਿਛਲੇ ਪਾਸੇ ਤੋਂ ਬੋਲੇ, ਕੋਈ ਪਾਣੀ ਭਰਨ ਵਾਲਾ ਪਾਣੀ ਦੀ ਮਸ਼ਕ ਲੈ ਕੇ ਸਾਹਮਣੇ ਆਉਂਦਾ ਮਿਲ ਜਾਵੇ, ਕੋਈ ਝਾੜੂ ਮਾਰਨ ਵਾਲਾ ਰਸਤੇ ‘ਚ ਮਿਲ ਜਾਵੇ, ਜਾਂ ਕੋਈ ਧੋਬੀ ਮਿਲ ਪਵੇ, ਜਿਸ ਨੇ ਸਿਰ ਉਪਰ ਕੱਪੜੇ ਰੱਖੇ ਹੋਣ, ਕੋਈ ਐਸਾ ਬੰਦਾ ਰਸਤੇ ‘ਚ ਮਿਲ ਜਾਵੇ, ਜਿਸ ਨੇ ਸਫੈਦ ਕੱਪੜੇ ਪਹਿਨੇ ਹੋਣ। ਉਪਰੋਕਤ ਸਮੇਂ ਨੂੰ ਇਹ ਆਪਣੇ ਲਈ ਸਾਜ਼ਗਾਰ ਸਮਝਦੇ ਤੇ ਚੋਰੀ ਕਰਨ ਜ਼ਰੂਰ ਜਾਂਦੇ।
ਸਾਨੂੰ ਇਹ ਕਿਤੇ ਵੀ ਲਿਖਿਆ ਨਹੀਂ ਮਿਲਦਾ ਕਿ ਸਿੱਖਾਂ ਦੇ ਵੀ ਚੋਰੀ ਕਰਨ ਜਾਂ ਨਾ ਕਰਨ ਦੇ ਕੁਝ ਢੰਗ ਤੇ ਮਨਹੂਸ ਵਹਿਮ ਭਰਮ ਸਨ। ਕਿਉਂਕਿ ਸਿੱਖ ਅਜਿਹੇ ਹੈ ਹੀ ਨਹੀਂ ਸਨ। ਫਿਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਘੋਸ਼ਿਤ ਕਰਨ ਦੀ ਕਾਰਵਾਈ ਸਮਝ ਤੋਂ ਬਾਹਰ ਹੈ।
(ਚਲਦਾ)