ਪਾਵਨ ਪਰਮ ਸੂਰ ਗੁਰੂ ਗੋਬਿੰਦ ਸਿੰਘ (1666-1708)

ਪ੍ਰੋæ ਬਲਕਾਰ ਸਿੰਘ ਪਟਿਆਲਾ
ਗੁਰੂ ਗੋਬਿੰਦ ਸਿੰਘ ਜੀ ਦੀ ਦਿੱਭਤਾ Ḕਗ੍ਰੰਥ ਤੋਂ ਪੰਥḔ ਤੱਕ ਦੀ ਯਾਤਰਾ ਹੈ। ਸਿੱਖ ਧਰਮ ਦਾ ਮੂਲ ਆਧਾਰ ਸ਼ਬਦ-ਗੁਰੂ ਹੈ ਅਤੇ ਗੁਰੂ ਗ੍ਰੰਥ ਸਾਹਿਬ ਸ਼ਬਦ-ਗੁਰੂ ਦਾ ਸੰਕਲਪੀ ਸ੍ਰੋਤ ਹਨ। ਸ਼ਬਦ-ਗੁਰੂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਅਤੇ ਇਸ ਦਾ ਸੰਕਲਪੀ-ਸੰਕੇਤ ਉਨ੍ਹਾਂ ਨੇ Ḕਸਿਧਿ ਗੋਸਟਿḔ ਬਾਣੀ ਵਿਚ ਇਹ ਕਹਿ ਕੇ ਦੇ ਦਿੱਤਾ ਸੀ ਕਿ ਸ਼ਬਦ ਅਤੇ ਸੁਰਤਿ ਦੇ ਸਹਿਜ ਸਥਾਪਨ ਨਾਲ ਹੀ ਸਾਧੀ ਹੋਈ ਮਾਨਸਿਕਤਾ ਵਾਲਾ ਮਾਨਵ ਸਿੱਖੀ ਦਾ ਰੋਲ ਮਾਡਲ ਕਹਾਏਗਾ। ਇਸੇ ਲਈ ‘ਗੁਰਮੁਖḔ ਪਦ ਦੀ ਵਰਤੋਂ ਕੀਤੀ ਗਈ ਹੈ।

ਗੁਰਮੁਖ ਤੋਂ ਸਿੰਘ ਤੱਕ ਦੀ ਯਾਤਰਾ ਨੂੰ ਸਮਝ ਕੇ ਹੀ ਦਸਮ ਪਾਤਸ਼ਾਹ ਹਜ਼ੂਰ ਦੇ ਦੀਦਾਰੇ ਕੀਤੇ ਜਾ ਸਕਦੇ ਹਨ। ਇਨ੍ਹਾਂ ਸਿੱਖ ਵਰਤਾਰਿਆਂ ਨਾਲ ਇਹ ਵੀ ਸਥਾਪਤ ਹੋ ਗਿਆ ਸੀ ਕਿ ਜੋ ਗੁਰੂ ਸਾਹਿਬ ਕਹਿ ਰਹੇ ਹਨ, ਉਸੇ ਨੂੰ ਆਪ ਜੀਅ ਵੀ ਰਹੇ ਸਨ ਅਤੇ ਦੂਜਿਆਂ ਤੋਂ ਜੀਵੇ ਜਾਣ ਦੀ ਆਸ ਕਰ ਰਹੇ ਹਨ। ਇਸ ਨਾਲ ਧਰਮ-ਚਿੰਤਨ ਦੇ ਖੇਤਰ ਵਿਚ ਦੇਹੀ ਉਤਮਤਾ ਦੀ ਧਾਰਮਿਕਤਾ ਵੰਗਾਰੀ ਗਈ ਸੀ/ਹੈ। ਇਸੇ ਮਾਨਸਿਕਤਾ ਨੂੰ ਮਾਨਵ ਦੇ ਲਹੂ ਵਿਚ ਉਤਾਰਨ ਦੀ ਨਿਰੰਤਰ ਲਹਿਰ ਬਾਕੀ ਗੁਰੂ ਸਾਹਿਬਾਨ ਵਲੋਂ ਚਲਾਈ ਜਾਂਦੀ ਰਹੀ। ਇਸੇ ਪ੍ਰਸੰਗ ਵਿਚ ਦਸਮ ਪਾਤਸ਼ਾਹ ਬਾਰੇ ਚਰਚਾ ਕੀਤੀ ਜਾ ਰਹੀ ਹੈ।
ਦਸਮ ਪਾਤਸ਼ਾਹ ਬਾਰੇ ਸਿੱਖ ਸਾਹਿਤ ਵਿਚ ਹਵਾਲਾ ਆਉਂਦਾ ਹੈ ਕਿ ਉਹ ਜੋਤਿ ਰੂਪ ਤੋਂ ਦੇਹ ਰੂਪ ਵਿਚ ਆਉਣ ਲਈ ਇਸ ਵਾਸਤੇ ਤਿਆਰ ਨਹੀਂ ਸਨ, ਕਿਉਂਕਿ ਉਹ ਜੋਤਿ ਰੂਪ ਵਿਚ ਸੰਤੁਸ਼ਟ ਸਨ। ਪਰ ਉਨ੍ਹਾਂ ਨੂੰ ਦੇਹ ਰੂਪ ਵਿਚ ਆਉਣ ਵਾਸਤੇ ਇਹ ਕਹਿ ਕੇ ਪ੍ਰੇਰਿਆ ਗਿਆ ਸੀ ਕਿ ਅਕਰਮਕ ਅਧਿਆਤਮਕਤਾ ਖੜੋਤ ਦਾ ਸ਼ਿਕਾਰ ਹੋ ਜਾਂਦੀ ਹੈ। ਇਸੇ ਨੂੰ Ḕਮੈਂ ਆਪਣਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਉ ਸਾਜਾ॥Ḕ ਰਾਹੀਂ ਬਿਆਨ ਕੀਤਾ ਗਿਆ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਧਰਮ ਚਿੰਤਨ ਵਿਚੋਂ ਮਿਥਿਹਾਸਕਤਾ ਦੁਆਲੇ ਉਸਰੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਨੂੰ ਤੋੜ ਕੇ ਜਾਂ ਇਨ੍ਹਾਂ ਤੋਂ ਪਾਸੇ ਹਟ ਕੇ ਸਕਰਮਕ ਅਧਿਆਤਮਕਤਾ ਨੂੰ ਸਿੱਖ ਧਰਮ ਵਜੋਂ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਨਾਲ ਧਰਮ ਚਿੰਤਨ ਦੇ ਪ੍ਰਾਪਤ ਸੰਤੁਸ਼ਟੀ-ਮਾਡਲ ਦੀ ਥਾਂ ਸੱਜਰਾ ਸਿੱਖ-ਤੜਪ ਮਾਡਲ ਸਾਹਮਣੇ ਲਿਆਂਦਾ ਜਾ ਰਿਹਾ ਸੀ।
ਦਸ ਸਿੱਖ ਗੁਰੂ ਸਾਹਿਬਾਨ ਸਿੱਖ ਧਰਮ ਦੇ ਸਮੁੱਚ ਦੀਆਂ ਦਸ ਕੰਨੀਆਂ ਕਹੀਆਂ ਜਾ ਸਕਦੀਆਂ ਹਨ। ਕਾਰਨ ਇਹ ਹੈ ਕਿ ਸੰਪੂਰਨ ਜੀਵਨ ਦੀ ਵਿਭਿੰਨਤਾ ਨੂੰ ਇਕ ਲੜੀ ਵਿਚ ਪ੍ਰਗਟ ਕਰਨ ਦੇ ਗੁਰੂ ਸਾਹਿਬਾਨ ਬਿੰਬ ਹੋ ਗਏ ਸਨ। Ḕਧਰਮ ਚਲਾਵਨ ਸੰਤ ਉਬਾਰਨḔ ਦੇ ਹਵਾਲੇ ਧਰਮ ਦੇ ਇਤਿਹਾਸ ਵਿਚ ਆਮ ਮਿਲ ਜਾਂਦੇ ਹਨ। ਪਰ ਇਹ ਵੇਰਵੇ ਦੁਨਿਆਵੀ ਪ੍ਰਸੰਗ ਵਿਚ ਲੈ ਕੇ ਦੇਣ ਵਾਲੇ ਪਾਸੇ ਤੁਰਦੇ ਰਹਿੰਦੇ ਹਨ ਅਤੇ ਦਰਪੇਸ਼ ਸੰਕਟਾਂ ਦਾ ਸਾਹਮਣਾ ਕਰਨ ਵਾਸਤੇ ਸੰਕਟ-ਗ੍ਰਸਤ ਮਾਨਸਿਕਤਾ ਦਿੱਭ-ਦਖਲ ਵੱਲ ਝਾਕਦੀ ਰਹਿੰਦੀ ਸੀ। ਦੈਵੀ ਪ੍ਰਤੀਨਿਧਤਾ ਦਾ ਅਵਤਾਰਵਾਦੀ-ਮਾਡਲ ਕਿਸੇ ਵੀ ਸਮਕਾਲ ਦਾ ਮੁਕਤ-ਪ੍ਰਸੰਗ ਨਹੀਂ ਉਸਾਰ ਸਕਿਆ ਸੀ। ਇਸੇ ਦਾ ਨਤੀਜਾ ਸੀ ਕਿ ਵਰਤਮਾਨ ਦੇ ਗੁਆਚਣ ਨਾਲ ਭੂਤ ਦਾ ਭੈਅ ਅਤੇ ਭਵਿਖ ਦਾ ਲਾਰਾ ਹੀ ਧਰਮ ਦਾ ਹਾਸਲ ਹੁੰਦੇ ਰਹੇ ਸਨ। ਇਸੇ ਕਰਕੇ ਇਤਿਹਾਸ ਉਤੇ ਮਿਥਿਹਾਸ ਹਾਵੀ ਹੁੰਦਾ ਰਿਹਾ। ਇਸੇ ਵਿਚੋਂ ਵਰਣ-ਵੰਡ ਵਰਗੇ ਸ਼ੋਸ਼ਣ-ਮਾਡਲਾਂ ਨੂੰ ਮਾਨਤਾ ਮਿਲਦੀ ਰਹੀ। ਇਸ ਬਾਰੇ ਬਾਣੀ ਦੇ ਹਵਾਲੇ ਨਾਲ ਵੀ ਚਰਚਾ ਹੋ ਸਕਦੀ ਹੈ। ਪਰ ਇਸ ਸਥਿਤੀ ਵਿਚੋਂ ਨਿਕਲਣ ਲਈ ਪ੍ਰਾਪਤ ਗੁਰਮਤਿ ਮਾਡਲ ਨੇ ਆਮ ਬੰਦੇ ਦੀ ਮਾਨਸਿਕਤਾ ਵਿਚ ਇਹ ਭਾਵਨਾ ਉਤਾਰ ਦਿੱਤੀ ਸੀ ਕਿ ਸਿੱਖ ਧਰਮ ਨੇ ਲੈ ਕੇ ਦੇਣ ਦੀ ਥਾਂ ਹਰੇਕ ਮਾਨਵ ਨੂੰ ਲੈ ਸਕਣ ਦੀ ਸਿੱਖ-ਵਿਧੀ ਨਾਲ ਜੋੜਨਾ ਹੈ। ਵੈਸੇ ਆਮ ਸਮਝ ਵੀ ਇਹੀ ਹੈ ਕਿ ਮਿਲਦਾ ਉਹੀ ਹੈ, ਜਿਸ ਦਾ ਕੋਈ ਹੱਕਦਾਰ ਹੁੰਦਾ ਹੈ। ਹੱਕਾਂ ਉਤੇ ਛਾਪਾ ਮਾਰਨ ਵਾਲਿਆਂ ਨੇ ਇਸ ਵਿਚਲੀ ਸਕਰਮਕਤਾ ਨੂੰ ਖੁੰਢਾ ਕਰਕੇ ਇਹ ਅੰਧ ਵਿਸ਼ਵਾਸ ਸਥਾਪਤ ਕਰ ਦਿੱਤਾ ਸੀ ਕਿ ਮਿਲਦਾ ਉਹੀ ਹੈ, ਜੋ ਕਿਸਮਤ ਵਿਚ ਲਿਖਿਆ ਹੁੰਦਾ ਹੈ। ਇਸ ਨਾਲ ਮਾਨਵ ਅੰਦਰ ਨਿਹਿਤ ਊਰਜਾ ਨੇ ਪ੍ਰਚੰਡ ਹੋ ਕੇ ਜੀਵਨ-ਮੁਕਤ ਹੋਣ ਵਾਲੇ ਰਾਹ ਤੁਰਨਾ ਛੱਡ ਦਿੱਤਾ ਸੀ। ਇਸੇ ਵਿਚੋਂ ਨਿਕਲਣ ਦੀ ਪੱਕੀ ਵਿਧੀ-ਸਥਾਪਨਾ ਕਰਨ ਵਾਸਤੇ ਅੰਤਿਮ ਛੋਹਾਂ ਦੇ ਰਹੇ ਸਨ, ਦਸਮ ਪਾਤਸ਼ਾਹ ਹਜ਼ੂਰ।
ਜੋ ਕੁਝ ਵੀ ਦਸਮ ਪਾਤਸ਼ਾਹ ਨੇ ਕੀਤਾ, ਉਹ ਗੁਰੂ ਨਾਨਕ ਦੇਵ ਦੀ ਨਿਰੰਤਰਤਾ ਵਿਚ ਹੀ ਕੀਤਾ। ਇਸ ਕਰਕੇ ਦਸਮ ਪਾਤਸ਼ਾਹ ਤੱਕ ਜੋ ਕੁਝ ਵੱਖ ਵੱਖ ਪੜਾਵਾਂ ਵਿਚੋਂ ਲੰਘਦਾ ਪਹੁੰਚਿਆ, ਉਹ ਬਹੁਤਾ ਸੁਖਾਵਾਂ ਨਹੀਂ ਸੀ। ਸਮੇਂ ਦੀ ਸਿਆਸਤ ਗੁਰੂ ਘਰ ਨਾਲ ਲਗਾਤਾਰ ਟਕਰਾਉ ਵਿਚ ਆਉਂਦੀ ਰਹੀ ਅਤੇ ਇਸ ਵਾਸਤੇ ਦੋ ਗੁਰੂ ਸਾਹਿਬਾਨ (ਪੰਚਮ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ) ਨੂੰ ਸ਼ਹੀਦੀ ਦੇ ਮਾਰਗ ‘ਤੇ ਤੁਰਨਾ ਪਿਆ। ਇਸ ਨਾਲ ਇਹ ਸਥਾਪਤ ਹੋ ਗਿਆ ਸੀ ਕਿ ਸਿੱਖ ਭਾਵਨਾ ਨੂੰ ਨਾ ਹੀ ਤੋੜਿਆ ਜਾ ਸਕਦਾ ਹੈ ਅਤੇ ਨਾ ਹੀ ਹਰਾਇਆ ਜਾ ਸਕਦਾ ਹੈ। ਇਹ ਵਰਤਾਰਾ ਇਤਿਹਾਸ ਦੀਆਂ ਸੀਮਾਵਾਂ ਨੂੰ ਛੜੱਪ ਜਾਣ ਦਾ ਹੈ।
ਸਿੱਖੀ ਦਾ ਬੀਜ ਨਿਰਸੰਦੇਹ ਗੁਰੂ ਨਾਨਕ ਦੇਵ ਨੇ ਬੀਜਿਆ, ਬਾਕੀ ਗੁਰੂ ਸਾਹਿਬਾਨ ਸਿੱਖੀ ਦੀ ਇਸ ਫਸਲ ਨੂੰ ਸੰਗਤੀ-ਵਿਧੀ ਵਿਚ ਪਾਲਦੇ ਰਹੇ। ਦਸਮ ਪਾਤਸ਼ਾਹ ਨੇ ਇਸੇ ਨੂੰ ਪੰਥਕ-ਵਿਧੀ ਵਿਚ ਪ੍ਰਗਟ ਕਰ ਦਿੱਤਾ ਸੀ ਅਤੇ ਇਸ ਨੂੰ ਗੁਰਮਤਿ ਸਾਹਿਤ ਵਿਚ Ḕਗੁਰਸੰਗਤ ਕੀਨੀ ਖਾਲਸਾḔ ਵਜੋਂ ਦਰਜ ਕੀਤਾ ਗਿਆ ਹੈ। ਜੋ ਕੁਝ ਸਾਹਮਣੇ ਆ ਜਾਂਦਾ ਹੈ, ਉਸ ਤੋਂ ਪਰੇ ਵੀ ਬਹੁਤ ਕੁਝ ਹੁੰਦਾ ਹੈ, ਜਿਸ ਨੂੰ ਦਸਮ ਪਾਤਸ਼ਾਹ ਦੇ ਹਵਾਲੇ ਨਾਲ ਸਮਝਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ। Ḕਅਕਾਲ ਉਸਤਤਿḔ ਵਿਚ ਦਰਜ ਹੈ ਕਿ ਨਿਰਗੁਣ ਨੂੰ ਸਿੱਖ ਨੇ ਸਰਗੁਣ ਵਿਚ ਇਸ ਤਰ੍ਹਾਂ ਵੇਖਣਾ ਹੈ:
ਆਦਿ ਪੁਰਖ ਅਬਿਗਤ ਅਬਿਨਾਸੀ॥
ਲੋਕ ਚਤੁਰਦਸ ਜੋਤਿ ਪ੍ਰਗਾਸੀ॥
ਇਸ ਨੂੰ Ḕਸਰਗੁਣ ਆਪ ਨਿਰਗੁਣ ਭੀ ਓਹੀḔ ਦੀ ਨਿਰੰਤਰਤਾ ਵਿਚ ਵੇਖੇ ਜਾਣ ਦੀ ਲੋੜ ਨਾਲ ਦਸਾਂ ਹੀ ਗੁਰੂ ਸਾਹਿਬਾਨ ਵਿਚ ਇਕੋ ਹੀ ਜੋਤਿ ਦਾ ਵਰਤਾਰਾ ਸਾਹਮਣੇ ਆਉਂਦਾ ਰਿਹਾ। ਦਸਮ ਪਾਤਸ਼ਾਹ ਨੇ ਜੋਤਿ ਪ੍ਰਤੀਨਿਧ ਵਜੋਂ ਆਪਣੇ ਆਪ ਨੂੰ ਪ੍ਰਗਟ ਕਰਨ ਤੱਕ ਸੀਮਤ ਨਹੀਂ ਰੱਖਿਆ ਅਤੇ ਦੁਸ਼ਟਾਂ ਤੇ ਦੋਖੀਆਂ ਨੂੰ ਪਛਾੜ ਸਕਣ ਦੀ ਸਿੱਖ ਊਰਜਾ ਨੂੰ ਪ੍ਰਚੰਡ ਕਰਦਿਆਂ ਆਪਣੇ ਸਵੱਯਾਂ ਵਿਚ ਅਜਿਹੇ ਸੱਚ ਸਥਾਪਤ ਕਰ ਦਿੱਤੇ ਹਨ, ਜੋ ਕਿਸੇ ਵੀ ਵਰਤਮਾਨ ਨੂੰ ਰੱਜ ਕੇ ਜਿਊਣ ਦਾ ਬਲ ਬਖਸ਼ ਸਕਦੇ ਹਨ। ਧਰਮ, ਜੇ ਫੋਕਟ ਸਰੋਕਾਰਾਂ ਦਾ ਸ਼ਿਕਾਰ ਨਾ ਹੋਵੇ ਤਾਂ ਹੀ ਊਰਜਿਤ ਮਾਡਲ ਦੀ ਭੂਮਿਕਾ ਨਿਭਾ ਸਕਦਾ ਹੈ। ਪਰ ਇਸ ਨਾਲ ਨਿਭਣ ਵਾਸਤੇ ਲੋੜੀਂਦੀ ਹੈ, ਚੇਤਨ ਪ੍ਰਚੰਡਤਾ। ਚੇਤਨਾ ਇਹ ਕਿ ਅਕਾਲ ਦੇ ਨਾਨਤਵ ਪ੍ਰਗਟਾਵਿਆਂ ਨੂੰ ਨਾਲ ਲੈ ਕੇ ਤੁਰਦਿਆਂ ਨਾਨਤਵੀ ਪਰਤਾਂ ਨਾਲ ਲਿਪਟਣ ਤੋਂ ਬਚਣਾ ਹੈ। ਅਜਿਹਾ ਉਨ੍ਹਾਂ ਨੇ ਕਿਹਾ ਵੀ ਅਤੇ ਕਰਕੇ ਵੀ ਵਿਖਾਇਆ। ਨੌਂ ਸਾਲ ਦੀ ਉਮਰੇ ਵੱਡੀਆਂ ਜਿੰਮੇਵਾਰੀਆਂ ਨੂੰ ਜਿਸ ਦਿੱਭ ਦ੍ਰਿਸ਼ਟੀ ਨਾਲ ਉਨ੍ਹਾਂ ਨਿਭਾਇਆ, ਉਸ ਨਾਲ ਸਥਾਪਤ ਹੋ ਜਾਂਦਾ ਹੈ ਕਿ ਦਿੱਭਤਾ ਜੋਤਿ ਵਿਚ ਹੁੰਦੀ ਹੈ। ਗੁਰਮਤਿ ਦਿੱਭਤਾ, ਜਿਸ ਤਰ੍ਹਾਂ ਜੋਤਿ ਅਤੇ ਜੁਗਤਿ ਵਿਚ ਨਿਰੰਤਰ ਪ੍ਰਗਟਾ ਵਿਚ ਰਹੀ ਹੈ, ਇਸੇ ਦੀ ਸੰਪੰਨਤਾ ਦਸਮ ਪਾਤਸ਼ਾਹ ਕਰ ਰਹੇ ਸਨ। ਸਾਡੇ ਪੁਰਖਿਆਂ ਨੇ ਇਸ ਸੱਚ ਨੂੰ ਦਿੱਭਤਾ ਦੇ ਸਿਖਰ ਵਜੋਂ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਪਰ ਦਸਮ ਪਾਤਸ਼ਾਹ ਦਾ ਜੋ ਰੂਪ ਸਿਧਾਂਤਕੀ ਪ੍ਰਸੰਗ ਵਿਚ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ, ਉਹ ਇਹ ਹੈ ਕਿ ਉਨ੍ਹਾਂ ਵੱਲੋਂ ਬਖਸ਼ੇ ਮੁਕਤ-ਮਾਡਲ ਨੇ ਕਿਹੋ ਜਿਹਾ ਇਨਸਾਨ ਪੈਦਾ ਕੀਤਾ ਸੀ? ਇਸ ਵਿਧੀ ਨਾਲ ਦਸਮ ਪਾਤਸ਼ਾਹ ਨੂੰ ਸਦਾ ਸਥਾਪਤੀ ਵਾਂਗ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਦੀ ਵਰਤਮਾਨ ਵਿਚ ਬਹੁਤ ਲੋੜ ਹੈ ਕਿਉਂਕਿ ਧਰਮ ਫਿਰ ਤੋਂ ਪਿੱਛਲ ਪੈਰੀਂ ਤੁਰਦਾ ਤੁਰਦਾ ਬੰਦੇ ਨੂੰ ਬੰਦੇ ਦੀ ਗੁਲਾਮੀ ਵੱਲ ਧੱਕਣ ਲੱਗ ਪਿਆ ਹੈ। ਇਸ ਹਾਲਤ ਵਿਚ ਸਿੱਖ ਮਾਡਲ ਸਭ ਦੇ ਕੰਮ ਆ ਸਕਦਾ ਹੈ।
ਭਾਈ ਸੰਤੋਖ ਸਿੰਘ ਨੇ Ḕਸੂਰਜ ਪ੍ਰਕਾਸ਼Ḕ ਵਿਚ ਦਸਮ ਪਾਤਸ਼ਾਹ ਦਾ ਜੋ ਸਰੂਪ ਭਾਰਤੀ ਮਾਨਸਿਕਤਾ ਦੇ ਉਸਾਰ ਲਈ ਸਾਹਮਣੇ ਲਿਆਂਦਾ, ਉਸੇ ਨੂੰ ਗਲੋਬਲ ਪ੍ਰਸੰਗ ਵਿਚ ਵਿਚਾਰੇ ਜਾਣ ਦੀ ਲੋੜ ਹੈ। ਭਾਈ ਸੰਤੋਖ ਸਿੰਘ ਨੇ ਦਸਮ ਪਾਤਸ਼ਾਹ ਦੀ ਭੂਮਿਕਾ ਨੂੰ ਇਸ ਤਰ੍ਹਾਂ ਸਾਹਮਣੇ ਲਿਆਂਦਾ ਹੈ:
ਛਾਏ ਜਾਤੀ ਏਕਤਾ, ਅਨੇਕਤਾ ਵਿਲਾਏ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਧਸੱਕ ਜਾਤੇ,
ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ।
ਦੇਵੀ ਦੇਵ ਦੇਵਤੇ, ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤਿ ਨਾ ਹੋਤੀ ਜੌ ਪੈ ਕਰੁਣਾ ਨਿਧਾਨ ਕੀ।
ਵਰਤਮਾਨ ਵਿਚ ਦਸਮ ਪਾਤਸ਼ਾਹ ਹਜ਼ੂਰ ਦੀ ਇਸ ਭੂਮਿਕਾ ਨੂੰ ਉਜਾਗਰ ਕੀਤੇ ਜਾਣ ਦੀ ਬਹੁਤ ਲੋੜ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਉਹ ਪ੍ਰਸੰਗ ਸਾਹਮਣੇ ਆ ਜਾਏਗਾ, ਜਿਸ ਵਾਸਤੇ ਮਾਨਵ-ਮੁਕਤੀ ਦਾ ਗੁਰਮਤਿ-ਮਾਡਲ ਉਸਾਰਿਆ ਗਿਆ ਸੀ। ਮਾਨਵ-ਮੁਕਤੀ ਦੇ ਰਾਹ ਵਿਚ ਵੱਡੀ ਰੁਕਾਵਟ ਕਿਸੇ ਵੀ ਸਮਕਾਲ ਦੀ ਕੇਂਦਰੀਕਰਣ ਦੀ ਇਕਪਾਸੜ ਸੋਚ ਹੁੰਦੀ ਹੈ ਕਿਉਂਕਿ ਇਸ ਨਾਲ ਸੋਚਾਂ ‘ਤੇ ਪਹਿਰੇ ਲੱਗਣ ਲੱਗ ਪੈਂਦੇ ਹਨ ਅਤੇ ਹਉਮੈ ਦੀ ਦਿਗਵਿਜੇ ਲਈ ਦੋਧੇ ਦਾਣਿਆਂ ‘ਤੇ ਜ਼ਹਿਰ ਛਿੜਕੇ ਜਾਣ ਦੇ ਰਾਹ ਖੁਲ੍ਹ ਜਾਂਦੇ ਹਨ। ਮਾਨਵੀ ਸਹਿਹੋਂਦ ਦਾ ਘਾਣ ਕਰਨ ਵਾਲੀ ਇਹ ਸੋਚ ਕਿਸੇ ਨੂੰ ਨਹੀਂ ਬਖਸ਼ਦੀ ਅਤੇ ਇਸ ਨਾਲ ਕੁਦਰਤੀ ਨਿਹਮਤਾਂ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਧਰਮ ਗ੍ਰੰਥਾਂ ਦੀ ਹਾਨੀ ਵੀ ਇਸੇ ਦਾ ਹਿੱਸਾ ਹੋ ਜਾਂਦੀ ਹੈ। ਇਹ ਸਥਿਤੀ ਧਰਮ ਦੇ ਗਰਕਣ ਅਤੇ ਪਾਪ ਦੇ ਬੋਲ ਬਾਲਿਆਂ ਦੀ ਹੋ ਜਾਂਦੀ ਹੈ। ਇਸ ਨਾਲ ਨਿਪਟਣ ਦਾ ਜੋ ਮਾਡਲ ਦਸਮ ਪਾਤਸ਼ਾਹ ਨੇ ਸਥਾਪਤ ਕੀਤਾ, ਉਸੇ ਦੀਆਂ ਬਾਤਾਂ ਉਨ੍ਹਾਂ ਦੇ ਗੁਰਪੁਰਬ ਮਨਾਉਂਦਿਆਂ ਹੋਣੀਆਂ ਚਾਹੀਦੀਆਂ ਹਨ।
ਦਿੱਭ ਦ੍ਰਿਸ਼ਟੀਆਂ ਦੇ ਸੰਚਾਲਕਾਂ ਵਿਚ ਦਸ ਗੁਰੂ ਸਾਹਿਬਾਨ ਦੀ ਅਹਿਮ ਭੂਮਿਕਾ ਸਥਾਪਤ ਹੋ ਚੁਕੀ ਹੈ। ਇਸ ਬਾਰੇ ਏਨਾ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਅਤੇ ਉਨ੍ਹਾਂ ਦਾ ਜਨਮ ਬਿਹਾਰ ਸੂਬੇ ਦੇ ਪ੍ਰਸਿਧ ਸ਼ਹਿਰ ਪਟਨਾ ਸਾਹਿਬ ਵਿਖੇ 1666 ਈæ ਨੂੰ ਹੋਇਆ ਸੀ। ਦਸਮ ਪਾਤਸ਼ਾਹ ਨੂੰ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤਿ ਪ੍ਰਵਾਨ ਕੀਤਾ ਜਾਂਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਸਰੀਰ ਰੂਪ ਵਿਚ ਦਸਮ ਪਾਤਸ਼ਾਹ ਭਾਵੇਂ ਦਸਵੇਂ ਥਾਂ ‘ਤੇ ਸਨ, ਪਰ ਅਧਿਆਤਮਕ ਪੱਖੋਂ ਉਨ੍ਹਾਂ ਅੰਦਰ ਗੁਰੂ ਨਾਨਕ ਦੇਵ ਦੀ ਜੋਤਿ ਹੀ ਜਗਮਗਾ ਰਹੀ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈæ ਵਿਚ ਹੋਇਆ ਸੀ। ਇਸ ਤਰ੍ਹਾਂ ਦੋਹਾਂ ਗੁਰੂ ਸਾਹਿਬਾਨ ਦੇ ਸਮੇਂ ਵਿਚ 197 ਸਾਲਾਂ ਦਾ ਫਰਕ ਸੀ। ਫਿਰ ਵੀ ਉਹ ਇਕ ਜੋਤਿ ਸਨ। ਇਸ ਭੇਦ ਨੂੰ ਸਮਝਣ ਨਾਲ ਸਿੱਖ ਧਰਮ ਦਾ ਮੂਲ ਸਿਧਾਂਤ ਸਮਝ ਆ ਸਕਦਾ ਹੈ। ਸਿੱਖ ਧਰਮ ਵਿਚ ਸਰੀਰ ਨੂੰ ਨਹੀਂ, ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈ। ਇਸੇ ਲਈ ਸਿੱਖ ਹਰ ਰੋਜ਼ ਅਰਦਾਸ ਵਿਚ ਇਹ ਵਿਸ਼ਵਾਸ ਲਗਾਤਾਰ ਦੁਹਰਾਉਂਦੇ ਆ ਰਹੇ ਹਨ:
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਸੋ, ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸ਼ਬਦ-ਗੁਰੂ ਹਨ ਅਤੇ ਦਸ ਗੁਰੂ ਸਾਹਿਬਾਨ ਇਸ ਮੰਜ਼ਲ ਤੱਕ ਲੈ ਕੇ ਜਾਣ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਜੋ ਕੁਝ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਦੱਸਣਾ ਸੀ, ਉਹ ਗੁਰਬਾਣੀ ਦੇ ਰੂਪ ਵਿਚ ਦੱਸ ਦਿੱਤਾ। ਇਸੇ ਲਈ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਬਾਣੀ ਰਾਹੀਂ ਕੀਤੇ ਜਾ ਸਕਦੇ ਹਨ। ਜਿਵੇਂ Ḕਜਪੁਜੀ ਸਾਹਿਬḔ ਰਾਹੀਂ ਗੁਰੂ ਨਾਨਕ ਦੇਵ ਦੇ ਦਰਸ਼ਨ ਹੋ ਜਾਂਦੇ ਹਨ, ਉਵੇਂ ਹੀ Ḕਜਾਪੁ ਸਾਹਿਬḔ ਰਾਹੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਂਦੇ ਹਨ। ਅਰਦਾਸ ਵਿਚ ਵੀ ਸਿੱਖ ਨੇ ਇਹ ਗੱਲ ਧਿਆਨ ਵਿਚ ਰੱਖਣੀ ਹੁੰਦੀ ਹੈ ਕਿ ਗੁਰੂ ਦੇ ਦਰਸ਼ਨ ਬਾਣੀ ਜਾਂ ਸ਼ਬਦ ਰਾਹੀਂ ਹੀ ਹੋ ਸਕਦੇ ਹਨ:
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮਹਿ ਲੇਹਿ।
ਇਸ ਨਾਲ ਦੇਹਧਾਰੀ ਗੁਰੂ ਦੇ ਅਵਤਾਰਵਾਦੀ ਮਾਡਲ ਦੀ ਥਾਂ ਸ਼ਬਦ-ਗੁਰੂ ਦਾ ਸਿੱਖ ਮਾਡਲ ਸਥਾਪਤ ਹੋ ਗਿਆ ਹੈ। ਇਸ ਪਿਛੇ ਸਿਧਾਂਤ ਇਹ ਹੈ ਕਿ ਗੁਰੂ ਨਾਨਕ ਦੇਵ ਦੀ ਜੋਤਿ ਸਾਰੇ ਗੁਰੂ ਸਾਹਿਬਾਨ ਵਿਚ ਕੰਮ ਕਰਦੀ ਰਹੀ ਸੀ। ਗੁਰੂ ਜੋਤਿ ਦਾ ਪ੍ਰਗਟਾਵਾ ਮੂਲ ਰੂਪ ਵਿਚ ਬਾਣੀ ਰਾਹੀਂ ਹੋਇਆ ਹੀ ਪ੍ਰਵਾਨ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਗੁਰਬਾਣੀ ਨੂੰ ਗੁਰੂ ਜੋਤਿ ਹੋਣ ਕਰਕੇ ਸ਼ਬਦ-ਗੁਰੂ ਦੀ ਪਦਵੀ ਹਾਸਲ ਹੋ ਗਈ ਹੈ। ਗੁਰੂ ਜੋਤਿ ਇਤਿਹਾਸਕ ਘਟਨਾਵਾਂ ਰਾਹੀਂ ਵੀ ਪ੍ਰਗਟ ਹੁੰਦੀ ਰਹੀ ਹੈ। ਸੋ ਦਸ ਗੁਰੂ ਸਾਹਿਬਾਨ ਓਸੇ ਹੀ ਸਿੱਖ-ਜੁਗਤਿ ਨੂੰ ਸਾਹਮਣੇ ਲਿਆ ਰਹੇ ਸਨ, ਜਿਹੜੀ ਸਿੱਖ-ਜੁਗਤਿ, ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਦੇ ਨਿਕਟਵਰਤੀਆਂ ਨੇ ਆਪਣੀ ਬਾਣੀ ਰਾਹੀਂ ਦੱਸ ਦਿੱਤੀ ਸੀ:
ਜੋਤਿ ਓਹਾ ਜੁਗਤਿ ਸਾਇ
ਸਹਿ ਕਾਇਆ ਫੇਰਿ ਪਲਟੀਐ॥
ਝੁਲੈ ਸੁ ਛਤੁ ਨਿਰੰਜਨੀ
ਮਲਿ ਤਖਤੁ ਬੈਠਾ ਗੁਰ ਹਟੀਐ॥ (ਪੰਨਾ 966)
ਗੁਰੂ ਗੋਬਿੰਦ ਸਿੰਘ ਕੇਵਲ 42 ਸਾਲ ਦੀ ਉਮਰ ਤੱਕ ਇਸ ਸੰਸਾਰ ਦੀ ਯਾਤਰਾ ਕਰਦੇ ਰਹੇ। ਏਨੀ ਛੋਟੀ ਉਮਰ ਵਿਚ ਉਨ੍ਹਾਂ ਨੇ ਏਡੇ ਵੱਡੇ ਕੰਮ ਕੀਤੇ, ਜਿਨ੍ਹਾਂ ਨੂੰ ਯਾਦ ਕਰਕੇ ਮਨ ਅਚੰਭਿਤ ਵੀ ਹੁੰਦਾ ਹੈ ਅਤੇ ਖੁਸ਼ ਵੀ। ਬਚਿਤਰ ਨਾਟਕ ਵਿਚ ਗੁਰੂ ਸਾਹਿਬ ਨੇ ਆਪ ਲਿਖਿਆ ਹੈ ਕਿ ਜਦੋਂ ਅਕਾਲ ਪੁਰਖ ਨੇ ਉਨ੍ਹਾਂ ਦੀ ਜਿੰਮੇਵਾਰੀ ਲਾ ਕੇ ਉਨ੍ਹਾਂ ਨੂੰ ਇਸ ਸੰਸਾਰ ਵਿਚ ਭੇਜਿਆ, ਉਸ ਸਮੇਂ ਉਨ੍ਹਾਂ ਦੀ ਸੁਰਤਿ ਪ੍ਰਭੂ ਦੇ ਚਰਨਾਂ ਵਿਚ ਜੁੜੀ ਹੋਈ ਸੀ (ਚੁਭੀ ਰਹੀ ਸੁਰਤਿ ਚਰਨਨ ਮਹਿ)। ਉਨ੍ਹਾਂ ਦਾ ਇਰਾਦਾ ਇਸ ਅਨੰਦ ਭਰੀ ਅਵਸਥਾ ਨੂੰ ਛੱਡਣ ਦਾ ਵੀ ਨਹੀਂ ਸੀ (ਚਿਤ ਨ ਭਇਓ ਆਵਨ ਕਉ)। ਇਹੋ ਜਿਹੀ ਹਾਲਤ ਵਿਚ ਅਕਾਲ ਪੁਰਖ ਨੇ ਗੁਰੂ ਜੀ ਦੀ ਜਿੰਮੇਵਾਰੀ ਆਪਣੇ ਖਾਸ ਪੁੱਤਰ ਵਜੋਂ ਲਾ ਦਿੱਤੀ ਅਤੇ ਇਸ ਜਿੰਮੇਵਾਰੀ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ:
ਮੈਂ ਆਪੁਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੈ ਕਉ ਸਾਜਾ॥
ਇਸ ਗਵਾਹੀ ਨਾਲ ਇਹ ਸੱਚ ਤੈਅ ਹੋ ਜਾਂਦਾ ਹੈ ਕਿ ਜੋ ਧਾਰਮਿਕ ਸੰਘਰਸ਼ ਗੁਰੂ ਨਾਨਕ ਦੇਵ ਨੇ ਅਰੰਭਿਆ ਸੀ, ਉਸੇ ਨੂੰ ਅੱਗੇ ਤੋਰਨ ਲਈ ਦਸਮ ਪਾਤਸ਼ਾਹ ਦੀ ਜਿੰਮੇਵਾਰੀ ਲੱਗੀ ਸੀ। ਦਸਮ ਪਾਤਸ਼ਾਹ ਨੇ ਆਪ ਆਪਣਾ ਜੀਵਨ ਮਨੋਰਥ ਇਸ ਤਰ੍ਹਾਂ ਪ੍ਰਗਟ ਕੀਤਾ ਹੈ ਕਿ ਜੋ ਧਰਮ ਚਲਾਉਣ ਦੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਸੀ, ਉਹ ਭਲੇ-ਪੁਰਸ਼ਾਂ ਦਾ ਮਾਣ ਸਤਿਕਾਰ ਸਥਾਪਤ ਕਰਨ ਅਤੇ ਨੇਕੀ ਦੇ ਰਾਹ ਵਿਚ ਰੁਕਾਵਟਾਂ ਪਾਉਣ ਵਾਲਿਆਂ ਨਾਲ ਜੂਝਣ ਵਾਸਤੇ ਸੀ:
ਯਾਹੀ ਕਾਜ ਧਰਾ ਹਮ ਜਨਮੰ।
ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ।
ਦੁਸ਼ਟ ਸਭਨ ਕਉ ਮੂਲ ਉਪਾਰਨ।
ਗੁਰਮਤਿ ਵਿਚ ਅਗਿਆਨ ਨੂੰ ਸਭ ਬਿਮਾਰੀਆਂ ਦੀ ਜੜ੍ਹ ਮੰਨਿਆ ਗਿਆ ਹੈ। ਅਗਿਆਨ ਦਾ ਸ਼ਿਕਾਰ ਮਨੁੱਖ ਉਦੋਂ ਹੁੰਦਾ ਹੈ ਜਦੋਂ ਉਹ ਭਲੇ-ਬੁਰੇ ਦੀ ਪਛਾਣ ਨਹੀਂ ਕਰ ਸਕਦਾ ਜਾਂ ਸਾਹਮਣੇ ਪਈ ਸੱਚਾਈ ਨੂੰ ਨਹੀਂ ਪਛਾਣ ਸਕਦਾ। ਅਗਿਆਨੀ ਪੁਰਸ਼ ਜੇ ਕੰਮ ਠੀਕ ਵੀ ਕਰ ਰਿਹਾ ਹੋਵੇ ਤਾਂ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਬਾਲ ਬੁੱਧ ਵੀ ਅਗਿਆਨ ਵਿਚ ਹੀ ਸ਼ਾਮਲ ਰਹਿੰਦੀ ਹੈ। ਪਰ ਬਾਲ ਬੁੱਧ ਵਿਚ ਸੱਜਰਾ ਬੀਜਣਾ ਸੌਖਾ ਹੁੰਦਾ ਹੈ। ਮਿਸਾਲ ਵਜੋਂ ਬੱਚੇ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਅੱਗ ਸਾੜ ਦਿੰਦੀ ਹੈ। ਸੋ ਬੱਚਾ ਅੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਬੁੱਧੀ ਦੇ ਵਿਕਾਸ ਨਾਲ ਬੱਚਾ ਸਭ ਕੁਝ ਸਿੱਖ ਜਾਂਦਾ ਹੈ। ਅਸਲ ਅਗਿਆਨੀ ਉਹ ਹੈ, ਜਿਸ ਨੂੰ ਪਤਾ ਹੀ ਨਹੀਂ ਕਿ ਧਰਮ ਅਤੇ ਅਧਰਮ ਵਿਚ ਕੀ ਫਰਕ ਹੈ? ਅਜਿਹੇ ਅਗਿਆਨੀ ਤੋਂ ਧਾਰਮਿਕ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਗੁਰੂ ਜੀ ਨੇ ਦੱਸਿਆ ਹੈ ਕਿ ਧਰਮ ਦਾ ਵਾਸਾ ਅਗਿਆਨੀ ਦੇ ਹਿਰਦੇ ਵਿਚ ਨਹੀਂ ਹੋ ਸਕਦਾ ਕਿਉਂਕਿ ਅਗਿਆਨੀ (ਕਬੁਧਿ) ਪੁੱਠਾ ਹੀ ਸੋਚਦਾ ਹੈ। ਇਸ ਵਾਸਤੇ ਧਰਮ ਦਾ ਪਹਿਲਾ ਕੰਮ ਅਗਿਆਨ ਨੂੰ ਖਤਮ ਕਰਕੇ, ਗਿਆਨ ਨੂੰ ਉਜਾਗਰ ਕਰਨਾ ਹੁੰਦਾ ਹੈ:
ਜਾਹਿ ਤਹਾ ਤੈ ਧਰਮੁ ਚਲਾਇ।
ਕਬੁਧਿ ਕਰਨ ਤੇ ਲੋਕ ਹਟਾਇ।
ਹੁਣ ਸਵਾਲ ਹੈ ਕਿ ਲੋਕਾਂ ਅੰਦਰ ਕਿਹੜੇ ਕਿਹੜੇ ਅਗਿਆਨ ਵਾਲੇ ਕੰਮ ਚਾਲੂ ਸਨ, ਜਿਨ੍ਹਾਂ ਤੋਂ ਗੁਰੂ ਜੀ ਨੇ ਵਰਜਿਆ ਸੀ। ਇਕ ਅਗਿਆਨ ਸੀ ਕਿ ਲੋਕ ਆਪਣੀ ਬੋਲੀ ਵਿਚ ਗੱਲ ਕਰਨ ਦਾ ਫਖਰ ਗੁਆ ਬੈਠੇ ਸਨ। ਬੇਗਾਨੀ ਬੋਲੀ ਦੀਆਂ ਗੱਲਾਂ ਲੋਕਾਂ ਨੂੰ ਕਿਸੇ ਹੋਰ ਤੋਂ ਸਮਝਣੀਆਂ ਪੈਂਦੀਆਂ ਸਨ। ਸਭ ਤੋਂ ਪਹਿਲਾਂ ਗੁਰੂ ਜੀ ਨੇ ਲੋਕਾਂ ਨੂੰ ਲੋਕਾਂ ਦੀ ਬੋਲੀ ਵਿਚ ਸਿੱਖ ਧਰਮ ਬਾਰੇ ਸਮਝਾਇਆ ਤੇ ਦੱਸਿਆ ਕਿ ਧਰਮ ਦਾ ਵਹਿਮਾਂ ਭਰਮਾਂ ਨਾਲ ਕੋਈ ਸਬੰਧ ਨਹੀਂ। ਇਸ ਲਈ ਟੂਣੇ ਟਾਮਣ ਅਤੇ ਜਾਦੂ ਮੰਤਰ ਧਰਮ ਨਹੀਂ ਆਖੇ ਜਾ ਸਕਦੇ। ਲੋਕਾਂ ਦੀ ਬੋਲੀ, ਜਿਸ ਨੂੰ ਅੱਜ ਪੰਜਾਬੀ ਅਰਥਾਤ ਗੁਰਮੁਖੀ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਸਮਿਆਂ ਵਿਚ ਭਾਖਾ ਵੀ ਕਹਾਉਂਦੀ ਸੀ। ਜੋ ਕਥਾ ਕਹਾਣੀਆਂ ਸੰਸਕ੍ਰਿਤ ਗ੍ਰੰਥਾਂ ਵਿਚ ਸ਼ਾਮਲ ਸਨ, ਉਨ੍ਹਾਂ ਨੂੰ ਸੰਸਕ੍ਰਿਤ ਜਾਣਦੇ ਧਾਰਮਿਕ ਲੋਕ ਹੀ ਆਪਣੀ ਮਰਜ਼ੀ ਨਾਲ ਵਰਤਦੇ ਸਨ। ਇਸ ਗੱਲ ਨੂੰ ਤੋੜਨ ਲਈ ਉਹ ਸਭ ਗੱਲਾਂ Ḕਭਾਖਾ ਕਰੀ ਬਨਾਇḔ ਰਾਹੀਂ ਗੁਰਮੁਖੀ ਅੱਖਰਾਂ ਵਿਚ ਸ਼ਾਇਰਾਂ ਨੂੰ ਸੱਦ ਕੇ ਗੁਰੂ ਜੀ ਨੇ ਲਿਖਵਾਈਆਂ। ਇਹ ਵਰਤਾਰਾ 52 ਕਵੀਆਂ ਵਜੋਂ ਜਾਣਿਆ ਜਾਂਦਾ ਹੈ। ਇਹ ਸਾਹਿਤ ਜੋ ਸਾਡੇ ਤੱਕ ਪਹੁੰਚਿਅ, ਉਸੇ ਨੂੰ Ḕਦਸਮ ਗ੍ਰੰਥḔ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਸਮ ਪਾਤਸ਼ਾਹ ਸਾਧਾਰਨ ਵਿਅਕਤੀ ਨਹੀਂ ਸਨ। ਕੋਈ ਵੀ ਗੁਰੂ ਆਪੋ ਆਪਣੇ ਪ੍ਰਸੰਗ ਵਿਚ ਸਾਧਾਰਨ ਵਿਅਕਤੀ ਨਹੀਂ ਹੁੰਦਾ। ਪਰ ਗੁਰੂ ਸਾਹਿਬਾਨ ਨੇ ਜਨਮ ਤੋਂ ਮਰਨ ਤੱਕ ਕੋਈ ਅਜਿਹਾ ਕੰਮ ਨਹੀਂ ਕੀਤਾ, ਜੋ ਗੁਰੂ ਦੇ ਸਿੱਖਾਂ ਦੇ ਨਾ ਕਰ ਸਕਣ ਦੀ ਸੰਭਾਵਨਾ ਹੋਵੇ। ਗੁਰੂ ਦਾ ਇਹ ਪੱਖ ਆਮ ਆਦਮੀਆਂ ਵਰਗਾ ਸੀ। ਇਸੇ ਲਈ ਸੱਚ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਆਮ ਆਦਮੀ ਵਾਂਗ ਹੋਇਆ ਸੀ। ਪਰ ਜਨਮ ਤੋਂ ਹੀ ਉਹ ਗੁਰੂ-ਜੋਤਿ ਦੇ ਬਿੰਬ ਸਮਝੇ ਜਾਣ ਲੱਗ ਪਏ ਸਨ। ਮਾਂ ਪਿਉ ਵਲੋਂ ਭਗਤੀ ਨਾਲ ਪ੍ਰਾਪਤ ਕੀਤੀ ਦਿੱਭਤਾ ਜਾਂ ਧਰਮ ਦੀ ਪਾਲਨਾ ਕਰਨ ਦਾ ਅਸਰ ਬੱਚਿਆਂ ਉਤੇ ਅਵੱਸ਼ ਹੁੰਦਾ ਹੈ। ਸੋ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਨੇ ਸਿੱਖ ਸਾਧਨਾ ਜਿਸ ਤਰ੍ਹਾਂ ਵਚਨਬੱਧਤਾ ਨਾਲ ਨਿਭਾਈ, ਉਸ ਦਾ ਅਸਰ ਗੁਰੂ ਗੋਬਿੰਦ ਸਿੰਘ ਦੇ ਬਚਪਨ ਵਿਚੋਂ ਹੀ ਨਜ਼ਰ ਆਉਣ ਲੱਗ ਪਿਆ ਸੀ। ਬਾਲਕ ਗੋਬਿੰਦ ਰਾਇ ਦੇ ਜਨਮ ਸਮੇਂ ਦੇ ਮਹਾਂਪੁਰਖਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਤੇਗ ਬਹਾਦਰ ਵਰਗੇ ਮਹਾਂਪੁਰਖ ਦੇ ਘਰ ਪਰਤਾਪੀ ਪੁੱਤਰ ਪੈਦਾ ਹੋ ਗਿਆ ਹੈ। ਸੋ ਬਹੁਤ ਸਾਰੇ ਮਹਾਂਪੁਰਖ ਜਾਂ ਸਾਧੂ ਸੰਤ ਇਸ ਬਾਲਕ ਗੋਬਿੰਦ ਦੇ ਦਰਸ਼ਨ ਕਰਨ ਲਈ ਵੀ ਆਉਂਦੇ ਰਹੇ ਸਨ।
ਅਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਪੰਡਿਤਾਂ ਦੀ ਘਟਨਾ (ਜਿਸ ਤੋਂ ਅਸੀਂ ਸਾਰੇ ਵਾਕਫ ਹਾਂ) ਨਾਲ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਦਾ ਸਫਰ ਸ਼ੁਰੂ ਹੋ ਜਾਂਦਾ ਹੈ। ਇਸ ਘਟਨਾ ਨਾਲ ਗੁਰੂ ਗੋਬਿੰਦ ਸਿੰਘ ਦਾ ਬਚਪਨ ਸਮਾਪਤ ਹੋ ਜਾਂਦਾ ਹੈ ਅਤੇ ਗੁਰੂ-ਮਾਰਗ ਦਾ ਸਫਰ ਸ਼ੁਰੂ ਹੋ ਜਾਂਦਾ ਹੈ। ਦਸਮ ਪਾਤਸ਼ਾਹ ਨੇ ਪਿੱਛੋਂ ਆਪ ਹੀ ਨੌਵੇਂ ਪਾਤਸ਼ਾਹ ਹਜੂਰ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਬਚਿਤਰ ਨਾਟਕ ਵਿਚ ਲਿਖਿਆ ਹੈ ਕਿ ਦਿੱਲੀ ਦੇ ਬਾਦਸ਼ਾਹ ਦੇ ਸਾਹਮਣੇ ਆਪਣੇ ਸਰੀਰ ਦਾ ਭਾਂਡਾ ਭੰਨ ਕੇ ਨੌਵੇਂ ਪਾਤਸ਼ਾਹ ਅਕਾਲ ਵਿਚ ਜਾ ਨਿਵਾਜੇ ਸਨ:
ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਉ ਪਯਾਨ॥
ਤੇਗ ਬਹਾਦਰ ਸੀ ਕਿਰਿਆ ਕਰੀ ਨ ਕਬਹੂੰ ਆਨ॥
ਇਹ ਕੁਰਬਾਨੀ ਆਮ ਬੰਦੇ ਦੀ ਧਾਰਮਿਕ ਆਜ਼ਾਦੀ ਨੂੰ ਬਚਾਉਣ ਵਾਸਤੇ ਦਿੱਤੀ ਗਈ ਸੀ। ਇਹ ਇੱਛਤ ਚੋਣ ਸੀ ਅਤੇ ਇਸ ਦਾ ਸਿੱਖ ਪ੍ਰਸੰਗ ਦਸਮ ਪਾਤਸ਼ਾਹ ਨੇ ਪੰਥਕ ਸੁਰ ਵਿਚ ਸਾਹਮਣੇ ਲੈ ਆਂਦਾ ਸੀ। ਸੱਚ ਸਦਾ ਹੀ ਦਿੱਭਤਾ ਸਾਹਮਣੇ ਨਿਸ਼ੰਗ ਰੂਪ ਵਿਚ ਪ੍ਰਗਟ ਹੁੰਦਾ ਰਿਹਾ ਹੈ। ਹੰਕਾਰੇ ਮਨੁੱਖ ਨੂੰ ਸੱਚ ਨਜ਼ਰ ਨਹੀਂ ਆਉਂਦਾ। ਇਸੇ ਲਈ ਬਾਦਸ਼ਾਹ ਔਰੰਗਜ਼ੇਬ ਨੂੰ ਜਦੋਂ ਪੰਡਿਤਾਂ ਦਾ ਸੁਨੇਹਾ ਮਿਲਿਆ ਕਿ ਗੁਰੂ ਤੇਗ ਬਹਾਦਰ ਜੇ ਧਰਮ ਬਦਲ ਲੈਣਗੇ ਤਾਂ ਸਾਰਾ ਭਾਰਤ ਮੁਸਲਮਾਨ ਹੋ ਜਾਵੇਗਾ, ਤਾਂ ਉਸ ਨੇ ਇਹ ਸਮਝ ਲਿਆ ਕਿ ਆਮ ਲੋਕਾਂ ਨੂੰ ਇਸਲਾਮ ਵਿਚ ਲਿਆਉਣ ਦੀਆਂ ਲੰਬੀਆਂ ਚੌੜੀਆਂ ਅਤਿਆਚਾਰੀ-ਕੋਸ਼ਿਸ਼ਾਂ ਦੀ ਥਾਂ ਇਕੱਲੇ ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿਚ ਲਿਆਉਣਾ ਸੌਖਾ ਹੋਵੇਗਾ। ਪਰ ਇਥੇ ਤਾਂ ਇਸ ਤੋਂ ਉਲਟ ਵਾਪਰ ਗਿਆ। ਗੁਰੂ ਤੇਗ ਬਹਾਦਰ ਨੇ ਧਾਰਮਿਕ ਆਜ਼ਾਦੀ ਲਈ ਕੁਰਬਾਨ ਹੋ ਜਾਣ ਨੂੰ ਪਹਿਲ ਦਿੱਤੀ। ਸਮੇਂ ਦੀ ਹਕੂਮਤ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਦੂਜੇ ਦੇ ਧਰਮ ਵਾਸਤੇ ਕੋਈ ਏਡੀ ਵੱਡੀ ਕੁਰਬਾਨੀ ਦੇ ਸਕਦਾ ਹੈ।
ਇਤਿਹਾਸ ਵਿਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਨੇ ਸਿਰ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਧਾਰਮਿਕ ਆਜ਼ਾਦੀ ਕਿਸੇ ਵੀ ਕੀਮਤ ‘ਤੇ ਕਾਇਮ ਰਹਿਣੀ ਚਾਹੀਦੀ ਹੈ। ਬਾਲਕ ਗੋਬਿੰਦ ਇਨ੍ਹਾਂ ਘਟਨਾਵਾਂ ਨੂੰ ਵੇਖ ਵੀ ਰਹੇ ਸਨ ਅਤੇ ਇਨ੍ਹਾਂ ਘਟਨਾਵਾਂ ਦੇ ਸਿੱਟਿਆਂ ਨਾਲ ਜੂਝਣ ਲਈ ਤਿਆਰ ਵੀ ਹੋ ਰਹੇ ਸਨ। ਜਦੋਂ ਗੁਰੂ ਘਰ ਦਾ ਇਕ ਸੇਵਕ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਮਾਨਤਾ ਦਿੰਦਿਆਂ Ḕਰੰਘਰੇਟਾ ਗੁਰੂ ਕਾ ਬੇਟਾḔ ਆਖ ਕੇ ਆਪਣੀ ਛਾਤੀ ਨਾਲ ਲਾ ਲਿਆ ਸੀ। ਗੁਰੂ ਅਤੇ ਸਿੱਖ ਵਿਚਕਾਰ ਉਮਰ ਦਾ ਫਰਕ ਮਿਟ ਗਿਆ ਸੀ। ਗੁਰੂ ਜੀ ਨੇ ਆਪਣੇ ਸਿੱਖ ਨੂੰ ਉਹੀ ਮਾਨਤਾ ਦਿੱਤੀ, ਜੋ ਮਾਨਤਾ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਨੂੰ ḔਪੁੱਤਰḔ ਆਖ ਕੇ ਦਿੱਤੀ ਸੀ। ਗੁਰੂ ਤੇ ਸਿੱਖ ਦਾ ਰਿਸ਼ਤਾ ਪਿਉ ਤੇ ਪੁੱਤਰ ਵਾਲਾ ਉਸ ਵੇਲੇ ਵੀ ਸੀ ਅਤੇ ਅੱਜ ਵੀ ਹੋ ਸਕਦਾ ਹੈ। ਕਦੇ ਕਦੇ ਅਗਿਆਨ ਵੱਸ ਇਸ ਰਿਸ਼ਤੇ ਦੀ ਪਛਾਣ ਧੁੰਧਲੀ ਹੋ ਜਾਂਦੀ ਰਹੀ ਹੈ।
ਸਿੱਖ-ਸੱਚ ਤਾਂ ਇਹ ਹੈ ਕਿ ਹਰ ਅੰਮ੍ਰਿਤਧਾਰੀ ਸਿੰਘ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਦੇਵਾਂ ਹਨ। ਅੰਮ੍ਰਿਤਧਾਰੀ ਸਿੰਘ ਵਾਸੀ ਵੀ ਅਨੰਦਪੁਰ ਸਾਹਿਬ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਇਕ ਨਵੇਂ ਧਾਰਮਿਕ ਪਰਿਵਾਰ ਦੀ ਸਿਰਜਣਾ ਦਸਮ ਪਾਤਸ਼ਾਹ ਨੇ 1699 ਈæ ਦੀ ਵਿਸਾਖੀ ਨੂੰ ਕਰ ਦਿੱਤੀ ਸੀ। ਇਸ ਪਰਿਵਾਰ ਵਿਚ ਜਨਮ ਤੋਂ ਸ਼ਾਮਲ ਹੋਣ ਦੀ ਪਰੰਪਰਾ ਤੋੜ ਦਿੱਤੀ ਗਈ। ਇਸ ਨਵੇਂ ਖਾਲਸਾ-ਸਫਰ ‘ਤੇ ਤੁਰਨ ਤੋਂ ਪਹਿਲਾਂ ਇਹ ਭੁੱਲਣਾ ਪੈਂਦਾ ਹੈ ਕਿ ਉਹ ਕਿਸ ਕੁਲ ਵਿਚ ਪੈਦਾ ਹੋਇਆ ਸੀ। ਕਿਸੇ ਵੀ ਅੰਮ੍ਰਿਤਧਾਰੀ ਦੀ ਕੁਲ ਖਾਲਸਈ-ਕੁਲ ਹੋ ਜਾਂਦੀ ਹੈ। ਉਸ ਦੀ ਸ਼ਖਸੀਅਤ ਧਰਮ ਨੂੰ ਸਮਰਪਿਤ ਹੋ ਜਾਂਦੀ ਹੈ। ਕੁਲ-ਨਾਸ਼ ਵਿਚੋਂ ਇਕ ਨਵਾਂ ਖਾਲਸਾ-ਪਰਿਵਾਰ ਪੈਦਾ ਹੋ ਜਾਂਦਾ ਹੈ। ਇਸ ਅਵਸਥਾ ਵਾਸਤੇ ਗੁਰੂ ਨਾਨਕ ਦੇਵ ਨੇ ਸ਼ਬਦ ਦਾ ਸਿਧਾਂਤ ਪੇਸ਼ ਕੀਤਾ ਹੈ। ਬਾਣੀ ਨਾਲ ਜੇ ਕੌਡਾ ਰਾਖਸ਼ ਬਦਲ ਸਕਦਾ ਹੈ ਤਾਂ ਸਿੱਖ ਕਿਉਂ ਨਹੀਂ ਬਦਲ ਸਕਦਾ?
ਸਿੱਖ ਵਿਚ ਸਿੰਘ ਹੋਣ ਦਾ ਬਦਲਾਵ ਗੁਰੂ ਗੋਬਿੰਦ ਸਿੰਘ ਰਾਹੀਂ ਸਾਹਮਣੇ ਆਇਆ। ਦਸਮ ਪਾਤਸ਼ਾਹ ਵੱਲੋਂ ਮਾਨਵਤਾ ਉਤੇ ਕੀਤੇ ਇਸ ਪਰਉਪਕਾਰ ਨੂੰ ਹਰ ਸਾਲ ਗੁਰਪੁਰਬ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗੁਰਪੁਰਬ ਮੌਕੇ ਇਹ ਸੱਚਾਈ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਖਾਲਸਾ ਵਚਨਬੱਧਤਾ ਵਿਚ ਜਾਤ, ਗੋਤ, ਖਾਨਦਾਨ ਅਤੇ ਭੁਗੋਲਿਕ ਖਿਤਿਆਂ ਦੀ ਕੋਈ ਮਹੱਤਤਾ ਨਹੀਂ ਹੈ। ਖਾਲਸਾ ਤਾਂ ਭਾਈਚਾਰਾ ਹੈ ਅਤੇ ਇਸ ਭਾਈਚਾਰੇ ਦਾ ਵਰਤਮਾਨ ਖਾਲਸਾ ਪੰਥ ਨੇ ਖੁਦ ਸਥਾਪਤ ਕਰਦੇ ਰਹਿਣਾ ਹੈ। ਬੀਤੇ ਸਮੇਂ ਦੇ ਇਤਿਹਾਸ ਦਾ ਖਾਲਸਾ ਵਾਰਸ ਤਾਂ ਹੈ ਪਰ ਮਾਲਕ ਨਹੀਂ ਹੈ। ਮਾਲਕੀ ਦੀ ਹਉਮੈ ਅਤੇ ਵਾਰਸ ਹੋਣ ਦੀ ਨੈਤਿਕਤਾ ਵਿਚ ਨਿਖੇੜ ਕਰਨ ਦੀ ਸੋਝੀ ਖਾਲਸੇ ਨੇ ਗੁਰਬਾਣੀ ਦੀ ਰੌਸ਼ਨੀ ਵਿਚ ਆਪ ਵੀ ਪ੍ਰਾਪਤ ਕਰਨੀ ਹੈ ਅਤੇ ਹੋਰਨਾਂ ਤੱਕ ਵੀ ਪਹੁੰਚਾਉਣੀ ਹੈ। ਨਿਜੀ ਚੌਧਰ ਤੋਂ ਗੁਰੇਜ਼ ਕਰਕੇ ਭਾਈਚਾਰਕ ਬੋਲਬਾਲੇ ਵਾਸਤੇ ਮਾਹੌਲ ਖਾਲਸੇ ਨੇ ਪੈਦਾ ਕਰਨਾ ਹੈ। ਇਹੀ ਸਿਖਿਆ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤਧਾਰੀ ਸਿੰਘ ਜਾਂ ਖਾਲਸੇ ਨੂੰ ਬਖਸ਼ੀ ਸੀ। ਇਸ ‘ਤੇ ਜੀਅ ਜਾਨ ਨਾਲ ਪਹਿਰਾ ਦੇਣ ਦੀ ਵਚਨਬੱਧਤਾ ਹੀ ਦਸਮ ਪਾਤਸ਼ਾਹ ਦਾ ਸੰਦੇਸ਼ ਹੈ।
ਪੰਜਾਬੀ ਸਭਿਆਚਾਰ ਵਿਚ ਮੇਲਿਆਂ ਨੂੰ ਗੁਰਪੁਰਬਾਂ ਵਿਚ ਤਬਦੀਲ ਕਰਕੇ ਜਿਸ ਤਰ੍ਹਾਂ ਦੇ ਸਿੱਖ ਸਭਿਆਚਾਰ ਦੀ ਨੀਂਹ ਗੁਰੂ ਸਾਹਿਬਾਨ ਨੇ ਰੱਖੀ ਸੀ, ਉਹ ਅੱਜ ਸਿੱਖ ਵਾਰਸਾਂ ਦੀ ਅਣਗਹਿਲੀ ਕਰਕੇ ਉਖੜੇਵੇਂ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਇਸੇ ਕਰਕੇ ਭੀੜ ਦੇ ਵਰਤਾਰਿਆਂ ਨੂੰ ਸਿੱਖ ਪੁਰਬ ਸਮਝਿਆ ਜਾਣ ਲੱਗਾ ਹੈ। ਅਸਲੇ ਵੱਲ ਪਰਤਣ ਲਈ ਜਿਹੋ ਜਿਹੇ ਯਤਨ ਸਿੰਘ ਸਭਾ ਵੇਲੇ ਹੋਏ ਸਨ, ਉਹੋ ਜਿਹੇ ਯਤਨ ਵਰਤਮਾਨ ਵਿਚ ਕਰਕੇ ਹੀ ਇਸ ਉਖਾੜ ਵਾਲੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਇਸ ਨੁਕਤੇ ਬਾਰੇ ਜੋ ਕੁਝ ਲਿਖਿਆ ਹੋਇਆ ਪ੍ਰਾਪਤ ਹੈ, ਉਹ ਸਾਡੀਆਂ ਨਿਗਾਹਾਂ ਤੋਂ ਓਝਲ ਹੋ ਵੀ ਗਿਆ ਹੈ ਅਤੇ ਹੁੰਦਾ ਵੀ ਜਾ ਰਿਹਾ ਹੈ।
ਭਾਈ ਵੀਰ ਸਿੰਘ ਦੀਆਂ ਲਿਖਤਾਂ ਸ਼ਰਧਾ ਵਿਚ ਰੰਗਦੀਆਂ ਵੀ ਹਨ ਅਤੇ ਸ਼ਰਧਾ ਨੂੰ ਪ੍ਰਚੰਡ ਵੀ ਕਰਦੀਆਂ ਹਨ। ਇਹ ਟਿਪਣੀ ‘ਕਲਗੀਧਰ ਚਮਤਕਾਰḔ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਪ੍ਰੋæ ਪੂਰਨ ਸਿੰਘ ਦੀ ਸੁਰ ਅਕਾਦਮਿਕ ਹੈ ਅਤੇ ਉਹ ਨਵੀਆਂ ਲੀਹਾਂ ਪਾਉਂਦੇ ਲੱਗਦੇ ਹਨ। ਉਹ ਆਪਣੀਆਂ ਲਿਖਤਾਂ ਵਿਚ ਗੁਰੂ ਦੀਆਂ ਬਖਸ਼ਿਸ਼ਾਂ ਵਜੋਂ ਜਦੋਂ ਪੰਜ ਕੱਕਾਰਾਂ ਦਾ ਪ੍ਰਸੰਗ ਉਸਾਰਦੇ ਹਨ ਤਾਂ ਵਿਰਾਸਤੀ ਸੁਰ ਵਿਚ ਰੌਂਗਟੇ ਖੜੇ ਕਰ ਦਿੰਦੇ ਹਨ। ਈਸਾਈਅਤ ਮੋਇਆਂ ਦੀ ਜਾਗ ਦੀ ਕਰਾਮਾਤੀ ਗੱਲ ਕਰਦੀ ਹੈ, ਪਰ ਸਿੱਖੀ ਸੁੱਤਿਆਂ ਦੀ ਸਕਰਮਕ ਜਾਗ ਦੀ ਗੱਲ ਕਰਦੀ ਹੈ। ਪ੍ਰੋæ ਪੂਰਨ ਸਿੰਘ ਮੁਤਾਬਿਕ “ਗੁਰਪੁਰਬਾਂ ਦੇ ਅਵਸਰ ਇਹ ਦੱਸਣ ਲਈ ਹੋਣੇ ਚਾਹੀਦੇ ਹਨ ਕਿ ਗੁਰੂ ਜੀ ਦੇ ਕੇਸਾਂ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਵਿਚ ਡੂੰਘੀ ਸੱਚਾਈ ਲੁਕੀ ਹੋਈ ਹੈ। ਇਸ ਆਦੇਸ਼ ਵਿਚ ਉਨ੍ਹਾਂ ਨੇ ਮਨੁੱਖ ਨੂੰ ਡੂੰਘੇ ਗੁਣਾਂ ਦੀ ਸੋਝੀ ਕਰਵਾਈ ਹੈ।” ਇਸ ਪਾਸੇ ਸਿੱਖਾਂ ਦੀ ਢਿੱਲ੍ਹ ਤੇ ਕਚਿਆਈ ਨੂੰ ਪ੍ਰੋæ ਸਾਹਿਬ ਨੇ ਤਿਲਕਣੇ ਰਸਤੇ ਤੁਰਨਾ ਕਹਿੰਦਿਆਂ ਕਿਹਾ ਹੈ, “ਨਿਸਚੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਕੇਸਾਂ ਬਾਰੇ ਇਨ੍ਹਾਂ ਵਿਚਾਰਾਂ ਦੇ ਅਭਾਵ ਵਿਚ ਅੱਜ ਨਾ ਤਾਂ ਸਿੱਖਾਂ ਵਿਚ ਉਹ ਸੰਗੀਤ ਹੁੰਦਾ ਹੈ ਤੇ ਨਾ ਇਹ ਨਵਾਂ ਜੀਵਨ। ਇਥੋਂ ਤੱਕ ਕਿ ਮੁਰਦਾ ਜਨ-ਸਮੂਹ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਨਿਰਜਿੰਦ ਪ੍ਰਾਣ ਬਣ ਜਾਂਦਾ ਹੈ। ਸਿੱਖਾਂ ਨੂੰ ਕੇਸਾਂ ਤੋਂ ਵੰਚਿਤ ਕਰਨ ਨਾਲ ਉਨ੍ਹਾਂ ਨੂੰ ਉਸ ਸ਼ਕਤੀਸ਼ਾਲੀ ਪ੍ਰੇਰਨਾ ਤੋਂ ਤੋੜ ਦੇਣ ਦੇ ਤੁੱਲ ਹੋਣਾ ਹੈ, ਜੋ ਹੁਣ ਤੱਕ ਸਾਰੀ ਹਿੰਦੂ ਜਨਤਾ ਲਈ ਸ਼ਕਤੀ ਦੇ ਬਲ ਦਾ ਸੋਮਾਂ ਰਿਹਾ ਹੈ। ਸਿੱਖਾਂ ਦੇ ਇਸ ਸਰੂਪ ਦੇ ਅਲੋਪ ਹੋ ਜਾਣ ਨਾਲ ਹਿੰਦੂ ਵੀ ਇਸ ਸ਼ਕਤੀ ਤੇ ਪ੍ਰੇਰਨਾ ਦੀ ਸੰਪਤੀ ਤੋਂ ਸੱਖਣੇ ਹੋ ਜਾਣੇ ਹਨ।”
ਇਸ ਨਾਲ ਇਹ ਨੁਕਤਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਕਿ ਪ੍ਰਾਪਤ ਵੇਰਵਿਆਂ ਦੇ ਦੁਹਰਾਉ ਨਾਲ ਸਿੱਖ ਇਸ ਵੇਲੇ ਨਿਊਟਰਲ ਗੇਅਰ ਵਿਚ ਭੱਜਣ ਵਰਗਾ ਭਰਮ ਪਾਲ ਰਹੇ ਹਨ। ਲੋੜ ਸਾਦਗੀ ਨਾਲ ਜੜ੍ਹਾਂ ਵਲ ਪਰਤਣ ਦੀ ਹੈ ਅਤੇ ਇਸ ਵਾਸਤੇ ਪੂਰਨ ਸਿੰਘ ਦੀ ਇਸ ਟੂਕ ਤੋਂ ਸਿੱਖਿਆ ਲਈ ਜਾ ਸਕਦੀ ਹੈ। ਇਸੇ ਨਾਲ ਗੱਲ ਮੁਕਾਈ ਜਾ ਰਹੀ ਹੈ:
ਬੱਚਾ! ਅੱਜ ਦਾਤਾ ਜੀ ਦਾ ਗੁਰਪੁਰਬ ਹੈ।
ਬੱਚਾ! ਅੱਜ ਉਹ ਸਵਾਂਤੀ ਨਛੱਤ੍ਰ ਹੈ।
ਬੱਚਾ! ਅੱਜ ਅਰਸ਼ਾਂ ਦੇ ਮਾਲਕ ਦੀ ਹਜ਼ੂਰੀ ਹੈ।
ਬੱਚਾ ਜੀ! ਉਠ! ਜਾਗ।
ਤੇ ਅੱਜ ਮਹਾਰਾਜ ਜੀ ਨੂੰ ਭੋਗ ਲਗਾ।
ਕਦੀ ਨਾ ਭੁੱਲੇ ਤੈਨੂੰ
ਤੇਰੇ ਸਿਰ ‘ਤੇ ਉਹ ਆਪ।
ਇਸ ਸਿੱਖ-ਸੇਧ ਵਿਚ ਤੁਰਨ ਦੀ ਲੋੜ ਵੀ ਹੈ, ਇਸ ਵਾਸਤੇ ਸਪੇਸ ਵੀ ਹੈ ਅਤੇ ਇਸ ਨਾਲ ਜੁੜੀਆਂ ਵੰਗਾਰਾਂ ਵੀ ਹਨ। ਨਹੀਂ ਸਮਝਾਂਗੇ ਤਾਂ ਵਕਤ ਹੱਥੋਂ ਖਿਸਕ ਜਾਏਗਾ। ਸਕਰਮਕ ਅਧਿਆਤਮਕਤਾ ਦਾ ਜੋ ਸਿੱਖ ਵਹਿਣ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਸਾਡੀਆਂ ਸਭ ਕਮਜ਼ੋਰੀਆਂ ਦੇ ਬਾਵਜੂਦ ਅਜੇ ਵਹਿ ਰਿਹਾ ਹੈ, ਉਸ ਨੂੰ ਗ੍ਰੰਥ ਅਤੇ ਪੰਥ ਦੇ ਮਜਬੂਤ ਕੰਢਿਆਂ ਵਿਚਕਾਰ ਵਹਿੰਦਾ ਰੱਖਣ ਲਈ ਲੋੜੀਂਦੀਆਂ ਜਿੰਮੇਵਾਰੀਆਂ ਨਿਭਾਉਣ ਵਾਸਤੇ ਬਿਨਾ ਦੇਰੀ ਤੁਰ ਪੈਣ ਵਿਚ ਹੀ ਸਭ ਦਾ ਭਲਾ ਹੈ। ਤੁਰਨ ਵਾਲਿਆਂ ਤੋਂ ਗੁਰੂ ਜੀ ਮਿਹਰ ਕਰਕੇ ਸੇਵਾ ਲੈਂਦੇ ਰਹੇ ਹਨ ਅਤੇ ਲੈਂਦੇ ਰਹਿਣ ਦਾ ਭਰੋਸਾ ਅਜੇ ਗੁਰੂਕਿਆਂ ਵਿਚੋਂ ਕਿਰਿਆ ਵੀ ਨਹੀਂ ਹੈ। ਗੁਰਪੁਰਬਾਂ ਦੀ ਸੰਭਾਲ ਤੋਂ ਸ਼ੁਰੂਆਤ ਕਰ ਲੈਣੀ ਹੀ ਇਸ ਸਮੇਂ ਦੀ ਸਿੱਖ-ਲੋੜ ਹੋਣੀ ਚਾਹੀਦੀ ਹੈ।