ਪਿੰਡ ਸੁਰਸਿੰਘ ਤੇ ਤੰਗੀਆਂ-ਤੁਰਸ਼ੀਆਂ ਦੇ ਦਿਨ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ।

ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਲੇਖ ਦੀ ਇਸ ਚੌਥੀ ਕਿਸ਼ਤ ਵਿਚ ਵਰਿਆਮ ਸੰਧੂ ਦੀ ਚੜ੍ਹਦੀ ਜਵਾਨੀ ਤੱਕ ਹੰਢਾਏ ਤੰਗੀ ਦੇ ਦਿਨਾਂ ਦਾ ਜ਼ਿਕਰ ਹੈ। -ਸੰਪਾਦਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਿੰਡ ਸੁਰਸਿੰਘ ਦਾ ਹੋਣ ਤੇ ਕਹਾਉਣ ਦਾ ਵਰਿਆਮ ਨੂੰ ਮਾਣ ਵੀ ਬਹੁਤ ਹੈ। ਆਪਣੀ ਪਹਿਲ ਪਲੇਠੀ ਦੀ ਰਚਨਾ ਜੋ ਕੁਝ ਸਤਰਾਂ ਦੀ ਕਵਿਤਾ ਸੀ, ਉਸ ਨੇ ਆਪਣੇ ਨਾਂ ਨਾਲ ਸੁਰਸਿੰਘ ਲਿਖ ਕੇ ਹੀ ਅਖਬਾਰ ਵਿਚ ਛਪਵਾਈ ਸੀ। ਪਿੰਡ ਦੇ ਇੱਕ ਬਜ਼ੁਰਗ ਨੇ ਅਖਬਾਰ ਵਿਚ ਲੇਖਕ ਦੇ ਨਾਂ ਨਾਲ ਲੱਗਾ ‘ਸੁਰਸਿੰਘ’ ਪੜ੍ਹਿਆ ਤਾਂ ਪਤਾ ਨਾ ਲੱਗੇ ਕਿ ਇਹ ਵਰਿਆਮ ਸਿੰਘ ਕੌਣ ਹੈ? ਕਿਸੇ ਨੇ ਦੱਸਿਆ ਕਿ ਦੀਦਾਰ ਸਿੰਘ ਦਾ ਲੜਕਾ ਵਰਿਆਮ ਵੀ ਕਵਿਤਾਵਾਂ ਲਿਖਦੈ। ਵਰਿਆਮ ਸਕੂਲੋਂ ਪੜ੍ਹ ਕੇ ਘਰ ਨੂੰ ਆ ਰਿਹਾ ਸੀ ਕਿ ਰਾਹ ਵਿਚ ਉਹ ਬਜ਼ੁਰਗ ਮਿਲ ਗਿਆ। ਤਸਦੀਕ ਹੋ ਗਿਆ ਕਿ ਕਵਿਤਾ ਇਸੇ ‘ਸੁਰਸਿੰਘੀਏ’ ਨੇ ਲਿਖੀ ਸੀ। ਬਜ਼ੁਰਗ ਨੇ ਆਪਣੇ ਪਿੰਡ ਦੇ ਅੱਲੜ੍ਹ ਪਾੜ੍ਹੇ ਵਰਿਆਮ ਨੂੰ ਪਿਆਰ ਨਾਲ ਥਾਪੜਾ ਦਿੱਤਾ ਤੇ ਇਹ ਕਹਿ ਕੇ ਉਚੇਚੀ ਪ੍ਰਸ਼ੰਸਾ ਕੀਤੀ ਕਿ ਉਸ ਨੇ ਸੁਰਸਿੰਘ ਦੇ ਨਾਂ ਨੂੰ ਹੋਰ ਚਮਕਾ ਦਿੱਤੈ। ਬਜ਼ੁਰਗ ਤੋਂ ਮਿਲੇ ‘ਥਾਪੜੇ’ ਨੂੰ ਵਰਿਆਮ ਸੰਧੂ ਹੁਣ ਤਕ ਮਿਲੇ ਸਭਨਾਂ ਮਾਣ-ਸਨਮਾਨਾਂ ਤੋਂ ਕਿਤੇ ਵੱਡਾ ‘ਸਨਮਾਨ’ ਸਮਝਦੈ! ਭਾਰਤੀ ਸਾਹਿਤ ਅਕੈਡਮੀ ਦੇ ਇਨਾਮ ਤੋਂ ਵੀ ਵੱਡਾ! ‘ਸੁਰਸਿੰਘ’ ਦਾ ਉਹ ‘ਥਾਪੜਾ’ ਉਸ ਤੋਂ ਲਗਾਤਾਰ ਲਿਖਵਾਈ ਜਾ ਰਿਹੈ। ਇਥੋਂ ਤਕ ਕਿ ਚੱਕਾ ਜਾਮ ਹੋਣ ‘ਤੇ ਵੀ ਲਿਖੀ ਜਾ ਰਿਹੈ!
1980 ਦੇ ਆਸ-ਪਾਸ ਮੈਂ ਪਹਿਲਵਾਨ ਕਰਤਾਰ ਸਿੰਘ ਬਾਰੇ ‘ਸੁਰਸਿੰਘੀਆ ਕਰਤਾਰ’ ਸਿਰਲੇਖ ਹੇਠ ਉਹਦਾ ਰੇਖਾ ਚਿੱਤਰ ਲਿਖਿਆ ਸੀ। ਜਿਵੇਂ-ਜਿਵੇਂ ਉਹ ਹੋਰ ਮੱਲਾਂ ਮਾਰਦਾ ਗਿਆ, ਮੈਂ ਉਹਦੇ ਬਾਰੇ ਅਖਬਾਰਾਂ/ਰਸਾਲਿਆਂ ਵਿਚ ਲਿਖਦਾ ਰਿਹਾ। ਫਿਰ ਉਸ ਦੇ ਦੋਸਤਾਂ-ਮਿੱਤਰਾਂ ਵੱਲੋਂ ਸੁਨੇਹੇ ਮਿਲਣ ਲੱਗੇ, ਪਈ ਮੈਂ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ਲਿਖਾਂ। ਮੈਂ ਇਹ ਕਹਿ ਕੇ ਗੇਂਦ ਸੁਰਸਿੰਘ ਵੱਲ ਰੇੜ੍ਹ ਦਿੰਦਾ ਕਿ ਵਰਿਆਮ ਸੰਧੂ ਕਰਤਾਰ ਦਾ ਗਰਾਈਂ ਹੈ ਤੇ ਉਹ ਸੁਰਸਿੰਘ ਦੇ ਕਰਤਾਰ ਬਾਰੇ ਮੈਥੋਂ ਕਿਤੇ ਬਿਹਤਰ ਲਿਖ ਸਕਦੈ। ਅੱਗੋਂ ਵਰਿਆਮ ਗੇਂਦ ਮੇਰੇ ਵੱਲ ਰੇੜ੍ਹ ਦਿੰਦਾ ਕਿ ਸਰਵਣ ਸਿੰਘ ਖੇਡ ਲੇਖਕ ਹੈ ਤੇ ਕਿਸੇ ਖਿਡਾਰੀ ਬਾਰੇ ਉਹ ਬਿਹਤਰ ਲਿਖ ਸਕਦੈ। ਇੰਜ ਕਰਤਾਰ ਦੀ ਜੀਵਨੀ ਲਿਖਣੀ ਸਾਲ ਦਰ ਸਾਲ, ਦਸ ਸਾਲ ਪਛੜ ਗਈ। ਅਖੀਰ ਵਰਿਆਮ ਨੇ ਹੀ ਇਹ ਕਾਰਜ ਨੇਪਰੇ ਚਾੜ੍ਹਿਆ।
ਕਰਤਾਰ ਦੀ ਜੀਵਨੀ ‘ਕੁਸ਼ਤੀ ਦਾ ਧਰੂ-ਤਾਰਾ ਕਰਤਾਰ’ ਨੇ ਵਰਿਆਮ ਨੂੰ ਜਿੰਨਾ ਮਾਣ-ਸਨਮਾਨ ਦੁਆਇਆ, ਉਹਦਾ ਕੋਈ ਹੱਦ ਬੰਨਾ ਨਾ ਰਿਹਾ। ਉਹ ਮਾਣ ਨਾਲ ਦੱਸਦੈ ਕਿ ਬਾਕੀ ਸਾਰੀਆਂ ਪੁਸਤਕਾਂ ਦੀ ਰਾਇਲਟੀ ਨਾਲੋਂ ‘ਕੱਲੀ ਕਰਤਾਰ ਸਿੰਘ ਦੀ ਜੀਵਨੀ ਕਿਤੇ ਵੱਧ ਪੈਸੇ ਤੇ ਮਾਣ ਸਨਮਾਨ ਦੁਆ ਗਈ। ਇਹ ਜਾਣ ਕੇ ਕਈ ਹੈਰਾਨ ਹੋਣਗੇ ਕਿ ਇਸ ਜੀਵਨੀ ਤੋਂ ਵਰਿਆਮ ਨੂੰ ਛੇ-ਸੱਤ ਲੱਖ ਰੁਪਈਏ ਤਾਂ ਮਿਲ ਵੀ ਚੁਕੇ ਨੇ ਅਤੇ ਹੋਰ ਪਤਾ ਨਹੀਂ ਕਿੰਨੇ ਮਿਲਣਗੇ? ਛਿੰਝਾਂ ‘ਤੇ ਹੁੰਦਾ ਮਾਣ-ਸਨਮਾਨ ਵਾਧੂ ਦਾ! ਇਹ ਜੀਵਨੀ ਹਿੰਦੀ ਵਿਚ ਵੀ ਛਪ ਚੁਕੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਅੰਗਰੇਜ਼ੀ ਵਿਚ ਵੀ ਛਪੇਗੀ।
ਇਸ ਪੁਸਤਕ ਦੇ ਮੁੱਖ ਬੰਦ ‘ਸੱਜਣਾਂ ਦੇ ਸਨਮੁੱਖ’ ਸਿਰਲੇਖ ਹੇਠ ਵਰਿਆਮ ਸੰਧੂ ਲਿਖਦੈ, “ਕਰਤਾਰ ਭਲਵਾਨ ਮੇਰਾ ਗਰਾਈਂ ਹੈ। ਅੰਮ੍ਰਿਤਸਰ ਜ਼ਿਲ੍ਹੇ (ਵੰਡ ਤੋਂ ਪਹਿਲਾਂ ਲਾਹੌਰ) ਦੇ ਵੱਡੇ ਅਤੇ ਇਤਿਹਾਸਕ ਪਿੰਡ ਸੁਰਸਿੰਘ ਦਾ ਜੰਮਪਲ। ਸਿੱਖ ਗੁਰੂਆਂ, ਸਿੱਖ ਸੂਰਮਿਆਂ ਅਤੇ ਗਦਰੀ ਯੋਧਿਆਂ ਦੀਆਂ ਇਤਿਹਾਸਕ ਯਾਦਾਂ ਸੰਭਾਲੀ ਬੈਠਾ ਪਿੰਡ। ਭਲਵਾਨੀ ਦੇ ਖੇਤਰ ਵਿਚ ਕਰਤਾਰ ਨੇ ਇਸ ਦੇ ਇਤਿਹਾਸ ਨੂੰ ਇੱਕ ਹੋਰ ਨਵੀਂ ਦਿਸ਼ਾ ਦਿੱਤੀ ਹੈ।æææਮੈਂ ਕਰਤਾਰ ਨੂੰ ਬਚਪਨ ਤੋਂ ਜਾਣਦਾ ਸਾਂ, ਉਹਦੇ ਪਰਿਵਾਰ ਤੇ ਪਿਛੋਕੜ ਨੂੰ ਵੀ। ਮੈਂ ਉਸ ਨੂੰ ਪੋਟਾ-ਪੋਟਾ ਉਭਰਦਿਆਂ ਵੇਖਿਆ। ਉਸ ਦੇ ਜੀਵਨ ਦੇ ਮੁਢਲੇ ਸਾਲਾਂ ਦੀ ਮੈਨੂੰ ਪ੍ਰਮਾਣਿਕ ਜਾਣਕਾਰੀ ਸੀ, ਪਰ ਫਿਰ ਵੀ ਮੈਂ ਇਹ ਜੀਵਨੀ ਲਿਖਣ ਲਈ ਆਪਣੇ ਮਨ ਨੂੰ ਤਿਆਰ ਨਾ ਕਰ ਸਕਿਆ। ਪਹਿਲਾ ਕਾਰਨ ਤਾਂ ਇਹ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰਾ ਬੁਨਿਆਦੀ ਸ਼ੌਕ ਨਹੀਂ ਸੀ। ਦੂਜਾ, ਮੇਰੇ ਮਨ ਵਿਚ ਅਚੇਤ ਹੀ ਇਹ ਅਹਿਸਾਸ ਵੀ ਹੁੰਦਾ ਕਿ ਜਿੰਨਾ ਸਮਾਂ ਮੈਂ ਜੀਵਨੀ ਲਿਖਣ ਲਈ ਲਾਉਣਾ ਹੈ, ਓਨੇ ਚਿਰ ਵਿਚ ਮੈਂ ਕੋਈ ਸਿਰਜਣਾਤਮਕ ਲਿਖਤ ਕਿਉਂ ਨਾ ਲਿਖਾਂ! ਤੀਜਾ ਤੇ ਅਹਿਮ ਪਹਿਲੂ ਇਹ ਵੀ ਸੀ ਕਿ ਖੇਡ ਜਗਤ ਕੋਲ ਸਰਵਣ ਸਿੰਘ ਢੁੱਡੀਕੇ ਵਰਗੇ ਇਸ ਖੇਤਰ ਦੇ ਸ਼ਾਹ-ਸਵਾਰ ਤੇ ਮਾਣਯੋਗ ਲੇਖਕ ਵੀ ਸਨ। ਮੇਰੀ ਇੱਛਾ ਸੀ ਕਿ ਕਰਤਾਰ ਦੀ ਜੀਵਨੀ ਸਰਵਣ ਸਿੰਘ ਹੀ ਲਿਖੇ। ਜਿੱਡਾ ਵੱਡਾ ਭਲਵਾਨ, ਓਡੇ ਉਚੇ ਪਾਏ ਦਾ ਖੇਡ ਲੇਖਕ।”
ਅਗਾਂਹ ਜਾ ਕੇ ਉਹ ਵੇਰਵਾ ਦਿੰਦੈ ਕਿ ਕਿਵੇਂ ਮੈਂ ਆਪਣੇ ਆਪ ਨੂੰ ਆਪਣੇ ਗਰਾਈਂ ਦੀ ਜੀਵਨੀ ਲਿਖਣ ਲਈ ਤਿਆਰ ਕੀਤਾ, “ਉਧਰੋਂ ਸਰਵਣ ਸਿੰਘ ਹੁਰਾਂ ਵੀ ਉਨ੍ਹਾਂ ਨੂੰ ਕਹਿ ਦਿੱਤਾ ਕਿ ਜੇ ਕਰਤਾਰ ਦੀ ਜੀਵਨੀ ਵਰਿਆਮ ਲਿਖੇ ਤਾਂ ਹੋਰ ਕੀ ਚਾਹੀਦਾ ਹੈ।”
“æææਕਰਤਾਰ ਕੋਲ ਬੈਠਿਆਂ ‘ਭਾ ਜੀ ਕੱਢੋ ਟੈਮ’ ਬਾਰੇ ਮੈਂ ਅਜੇ ਹੱਸ ਕੇ ਪਹਿਲਾਂ ਵਾਂਗ ਹੀ ਹਾਸੇ ਵਿਚ ਗੱਲ ਗਵਾਉਣ ਲੱਗਾ ਸਾਂ ਕਿ ਕੋਲੋਂ ਮੇਰੀ ਪਤਨੀ ਰਜਵੰਤ ਕਰਤਾਰ ਨੂੰ ਕਹਿਣ ਲੱਗੀ, ‘ਭਾ ਜੀ! ਕੱਢਣਗੇ ਟੈਮæææਟਾਈਮ ਹੁੰਦਾ ਕਿਥੇ ਆ! ਟੈਮ ਤਾਂ ਸਦਾ ਕੱਢਣਾ ਈ ਪੈਂਦੈæææਲਿਖਣਗੇ, ਲਿਖਣਗੇ ਕਿਉਂ ਨਹੀਂ? ਆਪਣੇ ਭੈਣ-ਭਰਾ ਲਈ ਨਹੀਂ ਲਿਖਣਾ ਤਾਂ ਕੀਹਦੇ ਲਈ ਲਿਖਣਾ, ਜ਼ਰੂਰ ਲਿਖਣਗੇ।’ ਉਧਰੋਂ ਹਟ ਕੇ ਉਹ ਮੇਰੇ ਵੱਲ ਹੋਈ, ‘ਤੁਸੀਂ ਵੀ ਕੀ ਕਰਦੇ ਓ! ਕਰੋ ਕੰਮ ਹੁਣ। ਤੁਸੀਂ ਫਿਕਰ ਨਾ ਕਰੋ ਭਾ ਜੀ, ਕੱਢਣਗੇ ਟੈਮ ਇਹ। ਕੱਢਣਗੇ ਕਿਉਂ ਨਹੀਂ?æææਕਰਤਾਰ ਬਾਰੇ ਲਿਖਣਾ ਆਪਣੇ ਪਿਆਰੇ ਪਿੰਡ ਬਾਰੇ ਲਿਖਣਾ ਵੀ ਤਾਂ ਹੈ।æææਪਿੰਡੋਂ ਜਲੰਧਰ ਆ ਵੱਸਣ ਕਰਕੇ ਉਸ ਦੇ ਮਨ ਵਿਚ ਪਿੰਡ ਦਾ ਮੋਹ ਹੋਰ ਵੀ ਉਮਡ ਆਇਆ ਸੀ। ਮੈਂ ਹੁਣ ਕੁਝ ਵੀ ਕਹਿਣ ਜੋਗਾ ਨਹੀਂ ਸਾਂ। ਮੈਂ ਹਥਿਆਰ ਸੁੱਟ ਦਿੱਤੇ। ਰਜਵੰਤ ਵੀ ਉਥੇ ਸਕੂਲ ਅਧਿਆਪਕਾ ਸੀ। ਪਿੰਡ ਦੇ ਲੋਕਾਂ ਵੱਲੋਂ ਧੀ-ਭੈਣ ਵਾਂਗ ਮਿਲਿਆ ਪਿਆਰ ਸਤਿਕਾਰ ਉਹਨੂੰ ਅੱਜ ਵੀ ਝਕਝੋਰ ਗਿਆ। ਕਰਤਾਰ ਬਾਰੇ ਲਿਖਣਾ ਉਸ ਨੂੰ ਅੱਧੇ ਆਪਣੇ ਪੇਕਿਆਂ ਦੇ ਪਿੰਡ (ਢਿੱਲੋਆਂ ਦਾ ਪਿੰਡ ਹੋਣ ਕਰਕੇ) ਤੇ ਅੱਧੇ ਸਹੁਰਿਆਂ ਦੇ (ਸੰਧੂਆਂ ਵੱਲ ਵਿਆਹੀ ਹੋਣ ਕਰਕੇ) ਪਿੰਡ ਬਾਰੇ ਲਿਖਣ ਵਾਂਗ ਲੱਗਦਾ ਸੀ। ਉਸ ਪਿੰਡ ਦੀ ਮੁਹੱਬਤ ਦਾ ਕਰਜ਼ਾ ਲਾਹੁਣ ਵਾਂਗ ਲੱਗਦਾ ਸੀ।”
ਇੰਜ ਸੁਰਸਿੰਘ ਸਭ ਕਾਸੇ ਦੇ ਉਤੋਂ ਦੀ ਪੈ ਗਿਆ ਸੀ।
ਮੁੱਖ ਬੰਦ ਦੇ ਅੰਤ ਵਿਚ ਕਹਾਣੀਆਂ ਦੇ ਅੰਤ ਕਰਨ ਵਾਂਗ ਉਸ ਨੇ ‘ਵਰਿਆਮ ਸ਼ੈਲੀ’ ਦਾ ਅਦਭੁਤ ਨਮੂਨਾ ਵੀ ਵਿਖਾਇਆ: 1978 ਵਿਚ ਜਦੋਂ ਕਰਤਾਰ ਪਹਿਲੀ ਵਾਰ ਬੈਂਕਾਕ ਤੋਂ ਸੋਨ ਤਮਗਾ ਜਿੱਤ ਕੇ ਲਿਆਇਆ ਤਾਂ ਕਰਤਾਰ ਦਾ ਪੂਰੇ ਪਿੰਡ ਵੱਲੋਂ ਭਰਪੂਰ ਆਦਰ ਸਨਮਾਨ ਕੀਤਾ ਗਿਆ। ਕਰਤਾਰ ਤੇ ਉਹਦੇ ਨਾਲ ਆਏ ਭਲਵਾਨਾਂ ਤੇ ਕੋਚਾਂ ਨੂੰ ਸਵਾਗਤੀ ਕਮੇਟੀ ਵੱਲੋਂ ਤੁਛ ਭੇਟਾ ਦਿੰਦਿਆਂ ਮੈਂ ਇਕ ਗੱਲ ਸੁਣਾਈ-ਮੇਰਾ ਇਕ ਮਾਮਾ ਆਪਣੇ ਵੇਲਿਆਂ ਦਾ ਚੰਗਾ ਭਲਵਾਨ ਸੀ। ਇਕ ਵਾਰ ਉਹ ਆਪਣੇ ਪਿੰਡੋਂ ਵੀਹ-ਤੀਹ ਕੋਹ ਦੂਰ ਕਿਸੇ ਦੂਸਰੇ ਪਿੰਡ ਛਿੰਝ ‘ਤੇ ਘੁਲਣ ਲਈ ਗਿਆ। ਉਹਦੇ ਹੀ ਪਿੰਡ ਦਾ ਕੋਈ ਹੋਰ ਬੰਦਾ, ਜੋ ਛਿੰਝ ਵਾਲੇ ਪਿੰਡ ਦੇ ਨੇੜੇ ਕਿਸੇ ਰਿਸ਼ਤੇਦਾਰੀ ਦੇ ਮਿਲਣ-ਗਿਲਣ ਗਿਆ ਹੋਇਆ ਸੀ, ਉਹ ਵੀ ਘੋਲ ਵੇਖਣ ਲਈ ਉਥੇ ਆਇਆ ਹੋਇਆ ਸੀ। ਜਦੋਂ ਮੇਰਾ ਮਾਮਾ ਦੂਜੇ ਭਲਵਾਨ ਨਾਲ ਘੁਲ ਰਿਹਾ ਸੀ ਤਾਂ ਉਹਦੇ ਪਿੰਡ ਦਾ ਵਸਨੀਕ ਨਾਲ-ਨਾਲ ਹੀ ਘੁਲ ਰਿਹਾ ਸੀ, ਆਪਣੇ ਮਨ ਵਿਚ। ਆਪਣੇ ਭਲਵਾਨ ਦੇ ਵੱਜਦੇ ਦਾਅ ਨਾਲ ਹੀ ਉਹ ਉਛਲਦਾ ਤੇ ਦੂਜੇ ਭਲਵਾਨ ਦੇ ਵੱਜਦੇ ਦਾਅ ਨਾਲ ਉਸ ਦਾ ਸਾਹ ਸੂਤਿਆ ਜਾਂਦਾ। ਆਖਰ ਜਦੋਂ ਮੇਰੇ ਮਾਮੇ ਨੇ ਵਿਰੋਧੀ ਭਲਵਾਨ ਨੂੰ ਧਰਤੀ ‘ਤੇ ਪਿੱਠ ਪਰਨੇ ਸੁੱਟ ਲਿਆ ਤਾਂ ਉਹਦੇ ਗਰਾਈਂ ਨੇ ਧਰਤੀ ਤੋਂ ਤਿੰਨ ਫੁੱਟ ਉਚੀ ਛਾਲ ਮਾਰੀ ਤੇ ਸੰਤੋੜ ਮੇਰੇ ਮਾਮੇ ਵੱਲ ਭੱਜ ਉਠਾ। ਜਾ ਕੇ ਮੇਰੇ ਮਾਮੇ ਨੂੰ ਹਿੱਕ ਨਾਲ ਘੁੱਟ ਕੇ ਧਰਤੀ ਤੋਂ ਉਚਾ ਚੁੱਕ ਲਿਆ। ਪਿੱਛੋਂ ਆਪਣੀ ਜੇਬ ਵਿਚ ਹੱਥ ਮਾਰਿਆ। ਗਰੀਬ ਜੱਟ ਸੀ। ਉਦੋਂ ਲੋਕਾਂ ਕੋਲ ਪੈਸੇ ਹੁੰਦੇ ਵੀ ਕਿੱਥੇ ਸਨ! ਜੇਬ ਵਿਚੋਂ ਸਿਰਫ ਇਕ ਅਠਿਆਨੀ ਨਿਕਲੀ। ਉਸ ਨੇ ਉਹ ਅਠਿਆਨੀ ਮੇਰੇ ਮਾਮੇ ਦੀ ਮੁੱਠ ਵਿਚ ਦਿੱਤੀ ਤੇ ਫਿਰ ਉਹਦੀ ਮੁੱਠ ਮੀਚਦਿਆਂ ਕਹਿਣ ਲੱਗਾ, “ਬਘੇਲ ਸਿਅ੍ਹਾਂ! ਇਹ ਮੁੱਠ ਮੀਟੀ ਰੱਖ! ਇਹ ਨਾ ਵੇਖ ਇਹਦੇ ਵਿਚ ਹੈ ਕੀæææਮੇਰੇ ਕੋਲ ਹੈ ਈ ਇਹੋ ਕੁਝ ਸੀ ਵੀਰ ਮੇਰਿਆ। ਮੇਰੇ ਕੋਲੋਂ ਤੇਰੇ ਜਿੱਤਣ ਦਾ ਚਾਅ ਠੱਲ੍ਹਿਆ ਈ ਨਹੀਂ ਗਿਆ, ਬੱਸ ਇਸ ਚਾਅ ‘ਚ ਈ ਭੱਜਾ ਆਇਆਂ! ਤੂੰ ਸਾਡਾ ਖੂਨ ਐਂ, ਸਾਡੀ ਆਪਣੀ ਦੇਹ ਜਾਨ। ਤੈਨੂੰ ਦੇਣ ਲਈ ਮੇਰੇ ਕੋਲ ਖੁੱਲ੍ਹੀਆਂ ਬਾਹਵਾਂ ਦਾ ਢੇਰਾਂ ਦਾ ਢੇਰ ਪਿਆਰ ਹੈ, ਇਸ ਲਈ ਤੂੰ ਇਹ ਮੁੱਠੀ ਬੰਦ ਹੀ ਰੱਖ ਤੇ ਮੇਰੇ ਖੁੱਲ੍ਹੇ ਹੋਏ ਦਿਲ ਵੱਲ ਵੇਖ!”
ਤੇ ਬਘੇਲ ਸਿੰਘ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ। ਆਪਣੇ ਗਰਾਈਂ ਨੂੰ, ਜਿਹੜਾ ਪਿੰਡੋਂ ਵੀਹ ਕੋਹ ਦੂਰ, ਉਹਦਾ ਸਭ ਤੋਂ ਪਹਿਲਾ ਬਣ ਕੇ ਉਹਦੀ ਜਿੱਤ ਦੀ ਖੁਸ਼ੀ ਵਿਚ ਉਛਲਿਆ ਸੀ। ਇਸ ਭਰੱਪਣ ‘ਚ ਭਿੱਜ ਕੇ ਦੋਹਾਂ ਸ਼ਰੀਕ ਭਰਾਵਾਂ ਦੀਆਂ ਅੱਖਾਂ ਸਿਲ੍ਹੀਆਂ ਹੋ ਗਈਆਂ!
ਇਹ ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, “ਭਲਵਾਨ ਜੀ, ਮੈਂ ਅਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖੁਸ਼ੀ ਵਿਚ ਮਾਣ-ਸਨਮਾਨ ਵਜੋਂ ਜੋ ਕੁਝ ਤੁਹਾਨੂੰ ਭੇਟ ਕਰ ਰਹੇ ਹਾਂ, ਉਹ ਤਾਂ ਤੁਸੀਂ ਮੁੱਠੀ ਵਿਚ ਬੰਦ ਹੀ ਰੱਖੋ, ਉਹਨੂੰ ਖੋਲ੍ਹ ਕੇ ਨਾ ਵੇਖੋ ਕਿ ਇਸ ਵਿਚ ਕੀ ਹੈ। ਵੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਵੇਖੋ, ਸਾਡਾ ਚਾਅ ਵੇਖੋ, ਸਾਡਾ ਮਾਣ ਵੇਖੋ।”
ਅੱਜ ਉਸੇ ਹੀ ਪਿਆਰ ਤੇ ਮਾਣ ਵਿਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿਚ ਦੇ ਕੇ ਕਹਿਣਾ ਚਾਹੁੰਦਾ ਹਾਂ, “ਭਲਵਾਨ ਜੀ! ਅੱਜ ਆਪਣੀਆਂ ਉਨ੍ਹਾਂ ਮੁੱਠਾਂ ਨੂੰ ਖੋਲ੍ਹੋ ਤੇ ਇਸ ਪੁਸਤਕ ਨੂੰ ਵੇਖੋ ਤੇ ਵਿਖਾਓ ਵੀ, ਜਿਸ ਵਿਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!”
ਅਖੀਰ ਵਿਚ ਮੈਂ ਆਪਣੇ ਮਹਾਨ ਪਿੰਡ ਸੁਰਸਿੰਘ ਅੱਗੇ ਆਪਣਾ ਸੀਸ ਨਿਵਾਉਂਦਾ ਹਾਂ ਜਿਸ ਦੀ ਮੁਹੱਬਤ ਨੇ ਆਪਣੇ ਇਸ ਮਹਾਨ ਪੁੱਤ ਬਾਰੇ ਆਪਣੇ ਇਸ ਲੇਖਕ ਪੁੱਤ ਕੋਲੋਂ ਕੁਝ ਸ਼ਬਦ ਲਿਖਵਾਏ ਹਨ।
ਮੇਰੇ ਪਿਆਰੇ ਤੇ ਮਾਣ-ਮੱਤੇ ਪਿੰਡ!
ਮੇਰੇ ਪਿੰਡ ਦੇ ਪਿਆਰੇ ਤੇ ਮੋਹ-ਭਿੱਜੇ ਲੋਕੋ!
ਇਤਿਹਾਸ ਬਣਾਉਣ ਵਾਲੇ ਤੇ ਇਤਿਹਾਸ ਲਿਖਣ ਵਾਲੇ ਤੁਹਾਡੇ ਬੱਚੇ ਤੁਹਾਡੇ ਵਿਹੜਿਆਂ ਵਿਚ ਪਲਦੇ ਤੇ ਖੇਡਦੇ ਰਹਿਣ। ਤੇ ਫਿਰ ਇਕ ਦਿਨ ਇੰਜ ਹੀ ਚਮਕ ਉਠਣ, ਉਚੇ ਨੀਲੇ ਅੰਬਰਾਂ ਵਿਚ ਧਰੂ ਤਾਰਾ ਬਣ ਕੇ, ਤੁਹਾਡੇ ਕਰਤਾਰ ਵਾਂਗ। ਆਮੀਨ! 4-7-1996

ਵਰਿਆਮ ਆਪਣੇ ਲੱਛੇਦਾਰ ਭਾਸ਼ਣਾਂ ਵਿਚ ਇਹ ਦੱਸਣੋਂ ਨਹੀਂ ਰਹਿੰਦਾ: ਸਾਡੇ ਪਿੰਡ ਦਾ ਪੁਰਾਣਾ ਇਤਿਹਾਸ ਬੜਾ ਗੌਰਵਮਈ ਰਿਹਾ ਹੈ। ਮੈਂ ਅਕਸਰ ਬੜੇ ਮਾਣ ਨਾਲ ਆਪਣੇ ਪਿੰਡ ਦੇ ਇਸ ਵਿਰਾਸਤੀ ਗੌਰਵ ਦੀ ਵਡਿਆਈ ਕਰਦਾ ਰਹਿੰਨਾਂ। ਸੁਰਸਿੰਘ ਦਾ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਹੀ ਮਾਣਯੋਗ ਸਥਾਨ ਹੈ| ਗੁਰੂ ਕਾਲ ਦੇ ਮੁਢਲੇ ਦਿਨਾਂ ਤੋਂ ਇਸ ਦੀ ਸਿੱਖੀ ਦੀ ਵਿਰਾਸਤੀ ਸ਼ਾਨ ਨਾਲ ਸਾਂਝ ਰਹੀ ਹੈ। ਭਾਈ ਬਿਧੀ ਚੰਦ, ਟੁੱਟੀ ਗੰਢਣ ਵਾਲੇ ਭਾਈ ਮਹਾਂ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਏ ਦੇ ਬਾਪ-ਦਾਦੇ ਦਾ ਇਹੋ ਪਿੰਡ ਹੈ। ਅਕਾਲ ਤਖਤ ‘ਤੇ ਪਹਿਲੀ ਵਾਰ ਢਾਡੀ ਵਾਰਾਂ ਗਾਉਣ ਵਾਲੇ ਭਾਈ ਨੱਥੇ ਤੇ ਅਬਦੁੱਲੇ ਦਾ ਪਿੰਡ। ਹਰਿਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਆਪਣੀ ਨਿਗਰਾਨੀ ਵਿਚ ਤਿਆਰ ਕਰਵਾਉਣ ਵਾਲੇ ਭਾਈ ਦੇਸ ਰਾਜ ਦਾ ਪਿੰਡ। ਗਦਰ ਲਹਿਰ ਵਿਚ ਫਾਂਸੀ ਦੇ ਰੱਸੇ ਚੁੰਮਣ, ਕਾਲੇ-ਪਾਣੀ ਦੀਆਂ ਉਮਰ ਕੈਦਾਂ ਭੋਗਣ ਵਾਲੇ ਸਭ ਤੋਂ ਵੱਧ ਸੂਰਮੇ ਵੀ ਏਸੇ ਪਿੰਡ ਵਿਚੋਂ ਨਿੱਤਰੇ। ਕਿਸੇ ਵੀ ਲੇਖਕ ਦੇ ਪਿਛੋਕੜ ਤੇ ਇਲਾਕਾਈ ਇਤਿਹਾਸ ਦਾ ਉਹਦੀ ਮਾਨਸਿਕ ਉਣਤਰ-ਬਣਤਰ ਵਿਚ ਬੜਾ ਵੱਡਾ ਯੋਗਦਾਨ ਹੁੰਦਾ ਹੈ। ਇਸ ਇਤਿਹਾਸ ਨੂੰ ਮੈਂ ਬਚਪਨ ਤੋਂ ਹੀ ਆਪਣੇ ਪਿੰਡ ਵਿਚ ਲੱਗਦੇ ਧਾਰਮਿਕ ਦੀਵਾਨਾਂ ਸਮੇਂ ਰਾਗੀਆਂ-ਢਾਡੀਆਂ ਕੋਲੋਂ ਸੁਣਦਾ ਰਿਹਾਂ। ਇਸ ਕਰਕੇ ਸਿੱਖੀ ਦਾ ਜ਼ੁਲਮ ਵਿਰੁਧ ਲੜਨ ਦਾ ਤੇ ਸੱਚੇ ਇਨਸਾਨ ਬਣ ਕੇ ਸਰਬੱਤ ਦਾ ਭਲਾ ਚਾਹੁਣ ਦਾ ਤਸੱਵਰ ਮੈਨੂੰ ਏਸੇ ਵਿਰਾਸਤ ਵਿਚੋਂ ਮਿਲਿਆ ਤੇ ਇਸ ਨੇ ਮੇਰੇ ਅੰਦਰ ਸਵੈਮਾਣ ਦੇ ਅੰਸ਼ ਭਰਨ ਵਿਚ ਵੀ ਰੋਲ ਨਿਭਾਇਆ।
ਇਹ ਸਹੀ ਹੈ ਕਿ ਕਿਸੇ ਵੀ ਲੇਖਕ ਦਾ ਬਚਪਨ ਜਿਹੋ ਜਿਹੇ ਵਿਰਸੇ ਤੇ ਵਾਤਾਵਰਣ ਵਿਚ ਬੀਤਦੈ, ਉਹ ਉਹਦੇ ਜੀਵਨ ਤੇ ਉਹਦੀ ਲਿਖਤ ਉਤੇ ਬੜਾ ਅਸਰ ਪਾਉਂਦੈ। ਵਰਿਆਮ ਸੰਧੂ ਦਾ ਬਚਪਨ ਨਿਮਨ ਕਿਸਾਨੀ ਦੀਆਂ ਤੰਗੀਆਂ ਤੁਰਸ਼ੀਆਂ ਪਰ ਜਟਕੀ ‘ਹਉਂ’ ਵਿਚ ਲੰਘਿਆ। ਉਹ ਆਪਣੀ ਸਵੈ-ਜੀਵਨੀ ਵਿਚ ਲਿਖਦੈ: ਮੇਰੀ ਭੂਆ ਦੀਆਂ ਦੋ ਧੀਆਂ ਦੇ ਇੱਕੋ ਸਮੇਂ ਕੀਤੇ ਵਿਆਹਾਂ ਉਤੇ ਉਸ ਦੇ ਇਕਲੌਤੇ ਭਰਾ, ਮੇਰੇ ਪਿਓ ਵੱਲੋਂ, ‘ਬਣ-ਠਣ’ ਕੇ ਜਾਣ ਦੇ ਸਭਿਆਚਾਰਕ ਮੁੱਲ ਨੇ ਸਾਡੀ ਕੁਝ ਜਮੀਨ ਗਹਿਣੇ ਪੁਆ ਦਿੱਤੀ ਸੀ। ਪਰਿਵਾਰ ਨੇ ਸੋਚਿਆ ਕਿ ਅਬੋਹਰ ਵਾਲੀ ਜਮੀਨ ਵੇਚ ਕੇ ਗਹਿਣੇ ਪਈ ਜਮੀਨ ਛੁਡਵਾ ਲਈ ਜਾਵੇ ਅਤੇ ਕੁਝ ਹੋਰ ਜਮੀਨ ਹੱਥ ਹੇਠਾਂ ਕਰ ਲਈ ਜਾਵੇ। ਬਾਪੂ ਚੰਦਾ ਸਿੰਘ ਉਂਜ ਵੀ ਬੁੱਢਾ ਹੋ ਰਿਹਾ ਸੀ। ਉਸ ਨੂੰ ਵੀ ਪਿਛਲੀ ਉਮਰੇ ਹੁਣ ਆਰਾਮ ਦੀ ਜ਼ਰੂਰਤ ਸੀ। ਅਬੋਹਰ ਵਾਲੀ ਜਮੀਨ ਵੇਚ ਕੇ ਉਹ ਸਾਡੇ ਕੋਲ ਸੁਰਸਿੰਘ ਆ ਗਿਆ। ਉਸ ਦਾ ਛੜਾ ਭਰਾ ਬਿਸ਼ਨ ਸਿੰਘ, ਜਿਹੜਾ ਬਾਪੂ ਕੋਲ ਅਬੋਹਰ ਰਹਿੰਦਾ ਸੀ, ਉਹ ਵੀ ਉਹਦੇ ਨਾਲ ਸੀ।
ਚੰਦਾ ਸਿੰਘ, ਬਿਸ਼ਨ ਸਿੰਘ, ਮੇਰੇ ਮਾਂ-ਪਿਓ ਅਤੇ ਅਸੀਂ ਪੰਜ ਭੈਣ-ਭਰਾ ਮਿਲ ਕੇ ਟੱਬਰ ਦੇ ਨੌਂ ਜੀਅ ਬਣਦੇ ਸਾਂ। ਇਨ੍ਹਾਂ ਹੀ ਦਿਨਾਂ ਵਿਚ ਅਸੀਂ ਬਾਪੂ ਹਕੀਕਤ ਸਿੰਘ ਨਾਲੋਂ ਜਾਂ ਉਹ ਸਾਡੇ ਨਾਲੋਂ ਘਰੋਂ ਅੱਡ ਹੋ ਗਿਆ। ਉਨ੍ਹਾਂ ਦੋਵਾਂ ਜੀਆਂ ਨੇ ਇੱਕ ਕੋਠੇ ਵਿਚ ਆਪਣਾ ਨਿਜੀ ਮਾਲ-ਅਸਬਾਬ ਧਰ ਲਿਆ ਅਤੇ ਵਿਹੜੇ ਦੀ ਇੱਕ ਨੁੱਕਰੇ ਮਾਂ ਹਰਨਾਮ ਕੌਰ ਨੇ ਆਪਣਾ ਚੌਂਤਰਾ ਬਣਾ ਲਿਆ। ਮਾਂ ਹਰਨਾਮ ਕੌਰ ਅਤੇ ਮੇਰੇ ਪਿਤਾ ਨੂੰ ਇਸ ਅੱਡ-ਅਡਾਈ ਦਾ ਬਹੁਤਾ ਦੁੱਖ ਸੀ। ਦੋਵਾਂ ਦਾ ਆਪਸ ਵਿਚ ਬਹੁਤ ਪਿਆਰ ਸੀ।
ਪਰ ਅਸਲੀਅਤ ਇਹ ਸੀ ਕਿ ਸਾਡਾ ਹੱਥ ਹੁਣ ਖੁੱਲ੍ਹਾ ਨਹੀਂ ਸੀ ਰਹਿ ਗਿਆ। ਮੇਰਾ ਪਿਓ ਮਾਰ-ਖੋਰਾ ਆਦਮੀ ਨਹੀਂ ਸੀ। ਉਹ ਵਾਹੀ ਵਿਚ ਜਾਨ ਮਾਰ ਕੇ ਕੰਮ ਨਹੀਂ ਸੀ ਕਰ ਸਕਦਾ। ਬਹੁਤਾ ਕੰਮ ਕਾਮੇ ਨੂੰ ਹੀ ਕਰਨਾ ਪੈਂਦਾ ਸੀ। ਅਬੋਹਰ ਵਾਲੀ ਜਮੀਨ ਦੇ ਪੈਸਿਆਂ ਨਾਲ ਅਸੀਂ ਗਹਿਣੇ ਪਈ ਜਮੀਨ ਛੁਡਵਾਈ। ਨਵੀਂ ਜੋਗ ਲਈ, ਬੋਤੀ ਖਰੀਦੀ, ਡਿਓੜ੍ਹੀ ਵਾਲੀ ਥਾਂ ‘ਤੇ ਵੱਡੀ ਪੱਕੀ ਬੈਠਕ ਬਣਵਾਈ। 1963-64 ਵਿਚ ਜਮੀਨਾਂ ਦੇ ਮੁੱਲ ਹੈ ਵੀ ਕਿੰਨੇ ਕੁ ਸਨ? ਸ਼ਾਇਦ ਤਿੰਨ ਕੁ ਹਜ਼ਾਰ ਰੁਪਏ ਪ੍ਰਤੀ ਏਕੜ ਨੂੰ ਜਮੀਨ ਵਿਕੀ ਸੀ। ਜਮੀਨ ਛੁਡਵਾ ਕੇ, ਬੈਠਕ ਬਣਾ ਕੇ ਤੇ ਕੁਝ ਹੋਰ ਉਤਲੇ-ਪੁਤਲੇ ਕੰਮਾਂ ‘ਤੇ ਪੈਸੇ ਖਰਚਣ ਤੋਂ ਬਾਅਦ ਤਿੰਨ ਕੁ ਹਜ਼ਾਰ ਰੁਪਿਆ ਬਚਿਆ ਸੀ ਜੋ ਅਸੀਂ ਪੱਟੀ ਦੇ ਸਟੇਟ ਬੈਂਕ ਆਫ ਪਟਿਆਲਾ ਵਿਚ ਜਮ੍ਹਾਂ ਕਰਵਾ ਦਿੱਤਾ। ਇਹ ਰੁਪਏ ਵੀ ਹੌਲੀ ਹੌਲੀ ਕਿਰਦੇ ਗਏ।
ਮਈ 1964 ‘ਚ ਵਰਿਆਮ ਸਿੰਘ ਪ੍ਰਾਇਮਰੀ ਅਧਿਆਪਕ ਲੱਗ ਗਿਆ। ਦੋ ਕੁ ਮਹੀਨੇ ਸਰਕਾਰੀ ਮਿਡਲ ਸਕੂਲ ਭੁੱਚਰ ਕਲਾਂ ਵਿਚ ਪੜ੍ਹਾ ਕੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਪੂਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਅਧਿਆਪਕ ਲੱਗਾ ਰਿਹਾ।
ਉਹ ਦੱਸਦੈ: ਇਨ੍ਹਾਂ ਸਾਲਾਂ ਵਿਚ ਹੀ ਪਹਿਲਾਂ ਬਾਪੂ ਬਿਸ਼ਨ ਸਿੰਘ ਅਤੇ ਸਾਲ-ਸਵਾ ਸਾਲ ਪਿੱਛੋਂ ਹੀ ਬਾਪੂ ਚੰਦਾ ਸਿੰਘ ਵਾਰੀ ਵਾਰੀ ਰੱਬ ਨੂੰ ਪਿਆਰੇ ਹੋ ਗਏ। ਮੇਰਾ ਪਿਓ ਫਿਰ ਇਕੱਲਾ ਰਹਿ ਗਿਆ। ਉਸ ਨੂੰ ਆਰਥਕ ਤੰਗੀ ‘ਚੋਂ ਪੈਦਾ ਹੋਏ ਵਿਸ਼ਾਦ ਨੇ ਘੇਰ ਲਿਆ ਤੇ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਅਫੀਮ ਅਤੇ ਮਰਨ ਤੋਂ ਦੋ-ਚਾਰ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਨੇ ਉਸ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਹ ਮੇਰੇ ਨਾਲ ਵੀ ਘੁੱਟਿਆ-ਵੱਟਿਆ ਰਹਿੰਦਾ। ਉਸ ਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਬਣਦਾ ਆਦਰ ਨਹੀਂ ਦਿੰਦਾ। ਇਹ ਕੁਝ ਹੱਦ ਤੱਕ ਸੱਚ ਵੀ ਸੀ। ਮੈਨੂੰ ਉਸ ਦਾ ਨਸ਼ੱਈ ਬਣ ਜਾਣ ਵਾਲਾ ਵਤੀਰਾ ਚੰਗਾ ਨਹੀਂ ਸੀ ਲੱਗਦਾ। ਮੈਂ ਆਪਣੀ ਤਨਖਾਹ ਵਿਚੋਂ ਘਰ ਵਿਚ ਖਰਚਣ ਲਈ ਜਿਹੜੇ ਪੈਸੇ ਬੀਬੀ ਦੇ ਹੱਥ ‘ਤੇ ਰੱਖਦਾ ਸਾਂ, ਉਹਨੂੰ ਇਸ ਦਾ ਵੀ ਰੋਸਾ ਸੀ। ਉਹ ਸੋਚਦਾ ਸੀ ਕਿ ਜੇ ਮੈਂ ਉਸ ਨੂੰ ਪਿਓ ਵਾਲਾ ਆਦਰ ਦਿੰਦਾ ਹੁੰਦਾ ਤਾਂ ਇਹ ਪੈਸੇ ਜ਼ਰੂਰ ਉਸ ਦੇ ਹੱਥ ਉਤੇ ਧਰਦਾ। ਮੇਰੀ ਜ਼ਿਦ ਸੀ ਕਿ ਜਿੰਨਾ ਚਿਰ ਉਹ ਸ਼ਰਾਬ ਨਹੀਂ ਛੱਡਦਾ, ਮੇਰਾ ਰਿਸ਼ਤਾ ਉਸ ਨਾਲ ਸੁਖਾਵਾਂ ਨਹੀਂ ਹੋ ਸਕਦਾ। ਉਸ ਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਵੀ, ਪਰ ਫਿਰ ਕੁਝ ਚਿਰ ਬਾਅਦ ਨਸ਼ਾ ਉਹਦੀ ਇੱਛਾ-ਸ਼ਕਤੀ ਨੂੰ ਢਾਹ ਲੈਂਦਾ। ਉਹ ਇਸ ਦੀ ਜਕੜ ਵਿਚ ਆ ਜਾਂਦਾ। ਹੁਣ ਮੈਂ ਵੀ ਸੋਚਦਾ ਹਾਂ ਕਿ ਜੇ ਮੈਂ ਉਸ ਨਾਲ ਮੋਹ-ਪਿਆਰ ਨਾਲ ਵਰਤਦਾ, ਉਸ ਨੂੰ ਮਾਨਸਿਕ ਸੁਰੱਖਿਆ ਦਿੰਦਾ ਅਤੇ ਉਸ ਤੋਂ ਦੂਰ ਨਾ ਹੁੰਦਾ ਤਾਂ ਉਹ ਜ਼ਰੂਰ ਆਪਣੇ ਉਤੇ ਕਾਬੂ ਪਾ ਸਕਦਾ ਸੀ। ਪਰ ਅਜਿਹਾ ਹੋ ਨਾ ਸਕਿਆ। ਫਲਸਰੂਪ ਮੇਰਾ ਪਿਤਾ 45-46 ਸਾਲ ਦੀ ਉਮਰ ਵਿਚ ਦਿਮਾਗ ਦੀ ਨਾਲੀ ਫਟਣ ਕਰ ਕੇ ਸਦਾ ਲਈ ਸਾਥੋਂ ਵਿਛੜ ਗਿਆ।
ਅੱਜ ਸਮੇਂ ਦੀ ਵਿੱਥ ਤੋਂ ਲੱਗਦਾ ਹੈ ਕਿ ਛੋਟੀ ਉਮਰ ਤੋਂ ਹੀ ਉਸ ਦੇ ਅੰਦਰ ਇੱਕ ਡੂੰਘਾ ਖਲਾਅ ਪਸਰ ਗਿਆ ਸੀ। ਮਾਂ ਦੀ ਮੌਤ ਹੋ ਜਾਣੀ, ਪਿਓ ਦਾ ਪਿਆਰ ਖੁੱਸ ਜਾਣਾ, ‘ਆਪਣੇ ਘਰ’ ਤੋਂ ਵਿਛੁੰਨੇ ਜਾਣਾ। ਮਾਮਾ-ਮਾਮੀ ਜਿੰਨਾ ਮਰਜ਼ੀ ਪਿਆਰ ਕਰਦੇ ਰਹੇ ਹੋਣ, ਉਨ੍ਹਾਂ ਦੇ ਘਰ ਵਿਚ ਜਿੰਨੀ ਮਰਜ਼ੀ ਸੁੱਖ-ਸਹੂਲਤ ਮਿਲੀ ਹੋਵੇ, ਪਰ ਦਿਲ ਦੀਆਂ ਧੁਰ-ਡੁੰਘਾਣਾਂ ਤੋਂ ਆਪਣੇ ਮਾਪਿਆਂ ਅਤੇ ਆਪਣੇ ਘਰ ਦਾ ਵਿਗੋਚਾ ਉਸ ਦੇ ਕਾਲਜੇ ਦੀ ਪੀੜ ਬਣ ਕੇ ਰਹਿ ਗਿਆ ਸੀ। ਆਪਣੇ ਮਾਂ-ਪਿਓ ਦਾ ਤਾਂ ਝਿੜਕਣਾ-ਮਾਰਨਾ ਵੀ ਬੱਚਾ ਅਗਲੇ ਪਲ ਭੁੱਲ ਜਾਂਦਾ ਹੈ ਪਰ ਮਾਮੇ-ਮਾਮੀ ਦਾ ਜਾਇਜ਼ ਝਿੜਕਣਾ ਵੀ ਚੇਤੇ ਕਰਵਾ ਦਿੰਦਾ ਹੈ, ‘ਮੈਂ ਇਨ੍ਹਾਂ ਦਾ ਅਸਲੀ ਪੁੱਤ ਨਹੀਂ ਨਾ! ਇਸੇ ਕਰਕੇ ਮੇਰੇ ਨਾਲ ਇਹ ਸਲੂਕ ਹੁੰਦਾ ਹੈ!’ ਸ਼ਾਇਦ ਬੇਗਾਨਗੀ ਦੇ ਅਹਿਸਾਸ ਦੇ ਡੰਗ ਦੀ ਪੀੜ ਹੀ ਸੀ ਜਿਸ ਨੇ ਕਦੀ ਵੀ ਮੇਰੇ ਪਿਤਾ ਨੂੰ ਵੱਖੀਆਂ ਤੋੜਨ ਵਾਲਾ ਹਾਸਾ ਹੱਸਣ ਵਾਲੀ ਖੁਸ਼ੀ ਨਹੀਂ ਸੀ ਦਿੱਤੀ। ਉਹ ਨਾ ਬਹੁਤਾ ਉਚੀ ਹੱਸਦਾ ਸੀ ਤੇ ਨਾ ਹੀ ਬਹੁਤਾ ਉਚੀ ਬੋਲਦਾ ਸੀ। ਉਚੀ ਤਾਂ ਕੀ, ਉਹ ਬੋਲਦਾ ਹੀ ਬੜਾ ਘੱਟ ਸੀ।
ਉਂਜ ਮੇਰਾ ਪਿਤਾ ਬੜਾ ਸੰਵੇਦਨਸ਼ੀਲ ਵਿਅਕਤੀ ਸੀ। ਸਾਹਿਤ ਪੜ੍ਹਨ ਦੀ ਚੇਟਕ ਤਾਂ ਮੈਨੂੰ ਲੱਗੀ ਹੀ ਉਸ ਕੋਲੋਂ ਸੀ। ਉਹ ਮੇਰੇ ਕੋਲ ਆਉਣ ਵਾਲੇ ਰਾਜਨੀਤਕ ਵਿਚਾਰਾਂ ਵਾਲੇ ਦੋਸਤਾਂ ਨੂੰ ‘ਭਗਤ ਸਿੰਘ’ ਹੁਰਾਂ ਦਾ ਰੂਪ ਸਮਝ ਕੇ ਪਿਆਰ ਦਿੰਦਾ ਸੀ। ਮੈਂ ਜਦੋਂ ਬੀæ ਐਡ ਕਰਦਿਆਂ 1972 ਵਿਚ ਮੋਗਾ ਐਜੀਟੇਸ਼ਨ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸਾਂ ਤਾਂ ਮੇਰੀ ਮਾਂ ਨੂੰ ਸਮਝਾਉਂਦਿਆਂ ਉਸ ਨੇ ਕਿਹਾ ਸੀ, “ਤੂੰ ਫਿਕਰ ਨਾ ਕਰਿਆ ਕਰ। ਮੇਰਾ ਪੁੱਤ ਤਾਂ ਦਰਿਆ ਹੈ ਅਤੇ ਇਸ ਨੇ ਅੱਗੇ ਹੀ ਅੱਗੇ ਵਧਦੇ ਜਾਣਾ ਹੈ।”
ਏਨੀ ਗੱਲ ਕਹਿਣ ਤੋਂ ਕੁਝ ਦਿਨ ਹੀ ਪਿੱਛੋਂ ਉਹ ਇਸ ਸੰਸਾਰ ਨੂੰ ਛੱਡ ਕੇ ਤੁਰ ਗਿਆ ਸੀ। ਉਸ ਦੀ ਇਹ ਗੱਲ ਵੀ ਮੇਰੀ ਬੀਬੀ ਨੇ ਮੈਨੂੰ ਉਸ ਦੇ ਤੁਰ ਜਾਣ ਤੋਂ ਪਿੱਛੋਂ ਦੱਸੀ ਸੀ। ਮੈਨੂੰ ਅਫਸੋਸ ਹੈ ਕਿ ਮੇਰੇ ਉਤੇ ਏਨਾ ਮਾਣ ਕਰਨ ਵਾਲੇ ਪਿਓ ਨੂੰ ਮੈਂ ਉਹਦੇ ਜਿਊਂਦੇ-ਜੀਅ ਸਮਝ ਅਤੇ ਸਾਂਭ ਨਾ ਸਕਿਆ। ਉਸ ਬੰਦੇ ਨੇ ਤਾਂ ਅੰਦਰੋਂ ਖੁਰਨਾ ਹੀ ਸੀ ਜਿਸ ਨੂੰ ਮਾਂ-ਪਿਓ ਦਾ ਪਿਆਰ ਨਾ ਮਿਲਿਆ; ਜੋ ਹਮੇਸ਼ਾ ਬੇਗਾਨਗੀ ਦਾ ਝੋਰਾ ਹੰਢਾਉਂਦਾ ਰਿਹਾ। ਜਦੋਂ ਉਸ ਨੂੰ ਆਪਣੇ ਪਰਿਵਾਰ ਤੋਂ ਮਨੋਵਿਗਿਆਨਕ ਆਸਰਾ ਚਾਹੀਦਾ ਸੀ ਤਾਂ ਉਸ ਦਾ ਆਪਣਾ ਪੁੱਤਰ ਉਸ ਤੋਂ ਦੂਰ-ਦੂਰ ਰਹਿਣ ਲੱਗਾ!
ਪਰ ਘਰ ਦੇ ਖਰਚਿਆਂ ਤੇ ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨੇ ਉਸ ਨੂੰ ਹੌਲੀ ਹੌਲੀ ਢਾਹ ਲਿਆ ਸੀ। ਮੈਂ ਉਦੋਂ ਖਾਲਸਾ ਕਾਲਜ ਆਫ ਐਜੂਕੇਸ਼ਨ, ਅੰਮ੍ਰਿਤਸਰ ਵਿਚ ਬਿਨਾ ਤਨਖਾਹ ਤੋਂ ਛੁੱਟੀ ਲੈ ਕੇ ਬੀæ ਐਡ ਕਰ ਰਿਹਾ ਸਾਂ। ਖਾਲਸਾ ਕਾਲਜ ਵਿਚ ਪੜ੍ਹਨ ਸਮੇਂ ਹੀ ਮੈਨੂੰ ‘ਮੋਗਾ ਐਜੀਟੇਸ਼ਨ’ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਪਿੱਛੋਂ ਰਿਹਾ ਹੋਏ ਨੂੰ ਕੁਝ ਦਿਨ ਹੀ ਹੋਏ ਸਨ ਕਿ ਮੇਰੇ ਪਿਤਾ ਦੀ ਮੌਤ ਹੋ ਗਈ। ਇਹ 29 ਨਵੰਬਰ 1972 ਦਾ ਦਿਨ ਸੀ। ਉਸ ਦੇ ਮਰਨ ‘ਤੇ ਸਾਰੇ ਪਰਿਵਾਰ ਦਾ ਬੋਝ ਹੁਣ ਮੇਰੇ ਸਿਰ ਉਤੇ ਪੈ ਗਿਆ। ਇਹ ਵੀ ਸ਼ੁਕਰ ਦੀ ਗੱਲ ਸੀ ਕਿ ਮੇਰੇ ਤੋਂ ਛੋਟੀਆਂ ਤਿੰਨਾਂ ਭੈਣਾਂ ਵਿਚੋਂ ਉਹ ਦੋ ਦਾ ਵਿਆਹ ਆਪਣੇ ਹੱਥੀਂ ਕਰ ਗਿਆ ਸੀ। ਛੋਟਾ ਭਰਾ ਉਦੋਂ ਸੋਲਾਂ-ਸਤਾਰਾਂ ਸਾਲ ਦਾ ਸੀ ਅਤੇ ਸਭ ਤੋਂ ਛੋਟੀ ਭੈਣ ਬਾਰਾਂ-ਤੇਰਾਂ ਸਾਲ ਦੀ। ਭਰਾ ਤਾਂ ਪੜ੍ਹਨੋਂ ਹਟਿਆ ਹੋਇਆ ਸੀ ਪਰ ਭੈਣ ਅਜੇ ਪੜ੍ਹਦੀ ਸੀ।

ਵਰਿਆਮ ਸਿੰਘ ਸੁਰਸਿੰਘ ਦੇ ਸਕੂਲ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਲ ਵਾਲੀਬਾਲ ਦਾ ਵੀ ਵਧੀਆ ਖਿਡਾਰੀ ਸੀ। ਉਸ ਦੀ ਮਾਰੀ ਵਾਲੀ ਧੂੜਾਂ ਪੁੱਟ ਦਿੰਦੀ ਸੀ। ਦਸਵੀਂ ਉਸ ਨੇ ਹਾਈ ਫਸਟ ਕਲਾਸ ਨਾਲ ਪਾਸ ਕੀਤੀ ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਨੇ ਉਸ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਦਾ ਵਿਦਿਆਰਥੀ ਨਾ ਬਣਨ ਦਿੱਤਾ। ਉਹ ਲਿਖਦੈ: ਬਾਪੂ ਹਕੀਕਤ ਸਿੰਘ ‘ਆਪਣੇ ਹਿੱਸੇ’ ਦੀ ਕੁਝ ਜਮੀਨ ਹਿੱਸੇ-ਠੇਕੇ ‘ਤੇ ਦੇ ਛੱਡਦਾ। ਉਸ ਦੀ ਕੁਝ ਜਮੀਨ ਮੇਰਾ ਪਿਤਾ ਵਾਹੁੰਦਾ ਅਤੇ ਬਾਪੂ ਦੀ ਹਿੱਸੇ-ਠੇਕੇ ਵਾਲੀ ਜਮੀਨ ਦੀ ਦੇਖ-ਰੇਖ ਵੀ ਕਰਦਾ। ਮੈਂ ਵੀ ਆਪਣੇ ਪਿਤਾ ਨਾਲ ਖੇਤੀ ਵਿਚ ਹੱਥ ਵਟਾਉਂਦਾ। ਉਦੋਂ ਅਜੇ ਹਰੇ ਇਨਕਲਾਬ ਨੇ ਦਰਸ਼ਨ ਨਹੀਂ ਸਨ ਦਿੱਤੇ। ਬਲਾਕ ਦੇ ਕਰਮਚਾਰੀ ਕਿਸਾਨਾਂ ਨੂੰ ਖੇਤਾਂ ਵਿਚ ਪਾਉਣ ਲਈ ਅਤੇ ‘ਆਪਣੀ ਅੱਖੀਂ ਫਸਲ ਦੇ ਵਧੇ ਝਾੜ ਦਾ ਕਮਾਲ ਦੇਖਣ ਲਈ’ ਨਮੂਨੇ ਵਜੋਂ ਰਸਾਇਣਕ ਖਾਦ ਮੁਫਤ ਦਿੰਦੇ ਪਰ ਕਿਸਾਨ ਛੇਤੀ ਕੀਤੇ ਉਨ੍ਹਾਂ ਦੇ ‘ਝੱਪੇ’ ਵਿਚ ਨਾ ਆਉਂਦੇ ਅਤੇ ਆਖਦੇ ਖਾਦ ਪਾਉਣ ਨਾਲ ਉਨ੍ਹਾਂ ਦੀ ਜਮੀਨ ਨੂੰ ਅਮਲੀ ਵਾਂਗ ਅਮਲ ਲੱਗ ਜਾਵੇਗਾ; ਅੱਗੋਂ ਤੋਂ ਅਮਲ ਖਾਧੇ ਬਿਨਾ ਜਮੀਨ ਨੇ ਫਸਲ ਦੇਣੋਂ ਹਟ ਜਾਣਾ ਹੈ ਅਤੇ ਹੌਲੀ ਹੌਲੀ ਜਮੀਨ ਅਮਲੀਆਂ ਦੇ ਜਿਸਮ ਵਾਂਗ ਕਮਜ਼ੋਰ ਅਤੇ ਨਕਾਰਾ ਹੋ ਕੇ ਰਹਿ ਜਾਵੇਗੀ!
ਸਿਆਲ ਦੀਆਂ ਕਕਰੀਲੀਆਂ ਰਾਤਾਂ ਵਿਚ ਮੈਂ ਕਦੀ-ਕਦੀ ਆਪਣੇ ਪਿਤਾ ਨਾਲ ਨਹਿਰ ਦਾ ਪਾਣੀ ਲਵਾਉਣ ਵੀ ਜਾਂਦਾ। ਖੂਹ ਤਾਂ ਮੈਂ ਦੋ-ਤਿੰਨ ਸਾਲ ਇਕੱਲਾ ਹੀ ਵਾਹੁੰਦਾ ਰਿਹਾ। ਬੋਤੀ ਨੂੰ ਖੋਪੇ ਲਾ ਕੇ ਸ਼ਿਸ਼ਕਾਰ ਦਿੰਦਾ ਅਤੇ ਉਹ ਆਪਣੀ ਚਾਲੇ ਤੁਰੀ ਰਹਿੰਦੀ। ਟਿੰਡਾਂ ਪਾੜਛੇ ਵਿਚ ਚਾਂਦੀ ਰੰਗਾ ਪਾਣੀ ਉਲਟਾਈ ਜਾਂਦੀਆਂ ਅਤੇ ਮੈਂ ਵਗਦੇ ਖੂਹ ਦੀ ਸੰਗੀਤਕ ‘ਟਿੱਕ ਟਿੱਕ’ ਵਿਚ ਨੇੜੇ ਹੀ ਚੰਨੇ ਨਾਲ ਝੁੱਲ ਵਿਛਾ ਕੇ ਬੈਠਾ ਕੋਈ ਕਿਤਾਬ ਪੜ੍ਹਦਾ ਰਹਿੰਦਾ ਅਤੇ ਵਿਚ-ਵਿਚ ਉਠ ਕੇ ਕਿਆਰੇ ਵੱਲ ਝਾਤੀ ਵੀ ਮਾਰ ਲੈਂਦਾ। ਮਾਲ-ਡੰਗਰ ਲਈ ਪੱਠੇ ਵੱਢਣ ਤੇ ਲਿਆਉਣ ਦੀ ਜਿੰਮੇਵਾਰੀ ਮੈਂ ਅਠਵੀਂ-ਨੌਵੀਂ ਵਿਚ ਪੜ੍ਹਦਿਆਂ ਹੀ ਸੰਭਾਲ ਲਈ ਸੀ। ਮੈਂ ਪੱਠਿਆਂ ਦੀ ਚਿੱਲੀ ਵੱਢਦਾ, ਬੋਤੀ ‘ਤੇ ਲੱਦਦਾ ਤੇ ਘਰ ਆ ਕੇ ਮਸ਼ੀਨੀ ਟੋਕੇ ‘ਤੇ ਕੁਤਰਦਾ। ਇੱਕ ਅੱਧੀ ਵਾਰ ਹਲ ਵਾਹੁਣ ਦਾ ਅੱਧ-ਪਚੱਧਾ ਤਜਰਬਾ ਵੀ ਕੀਤਾ। ਪਰ ਹਲ ਵਾਹੁਣ ਨੂੰ ਕਾਮਾ ਰੱਖਿਆ ਹੁੰਦਾ ਸੀ। ਮੈਂ ਵਾਢੀ ਕਰਨ, ਫਲ੍ਹੇ ਹਿੱਕਣ, ਗੋਡੀ ਕਰਨ, ਪਾਣੀ ਲਾਉਣ, ਡੰਗਰ ਚਾਰਨ ਆਦਿ ਖੇਤੀ ਨਾਲ ਜੁੜੇ ਹੋਰ ਸਾਰੇ ਕੰਮ ਕਰਦਾ।
ਖਰਚਣ ਵਾਸਤੇ ਇੱਕ ਆਨਾ ਵੀ ਲੈਣ ਲਈ ਬਾਪੂ ਹਕੀਕਤ ਸਿੰਘ ਦੇ ਘੰਟਾ-ਘੰਟਾ ਤਰਲੇ ਕਰਨੇ ਪੈਂਦੇ। ਉਸ ਨੇ ਆਖਣਾ, “ਉਏ ਕਿਥੋਂ ਦਿਆਂ ਮੈਂ? ਮੇਰੀ ਕੋਈ ਇੰਗਸ ਲੱਗੀ ਆ?” ਡੰਗਰ ਚਾਰਦਿਆਂ ਨੰਗੇ ਪੈਰੀਂ ਕੰਡੇ ਵੱਜਣ ਦੀ ਪੀੜ ਜੇ ਅਜੇ ਤੱਕ ਪੈਰਾਂ ਵਿਚ ਚੁਭਦੀ ਹੈ ਤਾਂ ਸਾਫ ਜ਼ਾਹਰ ਹੈ ਕਿ ਪੈਰੀਂ ਪਾਉਣ ਲਈ ਸਦਾ ਤੇ ਸਮੇਂ ਸਿਰ ਜੁੱਤੀ ਨਸੀਬ ਨਹੀਂ ਸੀ ਹੁੰਦੀ। ਨਵੇਂ ਕੱਪੜੇ ਵੀ ਵਿਆਹ-ਸ਼ਾਦੀ ਜਾਂ ਕਿਸੇ ਮੇਲੇ-ਮੁਸਾਹਿਬੇ ‘ਤੇ ਹੀ ਮਿਲਦੇ ਸਨ। ਮਹੀਨੇ ਬਾਅਦ ਸਕੂਲ ਦੀ ਪੰਜ-ਸੱਤ ਰੁਪਏ ਫੀਸ ਦੇਣੀ ਮੁਸ਼ਕਿਲ ਜਾਪਦੀ ਸੀ। ਮੈਨੂੰ ਇਹ ਵੀ ਯਾਦ ਹੈ ਕਿ ਮੇਰੇ ਨਾਨਕਿਆਂ ਵਿਚ ਕਿਸੇ ਵਿਆਹ ‘ਤੇ ਜਾਣ ਸਮੇਂ ਮੇਰੇ ਪਿਤਾ ਨੇ ਆਪਣੇ ਕਿਸੇ ਮਿੱਤਰ ਤੋਂ ਉਸ ਦੀ ਗਰਮ ਲੋਈ ਮੰਗ ਕੇ ਖੜੀ ਸੀ। ਇੰਜ ਹੀ ਇੱਕ ਵਾਰ ਕੋਈ ਵਾਂਢਾ ਵੇਖਣ ਲਈ ਉਸ ਨੂੰ ਕਿਸੇ ਦੀ ਨਵੀਂ ਜੁੱਤੀ ਵੀ ਮੰਗਣੀ ਪਈ ਸੀ। ਭਾਵੇਂ ਜੁੱਤੀ ਅਤੇ ਕੱਪੜੇ ਮੰਗ ਕੇ ਵਿਆਹ ਜਾਂ ਵਾਂਢਾ ਵੇਖ ਲੈਣ ਦਾ ਰਿਵਾਜ ਛੋਟੀ ਕਿਰਸਾਣੀ ਵਿਚ ਆਮ ਹੀ ਪ੍ਰਚਲਿਤ ਸੀ, ਤਦ ਵੀ ਮੇਰੇ ਸੰਵੇਦਨਸ਼ੀਲ ਮਨ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਸੀ ਕਿ ਇਹ ਸਭ ਲੋੜੀਂਦੀਆਂ ਚੀਜ਼ਾਂ ਲੋੜ ਪੈਣ ‘ਤੇ ਸਾਡੇ ਆਪਣੇ ਘਰ ਕਿਉਂ ਨਹੀਂ ਹੁੰਦੀਆਂ?
ਬਚਪਨ ਵਿਚ ਆਪਣੇ ਨਾਨਕਿਆਂ ਨੂੰ ਜਾਣ ਲਈ ਜਦੋਂ ਅੰਮ੍ਰਿਤਸਰੋਂ ਬੱਸ ਵਿਚ ਬੈਠ ਕੇ ਖਾਲਸਾ ਕਾਲਜ ਕੋਲ ਦੀ ਲੰਘਦਾ ਸਾਂ ਤਾਂ ਕਾਲਜ ਦੀ ਸ਼ਾਹਾਨਾ ਇਮਾਰਤ ਵੱਲ ਵੇਖ ਕੇ ਆਪਣੇ ਮਨ-ਮਸਤਕ ਵਿਚ ਇਸ ਕਾਲਜ ਵਿਚ ਪੜ੍ਹਨ ਦਾ ਸੁਪਨਾ ਪਾਲਿਆ ਹੋਇਆ ਸੀ। ਪਰ ਦਸਵੀਂ ਪਾਸ ਕਰਨ ਤੱਕ ਮੈਨੂੰ ਇਹ ਅਹਿਸਾਸ ਹੋ ਚੁਕਾ ਸੀ ਕਿ ਮੇਰੇ ਮਾਪੇ ਕਾਲਜ ਦੀ ਪੜ੍ਹਾਈ ਦਾ ਖਰਚਾ ਦੇਣ ਦੇ ਸਮਰੱਥ ਨਹੀਂ ਸਨ। ਮੈਂ ‘ਸਾਊ ਪੁੱਤ’ ਬਣ ਕੇ ਕਾਲਜ ਪੜ੍ਹਨ ਦੀ ਰੀਝ ਨੂੰ ਅੰਦਰ ਹੀ ਘੁੱਟ ਲਿਆ ਸੀ ਅਤੇ ਇੱਕ ਵਾਰ ਵੀ ਆਪਣੇ ਮਾਪਿਆਂ ਨੂੰ ਅੱਗੇ ਪੜ੍ਹਨ ਦਾ ਖਰਚਾ ਦੇਣ ਲਈ ਆਖ ਕੇ ਛਿੱਥਾ ਨਹੀਂ ਸੀ ਪਾਇਆ।
ਦਸਵੀਂ ਕਰ ਕੇ ਮੈਂ ਘਰਦਿਆਂ ਦੀ ਆਰਥਕ ਸਹਾਇਤਾ ਕਰਨ ਲਈ ਕੋਈ ਛੋਟੀ-ਮੋਟੀ ਨੌਕਰੀ ਲੈ ਕੇ ਉਨ੍ਹਾਂ ਦਾ ਹੱਥ ਵਟਾਉਣਾ ਚਾਹੁੰਦਾ ਸਾਂ। ਪਰ ਕੀ ਕਰਾਂ? ਕਿਰਸਾਣੀ ਲਈ ਨੌਕਰੀ ਕਰਨ ਵਾਲੇ ਦੋ ਹੀ ਖੇਤਰ ਜਾਣੇ-ਪਛਾਣੇ ਸਨ-ਪੁਲਿਸ ਤੇ ਫੌਜ ਦੀ ਭਰਤੀ। ਪੁਲਿਸ ਤੇ ਫੌਜ ਵਿਚ ਮੈਂ ਜਾਣਾ ਨਹੀਂ ਸਾਂ ਚਾਹੁੰਦਾ। ਮੈਂ ਸੋਚਿਆ ਕਿ ਜੇæਬੀæਟੀæ ਕਰ ਕੇ ਅਧਿਆਪਕ ਲੱਗ ਜਾਵਾਂ। ਥੋੜ੍ਹੀ ਬਹੁਤੀ ਕਮਾਈ ਵੀ ਕਰਨ ਲੱਗ ਜਾਵਾਂਗਾ ਤੇ ਨਾਲ ਨਾਲ ਅੱਗੇ ਪ੍ਰਾਈਵੇਟ ਪੜ੍ਹਾਈ ਕਰਕੇ ਤਰੱਕੀ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਜੇæਬੀæਟੀæ ਕਰਨ ਲਈ ਵੀ ਤਾਂ ਖਰਚਾ ਚਾਹੀਦਾ ਸੀ! ਮੈਂ ਆਪਣੇ ਦਾਦੇ ਚੰਦਾ ਸਿੰਘ ਕੋਲ ਅਬੋਹਰ ਗਿਆ ਅਤੇ ਉਸ ਨੂੰ ਆਪਣੇ ਕੋਰਸ ਦਾ ਖਰਚਾ ਚੁੱਕਣ ਲਈ ਤਰਲਾ ਕੀਤਾ। ਬਾਪੂ ਚੰਦਾ ਸਿੰਘ ਅਬੋਹਰ ਵਾਲੀ ਜਮੀਨ ਸਾਂਭਦਾ ਸੀ ਅਤੇ ਮੇਰਾ ਪਿਤਾ ਸਾਲ-ਛਿਮਾਹੀ ਉਸ ਕੋਲ ਜਾ ਕੇ ਉਸ ਕੋਲੋਂ ਆਪਣੇ ਟੱਬਰ ਦੇ ਉਤਲੇ-ਪੁਤਲੇ ਖਰਚਿਆਂ ਲਈ ਸਹਾਇਤਾ ਲੈਂਦਾ ਰਹਿੰਦਾ ਸੀ। ਬਾਪੂ ਚੰਦਾ ਸਿੰਘ ਨੇ ਮੇਰਾ ਖਰਚਾ ਅਦਾ ਕਰਨ ਦੀ ਹਾਮੀ ਤਾਂ ਭਰ ਦਿੱਤੀ ਪਰ ਇਸ ਭੱਜ-ਨੱਸ ਵਿਚ ਦਾਖਲੇ ਦਾ ਸਮਾਂ ਲੰਘ ਗਿਆ।
ਉਹ ਸਾਲ ਘਰ ਵਿਚ ਖੇਤੀ ਦਾ ਕੰਮ-ਧੰਦਾ ਕਰਨ ਵਿਚ ਗੁਜ਼ਾਰਿਆ। ਅਗਲੇ ਸਾਲ ਬਾਪੂ ਚੰਦਾ ਸਿੰਘ ਵੱਲੋਂ ਦਿੱਤੀ ਮੁਢਲੀ ਸਹਾਇਤਾ ਨਾਲ ਮੈਂ ਸਰਹਾਲੀ ਦੇ ਜੇæਬੀæਟੀæ ਸਕੂਲ ਵਿਚ ਜਾ ਦਾਖਲਾ ਲਿਆ। ਏਥੇ ਜਾ ਕੇ ਮੈਨੂੰ ਆਰਥਕ ਤੰਗੀ ਦਾ ਘੋਰ ਅਹਿਸਾਸ ਹੋਇਆ ਕਿਉਂਕਿ ਕਦੀ ਕਦੀ ਮੈਨੂੰ ਬਾਪੂ ਵੱਲੋਂ ਭੇਜੇ ਜਾਣ ਵਾਲਾ ਮਨੀ ਆਰਡਰ ਸਮੇਂ ਸਿਰ ਨਹੀਂ ਸੀ ਮਿਲਦਾ ਜਾਂ ਕਈ ਵਾਰ ਤੰਗੀ ਤੁਰਸ਼ੀ ਜਾਂ ਹੱਥ ਤੰਗ ਹੋਣ ਕਰਕੇ ਇੱਕ-ਅੱਧਾ ਮਹੀਨਾ ਉਹ ਪੈਸੇ ਭੇਜ ਹੀ ਨਾ ਸਕਦਾ। ਮੇਰੇ ਲਈ ਪੈਸਿਆਂ ਦੀ ਉਡੀਕ ਵਿਚ ਉਹ ਦਿਨ ਲੰਘਾਉਣੇ ਬੜੇ ਮੁਸ਼ਕਿਲ ਹੁੰਦੇ। ਮਹੀਨੇ ਬਾਅਦ ਹੋਸਟਲ ਦਾ ਖਰਚਾ ਅਤੇ ਫੀਸ ਤਾਂ ਸਮੇਂ ਸਿਰ ਦੇਣੀ ਹੀ ਪੈਂਦੀ ਸੀ। ਮੈਂ ਪਿੰਡ ਵੱਲ ਭੱਜਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਮਾਂ-ਬਾਪ ਏਧਰੋਂ ਓਧਰੋਂ ਫੜ੍ਹ ਕੇ ਜਾਂ ਬਾਪੂ ਹਕੀਕਤ ਸਿੰਘ ਦਾ ਤਰਲਾ ਕਰਕੇ ਮੇਰੀ ਲੋੜ ਸਾਰਦੇ। ਇੱਕ ਵਾਰ ਤਾਂ ਮੇਰੀ ਬਾਂਹ ਫੜਨ ਤੋਂ ਘਰਦਿਆਂ ਨੇ ਵੀ ਅਸਮਰੱਥਾ ਪ੍ਰਗਟਾ ਦਿੱਤੀ ਤਾਂ ਮੈਂ ਜ਼ਿਲ੍ਹਾ ਕਰਨਾਲ (ਹੁਣ ਕੁਰੂਕਸ਼ੇਤਰ) ਦੇ ਪਿੰਡ ‘ਠਸਕਾ ਮੀਰਾਂ ਜੀ’ ਵਿਚ ਰਹਿੰਦੇ ਆਪਣੇ ਫੁੱਫੜ ਗੁਰਮੇਜ ਸਿੰਘ ਨੂੰ ਚਿੱਠੀ ਲਿਖੀ। ਉਸ ਨੇ ਤੁਰਤ ਪੰਜਾਹ ਰੁਪਏ ਮਨੀ ਆਰਡਰ ਕਰ ਦਿੱਤੇ। ਉਸ ਦੇ ਇਨ੍ਹਾਂ ਰੁਪਈਆਂ ਦੀ ਕ੍ਰਿਤੱਗਤਾ ਦਾ ਭਾਰ ਸਾਰੀ ਉਮਰ ਮੇਰੇ ਮਨ ‘ਤੇ ਰਿਹਾ।
ਪੈਸੇ ਦੀ ਤੰਗੀ ਵਾਲੇ ਇਨ੍ਹਾਂ ਹੀ ਦਿਨਾਂ ਵਿਚਲੀ ਇੱਕ ਹੋਰ ਘਟਨਾ ਮੈਨੂੰ ਹੁਣ ਵੀ ਸ਼ਰਮਿੰਦਾ ਕਰ ਦਿੰਦੀ ਹੈ। ਹੋਸਟਲ ਵਿਚ ਰਹਿੰਦਿਆਂ ਰੋਟੀ ਖਾਣ ਸਮੇਂ ਦਾਲ-ਸਬਜ਼ੀ ਵਿਚ ਪਾਉਣ ਵਾਸਤੇ ਮੁੰਡੇ ਅਕਸਰ ਹੀ ਆਪਣੇ ਘਰਾਂ ਤੋਂ ਦੇਸੀ ਘਿਉ ਦੀਆਂ ਪੀਪੀਆਂ ਭਰ ਕੇ ਲਿਆਉਂਦੇ। ਮੈਂ ਵੀ ਔਖਾ ਸੌਖਾ ਡੰਗ ਸਾਰਦਾ ਰਹਿੰਦਾ ਸਾਂ। ਮੇਰੀ ਮਾਂ ਛੋਟੇ ਭੈਣ-ਭਰਾਵਾਂ ਦੇ ਹਿੱਸੇ ਆਉਂਦਾ ਥਿੰਦਾ ਮੇਰੇ ਵਾਸਤੇ ਜੋੜ ਛੱਡਦੀ। ਪਰ ਇਨ੍ਹਾਂ ਦਿਨਾਂ ਵਿਚ ਲਵੇਰੇ ਦੀ ਤੰਗੀ ਹੋਣ ਕਰਕੇ ਇੱਕ ਫੇਰੀ ਸਮੇਂ ਮੈਨੂੰ ਘਰੋਂ ਘਿਉ ਨਾ ਜੁੜਿਆ। ਮੇਰੇ ਨਾਲ ਦੇ ਮੁੰਡੇ ਦਾਲ-ਸਬਜ਼ੀ ਵਿਚ ਘਿਉ ਪਾ ਕੇ ਖਾਂਦੇ ਹੋਣ ਤੇ ਮੈਂ ਬਿਨਾ ਘਿਉ ਤੋਂ ਰੋਟੀ ਖਾਵਾਂ? ਇਸ ਨਾਲ ਤਾਂ ਮੇਰੀ ਪਰਿਵਾਰਕ ਆਰਥਕ ਤੰਗੀ ਦਾ ਵਿਖਾਲਾ ਹੋ ਜਾਣਾ ਸੀ! ਮੇਰੀ ਹਉਮੈ ਨੂੰ ਇਹ ਗਵਾਰਾ ਨਹੀਂ ਸੀ। ਮੈਂ ਦੁਕਾਨ ‘ਤੇ ਗਿਆ ਅਤੇ ਡਾਲਡੇ ਘਿਉ ਦਾ ਡੱਬਾ ਖਰੀਦ ਕੇ ਆਪਣੀ ਦੇਸੀ ਘਿਉ ਵਾਲੀ ਪੀਪੀ ਵਿਚ ਪਾ ਲਿਆ। ਰੋਟੀ ਖਾਣ ਸਮੇਂ ਉਸ ਪੀਪੀ ਵਿਚੋਂ ‘ਦੇਸੀ ਘਿਉ’ ਪਾ ਲੈਂਦਾ ਪਰ ਅਜਿਹਾ ਕਰਦਿਆਂ ਵੀ ਮੈਂ ਆਪਣੇ ਨੇੜਲੇ ਦੋਸਤਾਂ ਤੋਂ ਅੱਗਾ-ਪਿੱਛਾ ਕਰਕੇ ਜਾਂ ਵੱਖਰਾ ਬੈਠ ਕੇ ਰੋਟੀ ਖਾਣ ਦਾ ਬਹਾਨਾ ਬਣਾ ਲੈਂਦਾ ਤਾਂ ਕਿ ਮੇਰੇ ‘ਦੇਸੀ ਘਿਉ’ ਦਾ ਭੇਤ ਉਨ੍ਹਾਂ ਅੱਗੇ ਜ਼ਾਹਰ ਨਾ ਹੋਵੇ! ਅਜਿਹੀ ਸਥਿਤੀ ਵਿਚ ਬੜੀ ਸ਼ਿੱਦਤ ਨਾਲ ਆਰਥਕ ਤੰਗਦਸਤੀ ਦੀ ਲਾਹਣਤ ਨੂੰ ਮਹਿਸੂਸ ਕਰਦਿਆਂ ਸੋਚਦਾ ਕਿ ਉਹ ਵੀ ਕੀ ਜ਼ਿੰਦਗੀ ਹੋਈ ਜੇ ਤੁਹਾਡੀਆਂ ਰੋਜ਼-ਮੱਰ੍ਹਾ ਦੀਆਂ ਸਾਧਾਰਨ ਲੋੜਾਂ ਦੀ ਪੂਰਤੀ ਲਈ ਵੀ ਤੁਹਾਨੂੰ ਹਰ ਵੇਲੇ ਤਰਲੇ ਕਰਨੇ ਪੈਣ!
ਜੇæਬੀæਟੀæ ਕਰਨ ਤੋਂ ਬਾਅਦ ਉਨੀ ਸਾਲ ਦੀ ਉਮਰ ਵਿਚ ਮੈਂ ਪਿੰਡ ਭੁੱਚਰ ਤੇ ਫਿਰ ਆਪਣੇ ਪਿੰਡ ਦੇ ਨੇੜੇ ਹੀ ਪੂਹਲਾ ਭਾਈ ਤਾਰੂ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਜਾ ਲੱਗਾ। ਪਹਿਲੀ ਤਨਖਾਹ ਨੜਿਨਵੇਂ ਰੁਪਏ ਮਿਲੀ। ਮੈਂ ਆਪਣੇ ਖਰਚਿਆਂ ਲਈ ਕੁਝ ਪੈਸੇ ਕੋਲ ਰੱਖ ਕੇ ਬਾਕੀ ਤਨਖਾਹ ਆਪਣੀ ਮਾਂ ਨੂੰ ਫੜਾ ਦਿੰਦਾ। ਪਰ ਘਰ ਦੀ ਹਾਲਤ ਸੁਧਰਨ ਦੀ ਥਾਂ ਵਿਗੜਨ ਲੱਗੀ ਸੀ।
(ਚਲਦਾ)