ਮਾਰਕਸ ਦੀ ‘ਕੈਪੀਟਲ’ ਦੇ 150 ਸਾਲ

ਕਾਰਲ ਮਾਰਕਸ (1818-1883) ਅਜਿਹਾ ਦਾਰਸ਼ਨਿਕ ਹੋਇਆ ਹੈ ਜਿਸ ਨੇ ਸੰਸਾਰ ਦੇ ਹਰ ਹਿੱਸੇ ਉਤੇ ਕਿਸੇ ਨਾ ਕਿਸੇ ਢੰਗ ਨਾਲ ਅਸਰ ਪਾਇਆ ਹੈ। ਉਹਦੀ ਪੁਸਤਕ ‘ਕੈਪੀਟਲ- ਭਾਗ-1’ ਜਰਮਨ ਭਾਸ਼ਾ ਵਿਚ 150 ਵਰ੍ਹੇ ਪਹਿਲਾਂ ਪ੍ਰਕਾਸ਼ਿਤ ਹੋਈ ਸੀ। ਇਹ ਇਸ ਪੁਸਤਕ ਦੀ ਇਕਲੌਤੀ ਜਿਲਦ ਸੀ ਜਿਸ ਨੂੰ ਮਾਰਕਸ ਆਪਣੀ ਇੱਛਾ ਅਨੁਸਾਰ ਅੰਤਿਮ ਰੂਪ ਦੇ ਸਕਿਆ। ਬਾਕੀ ਦੋ ਜਿਲਦਾਂ- ‘ਭਾਗ-2’ ਅਤੇ ‘ਭਾਗ-3’ ਲਈ ਮਾਰਕਸ ਨੋਟਸ ਛੱਡ ਗਿਆ ਸੀ ਜਿਨ੍ਹਾਂ ਦੇ ਆਧਾਰ ‘ਤੇ ਉਸ ਦੇ ਜਿਗਰੀ ਦੋਸਤ ਫਰੈਡਰਿਕ ਐਂਗਲਜ਼ (1820-1895) ਨੇ ਇਹ ਦੋਵੇਂ ਭਾਗ ਛਪਵਾਏ।

ਇੰਗਲੈਂਡ ਦੀ ਆਕਸਫੋਰਡ ਬਰੁੱਕਸ ਯੂਨੀਵਰਸਿਟੀ ਦੇ ਪ੍ਰੋæ ਪ੍ਰੀਤਮ ਸਿੰਘ ਨੇ ਆਪਣੇ ਇਸ ਲੇਖ ਵਿਚ ਕਾਰਲ ਮਾਰਕਸ ਦੀ ਪ੍ਰਤਿਭਾ ਨੂੰ ਸਲਾਮੀ ਦਿੱਤੀ ਹੈ। -ਸੰਪਾਦਕ

ਪ੍ਰੋæ ਪ੍ਰੀਤਮ ਸਿੰਘ
ਸਤੰਬਰ 1867 ਵਿਚ ਕਾਰਲ ਮਾਰਕਸ (1818-1883) ਦੀ ਪੁਸਤਕ ‘ਕੈਪੀਟਲ ਭਾਗ-1’ ਜਰਮਨ ਭਾਸ਼ਾ ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦੀ ਇਹ ਇਕਲੌਤੀ ਜਿਲਦ ਸੀ ਜਿਸ ਨੂੰ ਮਾਰਕਸ ਆਪਣੀ ਇੱਛਾ ਅਨੁਸਾਰ ਅੰਤਿਮ ਰੂਪ ਦੇ ਸਕਿਆ ਅਤੇ ਆਪਣੇ ਜਿਉਂਦੇ ਜੀਅ ਇਸ ਨੂੰ ਪ੍ਰਕਾਸ਼ਿਤ ਹੁੰਦਿਆਂ ਵੀ ਵੇਖ ਸਕਿਆ। ਬਾਕੀ ਦੋ ਜਿਲਦਾਂ- ‘ਭਾਗ-2’ ਤੇ ‘ਭਾਗ-3’ ਲਈ ਮਾਰਕਸ ਨੋਟਸ ਛੱਡ ਗਿਆ ਸੀ ਜਿਨ੍ਹਾਂ ਦੀ ਵਰਤੋਂ ਕਰ ਕੇ ਉਸ ਦੇ ਜਿਗਰੀ ਦੋਸਤ ਅਤੇ ਸਹਿਯੋਗੀ ਫਰੈਡਰਿਕ ਐਂਗਲਜ਼ (1820-1895) ਨੇ ਮਾਰਕਸ ਦੀ ਮੌਤ ਮਗਰੋਂ, ਭਾਗ-2 1885 ਵਿਚ ਤੇ ਭਾਗ-3 ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ 1894 ਵਿਚ ਛਪਵਾਏ। ਮਾਰਕਸ ਵੱਲੋਂ ‘ਕੈਪੀਟਲ- ਭਾਗ ਇਕ’ ਵਿਚ ਅਤੇ ਬਾਕੀ ਦੋਵੇਂ ਭਾਗਾਂ ਲਈ ਛੋਟੇ ਨੋਟਸ ਵਿਚ ਭਾਗ-4 ਦਾ ਜ਼ਿਕਰ ਜ਼ਰੂਰ ਕੀਤਾ ਗਿਆ ਸੀ, ਪਰ ਉਸ ਜਿਲਦ ਲਈ ਜੋ ਕੰਮ ਉਹ ਛੱਡ ਗਿਆ ਸੀ, ਉਹ ਬਾਅਦ ਵਿਚ ਕਾਰਲ ਕਾਉਟਸਕੀ (1854-1938) ਵੱਲੋਂ 1905 ਤੋਂ 1910 ਦਰਮਿਆਨ ਤਿੰਨ ਭਾਗਾਂ ਵਿਚ ਲਿਖੀ ‘ਥਿਊਰੀਜ਼ ਆਫ ਸਰਪਲੱਸ ਵੈਲਿਊ’ ਤਹਿਤ ਛਪਿਆ।
ਕੈਪੀਟਲ (ਭਾਗ-1) ਨੂੰ 1872 ਵਿਚ ਪਹਿਲੀ ਵਾਰ ਵਿਦੇਸ਼ੀ ਭਾਸ਼ਾ ‘ਰੂਸੀ’ ਵਿਚ ਅਨੁਵਾਦ ਕਰ ਕੇ ਛਾਪਿਆ ਗਿਆ ਜਿਸ ਦਾ ਕਾਰਲ ਮਾਰਕਸ ਨੇ ਇਨ੍ਹਾਂ ਸਬਦਾਂ ਨਾਲ ਸਵਾਗਤ ਕੀਤਾ, “1872 ਦੀ ਬਸੰਤ ਵਿਚ ‘ਦਿ ਕੈਪੀਟਲ’ ਦਾ ਸ਼ਾਨਦਾਰ ਰੂਸੀ ਅਨੁਵਾਦ ਸਾਹਮਣੇ ਆਇਆ ਹੈ।” ਫਰਾਂਸੀਸੀ ਵਿਚ ਵੀ ਪਹਿਲਾ ਐਡੀਸ਼ਨ 1872 ਵਿਚ ਹੀ ਸਾਹਮਣੇ ਆਇਆ। ਮਾਰਕਸ ਦੀ ਮੌਤ ਤੋਂ ਕੁਝ ਸਾਲ ਬਾਅਦ 1887 ਵਿਚ ‘ਕੈਪੀਟਲ’ ਦਾ ਪਹਿਲਾ ਅੰਗਰੇਜ਼ੀ ਅਨੁਵਾਦ ਛਪਿਆ। ਹੁਣ ਤਕ ਇਸ ਨੂੰ ਦੁਨੀਆਂ ਦੀਆਂ ਸਾਰੀਆਂ ਵੱਡੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚ ਪੰਜਾਬੀ ਅਤੇ ਹਿੰਦੀ ਵੀ ਸ਼ਾਮਿਲ ਹਨ।
ਕੈਪੀਟਲ (ਭਾਗ-1) ਛਾਪਣ ਤੋਂ ਪਹਿਲਾਂ ਮਾਰਕਸ ਨੇ 1859 ਵਿਚ ਛਪੀ ਨਿੱਕੀ ਕਿਤਾਬ ‘ਕੰਟਰੀਬਿਊਸ਼ਨ ਟੂ ਦਿ ਕ੍ਰਿਟੀਕ ਆਫ ਪੁਲਟੀਕਲ ਇਕਾਨਮੀ’ ਦੀ ਪ੍ਰਸਤਾਵਨਾ ਵਿਚ ‘ਕੈਪੀਟਲ’ ਵਰਗਾ ਸਿਧਾਂਤਕ ਪ੍ਰੋਜੈਕਟ ਸਾਹਮਣੇ ਲਿਆਉਣ ਬਾਰੇ ਕਾਫ਼ੀ ਸਪਸ਼ਟ ਕਰ ਦਿੱਤਾ ਸੀ। ਇਸ ਪ੍ਰਸਤਾਵਨਾ ਦੀਆਂ ਸ਼ੁਰੂਆਤੀ ਸਤਰਾਂ ਹਨ, “ਮੈਂ ਬੁਰਜੂਆ ਅਰਥ ਵਿਵਸਥਾ ਨੂੰ ਨਿਮਨ ਲਿਖਤ ਤਰਤੀਬ ਵਿਚ ਵਾਚਿਆ ਹੈ- ਪੂੰਜੀ, ਜ਼ਮੀਨੀ ਜਾਇਦਾਦ, ਉਜਰਤੀ ਕਿਰਤ, ਰਾਜ, ਵਿਦੇਸ਼ੀ ਵਪਾਰ, ਵਿਸ਼ਵ ਬਾਜ਼ਾਰ। ਹੋਰਨਾਂ ਕਈ ਵੱਡੇ ਸਿਧਾਂਤਕ ਉਦਮਾਂ ਵਾਂਗ ਹੀ ਉਪਰੋਕਤ ਦੱਸੇ ਗਏ ਛੇ ਵਿਸ਼ਿਆਂ ਵਿਚੋਂ ਮਾਰਕਸ ਨੇ ਪਹਿਲੇ ਵਿਸ਼ੇ (ਸਰਮਾਏ) ਨੂੰ ਹੀ ਛੋਹਿਆ ਅਤੇ ਉਸ ਨੂੰ ਵੀ ਪੂਰੇ ਤਸੱਲੀਬਖਸ਼ ਢੰਗ ਨਾਲ ਛੋਹਿਆ ਨਹੀਂ ਕਿਹਾ ਜਾ ਸਕਦਾ। ਬੇਸ਼ਕ ‘ਕੈਪੀਟਲ’ ਵਿਚ ਕੀਤੇ ਗਏ ਕੰਮ ਵਿਚ ਉਜਰਤੀ ਕਿਰਤ ਦੇ ਵਿਸ਼ੇ ਨੂੰ ਮੁੱਖ ਰੂਪ ਨਾਲ ਵਾਚਿਆ ਗਿਆ ਹੈ ਅਤੇ ਬਾਕੀ ਚਾਰ ਵਿਸ਼ਿਆਂ ‘ਤੇ ਵੀ ਬਾਖ਼ੂਬੀ ਝਾਤ ਮਾਰੀ ਗਈ ਹੈ, ਪਰ ਜਿੰਨੀ ਕਠੋਰਤਾ ਨਾਲ ਮਾਰਕਸ ਨੇ ਸਰਮਾਏ ਨੂੰ ਪਰਖਿਆ ਹੈ, ਉਨਾ ਜ਼ੋਰ ਇਨ੍ਹਾਂ ਵਿਚੋਂ ਹੋਰ ਕਿਸੇ ਵਿਸ਼ੇ ‘ਤੇ ਨਹੀਂ ਲਾਇਆ ਜਾਪਦਾ। ‘ਕੈਪੀਟਲ’ (ਭਾਗ-1) ਦੇ ਜਰਮਨ ਭਾਸ਼ਾ ‘ਚ ਛਪੇ ਸੰਸਕਰਨ ਵਿਚ ਪ੍ਰਸਤਾਵਨਾ ਦੀ ਪਹਿਲੀ ਸਤਰ 1859 ਦੇ ਕੰਮ ਦੀ ਗੱਲ ਕਰਦੀ ਹੈ: “ਆਪਣੇ ਜਿਸ ਕੰਮ ਦੇ ਪਹਿਲੇ ਭਾਗ ਨੂੰ ਮੈਂ ਲੋਕਾਂ ਹਵਾਲੇ ਕਰ ਰਿਹਾ ਹਾਂ, ਉਹ 1859 ਵਿਚ ਛਪੀ ‘ਏ ਕੰਟਰੀਬਿਊਸ਼ਨ ਟੂ ਦਿ ਕ੍ਰਿਟੀਕ ਆਫ ਪੁਲਿਟੀਕਲ ਇਕਾਨਮੀ’ ਦੀ ਹੀ ਨਿਰੰਤਰਤਾ ਹੈ ਤੇ ਪਹਿਲੇ ਭਾਗ ਅਤੇ ਬਾਕੀ ਭਾਗਾਂ ਵਿਚ ਇੰਨਾ ਵਕਫ਼ਾ ਮੇਰੇ ਲੰਮਾ ਸਮਾਂ ਬਿਮਾਰ ਰਹਿਣ ਕਾਰਨ ਪਿਆ ਜੋ ਬਿਮਾਰੀ ਵਾਰ ਵਾਰ ਮੇਰੇ ਕੰਮ ਵਿਚ ਅੜਿਕਾ ਪਾਉਂਦੀ ਰਹੀ।” ‘ਕੈਪੀਟਲ’ ਦੇ ਛਪਣ ਮਗਰੋਂ ਪੂੰਜੀਵਾਦੀ ਅਰਥਵਿਵਸਥਾ ਦਾ ਮੁਲੰਕਣ ਕਰਨ ਵਾਲਾ ਹੋਰ ਕੋਈ ਕੰਮ ਸਾਹਮਣੇ ਨਹੀਂ ਆਇਆ ਜਿਸ ਨੇ ਕਠੋਰ ਵਿਸ਼ਲੇਸ਼ਣ, ਇਤਿਹਾਸਕ ਤਹਿਦਾਰੀ ਅਤੇ ਸਰਬ-ਅੰਗੀ ਵੇਰਵਿਆਂ ਰਾਹੀਂ ਸਰਮਾਏ ਦਾ ਵਿਸ਼ਲੇਸ਼ਣ ਕੀਤਾ ਹੋਵੇ।
‘ਕੈਪੀਟਲ’ ਵਿਚ ਮਾਰਕਸ ਦੇ ਵਿਸ਼ਲੇਸ਼ਣ ਦਾ ਕੇਂਦਰੀ ਉਦੇਸ਼ ਪੂੰਜੀ ਦੀ ਗਤੀ ਦੇ ਨਿਯਮ ਨੂੰ ਸਮਝਣਾ ਸੀ। ਮਾਰਕਸ ਵੱਲੋਂ ਆਪਣੇ ਸਮਕਾਲੀ ਜੀਵ ਵਿਗਿਆਨੀ ਚਾਰਲਸ ਡਾਰਵਿਨ (1809-82) ਦੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ ਜਿਸ ਨਾਲ ਉਸ ਨੇ ਮਿਲ ਕੇ ਕੁਝ ਕੰਮ ਵੀ ਕੀਤਾ ਸੀ। ਮਾਰਕਸ ਨੇ ਜੀਵਾਂ ਦੇ ਜਨਮ ਤੇ ਵਿਕਾਸ ਦੇ ਸਿਧਾਂਤ ਬਾਰੇ ਡਾਰਵਿਨ ਦੇ ਕੰਮ ਅਤੇ ਪੂੰਜੀ ਦੇ ਜਨਮ ਤੇ ਵਿਕਾਸ ਦੇ ਸਿਧਾਂਤ ਬਾਰੇ ਆਪਣੇ ਕੰਮ ਵਿਚ ਸਮਰੂਪਤਾ ਵੇਖੀ। ਮਾਰਕਸ ਨੇ ਤਰਕ ਦਿੱਤਾ ਕਿ ਜਿਵੇਂ ਸਰੀਰ ਦੇ ਇਕ ਸੈੱਲ ਨੂੰ ਸਮਝਣ ਨਾਲ ਮਨੁੱਖੀ ਸਰੀਰ ਦੇ ਵਿਕਾਸ ਦਾ ਕੇਂਦਰੀ ਨੁਕਤਾ ਪਤਾ ਲੱਗਦਾ ਹੈ, ਇਸੇ ਤਰ੍ਹਾਂ ਵਸਤੂ ਦੇ ਉਤਪਾਦਨ ਦੇ ਆਧਾਰ ‘ਤੇ ਪੈਦਾ ਹੋਈ ਅਰਥਵਿਵਸਥਾ ਵਿਚ ਵਸਤੂ ਨੂੰ ਸੈੱਲ ਵਜੋਂ ਸਮਝਣ ਨਾਲ ਵੀ ਵਿਆਪਕ ਵਸਤੂ ਉਤਪਾਦਨ ਦੇ ਇਤਿਹਾਸਕ ਯੁੱਗ ਨੂੰ ਸਮਝਣ ਦਾ ਵੀ ਰਾਹ ਮਿਲਦਾ ਹੈ ਜੋ ਉਤਪਾਦਨ ਦਾ ਪੂੰਜੀਵਾਦੀ ਤਰੀਕਾ ਹੈ। ਇਸੇ ਲਈ ਕੈਪੀਟਲ (ਭਾਗ 1) ਦਾ ਪਹਿਲਾ ਅਧਿਆਏ ‘ਵਸਤੂ’ ਉਤੇ ਆਧਾਰਤ ਹੈ।
ਵਸਤੂ ਵਿਚ ਵਰਤੋਂ ਮੁੱਲ ਤੇ ਵਟਾਂਦਰਾ ਮੁੱਲ ਦੋਵੇਂ ਮੌਜੂਦ ਹਨ। ਵਸਤੂ ਦੇ ਇਸ ਦੋਹਰੇ ਚਰਿਤਰ ਵਿਚ ਹੀ ਵਸਤੂ ਉਤਪਾਦਨ ਕਰਨ ਵਾਲੀ ਪੂੰਜੀਵਾਦੀ ਅਰਥਵਿਵਸਥਾ ਦੇ ਸੰਕਟ ਦਾ ਰਹੱਸ ਵੀ ਮੌਜੂਦ ਹੈ। ਵਸਤੂ ਦੇ ਉਤਪਾਦਨ ਲਈ ਲੋੜੀਂਦੀ ਕਿਰਤ ਸ਼ਕਤੀ ਦੇ ਵੀ ਵਰਤੋਂ ਮੁੱਲ ਤੇ ਵਟਾਂਦਰਾ ਮੁੱਲ, ਦੋਵੇਂ ਹਨ। ਕਿਰਤ ਸ਼ਕਤੀ ਦਾ ਵਟਾਂਦਰਾ ਮੁੱਲ ਉਹ ਹੁੰਦਾ ਹੈ, ਜੋ ਕਿਰਤ ਸ਼ਕਤੀ ਦੇ ਮਾਲਕ ਭਾਵ ਕਿਰਤ ਸ਼ਕਤੀ ਕਰਨ ਵਾਲੇ ਮਜ਼ਦੂਰ ਨੂੰ ਉਜਰਤ ਵਜੋਂ ਦਿੱਤਾ ਜਾਂਦਾ ਹੈ। ਬੇਸ਼ਕ, ਕਿਰਤ ਵਿਚ ਆਪਣੇ ਵਟਾਂਦਰਾ ਮੁੱਲ ਨਾਲੋਂ ਵਧੇਰੇ ਵਰਤ ਹੋਣ ਦਾ ਵਿਸ਼ੇਸ਼ ਗੁਣ ਮੌਜੂਦ ਹੁੰਦਾ ਹੈ, ਜੋ ਹੈ ਉੁਜਰਤ। ਮਨੁੱਖੀ ਕਿਰਤ ਦੇ ਇਸ ਵਿਸ਼ੇਸ਼ ਚਰਿਤਰ ਕਰ ਕੇ ਹੀ ਵਾਧੂ ਕੀਮਤ ਪੈਦਾ ਹੁੰਦੀ ਹੈ ਅਤੇ ਇਸ ਵਾਧੂ ਕੀਮਤ ਦੀ ਪੈਦਾਵਾਰ ਹੀ ਵਸਤੂ ਉਤਪਾਦਨ ਕਰਨ ਵਾਲੀ ਪੂੰਜੀਵਾਦੀ ਅਰਥਵਿਵਸਥਾ ਦੇ ਜਨਮ ਤੇ ਮੌਤ ਨੂੰ ਨਿਰਧਾਰਤ ਕਰਦੀ ਹੈ। ਮਾਰਕਸ ਨੇ ਤਰਕ ਦਿੱਤਾ ਕਿ ਵਾਧੂ ਕੀਮਤ ਦੀ ਪੈਦਾਵਾਰ ਤੇ ਵਾਧੂ ਕੀਮਤ ਦੇ ਮੁਨਾਫ਼ੇ ‘ਤੇ ਉਸਰੀ ਪੂੰਜੀਵਾਦੀ ਅਰਥਵਿਵਸਥਾ ਵਿਚ ਸੰਕਟ ਆਉਣੇ ਸੁਭਾਵਿਕ ਹੀ ਹਨ।
ਮਾਰਕਸ ਨੇ ਪੂੰਜੀਵਾਦੀ ਅਰਥਵਿਵਸਥਾ ਵਿਚ ਤਿੰਨ ਕਿਸਮ ਦੇ ਸੰਕਟਾਂ ਨੂੰ ਪਛਾਣਿਆ ਅਤੇ ਇਹ ਤਿੰਨੇ ਤਰੀਕੇ ਇਕ ਦੂਜੇ ਨਾਲ ਅੰਤਰ-ਸਬੰਧਿਤ ਹਨ। ਇਨ੍ਹਾਂ ਵਿਚੋਂ ਇਕ ਹੈ ਮੁਨਾਫ਼ੇ ਦੀ ਦਰ ਵਿਚ ਗਿਰਾਵਟ ਆਉਣ ਦਾ ਰੁਝਾਨ। ਪੂੰਜੀਪਤੀਆਂ ਵੱਲੋਂ ਮੁਕਾਬਲੇ ਦੀ ਸਥਿਤੀ ਦੇ ਦਬਾਅ ਹੇਠ ਵੱਧ ਤੋਂ ਵੱਧ ਮੁਨਾਫ਼ਾ ਦਰ ਹਾਸਲ ਕਰਨ ਦੀ ਲੋੜ ਪੂੰਜੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਤਕਨੀਕੀ ਵਿਕਾਸ ਰਾਹੀਂ ਵਾਧੂ ਕੀਮਤ ਵਿਚ ਤੇਜ਼ੀ ਲਿਆਉਣ ਲਈ ਪ੍ਰੇਰਦੀ ਹੈ ਜਿਸ ਨਾਲ ਮਜ਼ਦੂਰਾਂ ਦੀ ਥਾਂ ਮਸ਼ੀਨਾਂ ਲੈ ਲੈਂਦੀਆਂ ਹਨ। ਮੁੱਲ ਅਤੇ ਵਾਧੂ ਮੁੱਲ ਦਾ ਇਕਲੌਤਾ ਸਰੋਤ ਕਿਉਂਕਿ ਕਿਰਤ ਹੈ, ਇਸ ਲਈ ਮਸ਼ੀਨਾਂ ਵੱਲੋਂ ਕਿਰਤ ਦੀ ਥਾਂ ਲੈਣ ਮਗਰੋਂ ਇਸ ਦੇ ਸੁੰਗੜਨ ਨਾਲ ਮੁੱਲ ਅਤੇ ਵਾਧੂ ਮੁੱਲ ਦਾ ਉਹ ਸਰੋਤ ਵੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਇਹ ਮੁਨਾਫ਼ੇ ਦੀ ਦਰ ਵਿਚ ਗਿਰਾਵਟ ਆਉਣ ਦੇ ਰੁਝਾਨ ਪਿਛਲੀ ਕੇਂਦਰੀ ਸ਼ਕਤੀ ਹੈ।
ਦੂਜੇ ਕਿਸਮ ਦੇ ਸੰਕਟ ਨੂੰ ਘੱਟ ਖਪਤ ਦਾ ਸੰਕਟ ਕਿਹਾ ਜਾ ਸਕਦਾ ਹੈ। ਇਹ ਸੰਕਟ ਉਦੋਂ ਆਉਂਦਾ ਹੈ, ਜਦੋਂ ਮਜ਼ਦੂਰ ਨੂੰ ਦਿੱਤੀ ਜਾਣ ਵਾਲੀ ਉਜਰਤ ਵਿਚ ਕਟੌਤੀ ਕਰ ਕੇ ਪੂੰਜੀਪਤੀ ਵਾਧੂ ਮੁੱਲ ਦੀ ਦਰ ਵਿਚ ਵਾਧਾ ਕਰਦੇ ਹਨ। ਮੁਨਾਫ਼ੇ ਦੇ ਸਬੰਧ ਵਿਚ ਕੁਲ ਉਜਰਤੀ ਹਿੱਸੇ ਵਿਚ ਆਈ ਗਿਰਾਵਟ ਵੱਡੀ ਗਿਣਤੀ ਮਜ਼ਦੂਰਾਂ ਦੀ ਖਰੀਦ ਸ਼ਕਤੀ ਨੂੰ ਇੰਨਾ ਘਟਾ ਦਿੰਦੀ ਹੈ ਕਿ ਵਸਤੂ ਬਾਜ਼ਾਰ ਵਿਚ ਹੀ ਪਈ ਰਹਿ ਜਾਂਦੀ ਹੈ ਜਿਸ ਨਾਲ ਮੁਨਾਫ਼ੇ ਵਿਚ ਗਿਰਾਵਟ ਆਉਂਦੀ ਹੈ। ਤੀਜਾ ਸੰਕਟ ਹੈ ਅਪਾਹਜਤਾ ਦਾ ਸੰਕਟ, ਜੋ ਖਪਤ ਦੇ ਤਰੀਕਿਆਂ ਦੇ ਉਤਪਾਦਨ ਦੀ ਲੋੜ ਦੇ ਸਬੰਧ ਵਿਚ ਮਸ਼ੀਨਰੀ ਦਾ ਲੋੜ ਤੋਂ ਵੱਧ ਉਤਪਾਦਨ ਕਰਨਾ ਹੈ। ਇਹ ਸੰਕਟ ਵੀ ਮੁਨਾਫ਼ੇ ਦੀ ਦਰ ਵਿਚ ਗਿਰਾਵਟ ਦੇ ਰੂਪ ਵਿਚ ਹੀ ਉਜਾਗਰ ਹੁੰਦਾ ਹੈ।
ਸੰਕਟ ਦੀਆਂ ਇਨ੍ਹਾਂ ਤਿੰਨਾਂ ਕਿਸਮਾਂ ਵਿਚ ਮਸ਼ੀਨੀਕਰਨ ਸਾਂਝਾ ਲੱਛਣ ਹੈ। ਆਧੁਨਿਕ ਯੁੱਗ ਵਿਚ ਮਸ਼ੀਨੀਕਰਨ ਤੋਂ ਅੱਗੇ ਸਨਅਤੀ ਕਾਰਜ ਦੇ ਰੋਬੋਟੀਕਰਨ ਨੇ ਵੱਡੀ ਗਿਣਤੀ ਵਿਚ ਬੇਰੁਜ਼ਗਾਰੀ ਪੈਦਾ ਹੋਣ ਦਾ ਖ਼ਤਰਾ ਸਾਡੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਇਹ ਕਾਰਲ ਮਾਰਕਸ ਵੱਲੋਂ 150 ਸਾਲ ਪਹਿਲਾਂ ਪਛਾਣੇ ਗਏ ਰੁਝਾਨ ਦੀ ਸਪਸ਼ਟ ਤਸਦੀਕ ਹੈ।
ਆਧੁਨਿਕ ਯੁੱਗ ਦੋ ਨਵੇਂ ਸੰਕਟ- ਵਿੱਤੀ ਸੰਕਟ ਤੇ ਵਾਤਾਵਰਨ ਦਾ ਸੰਕਟ ਬਾਰੇ ਮਾਰਕਸ ਵੱਲੋਂ ਕੈਪੀਟਲ (ਭਾਗ-3) ਵਿਚ ਸੰਕੇਤ ਕੀਤਾ ਗਿਆ ਸੀ। ਵਿਸ਼ੇਸ਼ ਤੌਰ ‘ਤੇ ਪੂੰਜੀਵਾਦੀ ਅਰਥਵਿਵਸਥਾ ਦੇ ਵਿੱਤੀਕਰਨ ਅਤੇ ਸੰਸਾਰ ਪੱਧਰ ‘ਤੇ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਦੇ ਰੂਪ ਵਿਚ ਮਨੁੱਖ ਸਾਹਮਣੇ ਪੈਦਾ ਹੋ ਰਹੇ ਵਾਤਾਵਰਨਕ ਸੰਕਟ ਨਾਲ ਇਸ ਦੇ ਸਬੰਧ ਬਾਰੇ ਹਾਲੇ ਬਹੁਤ ਕੰਮ ਕੀਤੇ ਜਾਣ ਦੀ ਲੋੜ ਹੈ। ਪੂੰਜੀਵਾਦ ਦੇ ਸੰਕਟਾਂ ਦੇ ਹੱਲ ਲਈ ਮਾਰਕਸ ਵੱਲੋਂ ਸੁਝਾਏ ਗਏ ਸਮਾਜਵਾਦ ਦੇ ਰਾਹ ਨੂੰ ਮੌਜੂਦਾ ਵਾਤਾਵਰਨ ਸਬੰਧੀ ਸੰਕਟ ਦੀ ਚੁਣੌਤੀ ਨੂੰ ਹੱਲ ਕਰਨ ਲਈ ਵਾਤਾਵਰਨਿਕ ਸਮਾਜਵਾਦ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।