ਅਕਾਲੀ ਦਲ ਦੇ ਫਿਰਕੂ ਨਾਅਰੇ

ਨਰਿੰਦਰ ਸਿੰਘ ਢਿੱਲੋਂ (ਕੈਲਗਰੀ)
ਫੋਨ: 403-616-4032
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ (ਫਰਵਰੀ 2017) ਹਾਰਨ ਪਿਛੋਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾਵਾਂ ਅਤੇ ਕਲਮਕਾਰਾਂ ਨੇ ਧਰਮ ਦੇ ਨਾਂ ‘ਤੇ ਫਿਰ ਪੁਰਾਣੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਪੰਜਾਬ 1978 ਤੋਂ 1994-95 ਤੱਕ ਪਹਿਲਾਂ ਹੀ ਕਾਲਾ ਦੌਰ ਦੇਖ ਚੁਕਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਅਤੇ ਅਰਥ ਵਿਵਸਥਾ ਦਾ ਭਾਰੀ ਨੁਕਸਾਨ ਹੋਇਆ। ਉਦੋਂ ਵੀ ਅਕਾਲੀ ਆਗੂ ਗਰਮਖਿਆਲ ਨੌਜਵਾਨਾਂ ਨੂੰ ਸ਼ਿਸ਼ਕੇਰਦੇ ਰਹੇ ਅਤੇ ਉਨ੍ਹਾਂ ਵੱਲੋਂ ਕੀਤੀਆਂ ਵਾਰਦਾਤਾਂ ਬਾਰੇ ਡਰਪੋਕ ਬਣ ਕੇ ਚੁਪ ਰਹੇ। ਦੂਜੇ ਪਾਸੇ ਪੁਲਿਸ ਅਫਸਰਾਂ ਨਾਲ ਇਨ੍ਹਾਂ ਦੀ ਗੰਢ-ਤੁਪ ਦੇ ਚਰਚੇ ਵੀ ਚਲਦੇ ਰਹੇ। ਪਹਿਲਾਂ ਪੰਜਾਬ ਵਿਚ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ,

ਫਿਰ ਹੋਰ ਲੋਕ ਵੀ ਹਮਲੇ ਦੀ ਲਪੇਟ ਵਿਚ ਆ ਗਏ। ਅਤਿਵਾਦੀਆਂ ਨੇ ਵੱਡੀ ਗਿਣਤੀ ‘ਚ ਕਮਿਊਨਿਸਟ, ਕਾਂਗਰਸੀ ਤੇ ਭਾਜਪਾ ਆਗੂ ਤੇ ਕਾਰਕੁਨ, ਪੱਤਰਕਾਰ ਤੇ ਮੁਲਾਜ਼ਮ ਹੀ ਨਹੀਂ; ਸੰਤ ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ ਤੇ ਮਾਸਟਰ ਤਾਰਾ ਸਿੰਘ ਦੀ ਲੜਕੀ ਰਜਿੰਦਰ ਕੌਰ ਵਰਗੇ ਆਗੂਆਂ ਨੂੰ ਕਤਲ ਕਰ ਦਿੱਤਾ। ਅੱਜ ਤੱਕ ਅਕਾਲੀ ਦਲ ਦੇ ਮੁੱਖ ਆਗੂਆਂ ਨੇ ਇਨ੍ਹਾਂ ਕਤਲਾਂ ਦੀ ਨਿਖੇਧੀ ਨਹੀਂ ਕੀਤੀ। ਅਕਾਲੀ ਅਤੇ ਕਾਂਗਰਸੀ ਪੰਜਾਬ ਅੰਦਰ ਬੇਦੋਸ਼ਿਆਂ ਦੇ ਬਲਦੇ ਸਿਵਿਆਂ ‘ਤੇ ਸਿਆਸੀ ਰੋਟੀਆਂ ਸੇਕਦੇ ਰਹੇ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ।
ਹੁਣ ਫਿਰ ਜਦੋਂ ਅਕਾਲੀ ਦਲ ਸੰਕਟ ਵਿਚ ਹੈ ਤਾਂ ਲੋਕਾਂ ਵਿਚ ਧਰਮ ਦੇ ਨਾਂ ‘ਤੇ ਫੁੱਟ ਪੈਦਾ ਕਰਨ ਅਤੇ ਭੜਕਾਹਟ ਪੈਦਾ ਕਰਨ ਲਈ ‘ਸਿੱਖ ਵੱਖਰੀ ਕੌਮ’ ਅਤੇ ਸਿੱਖਾਂ ਦਾ ਧਰਮ ਤੇ ਰਾਜਨੀਤੀ ਇਕੱਠੇ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
‘ਸਿੱਖ ਵੱਖਰੀ ਕੌਮ’ ਦਾ ਫੈਸਲਾ ਕਰਨ ਤੋਂ ਪਹਿਲਾਂ ਫੈਸਲਾ ਕਰਨਾ ਪਵੇਗਾ ਕਿ ਕੌਮ ਕਿਸ ਨੂੰ ਆਖਦੇ ਹਨ? ਕੌਮ ਉਨ੍ਹਾਂ ਲੋਕਾਂ ਦੇ ਜਨ ਸਮੂਹ ਨੂੰ ਆਖਦੇ ਹਨ ਜੋ ਇਤਿਹਾਸਕ ਤੌਰ ‘ਤੇ ਹੋਂਦ ‘ਚ ਆਇਆ ਹੋਵੇ। ਉਸ ਦਾ ਜੁੜਵਾਂ ਇਲਾਕਾ, ਇਕ ਬੋਲੀ, ਸਾਂਝਾ ਸਭਿਆਚਾਰ ਤੇ ਰਸਮੋ-ਰਿਵਾਜ, ਕਲਾਵਾਂ, ਗੀਤ-ਸੰਗੀਤ ਅਤੇ ਮੇਲੇ ਆਦਿ ਸਾਂਝੇ ਹੋਣ। ਪੰਜਾਬ ਵਿਚ ਵਸਦੇ ਵੱਖ ਵੱਖ ਧਰਮਾਂ ਦੇ ਲੋਕ ਇਤਿਹਾਸਕ ਤੌਰ ‘ਤੇ ਜੁੜੇ ਹੋਏ ਹਨ। ਇਕ ਸਾਂਝੇ ਜੁੜਵੇਂ ਇਲਾਕੇ ਵਿਚ ਇਨ੍ਹਾਂ ਦੀ ਬੋਲੀ, ਸਮਾਜਿਕ ਅਤੇ ਆਰਥਿਕ ਜੀਵਨ, ਸਭਿਆਚਾਰ ਆਦਿ ਸਾਂਝਾ ਹੈ। ਇਉਂ ਪੰਜਾਬ ਵਿਚ ਵਸਦੇ ਸਿੱਖ, ਹਿੰਦੂ, ਮੁਸਲਮਾਨ ਅਤੇ ਇਸਾਈ ਆਦਿ ਪੰਜਾਬੀ ਕੌਮ ਹਨ, ਇਕੱਲੇ ਸਿੱਖ ਨਹੀਂ।
ਭਾਰਤ ਵਿਚ ਵੱਖ ਵੱਖ ਕੌਮਾਂ ਦੀ ਆਪਣੀ ਭਾਸ਼ਾ, ਜੁੜਵਾਂ ਸਾਂਝਾ ਇਲਾਕਾ, ਸਮਾਜਿਕ ਜੀਵਨ ਅਤੇ ਸਾਂਝਾ ਸਭਿਆਚਾਰ ਹੈ। ਉਹ ਵੱਖ ਵੱਖ ਧਰਮਾਂ ਨੂੰ ਮੰਨਣ ਦੇ ਬਾਵਜੂਦ ਬੰਗਾਲੀ, ਬਿਹਾਰੀ, ਅਸਾਮੀ, ਤਾਮਿਲ, ਗੁਜਰਾਤੀ, ਮਲਿਆਲੀ, ਹਰਿਆਣਵੀ ਅਤੇ ਪੰਜਾਬੀ ਆਦਿ ਹਨ। ਕੀ ਬੰਗਾਲ ਦਾ ਬੰਗਲਾ ਜਾਂ ਤਾਮਿਲਨਾਡੂ ਦਾ ਤਾਮਿਲ ਜਾਂ ਗੁਜਰਾਤ ਦਾ ਗੁਜਰਾਤੀ ਆਦਿ ਬੋਲੀ ਬੋਲਣ ਵਾਲਾ ਜੇ ਸਿੱਖ ਧਰਮ ਗ੍ਰਹਿਣ ਕਰ ਲਵੇ ਤਾਂ ਉਹ ਪੰਜਾਬੀ ਬਣ ਜਾਵੇਗਾ? ਨਹੀਂ। ਉਹ ਬੰਗਾਲੀ ਹੀ ਰਹੇਗਾ। ਤਾਮਿਲ ਬੋਲਣ ਵਾਲਾ ਸਿੱਖ ਤਾਮਿਲ ਹੀ ਹੈ। ਗੁਜਰਾਤੀ, ਕੰਨੜ, ਅੰਗਰੇਜ਼ੀ, ਹਿੰਦੀ ਆਦਿ ਬੋਲਣ ਵਾਲੇ ਸਿੱਖ ਉਨ੍ਹਾਂ ਸੂਬਿਆਂ ਦੀ ਕੌਮ ਵਿਚ ਹੀ ਗਿਣੇ ਜਾਣਗੇ, ਉਹ ਪੰਜਾਬੀ ਨਹੀਂ ਬਣ ਸਕਦੇ। ਉਨ੍ਹਾਂ ਦਾ ਪੰਜਾਬ ਨਾਲ ਇਤਿਹਾਸਕ ਤੌਰ ‘ਤੇ ਜੁੜਿਆ ਇਲਾਕਾ, ਸਾਂਝੀ ਬੋਲੀ ਅਤੇ ਸਾਂਝਾ ਸਭਿਆਚਾਰ ਨਹੀਂ।
ਕੌਮ ਦਾ ਆਧਾਰ ਧਰਮ ਨਹੀਂ ਹੁੰਦਾ। ਅਕਾਲੀ ਆਗੂਆਂ ਨੂੰ ਪੁਛਣਾ ਬਣਦਾ ਹੈ ਕਿ ਜੇ ਪੰਜਾਬ ਦਾ ਸਿੱਖ ਕੋਈ ਹੋਰ ਧਰਮ ਗ੍ਰਹਿਣ ਕਰ ਲਵੇ, ਤਾਂ ਕੀ ਉਹ ਪੰਜਾਬੀ ਨਹੀਂ ਰਹੇਗਾ? ਕੀ ਪੰਜਾਬ ਵਿਚ ਵਸਦੇ ਹਿੰਦੂ, ਮੁਸਲਮਾਨ ਅਤੇ ਇਸਾਈ ਪੰਜਾਬੀ ਨਹੀਂ ਹਨ? ਕੀ ਗੈਰ ਪੰਜਾਬੀ ਸਿੱਖ ਕੋਈ ਹੋਰ ਧਰਮ ਗ੍ਰਹਿਣ ਕਰਨ ਨਾਲ ਪੰਜਾਬੀ ਬਣ ਜਾਵੇਗਾ? ਅਕਾਲੀ ਆਗੂ ਇਨ੍ਹਾਂ ਸੁਆਲਾਂ ਦਾ ਜੁਆਬ ਦੇਣ ਤੋਂ ਸਦਾ ਹੀ ਕੰਨੀ ਕਤਰਾਉਂਦੇ ਹਨ।
ਅਕਾਲੀ ਦਲ ਦਾ ਇਹ ਨਾਅਰਾ ਕਿ ‘ਸਿੱਖ ਵਖਰੀ ਕੌਮ’ ਹਨ, ਸਿਧਾਂਤਹੀਣ ਤੇ ਬੇਤੁਕਾ ਹੈ। ਅਕਾਲੀ ਦਲ ਦਾ ਇਤਿਹਾਸ ਦੇਖੀਏ ਤਾਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੇ ਸਦਾ ਫਿਰਕੂ ਏਕੇ ਦਾ ਝੰਡਾ ਬੁਲੰਦ ਰੱਖਿਆ। ਹੁਣ ਵੀ ਅਕਾਲੀ ਦਲ ਜੇ ਪੰਜਾਬ ਦੇ ਲੋਕਾਂ ਦਾ ਹਿਤੂ ਹੈ ਤਾਂ ਧਰਮ ਦੇ ਨਾਂ ‘ਤੇ ਭੰਬਲਭੂਸਾ ਪਾਉਣ ਦੀ ਥਾਂ ਲੋਕਾਂ ਦੀ ਫਿਰਕੂ ਏਕਤਾ ਲਈ ਕੰਮ ਕਰਨਾ ਚਾਹੀਦਾ ਹੈ।
ਅਕਾਲੀ ਦਲ ਦਾ ਦੂਜਾ ਨਾਅਰਾ ਹੈ ਕਿ ਸਿੱਖਾਂ ਦਾ ਧਰਮ ਤੇ ਰਾਜਨੀਤੀ ਇਕੱਠੀ ਹੈ। ਧਰਮ ਨੂੰ ਰਾਜਨੀਤੀ ਨਾਲ ਰਲਗਡ ਕਰਨਾ ਗਲਤ ਹੀ ਨਹੀਂ, ਲੋਕ ਵਿਰੋਧੀ ਵੀ ਹੈ। ਧਰਮ ਮਨੁੱਖ ਦੀ ਰੱਬ ਨਾਲ ਮੇਲ ਕਰਾਉਣ ਵਿਚ ਅਗਵਾਈ ਕਰਦਾ ਹੈ। ਇਹ ਹਰ ਮਨੁੱਖ ਦੀ ਨਿਜੀ ਪਸੰਦ ਹੈ ਕਿ ਉਸ ਨੇ ਧਾਰਮਿਕ ਜੀਵਨ ਕਿਵੇਂ ਬਸਰ ਕਰਨਾ ਹੈ, ਪੂਜਾ ਪਾਠ ਕਿਵੇਂ ਤੇ ਕਦੋਂ ਕਰਨਾ ਹੈ। ਇਕੋ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਸਿਆਸੀ ਵਿਚਾਰ ਵੱਖ ਵੱਖ ਹੋ ਸਕਦੇ ਹਨ। ਸਿੱਖ ਧਰਮ ਨੂੰ ਮੰਨਣ ਵਾਲੇ ਕੇਵਲ ਅਕਾਲੀ ਹੀ ਨਹੀਂ, ਹੋਰਨਾਂ ਸਿਆਸੀ ਪਾਰਟੀਆਂ ‘ਚ ਕੰਮ ਕਰਦੇ ਲੋਕ ਵੀ ਹਨ। ਦੂਜੀਆਂ ਪਾਰਟੀਆਂ ‘ਚ ਕੰਮ ਕਰਦੇ ਸਿੱਖ ਸ਼ਾਇਦ ਅਕਾਲੀ ਦਲ ਵਿਚ ਕੰਮ ਕਰਦੇ ਨੇਤਾਵਾਂ ਤੋਂ ਬਤੌਰ ਸਿੱਖ ਕਿਸੇ ਪੱਖੋਂ ਘਟ ਨਾ ਹੋਣ, ਪਰ ਅਕਾਲੀ ਦਲ ਦੀ ਸਿਆਸੀ ਲਾਈਨ ਨੂੰ ਉਹ ਠੀਕ ਨਹੀਂ ਮੰਨਦੇ।
ਜਿਥੇ ਧਰਮ ਮਨੁੱਖ ਦੀ ਨਿਜੀ ਜ਼ਿੰਦਗੀ ਨਾਲ ਸਬੰਧਤ ਹੈ, ਉਥੇ ਰਾਜਨੀਤੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਜਮਾਤੀ ਵਿਚਾਰਧਾਰਾ ਹੈ। ਰਾਜਨੀਤੀ ਜਮਾਤੀ ਹਿੱਤਾਂ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ। ਇਕ ਪਾਸੇ ਗਰੀਬ ਲੋਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਛੋਟਾ ਦੁਕਾਨਦਾਰ ਅਤੇ ਕਿਰਤੀ ਵਰਗ ਆਦਿ ਲੋਕਾਂ ਦੀ ਜਮਾਤ ਹੈ; ਦੂਜੇ ਪਾਸੇ ਸਰਮਾਏਦਾਰ, ਜ਼ਿਮੀਂਦਾਰ, ਸਾਬਕਾ ਰਾਜੇ, ਟਰਾਂਸਪੋਰਟਰ, ਵਪਾਰਕ ਤੇ ਸਨਅਤੀ ਘਰਾਣੇ, ਬਲੈਕ ਮਾਰਕੀਟੀਏ ਅਤੇ ਜਗੀਰਦਾਰ ਆਦਿ ਲੋਟੂ ਲੋਕਾਂ ਦੀ ਜਮਾਤ ਹੈ। ਸਿੱਖ ਦੋਹਾਂ ਜਮਾਤਾਂ ਵਿਚ ਹੀ ਹਨ। ਇਕ ਲੁਟੇ ਜਾਣ ਵਾਲੇ ਅਤੇ ਦੂਜੇ ਲੋਟੂ ਹਨ। ਦੋਹਾਂ ਦੀ ਰਾਜਨੀਤੀ ਇਕ ਨਹੀਂ ਹੋ ਸਕਦੀ। ਅਕਾਲੀ ਦਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਲੋਟੂ ਸਿੱਖਾਂ ਦੀ ਰਾਜਨੀਤੀ ਕਰ ਰਿਹਾ ਹੈ, ਜਾਂ ਲੁੱਟੇ ਜਾਣ ਵਾਲਿਆਂ ਦੀ। ਮੇਰੇ ਵਿਚਾਰ ਅਨੁਸਾਰ, ਇਸ ਸਮੇਂ ਅਕਾਲੀ ਦਲ ਲੋਟੂ ਲੋਕਾਂ ਦੇ ਹਿਤ ਵਿਚ ਰਾਜਨੀਤੀ ਕਰ ਰਿਹਾ ਹੈ ਅਤੇ ਲੁੱਟੇ ਜਾਣ ਵਾਲੇ ਲੋਕਾਂ ‘ਤੇ ਆਪਣੇ ਰਾਜ ਅੰਦਰ ਜਬਰ ਕਰਦਾ ਰਿਹਾ ਹੈ।
ਉਂਜ ਵੀ ਅਕਾਲੀ ਦਲ ਨੂੰ ਸਾਰੇ ਸਿੱਖਾਂ ਬਾਰੇ ਗੱਲ ਕਰਨ ਦਾ ਹੱਕ ਨਹੀਂ, ਜਦ ਕਿ ਸਿੱਖ ਦੂਜੀਆਂ ਸਿਆਸੀ ਪਾਰਟੀਆਂ ਵਿਚ ਵੀ ਹਨ ਅਤੇ ਦੇਸ਼-ਵਿਦੇਸ਼ ਵਿਚ ਵੀ ਹਨ ਜੋ ਅਕਾਲੀ ਦਲ ਦੇ ਨੇਤਾਵਾਂ ਨਾਲ ਕਈ ਮਾਮਲਿਆਂ ‘ਤੇ ਸਹਿਮਤ ਹੀ ਨਹੀਂ ਹਨ। ਮੌਜੂਦਾ ਜਮਾਤੀ ਸਮਾਜ ਵਿਚ ਕਈ ਸਿੱਖ ਮਲਕ ਭਾਗੋ ਦਾ ਰੂਪ ਹਨ ਜਿਨ੍ਹਾਂ ਨੇ ਕਿਰਤੀ ਵਰਗ ਦੀ ਲੁੱਟ ਕਰ ਕੇ ਬੇਤਹਾਸ਼ਾ ਜਾਇਦਾਦ ਇਕੱਠੀ ਕਰ ਲਈ ਹੈ ਅਤੇ ਬਹੁਤੇ ਸਿੱਖ ਭਾਈ ਲਾਲੋ ਵਾਂਗ ਕਿਰਤ ਦੀ ਰੋਟੀ ਖਾ ਰਹੇ ਹਨ। ਅਕਾਲੀ ਮਲਕ ਭਾਗੋ ਰੂਪੀ ਸਿੱਖਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਇਸ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ। ਸਿੱਖ ਧਰਮ ਲੁੱਟ ਤੇ ਹਰਾਮ ਦੀ ਕਮਾਈ ਦੇ ਖਿਲਾਫ ਹੈ।
ਅਕਾਲੀ ਆਗੂ ਆਪਣੀ ਦਲੀਲ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਹਰਿਮੰਦਰ ਸਾਹਿਬ ਸਾਹਮਣੇ ਅਕਾਲ ਤਖਤ ਸਾਹਿਬ ਦਾ ਹਵਾਲਾ ਦਿੰਦੇ ਹਨ। ਗੁਰੂ ਜੀ ਨੇ ਧਰਮ ਤੋਂ ਰਾਜਨੀਤੀ ਨੂੰ ਵੱਖ ਰੱਖਣ ਅਤੇ ਸਿਆਸੀ ਫੈਸਲੇ ਹਰਿਮੰਦਰ ਸਾਹਿਬ ਤੋਂ ਬਾਹਰ ਕਰਨ ਹਿਤ ਸ੍ਰੀ ਅਕਾਲ ਤਖਤ ਦੀ ਸਥਾਪਨਾ ਕੀਤੀ ਸੀ। ਇਸੇ ਕਰ ਕੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਉਂਜ ਵੀ ਅਕਾਲੀ ਦਲ ਨੂੰ ਇਹ ਮੁੱਦਾ ਉਛਾਲ ਕੇ ਗੁਰੂ ਸਾਹਿਬ ਨਾਲ ਨਹੀਂ ਜੋੜਨਾ ਚਾਹੀਦਾ। ਅਕਾਲੀ ਦਲ ਨੂੰ ਪੁਰਾਤਨ ਇਤਿਹਾਸਕ ਰਵਾਇਤਾਂ ਅਨੁਸਾਰ ਭਾਈਚਾਰਕ ਏਕੇ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਧਰਮ ਦੇ ਨਾਂ ‘ਤੇ ਵੋਟਾਂ ਬਟੋਰਨ ਤੇ ਲੋਕਾਂ ਵਿਚ ਫੁੱਟ ਪਾਉਣ ਦਾ ਰਾਹ ਛੱਡ ਦੇਣਾ ਚਾਹੀਦਾ ਹੈ।