ਸਬਰ ਸਿਰੜ ਦੇ ਰਾਹਾਂ ਵਿਚੋਂ ਖੱਲ੍ਹਦੇ ਰਾਹ…

ਮੇਜਰ ਕੁਲਾਰ (ਬੋਪਾਰਾਏ ਕਲਾਂ)
ਫੋਨ: 916-273-2856
ਅੰਮ੍ਰਿਤ ਵੇਲੇ ਪਾਠੀ ਸਿੰਘ ਦੀ ਰਸਨਾ ਵਿਚੋਂ ਨਿਕਲੇ ਬਾਣੀ ਦੇ ਸ਼ਬਦਾਂ ਨਾਲ ਮਿਲਖੀ ਦੀ ਅੱਖ ਖੁੱਲ੍ਹ ਗਈ। ਉਸ ਨੇ ਨਿੱਘੀ ਰਜਾਈ ਵਿਚੋਂ ਨਾ ਚਾਹੁੰਦਿਆਂ ਵੀ ਲੱਤਾਂ ਕੱਢ ਕੇ ਪੈਰੀਂ ਧੌੜੀ ਦੀ ਜੁੱਤੀ ਪਾ ਲਈ। ਖੁਰਲੀ ਵਿਚ ਪੱਠੇ ਪਾਉਂਦਿਆਂ ਉਸ ਦੇ ਕੰਨੀਂ ਸ਼ਬਦ ਪੈ ਰਹੇ ਸਨ:

ਹੁਕਮੈ ਅੰਦਰ ਸਭ ਕੋ
ਬਾਹਰ ਹੁਕਮ ਨਾ ਕੋਇ॥
ਨਾਨਕ ਹੁਕਮੈ ਜੋ ਬੁਝੈ
ਤਾ ਹਉਮੈ ਕਹਿ ਨਾ ਕੋਇ॥
ਸ਼ਬਦ ਸੁਣਦਿਆਂ ਪਲ ਭਰ ਲਈ ਸੁੰਨ ਹੋ ਗਿਆ ਤੇ ਹੱਥੋਂ ਪੱਠਿਆਂ ਵਾਲੀ ਟੋਕਰੀ ਡਿੱਗ ਪਈ। ਸੋਚਾਂ ਦੇ ਸਾਗਰ ਵਿਚ ਡੁੱਬਣ ਲੱਗਿਆ- ਕੀ ਇਹ ਸਭ ਕੁਝ ਗੁਰੂ ਨਾਨਕ ਦੇ ਹੁਕਮ ਨਾਲ ਹੋਇਆæææ ਗੁਰੂ ਨਾਨਕ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ। ਸ਼ਾਇਦ ਮੈਂ ਕੋਈ ਮਾੜੇ ਕਰਮ ਕੀਤੇ ਹੋਣ, ਤਾਂ ਹੀ ਇੰਨੀ ਵੱਡੀ ਸਜ਼ਾ ਮਿਲੀ ਹੈ।
ਉਹ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਫਰੋਲਦਾ ਪਸੂਆਂ ਵਿਚ ਘੁੰਮ ਰਿਹਾ ਸੀ। ਪਸੂਆਂ ਨੂੰ ਖੁਰਲੀ ‘ਤੇ ਬੰਨ੍ਹ ਕੇ ਉਸ ਨੇ ਚੁੱਲ੍ਹੇ ਅੱਗ ਬਾਲ ਕੇ ਚਾਹ ਵਾਲੀ ਪਤੀਲੀ ਉਤੇ ਰੱਖ ਦਿੱਤੀ। ਸੁੱਕੀਆਂ ਛਿਟੀਆਂ ਦੀ ਅੱਗ ਛੱਤ ਨੂੰ ਛੂਹਣ ਲੱਗੀ। ਉਸ ਨੂੰ ਅੱਗ ਆਪਣੇ ਨੂੰਹ-ਪੁੱਤ ਦੇ ਬਲਦੇ ਸਿਵਿਆਂ ਦੀ ਅੱਗ ਦੀ ਹਾਣਨ ਜਾਪੀ। ਉਹ ਡਰ ਗਿਆ। ਉਸ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਆਪਣੇ ਗੱਭਰੂ ਪੁੱਤ ਨੂੰ ਅੱਗ ਦੀ ਲਪੇਟ ਵਿਚੋਂ ਬਾਹਰ ਕੱਢ ਲਵੇਗਾ, ਪਰ ਉਸ ਦੀ ਕੋਸ਼ਿਸ਼ ਬੇਕਾਰ ਗਈ। ਦੇਖਦਿਆਂ ਦੇਖਦਿਆਂ ਪੁੱਤ ਸੁਆਹ ਦੀ ਢੇਰੀ ਬਣ ਗਿਆ ਸੀ।
ਚਾਹ ਦੇ ਉਬਾਲ ਨੇ ਉਸ ਨੂੰ ਸੋਚਾਂ ਦੇ ਸਾਗਰ ਵਿਚੋਂ ਬਾਹਰ ਕੱਢਿਆ। ਚਾਹ ਦੋ ਕੱਪਾਂ ਵਿਚ ਪਾ ਉਹ ਅੰਦਰ ਚਲਾ ਗਿਆ। ਬਾਰਾਂ ਸਾਲਾਂ ਦੀ ਪੋਤੀ ਗਿਆਨੋ ਦੇ ਮੁੱਖ ‘ਤੇ ਹੱਥ ਫੇਰਦਿਆਂ ਬੋਲਿਆ, “ਗਿਆਨੋ! ਉਠ ਪੁੱਤ ਚਾਹ ਪੀ ਲੈ, ਦੇਖ ਦਿਨ ਚੜ੍ਹ ਗਿਆ।” ਗਿਆਨੋ ਨੇ ਉਠਦਿਆਂ ਲੰਮੀ ਅੰਗੜਾਈ ਲਈ ਅਤੇ ਨਲਕੇ ਵੱਲ ਹੋ ਤੁਰੀ। ਫਿਰ ਰਜਾਈ ‘ਚ ਵੜ੍ਹ ਕੇ ਚਾਹ ਪੀਣ ਲੱਗ ਪਈ। ਮਿਲਖੀ ਕੱਪ ਫੜ੍ਹ ਮੱਠੀ ਪਈ ਅੱਗ ਕੋਲ ਆ ਕੇ ਬੈਠ ਗਿਆ। ਠੰਢ ਨਾਲ ਪੈਰ ਬਰਫ ਬਣੇ ਪਏ ਸਨ। ਧੌੜੀ ਦੀ ਜੁੱਤੀ ਸਣੇ ਹੀ ਪੈਰ ਉਸ ਨੇ ਅੱਗ ਦੀ ਹਿੱਕ ਨਾਲ ਛੁਹਾ ਲਏ। ਠੰਢ ਤੋਂ ਰਾਹਤ ਮਿਲੀ ਤਾਂ ਬਾਲਟੀ ਚੁੱਕ ਕੇ ਧਾਰ ਕੱਢਣ ਤੁਰ ਪਿਆ। ਗਾਂ ਤੇ ਮੱਝ ਦੀ ਧਾਰ ਕੱਢ ਕੇ ਵਰਤੋਂ ਜੋਗਾ ਦੁੱਧ ਰੱਖਿਆ ਅਤੇ ਬਾਕੀ ਡੇਅਰੀ ਨੂੰ ਲੈ ਤੁਰਿਆ। ਉਥੇ ਉਹਨੇ ਡੇਅਰੀ ਵਾਲੇ ਤੋਂ ਸੌ ਰੁਪਏ ਐਡਵਾਂਸ ਲਈ ਤਰਲਾ ਕੀਤਾ। ਅੱਗਿਉਂ ਡੇਅਰੀ ਵਾਲਾ ਭੱਜ ਕੇ ਪਿਆ, “ਤਾਇਆ! ਅਜੇ ਤਾਂ ਮੱਝ ਵਾਲਾ ਦੋ ਹਜ਼ਾਰ ਤੇਰੇ ਸਿਰ ਖੜ੍ਹੈ, ਨਾਲੇ ਖਲ-ਖੁਰਾਕ ਦੇ ਵੀ ਰਹਿੰਦੇ। ਹੁਣ ਇਕ ਮਹੀਨਾ ਪੈਸੇ ਨਾ ਮੰਗੀਂ।”
ਮਿਲਖੀ ਨਿੰਮੋਝੂਣਾ ਜਿਹਾ ਹੋ ਕੇ ਘਰ ਆ ਗਿਆ। ਪੋਤੀ ਨੂੰ ਉਠਾਇਆ, ਚਾਰ ਟੋਕਰੀਆਂ ਉਹ ਰੂੜੀ ਸੁੱਟ ਆਈ। ਫਿਰ ਰੋਟੀ ਬਣਾ ਕੇ ਦਾਦੇ ਨੂੰ ਖੁਆ ਦਿੱਤੀ ਤੇ ਆਪ ਖਾ ਕੇ ਸਕੂਲ ਨੂੰ ਤੁਰ ਪਈ। ਉਸ ਨੂੰ ਯਾਦ ਸੀ, ਗਿਆਨੋ ਨੂੰ ਕਸ਼ਮੀਰੀ ਸ਼ਾਲ ਲੈ ਕੇ ਦੇਣਾ ਹੈ ਤੇ ਉਨਾਭੀ ਕੋਟੀ; ਜਵਾਕੜੀ ਕਿੰਨੇ ਚਿਰ ਤੋਂ ਮੰਗ ਰਹੀ ਹੈ! ਵਿਚਾਰੀ ਕਿੰਨਾ ਕੰਮ ਕਰਦੀ ਹੈ। ਉਹ ਹਿਸਾਬ ਕਿਤਾਬ ਦੀ ਬੁਣਤੀ ਪਾਉਂਦਾ, ਕੈਨੇਡਾ ਵਾਲਿਆਂ ਦੇ ਦਿਹਾੜੀ ਤੁਰ ਗਿਆ। ਦੁਪਹਿਰ ਤੱਕ ਇੱਟਾਂ, ਬਜਰੀ ਚੁੱਕਦਾ ਰਿਹਾ; ਚਾਰ ਰੋਟੀਆਂ ਤੇ ਕੱਪ ਦਾਲ ਦਾ ਲੈ ਕੇ ਉਹ ਘਰ ਆ ਗਿਆ। ਗਿਆਨੋ ਵੀ ਸਕੂਲੋਂ ਅੱਧੀ ਛੁੱਟੀ ਆ ਗਈ ਸੀ। ਮਿਲਖੀ ਨੇ ਦੋ ਰੋਟੀਆਂ ਗਿਆਨੋ ਦੇ ਹੱਥ ਉਤੇ ਰੱਖ ਦਿੱਤੀਆਂ। ਦਾਲ ਇਕੋ ਕੋਲੀ ਵਿਚ ਪਾ ਕੇ ਦੋਵੇਂ ਦਾਦਾ-ਪੋਤੀ ਰੋਟੀ ਖਾਣ ਲੱਗ ਪਏ। ਪਹਿਲੀ ਬੁਰਕੀ ਦਾਲ ਵਿਚ ਡੁਬੋ ਕੇ ਗਿਆਨੋ ਬੋਲੀ, “ਬਾਪੂ! ਅਮੀਰ ਲੋਕ ਵੀ ਰੋਜ਼ ਦਾਲ ਹੀ ਖਾਂਦੇ ਨੇ?”
“ਨਹੀਂ ਪੁੱਤ।” ਮਿਲਖੀ ਨੇ ਜਵਾਬ ਦਿੱਤਾ।
“ਫਿਰ ਆਹ ਤੁਹਾਨੂੰ ਕਾਲੀ-ਪੀਲੀ-ਹਰੀ ਦਾਲ ਰੋਜ਼ ਕਿਉਂ ਦਿੰਦੇ ਨੇ?”
“ਪੁੱਤ, ਦਿਹਾੜੀਦਾਰਾਂ ਦੇ ਹਿੱਸੇ ਦਾਲ ਹੀ ਆਉਂਦੀ ਹੈ। ਜਿੰਨਾ ਮਰਜ਼ੀ ਕੋਈ ਅਮੀਰ ਹੋਵੇ, ਉਹ ਕਾਮੇ ਦੀ ਰੋਟੀ ਸਮੇਂ ਹੱਥ ਘੁੱਟ ਹੀ ਲੈਂਦਾ ਹੈ।” ਮਿਲਖੀ ਨੇ ਲੰਮਾ ਹਉਕਾ ਭਰਿਆ।
ਗਿਆਨੋ ਨੇ ਕੈਨੇਡਾ ਵਾਲਿਆਂ ਨੂੰ ਗਰੀਬੜੇ ਵਿਚਾਰੇ ਆਖ ਕੇ ਆਪਣਾ ਗੁੱਸਾ ਠੰਢਾ ਕਰ ਲਿਆ, ਫਿਰ ਸਕੂਲੇ ਤੁਰ ਗਈ। ਮਿਲਖੀ ਨੇ ਫਿਰ ਸਿਰ ਸੀਮੈਂਟ ਦੀ ਬੋਰੀ ਥੱਲੇ ਜਾ ਦਿੱਤਾ। ਆਥਣੇ ਗਿਆਨੋ ਸਕੂਲੋਂ ਪੜ੍ਹ ਕੇ ਆਈ ਤਾਂ ਪੱਠੇ ਖੁਰਲੀਆਂ ਵਿਚ ਪਾ ਕੇ ਪਸੂ ਬੰਨ੍ਹ ਕੇ ਸਾਰੇ ਘਰ ਝਾੜੂ ਫੇਰਿਆ। ਫਿਰ ਗੁਆਂਢਣ ਤਾਈ ਨਾਲ ਉਹ ਕੱਖ ਖੋਤਣ ਤੁਰ ਪਈ। ਗਿਆਨੋ ਆਪਣੀ ਉਮਰ ਤੋਂ ਵੱਧ ਸਿਆਣੀ ਸੀ; ਤਾਂ ਹੀ ਤਾਂ ਦਾਦੀ ਨੇ ਨਾਂ ਗਿਆਨੋ ਰੱਖਿਆ। ਮਾਂ ਨੇ ਉਹਦਾ ਨਾਂ ਭੋਲੀ ਰੱਖਿਆ ਸੀ।
ਮਿਲਖੀ ਦਾ ਸੁਪਨਾ ਸੀ ਕਿ ਗਿਆਨੋ ਪੜ੍ਹ-ਲਿਖ ਕੇ ਕੁਝ ਬਣ ਜਾਵੇ। ਇਸੇ ਕਰ ਕੇ ਬੁੱਢੇ ਹੱਡਾਂ ਨਾਲ ਉਹ ਮਿਹਨਤ-ਮਜ਼ਦੂਰੀ ਕਰ ਰਿਹਾ ਸੀ। ਉਸ ਦੀ ਨੂੰਹ-ਪੁੱਤ ਪ੍ਰਾਈਵੇਟ ਬੱਸ ਦੀ ਲਪੇਟ ਵਿਚ ਆ ਗਏ ਸਨ। ਸਾਇਕਲ ‘ਤੇ ਜਾ ਰਹੇ ਸਨ ਕਿ ਬੱਸ ਵਾਲੇ ਨੇ ਫੇਟ ਮਾਰ ਦਿੱਤੀ। ਦੋਵੇਂ ਥਾਂਏਂ ਪੂਰੇ ਹੋ ਗਏ। ਬੱਸ ਵਾਲਿਆਂ ਥੋੜ੍ਹੇ ਰੁਪਏ ਦੇ ਕੇ ਮਿਲਖੀ ਨਾਲ ਰਾਜ਼ੀਨਾਮਾ ਕਰ ਲਿਆ। ਗਿਆਨੋ ਉਦੋਂ ਤਿੰਨ ਸਾਲ ਦੀ ਸੀ, ਦਾਦੀ ਨੇ ਪਾਲਿਆ। ਗਿਆਨੋ ਨੌ ਸਾਲ ਦੀ ਸੀ, ਦਾਦੀ ਵੀ ਮਾਂ-ਪਿਉ ਵਾਂਗ ਤੁਰ ਗਈ। ਪਿੱਛੇ ਰਹਿ ਗਏ ਦਾਦਾ-ਪੋਤੀ।
ਮਿਲਖੀ ਘਾਣੀ ਵਿਚ ਲੱਤਾਂ ਫਸਾਈ ਖੜ੍ਹਾ ਸੀ, ਜਦੋਂ ਦੂਰੋਂ ਉਸ ਨੂੰ ਕਸ਼ਮੀਰੀਆ ਆਉਂਦਾ ਦਿਸਿਆ। ਕੋਲ ਆਏ ਨੂੰ ਸ਼ਾਲ ਤੇ ਕੋਟੀ ਦਿਖਾਉਣ ਲਈ ਕਿਹਾ।
“ਦੋ ਸੌ ਰੁਪਏ ਲਊਂ ਦੋਵਾਂ ਦੇ।” ਕਸ਼ਮੀਰੀਏ ਨੇ ਦੁੱਗਣਾ ਭਾਅ ਦੱਸਿਆ।
“ਮੈਂ ਅੱਸੀ ਰੁਪਏ ਦਊਂ ਦੋਹਾਂ ਦੇ।” ਮਿਲਖੀ ਨੇ ਹਾੜ੍ਹਾ ਜਿਹਾ ਕੱਢਿਆ।
“ਦੋਵਾਂ ਦੇ ਸੌ ਦੇ ਦੇ, ਅਜੇ ਤਾਂ ਬੌਣੀ ਵੀ ਨਹੀਂ ਹੋਈ।” ਕਸ਼ਮੀਰੀਆ ਬੋਲਿਆ।
ਮਿਲਖੀ ਕਹੀ ਸੁੱਟ ਕੇ ਲਿਬੜੇ ਪੈਰੀਂ ਅੰਦਰ ਗਿਆ। ਵੱਡੀ ਲਾਣੇਦਾਰਨੀ ਨੂੰ ਸੌ ਰੁਪਏ ਦੀ ਬੇਨਤੀ ਕੀਤੀ। ਉਸ ਨੇ ਚਾਰ ਗੱਲਾਂ ਸੁਣਾ ਕੇ ਮਿਲਖੀ ਦੇ ਮੁੱਖ ਦੀ ਲਾਲੀ ਮੇਟ ਦਿੱਤੀ, ਪਰ ਲਾਣੇਦਾਰਨੀ ਦੀ ਵਿਧਵਾ ਨੂੰਹ ਨੇ ਸੁਣ ਲਿਆ। ਉਹ ਜੁੜੇ ਹੱਥਾਂ ਵਿਚ ਸੌ ਰੁਪਏ ਪਾ ਗਈ, ਜਿਵੇਂ ਗੁਰਦੁਆਰੇ ਰੱਖੀ ਗੋਲਕ ‘ਚ ਪਾਉਂਦੇ ਹਾਂ। ਜੁੜੇ ਹੱਥੀਂ ਮਿਲਖੀ ਨੇ ਸੌ ਦਾ ਨੋਟ ਕਸ਼ਮੀਰੀਏ ਨੂੰ ਦੇ ਦਿੱਤਾ। ਸ਼ਾਲ ਤੇ ਕੋਟੀ ਫੜ੍ਹ ਉਸ ਹਿੱਕ ਨਾਲ ਲਾ ਲਏ; ਜਿਵੇਂ ਵੱਡਾ ਸੁਪਨਾ ਪੂਰਾ ਹੋ ਗਿਆ ਹੋਵੇ!
ਮਿਲਖੀ ਦਿਨ ਛਿਪੇ ਚਾਈਂ ਚਾਈਂ ਘਰ ਮੁੜਿਆ। ਗਿਆਨੋ ਚੁੱਲ੍ਹੇ ਮੂਹਰੇ ਬੈਠੀ ਰੋਟੀਆਂ ਲਾਹ ਰਹੀ ਸੀ। ਮਿਲਖੀ ਨੇ ਅੰਦਰ ਵੜਦਿਆਂ ਉਚੀ ਆਵਾਜ਼ ਲਾਈ, “ਗਿਆਨੋ! ਵੇਖ ਮੈਂ ਕੀ ਲਿਆਇਆਂ।”
ਗਿਆਨੋ ਭੱਜ ਕੇ ਮਿਲਖੀ ਨੂੰ ਚਿੰਬੜ ਗਈ। ਕੋਟੀ ਤੇ ਸ਼ਾਲ ਵੇਖ ਕੇ ਖੁਸ਼ ਹੋ ਗਈ। ਘਰ ਵਿਚ ਖੁਸ਼ੀ ਨੱਚਣ ਲੱਗੀ। ਦਾਦਾ-ਪੋਤੀ ਗੱਲਾਂ ਕਰਦੇ ਰਹੇ। ਮਿਲਖੀ ਸ਼ਾਮ ਦਾ ਦੁੱਧ ਡੇਅਰੀ ਪਾਉਣ ਗਿਆ ਤਾਂ ਉਸ ਦੇ ਮੁੱਖ ‘ਤੇ ਜੰਗ ਜਿੱਤਣ ਜਿੰਨੀ ਖੁਸ਼ੀ ਸੀ। ਖੁਸ਼ੀ ਵਿਚ ਨੱਚਦੇ ਨੂੰ ਖਿਆਲ ਆਇਆ ਕਿ ਲਾਣੇਦਾਰਨੀ ਦੀ ਵਿਧਵਾ ਨੂੰਹ ਨੇ ਸੌ ਰੁਪਏ ਕਿਸ ਤਰ੍ਹਾਂ ਦਿੱਤੇ ਹੋਣਗੇ? ਪੁੰਨ ਦਾਨ ਜਾਂ ਉਧਾਰ ਦਿੱਤਾ ਜਾਂ ਵਿਆਜ ਲਊਗੀ? ਸੌ ਰੁਪਏ ਦੇ ਚੱਕਰਾਂ ਵਿਚ ਰਾਤ ਮਸਾਂ ਨਿਕਲੀ। ਸਵੇਰੇ ਉਹ ਫਿਰ ਦਿਹਾੜੀ ਤੁਰ ਗਿਆ। ਲਾਣੇਦਾਰਨੀ ਤੋਂ ਅੱਖ ਬਚਾ ਕੇ ਮਿਲਖੀ ਨੇ ਵਿਧਵਾ ਨੂੰਹ ਦਾ ਧੰਨਵਾਦ ਕੀਤਾ ਤੇ ਲੰਮੀਆਂ ਅਸੀਸਾਂ ਦਿੱਤੀਆਂ।
ਲਾਣੇਦਾਰਨੀ ਜਗੀਰ ਕੌਰ ਨੂੰ ਪੇਕਿਆਂ ਦੀ ਪੰਜਾਹ ਕਿੱਲੇ ਜਮੀਨ ਦਾਜ ਵਿਚ ਮਿਲੀ ਸੀ। ਉਹ ਇਕੱਲੀ ਭੈਣ ਸੀ। ਪਿਉ ਅੰਗਰੇਜ਼ਾਂ ਦਾ ਝੋਲੀਚੁੱਕ ਸੀ। ਮਰਨ ਤੋਂ ਪਹਿਲਾਂ ਸਾਰੀ ਜਮੀਨ ਉਹ ਜਗੀਰੋ ਦੇ ਨਾਂ ਕਰਾ ਗਿਆ ਸੀ। ਜਗੀਰੋ ਦੇ ਸਹੁਰੇ ਸਾਊ ਸਨ। ਜਗੀਰੋ ਨੇ ਜਮੀਨ ਦੇ ਦਬਾਅ ਵਿਚ ਹੀ ਸਾਰੇ ਭਾਈ ਅੱਡ ਕਰਾ ਦਿੱਤੇ ਅਤੇ ਆਪ ਪਤੀ ਨਾਲ ਹਵੇਲੀ ਸਾਂਭੀ ਬੈਠੀ ਸੀ। ਜਗੀਰੋ ਦੇ ਦੋ ਪੁੱਤ ਹੋਏ। ਪੁੱਤ ਅਜੇ ਜਵਾਨ ਵੀ ਨਹੀਂ ਸਨ ਹੋਏ ਕਿ ਪਤੀ ਜਹਾਨੋਂ ਤੁਰ ਗਿਆ। ਫਿਰ ਜਗੀਰੋ ਨੇ ਇਕ ਪੁੱਤ ਕੈਨੇਡਾ ਵਿਆਹ ਦਿੱਤਾ ਤੇ ਜਗੀਰੋ ਕੈਨੇਡਾ ਵਾਲੀ ਬਣ ਗਈ। ਨੂੰਹ ਪੁੱਤ ਕੈਨੇਡਾ ਵਸ ਗਏ। ਦੂਜਾ ਪੁੱਤ ਪਿੰਡ ਹੀ ਵਿਆਹ ਲਿਆ। ਰੱਬ ਨੇ ਪਹਿਲੇ ਸਾਲ ਹੀ ਉਸ ਨੂੰ ਪੁੱਤ ਦੀ ਦਾਤ ਬਖਸ਼ ਦਿੱਤੀ। ਥੋੜ੍ਹੇ ਸਾਲ ਖੁਸ਼ੀਆਂ ਨਾਲ ਹਵੇਲੀ ਹੱਸਦੀ ਰਹੀ। ਅਚਾਨਕ ਜਗੀਰੋ ਦੇ ਪਿੰਡ ਵਾਲੇ ਪੁੱਤ ਦੀ ਮੌਤ ਹੋ ਗਈ। ਜਿਥੇ ਜਗੀਰੋ ਦਾ ਅੜਬ ਸੁਭਾਅ ਸੀ, ਉਥੇ ਉਸ ਦੀ ਵਿਧਵਾ ਨੂੰਹ ਨਿਮਰਤਾ ਦੀ ਮੂਰਤ ਸੀ। ਕਿਸੇ ਦਾ ਦੁੱਖ ਨਹੀਂ ਸੀ ਵੇਖ ਸਕਦੀ, ਤਾਂ ਹੀ ਉਸ ਮਿਲਖੀ ਨੂੰ ਚੋਰੀ ਸੌ ਰੁਪਏ ਫੜ੍ਹਾ ਦਿੱਤੇ ਸਨ।
ਦੋ ਮਹੀਨਿਆਂ ਵਿਚ ਕੈਨੇਡਾ ਵਾਲਿਆਂ ਦੇ ਮਿਸਤਰੀ ਦਾ ਕੰਮ ਮੁੱਕ ਗਿਆ ਅਤੇ ਮਿਲਖੀ ਹੁਣ ਘਰ ਹੀ ਹੁੰਦਾ ਸੀ। ਲਾਣੇਦਾਰਨੀ ਦਾ ਪੁੱਤ ਕੈਨੇਡਾ ਤੋਂ ਆਇਆ, ਦੋ ਮਹੀਨੇ ਰਿਹਾ ਤੇ ਕੈਨੇਡਾ ਮੁੜਿਆ ਤਾਂ ਲਾਣੇਦਾਰਨੀ ਜਹਾਨੋਂ ਕੂਚ ਕਰ ਗਈ। ਭੋਗ ਦੀ ਰਸਮ ਪਿਛੋਂ ਭਰਾਵਾਂ ਦੀ ਵੰਡ-ਵੰਡਾਈ ਹੋਈ। ਕੈਨੇਡੇ ਵਾਲਾ ਆਪਣਾ ਹਿੱਸਾ ਲੈ ਕੇ ਤੁਰ ਗਿਆ। ਵਿਧਵਾ ਨੂੰਹ ਨੇ ਆਪਣੇ ਪੁੱਤ ਨਾਲ ਹਵੇਲੀ ਵਿਚ ਹੀ ਟਿਕਾਣਾ ਰੱਖਿਆ। ਹੁਣ ਉਸ ਨੇ ਮਿਲਖੀ ਨੂੰ ਪੱਕਾ ਹੀ ਸੀਰੀ ਰੱਖ ਲਿਆ ਤੇ ਗਿਆਨੋ ਨੂੰ ਘਰ ਦਾ ਕੰਮ ਕਰਨ ਲਈ; ਪਰ ਉਸ ਨੂੰ ਪੜ੍ਹਨੋਂ ਨਾ ਹਟਾਇਆ। ਦਾਦਾ-ਪੋਤੀ ਸਾਰਾ ਦਿਨ ਹਵੇਲੀ ਰਹਿੰਦੇ ਤੇ ਸ਼ਾਮ ਨੂੰ ਆਪਣੇ ਘਰ ਚਲੇ ਜਾਂਦੇ।
ਗਿਆਨੋ ਪੜ੍ਹਦੀ ਗਈ। ਸਾਰਾ ਖਰਚਾ ਹਵੇਲੀ ਵਾਲੀ ਨੇ ਕੀਤਾ। ਸਮਾਂ ਬੀਤਿਆ, ਵਿਧਵਾ ਨੂੰਹ ਨੇ ਆਪਣਾ ਪੁੱਤ ਵਿਆਹ ਲਿਆ। ਗਿਆਨੋ ਬੀæਏæ, ਬੀæਐਡæ ਕਰ ਗਈ। ਰਾਖਵੀਂਆਂ ਸੀਟਾਂ ਵਿਚ ਗਿਆਨੋ ਨੂੰ ਗੁਆਂਢੀ ਪਿੰਡ ਵਿਚ ਅਧਿਆਪਕਾ ਦੀ ਨੌਕਰੀ ਮਿਲ ਗਈ। ਮਿਲਖੀ ਨੇ ਚਾਰ ਖਣ ਪੱਕੇ ਛੱਤ ਲਏ। ਗਿਆਨੋ ਦੀ ਸਿਆਣਪ ਦੀਆਂ ਲੋਕ ਗੱਲਾਂ ਕਰਦੇ।
ਗਿਆਨੋ ਦੀ ਉਮਰ ਹੁਣ ਵਿਆਹ ਵਾਲੀ ਹੋ ਗਈ ਸੀ। ਮਿਲਖੀ ਨੇ ਇਹ ਜ਼ਿੰਮੇਵਾਰੀ ਵੀ ਹਵੇਲੀ ਵਾਲੀ ਮਾਲਕਣ ਨੂੰ ਸੌਂਪ ਦਿੱਤੀ।
“ਮਿਲਖਾਂ ਸਿਆਂ! ਤੂੰ ਫਿਕਰ ਨਾ ਕਰ, ਗੁਰੂ ਭਲੀ ਕਰੂਗਾ। ਜਿਥੇ ਬੱਚੀ ਦੇ ਸੰਜੋਗ ਹੋਏ, ਆਪੇ ਕਾਰਜ ਹੋ ਜਾਊਗਾ।” ਮਾਲਕਣ ਨੇ ਕਿਹਾ ਸੀ।
ਫਿਰ ਹਵੇਲੀ ਵਾਲੀ ਮਾਲਕਣ ਨੇ ਹੀ ਗਿਆਨੋ ਲਈ ਵਰ ਲੱਭ ਦਿੱਤਾ। ਉਹ ਮੁੰਡਾ ਪ੍ਰੀਤਮ ਵੀ ਸਰਕਾਰੀ ਨੌਕਰੀ ਕਰਦਾ ਸੀ। ਉਹ ਘਰ ਜਵਾਈ ਰਹਿਣ ਲਈ ਮੰਨ ਗਿਆ। ਗਿਆਨੋ ਦਾ ਵਿਆਹ ਉਸ ਦੀ ਰੀਝ ਮੁਤਾਬਕ ਹੋਇਆ। ਉਹ ਡੋਲੀ ਬੈਠ ਸਹੁਰੇ ਤੁਰ ਗਈ, ਫਿਰ ਦੋਵਾਂ ਨੇ ਮਿਲਖੀ ਵਾਲੇ ਘਰ ਡੇਰੇ ਲਾ ਲਏ। ਗਿਆਨੋ ਦੀ ਬਦਲੀ ਪਿੰਡ ਹੀ ਹੋ ਗਈ। ਉਹ ਬੱਚਿਆਂ ਨੂੰ ਆਪਣੇ ਸਮਝ ਕੇ ਪੜ੍ਹਾਉਂਦੀ। ਹੌਲੀ ਹੌਲੀ ਉਹ ਪਿੰਡ ਵਾਲਿਆਂ ਦੀ ਹਰਮਨ ਪਿਆਰੀ ਧੀ ਅਤੇ ਅਧਿਆਪਕਾ ਹੋ ਗਈ। ਜਿਨ੍ਹਾਂ ਨੇ ਗਿਆਨੋ ਨੂੰ ਨਿੱਕੀ ਹੁੰਦਿਆਂ ਗੋਹੇ ਦੀ ਟੋਕਰੀ ਜਾਂ ਕੱਖਾਂ ਦੀ ਪੰਡ ਚੁੱਕੀਂ ਜਾਂਦਿਆਂ ਵੇਖਿਆ ਹੋਇਆ ਸੀ, ਉਹ ਹੈਰਾਨ ਸਨ ਕਿ ਕੁੜੀ ਨੇ ਇੰਨੀ ਤਰੱਕੀ ਕੀਤੀ ਸੀ! ਗਿਆਨੋ ਇਸ ਸਭ ਲਈ ਹਵੇਲੀ ਵਾਲੀ ਮਾਲਕਣ ਨੂੰ ਮਾਂ ਤੋਂ ਵੱਧ ਸਮਝ ਕੇ ਸਤਿਕਾਰਦੀ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਘਰ ਸੱਦ ਕੇ ਮੁਫਤ ਪੜ੍ਹਾਉਂਦੀ। ਜਿਹੜੇ ਪਰਿਵਾਰ ਧੀਆਂ ਨੂੰ ਪੜ੍ਹਾਉਣਾ ਨਹੀਂ ਸਨ ਚਾਹੁੰਦੇ, ਉਨ੍ਹਾਂ ਨੂੰ ਵਿਦਿਆ ਦੇ ਚਾਨਣ ਦੀ ਮਹੱਤਤਾ ਦੱਸ ਕੇ ਪ੍ਰੇਰਦੀ। ਹੌਲੀ ਹੌਲੀ ਪਿੰਡ ਦੀ ‘ਭੂਆ ਜੀ’ ਵਜੋਂ ਮਸ਼ਹੂਰ ਹੋ ਗਈ। ਸਮਾਂ ਲੰਘਦਾ ਗਿਆ। ਗਿਆਨੋ ਦੇ ਦੋ ਪੁੱਤ ਅਤੇ ਇਕ ਧੀ ਨੇ ਵਿਹੜਾ ਖੁਸ਼ੀਆਂ ਨਾਲ ਭਰ ਦਿੱਤਾ। ਮਿਲਖੀ ਨੱਬੇ ਸਾਲ ਦੀ ਉਮਰ ਭੋਗ ਕੇ ਜਹਾਨੋਂ ਗਿਆ।
ਲੋਕ ਹਮੇਸ਼ਾ ਗੱਲਾਂ ਕਰਦੇ ਕਿ ਹਵੇਲੀ ਵਾਲੀ ਵੱਡੀ ਲਾਣੇਦਾਰਨੀ ਸੱਤਰਾਂ ਕਿੱਲਿਆਂ ਦੀ ਮਾਲਕਣ ਹੋ ਕੇ ਵੀ ਪਿੰਡ ਦਾ ਕੁਝ ਸੰਵਾਰ ਨਾ ਸਕੀ ਅਤੇ ਗਰੀਬ ਮਿਲਖੀ ਦੀ ਪੋਤੀ ਨੇ ਪਿੰਡ ਵਿਦਿਆ ਦਾ ਚਾਨਣ ਘਰ ਘਰ ਕਰ ਦਿੱਤਾ। ਹੰਕਾਰੀ ਬੰਦਾ ਜੱਗ ਤੋਂ ਬਦ-ਦੁਆਵਾਂ ਹੀ ਖੱਟ ਕੇ ਲਿਜਾਂਦਾ ਹੈ। ਨਿਮਰਤਾ ਨਾਲ ਕਿਸੇ ਹੋਰ ਦੇ ਕੰਮ ਆਉਣ ਵਾਲਾ ਬੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਜਿਉਂਦਾ ਰਹਿੰਦਾ ਹੈ। ਗਿਆਨੋ ਭੂਆ ਜੀ ਅੱਜ ਵੀ ਆਪਣੇ ਪਿੰਡ ਨੂੰ ਸਮਰਪਿਤ ਹੈ।