ਕਥਾ ਮਹਾਨ ਸ਼ਹੀਦ ਭਾਈ ਸੰਗਤ ਸਿੰਘ ਦੀ

ਕੇਹਰ ਸ਼ਰੀਫ
ਸਿਦਕ ਨੂੰ ਪਾਲਣ ਅਤੇ ਕੁਰਬਾਨੀ ਦਾ ਚਾਅ ਕਰਨ ਵਾਲੇ ਸਿੱਖ ਇਤਿਹਾਸ ਦੀ ਲਾਸਾਨੀ ਕੁਰਬਾਨੀ ਸਬੰਧੀ ਵਿਚਾਰਦਿਆਂ ਹੈਰਾਨੀ ਹੁੰਦੀ ਹੈ ਕਿ ਕਿਵੇਂ ਸੂਰਮੇ ਆਪਣੇ ਗੁਰੂ ਖਾਤਰ ਸਿਰ ਵਾਰ ਜਾਂਦੇ ਹਨ। ਇਹ ਜਜ਼ਬਾ ਦਿਨਾਂ-ਮਹੀਨਿਆਂ ਵਿਚ ਪੈਦਾ ਨਹੀਂ ਹੁੰਦਾ, ਇਸ ਵਿਚ ਪਰਿਵਾਰਕ ਵਿਰਸੇ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਪੀੜ੍ਹੀ ਦਰ ਪੀੜ੍ਹੀ ਸ਼ਰਧਾ, ਪ੍ਰਤੀਬੱਧਤਾ ਅਤੇ ਸੂਰਬੀਰਤਾ ਪਲਦੀ ਹੈ। ਕੁਰਬਾਨੀਆਂ ਦੇ ਇਤਿਹਾਸ ਵਿਚ ਇਕ ਅਜਿਹੀ ਲਾਸਾਨੀ ਕੁਰਬਾਨੀ ਹੈ, ਮਹਾਨ ਸ਼ਹੀਦ ਭਾਈ ਸੰਗਤ ਸਿੰਘ ਦੀ, ਜੋ ਸਦੀਆਂ ਤੱਕ ਆਪਣੇ ਸੱਚੇ ਮਕਸਦ ਵਾਸਤੇ ਲੜਨ ਵਾਲਿਆਂ ਦੀ ਅਗਵਾਈ ਕਰਦੀ ਰਹੇਗੀ।

ਸ਼ਹੀਦ ਭਾਈ ਸੰਗਤ ਸਿੰਘ, ਜਿਨ੍ਹਾਂ ਨੂੰ ਸੰਗਤ ਸਿੰਘ ਬੰਗੇਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ, ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਸੇ ਦੇ ਰੋਮ ਰੋਮ ਵਿਚ ਸੂਰਬੀਰਤਾ ਕਿਵੇਂ ਰਚਦੀ ਹੈ। ਕਿਵੇਂ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ ਕਿ ਇਨਸਾਨ ਸਾਹਮਣੇ ਦਿਸਦੀ ਮੌਤ ਦੇਖ ਕੇ ਬਚਣ ਦੀ ਥਾਂ ਮਾਣ ਭਰੀ ਖੁਸ਼ੀ ਨਾਲ ਜਾਨ ਵਾਰਨ ਲਈ ਤਿਆਰ ਹੋ ਜਾਂਦਾ ਹੈ।
ਭਾਈ ਸੰਗਤ ਸਿੰਘ ਦੇ ਪਰਿਵਾਰ ਦਾ ਗੁਰੂ ਘਰ ਵੱਲ ਸਨੇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਮਿਆਂ ਤੋਂ ਹੀ ਪੈ ਗਿਆ ਸੀ, ਜਦੋਂ ਉਨ੍ਹਾਂ ‘ਗੁਰੂ ਕਾ ਚੱਕ’ ਭਾਵ ਅੰਮ੍ਰਿਤਸਰ ਵਸਾਇਆ। ਉਸ ਸਮੇਂ ਗੁਰੂ ਸੇਵਾ ਅਤੇ ਗੁਰੂ ਦਰਸ਼ਨਾਂ ਲਈ ਸੰਗਤਾਂ ਦੂਰ-ਦੁਰਾਡੇ ਤੋਂ ਵੀ ਪਹੁੰਚਦੀਆਂ। ਗੁਰੂ ਦੀ ਮਹਿਮਾ ਸੁਣ ਕੇ ਗਰੀਬ ਪਰਿਵਾਰ ਵੀ ਇਸ ਪਾਸੇ ਤੁਰਨ ਲੱਗ ਪਏ, ਜਿਨ੍ਹਾਂ ਵਿਚ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਕਿਰਤੀ ਭਾਈ ਜਰਨੈਲ ਦਾ ਪਰਿਵਾਰ ਵੀ ਸੀ। ਗੁਰੂ ਰਾਮਦਾਸ ਨੇ ਆਪਣੀ ਸੰਗਤ ਵਿਚੋਂ ਜਾਤ-ਪਾਤ ਖਤਮ ਕਰਨ ਵਾਸਤੇ ਇਕ ਦਿਨ ਧਾਰਮਿਕ ਦੀਵਾਨ ਤੋਂ ਬਾਅਦ ਭਾਈ ਜਰਨੈਲ ਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ‘ਸਿਰੋਪਾਓ’ ਦੀ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਇਹ ਸਿੱਖ ਮੇਰੇ ਨਾਮ ਨਾਲ ਰਾਮਦਾਸੀਏ ਕਰਕੇ ਜਾਣੇ ਜਾਣ।
ਗੁਰੂ ਨਾਨਕ ਦੇਵ ਨੇ ਅਰੰਭ ਤੋਂ ਹੀ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ। ਸਮਾਜ ਦੀ ਵਰਣ ਵੰਡ ਦਾ ਵਿਰੋਧ ਕਰਦਿਆਂ ਬਾਬੇ ਨਾਨਕ ਨੇ ਕਿਹਾ ਸੀ, ‘ਚਾਰਿ ਵਰਨਿ ਇਕੁ ਵਰਨਿ ਕਰਾਇਆ’ ਅਤੇ ਜਾਤ-ਪਾਤ ਦਾ ਭੇਦ-ਭਾਵ ਮਿਟਾ ਕੇ ਪੰਗਤ ਤੇ ਸੰਗਤ ਵਿਚ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਸਿਧਾਂਤ ਪ੍ਰਚਾਰਿਆ ਸੀ। ਭਗਤੀ ਲਹਿਰ ਦਾ ਮੁੱਖ ਮਕਸਦ ਵੀ ਵੰਡੀਆਂ ਨੂੰ ਨਕਾਰਨਾ ਅਤੇ ਮਨੁੱਖਾਂ ਦੀ ਬਰਾਬਰੀ ਦਾ ਸੁਨੇਹਾ ਦੇਣਾ ਸੀ। ਭਗਤੀ ਲਹਿਰ ਦੇ ਇਸ ਬੁਨਿਆਦੀ ਫਲਸਫੇ ਨੂੰ ਅੱਜ ਵੀ ਮਨੁੱਖੀ ਅਧਿਕਾਰਾਂ ਦੀਆਂ ਲਹਿਰਾਂ ਕਰਕੇ ਜਾਣਿਆ ਜਾਂਦਾ ਹੈ। ਦਰਅਸਲ, ਸਿਧਾਂਤਕ ਪੱਖੋਂ ਭਗਤੀ ਲਹਿਰ ਹੀ ਸਿੱਖ ਧਰਮ ਦੀ ਬੁਨਿਆਦ ਆਖੀ ਜਾ ਸਕਦੀ ਹੈ।
ਗੁਰੂ ਨਾਮ ਲੇਵਾ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਖਾਸ ਤੌਰ ‘ਤੇ ਸੋਚਣਾ ਚਾਹੀਦਾ ਹੈ, ਸਿਰੋਪਾਓ ਬਾਰੇ। ਗੁਰੂ ਸਾਹਿਬ ਵੇਲੇ ਧਾਰਮਿਕ ਪੱਧਰ ‘ਤੇ ਸੇਵਾ ਭਾਵ ਵਾਲੇ ਲੋਕਾਂ ਨੂੰ ਹੀ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਂਦੀ ਸੀ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ। ਪਰ ਅੱਜ ਬੰਦੇ-ਕੁਬੰਦੇ ਦੀ ਪਛਾਣ ਕੀਤੇ ਬਿਨਾ ਹੀ ਸਿਰੋਪਾਓ ਦੇਣ ਦੀ ਜੋ ਰੀਤ ਚੱਲ ਰਹੀ ਹੈ, ਗੁਰੂ ਭਾਵਨਾ ਦੇ ਉਲਟ ਹੈ।
ਜਦੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਧਾਰਨ ਕਰਨ ਪਿਛੋਂ ਸਿੱਖ ਸੰਗਤਾਂ ਵੱਲ ਇਕ ਗਸ਼ਤੀ ਹੁਕਮਨਾਮਾ ਘੱਲਿਆ ਕਿ ਸਿੱਖ ਸੇਵਕ ਹੋਰ ਤੋਹਫਿਆਂ ਦੀ ਥਾਂ ਸ਼ਸਤਰ ਤੇ ਘੋੜੇ ਆਦਿ ਲੈ ਕੇ ਆਉਣ। ਨਾਲ ਹੀ ਹੋ ਰਹੇ ਜ਼ੁਲਮ ਖਿਲਾਫ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਸਾਧਨਾ ਵਾਲੇ ਬਹੁਤ ਸਾਰੇ ਲੋਕ ਘੋੜੇ ਵਗੈਰਾ ਲੈ ਕੇ ਵੀ ਆਏ। ਦੁਆਬੇ ਤੇ ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਨਮੁਖ ਬੇਨਤੀ ਕੀਤੀ ਕਿ ‘ਸੱਚੇ ਪਾਤਸ਼ਾਹ, ਅਸੀਂ ਗਰੀਬ ਲੋਕ ਹਾਂ, ਸਾਡੇ ਕੋਲ ਤੁਹਾਨੂੰ ਭੇਟ ਕਰਨ ਲਈ ਕੁਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਵਾਰ ਸਕਦੇ ਹਾਂ ਤੇ ਸਾਨੂੰ ਆਪਣੀ ਫੌਜ ਵਿਚ ਰੱਖ ਲਵੋ।Ḕ Ḕਗੁਰਬਿਲਾਸ ਪਾਤਸ਼ਾਹੀ ਛੇਵੀਂḔ ਦੇ ਪੰਨਾ 153 ‘ਤੇ ਮੈਕਾਲਿਫ ਦਾ ਕਥਨ ਹੈ, ‘ਹਮ ਅਨਾਥ ਸਿਰ ਭੇਟ ਕੀਨੇ, ਦਯਾ ਕਰਯੋ ਕਹਿ ਦੀਨੇ।’
ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲਿਆਂ ਵਿਚ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ ਦੇ ਭਾਈ ਬੁੱਧਾ ਤੇ ਭਾਈ ਸੁੱਧਾ ਅਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਵੀ ਸ਼ਾਮਲ ਸਨ। ਭਾਈ ਭਾਨੂੰ ਭਾਈ ਸੰਗਤ ਸਿੰਘ ਦੇ ਦਾਦਾ ਸਨ। ਭਾਈ ਭਾਨੂੰ ਨੇ ਗੁਰੂ ਹਰਗੋਬਿੰਦ ਸਾਹਿਬ ਵਲੋਂ ਲੜੀਆਂ ਗਈਆਂ ਚੌਹਾਂ ਜੰਗਾਂ ਵਿਚ ਹੀ ਬਹਾਦਰੀ ਦੇ ਜੌਹਰ ਵਿਖਾਏ ਸਨ। ਇਸ ਅਮੀਰ ਵਿਰਸੇ ਦੇ ਮਾਲਕ ਸਨ, ਭਾਈ ਸੰਗਤ ਸਿੰਘ।
ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲਾ ਵਿਖੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਗੁਰੂ ਦਰਸ਼ਨਾਂ ਵਾਸਤੇ ਬਾਬਾ ਬਕਾਲਾ ਪਹੁੰਚੇ ਅਤੇ ਗੁਰੂ ਸੇਵਾ ਵਿਚ ਜੁਟ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਰਣੀਆ ਨੂੰ ਮਾਖੋਵਾਲ ਵਿਖੇ ਇਕ ਹੋਰ ਨਵਾਂ ਨਗਰ ਵਸਾਉਣ ਦਾ ਦੱਸ ਕੇ ਉਥੇ ਪਹੁੰਚਣ ਦੀ ਹਦਾਇਤ ਕੀਤੀ। ਗੁਰੂ ਪਿਆਰ ‘ਚ ਰੰਗੇ ਇਹ ਭਾਈ ਰਣੀਆ ਹੀ ਭਾਈ ਸੰਗਤ ਸਿੰਘ ਦੇ ਪਿਤਾ ਸਨ।
ਜਦੋਂ ਗੁਰੂ ਤੇਗ ਬਹਾਦਰ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜਮੀਨ ਖਰੀਦ ਕੇ ਇੱਥੇ ਨਵਾਂ ਨਗਰ ਵਸਾਇਆ ਤਾਂ ਇਸ ਦਾ ਨਾਂ ਆਪਣੀ ਮਾਤਾ ਦੇ ਨਾਂ ‘ਤੇ ‘ਚੱਕ ਨਾਨਕੀ’ ਰੱਖਿਆ ਜੋ ਬਾਅਦ ਵਿਚ ਅਨੰਦਪੁਰ ਸਾਹਿਬ ਬਣ ਗਿਆ। ਇਸ ਨਗਰ ਦੀ ਨੀਂਹ ਦਾ ਟੱਕ 19 ਜੂਨ 1665 ਨੂੰ ਬਾਬਾ ਬੁੱਢਾ ਦੇ ਪੋਤਰੇ ਬਾਬਾ ਗੁਰਦਿੱਤਾ ਨੇ ਲਾਇਆ ਸੀ। ਉਸ ਸਮੇਂ ਭਾਈ ਸੰਗਤ ਸਿੰਘ ਦੇ ਮਾਤਾ-ਪਿਤਾ ਭਾਈ ਰਣੀਆ ਤੇ ਬੀਬੀ ਅਮਰੋ ਨੇ ਗੁਰੂ ਘਰ ਦੇ ਸੇਵਾਦਾਰਾਂ ਵਜੋਂ ਆਪਣਾ ਜੀਵਨ ਅਰਪਣ ਕੀਤਾ ਸੀ। ਇੱਥੋਂ ਹੀ ਸਿੱਖੀ ਦੇ ਪ੍ਰਚਾਰ ਲਈ ਗੁਰੂ ਤੇਗ ਬਹਾਦਰ ਚੱਲੇ ਸਨ। ਸੰਗਤਾਂ ਵਿਚ ਮਾਤਾ ਨਾਨਕੀ, ਮਾਤਾ ਗੁਜਰੀ, ਮਾਮਾ ਕ੍ਰਿਪਾਲ ਚੰਦ ਅਤੇ ਹੋਰ ਕਈਆਂ ਦੇ ਨਾਲ ਬੀਬੀ ਅਮਰੋ ਤੇ ਭਾਈ ਰਣੀਆ ਵੀ ਸ਼ਾਮਲ ਸਨ। ਪ੍ਰਚਾਰ ਵਜੋਂ ਮਾਲਵੇ ਦੇ ਬਾਂਗਰ ਇਲਾਕੇ ਤੇ ਮਥੁਰਾ, ਕੁਰੂਕਸ਼ੇਤਰ, ਆਗਰਾ, ਕਾਨਪੁਰ, ਇਲਾਹਾਬਾਦ ਆਦਿ ਅਨੇਕਾਂ ਥਾਂਵਾਂ ‘ਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦਿਆਂ ਬਿਹਾਰ ਦੇ ਪਟਨਾ ਸ਼ਹਿਰ ਪਹੁੰਚੇ। ਸੰਗਤਾਂ ਨੂੰ ਮੁੱਖ ਤੌਰ ‘ਤੇ ਬੀਬੀ ਅਮਰੋ ਅਤੇ ਭਾਈ ਰਣੀਆ ਨੂੰ ਆਪਣੇ ਪਰਿਵਾਰ ਦੀ ਦੇਖ ਭਾਲ ਦੀ ਜਿੰਮੇਵਾਰੀ ਸੌਂਪ ਕੇ ਨੌਵੇਂ ਗੁਰੂ ਸਿੱਖੀ ਦੇ ਪ੍ਰਚਾਰ ਖਾਤਰ ਅਸਾਮ ਅਤੇ ਢਾਕਾ ਵੱਲ ਚਲੇ ਗਏ।
ਪਟਨਾ ਵਿਖੇ 22 ਦਸੰਬਰ 1666 ਨੂੰ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਇਸ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਦੀ ਕੁੱਖੋਂ ਭਾਈ ਰਣੀਆ ਦੇ ਘਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਸੰਗਤਾ ਰੱਖਿਆ ਗਿਆ। ਬਾਲ ਸੰਗਤੇ ਦੀ ਸ਼ਕਲ ਬਾਲ ਗੋਬਿੰਦ ਰਾਏ ਨਾਲ ਬਹੁਤ ਹੀ ਮਿਲਦੀ ਸੀ। ਇਕ ਦੰਦ ਕਥਾ ਅਨੁਸਾਰ ਇਕ ਵਾਰ ਜਦੋਂ ਗੋਬਿੰਦ ਰਾਏ ਤੇ ਭਾਈ ਸੰਗਤਾ ਰਾਣੀ ਮੈਣੀ ਦੇ ਘਰ ਗਏ ਤਾਂ ਭੁਲੇਖਾ ਪਾਉਣ ਵਾਸਤੇ ਗੋਬਿੰਦ ਰਾਏ ਨੇ ਭਾਈ ਸੰਗਤੇ ਨੂੰ ਅੱਗੇ ਕਰ ਦਿੱਤਾ। ਰਾਣੀ ਪੂਰੀ ਪਛਾਣ ਤਾਂ ਨਾ ਕਰ ਸਕੀ ਪਰ ਦੋਵਾਂ ਨੂੰ ਪਿਆਰ ਦਿੰਦਿਆਂ ਕਹਿਣ ਲੱਗੀ, ‘ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ।’
ਦਸਵੇਂ ਪਾਤਸ਼ਾਹ ਤੇ ਭਾਈ ਸੰਗਤ ਸਿੰਘ ਦਾ ਬਚਪਨ ਇਕੱਠਾ ਹੀ ਬੀਤਿਆ। ਬਚਪਨ ਵਿਚ ਹੀ ਫਰਜ਼ੀ ਜੰਗ ਦੀ ਖੇਡ ਖੇਡਣ ਸਮੇਂ ਗੋਬਿੰਦ ਰਾਏ ਖੇਡਣ ਵਾਸਤੇ ਦੋ ਟੋਲੀਆਂ ਬਣਾਉਂਦੇ-ਇਕ ਦੇ ਆਪ ਆਗੂ ਬਣਦੇ ਤੇ ਦੂਜੀ ਦੀ ਅਗਵਾਈ ਭਾਈ ਸੰਗਤਾ ਕਰਦੇ। ਇਸ ਸਮੇਂ ਹੀ ਆਪਸੀ ਸਾਂਝ ਬਣੀ ਜੋ ਸਾਰੀ ਉਮਰ ਰਹੀ। ਭਾਈ ਸੰਗਤ ਸਿੰਘ ਨੇ ਗੁਰੂ ਸਾਹਿਬ ਨਾਲ ਹੀ ਸ਼ਸਤਰ ਵਿੱਦਿਆ, ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜਸਵਾਰੀ ਆਦਿ ਵਿਚ ਨਿਪੁੰਨਤਾ ਪ੍ਰਾਪਤ ਕੀਤੀ।
ਗੁਰੂ ਸਾਹਿਬ ਕੋਲ ਆਮ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਇਕ ਦਿਨ ਦਰਬਾਰ ਵਿਚ ਇਕ ਬ੍ਰਾਹਮਣ ਰੋਂਦਾ ਹੋਇਆ ਆਇਆ ਤੇ ਫਰਿਆਦ ਕੀਤੀ ਕਿ ਉਸ ਦੀ ਘਰ ਵਾਲੀ ਨੂੰ ਇਕ ਪਠਾਣ ਉਸ ਤੋਂ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ, ਉਸ ਦੀ ਮਦਦ ਕੀਤੀ ਜਾਵੇ। ਗੁਰੂ ਆਦੇਸ਼ ਮਿਲਦਿਆਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਘੋੜਿਆਂ ‘ਤੇ ਅਸਵਾਰ ਹੋ ਕੇ ਪਠਾਣ ਦੀ ਪੈੜ ਨੱਪਦੇ ਉਸ ਦੇ ਮਗਰ ਹੋ ਤੁਰੇ। ਪਠਾਣ ਅਜੇ ਆਪਣੇ ਘਰ ਪਹੁੰਚਿਆ ਹੀ ਸੀ ਤੇ ਬ੍ਰਾਹਮਣੀ ਬੈਠੀ ਰੋ ਰਹੀ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਸੰਗਤ ਸਿੰਘ ਪਹੁੰਚ ਗਏ। ਪਠਾਣ ਦੀ ਚੰਗੀ ਸੁਧਾਈ ਕਰਨ ਪਿਛੋਂ ਜਦੋਂ ਭਾਈ ਸੰਗਤ ਸਿੰਘ ਉਸ ਪਾਪੀ ‘ਤੇ ਤਲਵਾਰ ਦਾ ਵਾਰ ਕਰਨ ਲੱਗੇ ਤਾਂ ਪਠਾਣ ਦੇ ਘਰ ਵਾਲੀ ਦਾ ਤਰਲਾ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ। ਉਸ ਬੀਬੀ ਨੂੰ ਨਾਲ ਲਿਆ ਕੇ ਬ੍ਰਾਹਮਣ ਦੇ ਹਵਾਲੇ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਜਦੋਂ ਅਨੰਦਪੁਰ ਦੇ ਕਿਲਾ ਅਨੰਦਗੜ੍ਹ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਪਾਣੀ ਅੰਦਰ ਆਉਣਾ ਵੀ ਔਖਾ ਹੋ ਗਿਆ। ਉਸ ਵੇਲੇ ਕਿਲੇ ਦੀ ਰਾਖੀ ਵਾਸਤੇ ਉਡਣ ਦਸਤੇ ਬਣਾਏ ਗਏ। ਇਕ ਦਸਤੇ ਦੀ ਅਗਵਾਈ ਭਾਈ ਸੰਗਤ ਸਿੰਘ ਨੂੰ ਸੌਂਪੀ ਗਈ।
1699 ਦੀ ਵਿਸਾਖੀ ਨੂੰ ਜਦੋਂ ਦਸਮ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ ਤਾਂ ਦਸਵੇਂ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਭਾਈ ਸੰਗਤਾ ਵੀ ਅੰਮ੍ਰਿਤਪਾਨ ਕਰਕੇ ਸੰਗਤ ਸਿੰਘ ਬਣ ਗਿਆ। ਭਾਈ ਸੰਗਤ ਸਿੰਘ ਦੇ ਨਾਲ ਅੰਮ੍ਰਿਤ ਛਕਣ ਵਾਲਿਆਂ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਚਾਚਾ ਭਾਈ ਜੋਧਾ, ਸਾਥੀ ਭਾਈ ਮਦਨਾ, ਭਾਈ ਕਾਠਾ ਤੇ ਭਾਈ ਰਾਮ ਸਿੰਘ ਵੀ ਸ਼ਾਮਲ ਸਨ। ਇਸ ਪਿਛੋਂ ਗੁਰੂ ਦੇ ਹੁਕਮ ਅਨੁਸਾਰ ਭਾਈ ਸੰਗਤ ਸਿੰਘ ਮਾਲਵੇ ਦੇ ਪਿੰਡਾਂ ਵਿਚ ਸਿੱਖੀ ਦੇ ਪ੍ਰਚਾਰ ਹਿੱਤ ਗਏ।
20 ਦਸੰਬਰ 1704 ਨੂੰ ਰਾਤ ਦੇ ਪਹਿਲੇ ਪਹਿਰ ਸਿੱਖਾਂ ਨੇ ਮਾਤਾ ਗੁਜਰੀ ਰਾਹੀਂ ਜੋਰ ਪਵਾ ਕੇ ਦਸ਼ਮੇਸ਼ ਪਿਤਾ ਨੂੰ ਅਨੰਦਪੁਰ ਛੱਡਣ ਵਾਸਤੇ ਰਾਜ਼ੀ ਕਰ ਲਿਆ। ਅੱਗੋਂ ਸਰਸਾ ਦੀ ਨਦੀ ਠਾਠਾਂ ਮਾਰ ਰਹੀ ਸੀ। ਵੈਰੀ ਕੁਰਾਨ ਦੀਆਂ ਕਸਮਾਂ ਤੋੜ ਕੇ ਹਮਲਾਵਰ ਹੋ ਕੇ ਆ ਪਏ। ਇੱਥੇ ਭਿਆਨਕ ਜੰਗ ਹੋਈ, ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਪਰਿਵਾਰ ਦੇ ਵਿਛੋੜੇ ਪੈ ਗਏ। ਗੁਰੂ ਸਾਹਿਬ ਨੇ ਚਾਲੀ ਸਿੰਘਾਂ ਨਾਲ ਚਮਕੌਰ ਸਾਹਿਬ ਜਾਣ ਦਾ ਫੈਸਲਾ ਕਰ ਲਿਆ। 21 ਦਸੰਬਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਚਮਕੌਰ ਪਹੁੰਚੇ ਤਾਂ ਮੁਗਲਾਂ ਨੂੰ ਖਬਰ ਹੋ ਗਈ। ਇਸ ਕਰਕੇ ਛੇਤੀ ਹੀ ਨਾਹਰ ਖਾਂ ਤੇ ਖੁਆਜਾ ਜਫਰ ਬੇਗ ਦੀ ਅਗਵਾਈ ਵਿਚ ਭਾਰੀ ਗਿਣਤੀ ਵਿਚ ਮੁਗਲ ਫੌਜ ਪਹੁੰਚ ਗਈ। ਨਾਹਰ ਖਾਂ ਗੁਰੂ ਸਾਹਿਬ ਦੇ ਇਕ ਤੀਰ ਨਾਲ ਮਾਰਿਆ ਗਿਆ ਤੇ ਜਫਰ ਬੇਗ ਜਾਨ ਬਚਾ ਕੇ ਭੱਜ ਗਿਆ। ਜੰਗ ਵਿਚ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ। ਇਸ ਬਾਰੇ ਮਿਰਜ਼ਾ ਅਬਦੁੱਲ ਗਨੀ ਖਾਨ ਗੁਰੂ ਸਾਹਿਬ ਵਲੋਂ ਲਿਖਦਾ ਹੈ:
ਬੇਟੋਂ ਕੇ ਕਤਲ ਹੋਨੇ ਕੀ ਪਹੁੰਚੀ ਯੂੰ ਹੀ ਖਬਰ
ਸ਼ੁਕਰੇ ਅੱਲਾ ਕੀਆ ਉਠਾ ਕੇ ਸਰ
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ
ਬੇਟੋਂ ਕੀ ਜਾਂ, ਧਰਮ ਕੀ ਖਾਤਿਰ ਅਦਾ ਹੂਈ।
ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:
ਜਿਸ ਖਿੱਤੇ ਮੇਂ ਹਮ ਕਹਿਤੇ ਥੇ ਅੱਲਾ ਯਹ ਵੋਹੀ ਹੈ
ਕੁੱਲ ਲੁਟਾ ਕੇ ਜਿਸ ਜਗਾ ਸੇ ਜਾਨਾ ਯਹ ਵੋਹੀ ਹੈ
ਜਿਸ ਜਗਾ ਪੇ ਹੈ ਬੱਚੋਂ ਕੋ ਕਟਾਨਾ ਯਹ ਵੋਹੀ ਹੈ
ਮੱਟੀ ਕਹਿ ਦੇਤੀ ਹੈ ਕਿ ਠਿਕਾਨਾ ਯਹ ਵੋਹੀ ਹੈ।
ਸ਼ਹੀਦ ਪਿਉ ਦਾ ਪੁੱਤਰ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਕੱਲ੍ਹ ਜੰਗ ਵਿਚ ਸ਼ਹੀਦ ਹੋਣ ਵਾਸਤੇ ਤਿਆਰ ਕਰ ਰਹੇ ਹਨ। ਬਚਦੇ ਸਿੰਘਾਂ ਨੇ ਖਾਲਸਾ ਪੰਥ ਦੀ ਸਾਜਣਾ ਵੇਲੇ Ḕਆਪੇ ਗੁਰ ਚੇਲਾḔ ਬਣਨ ਵਾਲੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ। ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਹੁਕਮ ਮੰਨਿਆ ਅਤੇ ਆਪਣੇ ਬਚਪਨ ਦੇ ਬੇਲੀ ਭਾਈ ਸੰਗਤ ਸਿੰਘ, ਜੋ ਉਨ੍ਹਾਂ ਦੇ ਹਮਸ਼ਕਲ ਤੇ ਹਮ ਉਮਰ ਵੀ ਸਨ ਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਜੰਗਜੂ ਸਿਪਾਹੀ ਵੀ ਸਨ, ਨੂੰ ਛਾਤੀ ਨਾਲ ਲਾਇਆ ਤੇ ਆਪਣੀ ਹੀਰਿਆਂ ਜੜੀ ਕਲਗੀ (ਜਿਸ ਨੂੰ ਜਿਗਾ ਕਲਗੀ ਵੀ ਲਿਖਿਆ ਤੇ ਕਿਹਾ ਜਾਂਦਾ ਹੈ) ਉਸ ਦੇ ਸਿਰ ‘ਤੇ ਸਜਾਈ। ਆਪਣੇ ਸ਼ਸਤਰ-ਬਸਤਰ ਦਿੰਦਿਆਂ ਕਿਹਾ ਕਿ ਭਾਈ ਸੰਗਤ ਸਿੰਘ ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿਚ, ਕਲਗੀ ਸਣੇ ਮੇਰੇ ਮੋਰਚੇ ਵਾਲੇ ਆਸਣ ‘ਤੇ ਬੈਠਣਾ ਹੈ ਅਤੇ ਦਿਨ ਚੜ੍ਹਨ ‘ਤੇ ਜਦੋਂ ਮੁਗਲ ਫੌਜੀ ਗੜ੍ਹੀ ਉਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ। ਜਿਉਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾ। ਇਸ ਸਬੰਧੀ Ḕਗੁਰਬਿਲਾਸ ਪਾਤਸ਼ਾਹੀ ਦਸਵੀਂḔ ਵਿਚ ਭਾਈ ਕੋਇਰ ਸਿੰਘ ਲਿਖਦੇ ਹਨ:
ਜੋਤਿ ਦਈ ਤਿਹ ਕੋ ਅਪਨੀ ਪੁਨਿ ਕਲਗੀ ਓ ਜਿਗਾ ਸੁਖਦਾਨੀ।
ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰਸਾਨੀ।
ਜੰਗ ਸਬੰਧੀ ਗੁਰੂ ਸਾਹਿਬ ਦੇ ਵਿਚਾਰ ਜ਼ਫਰਨਾਮੇ ਦੇ ਬੰਦ 22 ਵਿਚ ਇਸ ਤਰ੍ਹਾਂ ਦਰਜ ਹਨ:
ਚੂੰ ਕਰ ਅਜ਼ ਹਮਹ ਹੀਲਤੇ ਦਰ ਗੁਜਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਜਦੋਂ ਕਿਸੇ ਕੰਮ ਲਈ ਸਾਰੇ ਉਪਾਓ ਖਤਮ ਹੋ ਜਾਣ ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ।
ਗੁਰੂ ਸਾਹਿਬ ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਤੇ ਆਪਣੇ ਵਸਤਰ ਪਹਿਨਾਉਂਦਿਆ ਆਪਣਾ ਕਿਹਾ ਹੀ ਸੱਚ ਕਰ ਰਹੇ ਸਨ:
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸਾ ਮੇਂ ਹੀ ਕਰੋਂ ਨਿਵਾਸ॥
ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿਚ ਚਮਕੌਰ ਦੀ ਗੜ੍ਹੀ ਛੱਡ ਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਵਜਾਇਆ। ਮੁਗਲ ਫੌਜ ਵਿਚ ਖਲਬਲੀ ਮੱਚ ਗਈ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ। ਰਾਤ ਦੇ ਹਨੇਰੇ ਵਿਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਜਦੋਂ ਸਵੇਰੇ ਮੁਗਲਾਂ ਨੇ ਉਚੀ ਮਮਟੀ (ਗੁੰਬਦ) ਉਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਵਜ਼ੀਰ ਖਾਨ ਨੂੰ ਦੱਸਿਆ। ਉਸ ਨੇ ਆਪ ਦੇਖਿਆ ਕਿ ਕਲਗੀ ਵੀ ਉਹੀ ਤੇ ਪੌਸ਼ਾਕ ਵੀ ਉਹੀ। ਗੁਰੂ ਸਾਹਿਬ ਵਲੋਂ ਬਖਸ਼ੇ ਬਸਤਰ ਅਤੇ ਕਲਗੀ ਸਜਾਈ ਬੈਠਾ ਇਹ ਨਿਰਭੈ ਯੋਧਾ ਭਾਈ ਸੰਗਤ ਸਿੰਘ ਸੀ। ਇਹ ਸ਼ਹਾਦਤ ਤੋਂ ਕੱਝ ਘੜੀਆਂ ਪਹਿਲਾਂ ਦਾ ਚਮਕਾਰਾ ਸੀ।
ਇਸ ਬਾਰੇ ਇਤਿਹਾਸ ਲਿਖਣ ਵਾਲੇ ਜਾਤ ਅਭਿਮਾਨੀਆਂ ਨੇ ਕਈ ਥਾਂ ਗਲਤ ਬਿਆਨੀ ਵੀ ਕੀਤੀ ਤੇ ਜਿਗਾ ਕਲਗੀ ਸਬੰਧੀ ਭੁਲੇਖੇ ਪਾਉਣ ਦਾ ਯਤਨ ਕੀਤਾ। ਇਸ ਸਬੰਧੀ ਹੋਰ ਕਾਫੀ ਸਬੂਤ ਹਨ ਕਿ ਗੁਰੂ ਸਾਹਿਬ ਨੇ ਕਲਗੀ ਤੇ ਸ਼ਸਤਰ-ਬਸਤਰ ਕਿਸੇ ਹੋਰ ਨੂੰ ਨਹੀਂ ਸਗੋਂ ਭਾਈ ਸੰਗਤ ਸਿੰਘ ਨੂੰ ਦਿੱਤੇ ਅਤੇ ਪਹਿਨਾਏ। ਭਾਈ ਕਾਹਨ ਸਿੰਘ ਨਾਭਾ ਭਾਈ ਸੁੱਖਾ ਸਿੰਘ ਦੇ ਹਵਾਲੇ ਨਾਲ ਮਹਾਨ ਕੋਸ਼ ਵਿਚ ਲਿਖਦੇ ਹਨ, ‘ਚਮਕੌਰ ਦੇ ਮਕਾਮ ‘ਤੇ ਦਸ਼ਮੇਸ਼ ਨੇ ਖਾਲਸੇ ਨੂੰ ਗੁਰਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ।’
ਭਾਈ ਤੇਜਾ ਸਿੰਘ ਸੋਢੀ ‘ਤਵਾਰੀਖ ਗੁਰੂ ਖਾਲਸਾ’ ਦੇ ਪੰਨਾ 503 ਉਤੇ ਗੁਰੂ ਸਾਹਿਬ ਵਲੋਂ ਭਾਈ ਸੰਗਤ ਸਿੰਘ ਨੂੰ ਕਲਗੀ ਅਤੇ ਬਸਤਰ ਦੇ ਕੇ ਆਪਣਾ ਰੂਪ ਬਖਸ਼ ਦੇਣ ਬਾਰੇ ਲਿਖਦੇ ਹਨ। ਗਿਆਨੀ ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਦੇ ਪੰਨਾ 1016 ‘ਤੇ ਲਿਖਦੇ ਹਨ ਕਿ ‘ਭਾਈ ਸੰਗਤ ਸਿੰਘ ਜੋ ਹੂ-ਬ-ਹੂ ਗੁਰੂ ਦੇ ਸਰੂਪ ਵਾਲਾ ਸੀ, ਨੂੰ ਆਪਣੀ ਜਗ੍ਹਾ ‘ਤੇ ਬਿਠਾ ਕੇ ਆਪਣਾ ਸਾਰਾ ਪੁਸ਼ਾਕਾ, ਜਿਗਾ ਕਲਗੀ ਸਮੇਤ ਪਹਿਨਾ ਦਿੱਤਾ। ਫੇਰ ਅਰਦਾਸਾ ਸੋਧਿਆ ਅਤੇ ਕਿਹਾ ਕਿ ਮੈਂ ਅੱਜ ਤੋਂ ਖਾਲਸੇ ਨੂੰ ਗੁਰਿਆਈ ਬਖਸ਼ ਦਿੱਤੀ। ਸੋਹਣ ਸਿੰਘ ਸੀਤਲ ਨੇ ਵੀ Ḕਗੁਰ ਇਤਿਹਾਸ ਦਸ ਪਾਤਸ਼ਾਹੀਆਂḔ ਪੰਨਾ 349 ‘ਤੇ ਭਾਈ ਸੰਗਤ ਸਿੰਘ ਦੇ ਸੀਸ ‘ਤੇ ਕਲਗੀ ਸਜਾ ਕੇ ਆਪਣਾ ਪੌਸ਼ਾਕਾ ਪਹਿਨਾ ਦੇਣ ਬਾਰੇ ਜ਼ਿਕਰ ਕੀਤਾ ਹੈ।
ਪ੍ਰਿੰæ ਸਤਬੀਰ ਸਿੰਘ Ḕਸਿੱਖ ਇਤਿਹਾਸ ਭਾਗ ਪਹਿਲਾḔ ਦੇ ਪੰਨਾ 349 ਉਤੇ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਨੇ ਪੰਥ ਦਾ ਹੁਕਮ ਮੰਨ ਕੇ ਗੜ੍ਹੀ ਛੱਡਣਾ ਪਰਵਾਨ ਕਰ ਲਿਆ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗੜ੍ਹੀ ਛੱਡਣ ਦੀ ਤਿਆਰੀ ਕਰ ਲਈ।’ ਪ੍ਰੋæ ਹਰਿੰਦਰ ਸਿੰਘ ਮਹਿਬੂਬ ਨੇ Ḕਸਹਿਜੇ ਰਚਿਓ ਖਾਲਸਾḔ ਦੇ ਪੰਨਾ 410 ‘ਤੇ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਉਤੇ ਸਜਾਉਣ ਦੀ ਗੱਲ ਦਰਜ ਕੀਤੀ ਹੈ।
ਡਾæ ਅਨੂਪ ਸਿੰਘ ਨੇ ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ’ ਦੇ ਪੰਨਾ 196 ‘ਤੇ ਲਿਖਿਆ ਹੈ, Ḕਭਾਈ ਸੰਗਤ ਸਿੰਘ ਦੀ ਸ਼ਕਲ ਸੂਰਤ ਤੇ ਕੱਦ-ਕਾਠ ਗੁਰੂ ਨਾਲ ਮਿਲਦਾ ਜੁਲਦਾ ਸੀ, ਇਸ ਵਾਸਤੇ ਉਸ ਨੂੰ ਕਲਗੀ ਸਜਾਈ ਤੇ ਗੜ੍ਹੀ ਵਿਚਲੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਸਾਡੇ ਨਿਕਲਣ ਸਮੇਂ ਨਗਾਰਾ ਵਜਾਉਂਦੇ ਰਹਿਣਾ ਤੇ ਦੁਸ਼ਮਣ ਵਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹਿਣਾ ਤਾਂ ਜੋ ਦੁਸ਼ਮਣ ਨੂੰ ਗੜ੍ਹੀ ਵਿਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ।Ḕ
ਗਿਆਨੀ ਗੁਰਚਰਨ ਸਿੰਘ ਨੇ ‘ਜੀਵਨ ਕਥਾ ਗੁਰੂ ਗੋਬਿੰਦ ਸਿੰਘ’ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਆਪਣੀ ਜਿਗਾ ਕਲਗੀ ਤੇ ਬਸਤਰ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੇ।
ਡਾæ ਗੰਡਾ ਸਿੰਘ ਦੀ ਲਿਖਤ ਅਨੁਸਾਰ 23 ਦਸੰਬਰ 1704 ਨੂੰ ਸਵੇਰੇ ਜਦੋਂ ਮੁਗਲ ਫੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾਇਆ ਤਾਂ ਬਾਬਾ ਸੰਗਤ ਸਿੰਘ ਦੇ ਗੁਰੂ ਸਾਹਿਬ ਵਾਲੀ ਪਹਿਨੀ ਹੋਈ ਪੌਸ਼ਾਕ ਤੇ ਕਲਗੀ ਤੋਂ ਭੁਲੇਖਾ ਖਾ ਗਏ। ਬਾਬਾ ਸੰਗਤ ਸਿੰਘ ਅੰਤ ਸਮੇਂ ਤੱਕ ਗੁਰੂ ਫਤਿਹ ਦੇ ਜੈਕਾਰੇ ਗਜਾਉਂਦੇ ਰਹੇ।
ਸਵੇਰੇ ਮੁਗਲਾਂ ਦੀ ਸਲਾਹ ਹੋਈ ਸੀ ਕਿ ਸਿੱਖਾਂ ਦੇ ਗੁਰੂ ਨੂੰ ਜਿਉਂਦਾ ਫੜ੍ਹਿਆ ਜਾਵੇ। ਆਖਰ ਮੁਗਲਾਂ ਨੇ ਹਮਲਾ ਕੀਤਾ ਤੇ ਲੜਾਈ ਹੱਥੋ-ਹੱਥੀ ਹੋਈ। ਭਾਈ ਸੰਗਤ ਸਿੰਘ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਆਖਰ ਬਹੁਤ ਹੀ ਜਖਮੀ ਹਾਲਤ ਵਿਚ ਧਰਤੀ ‘ਤੇ ਡਿਗ ਪਏ। ਮੁਗਲ ਇਹ ਹੀ ਸੋਚਦੇ ਰਹੇ ਕਿ ਇਹ ਗੁਰੂ ਹੀ ਹੈ। ਇੱਕ ਪਠਾਣ ਨੇ ਕਾਹਲੀ ਨਾਲ ਅੱਗੇ ਵਧ ਕੇ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਸਮੇਂ ਬਾਰੇ ਭਾਈ ਕੁਇਰ ਸਿੰਘ ਲਿਖਦੇ ਹਨ:
ਕਲਗੀ ਜਿਗਾ ਔਰ ਯਹ ਹੋਈ,
ਗੋਬਿੰਦ ਇਹੈ ਹੈ ਸੋਈ।
ਮਾਰ ਮੀਸ਼ ਸ਼ਮਸ਼ੀਰ ਪਠਾਨਾਂ,
ਸੀਸ ਰਹਿਤ ਕਲਗੀ ਲੀ ਮਾਨਾ।
ਭਾਈ ਸੰਗਤ ਸਿੰਘ ਦੀ ਸ਼ਹੀਦੀ ਉਪਰੰਤ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਚ ਗੁਰੂ ਗੋਬਿੰਦ ਸਿੰਘ ਦੇ ਮਾਰੇ ਜਾਣ ਦੀ ਖਬਰ ਫੈਲਾਈ ਗਈ। ਅਗਲੇ ਹੀ ਦਿਨ ਚਮਕੌਰ ਦੀ ਗੜ੍ਹੀ ਵਿਚੋਂ ਭਾਈ ਸੰਗਤ ਸਿੰਘ ਦਾ ਸੀਸ ਲਿਆ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ-ਬਾਬਾ ਜੋæਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਵੀ ਦਿਖਾਇਆ ਗਿਆ। ਛੋਟੇ ਸਾਹਿਜ਼ਾਦਿਆਂ ਨੇ ਕਿਹਾ ਕਿ ਇਹ ਸੀਸ ਸਾਡੇ ਗੁਰੂ ਪਿਤਾ ਦਾ ਨਹੀਂ ਸਗੋਂ ਇਹ ਸੀਸ ਤਾਂ ਗੁਰੂ ਪਿਆਰੇ ਭਾਈ ਸੰਗਤ ਸਿੰਘ ਦਾ ਹੈ। ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਉਣ ਵਾਲੀ ਬੀਬੀ ਜੈਨਾ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਉਸ ਨੇ ਵੀ ਇਸ ਨੂੰ ਭਾਈ ਸੰਗਤ ਸਿੰਘ ਦਾ ਸੀਸ ਕਿਹਾ। ਪਰ ਮੁਗਲਾਂ ਨੂੰ ਜਿਵੇਂ ਇਤਬਾਰ ਹੀ ਨਾ ਆ ਰਿਹਾ ਹੋਵੇ। ਇਸ ਉਪਰੰਤ ਗੁਰੂ ਸਾਹਿਬ ਨੂੰ ਬਚਪਨ ਵਿਚ ਫਾਰਸੀ ਦੀ ਸਿੱਖਿਆ ਦੇਣ (ਇੱਥੇ ਯਾਦ ਰਹੇ ਕਿ ਫਾਰਸੀ ਦਾ ਸਬਕ ਲੈਣ ਵੇਲੇ ਕਦੇ ਕਦੇ ਭਾਈ ਸੰਗਤਾ ਵੀ ਬਾਲ ਗੋਬਿੰਦ ਰਾਏ ਦੇ ਨਾਲ ਹੀ ਹੁੰਦੇ ਸਨ) ਵਾਲੇ ਕਾਜ਼ੀ ਨੂਰਦੀਨ ਨੂੰ ਸੱਦਿਆ ਗਿਆ। ਉਨ੍ਹਾਂ ਨੇ ਵੀ ਕਚਹਿਰੀ ਵਿਚ ਕਿਹਾ ਕਿ ਇਹ ਸੀਸ ਤਾਂ ਭਾਈ ਸੰਗਤ ਸਿੰਘ ਦਾ ਹੈ, ਗੁਰੂ ਸਾਹਿਬ ਦਾ ਨਹੀਂ।
ਇਸ ਤਰ੍ਹਾਂ ਭਾਈ ਸੰਗਤ ਸਿੰਘ ਨੇ ਗੁਰਸਿੱਖੀ ਦੇ ਅਸੂਲਾਂ ‘ਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀਤਾ। ਇੱਥੇ ਹੀ ਵੱਡੇ ਸਾਹਿਬਜ਼ਾਦਿਆਂ-ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਹੀ 37 ਸਿੰਘ ਹੋਰ ਸ਼ਹੀਦ ਹੋਏ ਜਿਨ੍ਹਾਂ ਵਿਚ 1699 ਦੀ ਵਿਸਾਖੀ ਵਿਚ ਸਾਜੇ ਪਹਿਲੇ ਪੰਜ ਪਿਆਰਿਆਂ ਵਿਚੋਂ ਤਿੰਨ-ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਸ਼ਾਮਲ ਸਨ। ਜਿੱਥੇ ਚਮਕੌਰ ਦੀ ਗੜ੍ਹੀ ਵਾਲੀ ਘਮਸਾਣ ਦੀ ਜੰਗ ਹੋਈ ਸੀ, ਉਥੇ ਹੁਣ ਗੁਰਦੁਆਰਾ ਗੜ੍ਹੀ ਸਾਹਿਬ ਸਥਿੱਤ ਹੈ।
ਸਿੱਖ ਇਤਿਹਾਸ ਵਿਚ ਜਿੱਥੇ ਵੀ ਸਿਦਕਦਿਲੀ ਵਾਲੇ ਸੂਰਮਿਆਂ ਤੇ ਗੁਰੂ ਸਾਹਿਬ ਦੇ ਵਫਾਦਾਰ ਕੁਰਬਾਨੀ ਵਾਲੇ ਬਹਾਦਰ ਯੋਧਿਆਂ ਦੀ ਗੱਲ ਚੱਲੇਗੀ, ਉਥੇ ਹਮੇਸ਼ਾ ਹੀ ਭਾਈ ਸੰਗਤ ਸਿੰਘ ਦਾ ਨਾਮ ਮੋਹਰਲੀਆਂ ਕਤਾਰਾਂ ਵਿਚ ਲਿਆ ਜਾਵੇਗਾ।