‘ਤੋਤਾ, ਘੋੜਾ ਤੇ ਮਨੁੱਖ’

ਗੁਲਜ਼ਾਰ ਸਿੰਘ ਸੰਧੂ
ਇਹ ਅਦਭੁਤ ਨਾਂ ‘ਤੋਤਾ, ਘੋੜਾ ਤੇ ਮਨੁੱਖ’ ਵਲਾਇਤ ਵਸਦੇ ਪੰਜਾਬੀ ਕਵੀ ਅਮਰਜੀਤ ਚੰਦਨ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਵਾਲੀ ਪੁਸਤਕ ਦਾ ਪੰਜਾਬੀ ਨਾਂ ਹੈ। ਲੇਖਕ ਨੇ ਆਪਣੀਆਂ ਨਜ਼ਮਾਂ ਦਾ ਅਨੁਵਾਦ ਛਪਵਾਉਂਦਿਆਂ ਪੂਰਾ ਧਿਆਨ ਰੱਖਿਆ ਹੈ ਕਿ ਅਨੁਵਾਦਤ ਨਜ਼ਮ ਦੇ ਬਰਾਬਰ ਹਰ ਨਜ਼ਮ ਦਾ ਮੂਲ ਹੀ ਨਹੀਂ, ਤਤਕਰਾ ਵੀ ਦਿੱਤਾ ਜਾਵੇ ਪਰ ਪੁਸਤਕ ਦਾ ਸਿਰਲੇਖ ਕੇਵਲ ‘ਦੀ ਪੈਰਟ, ਦੀ ਹਾਰਸ ਐਂਡ ਦੀ ਮੈਨ’ (ਠਹe ਫਅਰਰੋਟ, ਟਹe ਹੋਰਸe & ਟਹe ਮਅਨ) ਤੱਕ ਹੀ ਸੀਮਤ ਰੱਖਿਆ ਹੈ।

ਸੱਚ ਤਾਂ ਇਹ ਵੀ ਹੈ ਕਿ ਕਵਿਤਾਵਾਂ ਵਿਚਲਾ ਸੱਚ ਜੂਲੀਆ ਕੈਸਟਰਟਨ, ਵਾਨੀਸ ਗੈਬੀ, ਅਜਮੇਰ ਰੋਡੇ, ਜਸਪਾਲ ਸਿੰਘ, ਸਟੀਫਨ ਵੱਤਸ ਤੇ ਜਾਨ ਵੈਲਚ ਦੇ ਅੰਗਰੇਜ਼ੀ ਅਨੁਵਾਦਾਂ ਵਿਚ ਮੂਲ ਨਾਲੋਂ ਵਧੇਰੇ ਨਿੱਤਰਿਆ ਹੈ। ਉਂਜ ਸਾਢੇ ਤਿੰਨ ਦਹਾਕਿਆਂ ਤੋਂ ਵਲਾਇਤ ਰਹਿੰਦੇ ਚੰਦਨ ਦੀ ਬੋਲ-ਚਾਲ ਵਾਲੀ ਮਾਤ ਭਾਸ਼ਾ ਉਤੇ ਪੂਰੀ ਪਕੜ ਹੈ। ਫੇਰ ਵੀ ਸਮੁੱਚਾ ਪ੍ਰਭਾਵ ਇਹ ਪੈਂਦਾ ਹੈ ਕਿ ਸਭ ਕਾਸੇ ਦੇ ਬਾਵਜੂਦ ਪੰਜਾਬੀ ਸ਼ਬਦਾਵਲੀ ਉਹਦੇ ਅੰਦਰਲੇ ਰਹੱਸ ਨੂੰ ਫੜ੍ਹਨ ਦੇ ਓਨੀ ਯੋਗ ਨਹੀਂ, ਜਿੰਨੀ ਅੰਗਰੇਜ਼ੀ ਸ਼ਬਦਾਵਲੀ। ਪੇਸ਼ ਹੈ, ਇਕ ਪੰਜਾਬੀ ਕਵਿਤਾ:
ਤੇਰੀਆਂ ਅੱਖਾਂ ‘ਚ ਰਾਤ ਮਟਕ ਰਹੀ ਹੈ
ਤੇਰੇ ਸਿਰ ‘ਤੇ ਧੁੱਪਾਂ ਦੀ ਚੁੰਨੀ
ਸੁਹਾਗਣ ਅੱਖੀਆਂ ਹਰ ਸ਼ੈਅ ਨੂੰ ਚੁੰਮਦੀਆਂ
ਅੱਜ ਮੈਨੂੰ ਤੇਰਾ ਵਰ ਮਿਲਿਆ ਹੈ
ਰਾਤਾਂ ਦੇ ਧੁੱਪਾਂ ਦੇ ਨਿੱਘ ਵਿਚ
ਉਗ ਰਿਹਾ ਮੈਂ ਤੇਰੀ ਮਿੱਟੀ ਅੰਦਰ
ਤੇਰੀਆਂ ਰਗਾਂ ‘ਚ ਮੈਂ ਵਹਿ ਰਿਹਾ
ਉਤਰ ਰਿਹਾ ਮੈਂ ਤੇਰੀਆਂ ਦੁਧੀਆਂ ‘ਚ।
ਅਨੁਵਾਦਕ ਜਸਪਾਲ ਸਿੰਘ ਨੇ ਸੁਹਾਗਣ ਲਈ ਅੰਗਰੇਜ਼ੀ ਦਾ ਸ਼ਬਦ Aਮੋਰੁਸ ਵਰਤ ਕੇ ਕਵੀ ਦੇ ਭਾਵ ਨੂੰ ਸਰਬਵਿਆਪੀ ਬਣਾਇਆ ਹੈ।
ਲੇਖਕ 1946 ਵਿਚ ਨੈਰੋਬੀ ਵਿਖੇ ਜੰਮਿਆ। ਉਸ ਦੇ ਆਪਣੇ ਸ਼ਬਦਾਂ ਵਿਚ, ਉਸ ਦੀ ਮਾਂ ਅਨਪੜ੍ਹ ਸੀ, ਜਿਸ ਕਾਰਨ ਉਸ ਦੀ ਮਾਤ ਭਾਸ਼ਾ ਵਿਚ ਮਿਲਾਵਟ ਨਹੀਂ ਆਈ। ਲੇਖਕ ਭੁੱਲ ਗਿਆ ਹੈ ਕਿ ਚੰਗੀ ਸ਼ੈਲੀ ਦਾ ਆਧਾਰ ਘਰ ਵਿਚ ਬੋਲੀ ਜਾਂਦੀ ਭਾਸ਼ਾ ਨਹੀਂ ਸਗੋਂ ਵਿੱਦਿਆ ਦੁਆਰਾ ਪ੍ਰਾਪਤ ਕੀਤੀ ਭਾਸ਼ਾ ਹੁੰਦੀ ਹੈ। ਅਮਰਜੀਤ ਚੰਦਨ ਦੀ ਕਾਵਿਕ ਪਹੁੰਚ ਦਾ ਠੀਕ ਪਤਾ ਪਿਛਲੀ ਸਦੀ ਦੇ 60ਵਿਆਂ ਤੇ 70ਵਿਆਂ ਵਿਚ ਹੋਇਆ, ਜਦੋਂ ਪੰਜਾਬ ਵਿਚ ਨਕਸਲੀ ਵਿਚਾਰਧਾਰਾ ਦਾ ਬੋਲ ਬਾਲਾ ਸੀ। ਉਨ੍ਹਾਂ ਦਿਨਾਂ ਵਿਚ ਹੀ ਪਾਸ਼, ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਵੀ ਪੰਜਾਬੀ ਕਵੀਆਂ ਵਜੋਂ ਉਭਰੇ। ਭਾਵੇਂ ਚੰਦਨ ਤੋਂ ਬਿਨਾ ਬਾਕੀ ਤਿੰਨਾਂ ਦੀ ਕਵਿਤਾ ਵਿਚ ਰਹੱਸ ਦੀ ਘਾਟ ਸੀ ਪਰ ਆਪਣੀ ਗੱਲ ਲੋਕਾਂ ਦੇ ਮਨਾਂ ਤੱਕ ਪਹੁੰਚਦੀ ਕਰਨ ਵਾਲੀ ਸ਼ੈਲੀ ਤੇ ਸ਼ਬਦਾਂ ਦਾ ਅੰਤ ਨਹੀਂ ਸੀ। ਇਹੋ ਕਾਰਨ ਹੈ ਕਿ ਉਨ੍ਹਾਂ ਵਾਂਗ ਹੀ ਰੂਪੋਸ਼ ਹੋ ਕੇ ਰਹਿਣ ਤੇ ਪੁਲਿਸ ਦੇ ਟੇਟੇ ਚੜ੍ਹਨ ਦੇ ਬਾਵਜੂਦ ਅਮਰਜੀਤ ਚੰਦਨ ਉਨ੍ਹਾਂ ਜਿੰਨਾ ਪ੍ਰਵਾਨਤ ਕਵੀ ਨਹੀਂ ਹੋ ਸਕਿਆ। ਅੱਧੀ ਦਰਜਨ ਪੰਜਾਬੀ ਪੁਸਤਕਾਂ ਦਾ ਰਚੈਤਾ ਹੋਣ ਦੇ ਬਾਵਜੂਦ ਉਸ ਨੂੰ ਮਨ ਭਾਉਂਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਅੰਗਰੇਜ਼ੀ ਅਨੁਵਾਦ ਦੀ ਸ਼ਰਨ ਲੈਣੀ ਪਈ ਹੈ।
ਅਮਰਜੀਤ ਚੰਦਨ ਦੀ ਸੋਚ ਨੂੰ ਪ੍ਰਣਾਏ ਦੋ ਦਰਜਨ ਮੱਦਾਹਾਂ ਵਿਚ ਸ਼ਾਮਲ ਹੋ ਕੇ ਮੈਂ ਅਪਣੀ ਟਿੱਪਣੀ ਉਸ ਦੀ ਸੌਖੀ ਕਵਿਤਾ ‘ਲਾਲ ਢੰਡੋਰਾ’ ਨਾਲ ਖਤਮ ਕਰਨਾ ਚਾਹਾਂਗਾ:
ਮੇਰੇ ਪਿਤਾ ਦੱਸਿਆ ਕਰਦੇ ਸਨ
ਕੰਧ ਵਲ ਇਸ਼ਾਰਾ ਕਰਕੇ
ਮੈਂ ਓਥੇ ਰੱਖੇ ਸਨ ਇੱਟਾਂ ਹਟਾ ਕੇ
‘ਲਾਲ ਢੰਡੋਰਾ’ ਅਖਬਾਰ ਦੇ ਪਰਚੇ
ਜਿਸ ‘ਚ ਮੇਰੀ ਕਵਿਤਾ ਛਪਦੀ ਸੀ
ਪਰ ਕਿੱਥੇ ਹੋਣੇ ਨੇ ਹੁਣ
ਗਾਲ਼ ਦਿੱਤੇ ਹੋਣਗੇ
ਧੁੱਪ, ਮੀਂਹ ਤੇ ਸਾਲਾਂ ਨੇ।
ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ
ਪੁਲਸ ਦੇ ਡਰੋਂ ਕਾਗਜ਼ ‘ਤੇ ਛਪੇ
ਸ਼ਬਦ ਨੂੰ ਲੂਹਣਾ ਜਾਂ ਸੁੱਟ ਦੇਣਾ
ਪੁਲਸ ਕਦੇ ਨਾ ਆਈ
ਪਿਤਾ ਪਰਦੇਸ ਚਲੇ ਗਏ।
ਹੜ੍ਹ ਆਏ ਤੇ ਕੰਧ ਢਹਿ ਗਈ
ਵਿਰਸੇ ‘ਚ ਮਿਲੀ ਮੈਨੂੰ
ਚੇਤੇ ਦੀ ਖੜ੍ਹੀ ਉਹ ਕੰਧ
ਜਿਸ ਵਿਚ ਸਾਂਭੇ ਨੇ
ਡਰ, ਸੁਪਨੇ ਤੇ ਭੇਤ
ਗਾਲ਼ ਨਹੀਂ ਸਕਦੀ ਕੋਈ ਵੀ
ਧੁੱਪ ਜਾਂ ਬਰਸਾਤ
ਕਾਗਜ਼ ‘ਤੇ ਛਪੇ ਉਨ੍ਹਾਂ ਹਰਫਾਂ ਨੂੰ।
ਪੂਨਮ ਸਿੰਘ ਐਸ਼ ਡੀæ ਐਮæ ਅਬੋਹਰ: ਰੇਪ, ਰਿਸ਼ਵਤ ਤੇ ਆਪਹੁਦਰੇਪਨ ਦੇ ਇਸ ਦੌਰ ਵਿਚ ਮਾਂ-ਬਾਪ ਦੀ ਛਤਰ-ਛਾਇਆ ਤੋਂ ਮਹਿਰੂਮ ਨਾਬਾਲਗ ਨੂੰ 32 ਸਾਲਾ ਨਸ਼ੇੜੀ ਲਾੜੇ ਦੇ ਪੱਲੇ ਪੈਣ ਤੋਂ ਬਚਾਉਣਾ ਬੜੇ ਪੁੰਨ ਦਾ ਕਾਰਜ ਹੈ। ਜੇ ਅਬੋਹਰ ਦਾ ਬਾਲ ਸੁਰੱਖਿਆ ਅਫਸਰ ਇਲਾਕੇ ਦੀ ਐਸ਼ ਡੀæ ਐਮæ ਪੂਨਮ ਸਿੰਘ ਨੂੰ ਵੇਲੇ ਸਿਰ ਖਬਰ ਨਾ ਦਿੰਦਾ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਢਾਣੀ ਕੜਾਕਾ ਸਿੰਘ ਦੀਆਂ ਤਿੰਨ ਯਤੀਮ ਭੈਣਾਂ ਵਿਚੋਂ ਸਭ ਤੋਂ ਵੱਡੀ ਨੂੰ ਉਸ ਦੇ ਗਰੀਬ ਚਾਚੇ ਨੇ ਬੀਤੇ ਹਫਤੇ ਵਡੇਰੀ ਉਮਰ ਦੇ ਨਸ਼ੇੜੀ ਦੇ ਘਰ ਤੋਰ ਦੇਣਾ ਸੀ। ਇਸ ਸਭ ਕਾਸੇ ਦਾ ਆਧਾਰ ਬੱਚੀਆਂ ਨੂੰ ਪਾਲਣ ਵਾਲੇ ਚਾਚੇ ਦੀ ਗਰੀਬੀ ਬਣਿਆ। ਚਾਚੇ ਕੋਲ ਕੇਵਲ ਇੱਕ ਕੱਚਾ ਕਮਰਾ ਹੈ ਜਿਸ ਵਿਚ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ।
ਭਲਾ ਹੋਵੇ ਪੂਨਮ ਸਿੰਘ ਐਸ਼ ਡੀæ ਐਮæ ਅਬੋਹਰ ਦਾ, ਜਿਸ ਨੇ ਸ਼ਿਕਾਇਤ ਉਤੇ ਤੁਰੰਤ ਅਮਲ ਕਰਦਿਆਂ ਵਿਆਹ ਤੋਂ ਇੱਕ ਦਿਨ ਪਹਿਲਾਂ ਸਬੰਧਤ ਨਾਬਾਲਗ ਲੜਕੀ ਨੂੰ ਅਣਜੋੜ ਵਿਆਹ ਦੇ ਬੰਧਨ ਤੋਂ ਬਚਾ ਲਿਆ। ਇਥੇ ਹੀ ਬਸ ਨਹੀਂ, ਉਸ ਨੇ ਤਿੰਨਾਂ ਯਤੀਮ ਬੱਚਿਆਂ ਦੇ ਪਾਲਣ-ਪੋਸਣ ਤੇ ਵਿੱਦਿਆ ਦੀ ਜਿੰਮੇਵਾਰੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੇ ਜਾਣ ਦੇ ਦਿਸ਼ਾ-ਨਿਰਦੇਸ਼ ਦੇ ਕੇ ਤਿੰਨਾਂ ਬੱਚਿਆਂ ਲਈ ਪੈਨਸ਼ਨ ਦੇ ਫਾਰਮ ਭਰਨ ਤੋਂ ਬਿਨਾ ਮਹੀਨਾ ਵਾਰ ਰਾਸ਼ਨ ਮੁਹੱਈਆ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਹੁਣ ਆਂਗਣਵਾੜੀ ਕੇਂਦਰ ਦੀ ਇੰਚਾਰਜ ਵੀ ਬੱਚਿਆਂ ਦੀ ਮਦਦ ਲਈ ਪੱਬਾਂ ਭਾਰ ਹੋਈ ਨਜ਼ਰ ਆਉਂਦੀ ਹੈ। ਸਵਾਗਤ ਹੈ।
ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ: ਸੰਸਦ ਮੈਂਬਰ ਨਰੇਸ਼ ਗੁਜਰਾਲ ਦੇ ਦਖਲ ਦੇਣ ਪਿੱਛੋਂ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰੇੜ੍ਹਕੇ ਵਿਚ ਪਏ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਕਾਲਜ ਰੱਖੇ ਜਾਣ ਦੇ ਫੈਸਲੇ ਉਤੇ ਰੋਕ ਲਾ ਦਿੱਤੀ ਹੈ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਹੁਣ ਗਵਰਨਿੰਗ ਬਾਡੀ ਦੇ ਚੇਅਰਮੈਨ ਨੂੰ ਗਲਤ ਫੈਸਲੇ ਦੀ ਜਿੰਮੇਵਾਰੀ ਪ੍ਰਵਾਨ ਕਰਕੇ ਚੇਅਰਮੈਨੀ ਛੱਡ ਦੇਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਵੀ ਵਿਦਿਅਕ ਸੰਸਥਾ ਅਜਿਹਾ ਮੰਦਭਾਗਾ ਤੇ ਬੇਲੋੜਾ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚੇ।
ਅੰਤਿਕਾ: ਬਰਜਿੰਦਰ ਚੌਹਾਨ
ਹੁਣ ਤਾਂ ਕੀਮਤ ਮੰਗਦੇ ਛਾਂਵਾਂ ਦੀ ਹੀ ਰੁੱਖ
ਸਿਖਰ ਦੁਪਹਿਰੇ ਲੱਭੀਏ ਕਿਹੜੀ ਹੋਰ ਪਨਾਹ?
ਨਾ ਕਿਧਰੇ ਪਗਡੰਡੀਆਂ, ਨਾ ਅੰਬਰ ਵਿਚ ਪੈੜ
ਖੌਰੇ ਕਿੱਦਾਂ ਲੱਭਦੇ ਪੰਛੀ ਆਪੋ ਆਪਣੇ ਰਾਹ।