ਬਾਪ ਨੂੰ ਹਉਕਾ ਨਾ ਬਣਾਓ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਮਾਂ ਦੀ ਮਮਤਾ ਪ੍ਰਤੀ ਬੱਚਿਆਂ ਦੇ ਹੇਰਵੇ ਦਾ ਜ਼ਿਕਰ ਕੀਤਾ ਸੀ। ਇਸ ਲੇਖ ਵਿਚ ਉਨ੍ਹਾਂ ਬਾਪ ਦੇ ਬੱਚਿਆਂ ਪ੍ਰਤੀ ਮੋਹ ਅਤੇ ਬਾਪ ਦੀ ਬੱਚਿਆਂ ਉਪਰ ਬੋਹੜ ਜਿਹੀ ਸੰਘਣੀ ਛਾਂ ਦੀ ਗੱਲ ਕਰਦਿਆਂ ਕਿਹਾ ਹੈ,

“ਬਾਪ ਇਕ ਬਿਰਖ, ਜਿਸ ਦੀ ਛਾਂਵੇਂ ਬਹਿ ਕੇ ਸੁਖਨ ਦਾ ਹੁਲਾਰ, ਹਰ ਪਲ ਵਧਦਾ-ਫੁਲਦਾ ਅਤੇ ਪਨਪਦਾ ਪਿਆਰ। ਸਾਹਾਂ ‘ਤੇ ਉਕਰੀ ਇਬਾਦਤ ਦਾ ਸਿਰਲੇਖ, ਬੱਚਿਆਂ ਦੇ ਮੱਥੇ ‘ਤੇ ਉਕਰੇ ਲੇਖ ਅਤੇ ਉਸ ਦੇ ਨੈਣਾਂ ਵਿਚ ਵਸੇਂਦਾ ਬੱਚਿਆਂ ਦਾ ਘੁੱਗ ਵਸੇਂਦਾ ਦੇਸ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਬਾਪ ਬੱਚਿਆਂ ਦੇ ਸਿਰਾਂ ਦੀ ਛੱਤ। ਤਿੱਖੜ ਦੁਪਹਿਰਾਂ ਵਿਚ ਠੰਢੜੀ ਛਾਂ। ਲੂਆਂ ਵਿਚ ਪੁਰੇ ਦੀ ਪੌਣ ਅਤੇ ਧੁਖਦੇ ਰਾਹਾਂ ਵਿਚ ਠੰਢਕ ਦਾ ਸੁਖਦ ਅਹਿਸਾਸ।
ਬਾਪ, ਬੱਚਿਆਂ ਦੇ ਮਸਤਕ ਵਿਚ ਸੁਪਨੇ ਟਿਕਾਉਂਦਾ, ਉਂਗਲੀ ਫੜ੍ਹ ਕੇ ਤੁਰਨਾ ਸਿਖਾਉਂਦਾ, ਮੰਜ਼ਿਲਾਂ ‘ਤੇ ਪਹੁੰਚਣ ਦਾ ਵਿਸ਼ਵਾਸ ਅਤੇ ਧਰਵਾਸ ਬੱਚਿਆਂ ਦੀ ਸੋਚ-ਜੂਹ ਦੇ ਨਾਮ ਲਾਉਂਦਾ।
ਬਾਪ ਸਾਡੀ ਹੋਂਦ ਦਾ ਸਬੱਬ, ਸਾਡੀ ਮੁਢਲੀ ਪਛਾਣ ਦਾ ਕੇਂਦਰ ਬਿੰਦੂ, ਸਾਡੇ ਲਈ ਸੁਖ ਸੁਵਿਧਾਵਾਂ ਦੀ ਪ੍ਰਾਪਤੀ ਦਾ ਮੂਲ-ਸਰੋਤ ਅਤੇ ਸਾਡੇ ਲਈ ਘਾਲੀਆਂ ਘਾਲਣਾਵਾਂ ਦੀ ਜਗਦੀ ਜੋਤ।
ਬਾਪ ਜਦ ਡਿੱਗਦੇ ਬਾਲ ਨੂੰ ਬੋਚਦਾ ਏ ਤਾਂ ਉਹ ਲਾਡਲੇ ਦਾ ਸਭ ਤੋਂ ਵੱਡਾ ਖੈਰਖਾਹ, ਉਸ ਲਈ ਪੀਰਾਂ ਦੀ ਦਰਗਾਹ ‘ਤੇ ਮੰਗੀ ਗਈ ਦੁਆ ਅਤੇ ਉਸ ਦੀ ਚੜ੍ਹਦੀ ਕਲਾ ਲਈ ਪਲ ਪਲ ਕੀਤੀ ਅਰਦਾਸ।
ਬਾਪ ਇਕ ਬਿਰਖ, ਜਿਸ ਦੀ ਛਾਂਵੇਂ ਬਹਿ ਕੇ ਸੁਖਨ ਦਾ ਹੁਲਾਰ, ਹਰ ਪਲ ਵਧਦਾ-ਫੁਲਦਾ ਅਤੇ ਪਨਪਦਾ ਪਿਆਰ। ਸਾਹਾਂ ‘ਤੇ ਉਕਰੀ ਇਬਾਦਤ ਦਾ ਸਿਰਲੇਖ, ਬੱਚਿਆਂ ਦੇ ਮੱਥੇ ‘ਤੇ ਉਕਰੇ ਲੇਖ ਅਤੇ ਉਸ ਦੇ ਨੈਣਾਂ ਵਿਚ ਵਸੇਂਦਾ ਬੱਚਿਆਂ ਦਾ ਘੁੱਗ ਵਸੇਂਦਾ ਦੇਸ।
ਬਾਪ ਆਲੇ ‘ਚ ਜਗਦਾ ਚਿਰਾਗ, ‘ਨ੍ਹੇਰਿਆਂ ਨਾਲ ਆਢਾ ਲਾਉਂਦਾ, ਬੱਚਿਆਂ ਦੇ ਨੈਣਾਂ ‘ਚ ਅੱਖਰ-ਜੋਤ ਜਗਾਉਂਦਾ, ਹਰਫਾਂ ‘ਚ ਸੂਰਜ ਦਾ ਸਿਰਨਾਂਵਾਂ ਟਿਕਾਉਂਦਾ ਅਤੇ ਅਰਥਾਂ ਦੇ ਵਿਹੜੇ ‘ਚ ਸੂਖਮ ਸੋਚ ਦੀ ਫੇਰੀ ਲਾਉਂਦਾ।
ਬਾਪ ਬਨੇਰੇ ਤੋਂ ਉਤਰਦੀ ਲੋਅ, ਜੋ ਬੱਚਿਆਂ ਦੇ ਮਨਾਂ ‘ਚੋਂ ਧੁੰਧਲਕਾ ਹਟਾਉਂਦੀ, ਸੋਚ ਦਾਇਰੇ ਵਿਸ਼ਾਲਦੀ ਅਤੇ ਉਨ੍ਹਾਂ ਨੂੰ ਚਾਨਣਾਂ ਦੀ ਜੂਹ ਦੇ ਰਾਹੇ ਪਾਉਂਦੀ। ਜਦ ਬਾਪ ਬੱਚਿਆਂ ਲਈ ਰੋਲ ਮਾਡਲ ਤਾਂ ਉਨ੍ਹਾਂ ਦੇ ਸਭ ਤੋਂ ਨੇੜੇ ਅਤੇ ਸਭ ਤੋਂ ਜ਼ਿਆਦਾ ਭਰੋਸੇਮੰਦ ਮਾਰਗ-ਦਰਸ਼ਕ।
ਬਾਪ ਧੀਆਂ ਦੇ ਸਿਰਾਂ ‘ਤੇ ਅਸੀਸਾਂ ਦੀ ਵਾਛੜ। ਦੁੱਧ ਧੋਤੀ ਚਿੱਟੀ ਪੱਗ ਬਾਪ ਦਾ ਮਾਣ। ਜੇ ਕਿਧਰੇ ਇਸ ਨੂੰ ਕੋਈ ਦਾਗ ਲੱਗ ਜਾਵੇ ਤਾਂ ਬਾਪ ਲਈ ਜਿਉਣ ਦੇ ਅਰਥ ਮਰਨ ਵਿਚ ਬਦਲ ਜਾਂਦੇ ਨੇ।
ਬਾਪ ਵਗਦਾ ਦਰਿਆ ਜੋ ਆਪਣੇ ਬੱਚਿਆਂ ਨੂੰ ਸਿੰਜਦਾ, ਉਨ੍ਹਾਂ ਲਈ ਨਵੀਆਂ ਬਹਾਰਾਂ ਦਾ ਸਬੱਬ, ਫਲਾਂ ਤੇ ਫੁੱਲਾਂ ਦਾ ਸੰਧਾਰਾ ਅਤੇ ਮਹਿਕਾਂ ਦੀ ਲਬਰੇਜ਼ਤਾ। ਕਦੇ ਕਦਾਈਂ ਜੇ ਬਾਪ ਇਕ ਬਰੇਤਾ ਬਣ ਕੇ ਆਪਣੀ ਹੋਂਦ ਨੂੰ ਸਮੇਂ ਦੇ ਵਰਕੇ ਤੋਂ ਮਿਟਾਉਣ ਦੇ ਰਾਹ ਤੁਰ ਪਵੇ ਤਾਂ ਸਮੁੱਚੀ ਮਾਨਵਤਾ ਕਲੰਕਿਤ ਹੋ ਜਾਂਦੀ ਏ।
ਬਾਪ ਨੰਗੇ ਪੈਰੀਂ ਤੁਰੇ ਜਾਂਦੇ ਬੱਚਿਆਂ ਲਈ ਪਰਨੇ ਦੀ ਛਾਂ, ਉਨ੍ਹਾਂ ਦੇ ਪਿਆਸੇ ਹੋਠਾਂ ਲਈ ਕੱਚੇ ਘੜੇ ਦਾ ਠੰਢਾ ਪਾਣੀ ਅਤੇ ਉਨ੍ਹਾਂ ਦੇ ਥਕਾਨ ਭਰੇ ਕੋਮਲ ਪੈਰਾਂ ਲਈ ਕੋਸੀ ਕੋਸੀ ਟਕੋਰ।
ਬਾਪ ਨਾਲ ਸੰਵਾਦ ਰਚਾਓ, ਤੁਹਾਨੂੰ ਉਨ੍ਹਾਂ ਵਲੋਂ ਕੀਤੀਆਂ ਮੁਸ਼ੱਕਤਾਂ, ਤੰਗੀਆਂ-ਤੁਰਸ਼ੀਆਂ ਦਾ ਅਹਿਸਾਸ ਜਰੂਰ ਹੋਵੇਗਾ। ‘ਕੇਰਾਂ ਸਿਆਲ ਦੀ ਕੋਸੀ ਕੋਸੀ ਧੁੱਪ ਵਿਚ ਬਰਾਂਡੇ ਵਿਚ ਮੰਜੇ ‘ਤੇ ਬੈਠਾ ਮੇਰਾ ਪਿਤਾ ਬੀਤੇ ਜਮਾਨੇ ਦੀਆਂ ਘਾਲਣਾਵਾਂ ਬਾਰੇ ਦੱਸ ਰਿਹਾ ਸੀ ਕਿ ਢਿੱਲਵਾਂ ਵਾਲੀ ਮਿੱਲ ‘ਤੇ ਜਦ ਗੱਡਾ ਵਾਹੁੰਦੇ ਸਾਂ ਤਾਂ ਬਿਆਸ ਦਰਿਆ ‘ਚ ਆਉਂਦੀਆਂ ਲੱਕੜਾਂ ਨੂੰ ਦਰਿਆ ‘ਚੋਂ ਕੱਢਣਾ। ਉਨ੍ਹਾਂ ਗਿੱਲੀਆਂ ਅਤੇ ਭਾਰੀਆਂ ਲੱਕੜ ਦੀਆਂ ਗੇਲੀਆਂ ਨੂੰ ਗੱਡਿਆਂ ‘ਤੇ ਲੱਦਣਾ ਜਿਥੇ ਬਹੁਤ ਜੋਰ ਦਾ ਕੰਮ ਹੁੰਦਾ ਸੀ, ਉਥੇ ਇਹ ਜੋਖਮ ਦਾ ਕੰਮ ਵੀ ਹੁੰਦਾ ਸੀ। ਉਨ੍ਹਾਂ ਸਮਿਆਂ ‘ਚ ਪਹਾੜਾਂ ਤੋਂ ਲੱਕੜਾਂ ਦਰਿਆ ਰਾਹੀਂ ਹੀ ਆਉਂਦੀਆਂ ਹੁੰਦੀਆਂ ਸਨ। ਇਨ੍ਹਾਂ ਨੂੰ ਦਰਿਆ ਰਾਹੀਂ ਲਿਆਉਣ ਵਾਲੇ ਲੋਕ ਲੱਕੜਾਂ ‘ਤੇ ਬੈਠ ਕੇ ਤੈਰਦੇ ਆਉਂਦੇ, ਰਸਤੇ ਵਿਚ ਸੌਂ ਵੀ ਜਾਂਦੇ ਸਨ, ਖਾਣਾ ਵੀ ਬਣਾਉਂਦੇ ਸਨ ਕਿਉਂਕਿ ਕਈ ਕਈ ਦਿਨ ਇਨ੍ਹਾਂ ਨੂੰ ਢਿੱਲਵਾਂ ਪਹੁੰਚਣ ਤੱਕ ਲੱਗ ਜਾਂਦੇ ਸਨ। ਕਈ ਵਾਰ ਤਾਂ ਇੰਜ ਹੋਣਾ ਕਿ ਖੁੱਭੇ ਹੋਏ ਗੱਡੇ ਨੂੰ ਕੱਢਣ ਲਈ ਡੰਗਰਾਂ ਦੇ ਨਾਲ ਆਪ ਵੀ ਜੋਰ ਲਾਉਣਾ ਪੈਂਦਾ। ਦਰਅਸਲ ਲੱਕੜਾਂ ਇੰਨੀਆਂ ਭਾਰੀਆਂ ਹੁੰਦੀਆਂ ਕਿ ਅਕਸਰ ਹੀ ਗੱਡੇ ਅੱਗੇ ਬੀਂਡੀ ਪਾਉਣੀ ਪੈਂਦੀ। ਬੜੇ ਔਖੇ ਸਮੇਂ ਹੁੰਦੇ ਸਨ। ਫਸਲ ਨੂੰ ਤਾਂ ਹੜ੍ਹ ਤਬਾਹ ਕਰ ਦਿੰਦੇ ਸਨ ਅਤੇ ਇਸ ਲਈ ਗੱਡਾ ਵਾਹ ਕੇ ਹੀ ਗੁਜਾਰਾ ਕਰਨਾ ਪੈਂਦਾ ਸੀ।
ਮੈਂ ਦੇਖਿਆ ਕਿ ਬੀਤੇ ਦਿਨਾਂ ਨੂੰ ਯਾਦ ਕਰਦਿਆਂ ਜਿਥੇ ਪਿਤਾ ਜੀ ਦੀਆਂ ਅੱਖਾਂ ਵਿਚ ਲਿਸ਼ਕ ਅਤੇ ਮਾਣ ਭਰ ਆਇਆ ਸੀ, ਉਥੇ ਇਸ ਗੱਲ ਦਾ ਸ਼ੁਕਰ ਵੀ ਸੀ ਕਿ ਉਸ ਦੀ ਔਲਾਦ ਨੇਕ ਨਿਕਲੀ ਹੈ, ਤੇ ਉਨ੍ਹਾਂ ਨੇ ਰੱਬ ਦਾ ਸ਼ੁਕਰਾਨਾ ਕਰਨ ਲਈ ਧਰਤੀ ਨਮਸਕਾਰੀ। ਮੈਂ ਸੋਚਦਾ ਹੀ ਰਿਹਾ ਕਿ ਕਿਤੇ ਅਸੀਂ ਆਪਣੇ ਮਾਪਿਆਂ ਵਲੋਂ ਕੀਤੀ ਗਈ ਸਖਤ ਮਿਹਨਤ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਪ੍ਰਤੀ ਅਕ੍ਰਿਤਘਣ ਤਾਂ ਨਹੀਂ ਬਣ ਰਹੇ?
ਬਾਪ ਹੀ ਹੁੰਦਾ ਏ ਜੋ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਏ, ਵਰੋਸਾਈਆਂ ਨਿਆਮਤਾਂ ਪ੍ਰਤੀ ਸ਼ੁਕਰਗੁਜਾਰੀ ਕਰਦਿਆਂ ਨਿਮਰ ਰਹਿਣ ਦਾ ਧਰਮ ਪਾਲਦਾ ਏ। ਉਸ ਦੇ ਸਰੋਕਾਰ ਆਪਣੀ ਔਲਾਦ ਤੋਂ ਬਾਅਦ ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਦੇ ਨਾਲ ਸਮੁੱਚੇ ਸਮਾਜ ਨਾਲ ਜੁੜੇ ਰਹਿੰਦੇ ਨੇ। ਤਾਹੀਂਉਂਂ ਤਾਂ ਆਪਣੀ ਵਧਦੀ ਵੇਲ ਵਲੋਂ ਕੀਤੀਆਂ ਚੰਗੀਆਂ ਕਾਰਗੁਜਾਰੀਆਂ ‘ਤੇ ਉਸ ਨੂੰ ਹਮੇਸ਼ਾ ਫਖਰ ਹੁੰਦਾ ਏ।
ਬਾਪ ਕਿੰਨਾ ਨਿਮਰ ਹੋ ਸਕਦਾ ਏ ਅਤੇ ਰੱਬ ਦੇ ਭਾਣੇ ਨੂੰ ਕਿੰਜ ਮੰਨਦਾ ਏ, ਇਸ ਦਾ ਅਹਿਸਾਸ ਮੈਨੂੰ ਉਸ ਵੇਲੇ ਹੋਇਆ ਜਦ ਦੋ ਵਾਰ ਬਾਪ ਨੂੰ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਨਾ ਮਿਲਿਆ ਤਾਂ ਮੈਂ ਬਹੁਤ ਉਦਾਸ ਸਾਂ। ਮੇਰੇ ਪਿਤਾ ਨੇ ਇਸ ਉਦਾਸੀ ਨੂੰ ਦੂਰ ਕਰਦਿਆਂ ਕਿਹਾ, “ਚੱਲੋ ਚੰਗਾ ਹੋਇਆ। ਇਸ ਬਹਾਨੇ ਤੁਸੀਂ ਸਾਰਾ ਪਰਿਵਾਰ ਤਾਂ ਮੈਨੂੰ ਮਿਲਣ ਆਵੋਗੇ ਹੀ, ਅਤੇ ਨਾਲੇ ਸਾਰੇ ਇਥੇ ਰਹਿੰਦੇ ਪਰਿਵਾਰ ਨੂੰ ਮਿਲ ਜਾਵੋਂਗੇ।” ਕਿੰਨੀ ਫਰਾਖ ਦਿਲੀ ਅਤੇ ਜਿੰਦਾਦਿਲੀ ਹੈ ਬਾਪ ਦੇ ਬੋਲਾਂ ਵਿਚ ਕਿ ਉਸ ਨੂੰ ਕੋਈ ਗਿਲਾ ਜਾਂ ਸ਼ਿਕਵਾ ਨਹੀਂ। ਉਹ ਤਾਂ ਸਾਰੀ ਉਮਰ ਹੀ ਭਾਣਾ ਮੰਨਦਾ ਰਿਹਾ ਏ ਅਤੇ ਇਕ ਭਾਣਾ ਹੋਰ ਸਹੀ।
ਬਾਪ ਦੇ ਹੁੰਦਿਆਂ ਸਮਾਜਕ ਜਿੰਮੇਵਾਰੀਆਂ ਤੋਂ ਸੁਰਖਰੀ, ਸਿਆਣਪਾਂ ਅਤੇ ਸੁਚੱਜੀਆਂ ਮੱਤਾਂ ਦੇ ਖਜਾਨੇ ‘ਤੇ ਮਨਚਾਹੀ ਦਸਤਕ, ਹਰ ਸਮੱਸਿਆ ਦੇ ਹੱਲ ਦਾ ਸੰਤੁਲਤ ਸੁਝਾਅ। ਯਾਦ ਰੱਖੋ! ਅਸੀਂ ਕਿੰਨੇ ਵੀ ਪੜ੍ਹ ਲਿਖ ਜਾਈਏ, ਜੋ ਸਿਆਣਪਾਂ ਸਾਡੇ ਬਜ਼ੁਰਗਾਂ ਦੇ ਹਿੱਸੇ ਆਈਆਂ ਨੇ, ਉਨ੍ਹਾਂ ਵਿਚ ਜ਼ਿੰਦਗੀ ‘ਚ ਆਈਆਂ ਚੁਣੌਤੀਆਂ, ਉਨ੍ਹਾਂ ਦੇ ਹੱਲ ਅਤੇ ਸਫਲਤਾ ਦੇ ਦਰ ‘ਤੇ ਦਿੱਤੀ ਦਸਤਕ ਸ਼ਾਮਲ ਹੁੰਦੀ ਏ। ਇਹ ਉਨ੍ਹਾਂ ਦਾ ਹੱਢੀਂ ਹੰਡਾਇਆ ਗਿਆਨ ਏ, ਜਿਸ ਨਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਚਿਆਰਾ ਬਣਾਇਆ ਏ।
ਬਾਪ ਦੀ ਧੌਲੀ ਦਾੜ੍ਹੀ ‘ਚ ਜੇ ਹੰਝੂ ਜੰਮ ਜਾਣ, ਚਿੱਟੀ ਪੱਗ ਦਾਗੋ-ਦਾਗ ਹੋ ਜਾਵੇ, ਉਸ ਦੀਆਂ ਮੱਤਾਂ ਨੂੰ ਪੈਰਾਂ ਵਿਚ ਰੋਲ ਦਿੱਤਾ ਜਾਵੇ ਜਾਂ ਉਸ ਦੇ ਸੁਪਨਿਆਂ ‘ਤੇ ਗੜੇਮਾਰੀ ਹੋ ਜਾਵੇ ਤਾਂ ਬਾਪ ਦੇ ਨੈਣਾਂ ਦਾ ਖਾਰਾ ਪਾਣੀ ਉਸ ਦੇ ਅੰਦਰ ਹੀ ਜੰਮ ਜਾਂਦਾ ਏ ਅਤੇ ਫਿਰ ਉਹ ਆਪਣੀ ਅਰਥੀ ਨੂੰ ਆਪਣੇ ਮੋਢੇ ‘ਤੇ ਚੁੱਕਣ ਦਾ ਵਾਸਤਾ ਬਣ ਜਾਂਦਾ ਏ।
ਵੱਡੇ ਵੱਡੇ ਰੁਤਬਿਆਂ ਦਾ ਮਾਣ ਬਣੇ ਪੁੱਤਰੋ, ਮਹਾਨ ਹਸਤੀਆਂ ਬਣ ਕੇ ਆਪਣੀ ਪਛਾਣ ਸਿਰਜਣ ਵਾਲੇ ਲਾਡਲਿਓ, ਆਪਣੀ ਹਾਜਰੀ ਨਾਲ ਲੱਖਾਂ ਦਿਲਾਂ ਨੂੰ ਧੜਕਾਉਣ ਅਤੇ ਉਨ੍ਹਾਂ ਲਈ ਨਵੇਂ ਸੁਪਨੇ ਸੁਜਾਉਣ ਵਾਲੇ ਹੀਰਿਓ, ਹਮੇਸ਼ਾ ਆਪਣੇ ਮਾਪਿਆਂ ਦੇ ਸ਼ੁਕਰਗੁਜ਼ਾਰ ਰਹੋ ਅਤੇ ਉਨ੍ਹਾਂ ਦੀ ਚਰਨ-ਬੰਦਗੀ ਕਰ ਕੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰੋ। ਯਾਦ ਰੱਖੋ! ਜਦ ਮਾਂ-ਬਾਪ ਮੜ੍ਹੀਆਂ ਦੀ ਰਾਖ ਬਣ ਜਾਂਦੇ ਨੇ ਤਾਂ ਕੋਈ ਵੀ ਕੰਬਦੇ ਹੱਥਾਂ ਨਾਲ ਸਿਰਾਂ ‘ਤੇ ਅਸ਼ੀਰਵਾਦ ਅਤੇ ਦੁਆਵਾਂ ਦੇਣ ਵਾਲਾ ਨਹੀਂ ਰਹਿੰਦਾ। ਜਿਉਂਦੇ ਜੀਅ ਉਨ੍ਹਾਂ ਦੀਆਂ ਦੁਆਵਾਂ ਤੋਂ ਮਹਿਰੂਮ ਰਹਿ ਕੇ ਬਦਨਸੀਬੀ ਹੰਢਾਉਣੀ ਸਭ ਤੋਂ ਵੱਡੀ ਤ੍ਰਾਸਦੀ ਹੁੰਦੀ ਹੈ।
ਰੱਬ ਕਰੇ! ਕਿਸੇ ਨੂੰ ਅਜਿਹੀ ਤ੍ਰਾਸਦੀ ਨਾ ਹੰਢਾਉਣੀ ਪਵੇ ਅਤੇ ਨਾ ਹੀ ਆਪਣੀ ਅਉਧ ਖਾਰੇ ਅੱਥਰੂਆਂ ਦੇ ਨਾਮ ਲਾਉਣੀ ਪਵੇ।