ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਮੋਦੀ ਦੀ ਜੇਤੂ ਲਹਿਰ ਠੰਢੀ ਪੈਣ ਵੱਲ ਸੰਕੇਤ ਦਿੱਤੇ ਹਨ। ਭਾਵੇਂ ਭਾਜਪਾ 22 ਸਾਲਾ ਸੱਤਾ ਨੂੰ ਕਾਇਮ ਰੱਖਣ ਵਿਚ ਸਫਲ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਦੀਆਂ ਸੀਟਾਂ ਦੀ ਗਿਣਤੀ 100 ਤੋਂ ਥੱਲੇ ਆ ਗਈ। ਪ੍ਰਧਾਨ ਮੰਤਰੀ ਦੇ ਜੱਦੀ ਸੂਬੇ ਵਿਚੋਂ ਭਾਜਪਾ ਨੂੰ ਅਜਿਹੇ ਨਤੀਜੇ ਮਿਲਣੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਵੱਡੇ ਸਿਆਸੀ ਫੇਰਬਦਲ ਵੱਲ ਇਸ਼ਾਰਾ ਕਰਦੇ ਹਨ। ਪਹਿਲੀ ਵਾਰ ਭਾਜਪਾ ਨੂੰ ਸਿਰਫ 99 ਸੀਟਾਂ ‘ਤੇ ਸਬਰ ਕਰਨਾ ਪਿਆ,
ਜਦ ਕਿ ਕਾਂਗਰਸ 80 ਸੀਟਾਂ ਜਿੱਤ ਕੇ ਵੱਡੀ ਟੱਕਰ ਦੇਣ ਵਿਚ ਸਫਲ ਰਹੀ।
ਯਾਦ ਰਹੇ, ਗੁਜਰਾਤ ਚੋਣ ਪ੍ਰਧਾਨ ਮੰਤਰੀ ਮੋਦੀ ਬਾਨਾਮ ਰਾਹੁਲ ਗਾਂਧੀ ਲੜੀ ਗਈ ਸੀ। ਮੋਦੀ ਨੇ ਚੋਣ ਜਿੱਤਣ ਲਈ ਪੂਰਾ ਤਾਣ ਲਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਤੋਂ ਦਿੱਲੀ ਪੁੱਜਣ ਮਗਰੋਂ ਗੁਜਰਾਤ ਵਿਚ ਇਹ ਪਹਿਲੀ ਚੋਣ ਸੀ। ਇਹ ਸਿੱਧੇ ਪ੍ਰਧਾਨ ਮੰਤਰੀ ਮੋਦੀ ਦੀ ਇੱਜ਼ਤ ਦਾ ਸਵਾਲ ਸੀ। ਪਾਰਟੀ ਆਗੂਆਂ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਸੀ, ਪਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਉਭਰੀ ਕਾਂਗਰਸ ਦੇ ਨਾਲ ਨਾਲ ਪਾਟੀਦਾਰ ਤੇ ਦਲਿਤ ਆਗੂਆਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਤੇ ਜਿਗਨੇਸ਼ ਮੇਵਾਨੀ ਤੋਂ ਭਾਜਪਾ ਨੂੰ ਤਕੜੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੂੰ 80 ਸੀਟਾਂ ਮਿਲੀਆਂ ਜਦ ਕਿ 2012 ਦੀਆਂ ਚੋਣਾਂ ਵਿਚ ਉਸ ਕੋਲ 61 ਸੀਟਾਂ ਸਨ।
ਭਾਜਪਾ ਲਈ ਵੱਡੀ ਨਮੋਸ਼ੀ ਇਹ ਰਹੀ ਕਿ ਉਸ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਗ੍ਰਹਿ ਜ਼ਿਲ੍ਹੇ ਵਡਨਗਰ ਵਿਚ ਪੈਂਦੇ ਉਂਝਾ ਹਲਕੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਦੇ 85 ਵਿਚੋਂ 26 ਵਿਧਾਇਕਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਨ੍ਹਾਂ ਚੋਣਾਂ ਵਿਚ ਮੋਦੀ ਦੇ ਗੁਜਰਾਤ ਮਾਡਲ ਦੀ ਫੂਕ ਨਿਕਲ ਗਈ। ਚੋਣਾਂ ਦੇ ਪਹਿਲੇ ਪੜਾਅ ਤੋਂ ਬਾਅਦ ਨਰੇਂਦਰ ਮੋਦੀ ਸਮਝ ਗਏ ਸਨ ਕਿ ਉਨ੍ਹਾਂ ਦਾ ਜਾਦੂ ਹੁਣ ਗੁਜਰਾਤੀ ਲੋਕਾਂ ਦੇ ਸਿਰਾਂ ਤੋਂ ਉਤਰਦਾ ਜਾ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਦੂਜੇ ਪੜਾਅ ਦੇ ਮੱਤਦਾਨ ਤੋਂ ਪਹਿਲਾਂ ਆਪਣੇ ਭਾਸ਼ਣਾਂ ਨੂੰ ਵੱਧ ਫਿਰਕੂ, ਵੱਧ ਟਕਰਾਵਾਦੀ ਬਣਾਇਆ। ਕਾਂਗਰਸੀ ਆਗੂ ਵੱਲੋਂ ਮੋਦੀ ਨੂੰ ‘ਨੀਚ’ ਆਖਣਾ ਵਾਲਾ ਬਿਆਨ ਭਗਵਾ ਧਿਰ ਨੂੰ ਖੂਬ ਰਾਸ ਆਇਆ। ਮੋਦੀ ਨੇ ਚੋਣਾਂ ਦੇ ਦੂਜੇ ਪੜਾਅ ਵਿਚ ਜਿਥੇ ਇਸ ਮੁੱਦੇ ਨੂੰ ਚੁੱਕਿਆ ਸੀ, ਉਥੇ ਭਾਜਪਾ ਨੇ 16 ਵਿਚੋਂ 15 ਸੀਟਾਂ ਜਿੱਤ ਲਈਆਂ। ਹਾਲਾਂਕਿ ਰਾਹੁਲ ਗਾਂਧੀ ਦੇ ਗੈਰ ਹਿੰਦੂ ਹੋਣ ਦਾ ਮੁੱਦਾ ਚੁੱਕਣਾ ਭਾਜਪਾ ਨੂੰ ਉਲਟਾ ਪਿਆ।
________________
ਹਿਮਾਚਲ ‘ਚ ਕਾਂਗਰਸ ਰਾਜ ਦਾ ਅੰਤ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ ਸੱਤਾ ਵਿਚ ਵਾਪਸੀ ਕੀਤੀ ਹੈ। 68 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ। ਵੀਰਭੱਦਰ ਸਿੰਘ ਦੀ ਅਗਵਾਈ ਵਿਚ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਨੇ 21 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ। ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਹਲਕੇ ਤੋਂ ਕਾਂਗਰਸ ਦੇ ਰਾਜਿੰਦਰ ਸਿੰਘ ਰਾਣਾ ਨੇ 3500 ਵੋਟਾਂ ਦੇ ਫਰਕ ਨਾਲ ਧੂੜ ਚਟਾ ਦਿੱਤੀ। ਪਿਛਲੀ ਵਾਰ ਕਾਂਗਰਸ ਕੋਲ 36 ਅਤੇ ਭਾਜਪਾ ਕੋਲ 26 ਸੀਟਾਂ ਸਨ।