ਕੈਪਟਨ ਨੇ ਸਥਾਨਕ ਚੋਣਾਂ ਵਿਚ ਦਿਖਾਈ ਕਪਤਾਨੀ

ਵਿਰੋਧੀ ਧਿਰ ਨੂੰ ਨੇੜੇ-ਤੇੜੇ ਵੀ ਨਾ ਫਟਕਣ ਦਿੱਤਾ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਕਾਂਗਰਸ ਨੇ ਪੰਜਾਬ ਵਿਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿਚ ਆਪਣੇ ਸਿਆਸੀ ਵਿਰੋਧੀਆਂ ਦਾ ਸਫਾਇਆ ਕਰ ਦਿੱਤਾ ਅਤੇ ਤਿੰਨ ਨਗਰ ਨਿਗਮਾਂ- ਪਟਿਆਲਾ, ਅੰਮ੍ਰਿਤਸਰ ਤੇ ਜਲੰਧਰ ਅਤੇ 32 ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਹਾਸਲ ਕਰ ਲਈ ਹੈ। ਤਕਰੀਬਨ ਨੌਂ ਮਹੀਨਿਆਂ ਦੀ ਸੱਤਾ ਵਿਚ ਕੈਪਟਨ ਸਰਕਾਰ ਦਾ ਇਹ ਦੂਜਾ ਇਮਤਿਹਾਨ ਸੀ। ਇਸ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਉਪ ਚੋਣ ਵਿਚ ਕਾਂਗਰਸ ਨੇ ਭਾਜਪਾ ਦੇ ਗੜ੍ਹ ਵਿਚ ਜਿੱਤ ਹਾਸਲ ਕੀਤੀ ਸੀ।ਸ਼ਹਿਰੀ ਚੋਣਾਂ ਦੇ ਨਤੀਜਿਆਂ ਨੇ ਸਭ ਤੋਂ ਵੱਧ ਨਮੋਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੱਲੇ ਪਾਈ ਹੈ। ਕਾਂਗਰਸ ਵੱਲੋਂ ਚੋਣ ਵਾਅਦਿਆਂ ਤੋਂ ਭੱਜਣ ਕਰ ਕੇ ਲੋਕਾਂ ਵਿਚ ਉਪਜੀ ਨਿਰਾਸ਼ਾ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਦੇ ਪੈਰ ਨਹੀਂ ਲੱਗ ਰਹੇ।

ਅਕਾਲੀ ਦਲ ਨੇ ਭਾਵੇਂ ਕਾਂਗਰਸ ਦੀਆਂ ਧੱਕੇਸ਼ਾਹੀਆਂ ਨੂੰ ਪ੍ਰਚਾਰ ਕੇ ਲੋਕਾਂ ਦੀ ਹਮਦਰਦੀ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਪੱਲੇ ਨਿਰਾਸ਼ਾ ਹੀ ਪਈ। ਭਾਜਪਾ ਨੇ 51 ਸੀਟਾਂ ਉਤੇ ਚੋਣ ਲੜੀ ਸੀ, ਪਰ ਉਸ ਨੂੰ 8 ਸੀਟਾਂ ‘ਤੇ ਹੀ ਜਿੱਤ ਮਿਲੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ 29 ਸੀਟਾਂ ਉਤੇ ਚੋਣ ਲੜੀ ਤੇ ਸਿਰਫ ਚਾਰ ਸੀਟਾਂ ਉਤੇ ਹੀ ਸਬਰ ਕਰਨਾ ਪਿਆ। ਦੋਵੇਂ ਪਾਰਟੀਆਂ ਇਕੱਲੇ ਇਕੱਲੇ ਤੌਰ ਉਤੇ ਦੋ ਹਿੰਦਸਿਆਂ ਵਿਚ ਵੀ ਨਹੀਂ ਪਹੁੰਚ ਸਕੀਆਂ। ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਤਾਂ ਖਾਤਾ ਵੀ ਨਾ ਖੋਲ੍ਹ ਸਕੀ। ‘ਆਪ’ ਨੇ ਸਿਰਫ 43 ਵਾਰਡਾਂ ਉਤੇ ਉਮੀਦਵਾਰ ਖੜ੍ਹੇ ਕੀਤੇ, ਪਰ ਇਕ ਵੀ ਸੀਟ ਪੱਲੇ ਨਹੀਂ ਪਈ।
ਪਟਿਆਲਾ ਨਿਗਮ ਦੀ ਚੋਣ ਵਿਚ ਤਾਂ ਹਾਕਮ ਧਿਰ 60 ਵਿਚੋਂ 59 ਵਾਰਡਾਂ ਉਤੇ ਜੇਤੂ ਰਹੀ ਅਤੇ ਇਸ ਨੇ ਜਲੰਧਰ ‘ਚ 65 ਅਤੇ ਅੰਮ੍ਰਿਤਸਰ ਵਿਚ 64 ਸੀਟਾਂ ਉਤੇ ਕਬਜ਼ਾ ਕਰ ਲਿਆ। ਨਗਰ ਪੰਚਾਇਤਾਂ ਦੇ ਕੁੱਲ 414 ਵਾਰਡਾਂ ‘ਚੋਂ ਕਾਂਗਰਸ 267 ਵਾਰਡਾਂ ‘ਤੇ ਜੇਤੂ ਰਹੀ ਜਦੋਂਕਿ ਅਕਾਲੀ ਦਲ 37, ਭਾਜਪਾ 15 ਅਤੇ ਆਮ ਆਦਮੀ ਪਾਰਟੀ ਸਿਰਫ ਇਕ ਵਾਰਡ ‘ਚ ਹੀ ਜਿੱਤ ਹਾਸਲ ਕਰ ਸਕੀ। ਆਜ਼ਾਦ ਉਮੀਦਵਾਰ 94 ਵਾਰਡਾਂ ‘ਚੋਂ ਜੇਤੂ ਰਹੇ। ਤਿੰਨ ਨਿਗਮਾਂ ਦੀ ਚੋਣ ਵਿਚ ਕੁੱਲ 225 ਵਾਰਡਾਂ ਵਿਚੋਂ ਕਾਂਗਰਸ ਨੇ 189 ਉਤੇ ਜਿੱਤ ਹਾਸਲ ਕੀਤੀ, ਅਕਾਲੀ ਦਲ 11 ਵਾਰਡਾਂ ਅਤੇ ਭਾਜਪਾ 14 ਵਾਰਡਾਂ ‘ਚ ਜੇਤੂ ਰਹੀ ਜਦੋਂਕਿ ਆਮ ਆਦਮੀ ਪਾਰਟੀ ਨਗਰ ਨਿਗਮ ਵਿਚ ਕੋਈ ਵੀ ਵਾਰਡ ਹਾਸਲ ਨਹੀਂ ਕਰ ਸਕੀ, ਹਾਲਾਂਕਿ ਇਸ ਚੋਣ ਵਿਚ ਵੀ 10 ਆਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ।
ਅੰਮ੍ਰਿਤਸਰ ਦੇ 85 ਵਾਰਡਾਂ ਵਿਚੋਂ ਕਾਂਗਰਸ ਨੂੰ 64, ਅਕਾਲੀ ਦਲ ਨੂੰ 7, ਭਾਜਪਾ ਨੂੰ 6 ਅਤੇ 8 ਆਜ਼ਾਦ ਉਮੀਦਵਾਰ ਵਾਰਡਾਂ ਵਿਚ ਜੇਤੂ ਰਹੇ। ਜਦੋਂਕਿ ਜਲੰਧਰ ਨਗਰ ਨਿਗਮ ਦੇ 80 ਵਾਰਡਾਂ ਵਿਚੋਂ ਕਾਂਗਰਸ ‘ਤੇ 65 ਉਤੇ ਕਾਬਜ਼ ਰਹੀ, ਅਕਾਲੀ ਦਲ 5, ਭਾਜਪਾ 8 ਅਤੇ 2 ਵਾਰਡਾਂ ਉਤੇ ਆਜ਼ਾਦ ਉਮੀਦਵਾਰ ਕਾਮਯਾਬ ਹੋਏ। ਜਿੱਤ ਪੱਖੋਂ ਦੂਜਾ ਨੰਬਰ ਆਜ਼ਾਦ ਉਮੀਦਵਾਰਾਂ ਦਾ ਰਿਹਾ। ਭਾਵੇਂ ਸ਼ਹਿਰੀ ਚੋਣਾਂ ਹਮੇਸ਼ਾ ਹਾਕਮ ਧਿਰ ਦੀ ਝੋਲੀ ਵਿਚ ਪੈਂਦੀਆਂ ਹਨ, ਪਰ ਇਸ ਵਾਰ ਨਵੀਂ ਧਿਰ ਆਮ ਆਦਮੀ ਦੇ ਮੈਦਾਨ ਵਿਚ ਕੁੱਦਣ ਕਰ ਕੇ ਕੁਝ ਵੱਖਰਾ ਹੋਣ ਦੀ ਉਮੀਦ ਸੀ।
‘ਆਪ’ ਨੂੰ ਚੋਣਾਂ ਸਮੇਂ ਉਮੀਦਵਾਰ ਲੱਭਣੇ ਔਖੇ ਹੋ ਗਏ। ਇਸ ਕਰ ਕੇ ਸਿਰਫ 43 ਵਾਰਡਾਂ ‘ਤੇ ਹੀ ਮੋਰਚਾ ਸੰਭਾਲਣ ਲਈ ਮਜਬੂਰ ਹੋਣਾ ਪਿਆ ਪਰ ਇਸ ਦੇ ਸਾਰੇ ਉਮੀਦਵਾਰ ਹਾਰ ਗਏ। ਆਪ ਦੇ ਗੜ੍ਹ ਮੰਨੇ ਜਾਂਦੇ ਸੰਗਰੂਰ ਜਿਲ੍ਹੇ ਵਿਚ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ। ਸੰਗਰੂਰ ਵਿਚ ਮੂਨਕ ਦੇ ਸਾਰੇ 13 ਵਾਰਡਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ‘ਆਪ’ ਦਾ ਦਾਅਵਾ ਹੈ ਕਿ ਇਹ ਸਾਰੇ ਉਸ ਦੇ ਸਮਰਥਕ ਸਨ। ਪੰਜਾਬ ਦੀ ਸੱਤਾ ‘ਤੇ ਇਕ ਦਹਾਕਾ ਕਾਬਜ਼ ਰਹੇ ਅਕਾਲੀ ਦਲ ਬਾਦਲ ਲਈ ਇਹ ਸਭ ਤੋਂ ਵੱਡਾ ਝਟਕਾ ਹੈ। ਪਾਰਟੀ ਨੇ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਨਿਗਮ ਦੀਆਂ ਚੋਣਾਂ ਦੀ ਰਣਨੀਤੀ ਘੜਨ ਲਈ ਸਾਬਕਾ ਮੰਤਰੀਆਂ ਤੇ ਹੋਰ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਾਈਆਂ ਸਨ। ਇਸ ਦੇ ਬਾਵਜੂਦ ਤਿੰਨਾਂ ਵੱਡੇ ਸ਼ਹਿਰਾਂ ਵਿਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਤੇ ਛੋਟੇ ਸ਼ਹਿਰਾਂ ਵਿਚ ਵੀ ਲੋਕਾਂ ਨੇ ਖਾਸ ਹੁੰਗਾਰਾ ਨਹੀਂ ਦਿੱਤਾ। ਹਾਲਾਂਕਿ ਅਕਾਲੀ ਦਲ ਨੇ ਸੱਤਾਕਾਲ ਦੇ ਪਿਛਲੇ 5 ਸਾਲਾਂ ਦੇ ਵਕਫੇ ਦੌਰਾਨ ਪੰਥਕ ਏਜੰਡਾ ਛੱਡ ਕੇ ਸ਼ਹਿਰੀ ਵੋਟਰਾਂ ‘ਤੇ ਧਿਆਨ ਕੇਂਦਰਤ ਕੀਤਾ ਹੋਇਆ ਸੀ।
9 ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਸ਼ਹਿਰੀ ਖੇਤਰਾਂ ਵਿਚੋਂ ਵੱਡੀ ਮਾਰ ਪਈ ਸੀ ਤੇ ਹੁਣ ਮਿਉਂਸਪਲ ਚੋਣਾਂ ਦੌਰਾਨ ਵੀ ਪਹਿਲਾਂ ਵਾਲੀ ਸਥਿਤੀ ਬਰਕਰਾਰ ਰਹੀ। ਸੀਨੀਅਰ ਲੀਡਰਸ਼ਿਪ ਦਾ ਮੰਨਣਾ ਹੈ ਕਿ ਪਾਰਟੀ ਦਾ ਸਮੁੱਚਾ ਦਾਰੋਮਦਾਰ ਅੱਜ ਵੀ ਬਾਦਲਾਂ ਦੁਆਲੇ ਹੀ ਹੈ। ਦੂਜੀ ਕਤਾਰ ਦੇ ਸੀਨੀਅਰ ਆਗੂਆਂ ਨੂੰ ਕਿਸੇ ਸੰਕਟ ਦੀ ਘੜੀ ਦੌਰਾਨ ਹੀ ਮੈਦਾਨ ਵਿਚ ਲਿਆਂਦਾ ਜਾਂਦਾ ਹੈ। ਭਾਈਵਾਲ ਪਾਰਟੀ ਭਾਜਪਾ ਦੀ ਸਥਿਤੀ ਅਕਾਲੀ ਦਲ ਨਾਲੋਂ ਵੀ ਮਾੜੀ ਹੈ। ਦੇਸ਼ ਦੇ ਹੋਰ ਸੂਬਿਆਂ ਵਿਚ ਬਿਹਤਰ ਕਾਰਗੁਜ਼ਾਰੀ ਦੇ ਬਾਵਜੂਦ ਭਾਜਪਾ ਦਾ ਪੰਜਾਬ ਵਿਚ ਆਧਾਰ ਲਗਾਤਾਰ ਖੁੱਸ ਰਿਹਾ ਹੈ। ਇਸ ਪਾਰਟੀ ਨੂੰ ਆਮ ਤੌਰ ‘ਤੇ ਸ਼ਹਿਰੀਆਂ ਦੀ ਪਾਰਟੀ ਮੰਨਿਆ ਜਾਂਦਾ ਹੈ, ਪਰ ਸ਼ਹਿਰੀ ਖੇਤਰ ਦੀਆਂ ਚੋਣਾਂ ਨੇ ਵੀ ਭਾਜਪਾ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ।
______________
‘ਆਪ’ ਦੀ ਕਮਾਨ ਮੁੜ ਦਿੱਲੀ ਵਾਲਿਆਂ ਹੱਥ
ਚੰਡੀਗੜ੍ਹ: ਸ਼ਹਿਰੀ ਚੋਣਾਂ ਵਿਚ ਪਹਿਲੀ ਵਾਰ ਕੁੱਦੀ ਆਮ ਆਦਮੀ ਪਾਰਟੀ (ਆਪ) ਦੀ ਹਾਰ ਨੇ ਇਸ ਸਿਆਸੀ ਧਿਰ ਦੇ ਭਵਿਖ ਬਾਰੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਚੋਣਾਂ ‘ਆਪ’ ਦੀ ਪੰਜਾਬ ਲੀਡਰਸ਼ਿਪ ਦੀ ਅਗਵਾਈ ਹੇਠ ਲੜੀਆਂ ਗਈਆਂ, ਜੋ ਨਾਕਾਮ ਰਹੀ। ਇਸ ਪਿੱਛੋਂ ਪੰਜਾਬ ਦੀ ਕਮਾਨ ਕੇਂਦਰੀ ਹਾਈਕਮਾਂਡ ਨੇ ਮੁੜ ਆਪਣੇ ਹੱਥ ਲੈ ਲਈ ਹੈ। ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ‘ਆਪ’ ਦੀ ਪੰਜਾਬ ਇਕਾਈ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਲੀਡਰਸ਼ਿਪ ਉਤੇ ਸਵਾਲ ਉਠੇ ਹਨ।
2014 ਦੀਆਂ ਲੋਕ ਸਭ ਚੋਣਾਂ ਵਿਚ ਪੂਰੇ ਭਾਰਤ ਵਿਚੋਂ ‘ਆਪ’ ਨੂੰ ਸਿਰਫ ਪੰਜਾਬ ਵਿਚੋਂ ਹੀ ਹੁੰਗਾਰਾ ਮਿਲਿਆ ਸੀ। ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ 20 ਸੀਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ ਸੀ। ਇਸ ਪਿੱਛੋਂ ਗੁਰਦਾਸਪੁਰ ਉਪ ਚੋਣ ਅਤੇ ਹੁਣ ਸ਼ਹਿਰੀ ਚੋਣਾਂ ਵਿਚ ਹਾਰ ਹੋਈ ਹੈ। ਵਿਧਾਨ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਲਈ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਕੌਮੀ ਲੀਡਰਸ਼ਿਪ ਦੇ ਦਖਲ ਨੂੰ ਜ਼ਿੰਮੇਵਾਰ ਦੱਸਿਆ ਸੀ।