ਕਾਂਗਰਸੀਆਂ ਨੇ ਅਕਾਲੀਆਂ ਦੀ ਬੁਰਛਾਗਰਦੀ ਨੂੰ ਵੀ ਪਾਈ ਮਾਤ

ਚੰਡੀਗੜ੍ਹ: ਨਗਰ ਨਿਗਮ ਤੇ ਕੌਂਸਲ ਚੋਣਾਂ ਵਿਚ ਧੱਕੇਸ਼ਾਹੀ ਤੇ ਕੁੱਟਮਾਰ ਦੀਆਂ ਘਟਨਾਵਾਂ ਨੇ ਅਕਾਲੀ-ਭਾਜਪਾ ਦੀ ਸੱਤਾ ਵਾਲੇ ਦਿਨ ਚੇਤੇ ਕਰਵਾ ਦਿੱਤੇ। ਉਸ ਵੇਲੇ ਵਿਰੋਧੀ ਧਿਰ ਕਾਂਗਰਸ ਨੇ ਤਾਂ ਚੋਣਾਂ ਤੋਂ ਲਾਂਭੇ ਹੋਣ ਦਾ ਐਲਾਨ ਤੱਕ ਕਰ ਦਿੱਤਾ ਸੀ। ਹੁਣ ਸੱਤਾ ਵਿਚ ਆਉਂਦਿਆਂ ਹੀ ਕਾਂਗਰਸ ਨੇ ਇਤਿਹਾਸ ਦੁਹਰਾਇਆ। ਧੱਕੇਸ਼ਾਹੀ ਇਸ ਪੱਧਰ ਦੀ ਸੀ ਕਿ ਪੁਲਿਸ ਨੇ ਮੀਡੀਆ ਨੂੰ ਵੀ ਨਹੀਂ ਬਖਸ਼ਿਆ। ਮੁੱਖ ਮੰਤਰੀ ਦੇ ਸ਼ਹਿਰ ਵਿਚ ਸੱਤਾਧਾਰੀ ਧਿਰ ਕਾਂਗਰਸ ਨੇ ਬਾਹਰੋਂ ਬੁਲਾਏ ਵਰਕਰਾਂ ਦੀ ਮਦਦ ਨਾਲ ਅਕਾਲੀ-ਭਾਜਪਾ ਗੱਠਜੋੜ, ‘ਆਪ’ ਅਤੇ ਹੋਰ ਆਜ਼ਾਦ ਉਮੀਦਵਾਰਾਂ ਸਮੇਤ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਖਦੇੜ ਕੇ ਬਹੁਤੇ ਥਾਈਂ ਮਨਮਰਜ਼ੀ ਨਾਲ ਵੋਟਾਂ ਪਾਈਆਂ। ਕੁਝ ਥਾਈਂ ਝੜਪਾਂ ਵੀ ਹੋਈਆਂ।

ਅਕਾਲੀ ਦਲ ਦੇ ਮੌਜੂਦਾ ਮੇਅਰ ਅਮਰਿੰਦਰ ਸਿੰਘ ਬਜਾਜ ਤੇ ਅਕਾਲੀ ਦਲ ਦੇ ਹੀ ਜੋਗਿੰਦਰ ਸਿੰਘ ਛਾਂਗਾ ਦੀਆਂ ਪੱਗਾਂ ਵੀ ਲੱਥੀਆਂ। ਵਾਰਡ 14 ਵਿਚ ਕਾਂਗਰਸੀ ਵਰਕਰਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਇਕ ਮਹਿਲਾ ਪੱਤਰਕਾਰ ਸਮੇਤ ਕੁਝ ਹੋਰ ਪੱਤਰਕਾਰਾਂ ਨਾਲ ਧੱਕਾ ਮੁੱਕੀ ਕਰਦਿਆਂ ਉਨ੍ਹਾਂ ਦੇ ਕੈਮਰੇ ਖੋਹ ਲਏ।
ਵਾਰਡ 58 ਦੇ ਅਕਾਲੀ ਉਮੀਦਵਾਰ ਗੁਰਮੁਖ ਢਿੱਲੋਂ ਨੂੰ ਬੂਥ ਵਿਚ ਹੀ ਨਹੀਂ ਵੜਨ ਦਿੱਤਾ। ਵਾਰਡ 14 ਦੇ ਅਕਾਲੀ ਉਮੀਦਵਾਰ ਬਿੱਟੂ ਚੱਠਾ ਨੇ ਦੋਸ਼ ਲਾਏ ਕਿ ਪੁਲਿਸ ਦੀ ਮਦਦ ਨਾਲ ਕਾਂਗਰਸੀਆਂ ਨੇ ਇਕ ਵਾਰ ਤਾਂ ਨੌਂ ਵਜੇ ਹੀ ਕਬਜ਼ਾ ਕਰ ਲਿਆ ਸੀ ਪਰ ਉਹ 12 ਵਜੇ ਤੱਕ ਜੂਝਦੇ ਰਹੇ। ਇਸ ਵਾਰਡ ਵਿਚ ਬਿੱਟੂ ਚੱਠਾ ਤੇ ਕਾਂਗਰਸ ਦੇ ਰਚਿਨ ਡਕਾਲਾ ਦੇ ਹਮਾਇਤੀਆਂ ਵਿਚ ਕਈ ਝੜਪਾਂ ਹੋਈਆਂ।
ਉਧਰ ਸ਼ਾਹੀ ਪਰਿਵਾਰ ਦੀਆਂ ਵੋਟਾਂ ਵਾਲੇ ਵਾਰਡ ਨੰਬਰ 34 ਤੋਂ ਅਕਾਲੀ ਦਲ ਦੇ ਸਥਾਨਕ ਪ੍ਰਧਾਨ ਹਰਪਾਲ ਜੁਨੇਜਾ ਨੇ ਚਚੇਰੇ ਭਰਾ ਲੱਕੀ ਜੁਨੇਜਾ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਵੀ ਦਸ ਕੁ ਵਜੇ ਹੀ ਬਾਈਕਾਟ ਕਰ ਕੇ ਆ ਗਏ। ਜੁਨੇਜਾ ਦਾ ਕਹਿਣਾ ਸੀ ਕਿ ਕਾਂਗਰਸ ਦੇ ਬਾਹਰੋਂ ਲਿਆਂਦੇ ਬੰਦਿਆਂ ਨੇ ਪੁਲੀਸ ਦੀ ਮਦਦ ਨਾਲ ਪੋਲਿੰਗ ਬੂਥਾਂ ‘ਤੇ ਕਬਜ਼ੇ ਕਰ ਲਏ ਤੇ ਉਮੀਦਵਾਰ ਸਮੇਤ ਪੋਲਿੰਗ ਏਜੰਟਾਂ ਨੂੰ ਵੀ ਬਾਹਰ ਕੱਢ ਦਿੱਤਾ।
ਅੰਮ੍ਰਿਤਸਰ ਦੇ ਵਾਰਡ ਨੰਬਰ 46 ਤੋਂ ਆਜ਼ਾਦ ਚੋਣ ਲੜੇ ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਅਤੇ ਕਾਂਗਰਸੀ ਉਮੀਦਵਾਰ ਹਰਜਿੰਦਰ ਸਿੰਘ ਸ਼ੈਲੀ ਵਿਚਕਾਰ ਤਕਰਾਰ ਹੋਇਆ। ਵਾਰਡ ਨੰਬਰ 5 ਦੇ ਮੇਅ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਗੁਮਟਾਲਾ ਵਿਚ ਬਣੇ ਬੂਥ ਨੰਬਰ ਇਕ ਵਿੱਚ ਬਾਹਰਲੇ ਵਿਅਕਤੀ ਨੂੰ ਏਜੰਟ ਬਣਾਏ ਜਾਣ ਕਾਰਨ ਦੋ ਪਾਰਟੀਆਂ ਦੇ ਆਗੂਆਂ ਵਿਚਾਲੇ ਬਹਿਸ ਹੋ ਜਾਣ ਕਾਰਨ ਤਣਾਅ ਪੈਦਾ ਹੋ ਗਿਆ, ਜਿਸ ਕਾਰਨ ਪੋਲਿੰਗ ਕੁਝ ਸਮਾਂ ਰੁਕੀ ਰਹੀ। ਬੇਸ਼ੱਕ ਕਾਂਗਰਸ ਦੀ ਇਹ ਸਰਾਸਰ ਧੱਕੇਸ਼ਾਹੀ ਸੀ, ਪਰ ਸੋਸ਼ਲ ਮੀਡੀਆ ਉਪਰ ਲੋਕ ਅਕਾਲੀ ਦਲ ਨੂੰ ਹੀ ਕੋਸ ਰਹੇ ਹਨ। ਸੋਸ਼ਲ ਮੀਡੀਆ ਉਪਰ ਚਰਚਾ ਹੈ ਕਿ ਅਕਾਲੀ ਦਲ ਨੂੰ ਪਿਛਲੇ 10 ਸਾਲ ਕੀਤੇ ਧੱਕਿਆਂ ਦਾ ਹੀ ਜਵਾਬ ਮਿਲ ਰਿਹਾ ਹੈ। ਲੋਕ ਸੋਸ਼ਲ ਮੀਡੀਆ ਉਪਰ ਅਕਾਲੀ ਦਲ ਦੇ ਧਰਨਿਆਂ ਦਾ ਵੀ ਮਜ਼ਾਕ ਉਡਾ ਰਹੇ ਹਨ। ਅਕਾਲੀ ਦਲ ਉਤੇ ਸਵਾਲਾਂ ਦੀ ਝੜੀ ਲੱਗ ਰਹੀ ਹੈ ਕਿ ਪਿਛਲੇ 10 ਸਾਲਾਂ ਤੋਂ ਹੱਕ ਮੰਗ ਰਹੇ ਲੋਕਾਂ ਉਤੇ ਤਸ਼ੱਦਦ ਕਰਨ ਵੇਲੇ ਜਮਹੂਰੀਅਤ ਦਾ ਖਿਆਲ ਕਿਉਂ ਨਹੀਂ ਆਇਆ।
ਇਸ ਵੇਲੇ ਮੁੱਖ ਵਿਰੋਧੀ ਧਿਰ ਦਾ ਰੁਤਬਾ ਗਵਾ ਚੁੱਕੇ ਅਕਾਲੀ-ਭਾਜਪਾ ਗੱਠਜੋੜ ਦਾ ਕਹਿਣਾ ਹੈ ਕਿ ਨਗਰ ਨਿਗਮ ਤੇ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਕਾਂਗਰਸ ਦੇ ਹੀ ਹਿੱਤ ‘ਚ ਭੁਗਤਿਆ ਹੈ। ਪਹਿਲਾਂ ਕਾਗਜ਼ ਨਹੀਂ ਭਰਨ ਦਿੱਤੇ ਤੇ ਕਈਆਂ ਦੇ ਰੱਦ ਕਰਵਾ ਦਿੱਤੇ। ਫਿਰ ਬੂਥਾਂ ‘ਤੇ ਕਬਜ਼ਾ ਕੀਤਾ। ਦਿਲਚਸਪ ਗੱਲ ਹੈ ਕਿ ਬੇਸ਼ੱਕ ਅਕਾਲੀ ਦਲ ਇਸ ਵੇਲੇ ਕਾਂਗਰਸ ਉਤੇ ਇਲਜ਼ਾਮ ਲਾ ਰਿਹਾ ਹੈ ਪਰ ਪਿਛਲੇ 10 ਸਾਲ ਉਹ ਵੀ ਇਹੀ ਸਭ ਕਰਦਾ ਰਿਹਾ ਹੈ। ਉਸ ਵੇਲੇ ਕਾਂਗਰਸ ਪੀੜਤ ਸੀ ਤੇ ਹੁਣ ਅਕਾਲੀ ਦਲ।
____________________________________
ਵਧੀਕੀਆਂ ਖਿਲਾਫ ਅਕਾਲੀਆਂ ਦਾ ਮੋਰਚਾ
ਚੰਡੀਗੜ੍ਹ: ਚੋਣ ਨਤੀਜਿਆਂ ਤੋਂ ਤੁਰਤ ਪਿੱਛੋਂ ਵਧੀਕੀਆਂ ਦੀ ਸ਼ਿਕਾਇਤ ਲੈ ਕੇ ਅਕਾਲੀ ਦਲ ਤੇ ਭਾਜਪਾ ਦਾ ਵਫਦ ਪੰਜਾਬ ਚੋਣ ਕਮਿਸ਼ਨ ਦੇ ਦਫਤਰ ਪੁੱਜ ਗਿਆ। ਅਕਾਲੀ-ਭਾਜਪਾ ਆਗੂਆਂ ਨੇ ਚੋਣ ਕਮਿਸ਼ਨ ਕੋਲ ਪਟਿਆਲਾ ਨਗਰ ਨਿਗਮ ਦੀ ਚੋਣ ਰੱਦ ਕਰ ਕੇ ਮੁੜ ਤੋਂ ਕਰਵਾਉਣ ਦੀ ਮੰਗ ਕਰ ਦਿੱਤੀ। ਵਫਦ ਨੇ ਦੋਸ਼ ਲਾਇਆ ਕਿ ਪਟਿਆਲਾ ਦੇ ਕਈ ਬੂਥਾਂ ਨੂੰ ਕਾਂਗਰਸੀਆਂ ਨੇ ਕਬਜ਼ੇ ਵਿਚ ਲੈ ਲਿਆ ਸੀ। ਉਨ੍ਹਾਂ ਦੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ। ਇਸ ਲਈ ਇਥੇ ਚੋਣ ਦੁਬਾਰਾ ਹੋਣੀ ਚਾਹੀਦੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾæ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਵਫਦ ਦੇ ਮੈਂਬਰਾਂ ਨੇ ਪੰਜਾਬ ਚੋਣ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਵੀ ਦਿੱਤਾ।
_____________________________________
ਸਾਬਕਾ ਆਗੂਆਂ ਨੂੰ ‘ਆਪ’ ਦੀ ਹਾਲਤ ‘ਤੇ ਆਇਆ ਤਰਸ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚੋਂ ਛਾਂਗੇ ਸੂਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਤੇ ਪਾਰਟੀ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਕਿਹਾ ਕਿ ਨਿਗਮ ਚੋਣਾਂ ਦੇ ਨਤੀਜੇ ਸੁਣ ਕੇ ਉਨ੍ਹਾਂ ਦਾ ਮਨ ਰੋਇਆ ਹੈ। ਤਿੰਨਾਂ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਤੇ ਕਾਂਗਰਸ ਤੋਂ ਛੁਟਕਾਰਾ ਪਾਉਣ ਲਈ ‘ਆਪ’ ਵੱਲੋਂ ਉਲੀਕੇ ਕ੍ਰਾਂਤੀਕਾਰੀ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਦੇ ਸਿਆਸੀ ਪਿੜ ਵਿਚ ਨਿੱਤਰੇ ਸਨ, ਪਰ ਦਿੱਲੀ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਤੋਂ ਭਟਕ ਕੇ ਜਿਥੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ, ਉਥੇ ਪੰਜਾਬੀਆਂ ਵੱਲੋਂ ਆਪਣੇ ਮਨ ਵਿਚ ਉਸਾਰੀ ਇਨਕਲਾਬੀ ਸੋਚ ਦਾ ਵੀ ਘਾਣ ਕਰ ਦਿੱਤਾ ਹੈ। ਲੀਡਰਸ਼ਿਪ ਦੇ ਹੰਕਾਰ, ਨਲਾਇਕੀ ਤੇ ਵਾਲੰਟੀਅਰਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਬਿਰਤੀ ਨੇ ਪਾਰਟੀ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਂਦਾ ਹੈ।