ਹੋਂਦ ਬਚਾਉਣ ਲਈ ਅਕਾਲੀ ਦਲ ਮੁੜ ਪੰਥਕ ਏਜੰਡੇ ਵੱਲ ਤੁਰਿਆ

ਅੰਮ੍ਰਿਤਸਰ: ਦੋ ਦਹਾਕਿਆਂ ਤੋਂ ਪੰਥਕ ਏਜੰਡੇ ਤੋਂ ਮੂੰਹ ਮੋੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਪੰਥਕ ਏਜੰਡਾ ਅਪਨਾਉਣ ਲਈ 97ਵਾਂ ਸਥਾਪਨਾ ਦਿਵਸ ਮਨਾਉਣ ਦਾ ਸਮਾਗਮ ਦੀਵਾਨ ਹਾਲ, ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਚ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਲੰਮੇ ਅਰਸੇ ਮਗਰੋਂ ਸਿੱਖਾਂ ਦੀ ਸਿਆਸੀ ਰਾਜਧਾਨੀ ਰਹੀ ਅੰਮ੍ਰਿਤਸਰ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾਉਣਾ ਸ਼ੁਰੂ ਕੀਤਾ ਹੈ। ਅਕਾਲੀ ਆਗੂਆਂ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਇਕ ਦਫਤਰ ਅੰਮ੍ਰਿਤਸਰ ਵਿਚ ਵੀ ਸਥਾਪਤ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਪਾਰਟੀ ਦਾ ਦਫਤਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਹੁੰਦਾ ਸੀ, ਜਿਸ ਨੂੰ ਦੋ ਦਹਾਕੇ ਪਹਿਲਾਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਅੰਮ੍ਰਿਤਸਰ ਵੱਲ ਧਿਆਨ ਕੀਤਾ ਹੈ। ਜਿਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਉਹ ਮੁੜ ਪੰਥਕ ਏਜੰਡੇ ਵੱਲ ਪਰਤ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਦੇਸ਼ ਵੰਡ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਜਬਰ ਅਤੇ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬੀਆਂ ਨਾਲ ਹੋਏ ਵਿਤਕਰਿਆਂ ਦੀ ਗੱਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਚੰਡੀਗੜ੍ਹ ਮੁੱਖ ਦਫਤਰ ਵਿਚ ਇਕ ਅਜਾਇਬ ਘਰ ਸਥਾਪਤ ਕੀਤਾ ਜਾਵੇਗਾ, ਜਿਥੇ ਪਾਰਟੀ ਵਰਕਰਾਂ ਦੀਆਂ ਫੋਟੋਆਂ ਸਥਾਪਤ ਹੋਣਗੀਆਂ। ਦੱਸ ਦਈਏ ਕਿ 2020 ਵਿਚ 100 ਸਾਲਾਂ ਦੀ ਹੋਣ ਜਾ ਰਹੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਅੱਜ ਲੀਡਰਸ਼ਿਪ ਦੀ ਭਰੋਸੇਯੋਗਤਾ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ।
‘ਪੰਜਾਬੀ ਸੂਬਾ’ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸ ਦੀ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਫਰਵਰੀ 2017 ਦੀਆਂ ਸੂਬਾਈ ਚੋਣਾਂ ਵਿਚ ਕਰਨਾ ਪਿਆ ਜਦੋਂ ਵਿਧਾਨ ਸਭਾ ਵਿਚ ਇਹ ਮਹਿਜ਼ 15 ਸੀਟਾਂ ਤੱਕ ਸੀਮਤ ਹੋ ਗਿਆ ਅਤੇ ਵੋਟ ਪ੍ਰਤੀਸ਼ਤਤਾ ਵੀ 2012 ਦੀਆਂ ਸੂਬਾਈ ਚੋਣਾਂ ਦੇ 34æ73 ਫੀਸਦੀ ਤੋਂ ਘੱਟ ਕੇ 25æ2 ਫੀਸਦੀ ਰਹਿ ਗਈ। ਚੋਣਾਂ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ 1975 ਦੀ ਐਮਰਜੈਂਸੀ ਵਰਗੇ ਹਾਲਾਤ ਵਿਚ ਵੀ ਜਮਹੂਰੀਅਤ ਲਈ ਡੱਟ ਕੇ ਪਹਿਰਾ ਦੇਣ ਵਾਲਾ ਅਕਾਲੀ ਦਲ ਆਪਣੀ ਹਾਰ ਉਤੇ ਖੁੱਲ੍ਹਦਿਲੀ ਨਾਲ ਆਤਮ ਚਿੰਤਨ ਕਰੇਗਾ, ਪਰ ਲੱਗਦਾ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਹਾਰਨ ਤੋਂ 8-9 ਮਹੀਨਿਆਂ ਬਾਅਦ ਅਜੇ ਤੱਕ ਅਜਿਹਾ ਕਰਨ ਬਾਰੇ ਸੋਚਿਆ ਤੱਕ ਵੀ ਨਹੀਂ। ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦਾ ਸ਼ੁਰੂਆਤੀ ਛਿਮਾਹੀ ਅੰਦਰ ਹੀ ਮੋਹ ਭੰਗ ਹੋਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਦੀ ਹਮਦਰਦੀ ਹਾਸਲ ਨਹੀਂ ਕਰ ਸਕਿਆ।
__________________________________________
ਅਕਾਲੀ ਦਲ ਖਿਲਾਫ ਦੋਹਰਾ ਸੰਵਿਧਾਨ ਰੱਖਣ ਦੇ ਦੋਸ਼
ਜਲੰਧਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਧਰਮ-ਨਿਰਪੱਖ ਪਾਰਟੀ ਦੱਸ ਕੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਸੰਵਿਧਾਨ ਬਾਰੇ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਹੋਈ ਹੈ ਕਿ ਉਸ ਨੇ ਦੋ ਸੰਵਿਧਾਨ ਪੇਸ਼ ਕਰ ਕੇ ਪੰਜਾਬ ਅਤੇ ਸਿੱਖ ਕੌਮ ਨੂੰ ਧੋਖੇ ਵਿਚ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਉਦੋਂ ਹੋਂਦ ਵਿਚ ਆਇਆ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਤੇ ਵਿਧਾਨ ਸਭਾ ਦੀ ਚੋਣ ਲੜਨ ਲੱਗ ਪਿਆ ਸੀ। ਸੰਵਿਧਾਨ ਅਨੁਸਾਰ ਧਾਰਮਿਕ ਪਾਰਟੀਆਂ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਦੀਆਂ, ਇਸ ਲਈ ਚੋਣ ਕਮਿਸ਼ਨ ਨੇ 1951 ਦੇ ਕਾਨੂੰਨ ਵਿਚ ਸੋਧ ਕਰ ਕੇ ਸਾਰੀਆਂ ਪਾਰਟੀਆਂ ਨੂੰ ਨਵੇਂ ਸਿਰਿਓਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਹਲਫਨਾਮੇ ਦਾਖਲ ਕਰਵਾਉਣ ਲਈ ਹੁਕਮ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ‘ਤੇ ਉਸ ਵੇਲੇ ਦੇ ਪਾਰਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਲੋੜੀਂਦਾ ਰਿਕਾਰਡ ਬਣਾ ਕੇ ਦਿੱਤਾ ਸੀ। ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜਦੀ ਹੈ ਪਰ ਡਾਇਰੈਕਟੋਰੇਟ ਦਿੱਲੀ ਚੋਣਾਂ ਵੱਲੋਂ ਇਹ ਸਪੱਸ਼ਟ ਹਦਾਇਤਾਂ ਹਨ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਇਸ ਵਿਚ ਹਿੱਸਾ ਲੈ ਸਕਦੀਆਂ ਹਨ।