ਗੁਜਰਾਤ ‘ਚ ਮੁੜ ਭਾਜਪਾ ਸਰਕਾਰ ਬਣਨ ਤੋਂ ਘਾਬਰੇ ਪੰਜਾਬੀ ਕਿਸਾਨ

ਬਠਿੰਡਾ: ਗੁਜਰਾਤ ਵਿਚ ਪੰਜਾਬੀ ਕਿਸਾਨ ਸਿਆਸੀ ਤਬਦੀਲੀ ਦੀ ਆਸ ਵਿਚ ਬੈਠੇ ਸਨ, ਮੁੜ ਭਾਜਪਾ ਸਰਕਾਰ ਆਉਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਭਾਵੇਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਵਿਧਾਨ ਸਭਾ ਸੀਟ ਅਬਡਾਸਾ ਤੋਂ ਕਾਂਗਰਸੀ ਉਮੀਦਵਾਰ ਪੀæਜਡੇਜਾ ਨੂੰ ਜਿਤਾ ਦਿੱਤਾ ਹੈ ਪਰ ਸੱਤਾ ਭਾਜਪਾ ਦੇ ਹੱਥ ਆਉਣ ਕਾਰਨ ਉਹ ਫਿਕਰਮੰਦ ਹਨ।

ਦੱਸਣਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿਚ ਜ਼ਮੀਨ ਅਲਾਟ ਕੀਤੀ ਸੀ। ਪਿਛਲੇ ਸਮੇਂ ਤੋਂ ਇਨ੍ਹਾਂ ਕਿਸਾਨਾਂ ‘ਤੇ ਹਮਲੇ ਹੋ ਰਹੇ ਹਨ। ਬਹੁਤੇ ਕਿਸਾਨ ਗੁਜਰਾਤ ਛੱਡ ਕੇ ਆ ਗਏ ਹਨ। ਭੁੱਜ ਵਿਚ ਰਹਿੰਦੇ ਕਿਸਾਨ ਜਸਵੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ਵਿਚ ਆਉਣ ਬਾਅਦ ਪੰਜਾਬੀ ਕਿਸਾਨਾਂ ਨੂੰ ਹੁਣ ਨਿਆਂ ਦੀ ਕੋਈ ਉਮੀਦ ਨਹੀਂ ਰਹੀ ਬਲਕਿ ਕਿਸਾਨਾਂ ਵਿਚ ਭੈਅ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭੁੱਜ ਇਲਾਕੇ ‘ਚ ਆਏ ਸਨ ਅਤੇ ਪੰਜਾਬੀ ਕਿਸਾਨਾਂ ਨੂੰ ਮਿਲੇ ਸਨ। ਮਨਪ੍ਰੀਤ ਨੇ ਭਰੋਸਾ ਦਿੱਤਾ ਸੀ ਕਿ ਕਾਂਗਰਸ ਸੱਤਾ ਵਿਚ ਆਈ ਤਾਂ ਪੰਜਾਬੀ ਕਿਸਾਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦਿਆਂਗੇ। ਦੱਸਣਯੋਗ ਹੈ ਕਿ ਜ਼ਿਲ੍ਹਾ ਕੱਛ ਦੀ ਇਕੱਲੀ ਅਬਡਾਸਾ ਸੀਟ ਹੈ ਜਿਥੇ ਕਾਂਗਰਸ ਜਿੱਤੀ ਹੈ ਅਤੇ ਇਸ ਹਲਕੇ ਵਿਚ ਬਹੁਗਿਣਤੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਹੈ।
ਇਸ ਸਮੇਂ ਪੰਜਾਬੀ ਕਿਸਾਨਾਂ ਦੇ 28 ਕੇਸ ਸੁਪਰੀਮ ਕੋਰਟ ਵਿਚ ਚੱਲ ਰਹੇ ਹਨ। ਗੁਜਰਾਤ ਦੇ ਭੂ-ਮਾਫੀਆ ਦੀ ਮਾਰ ਝੱਲ ਰਹੇ ਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਆਸ ਨਹੀਂ ਹੈ ਬਲਕਿ ਭੂ-ਮਾਫੀਆ ਦੇ ਹੌਸਲੇ ਵਧ ਜਾਣੇ ਹਨ। ਕੱਛ ਦੇ ਪਿੰਡ ਕੁਠਾਰਾ ਦੇ ਪ੍ਰਿਥੀ ਸਿੰਘ ਅਤੇ ਮੋਹਨ ਸਿੰਘ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ‘ਤੇ ਹੀ ਟੇਕ ਰਹਿ ਗਈ ਹੈ। ਲੋਰੀਆ ਦੇ ਵਸਨੀਕ ਹਰਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ਵਿਚ ਆਉਣ ਕਰਕੇ ਪੰਜਾਬੀ ਕਿਸਾਨਾਂ ‘ਚ ਦਹਿਸ਼ਤ ਹੈ ਕਿਉਂਕਿ ਭਾਜਪਾ ਦੇ ਸਥਾਨਕ ਨੇਤਾ ਹੀ ਭੂ-ਮਾਫੀਆ ਦੀ ਪਿੱਠ ਥਾਪੜ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਵੀ ਅਬਡਾਸਾ ਸੀਟ ਤੋਂ ਕਿਸਾਨਾਂ ਨੇ ਕਾਂਗਰਸੀ ਉਮੀਦਵਾਰ ਜਿਤਾ ਦਿੱਤਾ ਸੀ, ਜੋ ਮਗਰੋਂ ਭਾਜਪਾ ‘ਚ ਸ਼ਾਮਲ ਹੋ ਗਿਆ ਸੀ। ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਐਤਕੀਂ ਕਿਸਾਨਾਂ ਵਿਚ ਗੁੱਸਾ ਜ਼ਿਆਦਾ ਸੀ, ਜਿਸ ਕਰ ਕੇ ਅਬਡਾਸਾ ਸੀਟ ਤੋਂ ਮੁੜ ਕਾਂਗਰਸ ਨੂੰ ਜਿਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਉਨ੍ਹਾਂ ਨੇ ਖੂਨ ਪਸੀਨਾ ਡੋਲ੍ਹ ਕੇ ਆਬਾਦ ਕੀਤਾ ਹੈ ਪਰ ਹੁਣ ਭੂ-ਮਾਫੀਆ ਇਸ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ।