ਗੁੰਮ ਹੈ ਬੱਚਿਆਂ ਦੀ ਹਾਸੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਾਪਿਆਂ ਦੇ ਵਿਹੜੇ ਬੱਚਿਆਂ ਨਾਲ ਮੌਲਦੀ ਬਰਕਤ ਦੀ ਗੱਲ ਕਰਦਿਆਂ ਕਿਹਾ ਹੈ, “ਬੱਚੇ, ਘਰ ਦਾ ਸੁੱਚਾ ਹਰਫ। ਇਨ੍ਹਾਂ ਹਰਫਾਂ ਨੇ ਕਿਹੋ ਜਿਹੇ ਸੁੱਚਮ ਭਰਪੂਰ ਅਰਥਾਂ ਨੂੰ ਜਨਮ ਦੇਣਾ, ਇਹ ਬੱਚਿਆਂ ਦੀ ਪਨਪ ਰਹੀ ਸੋਚ ਅਤੇ ਵਿਕਸਿਤ ਹੋ ਰਹੀ ਸ਼ਖਸੀਅਤ ਦਾ ਪ੍ਰਤੀਬੰਬ।

ਬੱਚਾ, ਘਰ ਦੀਆਂ ਕੰਧਾਂ ਨੂੰ ਹਿੱਲਣ ਵੀ ਲਾ ਸਕਦਾ ਏ ਜਾਂ ਇਨ੍ਹਾਂ ਲਈ ਸਦੀਵੀ ਪਕਿਆਈ ਵੀ ਬਣ ਸਕਦਾ ਏ।…ਬੱਚੇ ਘਰ ਦੀ ਅਜਿਹੀ ਨਿਰਮੋਲ ਵਸਤ ਏ ਜਿਸ ਦੀ ਕੀਮਤ ਦਾ ਅੰਦਾਜ਼ਾ ਉਹੀ ਲਾ ਸਕਦੇ ਨੇ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਅਤੇ ਉਹ ਬੱਚੇ ਦੀਆਂ ਕਿਲਕਾਰੀਆਂ, ਨਿਰਛੱਲ ਹਾਸੇ, ਮਾਸੂਮ ਸ਼ਰਾਰਤਾਂ ਅਤੇ ਤੋਤਲੇ ਬੋਲਾਂ ਦਾ ਹੇਰਵਾ ਲੈ ਕੇ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦੇ ਨੇ।” ਉਹ ਤਾੜਨਾ ਕਰਦੇ ਹਨ, “ਜਦ ਬੱਚਿਆਂ ਦਾ ਬਚਪਨਾ ਗੁਆਚਣਾ ਸ਼ੁਰੂ ਹੁੰਦਾ ਏ ਤਾਂ ਬੱਚੇ ਵੀ ਸਾਥੋਂ ਦੂਰ ਜਾਣਾ ਸ਼ੁਰੂ ਹੋ ਜਾਂਦੇ ਨੇ। ਹੌਲੀ ਹੌਲੀ ਬੱਚੇ ਇੰਨੀ ਦੂਰ ਚਲੇ ਜਾਂਦੇ ਨੇ ਕਿ ਉਨ੍ਹਾਂ ਦਾ ਪਰਤਣਾ ਮੁਹਾਲ ਹੁੰਦਾ ਏ। ਫਿਰ ਇਹ ਬੱਚੇ ਨਸ਼ਿਆਂ ਅਤੇ ਜੁਰਮ ਦੇ ਜੰਜਾਲ ਵਿਚ ਅਜਿਹੇ ਉਲਝ ਜਾਂਦੇ ਨੇ ਕਿ ਉਨ੍ਹਾਂ ਦਾ ਵਿਨਾਸ਼ ਹੀ, ਉਨ੍ਹਾਂ ਦੀ ਨਵਿਰਤੀ ਬਣਦਾ ਏ।” ਡਾ. ਭੰਡਾਲ ਵਾਸਤਾ ਪਾਉਂਦੇ ਨੇ, “ਵਾਸਤਾ ਈ! ਆਪਣੀਆਂ ਆਂਦਰਾਂ ਨੂੰ ਸੰਭਾਲੋ। ਇਨ੍ਹਾਂ ਨੂੰ ਨਰੋਈਆਂ ਕਦਰਾਂ-ਕੀਮਤਾਂ ਦੇ ਸ਼ਾਹ-ਅਸਵਾਰ ਬਣਾਓ। ਇਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜੋ ਅਤੇ ਮਾਨਵੀ ਰਹਿਤਲ ਦਾ ਮਸਤਕ ਚਿਰਾਗ ਬਣਾਓ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬੱਚਾ, ਇਕ ਗੋਭਲ ਅਹਿਸਾਸ। ਗੁੰਨੀ ਹੋਈ ਮਿੱਟੀ ਦਾ ਖਿਡੌਣਾ। ਸਿਰਜਣਹਾਰੇ ਦੀ ਮਿਹਨਤ ਅਤੇ ਕਲਾ-ਬਿਰਤੀ ਸਦਕਾ ਸਾਕਾਰ ਹੋਣ ਵਾਲਾ ਇਕ ਸਰੂਪ। ਮਿੱਟੀ ਦੀ ਤਾਸੀਰ ਅਤੇ ਸਿਰਜਣਹਾਰੇ ਦੀ ਘਾਲਣਾ ਦਾ ਪ੍ਰਮਾਣ।
ਬੱਚਾ, ਫੁੱਟ ਰਹੀ ਕਰੂੰਬਲ, ਜਿਸ ਨੇ ਲਗਰ ਬਣਨਾ, ਡਾਲ ਬਣਨਾ, ਫੁੱਲ ਅਤੇ ਫਲਾਂ ਦੀ ਰਾਂਗਲੀ ਰੁੱਤ ਦਾ ਨਾਮਕਰਨ ਕਰਨਾ, ਚੌਗਿਰਦੇ ਨੂੰ ਠੰਡੜੀਆਂ ਛਾਂਵਾਂ ਵੰਡਦਿਆਂ ਤੱਤੀਆਂ ਲੂਆਂ ਅਤੇ ਤਿੱਖੜ ਦੁਪਹਿਰਾਂ ਤੋਂ ਵੀ ਬਚਾਉਣਾ। ਕਿਸੇ ਲਈ ਆਲ੍ਹਣਾ ਅਤੇ ਕਿਸੇ ਲਈ ਓਹਲਾ ਵੀ ਬਣਨਾ।
ਬੱਚਾ, ਫੁੱਲ ਦੀ ਪਨੀਰੀ। ਇਹਤਿਆਤ ਅਤੇ ਸੰਭਾਲ ਦੀ ਹਰ ਦਮ ਜਰੂਰਤ। ਪਾਣੀ ਅਤੇ ਗੋਡੀ ਦੀ ਨਿਰੰਤਰ ਸਾਧਨਾ। ਦੁਸ਼ਮਣਾਂ ਤੋਂ ਬਚਾਉਣ ਲਈ ਮਾਲੀ ਦੀ ਕੀਤੀ ਹੋਈ ਵਾੜ। ਸੋਚਵਾਨ ਮਾਲੀ ਦੀ ਦੇਖ-ਰੇਖ ਵਿਚ ਪ੍ਰਵਾਨ ਚੜ੍ਹੇ ਬੱਚੇ ਭਵਿੱਖ ਦਾ ਰੌਸ਼ਨ ਚਿਰਾਗ। ਆਪਣਾ ਲਾਡਲਾ ਜਦ ਰੰਗ ਅਤੇ ਮਹਿਕ ਦਾ ਵਣਜ ਕਰਦਾ ਏ ਤਾਂ ਕਿਹੜੇ ਮਾਪਿਆਂ ਦਾ ਜਿਉਣਾ ਸਾਰਥਿਕ ਨਹੀਂ ਹੋ ਜਾਂਦਾ?
ਬੱਚੇ, ਪਰਿਵਾਰ ਦਾ ਮੁਢਲਾ ਪੜਾਅ। ਪਰਿਵਾਰ ਦਾ ਨਾਮਕਰਣ ਜੋ ਸ਼ੁਭ ਵੀ ਹੋ ਸਕਦਾ ਅਤੇ ਅਸ਼ੁਭ ਵੀ। ਪਰਿਵਾਰ ਦੀ ਉਚੇਰੀ ਦੁਮੇਲ ਨੂੰ ਉਸ ਪਰਿਵਾਰ ਦੇ ਬੱਚਿਆਂ ਦੀ ਤਮੀਜ਼ ਅਤੇ ਤਾਮੀਲ ਨਾਲ ਪਰਖਿਆ ਜਾ ਸਕਦਾ ਏ।
ਬੱਚੇ, ਘਰ ਦਾ ਸੁੱਚਾ ਹਰਫ। ਇਨ੍ਹਾਂ ਹਰਫਾਂ ਨੇ ਕਿਹੋ ਜਿਹੇ ਸੁੱਚਮ ਭਰਪੂਰ ਅਰਥਾਂ ਨੂੰ ਜਨਮ ਦੇਣਾ, ਇਹ ਬੱਚਿਆਂ ਦੀ ਪਨਪ ਰਹੀ ਸੋਚ ਅਤੇ ਵਿਕਸਿਤ ਹੋ ਰਹੀ ਸ਼ਖਸੀਅਤ ਦਾ ਪ੍ਰਤੀਬੰਬ। ਬੱਚਾ, ਘਰ ਦੀਆਂ ਕੰਧਾਂ ਨੂੰ ਹਿੱਲਣ ਵੀ ਲਾ ਸਕਦਾ ਏ ਜਾਂ ਇਨ੍ਹਾਂ ਲਈ ਸਦੀਵੀ ਪਕਿਆਈ ਵੀ ਬਣ ਸਕਦਾ ਏ।
ਬੱਚੇ ਘਰ ਦੀ ਅਜਿਹੀ ਨਿਰਮੋਲ ਵਸਤ ਏ ਜਿਸ ਦੀ ਕੀਮਤ ਦਾ ਅੰਦਾਜ਼ਾ ਉਹੀ ਲਾ ਸਕਦੇ ਨੇ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਅਤੇ ਉਹ ਬੱਚੇ ਦੀਆਂ ਕਿਲਕਾਰੀਆਂ, ਨਿਰਛੱਲ ਹਾਸੇ, ਮਾਸੂਮ ਸ਼ਰਾਰਤਾਂ ਅਤੇ ਤੋਤਲੇ ਬੋਲਾਂ ਦਾ ਹੇਰਵਾ ਲੈ ਕੇ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦੇ ਨੇ।
ਸਿਆਣੇ ਕਹਿੰਦੇ ਨੇ, ਜੇ ਤੁਸੀਂ ਕਿਸੇ ਕੋਲੋਂ ਬਦਲਾ ਲੈਣਾ, ਜੋ ਉਹ ਸਾਰੀ ਉਮਰ ਯਾਦ ਰੱਖੇ ਤਾਂ ਉਸ ਦੇ ਬੱਚੇ ਨੂੰ ਵਿਗਾੜ ਦਿਓ। ਉਸ ਦੀ ਕੱਚੀ ਸੋਚ ਵਿਚ ਕੂੜ-ਕਬਾੜ ਭਰ ਦਿਓ। ਉਸ ਦੀ ਸ਼ਫਾਫ ਸੋਚਣੀ ਨੂੰ ਗੰਧਲਾ ਕਰ ਦਿਓ। ਘਰ ਵਿਚ ਵੱਸਦੀ ਸੁੱਖ-ਸ਼ਾਂਤੀ ਅਤੇ ਸਹਿਚਾਰ ਸਦਾ ਲਈ ਕਾਫੂਰ ਹੋ ਜਾਣਗੇ।
ਸਮੇਂ ਦੀ ਕੇਹੀ ਮਾਰ ਵਗੀ ਏ ਕਿ ਸਭ ਤੋਂ ਅਨਮੋਲ ਵਸਤ ਹੀ ਸਭ ਤੋਂ ਵੱਧ ਅਣਗੌਲੀ ਜਾ ਰਹੀ ਏ। ਜੀਵਨ ਦੀ ਦੌੜ-ਭੱਜ ਇੰਨੀ ਏ ਕਿ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਹੀ ਨਹੀਂ। ਬੱਚਿਆਂ ਦੀ ਬਜਾਏ, ਜਦ ਦੁਨਿਆਵੀ ਪ੍ਰਾਪਤੀਆਂ ਸਾਡੀ ਸੋਚ ਦਾ ਕੇਂਦਰ-ਬਿੰਦੂ ਬਣਦੀਆਂ ਨੇ ਤਾਂ ਇਕ ਸਿਸਕਣੀ ਘਰ ਦੀ ਹਿੱਕ ਵਿਚ ਧਰੀ ਜਾਂਦੀ ਏ, ਇਕ ਵਿਲਕਣੀ ਇਸ ਦੇ ਕਮਰਿਆਂ ਦੇ ਨਾਮ ਹੁੰਦੀ ਏ ਅਤੇ ਇਕ ਹਉਕਾ ਕੰਧਾਂ ‘ਤੇ ਉਕਰਿਆ ਜਾਂਦਾ ਏ।
ਬੱਚਾ ਦਸ ਸਾਲ ਦੀ ਉਮਰ ਤੱਕ ਸਭ ਤੋਂ ਜ਼ਿਆਦਾ ਸਿੱਖਦਾ ਏ। ਰੋਣਾ, ਹੱਸਣਾ, ਭੁੱਖ ਲੱਗਣੀ, ਰਿੜ੍ਹਨਾ, ਤੁਰਨਾ, ਬੋਲਣਾ, ਸਮਝਣਾ, ਵਸਤਾਂ ਦੀ ਪਛਾਣ, ਆਪਣੀ ਮਾਂ ਬੋਲੀ, ਪਰਿਵਾਰ ਦਾ ਸੰਕਲਪ, ਰਿਸ਼ਤਿਆਂ ਦੀ ਸਮਝ ਅਤੇ ਨਾਮਕਰਨ, ਹੱਥ ਲਿਖਤ, ਅੱਖਰ ਸੋਝੀ ਅਤੇ ਗਿਆਨ, ਆਤਮਿਕ ਵਿਸ਼ਵਾਸ, ਮਾਨਸਿਕ ਸ਼ਾਂਤੀ, ਉਤੇਜਨਾ, ਸਹਿਜ, ਕੋਮਲਤਾ, ਮਾਸੂਮੀਅਤ, ਸੱਚ ਜਾਂ ਕੂੜ ਆਦਿ ਬਹੁਤ ਕੁਝ ਸਿੱਖਦਾ ਏ। ਦੁਨੀਆਂ ਦੀ ਸਮੁੱਚੀ ਸਮਝ ਤਾਂ ਇਸ ਉਮਰੇ ਹੀ ਉਸ ਦੇ ਮਨ ਵਿਚ ਘਰ ਕਰ ਲੈਂਦੀ ਹੈ। ਆਉਣ ਵਾਲੇ ਸਮੇਂ ਵਿਚ ਤਾਂ ਉਸ ਦੇ ਅਚੇਤ ਮਨ ਵਿਚ ਪਏ ਹੋਏ ਮੁਢਲੇ ਪ੍ਰਭਾਵਾਂ ਨੇ ਹੀ ਵਿਗਸਣਾ ਅਤੇ ਵਿਕਾਸ ਕਰਨਾ ਹੁੰਦਾ ਏ। ਛੋਟੀ ਉਮਰ ਵਿਚ ਬੱਚੇ ਨੂੰ ਜਿਹੋ ਜਿਹੇ ਸੰਸਕਾਰ ਦੇਵੋਗੇ, ਉਹੋ ਜਿਹੀ ਸ਼ਖਸੀਅਤ ਦਾ ਮਾਲਕ ਬੱਚਾ ਹੋਵੇਗਾ। ਨੌਕਰਾਣੀ ਦੇ ਹੱਥਾਂ ਵਿਚ ਪਲ ਰਹੇ ਬੱਚੇ ਨੂੰ ਨੌਕਰਾਣੀ ਵਾਲੇ ਸੰਸਕਾਰ ਜਰੂਰ ਮਿਲਣਗੇ, ਇਨ੍ਹਾਂ ਦੀ ਅਨੁਪਾਤ ਭਾਵੇਂ ਘੱਟ ਹੋ ਸਕਦੀ ਹੈ।
ਕਦੇ ਸਮਾਂ ਸੀ, ਬੱਚਾ ਮਾਂ ਦਾ ਦੁੱਧ ਪੀਂਦਾ ਸੀ। ਮਾਂ ਨੂੰ ਆਪਣੇ ਬੱਚੇ ਦੀ ਭੁੱਖ ਦਾ ਅਹਿਸਾਸ ਹੁੰਦਾ ਸੀ ਅਤੇ ਉਹ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ, ਬੱਚੇ ਲਈ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਹੁੰਗਾਰਾ ਬਣਦੀ ਸੀ। ਇਕ ਸਕੂਨ ਮਾਂ ਨੂੰ ਮਿਲਦਾ ਸੀ। ਆਪਣੀ ਜਨਮਦਾਤੀ ਰਾਹੀਂ ਮਨਭਾਉਂਦੀ ਖੁਰਾਕ ਮਿਲ ਜਾਣ ‘ਤੇ ਇਕ ਵਿਸਮਾਦ ਬੱਚੇ ਦੇ ਮੁੱਖ ‘ਤੇ ਫੈਲ ਜਾਂਦਾ ਸੀ। ਮਾਂ-ਬੱਚੇ ਦੇ ਰਿਸ਼ਤੇ ਵਿਚਲੀ ਪਾਕੀਜ਼ਗੀ ਤੇ ਪਕਿਆਈ ਰੱਬ ਦਾ ਇਕ ਰੂਪ ਹੁੰਦੀ ਸੀ ਅਤੇ ਬੱਚਾ ਅਚੇਤ ਰੂਪ ਵਿਚ ਆਪਣੀ ਮਾਂ ਕੋਲੋਂ ਬਹੁਤ ਕੁਝ ਪ੍ਰਾਪਤ ਕਰਦਾ ਸੀ। ਪਤਾ ਨਹੀਂ ਕਿਥੇ ਗਵਾਚ ਗਏ ਉਹ ਦਿਨ? ਕਿੱਧਰ ਅਲੋਪ ਹੋ ਗਈ ਏ ਬੱਚਿਆਂ ਦੇ ਹਿੱਸੇ ਦੀ ਹਾਸੀ? ਕੌਣ ਚੁਰਾ ਕੇ ਲੈ ਗਿਆ ਬੱਚਿਆਂ ਦੀਆਂ ਪਿਆਰੀਆਂ ਤੇ ਮਾਸੂਮ ਸ਼ਰਾਰਤਾਂ ਅਤੇ ਇਨ੍ਹਾਂ ਨਾਲ ਮਿਲਦੀ ਖੁਸ਼ੀ ਦਾ ਅਹਿਸਾਸ?
ਸਵੇਰੇ ਸਵੇਰੇ ਸਕੂਲ ਜਾ ਰਹੇ ਬੱਚੇ ਬੱਸਾਂ ਅਤੇ ਰਿਕਸ਼ਿਆਂ ਵਿਚ ਮੁਰਗੀਆਂ ਵਾਂਗ ਤਾੜੇ ਹੁੰਦੇ ਹਨ। ਉਨ੍ਹਾਂ ਦੇ ਚਿਹਰਿਆਂ ਵੰਨੀਂ ਦੇਖੋ, ਜਿਵੇਂ ਛਟਪਟਾ ਰਹੇ ਹੋਣ। ਉਨ੍ਹਾਂ ਦਾ ਮਧੋਲਿਆ ਬਚਪਨ ਉਨ੍ਹਾਂ ਦੇ ਸਮੁੱਚ ਨੂੰ ਰੌਂਧ ਰਿਹਾ ਏ। ਨਿੱਕੇ-ਨਿੱਕੇ ਮਾਸੂਮ ਚਿਹਰਿਆਂ ਨੂੰ ਭੁੱਲ ਗਿਆ ਏ ਮੁਸਕਰਾਉਣਾ ਅਤੇ ਉਨ੍ਹਾਂ ਦੇ ਪੱਲੇ ਪੈ ਗਿਆ ਏ ਰੋਣਾ। ਬੱਚਿਆਂ ਵਿਚ ਚਿੜਚਿੜਾਪਣ ਅਤੇ ਜਿੱਦ ਕਾਰਨ ਉਨ੍ਹਾਂ ਦਾ ਹੋ ਰਿਹਾ ਅਸੰਤੁਲਤ ਵਿਕਾਸ ਬਹੁਤ ਵੱਡੇ ਪ੍ਰਸ਼ਨ ਬਣ ਕੇ ਸਾਨੂੰ ਸੰਕੇਤਕ ਭਾਸ਼ਾ ਵਿਚ ਕਹਿ ਰਿਹਾ ਏ। ਪਰ ਅਸੀਂ ਕੁਝ ਵੀ ਸਮਝਣ ਤੋਂ ਅਸਮਰਥ ਹਾਂ ਕਿਉਂਕਿ ਅਸੀਂ ਉਚ-ਸੁਸਾਇਟੀ ਦੇ ਮਾਣਮੱਤੇ ਮੈਂਬਰ ਹੁੰਦੇ, ਉਚੇ ਰੁਤਬਿਆਂ ‘ਤੇ ਪਹੁੰਚਣ ਲਈ ਕੁਝ ਵੀ ਕੁਰਬਾਨ ਕਰ ਸਦਕੇ ਹਾਂ। ਅਸੀਂ ਆਪਣੀਆਂ ਪ੍ਰਾਪਤੀਆਂ ਨੂੰ ਰੁਤਬਿਆਂ, ਕਾਰਾਂ, ਕੋਠੀਆਂ, ਪਲਾਟਾਂ ਅਤੇ ਧਨ ਦੇ ਅੰਬਾਰਾਂ ਨਾਲ ਮਿਣਦੇ ਹਾਂ। ਇਨ੍ਹਾਂ ਵਿਚ ਬੱਚਿਆਂ ਲਈ ਕੋਈ ਥਾਂ ਨਹੀਂ ਹੈ। ਸਾਡੇ ਲਈ ਤਾਂ ਨੌਕਰ ਹੀ ਬੱਚਿਆਂ ਨੂੰ ਸੰਭਾਲਣ ਅਤੇ ਪਾਲਣ-ਪੋਸ਼ਣ ਯੋਗ ਹਨ।
ਜਰਾ ਸੋਚ ਕੇ ਦੱਸਣਾ! ਕਿੰਨੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਰਾਤ ਵੇਲੇ ਆਪਣੇ ਨਾਲ ਸੰਵਾਉਂਦੀਆਂ ਨੇ? ਕਿੰਨੀਆਂ ਆਪਣੇ ਬੱਚੇ ਦੇ ਨਾਲ ਲੇਟ ਕੇ ਉਨ੍ਹਾਂ ਨੂੰ ਲੋਰੀਆਂ ਸੁਣਾਉਂਦੀਆਂ ਨੇ, ਕੌਣ ਨੇ ਜੋ ਪਰੀ-ਦੇਸ਼ ਦੇ ਸੁਪਨਿਆਂ ਸੰਗ ਨੀਂਦਰ ਦੇ ਆਗੋਸ਼ ਵਿਚ ਲਿਟਾਉਂਦੀਆਂ ਨੇ, ਕਿੰਨੀਆਂ ਮਾਂਵਾਂ ਨੂੰ ਪਤਾ ਹੁੰਦਾ ਏ ਕਿ ਉਨ੍ਹਾਂ ਦਾ ਬੱਚਾ ਭੁੱਖਾ ਕਿ ਉਸ ਨੇ ਰੋਟੀ ਖਾ ਲਈ ਏ, ਕਿੰਨੀਆਂ ਇਹ ਜਾਣਦੀਆਂ ਨੇ ਜਾਂ ਜਾਣਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਉਨ੍ਹਾਂ ਦੇ ਬੱਚੇ ਨੇ ਸਾਰਾ ਦਿਨ ਕੀ ਕੀਤਾ ਏ? ਕੀ ਉਨ੍ਹਾਂ ਨੂੰ ਬੱਚਿਆਂ ਦੀ ਮਨੋ-ਅਵਸਥਾ ਦਾ ਪਤਾ ਹੈ ਕਿ ਉਹ ਕਿਹੜੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਜਾਂ ਉਨ੍ਹਾਂ ਦੇ ਮਾਨਸਿਕ, ਸਰੀਰਕ ਅਤੇ ਮਨੋਵਿਗਿਆਨਕ ਵਿਕਾਸ ਲਈ ਕਿਹੜੀਆਂ ਕਿਹੜੀਆਂ ਜਰੂਰਤਾਂ ਹਨ?
ਜਦ ਬੱਚਿਆਂ ਦਾ ਬਚਪਨਾ ਗੁਆਚਣਾ ਸ਼ੁਰੂ ਹੁੰਦਾ ਏ ਤਾਂ ਬੱਚੇ ਵੀ ਸਾਥੋਂ ਦੂਰ ਜਾਣਾ ਸ਼ੁਰੂ ਹੋ ਜਾਂਦੇ ਨੇ। ਹੌਲੀ ਹੌਲੀ ਬੱਚੇ ਇੰਨੀ ਦੂਰ ਚਲੇ ਜਾਂਦੇ ਨੇ ਕਿ ਉਨ੍ਹਾਂ ਦਾ ਪਰਤਣਾ ਮੁਹਾਲ ਹੁੰਦਾ ਏ। ਫਿਰ ਇਹ ਬੱਚੇ ਨਸ਼ਿਆਂ ਅਤੇ ਜੁਰਮ ਦੇ ਜੰਜਾਲ ਵਿਚ ਅਜਿਹੇ ਉਲਝ ਜਾਂਦੇ ਨੇ ਕਿ ਉਨ੍ਹਾਂ ਦਾ ਵਿਨਾਸ਼ ਹੀ, ਉਨ੍ਹਾਂ ਦੀ ਨਵਿਰਤੀ ਬਣਦਾ ਏ। ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ ਸਮਾਜ ਅਤੇ ਪਰਿਵਾਰ ਨੂੰ। ਬਹੁਤ ਮਹਿੰਗੇ ਪੈਂਦੇ ਨੇ, ਬੱਚਿਆਂ ਦੀ ਕੀਮਤ ‘ਤੇ ਸਥਾਪਤੀਆਂ ਦੇ ਮਹਿਲ ਮੁਨਾਰੇ। ਮਾਣ-ਮੱਤੀਆਂ ਪ੍ਰਾਪਤੀਆਂ ਹੀ ਬਣ ਜਾਂਦੀਆਂ ਨੇ ਸਾਡੇ ਸਾਹਾਂ ਦੀ ਸਲੀਬ, ਮਨੁੱਖ ਦੀ ਹੋ ਜਾਂਦੀ ਏ ਅਖੀਰ ਅਤੇ ਫਿਰ ਉਸ ਲਈ ਉਡੀਕਦੀਆਂ ਕਬਰਾਂ ਕਰਦੀਆਂ ਨੇ ਇਕ ਮਕਬਰਾ ਤਾਮੀਰ।
ਵਾਸਤਾ ਈ! ਆਪਣੀਆਂ ਆਂਦਰਾਂ ਨੂੰ ਸੰਭਾਲੋ। ਇਨ੍ਹਾਂ ਨੂੰ ਨਰੋਈਆਂ ਕਦਰਾਂ-ਕੀਮਤਾਂ ਦੇ ਸ਼ਾਹ-ਅਸਵਾਰ ਬਣਾਓ। ਇਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜੋ ਅਤੇ ਮਾਨਵੀ ਰਹਿਤਲ ਦਾ ਮਸਤਕ ਚਿਰਾਗ ਬਣਾਓ।
ਬੱਚੇ ਹੀ ਸਾਡਾ ਵਰਤਮਾਨ ਅਤੇ ਭਵਿੱਖ। ਜੇ ਅਸੀਂ ਆਪਣੀ ਔਲਾਦ ਨੂੰ ਸੰਭਾਲਣ ਵਿਚ ਕਾਮਯਾਬ ਰਹੇ ਤਾਂ ਸਾਰੀਆਂ ਕਾਮਯਾਬੀਆਂ ਸਾਡੀ ਅਮਾਨਤ। ਸਿਰਫ ਬੱਚਿਆਂ ਨੂੰ ਕੁਝ ਸਮਾਂ ਦਿਓ ਕਿਉਂਕਿ ਬੱਚਿਆਂ ਨਾਲ ਬਿਤਾਇਆ ਸਮਾਂ, ਬੱਚੇ ਲਈ ਖਰਚੇ ਜਾ ਰਹੇ ਧਨ ਤੋਂ ਬਹੁਤ ਅਹਿਮ ਅਤੇ ਸਾਰਥਿਕ ਹੁੰਦਾ ਏ।
ਬੱਚਿਆਂ ਨਾਲ ਵੱਸਦਾ ਏ ਸੰਸਾਰ। ਇਨ੍ਹਾਂ ਨਾਲ ਹੀ ਜਾਗਦੇ ਨੇ ਯਾਦਾਂ ਦੇ ਬਚਪਨੀ-ਹੁਲਾਰ। ਇਨ੍ਹਾਂ ਨਾਲ ਹੀ ਹੁੰਦਾ ਏ ਵਿਕਾਸ। ਇਨ੍ਹਾਂ ਸੰਗ ਹੀ ਮੌਲਦੇ ਨੇ ਕੋਮਲ ਅਹਿਸਾਸ। ਇਨ੍ਹਾਂ ਦੀ ਸੋਹਬਤ ਵਿਚੋਂ ਹੀ ਉਗਮਦੇ ਨੇ ਤੋਤਲੇ ਬੋਲ ਅਤੇ ਹੁੰਗਾਰੇ।
ਜੱਗ-ਜਿਉਂਦੇ ਰਹਿਣ ਬੱਚੇ ਅਤੇ ਉਨ੍ਹਾਂ ਨੂੰ ਜੀਵਨ ਦੇ ਅਰਥ ਸਮਝਾਉਣ ਵਾਲੇ ਮਾਪੇ। ਬੱਚੇ ਸਦੀਵੀ ਮਾਣਦੇ ਰਹਿਣ ਆਪਣੀਆਂ ਮਾਂਵਾਂ ਦੀ ਨਿੱਘੀ ਗੋਦੜੀ। ਬੱਚਿਆਂ ਦੇ ਨਸੀਬੀਂ ਉਕਰਿਆ ਰਹੇ ਬਚਪਨੀ ਸਮਿਆਂ ਦਾ ਅਨੂਠਾ ਵਿਸਮਾਦ ਅਤੇ ਉਮਰ ਦੇ ਪੰਨਿਆਂ ‘ਤੇ ਸਦਾ ਅੰਕਿਤ ਰਹੇ ਇਹ ਥਿਰ-ਜਿਉਣੀ ਬਚਪਨੀ ਯਾਦ।