ਨਸ਼ਿਆਂ ਦੀ ਮੰਡੀ ਵਜੋਂ ਬਣਦੀ ਜਾ ਰਹੀ ਹੈ ਪੰਜਾਬ ਦੀ ਪਛਾਣ

ਚੰਡੀਗੜ੍ਹ: ਪੰਜਾਬ ਦੀ ਪਛਾਣ ਨਸ਼ੇ ਦੀ ਮੰਡੀ ਵਜੋਂ ਬਣਦੀ ਜਾ ਰਹੀ ਹੈ। ਦਿੱਲੀ ਦੇ ਏਮਜ਼ ਹਸਪਤਾਲ ਵੱਲੋਂ ਨਸ਼ਿਆਂ ਬਾਰੇ ਕਰਵਾਏ ਸਰਵੇਖਣ ਮੁਤਾਬਕ ਪੰਜਾਬ ਵਿਚ ਹਰ ਸਾਲ 7500 ਕਰੋੜ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਗ੍ਰਹਿ ਮੰਤਰਾਲੇ ਦੀ ਇਕ ਰਿਪੋਰਟ ਦੱਸਦੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਵਿਚੋਂ ਫੜੇ ਗਏ ਨਸ਼ਾ ਤਸਕਰਾਂ ‘ਚੋਂ 37 ਫੀਸਦੀ ਪੰਜਾਬ ਦੇ ਹੀ ਹਨ। ਵਿਸ਼ਵ ਭਰ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ‘ਚ ਸ਼ਰਾਬ ਅਤੇ ਨਸ਼ਿਆਂ ਦੇ ਸੇਵਨ ਦਾ 5ਵਾਂ ਕਾਰਨ ਮੰਨਿਆ ਗਿਆ ਹੈ। ਜਦੋਂਕਿ ਆਬਕਾਰੀ ਨੀਤੀ ਤਹਿਤ ਪੰਜਾਬ ਵਿਚ ਪਿਛਲੇ ਵਰ੍ਹੇ 5500 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਅਤੇ ਇਸ ਸਾਲ 5100 ਕਰੋੜ ਰੁਪਏ ਦੀ ਸ਼ਰਾਬ ਵੇਚੀ ਜਾਵੇਗੀ।

ਬੀਤੇ ਦੋ ਦਹਾਕਿਆਂ ਉਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਅੰਦਰ ਵਿਕ ਰਿਹਾ ਨਸ਼ਾ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਹੈ। ਨਸ਼ਾ ਤਸਕਰਾਂ ਦੇ ਨਾਲ-ਨਾਲ ਕੁਝ ਭ੍ਰਿਸ਼ਟ ਅਧਿਕਾਰੀਆਂ ਨੇ ਵੀ ਪੰਜਾਬ ਦੇ ਮੱਥੇ ਉਤੇ ਨਸ਼ਿਆਂ ਦਾ ਕਲੰਕ ਲਗਾਇਆ ਹੈ। ਪੁਲਿਸ ਥਾਣੇ ਵਿਚ ਬਣੇ ਮਾਲ ਖਾਨਿਆਂ ‘ਚ ਜ਼ਬਤ ਕੀਤੇ ਨਸ਼ੇ ਨੂੰ ਚੋਰੀ ਕਰ ਕੇ ਵੇਚਣ ਵਾਲੇ ਪੁਲਿਸ ਕਰਮਚਾਰੀਆਂ ਉਤੇ ਹੋਏ ਪਰਚੇ ਇਸ ਦੀ ਗਵਾਹੀ ਭਰ ਰਹੇ ਹਨ। ਪੰਜਾਬ ਨੂੰ ਮਹਿਜ 4 ਹਫਤਿਆਂ ਵਿਚ ਨਸ਼ਾ ਮੁਕਤ ਕਰਵਾਉਣ ਵਾਲੀ ਕਾਂਗਰਸ ਸਰਕਾਰ 9 ਮਹੀਨਿਆਂ ਬਾਅਦ ਵੀ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਨਾ ਕਰ ਸਕੀ। ਬੇਸ਼ੱਕ ਪੰਜਾਬ ਅੰਦਰ ਨਸ਼ਾ ਖਤਮ ਕਰਨ ਦੇ ਮਨੋਰਥ ਨਾਲ ਪੁਲਿਸ ਦੀਆਂ ਵਿਸ਼ੇਸ਼ ਟੁਕੜੀਆਂ ਬਣਾ ਕੇ ਨਸ਼ਾ ਤਸਕਰਾਂ ਉਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਪਰ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਵੱਡੇ-ਵੱਡੇ ਧੁਨੰਤਰਾਂ ਨੂੰ ਨੱਥ ਪਾਉਣ ਦੀ ਬਜਾਏ ਮਾਲ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਾਲੇ ਛੋਟੇ-ਮੋਟੇ ਤਸਕਰਾਂ ਨੂੰ ਫੜ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਅੱਜ ਵੀ ਚਿੱਟਾ, ਸਮੈਕ, ਗੋਲੀਆਂ ਆਦਿ ਜਿਉਂ ਦੀਆਂ ਤਿਉਂ ਹੀ ਵਿਕ ਰਹੀਆਂ ਹਨ ਤੇ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗਰਕ ਹੋ ਰਹੀ ਹੈ।
ਮੋਗਾ ਜ਼ਿਲ੍ਹੇ ਦੇ ਤਿੰਨ ਪਿੰਡ ਦੋਲੇ ਵਾਲਾ, ਨੂਰਪੁਰ ਹਕੀਮਾਂ ਅਤੇ ਮਾਹਲਾ ਨਸ਼ਾ ਤਸਕਰੀ ‘ਚ ਪੂਰੇ ਪੰਜਾਬ ਅੰਦਰ ਮਸ਼ਹੂਰ ਹਨ, ਜਿਥੋਂ ਦੇ ਵਸਨੀਕਾਂ ਵਿਚੋਂ 70-80 ਫੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ। ਨਸ਼ਾ ਤਸਕਰੀ ਵਿਚ ਪੰਜਾਬ ‘ਚ ਸਭ ਤੋਂ ਮੋਹਰੀ ਇਨ੍ਹਾਂ ਪਿੰਡਾਂ ਦੀਆਂ ਫਿਰਨੀਆਂ ਉਤੇ ਚੰਡੀਗੜ੍ਹ ਤੱਕ ਦੀਆਂ ਗੱਡੀਆਂ ਆਮ ਹੀ ਘੁੰਮਦੀਆਂ ਰਹਿੰਦੀਆਂ ਹਨ।
ਪਿੰਡ ਦੋਲੇ ਵਾਲਾ ਦੇ 400 ਤੋਂ ਵਧੇਰੇ ਵਿਅਕਤੀਆਂ ਉਤੇ ਨਸ਼ਾ ਤਸਕਰੀ ਦੇ ਕੇਸ ਦਰਜ ਹਨ, ਜਿਨ੍ਹਾਂ ‘ਚ 125 ਦੇ ਕਰੀਬ ਔਰਤਾਂ ਹਨ। ਪਿੰਡ ਨੂਰਪੁਰ ਹਕੀਮਾਂ ‘ਚ 250 ਤੋਂ ਵਧੇਰੇ ਲੋਕਾਂ ਖਿਲਾਫ਼ ਅਤੇ ਪਿੰਡ ਮਾਹਲਾ ‘ਚ 300 ਦੇ ਕਰੀਬ ਲੋਕਾਂ ਖਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਨਸ਼ਾ ਤਸਕਰੀ ਲਈ ਬਦਨਾਮ ਇਨ੍ਹਾਂ ਪਿੰਡਾਂ ਦੇ ਨਸ਼ਾ ਤਸਕਰਾਂ ਵਿਰੁੱਧ ਬਾਹਰਲੇ ਪਿੰਡਾਂ ਵੱਲੋਂ ਸਮਾਜਿਕ ਬਾਈਕਾਟ ਚੱਲ ਰਿਹਾ ਹੈ ਅਤੇ ਕੋਈ ਵੀ ਆਪਣੇ ਧੀ-ਪੁੱਤ ਦਾ ਵਿਆਹ, ਇਨ੍ਹਾਂ ਨਸ਼ਾ ਤਸਕਰਾਂ ਦੇ ਘਰ ਨਹੀਂ ਕਰਦਾ, ਜਿਸ ਕਾਰਨ ਉਕਤ ਨਸ਼ਾ ਤਸਕਰ ਮਜਬੂਰੀ ਵੱਸ ਆਪਣੇ ਪਿੰਡ ‘ਚ ਹੀ ਆਪਣੇ ਧੀ-ਪੁੱਤ ਵਿਆਹ ਰਹੇ ਹਨ। ਪਿੰਡ ਦੋਲੇ ਵਾਲਾ ਵਿਚ ਵਿਕ ਰਿਹਾ ਸ਼ਰੇਆਮ ਚਿੱਟਾ, ਸਮੈਕ ਨੂੰ ਰੋਕਣ ਲਈ 4 ਕੁ ਮਹੀਨੇ ਪਹਿਲਾਂ ਪਿੰਡ ‘ਚ ਪੁਲਿਸ ਚੌਕੀ ਵੀ ਸਥਾਪਤ ਕੀਤੀ ਗਈ, ਪਰ ਕੋਈ ਸਿੱਟਾ ਨਾ ਨਿਕਲਦਾ ਵੇਖ ਪੁਲਿਸ ਨੂੰ ਇਹ ਚੌਕੀ ਚੁੱਕਣੀ ਪਈ। ਉਕਤ ਨਸ਼ਿਆਂ ਦਾ ਕਾਰੋਬਾਰ ਇਸ ਕਦਰ ਘਰ ਕਰ ਚੁੱਕਾ ਹੈ ਕਿ ਨੌਜਵਾਨ ਮੁੰਡੇ, 13-14 ਸਾਲਾਂ ਤੱਕ ਦੀ ਉਮਰ ਦੇ ਕੁਝ ਬੱਚੇ ਅਤੇ ਕੁਝ ਜਵਾਨ ਲੜਕੀਆਂ ਇਸ ਦੀ ਲਪੇਟ ‘ਚ ਆ ਕੇ ਆਪਣੀ ਜਾਨ ਗਵਾ ਬੈਠੇ ਹਨ।
______________________________________
ਸਖਤੀ ਕਰ ਕੇ ਨਸ਼ਾ ਤਸਕਰੀ ਦਾ ਰੂਟ ਬਦਲਿਆ : ਸ਼ਸ਼ੀਕਾਂਤ
ਜਲੰਧਰ: ਸਾਬਕਾ ਪੁਲਿਸ ਮੁਖੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਕਿਹਾ ਹੈ ਕਿ ਪੰਜਾਬ ਵਿਚ ਸਰਕਾਰ ਵੱਲੋਂ ਵਧਾਈ ਸਖਤੀ ਕਰ ਕੇ ਜਿਥੇ ਸਰਹੱਦਾਂ ਤੋਂ ਨਸ਼ੇ ਆਉਣ ਦੀ ਸਪਲਾਈ ਰੁਕ ਗਈ ਹੈ, ਉਥੇ ਹੁਣ ਨਸ਼ਾ ਤਸਕਰਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਅਤੇ ਉੜੀ ਸਰਹੱਦ ਦੇ ਰਸਤੇ ਨਸ਼ੇ ਲਿਆ ਕੇ ਪੰਜਾਬ ਤੋਂ ਦਿੱਲੀ ਤੱਕ ਪਹੁੰਚਾਉਣ ਦਾ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ। ਨਸ਼ਾ ਤਸਕਰ ਮੁਜ਼ੱਫਰਾਬਾਦ ਪਾਰ ਕਰ ਕੇ ਪੁਣਛ, ਉੜੀ ਸਰਹੱਦ ਤੋਂ ਹੈਰੋਇਨ ਲੰਘਾ ਰਹੇ ਹਨ। ਨਸ਼ਾ ਤਸਕਰੀ ਦੇ ਹੋਰ ਰੂਟਾਂ ਬਾਰੇ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ, ਬਰਮਾ, ਕੰਬੋਡੀਆ ਤੋਂ ਪੂਰਬੀ ਰਾਜਾਂ ਤੋਂ ਹੁੰਦੀ ਹੋਈ ਹੈਰੋਇਨ ਦੀ ਤਸਕਰੀ ਕੋਲਕਾਤਾ ਤੋਂ ਹੋ ਕੇ ਦਿੱਲੀ ਤੱਕ ਪੁੱਜ ਰਹੀ ਹੈ ਪਰ ਇਸ ਮਾਮਲੇ ਵਿਚ ਅਜੇ ਤੱਕ ਪ੍ਰਭਾਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।