ਸਾਬਕਾ ਅਕਾਲੀ ਵਜ਼ੀਰ ਵੀ ਆਏ ਬਹੁ-ਕਰੋੜੀ ਸਿੰਜਾਈ ਘਪਲੇ ਦੇ ਲਪੇਟੇ ਵਿਚ

ਚੰਡੀਗੜ੍ਹ: ਬਹੁ-ਕਰੋੜੀ ਸਿੰਜਾਈ ਘੁਟਾਲੇ ਵਿਚ ਪੰਜਾਬ ਦੇ ਦੋ ਸਾਬਕਾ ਅਕਾਲੀ ਮੰਤਰੀਆਂ ਦਾ ਨਾਂ ਵੀ ਆ ਗਿਆ ਹੈ। ਠੇਕੇਦਾਰ ਗੁਰਿੰਦਰ ਸਿੰਘ ਦੀ ਗ੍ਰਿਫਤਾਰੀ ਪੰਜਾਬ ‘ਚ ਅਫਸਰਸ਼ਾਹੀ, ਸਿਆਸਤਦਾਨਾਂ ਤੇ ਠੇਕੇਦਾਰਾਂ ਦੇ ਨਾਪਾਕ ਗੱਠਜੋੜ ਨੂੰ ਬੇਪਰਦ ਕਰਨ ‘ਚ ਸਹਾਈ ਹੋਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਸਿੰਜਾਈ ਵਿਭਾਗ ਦੇ ਸੇਵਾ ਮੁਕਤ ਮੁੱਖ ਇੰਜੀਨੀਅਰ ਹਰਵਿੰਦਰ ਸਿੰਘ ਅਤੇ ਠੇਕੇਦਾਰ ਗੁਰਿੰਦਰ ਸਿੰਘ ਦੀ ਪੁੱਛ-ਪੜਤਾਲ ਦੌਰਾਨ ਦੋ ਸਾਬਕਾ ਅਕਾਲੀ ਮੰਤਰੀਆਂ ਅਤੇ ਆਈæਏæਐਸ਼ ਅਫਸਰਾਂ ਦੇ ਨਾਂ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਨੇ ਸਬੰਧਤ ਸਾਬਕਾ ਮੰਤਰੀਆਂ ਦੇ ਨਿੱਜੀ ਸਕੱਤਰਾਂ ਰਾਹੀਂ ਗੁਰਿੰਦਰ ਸਿੰਘ ਨਾਲ ਮੰਤਰੀਆਂ ਦੀ ਗੱਲ ਕਰਵਾਈ ਸੀ। ਇਸ ਤੋਂ ਬਾਅਦ ਠੇਕੇਦਾਰ ਉਤੇ ਸਰਕਾਰ ਦੀ ਸਵੱਲੀ ਨਜ਼ਰ ਹੋ ਗਈ।

ਜ਼ਿਕਰਯੋਗ ਹੈ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਪਿਛਲੇ ਸਮੇਂ ਦੌਰਾਨ ਇਕ ਹੀ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਭਾਗ ਦੇ ਕੁੱਲ ਕੰਮਾਂ ਵਿਚੋਂ ਕੀਮਤ ਮੁਤਾਬਕ 60 ਫੀਸਦੀ ਤੋਂ ਵੱਧ ਕੰਮ ਨਿਯਮਾਂ ਅਤੇ ਹਦਾਇਤਾਂ ਦੀ ਅਣੇਦਖੀ ਕਰਦਿਆਂ ਅਲਾਟ ਕੀਤੇ ਸਨ। ਵਿਜੀਲੈਂਸ ਅਨੁਸਾਰ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਠੇਕੇਦਾਰ ਦੀ ਕੰਪਨੀ ਦਾ ਸਾਲਾਨਾ ਕਾਰੋਬਾਰ ਥੋੜ੍ਹੇ ਸਮੇਂ ਵਿਚ ਹੀ 4æ50 ਕਰੋੜ ਰੁਪਏ ਤੋਂ ਵਧ ਕੇ 300 ਕਰੋੜ ਰੁਪਏ ਹੋ ਗਿਆ। ਵਿਜੀਲੈਂਸ ਮੁਤਾਬਕ ਇਸ ‘ਗੱਠਜੋੜ’ ਕਾਰਨ ਸਿੰਜਾਈ ਘੁਟਾਲੇ ਰਾਹੀਂ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗਾ ਹੈ। ਸਿੰਜਾਈ ਵਿਭਾਗ ਦੇ ਕੰਮਾਂ ਦੀ ਮੁਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਸੀਨੀਅਰ ਆਈæਏæਐਸ਼ ਅਫਸਰਾਂ, ਇੰਜੀਨੀਅਰਾਂ, ਠੇਕੇਦਾਰਾਂ ਤੇ ਸਿਆਸਤਦਾਨਾਂ ਦਰਮਿਆਨ ਭ੍ਰਿਸ਼ਟਾਚਾਰ ਦੇ ਇਕ ਹਜ਼ਾਰ ਕਰੋੜ ਦਾ ਆਦਾਨ ਪ੍ਰਦਾਨ ਹੋਇਆ ਹੈ।
ਸੂਬੇ ‘ਚ ਸੱਤਾ ਤਬਦੀਲੀ ਬਾਅਦ ਵਿਜੀਲੈਂਸ ਵੱਲੋਂ ਬੇਪਰਦ ਕੀਤਾ ਗਿਆ ਇਹ ਸਭ ਤੋਂ ਵੱਡਾ ਘੁਟਾਲਾ ਮੰਨਿਆ ਜਾ ਰਿਹਾ ਹੈ। ਸਿੰਜਾਈ ਘੁਟਾਲੇ ‘ਚ ਇਕ ਠੇਕੇਦਾਰ ਰਾਤੋਂ ਰਾਤ ਅਰਬਪਤੀ ਹੀ ਨਹੀਂ ਬਣਿਆ ਸਗੋਂ ਇਕ ਅਹਿਮ ਵਿਭਾਗ ਦੇ ਇੰਜੀਨੀਅਰ ਵਿੰਗ ਦੇ ਚੀਫ ਇੰਜੀਨੀਅਰ ਤੱਕ ਦੀਆਂ ਤਾਇਨਾਤੀਆਂ ਕਰਾਉਣ ਦੇ ਵੀ ਸਮਰੱਥ ਹੋ ਗਿਆ। ਇਸ ਘੁਟਾਲੇ ਬਾਅਦ ਅਫ਼ਸਰਸ਼ਾਹੀ ਦਰਮਿਆਨ ਧੜੇਬੰਦੀ ਵੀ ਸਾਹਮਣੇ ਆਈ ਹੈ। ਕੈਪਟਨ ਸਰਕਾਰ ਦੇ ਸੀਨੀਅਰ ਅਫਸਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦੇ ਮਾਮਲੇ ਨੂੰ ਵੀ ਇਸ ਘੁਟਾਲੇ ਨਾਲ ਜੁੜੇ ਅਫਸਰਾਂ ਦੇ ਦਿਮਾਗ ਦੀ ਕਾਢ ਹੀ ਮੰਨਿਆ ਜਾ ਰਿਹਾ ਹੈ।
ਸਿੰਜਾਈ ਘੁਟਾਲੇ ਦੀ ਤਫਤੀਸ਼ ਨਾਲ ਜੁੜੇ ਵਿਜੀਲੈਂਸ ਅਫਸਰਾਂ ਨੇ ਦੱਸਿਆ ਕਿ ਪੰਜਾਬ ਦੇ ਦੋ ਸੀਨੀਅਰ ਆਈæਏæਐਸ਼ ਅਧਿਕਾਰੀਆਂ ਦਾ ਗੁਰਿੰਦਰ ਸਿੰਘ ਭਾਪਾ ਨੂੰ ਸਿੱਧਾ ਆਸ਼ੀਰਵਾਦ ਹੋਣ ਕਰ ਕੇ ਇਸ ਦਾ ਕਾਰੋਬਾਰ ਛੜੱਪੇ ਮਾਰ ਕੇ ਵਧਿਆ। ਇਨ੍ਹਾਂ ਆਈæਏæਐਸ਼ ਅਧਿਕਾਰੀਆਂ ਖਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਵਿਜੀਲੈਂਸ ਨੂੰ ਕੋਈ ਹੁਕਮ ਨਹੀਂ ਦਿੱਤਾ ਹੈ।
ਵਿਜੀਲੈਂਸ ਦੀ ਮੁਢਲੀ ਤਫ਼ਤੀਸ਼ ਮੁਤਾਬਕ ਸਾਲ 2006-07 ਦੌਰਾਨ ਗੁਰਿੰਦਰ ਸਿੰਘ ਠੇਕੇਦਾਰ ਦੀ ਕੰਪਨੀ ਦੀ ਸਾਲਾਨਾ ਆਮਦਨ ਮਹਿਜ਼ 4æ74 ਕਰੋੜ ਰੁਪਏ ਸੀ। ਅਕਾਲੀ-ਭਾਜਪਾ ਸਰਕਾਰ ਦੌਰਾਨ ਸੀਨੀਅਰ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਅਜਿਹੀ ਕਿਰਪਾ ਹੋਈ ਕਿ 2016-17 ਦੌਰਾਨ ਇਹ ਆਮਦਨ 300 ਕਰੋੜ ਤਕ ਅੱਪੜ ਗਈ।