ਸੈਂਕੜੇ ਸਦਾਬਹਾਰ ਗੀਤਾਂ ਦਾ ਰਚੈਤਾ ਰਾਮ ਸਿੰਘ ਢਿੱਲੋਂ ‘ਮਹਿਰਾਜ ਵਾਲਾ’

ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਗੀਤਕਾਰੀ ਵਿਚ ਰਾਮ ਸਿੰਘ ਢਿੱਲੋਂ ਮਹਿਰਾਜ ਵਾਲਾ ਇੱਕ ਉਹ ਸਤਿਕਾਰਤ ਨਾਂ ਹੈ, ਜਿਸ ਨੇ ਪੰਜਾਬੀ ਲੋਕ ਵਿਰਸੇ ਅਤੇ ਠੇਠ ਅਰਥਭਰਪੂਰ ਸ਼ਬਦਾਵਲੀ ਵਾਲੇ ਸਮਾਜਿਕ ਕਦਰਾਂ ਦੀ ਹਾਮੀ ਭਰਦੇ ਗੀਤ ਲਿਖ ਕੇ ਪੰਜਾਬੀ ਲੋਕ ਗਾਇਕੀ ‘ਚ ਇੱਕ ਨਵਾਂ ਇਤਿਹਾਸ ਸਿਰਜਿਆ। ਉਸ ਦੇ ਗੀਤ ਦਾ ਇੱਕ ਇੱਕ ਸ਼ਬਦ ਸਿੱਧਾ ਸਰੋਤਿਆਂ ਦੇ ਦਿਲਾਂ ‘ਚ ਉਤਰ ਜਾਂਦਾ ਹੈ।

ਇੱਕ ਵਿਲੱਖਣ ਸ਼ਖਸੀਅਤ ਰਾਮ ਸਿੰਘ ਢਿੱਲੋਂ ਵੇਖਣ ਨੂੰ ਸਿੱਧਾ-ਸਾਦਾ, ਦੇਸੀ ਜਿਹਾ ਪੇਂਡੂ ਬੰਦਾ ਜਾਪਦਾ ਹੈ ਪਰ ਸ਼ਬਦਾਂ ਦੇ ਜੋ ਕੋਕੇ ਉਸ ਨੇ ਆਪਣੇ ਗੀਤਾਂ ਵਿਚ ਜੜ੍ਹੇ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਉਸ ਦਾ ਸਹਿਜ ਸੁਭਾਅ ਲਿਖਿਆ ਗੀਤ ਵੀ ਸਰੋਤਿਆਂ ਦੀ ਪਸੰਦ ਬਣ ਜਾਂਦਾ ਸੀ। ਉਸ ਦੇ ਹਿੱਸੇ ਪੇਂਡੂ ਮਲਵਈ ਬੋਲੀਆਂ-ਅਖਾਣਾਂ ਦਾ ਖੁੱਲ੍ਹਾ ਖਜਾਨਾ ਆਇਆ ਜੋ ਉਸ ਨੇ ਗੀਤਾਂ ਵਿਚ ਰੱਜ ਕੇ ਵਰਤਿਆ। ਉਸ ਦੀ ਜਿੰ.ਦਗੀ ਬਾਰੇ ਜਾਣ ਕੇ ਇਉਂ ਮਹਿਸੂਸ ਹੁੰਦਾ ਕਿ ਕਲਾ ਦੀ ਦੇਵੀ ਸਰਸਵਤੀ ਨੇ ਜਿਵੇਂ ਉਸ ਨੂੰ ‘ਗੀਤਾਂ ਦਾ ਖਜਾਨਾ’ ਦੇਣ ਬਦਲੇ ਜ਼ਿੰਦਗੀ ਦੀਆਂ ਤਮਾਮ ਖੁਸ਼ੀਆਂ ਲੈ ਲਈਆਂ ਹੋਣ। ਉਹ ਭਾਵੇਂ ਅਨਪੜ੍ਹ ਸੀ ਪਰ ਲੇਖਣੀ ਪੱਖੋਂ ਉਹ ਸਭ ਗੁਣੀ-ਗਿਆਨੀਆਂ ਨੂੰ ਮੂਹਰੇ ਲਾਉਣ ਵਾਲਾ ਸੀ। ਟੌਰ੍ਹੇ ਵਾਲੀ ਪੱਗ ਤੋਂ ਲੱਗਦਾ ਸੀ ਜਿਵੇਂ ‘ਜਿਊਣੇ ਮੌੜ’ ਦਾ ਛੋਟਾ ਭਾਈ ਹੋਵੇ ਪਰ ਉਹ ਇੱਕ ਫੱਕਰ ਬੰਦਾ ਸੀ। ਉਸ ਨੇ ਮਜ਼ਾਹੀਆ ਤੇ ਰੁਮਾਂਟਿਕ ਗੀਤ ਲਿਖੇ, ਪਰਿਵਾਰਕ ਰਿਸ਼ਤਿਆਂ ਦੀ ਨੋਕ-ਝੋਕ ਵੀ ਲਿਖੀ ਤੇ ਲੋਕ ਗਾਥਾਵਾਂ ਵੀ ਲਿਖੀਆਂ। ਉਸ ਦੇ ਕਰੀਬ 70 ਗੀਤ ਵੱਖ ਵੱਖ ਗਾਇਕਾਂ ਨੇ ਰਿਕਾਰਡ ਕਰਵਾਏ।
ਭਾਰਤ ਦੀ ਵੰਡ ਤੋਂ ਪਹਿਲਾਂ 1941 ਵਿਚ ਪਿਤਾ ਸਰਦਾਰਾ ਸਿੰਘ ਤੇ ਮਾਤਾ ਸ਼ਾਮ ਕੌਰ ਦੇ ਘਰ ਪਿੰਡ ਨੇਈਆ ਵਾਲਾ (ਨੇੜੇ ਕਸੂਰ ਸ਼ਹਿਰ, ਪਾਕਿਸਤਾਨ) ‘ਚ ਜਨਮਿਆ ਰਾਮ ਸਿੰਘ ਇੱਕ ਭਰਾ ਤੇ ਤਿੰਨ ਭੈਣਾਂ ਦਾ ਭਰਾ ਸੀ। ਵੰਡ ਪਿਛੋਂ ਪਾਕਿਸਤਾਨ ਤੋਂ ਪਨਾਹਗੀਰ ਬਣ ਕੇ ਪੰਜਾਬ ਆਏ ਉਸ ਦੇ ਪਰਿਵਾਰ ਨੂੰ ਮਲੋਟ-ਮੁਕਤਸਰ ਰੋਡ ‘ਤੇ ਪਿੰਡ ਮਹਿਰਾਜ ਵਾਲਾ ਵਿਖੇ ਜਮੀਨ ਅਲਾਟ ਹੋਈ। ਉਦੋਂ ਪਿੰਡਾਂ ਵਿਚ ਡਰਾਮੇ ਹੋਇਆ ਕਰਦੇ ਸਨ। ਰਾਮ ਸਿੰਘ ਨੇ ਕਈ ਇਤਿਹਾਸਕ ਕਿੱਸਿਆਂ ‘ਤੇ ਆਧਾਰਤ ਗੀਤ ਲਿਖ ਕੇ ਡਰਾਮੇ ਵਾਲਿਆਂ ਨੂੰ ਦਿੱਤੇ। ਉਸ ਨੂੰ ਗਾਉਣ ਦਾ ਸ਼ੌਕ ਵੀ ਸੀ। ਕੁਝ ਸਮਾਂ ਉਸ ਨੇ ਕਵੀਸ਼ਰੀ ਵੀ ਕੀਤੀ। ਯਾਰਾਂ-ਬੇਲੀਆਂ ਦੇ ਵਿਆਹਾਂ ‘ਤੇ ਸਿਹਰੇ ਲਿਖ ਕੇ ਵੀ ਪੜ੍ਹੇ ਪਰ ਉਸ ਦਾ ਬਹੁਤਾ ਧਿਆਨ ਗੀਤਕਾਰੀ ਵੱਲ ਹੀ ਸੀ।
ਮੁਕਤਸਰ ਇਲਾਕੇ ਦੇ ਇੱਕ ਗਾਇਕ ਸਾਬਰ ਹੁਸੈਨ ਸਾਬਰ ਨੇ ਰਾਮ ਸਿੰਘ ਦੇ ਗੀਤ ਸਭ ਤੋਂ ਪਹਿਲਾਂ ਸਟੇਜਾਂ ‘ਤੇ ਗਾਏ। ਸਾਬਰ ਹੁਸੈਨ ਤੁਰਦਾ-ਫਿਰਦਾ ਖਾਨਦਾਨੀ ਮਰਾਸੀ ਗਾਇਕ ਸੀ। ਰਾਮ ਸਿੰਘ ਦਾ ਲੇਖਣੀ ਵਿਚ ਕੋਈ ਉਸਤਾਦ ਨਹੀਂ ਸੀ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਤੇ ਅਕਸਰ ਗੁਰੂ ਘਰ ਧਾਰਮਿਕ ਰਚਨਾਵਾਂ ਬੋਲਦਾ। ਸ਼ੁਰੂ ਸ਼ੁਰੂ ਵਿਚ ਉਸ ਨੇ ਪਰਿਵਾਰਕ ਨੋਕ-ਝੋਕ ਵਾਲੇ ਮਜ਼ਾਹੀਆ ਗੀਤ ਲਿਖੇ। ਗੀਤ ਤਾਂ ਉਹ ਤੁਰਿਆਂ ਜਾਂਦਾ ਹੀ ਲਿਖ ਦਿੰਦਾ। ਇੱਕ ਵਾਰੀ ਗਿੱਦੜਬਾਹਾ ਦੀ ਮਸ਼ਹੂਰ ‘ਨਸਵਾਰ’ ਵਾਲਿਆਂ ਨੇ ਉਸ ਨੂੰ ਆਪਣੇ ਦਫਤਰ ਬੁਲਾਇਆ ਤੇ ਕੋਈ ਗੀਤ ਲਿਖਣ ਬਾਰੇ ਕਿਹਾ। ਉਸ ਨੇ ਚਾਹ ਪੀਂਦੇ-ਪੀਂਦੇ ਹੀ ਗੀਤ ਲਿਖ ਦਿੱਤਾ,
ਨਾ ਮੈਂ ਮੰਗਦੀ ਸੁਰਖੀ ਪਾਊਡਰ,
ਨਾ ਮੈਂ ਮੰਗਦੀ ਹਾਰ।
ਹਾਣੀਆ ਮੈਂ ਮੰਗਦੀ,
ਮੈਂ ਮੰਗਦੀ ਇੱਕ ਚੂੰਡੀ ਨਸਵਾਰ।
ਕੰਪਨੀ ਵਾਲੇ ਬੜਾ ਖੁਸ਼ ਹੋਏ ਤੇ ਉਸ ਨੂੰ ਇਨਾਮ ਦਿੱਤਾ।
ਉਨ੍ਹਾਂ ਸਮਿਆਂ ਵਿਚ ਮਹਿਰਾਜ ਵਾਲਾ ਇਲਾਕੇ ਵਿਚ ਕੇ. ਦੀਪ ਤੇ ਜਗਮੋਹਨ ਕੌਰ ਦੇ ਪ੍ਰੋਗਰਾਮ ਬਹੁਤ ਹੁੰਦੇ ਸਨ। ਉਨ੍ਹਾਂ ਨਾਲ ਰਾਮ ਸਿੰਘ ਦੀ ਜਦ ਨੇੜਤਾ ਬਣੀ ਤਾਂ ਉਨ੍ਹਾਂ ਉਸ ਦਾ ਪਹਿਲਾ ਗੀਤ ਰਿਕਾਰਡ ਕਰਵਾਇਆ। ਇਹ ਗੀਤ ਰੇਡੀਓ ਸਟੇਸ਼ਨ ਜੰਮੂ ਤੋਂ ਵੀ ਬਹੁਤ ਵੱਜਿਆ,
ਸਿਖਰ ਦੁਪਹਿਰੇ ਚੰਨਾ
ਧੁੱਪੇ ਗੇੜੇ ਮਾਰਦੀ ਦਾ,
ਜਾਂਦਾ ਸੁੱਕਦਾ ਸਰੀਰ ਵਿਚੋਂ ਖੂਨ ਹਾਣੀਆ
ਵੇ ਖੇਤੋਂ ਘਰ ਨੂੰ ਲਵਾ ਦੇ ਟੈਲੀਫੂਨ ਹਾਣੀਆ।
ਇਸ ਗੀਤ ਪਿਛੋਂ ਕੇ. ਦੀਪ ਨੇ ਨਰਿੰਦਰ ਬੀਬਾ ਨਾਲ ਵੀ ਰਾਮ ਸਿੰਘ ਢਿੱਲੋਂ ਦੇ ਤਿੰਨ-ਚਾਰ ਗੀਤ ਰਿਕਾਰਡ ਕਰਵਾਏ। ਦੋ ਧਾਰਮਿਕ ਗੀਤ ਵੀ ਕੇ. ਦੀਪ ਨੇ ਗਾਏ। ਰਾਮ ਸਿੰਘ ਲੁਧਿਆਣੇ ਕੇ. ਦੀਪ ਦੇ ਘਰੇ ਵੀ ਜਾਂਦਾ ਰਿਹਾ। ਇੱਥੇ ਹੀ ਉਸ ਦਾ ਹੋਰਨਾਂ ਗੀਤਕਾਰਾਂ ਤੇ ਗਾਇਕਾਂ ਨਾਲ ਮੇਲ ਹੋਇਆ। ਫਿਰ ਰਾਮ ਸਿੰਘ ਦੇ ਲਿਖੇ ‘ਰੱਬ ਕਰਕੇ ਮਰੇ ਨੀ ਜੇਠ ਸੱਪ ਲੜ ਕੇ’ ਅਤੇ ‘ਮੈਂ ਫਿਰਦਾ ਵਿਕਣ ਨੂੰ, ਮੈਨੂੰ ਲੈ ਲੈ ਮੁੱਲ ਕੁੜੇ’ ਗੀਤ ਵੀ ਕੇ. ਦੀਪ ਤੇ ਨਰਿੰਦਰ ਬੀਬਾ ਦੀ ਆਵਾਜ਼ ਵਿਚ ਰਿਕਾਰਡ ਹੋਏ, ਜੋ ਬਹੁਤ ਚੱਲੇ।
ਉਸ ਵੇਲੇ ਦੀ ਨਾਮੀ ਗਾਇਕ ਜੋੜੀ ਕਰਮਜੀਤ ਧੂਰੀ ਤੇ ਸਵਰਨ ਲਤਾ ਨੇ ਢਿੱਲੋਂ ਦਾ ਦੋਗਾਣਾ ‘ਰਾਹੇ ਰਾਹੇ ਜਾਣ ਵਾਲਿਓ, ਹੁਲਾਰੇ ਖਾਣ ਵਾਲਿਓ, ਦੱਸਿਓ ਕੋਈ ਸੇਵਾ ਚਾਹ-ਪਾਣੀ ਤੋਂ ਬਿਨਾ’ ਵੀ ਰਿਕਾਰਡ ਕਰਵਾਇਆ। ਇਸ ਤੋਂ ਇਲਾਵਾ ਗੁਰਚਰਨ ਪੋਹਲੀ-ਪ੍ਰੋਮਿਲਾ ਪੰਮੀ, ਜਸਵੰਤ ਸੰਦੀਲਾ-ਪਰਮਿੰਦਰ ਸੰਧੂ, ਕਰਤਾਰ ਰਮਲਾ ਆਦਿ ਗਾਇਕਾਂ ਨੇ ਉਸ ਦੇ ਕਈ ਗੀਤ ਸਟੇਜਾਂ ‘ਤੇ ਗਾਏ ਅਤੇ ਰਿਕਾਰਡ ਕਰਵਾਏ। ਕਰਤਾਰ ਰਮਲੇ ਤੇ ਕੁਲਦੀਪ ਕੌਰ ਦੀ ਆਵਾਜ਼ ਵਿਚ ਦਿਲਚਸਪ ਵਾਰਤਾਲਾਪ ਵਾਲਾ ਰਾਮ ਸਿੰਘ ਦਾ ਇੱਕ ਦੋਗਾਣਾ ਬਹੁਤ ਚੱਲਿਆ ਜੋ ਉਸ ਦੀ ਨਿਜੀ ਜ਼ਿੰਦਗੀ ਦੇ ਬਹੁਤ ਨੇੜੇ ਸੀ,
ਮੈਨੂੰ ਦੱਸ ਦੇਹ ਇਸ ਭਣਵੀਏ ਦੇ,
ਬੂਥੇ ‘ਤੇ ਬਹੁਕਰ ਮਾਰੀ ਕਿਉਂ?
ਜਦ ਕੇ. ਦੀਪ ਦੀ ਆਵਾਜ਼ ਵਿਚ ਉਸ ਦਾ ਗੀਤ “ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿਚ ਸਰੋਂ ਦਾ ਫੁੱਲ ਕੁੜੇ; ਮੈਂ ਫਿਰਦਾ ਵਿਕਣ ਨੂੰ, ਮੈਨੂੰ ਲੈ ਲੈ ਮੁੱਲ ਕੁੜੇ” ਰਿਕਾਰਡ ਹੋਇਆ ਤਾਂ ਇਲਾਕੇ ਦਾ ਇੱਕ ਗਾਇਕ ਇਸ ਗੀਤ ਨੂੰ ਆਪਣਾ ਦੱਸ ਕੇ ਰਾਇਲਟੀ ਲੈਣ ਦੇ ਚੱਕਰਾਂ ਵਿਚ ਫਿਰਦਾ ਸੀ, ਜਿਸ ਲਈ ਰਾਮ ਸਿੰਘ ਢਿੱਲੋਂ ਨੂੰ ਆਪਣੇ ਸ਼ਾਗਿਰਦ ਸੁਰਜੀਤ ਸਿੰਘ ਚਮਕ ਨਾਲ ਦਿੱਲੀ ਐਚ. ਐਮ. ਵੀ. ਕੰਪਨੀ ਦੇ ਦਫਤਰ ਵੀ ਜਾਣਾ ਪਿਆ। ਉਥੇ ਉਸ ਵੇਲੇ ਜ਼ਹੀਰ ਅਹਿਮਦ ਨੇ ਦੋਵਾਂ ਗੀਤਕਾਰਾਂ ‘ਚੋਂ ਅਸਲ ਦੀ ਪਛਾਣ ਕਰਨ ਲਈ ਇਨ੍ਹਾਂ ਨੂੰ ਘਰਵਾਲੀ ਦੀਆਂ ਫਰਮਾਇਸ਼ਾਂ ਤੇ ਲਾਰਿਆਂ ਵਾਲੀ ਵਾਰਤਾਲਾਪ ਦਾ ਇੱਕ ਵਿਸ਼ਾ ਦੇ ਕੇ ਗੀਤ ਲਿਖਣ ਨੂੰ ਕਿਹਾ। ਰਾਮ ਸਿੰਘ ਨੇ ਤਾਂ ਝੱਟ ਲਿਖ ਦਿੱਤਾ,
(ਔਰਤ) ਰੋਜ਼ ਆਖਦੀ ਜੱਟਾ ਵੇ,
ਕਰਾ ਦੇਹ ਮੈਨੂੰ ਵਾਲੀਆਂ।
(ਮਰਦ) ਸਹਿਜ ਪਕੇ ਸੋ ਮਿੱਠਾ ਨੀ,
ਤੂੰ ਕਰ ਨਾ ਬਿੱਲੋ ਕਾਹਲੀਆਂ।
ਜਦਕਿ ਨਕਲੀ ਰਾਮ ਸਿੰਘ ਕੁਝ ਨਾ ਲਿਖ ਸਕਿਆ।
ਸੁਰਜੀਤ ਚਮਕ ਨੇ ਦੱਸਿਆ ਕਿ ਇੱਕ ਵਾਰ ਕੁਲਦੀਪ ਮਾਣਕ ਮਲੋਟ ਨੇੜੇ ਪਿੰਡ ਝੋਰੜਾਂ ਅਖਾੜਾ ਲਾਉਣ ਆਇਆ। ਉਸ ਨੇ ਰਾਮ ਸਿੰਘ ਢਿੱਲੋਂ ਦੇ ਗੀਤਾਂ ਦੀ ਕਾਪੀ ਮਾਣਕ ਨੂੰ ਵਿਖਾਉਣੀ ਚਾਹੀ ਤਾਂ ਉਹ ਅੱਗੋਂ ਭੱਜ ਕੇ ਪਿਆ, ‘ਜਣਾ-ਖਣਾ ਈ ਕਾਪੀ ਚੁੱਕੀ ਫਿਰਦਾ।’ ਜਦ ਉਸ ਨੇ ਕਿਹਾ, ‘ਮਾਣਕਾ, ਪਹਿਲਾਂ ਗੀਤ ਤਾਂ ਵੇਖ ਲੈ, ਆਹ ਗੱਲ ਫੇਰ ਆਖੀਂ।’ ਜਦ ਮਾਣਕ ਨੇ ਗੀਤ ਵੇਖੇ ਤਾਂ ਹੈਰਾਨ ਰਹਿ ਗਿਆ। ਕਹਿਣ ਲੱਗਾ, ਕਾਪੀ ਮੈਨੂੰ ਦੇ ਜਾਹ। ਪਰ ਉਸ ਨੇ ਕਾਪੀ ਨਾ ਦਿੱਤੀ। ਫੇਰ ਇੱਕ ਦਿਨ ਮਾਣਕ ਖੁਦ ਪਿੰਡ ਮਹਿਰਾਜ ਵਾਲਾ ਰਾਮ ਸਿੰਘ ਕੋਲ ਖੇਤ ਆਇਆ। ਮਾਣਕ ਨੇ ਸਭ ਤੋਂ ਪਹਿਲਾਂ ਉਸ ਦੀ ਲਿਖਤ ‘ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ’ ਰਿਕਾਰਡ ਕਰਵਾਈ।
ਗਾਇਕ ਪ੍ਰੀਤਮ ਬਰਾੜ ਢਿੱਲੋਂ ਦੇ ਨੇੜਲੇ ਪਿੰਡ ਦਾ ਹੀ ਸੀ। ਉਦੋਂ ਉਹ ਗਾਇਕੀ ਖੇਤਰ ਵਿਚ ਆਉਣ ਲਈ ਹੱਥ ਪੈਰ ਮਾਰ ਰਿਹਾ ਸੀ ਤੇ ਅਕਸਰ ਢਿੱਲੋਂ ਕੋਲ ਗੀਤ ਲੈਣ ਆਉਂਦਾ। ਉਸ ਨੇ ਪ੍ਰੀਤਮ ਨੂੰ ਕਈ ਗੀਤ ਦਿੱਤੇ ਤੇ ਉਸ ਨੂੰ ਮਾਣਕ ਦਾ ਚੇਲਾ ਬਣਾਇਆ।
ਕੁਲਦੀਪ ਮਾਣਕ ਦੀ ਗਾਇਕੀ ਨੂੰ ਸਿਖਰਾਂ ‘ਤੇ ਲੈ ਜਾਣ ਲਈ ਦੇਵ ਥਰੀਕੇ ਦਾ ਸ਼ੁਰੂ ਤੋਂ ਹੀ ਸਾਥ ਰਿਹਾ ਹੈ ਪਰ ਜਦ ਦੇਵ ਦਾ ਲਿਖਿਆ ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ‘ਜਿਊਣਾ ਮੌੜ’ ਅਤੇ ‘ਭਗਤ ਸਿੰਘ’ ਦਾ ਓਪੇਰਾ ਹਿੱਟ ਹੋਇਆ ਤਾਂ ਮਾਣਕ ਨੂੰ ਜਾਪਿਆ ਜਿਵੇਂ ਦੇਵ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੋਵੇ। ਮੁਕਾਬਲੇ ਦੇ ਉਸ ਦੌਰ ਵਿਚ ਰਾਮ ਸਿੰਘ ਢਿੱਲੋਂ ਲਈ ‘ਦੋ ਗੱਭਰੂ ਪੰਜਾਬ ਦੇ’ ਦਾ ਮੈਟਰ ਲਿਖਣਾ ਇੱਕ ਵੱਡੀ ਚੁਣੌਤੀ ਸੀ। ਮਾਣਕ ਨੇ ਉਸ ਦੀ ਖੜ੍ਹੇ ਪੈਰ ਓਪੇਰਾ ਲਿਖਣ ਦੀ ਡਿਊਟੀ ਲਾ ਦਿੱਤੀ ਤੇ ਇੱਕ ਸਾਦੇ ਜਿਹੇ ਸਟੂਡੀਓ ‘ਚ ਰਿਕਾਰਡ ਕਰ ਕੈਸਿਟ ਰਿਲੀਜ਼ ਕਰ ਦਿੱਤੀ, ਜਿਸ ਨੇ ਆਸ ਤੋਂ ਕਿਤੇ ਵੱਧ ਪ੍ਰਸਿੱਧੀ ਹਾਸਲ ਕੀਤੀ। ਮਾਣਕ ਲਈ ਰਾਮ ਸਿੰਘ ਨੇ ਜੋ ਵੀ ਗੀਤ ਲਿਖੇ, ਉਸ ਦੀ ਗਾਇਕੀ ਦਾ ਇਤਿਹਾਸ ਬਣੇ। ਕਈ ਗੀਤਾਂ ਵਿਚ ਤਾਂ ਉਹ ਮਾਣਕ ਦੇ ‘ਖਾਸ ਗੀਤਕਾਰਾਂ’ ਨੂੰ ਵੀ ਮਾਤ ਪਾ ਜਾਂਦਾ ਸੀ। ‘ਦੋ ਗੱਭਰੂ ਪੰਜਾਬ ਦੇ’ (ਭਗਤ ਸਿੰਘ ਦੇ ਓਪੇਰੇ) ਵਿਚ ਭਗਤ ਸਿੰਘ ਦੇ ਸਾਥੀਆਂ ਵਲੋਂ ਸਾਂਡਰਸ ਨੂੰ ਮਾਰਨ ਦੀ ਸਕੀਮ ਨੂੰ ਗੀਤਕਾਰ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਬਿਆਨ ਕੀਤਾ,
ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ,
ਕਸੂਤਾ ਜੱਭ ਪੈ ਗਿਆ।
ਐਸ਼ ਪੀ. ਦਾ ਕਾਲ ਮੋਢਿਆਂ ‘ਤੇ ਭੱਜ ਕੇ,
ਡੀ. ਐਸ਼ ਪੀ. ਦੇ ਬਹਿ ਗਿਆ।
ਕਾਲਾ ਸੂਟ ਸਿਰ ‘ਤੇ ਸਜਾਇਆ ਹੈਟ ਸੀ,
ਫਿੱਟ ਫਿੱਟ ਮੋੜ’ਤਾ,
ਮਾਰਨਾ ਸੀ ਜ਼ਾਲਮ ਸਕਾਡਾ ਐਸ਼ ਪੀ.,
ਸਾਂਡਰਸ ਰੋੜ੍ਹ’ਤਾ।
ਢਿੱਲੋਂ ਦੀ ਸਿਫਤ ਸੀ ਕਿ ਉਹ ਆਪਣੇ ਗੀਤ ਵਿਚ ਇੱਕੋ ਹੀ ਸ਼ਬਦ ਦੁਬਾਰਾ ਨਹੀਂ ਸੀ ਲਿਖਦਾ। ਗੀਤ ਦੇ ਵਿਸ਼ੇ ਅਨੁਸਾਰ ਸ਼ਬਦਾਂ ਦੀ ਚੋਣ ਕਰਨ ਵਿਚ ਉਹ ਬਹੁਤ ਮਾਹਿਰ ਸੀ। ਇੱਕ ਹੀ ਅੰਤਰੇ ਵਿਚ ਪੂਰੀ ਘਟਨਾ ਦਾ ਵਰਣਨ ਕਰ ਦਿੰਦਾ,
ਖਾਤਾ ਨੱਕੀ ਕਰਕੇ ਲਾਹੌਰ ਵੜੇ ਸੀ,
ਪਤਾ ਨ੍ਹੀਂ ਕਿਥੋਂ ਲੰਘ’ਗੇ।
ਮਰ੍ਹਾਜ ਵਾਲੇ ਮੋੜਾਂ ‘ਤੇ ਸਿਪਾਹੀ ਖੜ੍ਹੇ,
ਉਹ ਥਰ ਥਰ ਕੰਬ’ਗੇ।
ਇੱਕ ਢਿੱਲੋਂ ਢਾਣੀ ‘ਚ ਲੰਮਾ ਜਿਹਾ ਸਿੱਖ ਸੀ
ਕਿਸੇ ਨੇ ਭਾਂਡਾ ਫੋੜ’ਤਾ।
ਮਾਰਨਾ ਸੀ ਜਾਲਮ ਸਕਾਡਾ ਐਸ਼ ਪੀ.,
ਓ ਸਾਂਡਰਸ ਰੋੜ੍ਹ’ਤਾ।
ਜਿਸ ਨੇ ਰਾਮ ਸਿੰਘ ਢਿੱਲੋਂ ਦਾ ਲਿਖਿਆ ‘ਸਦਾ ਸੂਰਮੇ ਸਮਝਣ ਧੀ ਤੇ ਭੈਣ ਬੇਗਾਨੀ ਨੂੰ’ ਨਹੀਂ ਸੁਣਿਆ, ਸਮਝੋ ਉਸ ਨੇ ਕੁਲਦੀਪ ਮਾਣਕ ਸੁਣਿਆ ਹੀ ਨਹੀਂ। ਮਾਲਵੇ ਦੇ ਦੋ ਨਾਮੀ ਡਾਕੂਆਂ ਵਲੋਂ ਬੀੜ ਵਿਚ ਸ਼ਿਕਾਰ ਭੁੰਨਣ, ਇੱਕ ਅਬਲਾ ਨੂੰ ਬਦਮਾਸ਼ਾਂ ਤੋਂ ਬਚਾ ਕੇ ਉਸ ਦੇ ਸਿਰ ‘ਤੇ ਭਰਾ ਬਣ ਕੇ ਹੱਥ ਰੱਖਣ ਤੇ ਵਿਆਹ ਵਿਚ ਛੱਕ ਪੂਰਨ ਦੇ ਵਾਅਦੇ ਦੀ ਲੰਬੀ ਲੋਕ ਗਾਥਾ ਦਾ ‘ਕਲਾ ‘ਕੱਲਾ ਸ਼ਬਦ ਉਸ ਨੇ ਖੂਬ ਪਰੋਇਆ ਹੈ। ਗੀਤ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਕੁਮੈਂਟਰੀ ਸਰੋਤਿਆ ਦੇ ਮਨਾਂ ਵਿਚ ਉਤਸੁਕਤਾ ਪੈਦਾ ਕਰਦੀ ਹੈ ਤੇ ਇੱਕ ਇੱਕ ਸੀਨ ਦੀ ਪੇਸ਼ਕਾਰੀ ਕਹਾਣੀ ਨੂੰ ਅੱਗੇ ਤੋਰਦੀ ਹੈ,
ਗਿਆਰਾਂ ਗੋਲੀਆਂ ਨਾਲ ਮਸਾਂ ਢਿੱਡ ਭਰਦਾ ਬੈਤਲ ਦਾ
ਫੈਰ ਥਰੀ ਨਟ ਥਰੀ 86 ਨੰਬਰ ਰੈਫਲ ਦਾ।
ਬੰਦੇ ਨਹੀਂ ਜੋ ਤੱਕਣ, ਛੇੜਨ ਇੱਜਤ ਬੇਗਾਨੀ ਨੂੰ।
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ।
ਨਿਜੀ ਜ਼ਿੰਦਗੀ ਵਿਚ ਉਸ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਸਿੱਧੇ-ਸਾਧੇ ਜੱਟ ਦੇ ਘਰ ਜਦ ਚਤੁਰ ਜਨਾਨੀ ਦਾ ਵਸੇਬਾ ਆ ਹੋਇਆ ਤਾਂ ਇਹ ਫੱਕਰ ਬੰਦਾ ਜ਼ਿੰਦਗੀ ਨਾਲੋਂ ਟੁੱਟ ਕੇ ਨਸ਼ਿਆਂ ਦਾ ਗੁਲਾਮ ਹੋ ਗਿਆ। ਉਸ ਦੀ ਹਾਲਤ ‘ਸਰਪੰਚ’ ਫਿਲਮ ਦੇ ‘ਨਹੀਂਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣਗੇ’ ਗਾਉਂਦੇ ਸ਼ਰਾਬੀ ਯੋਗੇਸ਼ ਛਾਬੜਾ ਵਰਗੀ ਹੋ ਗਈ। ਵੱਡੇ ਭਰਾ ਸਰਪੰਚ ਲਛਮਣ ਸਿੰਘ ਨੇ ਉਸ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ ਪਰ ਸਭ ਬੇਕਾਰ ਰਹੇ।
ਰਾਮ ਸਿੰਘ ਦੇ ਬਹੁਤੇ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿਚ ਰਿਕਾਰਡ ਹੋਏ, ਜਿਨ੍ਹਾਂ ਵਿਚ ਤਿੰਨ ਉਪੇਰੇ ‘ਡਾਕੂ ਹਰਫੂਲ ਸਿੰਘ’, ‘ਬਾਬਾ ਬੰਦਾ ਸਿੰਘ ਬਹਾਦਰ’ ਤੇ ‘ਦੋ ਗੱਭਰੂ ਪੰਜਾਬ ਦੇ’ ਵੀ ਸ਼ਾਮਲ ਹਨ। ਉਸ ਨੇ ਬਹੁਤ ਸਾਰੇ ਧਾਰਮਿਕ ਗੀਤ ਲਿਖੇ ਪਰ ਰਿਕਾਰਡ ਬਹੁਤ ਘੱਟ ਹੋਏ। ਜਸਵੰਤ ਸਿੰਘ ਸ਼ੌਂਕੀ ਜਲਾਲਾਬਾਦੀ ਨੇ ਰਾਮ ਸਿੰਘ ਦੀਆਂ ਲਿਖੀਆਂ ਵਾਰਾਂ ‘ਹਰੀ ਸਿੰਘ ਨਲੂਆ’, ‘ਬੰਦਾ ਸਿੰਘ ਬਹਾਦਰ’ ਅਤੇ ‘ਦਸ਼ਮੇਸ਼ ਪਿਤਾ ਦੀ ਸਿਫਤ’ ਰਿਕਾਰਡ ਕਰਵਾਈਆਂ। ਕੁਝ ਨਾਮੀ ਗੀਤਕਾਰਾਂ ਨੇ ਉਸ ਦੇ ਗੀਤਾਂ ‘ਤੇ ਆਪਣੇ ਨਾਂ ਦੀ ਮੋਹਰ ਵੀ ਲਾਈ। ਉਸ ਦੇ ਰਿਕਾਰਡ ਚਰਚਿਤ ਗੀਤਾਂ ਦੇ ਕੁਝ ਮੁਖੜੇ ਹਨ:
-ਸਦਾ ਸੂਰਮੇ ਸਮਝਣ ਧੀ ਤੇ ਭੈਣ ਬੇਗਾਨੀ ਨੂੰ
-ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ
-ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ ਕਸੂਤਾ ਜੱਭ ਪੈ ਗਿਆ
-ਜਵਾਨੀ ਜੜ੍ਹਾਂ ਪੁੱਟਣ ਨੂੰ ਕਾਹਲੀ, ਹਾਏ ਜ਼ਾਲਮ ਸਰਕਾਰ ਦੀਆਂ
-ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ, ਨੀ ਐਵੇ ਹਉਕਾ ਖਿੱਚ ਜਾਣਗੇ
-ਫੱਤੂ ਯਾਰ (ਸਾਰੇ ਕੁਲਦੀਪ ਮਾਣਕ)
-ਹਰੀਆਂ ਕਣਕਾਂ ਹਰੀਆਂ ਪੈਲੀਆਂ
-ਖੇਤੋਂ ਘਰ ਨੂੰ ਲਵਾ ਦੇ ਟੈਲੀਫੂਨ ਹਾਣੀਆ (ਕੇ. ਦੀਪ-ਜਗਮੋਹਨ)
-ਰੱਬ ਕਰਕੇ ਮਰੇ ਨੀ ਜੇਠ ਸੱਪ ਲੜ ਕੇ (ਕੇ. ਦੀਪ-ਨਰਿੰਦਰ ਬੀਬਾ)
-ਮੈਂ ਮੁਫਤੀ ਵੇਖੀ ਪਿਕਚਰ, ਬੇਬੇ ਤੇ ਲੜ ਪਏ ਜੇਠ (ਜਸਵੰਤ ਸੰਦੀਲਾ-ਪਰਮਿੰਦਰ ਸੰਧੂ)
-ਦੱਸੋ ਭਲਾ ਕੀ ਬੀਤਦੀ, ਏਨ੍ਹਾਂ ਧੀਆਂ ਬੇਜ਼ੁਬਾਨੀਆਂ ਦੇ ਨਾਲ (ਪ੍ਰੀਤਮ ਬਰਾੜ)
ਰਾਮ ਸਿੰਘ ਦੀ ਕਈ ਸ਼ਾਗਿਰਦਾਂ ‘ਚੋਂ ਸਾਹਿਤਕਾਰ ਸੁਰਜੀਤ ਸਿੰਘ ਚਮਕ, ਗੁਰਜੰਟ ਸਿੰਘ ਜੰਟਾ (ਮਹਿਰਾਜ ਵਾਲਾ) ਤੇ ਪ੍ਰੀਤਮ ਬਰਾੜ ਨਾਲ ਬੜੀ ਨੇੜਤਾ ਸੀ। ਸੁਰਜੀਤ ਸਿੰਘ ਚਮਕ ਦਾ ਕਹਿਣਾ ਹੈ, “ਰਾਮ ਸਿੰਘ ਇੱਕ ਵਧੀਆ ਲਿਖਾਰੀ ਸੀ। ਮੇਰੇ ਨਾਲ ਉਸ ਦਾ ਦਿਲੀ ਪਿਆਰ ਸੀ। ਮੈਂ ਉਦੋਂ ਨਾਲ ਦੇ ਪਿੰਡ ਬਿਜਲੀ ਮਹਿਕਮੇ ਵਿਚ ਸਾਂ, ਉਹ ਅਕਸਰ ਮੇਰੇ ਕੋਲ ਦਫਤਰ ਆ ਜਾਂਦਾ ਸੀ।”
ਗੁਰਜੰਟ ਸਿੰਘ ਜੰਟਾ ਵੀ ਰਾਮ ਸਿੰਘ ਨਾਲ ਬਹੁਤ ਸਮਾਂ ਰਿਹਾ। ਉਸ ਨੂੰ ਵੀ ਉਦੋਂ ਗਾਉਣ ਅਤੇ ਲਿਖਣ ਦਾ ਸ਼ੌਕ ਸੀ। ਰਾਮ ਸਿੰਘ ਦੇ ਲਿਖੇ ਗੀਤ ਉਹ ਗਾਉਂਦਾ ਰਿਹਾ ਪਰ ਗਰੀਬੀ ਕਰਕੇ ਉਭਰ ਨਾ ਸਕਿਆ। ਗੁਰਜੰਟ ਸਿੰਘ ਜੰਟਾ ਮੁਤਾਬਕ ਰਾਮ ਸਿੰਘ ਜ਼ਿਆਦਾਤਰ ਪੈਰਾਂ ਭਾਰ ਬਹਿ ਕੇ ਜਮੀਨ ‘ਤੇ ਕਾਪੀ ਰੱਖ ਕੇ ਲਿਖਦਾ। ਕੋਈ ਵੀ ਘਟਨਾ ਵੇਖਦਿਆਂ ਹੀ ਉਹ ਗੀਤ ਲਿਖ ਦਿੰਦਾ। ਇੱਕ ਵਾਰ ਉਹ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਲੈਣ ਗਿਆ ਤਾਂ ਬਾਣੀਏ ਦੀ ਘਰ ਵਾਲੀ ਦੁਕਾਨ ‘ਤੇ ਨੰਗੇ ਮੂੰਹ ਬੈਠੀ ਸੀ ਤੇ ਉਸ ਨੂੰ ਵੇਖ ਘੁੰਡ ਕੱਢਣਾ ਭੁੱਲ ਗਈ। ਰਾਮ ਸਿੰਘ ਨੇ ਗੀਤ ਲਿਖ ਦਿੱਤਾ,
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ ਨੀ,
ਐਵੇਂ ਹਉਕਾ ਖਿੱਚ ਜਾਣਗੇ।
ਤੈਨੂੰ ਵੇਖ ਕੇ ਦੁਪਹਿਰੇ ਡਾਕੇ ਮਾਰਨੇ
ਜੱਟਾਂ ਦੇ ਪੁੱਤ ਸਿੱਖ ਜਾਣਗੇ।
ਰਾਮ ਸਿੰਘ ਵਿਆਹ ਸਾਦੀਆਂ ਮੌਕੇ ਸਿਹਰੇ ਲਿਖਣ ਅਤੇ ਪੜ੍ਹਨ ਦਾ ਬਹੁਤ ਮਾਹਰ ਸੀ। ਉਸ ਦਾ ਲਿਖਿਆ ਸਿਹਰਾ ਸ਼ਬਦਾਵਲੀ ਪੱਖੋਂ ਇੱਕ ਦੂਜੇ ਨਾਲ ਨਹੀਂ ਸੀ ਮਿਲਦਾ, ਹਰ ਵਾਰੀ ਉਹ ਨਵੀਂ ਗੱਲ ਲਿਖਦਾ। ਇੱਕ ਗੱਲ ਹੈਰਾਨੀ ਵਾਲੀ ਹੈ ਕਿ ਰਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਐਨੀ ਜਾਣਕਾਰੀ ਨਹੀਂ ਮਿਲੀ, ਜਿੰਨੀ ਪਿੰਡ ਵਾਲਿਆਂ ਤੋਂ ਮਿਲੀ। ਪਰਿਵਾਰ ਤੋਂ ਤਾਂ ਉਸ ਦੀ ਕੋਈ ਤਸਵੀਰ ਵੀ ਨਾ ਸੰਭਾਲ ਹੋਈ। ਪਿੰਡ ਦੇ ਸਰਪੰਚ ਜਗਸ਼ੀਰ ਸਿੰਘ ਨੇ ਬਜ਼ੁਰਗਾਂ ਦੀ ਇੱਕ ਪੁਰਾਣੀ ਵਿਆਹ ਦੀ ਐਲਬਮ ਵਿਚੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ।
ਰਾਮ ਸਿੰਘ ਦੇ ਆਪਣੀ ਕੋਈ ਔਲਾਦ ਨਹੀਂ ਸੀ। ਉਸ ਨੇ ਆਪਣੇ ਭਰਾ ਲਛਮਣ ਸਿੰਘ ਦੇ ਤਿੰਨ ਪੁੱਤਰਾਂ ‘ਚੋਂ ਇਕ ਗੁਰਮੀਤ ਸਿੰਘ ਨੂੰ ਮੁਤਬੰਨਾ ਪੁੱਤ ਬਣਾਇਆ ਜੋ ਅੱਜ ਕੱਲ ਫੌਜ ਵਿਚ ਹੈ। ਦੋ ਭਤੀਜੇ ਪਿੰਡ ਖੇਤੀ ਕਰਦੇ ਹਨ। ਜਵਾਨੀ ਉਮਰੇ ਹੱਡੀਂ ਰਚੇ ਨਸ਼ਿਆਂ ਨੇ ਮਹਿਜ 45 ਸਾਲ ਦੀ ਉਮਰੇ ਉਸ ਨੂੰ ਮੌਤ ਦੇ ਵੱਸ ਪਾ ਦਿੱਤਾ। ਅਕਤੂਬਰ 1986 ਵਿਚ ਗੀਤਕਾਰੀ ਦਾ ਕੀਮਤੀ ਹੀਰਾ ਪੰਜਾਬੀ ਗਾਇਕੀ ਦੇ ਸੁਨਹਿਰੇ ਮੁਕਟ ਵਿਚੋਂ ਸਦਾ ਲਈ ਅਲੋਪ ਹੋ ਗਿਆ। ਪੰਜਾਬੀ ਗੀਤਕਾਰੀ ਵਿਚ ਰਾਮ ਸਿੰਘ ਢਿੱਲੋਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਵੱਜਦੇ ਰਹਿਣਗੇ। ਪਿੰਡ ਵਾਸੀਆਂ ਨੂੰ ਇਸ ਗੀਤਕਾਰ ਦੀ ਕਲਮ ‘ਤੇ ਸਦਾ ਮਾਣ ਰਹੇਗਾ ਜਿਸ ਨੇ ਆਪਣੇ ਗੀਤਾਂ ਰਾਹੀਂ ਪਿੰਡ ਦਾ ਨਾਂ ਚਮਕਾਇਆ।