ਦੇਹ ਵਰਤਾਰਿਆਂ ਨਾਲ ਜੁੜੀਆਂ ਤਿਫਲ ਤਸੱਲੀਆਂ ਤੇ ਨਾਰੀ ਸਰੋਕਾਰ

ਆਦਿ ਕਾਲੀਨ ਭਾਰਤੀ ਵਿਚਾਰਧਾਰਾ ਵਿਚ ਨਾਰੀ ਨੂੰ ਜੁੱਤੀ ਸਮਾਨ ਅਤੇ ਤਾੜਨ ਕੇ ਅਧਿਕਾਰੀ ਕਹਿ ਕੇ ਛੁਟਿਆਇਆ ਗਿਆ ਹੈ। ਇਹ ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ Ḕਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨḔ ਆਖ ਕੇ ਔਰਤ ਨੂੰ ਸਨਮਾਨਯੋਗ ਰੁਤਬਾ ਬਖਸ਼ਿਆ। ਹਥਲੇ ਲੇਖ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਮਹਿਲ ਮਾਤਾ ਸਾਹਿਬ ਦੇਵਾਂ ਦੇ ਹਵਾਲੇ ਨਾਲ ਸਿੱਖ ਧਰਮ ਵਿਚ ਔਰਤ ਦੇ ਉਚੇਰੇ ਸਥਾਨ ਦੀ ਗੱਲ ਕਰਦਿਆਂ ਕਿਹਾ ਹੈ ਕਿ

ਇਸ ਤੋਂ ਪਹਿਲਾਂ “ਨਾਰੀ ਦਾ ਸਭਿਆਚਾਰਕ ਪ੍ਰਸੰਗ ਤਾਂ ਪ੍ਰਾਪਤ ਸੀ, ਪਰ ਨਾਰੀ ਦਾ ਅਧਿਆਤਮਕ ਪ੍ਰਸੰਗ ਸਿੱਖ ਧਰਮ ਨੇ ਹੀ ਸਾਹਮਣੇ ਲਿਆਂਦਾ ਹੈ। ਗੁਰੂ ਮਹਿਲਾਂ ਦੇ ਹਵਾਲੇ ਨਾਲ ਇਸ ਦਾ ਸਿਧਾਂਤਕ ਪ੍ਰਸੰਗ ਅਜੇ ਤੱਕ ਸਾਹਮਣੇ ਨਹੀਂ ਆਇਆ।” -ਸੰਪਾਦਕ

ਬਲਕਾਰ ਸਿੰਘ ਪਟਿਆਲਾ

ਅਧਿਆਤਮਕਤਾ ਦੇ ਇਤਿਹਾਸ ਵਿਚ ਲਿੰਗ ਭੇਦ ਨੂੰ ਲੈ ਕੇ ਜੋ ਤੱਥ ਪ੍ਰਾਪਤ ਹਨ, ਮਰਦ ਅਤੇ ਔਰਤ ਨੂੰ ਇਨਸਾਨੀ ਵਜੂਦ ਦੀਆਂ ਵੱਖ ਵੱਖ ਇਕਾਈਆਂ ਵਾਂਗ ਹੀ ਲੈਂਦੇ ਆ ਰਹੇ ਹਨ। ਇਹੋ ਜਿਹੀ ਪੱਕੀ ਵੰਡ ਲਗਾਤਾਰ ਮਾਦਾ-ਚੰਗਿਆਈਆਂ ਅਤੇ ਨਰ-ਚੰਗਿਆਈਆਂ ਵਾਂਗ ਹੀ ਸਾਹਮਣੇ ਆਉਂਦੀ ਰਹੀ ਹੈ। ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਗਿਆ ਕਿ ਮਾਂ-ਪ੍ਰਧਾਨ ਭਾਈਚਾਰਿਆਂ ਵਿਚ ਵੀ ਪਿਉ-ਪ੍ਰਧਾਨ ਸਭਿਆਚਾਰ ਦੀ ਸਰਦਾਰੀ ਕਿਉਂ ਰਹੀ ਹੈ?
ਨਰ-ਮਾਦਾ ਦੀ ਪ੍ਰਾਪਤ ਵੰਡ ਨਾਲ ਕੁਦਰਤ ਦਾ ਉਹ ਕਾਨੂੰਨ ਵੰਗਾਰਿਆ ਗਿਆ ਸੀ, ਜਿਸ ਦਾ ਆਧਾਰ “ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ” ਹੈ। ਭਗਤ ਕਬੀਰ ਨੇ ਇਸ ਜੋਤਿ ਪ੍ਰਸੰਗ ਦਾ ਨਰ-ਨੈਰੇਟਿਵ ਸਾਹਮਣੇ ਲਿਆਉਂਦਿਆਂ ਜਨਮ ਆਧਾਰਤ ਸਮਾਜਕ ਵੰਡੀਆਂ ਦਾ ਆਲੋਚਨਾਤਮਕ ਮੁਲੰਕਣ ਇਸ ਤਰ੍ਹਾਂ ਸਾਹਮਣੇ ਲਿਆਂਦਾ ਹੈ:
ਗਉੜੀ ਕਬੀਰ ਜੀ ਕੀ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥੧॥ ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਾ ਦੂਧ॥੩॥
ਸਿੱਖ ਧਰਮ ਨੇ ਇਹ ਪਹਿਲੀ ਵਾਰ ਸਾਹਮਣੇ ਲਿਆਂਦਾ ਕਿ ਨਰ ਅਤੇ ਨਾਰੀ ਦੀ ਪਛਾਣ ਦੇ ਕੁਦਰਤੀ ਵਖਰੇਵਿਆਂ ਨੂੰ ਮਾਨਵ ਸਿਰਜਤ ਸ਼ੋਸ਼ਿਤ ਮਾਡਲਾਂ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ।
ਨਾਰੀ ਨੂੰ ਉਸ ਦੇ ਦੇਹੀ ਸਰੋਕਾਰਾਂ ਤੱਕ ਮਹਿਦੂਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੈਮਟਿਕ ਧਰਮਾਂ ਦੀ ਤਾਂ ਗੱਲ ਹੀ ਛੱਡੋ ਕਿਉਂਕਿ ਉਥੇ ਨਾਰੀ ਨੂੰ ਉਥੋਂ ਦੀਆਂ ਸਮਾਜਕ ਲੋੜਾਂ ਮੁਤਾਬਕ ਵਰਤੇ ਜਾਣ ਨੂੰ ਸਿਧਾਂਤਕਤਾ ਵਿਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮਾਤਾ ਸਾਹਿਬ ਕੌਰ ਨੂੰ ਸਿੱਖ ਬੀਬੀਆਂ ਦੇ ਪ੍ਰਸੰਗ ਵਿਚ ਨਾਰੀ ਸਸ਼ਕਤੀਕਰਣ ਦੇ ਬਿੰਬ ਵਜੋਂ ਵਿਚਾਰਿਆ ਜਾ ਰਿਹਾ ਹੈ। ਇਸ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਸਮਾਦੀ ਉਸਾਰ ਦੀਆਂ ਸੰਭਾਵਨਾਵਾਂ ਨੂੰ ਨਰ ਤੇ ਨਾਰੀ ਦੀਆਂ ਕੋਟੀਆਂ ਵਿਚ ਨਹੀਂ ਵੰਡਿਆ ਜਾ ਸਕਦਾ।
ਨਾਰੀ-ਸ਼ਕਤੀ ਦੀਆਂ ਇਹੋ ਜਿਹੀਆਂ ਇਕਹਿਰੀਆਂ ਉਤਮਤਾਵਾਂ, ਨਾਰੀ ਸੰਸਾਰ ਨੂੰ ਵਿਸਮਾਦੀ ਸੁਰ ਵਿਚ ਸਿਰਜਣ ਵਾਸਤੇ ਮਦਦ ਨਹੀਂ ਕਰਦੀਆਂ ਸਨ। ਭਾਰਤੀ ਧਰਮ ਚਿੰਤਨ ਦੇ ਪ੍ਰਸੰਗ ਵਿਚ ਭਗਤੀ ਲਹਿਰ ਨੇ ਨਾਰੀ ਨੂੰ ਤਾੜਨਯੋਗ ਵਰਗ ਵਿਚੋਂ ਕੱਢਣ ਦੀ ਕੋਸ਼ਿਸ਼ ਤਾਂ ਕੀਤੀ ਸੀ, ਪਰ ਇਸ ਨਾਲ ਉਹੋ ਜਿਹਾ ਸੁਧਰਿਆ ਹੋਇਆ ਨਾਰੀ ਸਸ਼ਕਤੀਕਰਣ ਦਾ ਉਸਾਰ ਸਾਹਮਣੇ ਨਹੀਂ ਸੀ ਆ ਸਕਿਆ, ਜਿਹੋ ਜਿਹਾ ਸਿੱਖ ਧਰਮ ਦੇ ਹਵਾਲੇ ਨਾਲ ਮਾਤਾ ਸਾਹਿਬ ਕੌਰ ਅਤੇ ਮਾਈ ਭਾਗੋ ਵਰਗੇ ਸਿੱਖ ਪਾਤਰਾਂ ਰਾਹੀਂ ਸਾਹਮਣੇ ਆਇਆ।
ਪੰਜਾਬੀ ਸਭਿਆਚਾਰ ਦੀਆਂ ਕਮਜ਼ੋਰੀਆਂ ਨੂੰ ਸਿੱਖ ਸਭਿਆਚਾਰ ਦੀਆਂ ਕਮਜ਼ੋਰੀਆਂ ਅਤੇ ਸਿੱਖ ਸਭਿਆਚਾਰ ਦੀਆਂ ਕਮਜ਼ੋਰੀਆਂ ਨੂੰ ਸਿੱਖ ਧਰਮ ਦੀਆਂ ਕਮਜ਼ੋਰੀਆਂ ਨਹੀਂ ਸਮਝਿਆ ਜਾਣਾ ਚਾਹੀਦਾ। ਸਿਧਾਂਤ ਅਤੇ ਅਮਲ ਵਿਚ ਰਹਿ ਜਾਣ ਵਾਲੇ ਕੁਦਰਤੀ/ਸੁਭਾਵਕ ਪਾੜਿਆਂ ਨੂੰ ਨਾਲ ਲੈ ਕੇ ਤੁਰਨ ਦੀ ਸਿੱਖ ਜੁਗਤਿ ਨਾਲ ਹੀ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲ ਤੁਰਨ ਦਾ ਸਾਹਸ ਅਤੇ ਮੌਕਾ ਮਿਲਦਾ ਰਿਹਾ ਹੈ। ਇਸੇ ਨੂੰ ਪ੍ਰੋ. ਪੂਰਨ ਸਿੰਘ ਨੇ “ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ” ਕਿਹਾ।
ਸਿੱਖ ਧਰਮ ਨੇ ਇਸ ਖੇਤਰ ਵਿਚ ਨਾਰੀ ਸਰੋਕਾਰਾਂ ਨੂੰ ਪਹਿਲੀ ਵਾਰ ਇਹ ਕਹਿ ਕੇ ਸਾਹਮਣੇ ਲਿਆਂਦਾ ਸੀ ਕਿ ਨਾਰੀ ਨੂੰ ਸਮਾਜਕਤਾ ਦੇ ਕੇਂਦਰ ਵਿਚੋਂ ਕੱਢ ਕੇ ਸਮਾਜਕਤਾ ਦੇ ਹਾਸ਼ੀਏ ‘ਤੇ ਧੱਕ ਦਿੱਤੇ ਜਾਣ ਨਾਲ ਕੁਦਰਤ ਦੇ ਵਰਤਾਰੇ ਅਤੇ ਨਾਰੀ ਸਮਾਜਕਤਾ-ਦੋਹਾਂ ਨਾਲ ਵਧੀਕੀ ਹੋ ਗਈ ਹੈ।
ਗੁਰਸਿੱਖ ਸੰਗਯਾ ਨਰ ਅਤੇ ਨਾਰੀ-ਦੋਹਾਂ ਵਾਸਤੇ ਉਸੇ ਤਰ੍ਹਾਂ ਹੈ ਜਿਵੇਂ ਲਾਵਾਂ ਵਿਚ “ਪਲੇ ਮੈ ਤੈਂਡੇ ਲਾਗੀ” ਸ਼ਬਦ ਵਿਚ ਵਿਆਹ ਦੇ ਰਿਸ਼ਤੇ ਵਿਚ ਬੱਝ ਰਹੇ ਨਰ ਤੇ ਨਾਰੀ ਨੂੰ ਇਕ ਇਕਾਈ ਵਜੋਂ ਲਿਆ ਗਿਆ ਹੈ। ਸਮਕਾਲੀਨ ਸਮਾਜਕਤਾ ਵਿਚ ਨਾਰੀ ਭੂਮਿਕਾ ਨਾਲ ਜੁੜੇ ਤੱਥਾਂ ਦੇ ਹਵਾਲੇ ਨਾਲ ਆਮ ਬੰਦੇ ਦੀ ਸੋਚ ਦਾ ਹਿੱਸਾ ਹੋ ਗਏ ਰਿਸ਼ਤਿਆਂ ਨੂੰ ਲੈ ਕੇ ਸਬੰਧਤਾ ਨੂੰ ਇਸ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਾਰੀ ਨਾਲ ਜੁੜ ਕੇ ਹੀ ਬੰਦਾ ਸਮਾਜਕ ਇਕਾਈ ਬਣਦਾ ਆ ਰਿਹਾ ਹੈ। ਲਹੂ ਦੇ ਇਸ ਰਿਸ਼ਤੇ ਨੂੰ ਸਰੀਰ ਦੇ ਰਿਸ਼ਤੇ ਤੱਕ ਸੀਮਤ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ।
ਰਿਸ਼ਤਿਆਂ ਦੀ ਸਥਾਪਤ ਪਛਾਣ ਜਿਸ ਤਰ੍ਹਾਂ ਮਾਂਵਾਂ, ਧੀਆਂ ਅਤੇ ਭੈਣਾਂ ਰਾਹੀਂ ਸਥਾਪਤ ਹੋ ਚੁਕੀ ਹੈ, ਉਸ ਦੀ ਨੈਤਿਕਤਾ ਨੂੰ ਆਮ ਨਾਰੀ ਨਾਲ ਜੋੜ ਕੇ ਸਾਹਮਣੇ ਲਿਆਏ ਜਾਣ ਦੀ ਲੋੜ ਹੈ। ਅਜਿਹਾ ਨਾਰੀ ਪਛਾਣ ਨੂੰ ਦੇਹੀ ਸਰੋਕਾਰਾਂ ਦੀ ਸੀਮਾ ਤੋਂ ਅਗੇ ਲੰਘ ਕੇ ਹੀ ਕੀਤਾ ਜਾ ਸਕਦਾ ਹੈ।
Ḕਘਰ ਹੀ ਮਾਹਿ ਉਦਾਸḔ, Ḕਗ੍ਰਿਹ ਹੀ ਮਾਹਿ ਉਦਾਸḔ, Ḕਗਿਰਸਤ ਉਦਾਸਾḔ ਅਤੇ Ḕਗ੍ਰਿਹਸਥ ਮਹਿ ਸੋਈ ਨਿਰਬਾਨḔ ਦੇ ਬਾਣੀ ਹਵਾਲਿਆਂ ਨਾਲ ਇਸ ਦੀ ਪੁਸ਼ਟੀ ਵੀ ਹੋ ਜਾਂਦੀ ਹੈ ਅਤੇ ਗੁਰਮਤਿ ਦੀ ਵਿਲੱਖਣਤਾ ਵੀ ਸਥਾਪਤ ਹੋ ਜਾਂਦੀ ਹੈ। ਗੁਰਮਤੀ ਪ੍ਰਸੰਗ ਵਿਚ ਗ੍ਰਹਿਸਥ ਇਕਾਈ ਹੈ ਅਤੇ ਨਰ ਤੇ ਨਾਰੀ ਇਸ ਦੀ ਧੁਰੋਹਰ ਹਨ।
ਸਿੱਖ ਧਰਮ ਵਿਚ ਨਾਰੀ ਸ਼ਕਤੀ ਨੂੰ ਕੇਂਦਰੀ ਸਰੋਕਾਰ ਵਜੋਂ ਮਾਨਤਾ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਦੇਵ ਜੀ ਨਾਲ ਹੀ ਹੋ ਗਈ ਸੀ ਅਤੇ ਦਸਮ ਪਾਤਸ਼ਾਹ ਹਜ਼ੂਰ ਦੇ ਸਮੇਂ ਤੱਕ ਇਸ ਦੀ ਸਿੱਖ ਸਮਾਜਕਤਾ ਵਿਚ ਸਿੱਖ ਮਾਤਰਤਵ ਵਜੋਂ ਪੂਰੀ ਤਰ੍ਹਾਂ ਸਥਾਪਤੀ ਹੋ ਚੁਕੀ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਸਿਧਾਂਤਕ ਸਥਾਪਨਾਵਾਂ ਨੂੰ ਨਾਲ ਲਏ ਬਿਨਾ ਨਾਰੀ ਸ਼ਕਤੀ ਨੂੰ ਲੈ ਕੇ ਮਾਨਵਤਾ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਨਹੀਂ ਲੱਭੇ ਜਾ ਸਕਦੇ।
ਜਿਹੜਾ ਨਾਰੀ ਪ੍ਰਸੰਗ ਪੱਛਮ ਨੇ ਨਾਰੀ-ਮੁਕਤੀ (ੱੋਮਅਨ-ਲਬਿ) ਵਜੋਂ ਪ੍ਰਵਾਨ ਕਰ ਲਿਆ ਗਿਆ ਹੈ, ਉਸ ਨੂੰ ਪੂਰਬ ਨੇ ਪਹਿਲਾਂ ਹੀ ਸੁਹਾਗਣ-ਦੁਹਾਗਣ ਦੇ ਪ੍ਰਸੰਗ ਵਿਚ ਪ੍ਰਵਾਨ ਕੀਤਾ ਹੋਇਆ ਹੈ। ਗੁਰਬਾਣੀ ਵਿਚ ਇਸ ਦਾ ਇਹ ਮਾਡਲ ਸਿਧਾਂਤ ਦੇ ਅਮਲ ਅਤੇ ਅਮਲ ਦੇ ਸਿਧਾਂਤ ਵਜੋਂ ਦਿੱਤਾ ਹੋਇਆ ਹੈ ਕਿ ਪਦਾਰਥਕਤਾ ਵਿਚ ਵਿਚਲਿਨ ਨਿਹਿਤ ਹੁੰਦਾ ਹੈ, ਤੇ ਬਹੁਤੀ ਵਾਰ ਇਸ ਦੇ ਨਤੀਜੇ ਅੱਗ ਨੂੰ ਅੱਗ ਨਾਲ ਬੁਝਾਉਣ ਵਰਗੇ ਨਿਕਲਦੇ ਰਹਿੰਦੇ ਹਨ।
ਪੂਰਬੀ ਪਹੁੰਚ ਦੇ ਹੁੰਦਿਆਂ ਪੱਛਮੀ ਪਹੁੰਚ ਵਿਚ ਰਿਸ਼ਤਿਆਂ ਦੀ ਵਿਆਕਰਣ ਸਰੀਰਕ ਲੋੜਾਂ ਦੁਆਲੇ ਅਜੇ ਵੀ ਘੁੰਮੀ ਜਾਂਦੀ ਹੈ। ਗੂਗਲ ਕਰੋ ਤਾਂ ਪਤਾ ਲੱਗ ਜਾਵੇਗਾ ਕਿ ਮਾਂ ਵਿਚੋਂ ਮਾਤਰਤਵ (ੰੋਟਹeਰਹੋਦ) ਅਤੇ ਪਿਉ ਵਿਚੋਂ ਪਿਤਾਤਵ (ਾਂਅਟਹeਰਹੋਦ) ਮਨਫੀ ਹੈ। ਇਹ ਰਿਸ਼ਤਿਆਂ ਦੀ ਥਾਂ ਰਿਸ਼ਤਿਆਂ ਦੇ ਫੱਟਿਆਂ ਦੀ ਦਾਸਤਾਨ ਹੈ। ਪੱਛਮੀ ਸੁਰ ਵਿਚ ਮਾਤਰਤਵ ਨੂੰ ਪਤਨੀ ਦੇ ਰਿਸ਼ਤੇ ਤੱਕ ਸੀਮਤ ਕਰਕੇ ਕੇਵਲ ਮਾਤਰ ਮਾਂ ਬਣ ਸਕਣ ਦੇ ਯੋਗ ਅਵਸਥਾ ਹੀ ਮੰਨਿਆ ਜਾ ਰਿਹਾ ਹੈ।
ਨਾਰੀ ਦਾ ਨਾਰੀ ਆਦਰਸ਼ ਹੋਣਾ ਚੰਗੀ ਗੱਲ ਹੈ, ਪਰ ਨਾਰੀ ਦਾ ਨਾਰੀਤਵ (ੱੋਮਅਨਹੋਦ) ਹੀ ਨਾਰੀ ਨੂੰ ਨਾਰੀ ਆਦਰਸ਼ ਬਣਾ ਸਕਦਾ ਹੈ। ਬਾਲੜੀ ਅਤੇ ਮੁਟਿਆਰ ਨੂੰ ਜੇ ਨਾਰੀਤਵ ਦਾ ਹਿੱਸਾ ਨਹੀਂ ਮੰਨਾਂਗੇ ਤਾਂ ਨਾਰੀਤਵ ਦਾ ਉਹ ਪ੍ਰਸੰਗ ਲੋੜਵੰਦਾਂ ਤੱਕ ਨਹੀਂ ਪਹੁੰਚਾ ਸਕਾਂਗੇ, ਜੋ ਮਾਤਾ ਸਾਹਿਬ ਕੌਰ ਦੇ ਹਵਾਲੇ ਨਾਲ ਸਿੱਖ ਪ੍ਰਸੰਗ ਵਿਚ ਉਸਰਿਆ ਹੋਇਆ ਪ੍ਰਾਪਤ ਹੈ।
ਨਾਰੀ ਵਿਚੋਂ ਨਾਰੀ ਨੂੰ ਮਾਰ ਕੇ ਨਾਰੀ ਮਿੱਥ ਦੀ ਈਸਾਈ ਪਰੰਪਰਾ ਨਾਰੀ ਲਹਿਰ ਦੀ ਥਾਂ ਬੰਦਾਮੁਕਤ ਨਾਰੀ ਸਿਆਸਤ (ੱੋਮਅਨ .ਬਿeਰਅਟਿਨ) ਹੀ ਪੈਦਾ ਕਰ ਸਕੀ ਹੈ। ਇਸ ਨਾਲ ਮਾਂ ਬਣਨ ਦੇ ਭੈਅ ਨੇ ਸਮਾਜਕਤਾ ਦੀ ਚੂਲ ਨੂੰ ਹੀ ਹਿਲਾ ਦਿੱਤਾ ਹੈ।
ਮਾਤਾ ਜੀ ਨਾਰੀਤਵ ਦੇ ਦਿੱਭ-ਅਨੁਭਵ ਦੀ ਸਮਾਜਕਤਾ ਹੈ ਅਤੇ ਸਰਬ ਸਮਿਆਂ ਵਾਸਤੇ ਸੰਤੁਲਿਤ ਸਮਾਜਕਤਾ ਦੀ ਉਸਾਰੀ ਵਾਸਤੇ ਕੰਮ ਆ ਸਕਦੀ ਹੈ। ਇਸ ਦੀ ਗੈਰਹਾਜ਼ਰੀ ਵਿਚ ਨਾਰੀ ਮਰਦ ਤੇ ਸਮਾਜ ਦੀਆਂ ਲੋੜਾਂ ਮੁਤਾਬਕ ਵਿਆਖਿਅਤ ਹੁੰਦੀ ਰਹੀ ਹੈ ਅਤੇ ਇਸ ਵਿਚੋਂ ਨਾਰੀ ਹਿਤੈਸ਼ੀ ਸਰੋਕਾਰ ਗੁੰਮ ਹੁੰਦੇ ਰਹੇ ਹਨ।
ਸਿੱਖ ਧਰਮ ਨੇ ਇਹ ਸਥਾਪਤ ਕਰਨ ਦੇ ਆਧਾਰ ਮੁਹੱਈਆ ਕੀਤੇ ਹੋਏ ਹਨ ਕਿ ਨਾਰੀ ਦੇ ਪ੍ਰਚਲਿਤ ਦੇਹਮੁਖੀ ਜਾਂ ਲਿਬਿਡਨਲ ਪ੍ਰਭਾਵ ਦਿੱਭ ਸਰੋਕਾਰਾਂ ਦੀ ਰੌਸ਼ਨੀ ਵਿਚ ਸਿੱਖ ਵਿਧੀ ਵਿਚ ਊਰਜਿਤ ਹੋ ਕੇ ਅਜਿਹੀ ਨਾਰੀ ਸ਼ਕਤੀ ਬਣ ਸਕਦੇ ਹਨ, ਜਿਸ ਦੇ ਰੋਲ ਮਾਡਲ ਮਾਤਾ ਸਾਹਿਬ ਕੌਰ ਅਤੇ ਮਾਈ ਭਾਗੋ ਦੇ ਰੂਪ ਵਿਚ ਇਤਿਹਾਸ ਨੇ ਪ੍ਰਵਾਨ ਕਰ ਲਏ ਹਨ।
ਦੇਹ ਵਰਤਾਰਿਆਂ ਨਾਲ ਜੁੜੀਆਂ ਤਿਫਲ ਤਸੱਲੀਆਂ ਮਾਨਵੀ ਜਗਿਆਸਾ ਨੂੰ ਵਿਸਮਾਦੀ ਸੇਧ ਵਿਚ ਲੈ ਕੇ ਨਹੀਂ ਜਾ ਸਕਦੀਆਂ।
ਸਿੱਖ ਧਰਮ ਨੇ ਮਾਦਾ-ਚੰਗਿਆਈਆਂ ਨੂੰ ਕੁਦਰਤ ਦੇ ਨੇੜੇ ਅਤੇ ਨਾਰੀ-ਮਾਨਸਿਕਤਾ ਦੀ ਨਿਹਿਤ-ਸ਼ਕਤੀ (ੀਨਹeਰeਨਟ) ਪ੍ਰਵਾਨ ਕੀਤਾ ਹੋਇਆ ਹੈ ਅਤੇ ਨਰ-ਚੰਗਿਆਈਆਂ ਨੂੰ ਇਸ ਦੇ ਮੁਕਾਬਲੇ ਵਿਚ ਗ੍ਰਿਹੀਤ-ਸ਼ਕਤੀ (Aਚਤੁਰਿeਦ ਫੋੱeਰ) ਪ੍ਰਵਾਨ ਕੀਤਾ ਹੋਇਆ ਹੈ।
ਦਿੱਭ ਦਾ ਮਾਡਲ ਵਿਚ ਢਲ ਜਾਣਾ ਸੰਭਾਵਨਾ (੍ਹੋਪe) ਵੀ ਹੁੰਦੀ ਹੈ ਅਤੇ ਜੁਗਤਿ (ੰਟਰਅਟeਗੇ) ਵੀ ਹੁੰਦੀ ਹੈ। ਸਿੱਖ ਧਰਮ ਨੇ ਇਸ ਨੂੰ ਨਾ ਕੇਵਲ ਸਿਧਾਂਤਕ ਧਰਾਤਲ ਮੁਹੱਈਆ ਕਰਵਾਈ, ਸਗੋਂ ਇਸ ਦੇ ਅਮਲ ਵਿਚ ਪ੍ਰਗਟਾਵੇ ਨੂੰ ਇਤਿਹਾਸ ਦਾ ਹਿੱਸਾ ਬਣਾਇਆ। ਕੁਆਰਾ ਡੋਲਾ ਤੋਂ ਖਾਲਸਾ ਮਾਤਾ ਤੱਕ ਦੀ ਯਾਤਰਾ ਸਿੱਖ ਇਤਿਹਾਸ ਅਤੇ ਸਿੱਖ ਯਾਦ ਵਿਚ ਸਥਾਪਤ ਹੈ। ਇਸ ਨੂੰ ਇਥੇ ਤਿੰਨ ਹਿੱਸਿਆਂ ਵਿਚ ਵੰਡ ਕੇ ਪ੍ਰਸਤੁਤ ਕੀਤਾ ਜਾ ਰਿਹਾ ਹੈ-ਸਿੱਖਿਆ, ਕਰਮ ਖੇਤਰ ਅਤੇ ਯੋਗਦਾਨ।
ਲੋੜੀਂਦੀ ਵਿਦਿਆ ਅਤੇ ਸੇਵਾ ਸਿਮਰਨ ਨਾਲ ਉਹ ਇਸ ਭਾਂਤ ਜੁੜੀ ਹੋਈ ਸੀ ਕਿ ਮਾਪਿਆਂ ਨੂੰ ਉਸ ਦੇ ਹਾਣ ਦਾ ਵਰ ਲੱਭਣ ਦਾ ਫਿਕਰ ਸਾਹਿਬ ਦੇਵਾਂ ਦੇ ਬਚਪਨ ਵਿਚ ਹੀ ਹੋਣ ਲਗ ਪਿਆ ਸੀ। ਉਹ ਪੰਜਾਬੀ ਸਭਿਆਚਾਰ ਵਿਚ ਵਿਚਰਦੀ ਹੋਈ ਸਿੱਖ ਸਭਿਆਚਾਰ ਦੀ ਪ੍ਰਤੀਨਿਧ ਹੁੰਦੀ ਜਾ ਰਹੀ ਸੀ ਅਤੇ ਇਸ ਨਾਲ ਉਸ ਦੇ ਇਰਦ-ਗਿਰਦ ਦੀ ਸਮਾਜਕਤਾ ਨੇ ਉਸ ਨੂੰ ਸਿੱਖ ਸੁਰ ਵਿਚ ਉਸਰ ਰਹੀ ਸਿੱਖ ਨਾਰੀ ਵਜੋਂ ਪ੍ਰਵਾਨ ਕਰ ਲਿਆ ਸੀ।
ਕੁਆਰਾ ਡੋਲਾ ਦੇ ਸਿੱਖ ਬਿੰਬ ਰਾਹੀਂ ਸਿੱਖ ਵਰਤਾਰੇ ਦੀਆਂ ਬਹੁਤ ਸਾਰੀਆਂ ਪਰਤਾਂ ਸਥਾਪਤ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਕਿ ਰਿਸ਼ਤਿਆਂ ਵਿਚੋਂ ਇੰਦ੍ਰਿਆਵੀ ਸੀਮਾਵਾਂ ਨੂੰ ਛੜਪਣਾ, ਸਰੀਰਕ ਤੇ ਸਮਾਜਕ ਸਰੋਕਾਰਾਂ ਨੂੰ ਦਿੱਭਤਾ ਦੇ ਪੈਂਡਿਆਂ ਵਿਚੋਂ ਪਾਸੇ ਰੱਖਣਾ, ਆਮ ਸਿੱਖ ਦਾ ਗੁਰੂ ਰੰਗ ਵਿਚ ਹਲੂਲ ਹੋਣ ਲਈ ਸਵੈ-ਇੱਛਤ ਚੋਣ ਕਰਨਾ ਅਤੇ ਸੇਵਾ ਸਮਰਪਣ ਨੂੰ ਸਾਰੇ ਰਿਸ਼ਤਿਆਂ ਦੀ ਚੂਲ ਪ੍ਰਵਾਨ ਕਰਨਾ। ਮਾਤਾ ਸਾਹਿਬ ਕੌਰ ਉਸੇ ਤਰ੍ਹਾਂ ਸਿਰ ਤਲੀ ‘ਤੇ ਰੱਖ ਕੇ ਗੁਰੂ ਤੋਂ ਨਿਛਾਵਰ ਹੋ ਜਾਣ ਵਾਲੀ ਸਿੱਖ ਭਾਵਨਾ ਦੇ ਪ੍ਰਤੀਨਿਧ ਸਨ, ਜਿਸ ਨੂੰ ਵਿਸਾਖੀ 1699 ਨੂੰ ਪੰਜਾਂ ਪਿਆਰਿਆਂ ਰਾਹੀਂ ਸਾਹਮਣੇ ਲਿਆਂਦਾ ਗਿਆ ਸੀ। ਇਹ ਗੁਰੂ ਅਤੇ ਸਿੱਖ ਦਾ ਇਕ ਦੂਜੇ ਦੇ ਰੰਗ ਵਿਚ ਰੰਗੇ ਜਾਣਾ ਸੀ।
ਸਿੱਖ ਪ੍ਰਸੰਗ ਵਿਚ ਇਹ ਪਹਿਲਾ ਰਿਸ਼ਤਾ ਸੀ ਜਿਸ ਨੇ ਵਿਸਮਾਦੀ ਸੁਰ ਵਿਚ ਉਸਰਨਾ ਸੀ ਅਤੇ ਦੇਹੀ ਹੱਦਬੰਦੀਆਂ ਤੋਂ ਪਾਰ ਲੰਘਣਾ ਸੀ। ਅਜਿਹਾ ਸ਼ਬਦ ਗੁਰੂ ਦੀ ਅਗਵਾਈ ਵਿਚ ਲਗਾਤਾਰ ਹੁੰਦਾ ਆ ਰਿਹਾ ਸੀ ਅਤੇ ਇਸੇ ਨੂੰ ਅੰਤਿਮ ਛੋਹਾਂ ਦੇਣ ਦਾ ਪਰਵਾਹ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਲਗਾਤਾਰ ਚੱਲ ਰਿਹਾ ਸੀ। ਸਾਹਿਬ ਦੇਵਾਂ ਦਾ ਕਰਮ ਖੇਤਰ ਗੁਰੂ ਮਹਿਲਾਂ ਵਿਚਕਾਰ ਵੀ ਵਿਲੱਖਣ ਹੈ। ਗੁਰਮਤਿ ਦੇ ਰੰਗ ਵਿਚ ਵਿਚਰਦੀ ਸਾਹਿਬ ਦੇਵਾਂ ਗੁਰੂ ਮਹਿਲ ਵਜੋਂ ਗੁਰੂ ਦਿੱਭਤਾ ਦੀ ਅਰਧੰਗਣੀ ਹੋ ਕੇ ਨਵੀਂਆਂ ਵੰਗਾਰਾਂ ਦੇ ਸਨਮੁਖ ਹੋ ਜਾਂਦੀ ਹੈ। ਇਸ ਨੂੰ ਕੁਆਰੇਪਨ ਤੋਂ ਮਾਤਰਤਵ ਵਿਚ ਪ੍ਰਵੇਸ਼ ਕਰ ਜਾਣ ਵਾਂਗ ਲਿਆ ਜਾ ਸਕਦਾ ਹੈ। ਇਸ ਨੂੰ ਦੇਹੀ ਦਾ ਰੂਹ ਨਾਲ ਸੰਘਰਸ਼ ਵੀ ਕਿਹਾ ਜਾ ਸਕਦਾ ਹੈ। ਇਸ ਨੂੰ ਬੁੱਧੀ ਰਾਹੀਂ ਸਮਝਣ ਦੀ ਥਾਂ ਰੂਹ ਨਾਲ ਮਹਿਸੂਸ ਕੀਤੇ ਜਾਣ ਦੀ ਲੋੜ ਹੈ।
ਤੀਜਾ ਪੜਾਅ ਗੁਰੂ ਮਹਿਲ ਤੋਂ ਖਾਲਸਾ ਮਾਤਾ ਤੱਕ ਫੈਲਿਆ ਹੋਇਆ ਹੈ। ਮਾਤਾ ਸਾਹਿਬ ਕੌਰ ਦੀ ਭੂਮਿਕਾ ਦਸਮ ਪਾਤਸ਼ਾਹ ਦੀ ਅਗਵਾਈ ਵਿਚ (1708 ਤੱਕ) ਅਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ (1708 ਤੋਂ 1731 ਤੱਕ) ਵੰਡ ਕੇ ਵੀ ਵਿਚਾਰੀ ਜਾ ਸਕਦੀ ਹੈ।
ਦੇਹ ਦੀ ਬਿਨਸਣਹਾਰਤਾ ਨੂੰ ਅਕਾਲ ਦੀ ਅਬਿਨਸਣਹਾਰਤਾ ਨਾਲ ਰਿਸ਼ਤੇ ਨੂੰ ਪਤੀ-ਪਤਨੀ ਦੇ ਬਿੰਬ ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਸ ਵਾਸਤੇ ਸ਼ੁਭ ਕਰਣੀ ਨੂੰ ਕਾਮਣਿ ਆਖਿਆ ਜਾ ਰਿਹਾ ਸੀ (ਨਿਜ ਭਗਤੀ ਸੀਲਵੰਤੀ ਨਾਰ॥ ਪੰਨਾ 370)। ਇਸ ਨੂੰ “ਕਰਿ ਸੇਵਾ ਸਤ ਪੁਰਖ ਸਤ ਪੁਰਖੁ ਮਨਾਇਆ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ॥” (ਪੰਨਾ 371) ਰਾਹੀਂ ਵੀ ਸਮਝਿਆ ਜਾ ਸਕਦਾ ਹੈ।
ਮਾਤਾ ਜੀ ਨੂੰ ਸਿੱਖ ਇਤਿਹਾਸ ਦੇ ਬੰਧਨ ਤੋਂ ਮੁਕਤ ਕਰਕੇ ਕਿਰਪਾ-ਪਾਤਰ ਦੇ ਰੂਪ ਵਿਚ ਸਥਾਪਤ ਕੀਤੇ ਜਾਣ ਦੀ ਲੋੜ ਹੈ। ਇਸ ਪਾਸੇ ਨਹੀਂ ਤੁਰਾਂਗੇ ਤਾਂ ਦੂਜਿਆਂ ਦੇ ਏਜੰਡੇ ਮੁਤਾਬਕ ਆਪਣੇ ਸਿੱਖ ਪਾਤਰਾਂ ਦੇ ਯੋਗਦਾਨ ਨੂੰ ਸਮਝਣ ਦੀ ਮਜਬੂਰੀ ਹੰਢਾ ਰਹੇ ਹੋਵਾਂਗੇ। ਮਾਤਾ ਜੀ ਰਾਹੀਂ ਨਾਦੀ ਅਤੇ ਬਿੰਦੀ ਦਾ ਪ੍ਰਸੰਗ-ਉਸਾਰ ਵੀ ਮਾਤਾ ਜੀ ਦਾ ਯੋਗਦਾਨ ਹੀ ਸੀ। ਜੀਵ-ਵੱਥ ਨੂੰ ਨਾਰੀ ਮਾਧਿਅਮ ਰਾਹੀਂ ਉਜਾਗਰ ਕਰਨ ਦੀ ਭੂਮਿਕਾ ਵੀ ਮਾਤਾ ਜੀ ਨੇ ਨਿਭਾਈ ਸੀ। ਮਾਤਾ ਜੀ ਦੇ ਯੋਗਦਾਨ ਨਾਲ ਇਹ ਵੀ ਸਥਾਪਤ ਹੋਇਆ ਸੀ ਕਿ ਲਿੰਗ-ਮੂਲਕ ਵਰਤਾਰਿਆਂ ਤੋਂ ਅੱਗੇ ਤੁਰ ਸਕਣ ਦੀ ਸਪੇਸ ਸਦਾ ਹੀ ਹੁੰਦੀ ਹੈ, ਪਰ ਇਸ ਨੂੰ ਵਰਤਣ ਵਾਸਤੇ ਸਿਮਰਨ, ਕਿਰਪਾ, ਅਰਦਾਸ ਅਤੇ ਹੋਰ ਸੰਗਤੀ ਵਿਧੀਆਂ ਕੰਮ ਆ ਸਕਦੀਆਂ ਹਨ। ਇਸ ਨੂੰ ਬੀਜ ਦੀ ਸਫੁਟਣ ਵਿਧੀ ਦੁਆਰਾ ਸਮਝਿਆ ਜਾ ਸਕਦਾ ਹੈ ਕਿਉਂਕਿ ਜੋ ਫੁੱਟਦਾ ਨਹੀਂ, ਉਹ ਪੁੰਗਰਦਾ ਅਤੇ ਵਿਗਸਦਾ ਵੀ ਨਹੀਂ।
ਨਾਰੀ ਦੀ ਇਹ ਨਿਹਿਤ ਊਰਜਾ ਪ੍ਰਾਪਤ ਨਾਲ ਸੌਖਿਆਂ ਨਿਭ ਸਕਦੀ ਹੈ। ਇਸ ਨੂੰ ਧਿਆਨ ਵਿਚ ਰੱਖ ਕੇ ਮਾਤਾ ਸਾਹਿਬ ਕੌਰ ਨੂੰ ਉਸ ਮਾਤਰਾ ਵਿਚ ਸਾਹਮਣੇ ਅਜੇ ਲਿਆਉਣਾ ਹੈ, ਜਿਸ ਮਾਤਰਾ ਵਿਚ ਉਹ ਦਸਮ ਪਾਤਸ਼ਾਹ ਹਜ਼ੂਰ ਵਿਚ ਹਲੂਲ ਸਨ। ਗੁਰੂ ਦੇ ਰੰਗ ਵਿਚ ਹਲੂਲ ਹੋ ਸਕਣ ਦੀਆਂ ਸਿੱਖ ਵਿਧੀਆਂ-ਸੇਵਾ, ਸਿਮਰਨ ਅਤੇ ਸਮਕਰਮਕਤਾ ਸਭ ਲਈ ਬਰਾਬਰ ਹਨ। ਇਨ੍ਹਾਂ ਨੂੰ ਵਰਤ ਕੇ ਹੀ ਮਾਤਾ ਸਾਹਿਬ ਕੌਰ ਖਾਲਸਾ ਮਾਤਾ ਦੀ ਪਦਵੀ ਨੂੰ ਪਹੁੰਚ ਸਕੇ ਸਨ।
ਨਾਰੀ ਦਾ ਸਭਿਆਚਾਰਕ ਪ੍ਰਸੰਗ ਤਾਂ ਪ੍ਰਾਪਤ ਸੀ, ਪਰ ਨਾਰੀ ਦਾ ਅਧਿਆਤਮਕ ਪ੍ਰਸੰਗ ਸਿੱਖ ਧਰਮ ਨੇ ਹੀ ਸਾਹਮਣੇ ਲਿਆਂਦਾ ਹੈ। ਗੁਰੂ ਮਹਿਲਾਂ ਦੇ ਹਵਾਲੇ ਨਾਲ ਇਸ ਦਾ ਸਿਧਾਂਤਕ ਪ੍ਰਸੰਗ ਅਜੇ ਤੱਕ ਸਾਹਮਣੇ ਨਹੀਂ ਆਇਆ।
ਮਾਤਾ ਜੀ ਦੇ ਹਵਾਲੇ ਨਾਲ ਦੇਹੀ ਦੇ ਛਿਣ-ਭੰਗਰ ਅਨੰਦ ਨੂੰ ਸਿੱਖ ਵਿਧੀਆਂ ਦੁਆਰਾ ਦੇਹੀ ਦੇ ਵਿਸਮਾਦੀ ਅਨੰਦ ਤੱਕ ਪਹੁੰਚਣ ਦੀ ਸਿੱਖ ਸਕਰਮਕਤਾ ਸਾਹਮਣੇ ਆ ਸਕਦੀ ਹੈ। ਇਸ ਪਾਸੇ ਅਜੇ ਅਸੀਂ ਤੁਰਨਾ ਹੈ।