ਪਿੰਡ ਭਡਾਣੇ ਤੋਂ ਪਿੰਡ ਸੁਰਸਿੰਘ ਤੱਕ ਦਾ ਸਫਰ

ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਵਾਂਗ ਜਾਪਦੀਆਂ ਹਨ। ਉਂਜ ਉਨ੍ਹਾਂ ਕਹਾਣੀਆਂ ਲਿਖੀਆਂ ਵੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ।

ਪਿਛਲੇ ਕੁਝ ਸਮੇਂ ਵਿਚ ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਮਰਹੂਮ ਸੰਤ ਰਾਮ ਉਦਾਸੀ, ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਅਤੇ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਉਨ੍ਹਾਂ ਦੇ ਲੰਮੇ ਲੇਖ ਪੜ੍ਹ ਚੁਕੇ ਹਨ। ਹੁਣ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਉਸ ਦੀਆਂ ਲੰਮੀਆਂ ਕਹਾਣੀਆਂ ਵਾਂਗ ਹੀ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲੰਮਾ ਲੇਖ ਲਿਖਿਆ ਹੈ ਜੋ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਦੇਖੀਏ ਪ੍ਰਿੰਸੀਪਲ ਸਾਹਿਬ ਆਪਣੇ ਗੋਤੀ ਮਝੈਲ ਭਾਊ ਦਾ ਕਿੰਨਾ ਕੁ ਪੱਖ ਪੂਰਦੇ ਨੇ! ਤੀਜੀ ਕਿਸ਼ਤ ਹਾਜਰ ਹੈ। -ਸੰਪਾਦਕ

ਪ੍ਰਿੰਸੀਪਲ ਸਰਵਣ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਵਰਿਆਮ ਸਿੰਘ ਸੰਧੂ ਦਾ ਪਿੰਡ ‘ਸੁਰਸਿੰਘ’ ਕਿਹਾ ਜਾਂਦਾ ਹੈ ਪਰ ਇਹ ਉਸ ਦਾ ਜੱਦੀ ਪਿੰਡ ਨਹੀਂ। ਸੁਰਸਿੰਘ ਅਸਲ ਵਿਚ ਸੰਧੂਆਂ ਦਾ ਪਿੰਡ ਹੀ ਨਹੀਂ। ਸੁਰਸਿੰਘ ਵਧੇਰੇ ਕਰ ਕੇ ਢਿੱਲੋਂਆਂ ਦਾ ਪਿੰਡ ਹੈ। ਸੁਰਸਿੰਘ ਵਰਿਆਮ ਸਿੰਘ ਦੇ ਪਿਤਾ ਦੇ ਨਾਨਕੇ ਸਨ। ਉਹ ਇਕ ਤਰ੍ਹਾਂ ਨਾਨਕੀ ਢੇਰੀ ‘ਤੇ ਆਏ। ਉਨ੍ਹਾਂ ਦਾ ਜੱਦੀ ਪਿੰਡ ਭਡਾਣਾ ਹੈ ਜੋ ਸੁਰਸਿੰਘ ਤੋਂ ਦਸ ਕੁ ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਹੈ ਤੇ ਹੁਣ ਪਾਕਿਸਤਾਨ ਦਾ ਪਿੰਡ ਹੈ। 1947 ਤੋਂ ਪਹਿਲਾਂ ਸੁਰਸਿੰਘ ਤੇ ਭਡਾਣਾ ਜ਼ਿਲ੍ਹਾ ਲਾਹੌਰ ਦੇ ਪਿੰਡ ਸਨ। ਭਡਾਣਾ ਸੰਧੂ ਜੱਟਾਂ ਦਾ ਪਿੰਡ ਸੀ। ਵਰਿਆਮ ਉਦੋਂ ਮਾਂ ਦੀ ਗੋਦ ਵਿਚ ਸੀ, ਜਦ ਉਸ ਨੇ ਭਡਾਣੇ ਦੀ ਆਬੋ-ਹਵਾ ਵਿਚ ਸਾਹ ਲਏ। ਅਜੇ ਡੇਢ ਕੁ ਸਾਲ ਦਾ ਹੋਇਆ ਸੀ ਕਿ ਭਡਾਣਾ ਛੱਡਣਾ ਪਿਆ। ਉਦੋਂ ਤੋਂ ਹੁਣ ਤਕ ਉਹ ਮੁੜ ਭਡਾਣੇ ਨਹੀਂ ਜਾ ਸਕਿਆ ਹਾਲਾਂਕਿ ਸੁਰਸਿੰਘ ਦੀਆਂ ਉਚੀਆਂ ਅਟਾਰੀਆਂ ਤੋਂ ਭਡਾਣੇ ਦੇ ਗੁਰਦੁਆਰੇ ਦਾ ਗੁੰਬਦ ਤੇ ਉਚੇ ਰੁੱਖ ਨਜ਼ਰੀਂ ਪੈ ਜਾਂਦੇ ਹਨ। 2001 ਵਿਚ ਵਰਿਆਮ ਸਮੇਤ ਅਸੀਂ ਆਲਮੀ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਲਾਹੌਰ ਗਏ, ਤਦ ਵੀ ਉਹ ਭਡਾਣੇ ਨਹੀਂ ਸੀ ਜਾ ਸਕਿਆ।
ਨਵੰਬਰ 2017 ਦੇ ਪਹਿਲੇ ਹਫਤੇ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਟੀ.ਵੀ. ਉਤੇ ਵਰਿਆਮ ਸੰਧੂ ਦੇ ਪੁੱਤਰ ਸੁਪਨਦੀਪ ਸੰਧੂ ਨੂੰ ਭਡਾਣੇ ਦੀਆਂ ਗਲੀਆਂ ਵਿਚ ਘੁੰਮਦਾ ਵੇਖ ਰਿਹਾ ਸਾਂ। ਉਹ ਪਰਾਈਮ ਏਸ਼ੀਆ ਚੈਨਲ ਲਈ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਇਤਿਹਾਸਕ ਗੁਰਧਾਮ ਤੇ ਯਾਦਗਾਰੀ ਥਾਂਵਾਂ ਵੇਖਣ/ਕਵਰ ਕਰਨ ਗਿਆ ਹੋਇਆ ਸੀ। ਵਾਹਗਾ ਬਾਰਡਰ ਲੰਘਦਿਆਂ ਉਸ ਨੇ ਆਪਣੇ ਮੇਜ਼ਬਾਨ ਜਨਾਬ ਸ਼ੌਕਤ ਅਲੀ ਨੂੰ ਸਭ ਤੋਂ ਪਹਿਲਾਂ ਆਪਣੇ ਪੁਰਖਿਆਂ ਦਾ ਪਿੰਡ ਵਿਖਾਉਣ ਦੀ ਬੇਨਤੀ ਕੀਤੀ। ਜਨਾਬ ਸ਼ੌਕਤ ਅਲੀ ਸੁਪਨ ਨੂੰ ਲਾਹੌਰ ਲਿਜਾਣ ਤੋਂ ਪਹਿਲਾਂ ਭਡਾਣੇ ਲੈ ਗਏ। ਵਰਿਆਮ ਸੰਧੂ ਨੂੰ ਮਹਿਸੂਸ ਹੋਇਆ ਜਿਵੇਂ ਉਸ ਨੇ ਖੁਦ ਆਪਣੀਆਂ ਜੜ੍ਹਾਂ ਵੇਖ ਲਈਆਂ ਹੋਣ, ਆਪਣੇ ਵਡੇਰਿਆਂ ਨੂੰ ਮਿਲ ਲਿਆ ਹੋਵੇ। ਵਰਿਆਮ ਨੇ ਆਪਣੇ ਫੇਸ ਬੁੱਕ ਪੇਜ ‘ਤੇ ਲਿਖਿਆ, “ਅਦਾਰਾ ‘ਪਰਾਈਮ ਏਸ਼ੀਆ’ ਦਾ ਬਹੁਤ ਬਹੁਤ ਧੰਨਵਾਦ, ਜਿਸ ਨੇ ਮੇਰੇ ਪੁੱਤਰ ਨੂੰ ਆਪਣੇ ਪੁਰਖਿਆਂ ਦੇ ਪਿੰਡ ਦਾ ਦੀਦਾਰ ਕਰਵਾਇਆ। ਅਗਲੇ ਦਿਨਾਂ ਵਿਚ ਹੋਰ ਵੀ ਬਹੁਤ ਕੁਝ ਚੰਗਾ ਵੇਖਣ/ਵਿਖਾਉਣ ਦੀ ਦੁਆ!”
ਸੁਪਨ ਸੰਧੂ ਨੇ ਲਿਖਿਆ, “ਮੈਂ ਅੱਜ ਆਪਣੇ ਵਡੇਰਿਆਂ ਦੇ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ, ਪਾਕਿਸਤਾਨ ਪੁੱਜਾ ਤਾਂ ਭਾਵੁਕ ਹੋ ਗਿਆ। ਮੈਨੂੰ ਵਾਹਗੇ ਤੋਂ ਪੰਜਾਬ ਦੀ ਮਾਇਆਨਾਜ਼ ਹਸਤੀ ਜਨਾਬ ਸ਼ੌਕਤ ਅਲੀ ਸਾਹਿਬ ਆਪ ਲੈਣ ਆਏ। ਮੇਰੇ ਧੰਨਭਾਗ! ਪਰਾਈਮ ਏਸ਼ੀਆ ਟੀ.ਵੀ. ਦਾ ਬੇਹੱਦ ਧੰਨਵਾਦ ਜਿਸ ਨੇ ਇਹ ਸਬੱਬ ਬਣਾਇਆ। ਅਗਲੇ ਦਿਨਾਂ ਵਿਚ ਮਿਲਦੇ ਰਹਾਂਗੇ। ਪਰਾਈਮ ਏਸ਼ੀਆ ਅਗਲੇ ਦਿਨਾਂ ਵਿਚ ਪਾਕਿਸਤਾਨ ਦੇ ਗੁਰਧਾਮਾਂ ਦਾ ਦੀਦਾਰ ਕਰਵਾਏਗਾ। ਪੱਛਮੀ ਪੰਜਾਬ ਦੀਆਂ ਇਤਿਹਾਸਕ ਥਾਂਵਾਂ ‘ਤੇ ਵੱਡੀਆਂ ਹਸਤੀਆਂ ਨਾਲ ਮਿਲਾਏਗਾ ਤੇ ਹੋਰ ਵੀ ਬਹੁਤ ਕੁਝ।”
ਵਰਿਆਮ ਸਿੰਘ ਸੰਧੂ ਬਾਰੇ ਦੂਰਦਰਸ਼ਨ ਨੇ ਜਿਹੜੀ ਦਸਤਾਵੇਜ਼ੀ ਫਿਲਮ ਬਣਾਈ ਹੈ, ਉਸ ਦਾ ਪਹਿਲਾਂ ਦ੍ਰਿਸ਼ ਸੰਧੂ ਨੂੰ ਹਿੰਦ-ਪਾਕਿ ਸਰਹੱਦ ‘ਤੇ ਖੜ੍ਹਾ ਕਰ ਕੇ ਫਿਲਮਾਇਆ ਗਿਆ ਹੈ। ਉਹ ਸਰਹੱਦੀ ਤਾਰ ਤੋਂ ਸੌ ਕੁ ਮੀਟਰ ਸੁਰਸਿੰਘ ਵਾਲੇ ਪਾਸੇ ਖੜ੍ਹਾ ਹੈ। ਪਿੱਛੇ ਤਾਰ ਅਤੇ ਤਾਰ ਤੋਂ ਪਾਰ ਭਡਾਣੇ ਦਾ ਗੁਰਦੁਆਰਾ ਦਿਸਦਾ ਹੈ। ਵਰਿਆਮ ਬੋਲਦੈ, “ਮੈਂ ਜਿਥੇ ਖੜ੍ਹਾ ਹਾਂ, ਇਥੇ 1947 ਵਿਚ ਪੰਜਾਬ ਦੀ ਸਾਂਝੀ ਧਰਤੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਸੀ। ਸਾਡੇ ਅੱਧੇ ਧੜ ਓਧਰ ਰਹਿ ਗਏ ਤੇ ਅੱਧੇ ਏਧਰ। ਮੇਰੇ ਪਿਛਲੇ ਪਾਸੇ ਮੇਰਾ ਜੱਦੀ ਪਿੰਡ ਭਡਾਣਾ ਦਿਸ ਰਿਹੈ ਤੇ ਸਾਹਮਣੇ ਨਵਾਂ ਅਪਨਾਇਆ ਪਿੰਡ ਸੁਰਸਿੰਘ। ਮੈਂ ਡੇਢ-ਪੌਣੇ ਦੋ ਸਾਲ ਦਾ ਸਾਂ ਜਦੋਂ ਅਸੀਂ ਜੜ੍ਹਾਂ ਤੋਂ ਪੁੱਟੇ ਗਏ। ਸਾਡੇ ਪਰਿਵਾਰ ਨੇ ਕਮਾਦਾਂ ਵਿਚ ਲੁਕ ਕੇ ਜਾਨਾਂ ਬਚਾਈਆਂ। ਹੁੰਮਸ ਵਿਚ ਮੈਂ ਰੋਣ ਲੱਗਾ ਤਾਂ ਮੇਰੇ ਬਾਬੇ ਨੇ ਮੇਰੀ ਮਾਂ ਨੂੰ ਕਿਹਾ, ਕੁੜੀਏ ਇਹਦੇ ਮੂੰਹ ‘ਚ ਕੱਪੜਾ ਦੇ ਕੇ ਇਹਨੂੰ ਚੁੱਪ ਕਰਾ, ਨਹੀਂ ਤਾਂ ਸਾਰੇ ਟੱਬਰ ਨੂੰ ਮਰਵਾਏਗਾ! ਉਦੋਂ ਜਿਸ ਬੱਚੇ ਦੀ ਜੋ ਜ਼ਬਾਨ ਮੂੰਹ ‘ਚ ਕੱਪੜਾ ਤੁੰਨ ਕੇ ਬੰਦ ਕੀਤੀ ਗਈ ਸੀ, ਉਹ ਪਿੱਛੋਂ ਸਾਰੀ ਉਮਰ ਹੱਦਾਂ ਸਰਹੱਦਾਂ ਦੇ ਖਿਲਾਫ ਬੋਲਦੀ ਤੇ ਲਿਖਦੀ ਆ ਰਹੀ ਹੈ।”
ਪੰਜਾਬੀ ਵਿਚ ਲਿਖਣ ਵਾਲੇ ਮੇਰੇ ਸਣੇ ਕਈ ‘ਸੰਧੂ’ ਹਨ, ਜਿਨ੍ਹਾਂ ‘ਚੋਂ ਸਿਰਕੱਢਵੇਂ ਗੁਲਜ਼ਾਰ ਸਿੰਘ ਸੰਧੂ ਤੇ ਵਰਿਆਮ ਸਿੰਘ ਸੰਧੂ ਹਨ। ਦੋਵੇਂ ਕਹਾਣੀਕਾਰ ਵਜੋਂ ਭਾਰਤੀ ਸਾਹਿਤ ਅਕੈਡਮੀ ਐਵਾਰਡਾਂ ਨਾਲ ਸਨਮਾਨੇ ਗਏ। ਗੁਲਜ਼ਾਰ ਸਿੰਘ ਸੰਧੂ ਜਦੋਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਕੇ ਚੰਡੀਗੜ੍ਹ ਆਇਆ ਤਾਂ ਭੂਸ਼ਨ ਧਿਆਨਪੁਰੀ ਨੇ ਭੂਸ਼ਨੀ-ਬੰਦ ਲਿਖਿਆ ਸੀ:
ਲਿਖਿਆ ਖਤ ਸ਼ਮਸ਼ੇਰ, ਵਰਿਆਮ ਤਾਈਂ,
ਅਸੀਂ ਸਦਾ ਹੀ ਰਹੇ ਸਰਦਾਰ ਸੰਧੂ।
ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ,
ਪੂਰਨ ਭਗਤ ਵਾਲਾ ਕਾਦਰ ਯਾਰ ਸੰਧੂ।
ਸਾਡੀ ਕਲਗੀ ‘ਚ ਨਵਾਂ ਏ ਖੰਭ ਲੱਗਾ,
ਆਇਆ ਜਦੋਂ ਦਾ ਏਥੇ ਗੁਲਜ਼ਾਰ ਸੰਧੂ।
ਸੰਧੂ ਨਹੀਂ ਸੁਹਾਗੇ ‘ਤੇ ਮਾਣ ਹੁੰਦਾ,
ਇਹ ਤਾਂ ਆਇਆ ਅਖਬਾਰ/ਸਵਾਰ ਸੰਧੂ!
ਪੁਸਤਕ ‘ਜੱਟਾਂ ਦਾ ਇਤਿਹਾਸ’ ਵਿਚ ਹੁਸ਼ਿਆਰ ਸਿੰਘ ਦੁਲੇਹ ਲਿਖਦਾ ਹੈ, “ਪੰਜਾਬ ਵਿਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਪੱਖੋਂ ਜੱਟਾਂ ਦਾ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ…। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਸੰਧੂ ਖਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਸ੍ਰੀ ਰਾਮ ਚੰਦਰ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ ‘ਸੰਧੂ ਰਾਉ’ ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗ੍ਰਿਫਨ ਦੀ ਰਾਏ ਵਿਚ ਸੰਧੂ ਉਤਰ ਪੱਛਮੀ ਰਾਜਪੂਤਾਨੇ ਵਿਚੋਂ ਪੰਜਾਬ ਵਿਚ ਆਏ ਹਨ। ਪੁਰਾਣੇ ਸਮੇਂ ਵਿਚ ਜਦ ਕਾਲ ਪੈਂਦਾ ਸੀ ਤਾਂ ਜੱਟ ਹਰੇ ਚਾਰੇ ਦੀ ਤਲਾਸ਼ ਵਿਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਅਨੁਸਾਰ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ ਵਿਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿਚ ਆਏ ਸਨ। ਐਚ. ਕੇ. ਰੋਜ਼ ਨੇ ਆਪਣੀ ਕਿਤਾਬ ਵਿਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883-84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਸਨ। ਸੰਧੂ ਬਾਬਾ ਕਾਲਾ ਮੈਹਿਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ। ਸੰਧੂ ਖਾਨਦਾਨ ਦੇ ਲੋਕ ਆਪਣੀ ਸ਼ਰਧਾ ਅਨੁਸਾਰ ਬਾਬਾ ਜੀ ਦੇ ਮੱਠ ‘ਤੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਦੋਸਤਾਂ-ਮਿੱਤਰਾਂ ਨੂੰ ਵੰਡਦੇ ਹਨ। ਸੰਧੂਆਂ ਅਨੁਸਾਰ ਬਾਬਾ ਕਾਲਾ ਮੈਹਿਰ ਗਜ਼ਨੀ ਤੋਂ ਆਏ ਤੇ ਫੇਰ ਸਿੰਧ ਤੇ ਪੰਜਾਬ ਆਦਿ ਖੇਤਰਾਂ ਵਿਚ ਆਪਣੇ ਭਾਈਚਾਰੇ ਸਮੇਤ ਵਸ ਗਏ। ਇਕ ਹੋਰ ਰਵਾਇਤ ਹੈ ਕਿ ਬਾਬਾ ਕਾਲਾ ਮੈਹਿਰ ਪਹਿਲੀ ਜਗ੍ਹਾ ਤੋਂ ਉਠ ਕੇ ਮਾਝੇ ਵਿਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿਚ ਹਨ। ਲਾਹੌਰ ਦੇ ਇਲਾਕੇ ਵਿਚ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਪ੍ਰਸਿੱਧ ਪਿੰਡ ਹਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਹਨ। ਪੂਰਬੀ ਪੰਜਾਬ ਵਿਚ ਆ ਕੇ ਹੁਣ ਮਲਵਈ ਭਾਈਚਾਰੇ ਵਿਚ ਹੀ ਰਲ-ਮਿਲ ਗਏ ਹਨ…।”
ਦੁਲੇਹ ਅੱਗੇ ਲਿਖਦੈ, “ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਬਾਬੇ ਕਾਲੇ ਮੈਹਿਰ ਦੀ ਸਮਾਧ ‘ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਉਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦੇ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇਕ ਮਿਰਾਸੀ ਨੇ ਲੇਖਕ ਨੂੰ ਦੱਸਿਆ ਕਿ ਫਰੀਦਕੋਟ ਦੇ ਇਲਾਕੇ ਵਿਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਅਤੇ ਭੱਟੀਆਂ ਵਿਚਕਾਰ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿਚ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾ ਕੇ ਬੇਹੋਸ਼ ਹੋ ਗਿਆ। ਉਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹੈ, ਪੂਰਾ ਸੁੱਤਾ ਨਹੀਂ। ਉਸ ਦੀਆਂ ਸੁੱਤੇ ਪਿਆਂ ਵੀ ਅੱਖਾਂ ਅੱਧ-ਖੁੱਲ੍ਹੀਆਂ ਸਨ। ਉਥੋਂ ਹੀ ਦੰਦ ਕਥਾ ਚੱਲੀ ਕਿ ਸੰਧੂਆਂ ਦੀਆਂ ਸੁੱਤਿਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ! ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖਮੀ ਕਰ ਦਿੱਤਾ। ਉਹ ਜ਼ਖਮੀ ਸਿਰ ਨਾਲ ਵੀ ਭੱਟੀਆਂ ਵਿਰੁਧ ਲੜਦਾ ਰਿਹਾ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ ‘ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਓ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿਓ।”

ਵਰਿਆਮ ਹੋਰੀਂ ਪੰਜ ਭੈਣ-ਭਰਾ ਸਨ। ਤਿੰਨ ਭੈਣਾਂ ਤੇ ਦੋ ਭਰਾ। ਛੋਟੇ ਭਰਾ ਸੁਰਿੰਦਰ ਸਿੰਘ ਦੀ 2014 ਵਿਚ ਮੌਤ ਹੋ ਗਈ। ਵਰਿਆਮ ਸਭ ਤੋਂ ਵੱਡਾ ਹੈ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡਾ ਕਲਾਂ ਵਿਚ ਵਰਿਆਮ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ ਪੈਦਾ ਹੋਇਆ। ਉਹਦੇ ਨਾਨਕੇ ਔਲਖ ਜੱਟ ਹਨ। ਉਹਦੇ ਨਾਨੇ ਠਾਕੁਰ ਸਿੰਘ ਦੀ ਭੈਣ ਮੰਗਲ ਕੌਰ ਪਿੰਡ ਭਡਾਣੇ ਵਿਚ ਹਰੀ ਸਿੰਘ ਨਾਲ ਵਿਆਹੀ ਹੋਈ ਸੀ। ਹਰੀ ਸਿੰਘ ਤੋਂ ਛੋਟੇ ਉਸ ਦੇ ਦੋ ਭਰਾ ਸਨ-ਚੰਦਾ ਸਿੰਘ ਤੇ ਬਿਸ਼ਨ ਸਿੰਘ। ਛੋਟਾ ਬਿਸ਼ਨ ਸਿੰਘ ਸਿੱਧੜ ਹੋਣ ਕਰਕੇ ਛੜਾ-ਛਾਂਟ ਰਿਹਾ ਅਤੇ ਆਪਣੇ ਵੱਡੇ ਭਰਾਵਾਂ ਦਾ ਮਾਲ-ਡੰਗਰ ਸਾਂਭਦਾ ਰਿਹਾ। ਚੰਦਾ ਸਿੰਘ, ਜਿਸ ਨੇ ਭਵਿੱਖ ਵਿਚ ਵਰਿਆਮ ਦਾ ਦਾਦਾ ਬਣਨਾ ਸੀ, ਲਾਹੌਰ ਜ਼ਿਲ੍ਹੇ ਦੇ ਇੱਕ ਹੋਰ ਵੱਡੇ ਪਿੰਡ ਸੁਰਸਿੰਘ ਵਿਚ ਪਾਲਾ ਸਿੰਘ ਦੀ ਧੀ ਧੰਨ ਕੌਰ ਨਾਲ ਵਿਆਹਿਆ ਗਿਆ।
ਪਾਲਾ ਸਿੰਘ ਦਾ ਪਿਤਾ ਕਿਸ਼ਨ ਸਿੰਘ ਘੋੜੇ ਪਾਲਣ ਦਾ ਸ਼ੌਕੀਨ ਹੋਣ ਕਰਕੇ ਸਾਰੇ ਇਲਾਕੇ ਵਿਚ ਪ੍ਰਸਿੱਧ ਸੀ। ਉਹਦੀ ਪ੍ਰਸਿੱਧੀ ਦਾ ਕਾਰਨ ਉਸ ਕੋਲ ਅਜਿਹਾ ਵਿਗਿਆਨਕ ਹੁਨਰ ਹੋਣਾ ਸੀ, ਜਿਸ ਸਦਕਾ ਉਹ ਆਪਣੇ ਸਾਨ੍ਹ ਘੋੜੇ ਰਾਹੀਂ ਗਰਭਿਤ ਹੋਈ ਘੋੜੀ ਦੇ ਮਾਲਕ ਦੇ ਮਨਚਾਹੇ ਰੰਗ ਦਾ ਵਛੇਰਾ/ਵਛੇਰੀ ਪੈਦਾ ਕਰਵਾ ਸਕਦਾ ਸੀ। ਦੱਸਣ ਵਾਲੇ ਦੱਸਦੇ ਹਨ ਕਿ ਉਹ ਘੋੜੇ ਦਾ ਵੀਰਜ ਕੈਂਹ ਦੇ ਛੰਨੇ ਵਿਚ ਪਾ ਕੇ ਉਸ ਵਿਚ ਲੋੜੀਂਦਾ ਨਿਸਚਿਤ ਰੰਗ ਮਿਲਾ ਕੇ ਨੜੇ ਦੇ ਖੋਲ ਵਿਚ ਪਾਉਂਦਾ ਅਤੇ ਫਿਰ ਉਸ ਨੜੇ ਨੂੰ ਘੋੜੀ ਦੀ ਬੱਚੇਦਾਨੀ ਤੱਕ ਪੁਚਾ ਕੇ ਪਿੱਛੋਂ ਫੂਕ ਮਾਰਦਾ। ਵੀਰਜ ਘੋੜੀ ਦੇ ਗਰਭ ਅੰਦਰ ਪਹੁੰਚ ਜਾਂਦਾ। ਇਹ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਦੰਦ-ਕਥਾ ਹੈ। ਅਸਲ ਵਿਧੀ ਪਤਾ ਨਹੀਂ ਉਹ ਕੀ ਅਖਤਿਆਰ ਕਰਦਾ ਸੀ। ਪਰ ਹੋਵੇਗੀ ਉਹ ਨਿਸਚੈ ਹੀ ਕੋਈ ਵਿਗਿਆਨਕ-ਵਿਧੀ। ਉਂਜ ਅਨਪੜ੍ਹ ਕਿਸਾਨ ਕੋਲ ਇਸ ਹੁਨਰ ਦਾ ਹੋਣਾ ਉਸ ਨੂੰ ਹੈਰਾਨੀ ਭਰੀ ਸ਼ਲਾਘਾ ਦਾ ਪਾਤਰ ਬਣਾਉਂਦਾ ਹੈ। ਇਹ ਕਹਾਣੀ ਵੀ ਪ੍ਰਚਲਿਤ ਸੀ ਕਿ ਉਹਦੀ ਸ਼ੋਭਾ ਸੁਣ ਕੇ ਲਾਹੌਰ ਦੇ ਡੀ. ਸੀ. ਨੇ ਆਪਣੇ ਅਹਿਲਕਾਰ ਰਾਹੀਂ ਉਹਨੂੰ ਆਪਣੇ ਕੋਲ ਸੱਦਿਆ। ਅਹਿਲਕਾਰ ਨੇ ਆਪਣੇ ਆਉਣ ਦਾ ਮਕਸਦ ਪਹਿਲਾਂ ਹੀ ਦੱਸ ਦਿੱਤਾ ਸੀ। ‘ਸਾਹਬ-ਬਹਾਦਰ’ ਨੂੰ ਆਪਣੀ ਘੋੜੀ ਤੋਂ ਕਾਲੇ-ਚਿੱਟੇ ਡੱਬਾਂ ਵਾਲਾ ਬੱਚਾ ਚਾਹੀਦਾ ਸੀ। ਕਿਸ਼ਨ ਸਿੰਘ ਨੇ ਆਪਣੇ ਰੰਗਾਂ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਡੱਬੀ ਵਿਚ ਪਾਈਆਂ ਅਤੇ ਡੱਬੀ ਖੱਦਰ ਦੇ ਲੰਮੇ ਕੁੜਤੇ ਦੀ ਅੰਦਰਲੀ ਵੱਡੀ ਜੇਬ ਵਿਚ ਪਾ ਲਈ। ਨਾਲ ਲੈ ਲਿਆ ਨੜਾ। ਸਾਨ੍ਹ ਘੋੜਾ ਤਾਂ ਉਹ ਨਾਲ ਲੈ ਕੇ ਗਿਆ ਹੀ ਸੀ। ਉਹ ਡੀ. ਸੀ. ਦੇ ਪੇਸ਼ ਹੋਇਆ ਤਾਂ ਉਸ ਨੇ ਪੁੱਛਿਆ,
“ਵੈਲ ਕਿਸ਼ਨ ਸਿੰਘ! ਅਪਨਾ ਗੋੜ੍ਹਾ ਸਾਥ ਲਾਇਆ ਹੈ?”
“ਜੀ ਘੋੜਾ ਤਾਂ ਮੇਰੇ ਬੋਝੇ ਵਿਚ ਹੈ।” ਕਿਸ਼ਨ ਸਿੰਘ ਨੇ ਜੇਬ ਵਿਚ ਪਈ ਡੱਬੀ ਉਤੇ ਹੱਥ ਰੱਖਿਆ ਅਤੇ ਮੁੱਛਾਂ ਵਿਚ ਹੱਸਿਆ।
“ਬੋਝੇ ਵਿਚ?” ਹੈਰਾਨ ਹੋਏ ਡੀ. ਸੀ. ਨੇ ਪੱਛਿਆ।
ਨਾਲ ਗਏ ਬੰਦੇ ਨੇ ਵਿਆਖਿਆ ਕੀਤੀ ਤਾਂ ਡੀ. ਸੀ. ਮੁਸਕਰਾ ਪਿਆ।
ਕਹਿੰਦੇ ਨੇ, ਜਦੋਂ ਡੀ. ਸੀ. ਦੀ ਘੋੜੀ ਨੇ ਬੱਚਾ ਦਿੱਤਾ ਤਾਂ ਉਹਦਾ ਆਪਣਾ ਮਨਚਾਹਿਆ ਰੰਗ ਵੇਖ ਕੇ ਉਹ ਧੰਨ-ਧੰਨ ਹੋ ਗਿਆ!
ਕੁਝ ਚਿਰ ਬਾਅਦ ਬਾਰ ਵਿਚ ਜਮੀਨਾਂ ਅਲਾਟ ਕਰਨ ਸਮੇਂ ਉਸ ਡੀ. ਸੀ. ਨੇ ਕਿਸ਼ਨ ਸਿੰਘ ਨੂੰ ਚਿੱਠੀ ਭਿਜਵਾਈ ਕਿ ਉਹ ਉਸ ਨੂੰ ਮਿਲੇ ਤਾਂ ਕਿ ਉਹਦੀ ਇੱਛਾ ਅਨੁਸਾਰ ਉਸ ਨੂੰ ਨਵੀਂ ਵਸਾਈ ਜਾ ਰਹੀ ਬਾਰ ਵਿਚ ਜਮੀਨ ਅਲਾਟ ਕੀਤੀ ਜਾ ਸਕੇ। ਕਿਸ਼ਨ ਸਿੰਘ ਨੇ ਚਿੱਠੀ ਪੜ੍ਹਵਾ ਕੇ ਪਾਸੇ ਰੱਖ ਛੱਡੀ ਤੇ ਡਿਓੜ੍ਹੀ ‘ਚ ਆਪਣੇ ਕੋਲ ਬੈਠੇ ਬੰਦਿਆਂ ਨੂੰ ਆਖਿਆ, “ਮੇਰੇ ਕੋਲ ਤਾਂ ਪਹਿਲਾਂ ਹੀ ਜਮੀਨ ਫੂਕੀ ਨਹੀਂ ਮੁੱਕਣੀ, ਮੈਂ ਜਮੀਨ ਦਾ ਕੀ ਕਰਨਾ?”
ਇਹ ਵੱਖਰੀ ਗੱਲ ਹੈ ਕਿ ਲੋਕਾਂ ਦੇ ਆਖਣ-ਵੇਖਣ ‘ਤੇ ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਆਪਣੇ ਪਿਓ ਤੋਂ ਚੋਰੀ, ਪੁੱਛ-ਪੁਛਾ ਕੇ, ‘ਸਾਹਬ-ਬਹਾਦਰ’ ਨੂੰ ਦੌਰੇ ਦੇ ਕਿਸੇ ਅਗਲੇ ਪੜਾਅ ‘ਤੇ, ਆਪਣੇ ਪਿਓ ਵੱਲੋਂ ਜਾ ਮਿਲਿਆ। ਕਾਫੀ ਪਛੜ ਕੇ ਪੁੱਜਣ ‘ਤੇ ਵੀ ਉਸ ਨੂੰ ਦੋ ਮੁਰੱਬੇ ਜਮੀਨ ਅਲਾਟ ਕਰ ਦਿੱਤੀ ਗਈ। ਕਿਸ਼ਨ ਸਿੰਘ ਜੇ ਆਪ ਵੇਲੇ ਸਿਰ ਸਾਹਬ ਕੋਲ ਚਲਾ ਜਾਂਦਾ ਤਾਂ ਪਤਾ ਨਹੀਂ ਉਸ ਨੇ ਕਿੰਨੀ ਜਮੀਨ ਦੇ ਦੇਣੀ ਸੀ!
ਪਿੰਡ ਸੁਰਸਿੰਘ ਦਾ ਬਜ਼ੁਰਗ ਨੰਦ ਸਿੰਘ ਹਸਰਤ ਨਾਲ ਦੱਸਦਾ ਹੁੰਦਾ ਸੀ, “ਉਦੋਂ ਸੁਰਸਿੰਘ ‘ਕਿਸ਼ਨ ਸਿੰਘ ਵਾਲਾ ਸੁਰਸਿੰਘ’ ਵੱਜਦਾ ਸੀ। ਡਿਓੜ੍ਹੀ ਵਿਚ ਰੌਣਕ ਲੱਗੀ ਰਹਿੰਦੀ। ਹਰ ਵੇਲੇ ਪੰਜ-ਸੱਤ ਮੰਜੇ ਡੱਠੇ ਰਹਿੰਦੇ। ਡਿਓੜ੍ਹੀ ਦਾ ਗਾਡੀ-ਦਰਵਾਜ਼ਾ ਹਰ ਆਏ-ਗਏ ਬੰਦੇ ਲਈ ਖੁੱਲ੍ਹਾ ਰਹਿੰਦਾ। ਰਾਹੀ-ਪਾਂਧੀ ਸਰਦਾਰ ਨੂੰ ਸਾਸਰੀ ਕਾਲ ਆਖਦੇ। ਲੱਸੀ-ਪਾਣੀ ਪੀਂਦੇ, ਅਰਾਮ ਕਰਦੇ, ਲੋੜ ਪੈਣ ‘ਤੇ ਰਾਤ-ਬਰਾਤੇ ਸਰਦਾਰ ਉਨ੍ਹਾਂ ਦੀ ਠਾਹਰ ਹੁੰਦਾ। ਏਨ੍ਹਾਂ ਚਾਰ ਕੋਠੜੀਆਂ ‘ਚ ਚਾਰ ਸਾਨ੍ਹ ਘੋੜੇ ਹੁੰਦੇ ਸਨ, ਦਰਸ਼ਨੀ ਤੋਂ ਦਰਸ਼ਨੀ। ਘੋੜਿਆਂ ਨੂੰ ਦਾਣਾ ਤੇ ਪੱਠਾ-ਦੱਥਾ ਪਾਉਣ ਅਤੇ ਮਾਲਸ਼ ਤੇ ਖਰਖਰਾ ਕਰਨ ਲਈ ਬੰਦੇ ਰੱਖੇ ਹੁੰਦੇ…।”
‘ਘੋੜਿਆਂ ਵਾਲੇ ਸਰਦਾਰ’ ਦੇ ਇਸੇ ਪਰਿਵਾਰ ਵਿਚ ਹੀ ਵਿਆਹਿਆ ਗਿਆ ਸੀ, ਵਰਿਆਮ ਦਾ ਦਾਦਾ ਚੰਦਾ ਸਿੰਘ। ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਉਹਦਾ ਸਹੁਰਾ ਸੀ। ਦੋ ਸਾਲੇ ਸਨ-ਹਕੀਕਤ ਸਿੰਘ ਤੇ ਗਰੀਬ ਸਿੰਘ। ਚੰਦਾ ਸਿੰਘ ਦੇ ਛੋਟੇ ਸਾਲੇ ਹਕੀਕਤ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ।
ਚੰਦਾ ਸਿੰਘ ਤੇ ਧੰਨ ਕੌਰ ਦੰਪਤੀ ਦੇ ਘਰ ਪਲੇਠੀ ਦੀ ਧੀ ਗੁਰਮੇਜੋ ਪੈਦਾ ਹੋਈ। ਉਸ ਤੋਂ ਚਾਰ ਕੁ ਸਾਲ ਪਿੱਛੋਂ ਧੰਨ ਕੌਰ ਨੇ ਪੁੱਤਰ ਦੀਦਾਰ ਸਿੰਘ ਨੂੰ ਜਨਮ ਦਿੱਤਾ ਅਤੇ ਉਸ ਦੇ ਜਨਮ ਸਮੇਂ ਹੀ ਕੋਈ ਕਸਰ ਹੋ ਜਾਣ ਕਰਕੇ ਉਹ ਛੇ ਕੁ ਮਹੀਨੇ ਬਾਅਦ ਹੀ ਸੰਸਾਰ ਨੂੰ ਅਲਵਿਦਾ ਆਖ ਗਈ। ਚੰਦਾ ਸਿੰਘ ਮਾਂ-ਮਹਿੱਟਰਾਂ ਨੂੰ ਪਾਲਣ ਵਾਸਤੇ ‘ਕੱਲਾ ਰਹਿ ਗਿਆ।
ਉਂਜ ਵੀ ਉਹਦੀਆਂ ਰੁਚੀਆਂ ਘਰ ਟਿਕ ਕੇ ਬਹਿਣ ਵਾਲੀਆਂ ਨਹੀਂ ਸਨ। ਉਹ ਮਾਰ-ਖੋਰਾ ਅਤੇ ਲੜਾਕਾ ਬੰਦਾ ਸੀ। ਬੁੱਢੇ ਵਾਰੇ ਉਹ ਬੜੇ ਸਹਿਜ-ਭਾਅ ਦੱਸਦਾ, “ਸਾਡੀ ਫਲਾਣਿਆਂ ਨਾਲ ਦੁਸ਼ਮਣੀ ਸੀ। ਦੋ ਵਾਰ ਅਸਾਂ ਉਨ੍ਹਾਂ ਦੇ ਸੱਟਾਂ ਲਾਈਆਂ। ਤੀਜੀ ਵਾਰ ਉਨ੍ਹਾਂ ਮੈਨੂੰ ਘੇਰ ਲਿਆ। ਗਲੀ ਦੇ ਮੋੜ ‘ਤੇ, ਉਹ ਪੰਦਰਾਂ-ਵੀਹ ਬੰਦੇ ਖੜੋਤੇ ਸਨ, ਡਾਂਗਾਂ ਲੈ ਕੇ। ਉਦੋਂ ਡਾਂਗਾਂ ਦੀਆਂ ਹੀ ਲੜਾਈਆਂ ਹੁੰਦੀਆਂ ਸਨ। ਮੈਂ ‘ਕੱਲਾ ਹੀ ਗੁਰਦੁਆਰਿਓਂ ਮੱਥਾ ਟੇਕ ਕੇ ਤੁਰਿਆ ਜਾਂਦਾ ਸਾਂ। ਅੱਗੇ ਬੰਦੇ ਵੇਖ ਕੇ ਮੈਂ ਪਿੱਛੇ ਨੂੰ ਗਲੀ ‘ਚ ਭੱਜਣ ਲਈ ਮੁੜਿਆ। ਪਿੱਛੇ ਵੀ ਬੰਦੇ ਖਲੋਤੇ ਸਨ। ਮੌਤ ਸਾਹਮਣੇ ਸੀ। ਖੱਬੇ ਹੱਥ ਇੱਕ ਆਵਾ ਬਲਦਾ ਪਿਆ ਸੀ, ਇੱਟਾਂ ਪਕਾਉਣ ਵਾਸਤੇ। ਮੈਂ ਆਖਿਆ ਚੰਦਾ ਸਿਅ੍ਹਾਂ! ਹੁਣ ਤਾਂ ਇੱਧਰ ਹੀ ਭੱਜਣਾ ਪਊ। ਲਓ ਜੀ, ਮੈਂ ਬਲਦੇ ਆਵੇ ਵਿਚੋਂ ਹੀ ਭੱਜ ਕੇ ਨਿਕਲ ਗਿਆ! ਤੇ ਭੱਜਣ ‘ਚ ਤਾਂ ਮੈਂ ਘੋੜੀਆਂ ਨੂੰ ਵੀ ਡਾਹ ਨਹੀਂ ਸਾਂ ਦੇਂਦਾ!”
ਇੰਜ ਹੀ ਉਸ ਨੇ ਦੱਸਣਾ, “ਇੱਕ ਵਾਰ ਭੋਲੇ ਭਾਅ ਹੀ ਮੈਥੋਂ ਬੰਦਾ ਮਰ ਗਿਆ। ਗੱਲ ਇਓਂ ਹੋਈ ਕਿ ਮੈਂ ਆਪਣੀ ਢਾਣੀ ਨਾਲ ਤਰਨਤਾਰਨ ਮੱਸਿਆ ਵੇਖਣ ਚੱਲਿਆ ਸਾਂ। ਕੋਈ ਜਾਣੂ ਰਾਹ ਵਿਚ ਮਿਲ ਪਿਆ ਤੇ ਮੈਂ ਉਸ ਨਾਲ ਗੱਲੀਂ ਪੈ ਗਿਆ। ਢਾਣੀ ਅੱਗੇ ਨਿਕਲ ਗਈ। ਜਾਣੂ ਨਾਲ ਗੱਲਬਾਤ ਕਰ ਕੇ, ਢਾਣੀ ਨਾਲ ਰਲਣ ਵਾਸਤੇ ਛੇਤੀ ਛੇਤੀ ਤੁਰਿਆ ਜਾ ਰਿਹਾ ਸਾਂ। ‘ਸੋਹਲਾਂ’ ਦੇ ਬਾਹਰਵਾਰ ਨਿਆਈਆਂ ਵਿਚ ਕਿਸੇ ਜੱਟ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ। ਮੈਂ ਨੰਗੇ ਪੈਰੀਂ ਸਾਂ। ਆਪਣੀ ਤਿੱਲੇ ਵਾਲੀ ਜੁੱਤੀ ਡਾਂਗ ਦੇ ਸੰਮ ਉਤੇ ਅੜਾ ਕੇ ਡਾਂਗ ਮੋਢੇ ‘ਤੇ ਰੱਖੀ ਹੋਈ ਸੀ। ਕੋਲੋਂ ਲੰਘਣ ਲੱਗਾ ਤਾਂ ਮੇਰੀ ਜੁੱਤੀ ਵੱਲ ਵੇਖ ਕੇ ਉਹ ਜੱਟ ਮਖੌਲ ਨਾਲ ਆਖਣ ਲੱਗਾ, ‘ਕਿੱਡਾ ਅਹਿਮਕ ਜੱਟ ਐ ਓਏ! ਜੁੱਤੀ ਸਿਰ ਉਤੋਂ ਉਚੀ ਚੁੱਕੀ ਹੋਈ ਸੂ।’ ਮੈਨੂੰ ਉਹਦੀ ਗੱਲ ਚੁਭ ਗਈ, ‘ਤੇਰੇ ਢਿੱਡ ਪੀੜ ਹੁੰਦੀ ਆ, ਓਏ!’
‘ਢਿੱਡ ਪੀੜ ਮੇਰੇ ਕਿਓਂ ਹੋਊ ਸਹੁਰਿਆ! ਪਰ ਸਿਰ ਪੱਗ ਵਾਸਤੇ ਹੁੰਦਾ, ਜੁੱਤੀਆਂ ਵਾਸਤੇ ਨਹੀਂ।’ ਆਪਣੀ ਗਲੀ ਵਿਚ ਤਾਂ ਕੁੱਤਾ ਵੀ ਸ਼ੇਰ ਹੁੰਦਾ, ਉਹ ਤਾਂ ਛੇ ਫੁੱਟਾ ਹੱਟਾ-ਕੱਟਾ ਗੱਭਰੂ ਸੀ, ਆਪਣੇ ਪਿੰਡ ਤੇ ਆਪਣੀ ਜਮੀਨ ਵਿਚ ਖਲੋਤਾ ਹੋਇਆ। ਪਰ ਮੈਨੂੰ ਉਹਦੀ ਇਹ ਗੱਲ ਲੜ ਗਈ ਸੀ। ਜੁੱਤੀ ਲਾਹ ਕੇ ਮੈਂ ਥੱਲੇ ਸੁੱਟੀ ਅਤੇ ਸਵ੍ਹਾਰੀ ਕਰਕੇ ਡਾਂਗ ਮਾਰੀ ਉਹਦੀ ਪੁੜਪੁੜੀ ਵਿਚ। ਡਾਂਗ ਟਿਕਾਣੇ ਵੱਜ ਗਈ। ਉਹ ‘ਸਰਦਾਰ ਜੀ’ ਫੁੜਕ ਕੇ ਔਹ ਜਾ ਪਿਆ। ਮੈਂ ਜਾ ਵੜਿਆ ਭੱਜ ਕੇ ਆਪਣੀ ਢਾਣੀ ‘ਚ। ਪਿੱਛੋਂ ਪੁਲਿਸ ਤੋਂ ਬਚਣ ਲਈ ਭੱਜ ਕੇ ਚੀਨ ਚਲਿਆ ਗਿਆ। ਉਥੋਂ ਤਿੰਨੀ ਸਾਲੀਂ ਪੁਲਿਸ ਫੜ੍ਹ ਲਿਆਈ। ਮੌਕੇ ਦਾ ਗਵਾਹ ਨਾ ਮਿਲਣ ਕਰਕੇ ਮੈਂ ਛੇਤੀ ਹੀ ਬਰੀ ਹੋ ਗਿਆ।”
ਇੱਕ ਵਾਰ ਵਰਿਆਮ ਨੇ ਆਪਣੇ ਜੱਦੀ ਪਿੰਡ ਭਡਾਣੇ ਦੇ ਗੁਆਂਢੀ ਪਿੰਡ ਨੌਸ਼ਹਿਰੇ-ਢਾਲੇ ਦੇ ਇੱਕ ਪੁਰਾਣੇ ਬਜ਼ੁਰਗ ਨੂੰ ਪੁੱਛਿਆ ਪਈ ਉਹਨੇ ਭਡਾਣੇ ਵਾਲੇ ਚੰਦਾ ਸਿੰਘ ਦਾ ਨਾਂ ਸੁਣਿਐਂ? ਉਹਨੇ ਹੁੱਭ ਕੇ ਦੱਸਿਆ, “ਕੀ ਰੀਸਾਂ ਓਸ ਜੱਟ ਦੀਆਂ! ਉਸ ਜਵਾਨ ਨਾਲ ਦਾ ਸੋਟਾ ਕਿਸੇ ਕੀ ਮਾਰਨਾ ਹੋਇਆ! ਅਗਲੇ ਦਾ ਸੋਟਾ ਝੱਲ ਕੇ ਮੁੜ ਵਾਰ ਕਰਨਾ ਕੋਈ ਚੰਦਾ ਸਿੰਘ ਤੋਂ ਸਿੱਖਦਾ। ਬੰਦਿਆਂ ਦਾ ਵੀ ਕੋਈ ਘਾਟਾ ਨਹੀਂ ਸੀ। ਚਾਰ ਤਾਂ ਭਤੀਏ ਸੀ, ਉਹਦੇ ਪਿੱਛੇ ਕੰਧ ਬਣ ਕੇ ਖਲੋਣ ਵਾਲੇ। ਚਾਰੇ ਕੜੀ ਵਰਗੇ ਜਵਾਨ, ਤਿੰਨ ਭਰਾ ਉਹ ਆਪ।”
ਵਰਿਆਮ ਸੰਧੂ ਲਿਖਦੈ, “ਅੱਜ ਤੱਕ ਲੱਖ ਦਬਾਉਣ ਉਤੇ ਵੀ ਮੇਰੇ ਅੰਦਰੋਂ ਕਦੇ ਕਦੇ ਮੇਰਾ ਜਟਕਾ ਰੰਘੜਊ ਜਾਗ ਪੈਂਦਾ ਹੈ। ਕਿਸੇ ਦਾ ਵਾਧਾ, ਧੱਕਾ ਜਾਂ ਟੇਢਾ ਮਖੌਲ ਮੈਨੂੰ ਧੁਖਣ ਅਤੇ ਬਲਣ ਲਾ ਦਿੰਦਾ ਹੈ। ਕਿਸੇ ਸਮੇਂ ਜੇ ਮੈਂ ਤੇਜ਼-ਤਰਾਰ ਕਿਸਮ ਦੀ ਨਕਸਲਵਾਦੀ ਲਹਿਰ ਦੇ ਪ੍ਰਭਾਵ ਅਧੀਨ ਆ ਗਿਆ ਸਾਂ ਤਾਂ ਇਸ ਪਿੱਛੇ ਹੋਰ ਕਈ ਕਾਰਨਾਂ ਤੋਂ ਇਲਾਵਾ ਮੇਰੇ ਦਾਦੇ ਚੰਦਾ ਸਿੰਘ ਤੋਂ ਮਿਲਿਆ ਖਾੜਕੂਪਣ ਵੀ ਮੇਰੇ ਸੰਸਕਾਰਾਂ ਦਾ ਹਿੱਸਾ ਬਣ ਕੇ ਮੇਰੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਕਾਰਨ ਜ਼ਰੂਰ ਰਿਹਾ ਹੋਵੇਗਾ।”
ਚੰਦਾ ਸਿੰਘ ਦੀ ਪਤਨੀ ਧੰਨ ਕੌਰ ਦੀ ਮੌਤ ਹੋ ਜਾਣ ‘ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਦੇ ਆਪਣੇ ਸਿਰ ਆਣ ਪਈ ਹੋਣ ਕਰਕੇ ਉਹ ਡਾਢਾ ਪ੍ਰੇਸ਼ਾਨ ਸੀ। ਪਰ ਇਸ ਪ੍ਰੇਸ਼ਾਨੀ ਨੂੰ ਉਹਦੇ ਛੋਟੇ ਸਾਲੇ ਹਕੀਕਤ ਸਿੰਘ ਅਤੇ ਉਹਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ ਨੇ ਆਪਣੀ ਨਣਾਨ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸ ਦਾ ਬੱਚਾ ਆਪਣੀ ਗੋਦ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, “ਵੀਰਾ ਚੰਦਾ ਸਿਅ੍ਹਾਂ! ਅੱਜ ਤੋਂ ਗੇਜੋ ਤੇ ਦੀਦਾਰ ਸਾਡੇ ਹੋਏ।”
ਹਰਨਾਮ ਕੌਰ ਦਾ ਪਿੰਡ ਪਠਾਣ ਕੇ, ਭਡਾਣੇ ਦੇ ਨੇੜੇ ਹੀ ਸੀ। ਇਹ ਪਿੰਡ ਵੀ ਭਡਾਣੇ ਵਾਂਗ ‘ਸੰਧੂਆਂ ਦਾ ਪਿੰਡ’ ਹੀ ਸੀ। ਗੋਤ ਵੱਲੋਂ ਸੰਧੂ ਹੋਣ ਕਰਕੇ ਉਹ ਚੰਦਾ ਸਿੰਘ ਨੂੰ ਭਰਾ ਹੀ ਸਮਝਦੀ ਤੇ ਆਖਦੀ ਸੀ। ਹਕੀਕਤ ਸਿੰਘ ਅਤੇ ਹਰਨਾਮ ਕੌਰ ਦਾ ਆਪਣਾ ਕੋਈ ਬੱਚਾ ਨਹੀਂ ਸੀ। ਦੋਵੇਂ ਜੀਅ, ਦੋਹਾਂ ਬੱਚਿਆਂ-ਗੁਰਮੇਜ ਕੌਰ ਤੇ ਦੀਦਾਰ ਸਿੰਘ ਨੂੰ ਸੁਰਸਿੰਘ ਆਪਣੇ ਨਾਲ ਲੈ ਆਏ। ਹਰਨਾਮ ਕੌਰ ਨੇ ਦੀਦਾਰ ਸਿੰਘ ਨੂੰ ਆਪਣਾ ਪੁੱਤਰ ਸਮਝ ਕੇ ਬੜੀ ਰੀਝ ਤੇ ਮੁਹੱਬਤ ਨਾਲ ਪਾਲਿਆ। ਮੋਹ-ਵੱਸ ਉਹਦੇ ਦੁੱਧ ਉਤਰ ਆਇਆ ਸੀ ਅਤੇ ਦੀਦਾਰ ਸਿੰਘ ਉਹਦਾ ਦੁੱਧ ਪੀ ਕੇ ਹੀ ਵੱਡਾ ਹੋਇਆ। ਉਹੋ ਹੀ ਅਸਲ ਵਿਚ ਉਹਦੀ ਮਾਂ ਸੀ। ਉਹੋ ਹੀ ਵਰਿਆਮ ਹੋਰਾਂ ਦੀ ਦਾਦੀ ਬਣੀ।
ਵਰਿਆਮ ਨੇ ਆਪਣੀ ਸਵੈਜੀਵਨੀ ਵਿਚ ਲਿਖਿਆ, “ਹੁਣ ਵੀ ਮੈਨੂੰ ਇਹ ਕਹਿੰਦਿਆਂ ਸ਼ਰਮ ਆ ਰਹੀ ਹੈ ਕਿ ਮੇਰੀ ਸਕੀ ਦਾਦੀ ਹਰਨਾਮ ਕੌਰ ਨਹੀਂ, ਧੰਨ ਕੌਰ ਸੀ। ਮੇਰਾ ਮਨ ਕਦੀ ਵੀ ਇਹ ਮੰਨਣ ਜਾਂ ਦੱਸਣ ਨੂੰ ਤਿਆਰ ਨਹੀਂ ਹੋਇਆ ਕਿ ਹਰਨਾਮ ਕੌਰ ਮੇਰੀ ਅਸਲ ਦਾਦੀ ਨਹੀਂ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮਮਤਾ ਵਿਚ ਧੁਰ ਡੂੰਘਾਣਾਂ ਵਿਚ ਭਿੱਜੀ ਉਹ ਅਜਿਹੀ ਸੱਚੀ ਅਤੇ ਸੁਹਿਰਦ ਔਰਤ ਸੀ ਜਿਸ ਕੋਲੋਂ ਮੇਰੀ ਆਪਣੀ ਮਾਂ ਨਾਲੋਂ ਵੀ ਮੈਨੂੰ ਵੱਧ ਪਿਆਰ ਮਿਲਿਆ। ਮੇਰੇ ਪਿਓ ਦੀ ਜਾਨ ਵਿਚ ਤਾਂ ਉਸ ਦੀ ਜਾਨ ਹੋਣੀ ਹੀ ਸੀ, ਜਿਸ ਨੂੰ ਉਸ ਨੇ ਆਪਣਾ ਦੁੱਧ ਚੁੰਘਾਇਆ, ਹੱਥੀਂ ਖਿਡਾਇਆ ਅਤੇ ਜਵਾਨ ਕੀਤਾ।”
ਦੀਦਾਰ ਸਿੰਘ ਸੁਰਸਿੰਘ ਦੇ ਮਿਡਲ ਸਕੂਲ ਵਿਚ ਸੱਤ ਜਮਾਤਾਂ ਪੜ੍ਹ ਗਿਆ। ਓਧਰ ਉਹਦੇ ਪਿਓ ਚੰਦਾ ਸਿੰਘ ਉਤੇ ਹੋਰ ਵਖਤ ਆਣ ਪਿਆ। ਉਹਦੀ ਭੈਣ ਚੰਦੋ ਭਰ ਜਵਾਨ ਉਮਰੇ ਵਿਧਵਾ ਹੋ ਗਈ। ਛੋਟੇ ਛੋਟੇ ਉਹਦੇ ਬਾਲ-ਬੱਚੇ। ਚੰਦਾ ਸਿੰਘ ਦੀ ਖੜਕੇ-ਦੜਕੇ ਵਾਲੀ ਜ਼ਿੰਦਗੀ ਗਵਾਚ ਗਈ। ਉਸ ਨੂੰ ਭੈਣ ਦਾ ਪਰਿਵਾਰ ਪਾਲਣ ਲਈ ਬਾਰ ਵਿਚ ਜਾਣਾ ਪਿਆ। ਉਥੇ ਬਾਰ ਵਿਚ ਉਹਨੇ ਵੀ ਕੁਝ ਜਮੀਨ ਆਪਣੇ ਹੱਥ ਹੇਠ ਕਰ ਲਈ। ਉਹ ਆਪਣੀ ਤੇ ਭੈਣ ਦੀ ਜਮੀਨ ਸੰਭਾਲਦਾ। ਭਡਾਣੇ ਵਾਲੀ ਜਮੀਨ ਉਹਦੇ ਭਤੀਜੇ ਵਾਹੁੰਦੇ।
ਕੁਦਰਤ ਦੇ ਰੰਗ ਵੇਖੋ ਕਿ ਇੱਕ ‘ਭਰਾ’ ਹਕੀਕਤ ਸਿੰਘ ਆਪਣੀ ਮਰ ਚੁਕੀ ਭੈਣ ਦੇ ਬੱਚੇ ਪਾਲ ਰਿਹਾ ਸੀ ਤੇ ਇੱਕ ‘ਭਰਾ’ ਚੰਦਾ ਸਿੰਘ ਆਪਣੀ ਜੀਂਦੀ ਵਿਧਵਾ ਭੈਣ ਦੇ ਬੱਚੇ ਪਾਲਣ ਦੀ ਜ਼ਿੰਮੇਵਾਰੀ ਨਿਭਾਉਣ ਜਾ ਲੱਗਾ ਸੀ।
ਚੰਦੋ ਦੇ ਬੱਚੇ ਵੱਡੇ ਹੋਏ। ਚੰਦਾ ਸਿੰਘ ਨੇ ਉਨ੍ਹਾਂ ਦੇ ਵਿਆਹ ਕੀਤੇ। ਨੂੰਹਾਂ ਘਰ ਆ ਗਈਆਂ। ਭੈਣ ਦਾ ਪਰਿਵਾਰ ਵੱਸਣ-ਰੱਸਣ ਲੱਗਾ ਤਾਂ ਚੰਦਾ ਸਿੰਘ ਨੇ ਸੋਚਿਆ ਕਿ ਉਹਦੇ ਆਪਣੇ ਬੱਚਿਆਂ ਦੇ ਵਿਆਹੁਣ ਦੀ ਜ਼ਿੰਮੇਵਾਰੀ ਤਾਂ ਅਜੇ ਉਹਦੇ ਆਪਣੇ ਸਿਰ ‘ਤੇ ਹੈ। ਉਹਨੇ ਸੁਰਸਿੰਘ ਜਾ ਕੇ ਹਕੀਕਤ ਸਿੰਘ ਤੇ ਹਰਨਾਮ ਕੌਰ ਤੋਂ ਮੰਗ ਕੀਤੀ ਕਿ ਉਹ ਬੱਚਿਆਂ ਨੂੰ ਆਪਣੇ ਨਾਲ ਲਿਜਾਣਾ ਤੇ ਉਨ੍ਹਾਂ ਦਾ ਆਪਣੇ ਹੱਥੀਂ ਵਿਆਹ ਕਰਨਾ ਚਾਹੁੰਦੈ। ਹਕੀਕਤ ਸਿੰਘ ਤੇ ਹਰਨਾਮ ਕੌਰ ਨੇ ਕਿਹਾ ਕਿ ਜਿਵੇਂ ਉਨ੍ਹਾਂ ਪਾਲੇ ਨੇ, ਉਵੇਂ ਵਿਆਹ ਵੀ ਉਹ ਆਪ ਹੀ ਕਰਨਗੇ। ਪਰ ਚੰਦਾ ਸਿੰਘ ਦੀ ਇੱਛਾ ਸੀ ਕਿ ਉਹ ਆਪਣਾ ਮੁੰਡਾ ਆਪ ਵਿਆਹੇ, ਘਰ ਵਿਚ ਨੂੰਹ ਆਏਗੀ, ਬੱਚੇ ਹੋਣਗੇ। ਉਹਦਾ ਉਜੜਿਆ ਘਰ ਵੱਸ ਜਾਊ। ਪਰ ਏਧਰ ਜਿਨ੍ਹਾਂ ਨੇ ਦੋਹਾਂ ਹੀ ਬੱਚਿਆਂ ਨੂੰ ਕਲੇਜੇ ਦਾ ਟੁਕੜਾ ਸਮਝ ਕੇ ਪਾਲਿਆ ਤੇ ਵੱਡਾ ਕੀਤਾ, ਉਹ ਉਨ੍ਹਾਂ ਦਾ ਆਪਣੇ ਕਲੇਜੇ ਨਾਲੋਂ ਟੁੱਟਣਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ?
“ਤੂੰ ਵੀ ਏਥੇ ਹੀ ਸਾਡੇ ਕੋਲ ਆ ਰਹੁ।” ਹਕੀਕਤ ਸਿੰਘ ਨੇ ਸੋਚਿਆ ਕਿ ਇੰਜ ਦੋਹਾਂ ਧਿਰਾਂ ਦੀ ਪੁੱਤ ਵਿਆਹੁਣ ਅਤੇ ਘਰ ਵੱਸਦਾ ਵੇਖਣ ਦੀ ਰੀਝ ਪੂਰੀ ਹੋ ਜਾਊ। ਪਰ ਚੰਦਾ ਸਿੰਘ ਦੀ ‘ਟੈਂਅ’ ਨੂੰ ਇਹ ਗੱਲ ਕਿਵੇਂ ਪੁੱਗ ਸਕਦੀ ਸੀ? ਉਹ ਕੂਇਆ, “ਤੂੰ ਚਾਹੁੰਨੈਂ ਠੇਠਰ ਬੰਦਿਆਂ ਵਾਂਗੂੰ ਮੈਂ ਸਹੁਰੇ ਘਰ ਆ ਕੇ ਬਹਿ ਜਾਂ।”
ਆਖਰ ਹਰਨਾਮ ਕੌਰ ਨੇ ਹੀ ਨਿਬੇੜਾ ਕੀਤਾ, “ਦੀਦਾਰ ਦੇ ਮਾਮਾ! ਇਹ ਪਹਿਲਾਂ ਭਾਊ ਚੰਦਾ ਸੁੰਹ ਦੇ ਨਿਆਣੇ ਈ ਨੇ। ਜਿਵੇਂ ਉਹਨੂੰ ਚੰਗਾ ਲੱਗਦੈ, ਕਰਨ ਦੇਹ। ਆਪਾਂ ਤਾਂ ਪਰਾਈ ਅਮਾਨਤ ਸਾਂਭਣ ਜੋਗੇ ਸਾਂ। ਆਪਣਾ ਕਾਹਦਾ ਮਾਣ!” ਹਉਕਾ ਲੈ ਕੇ ਉਹਨੇ ਦਿਲ ‘ਤੇ ਪੱਥਰ ਰੱਖ ਲਿਆ।
ਚੰਦਾ ਸਿੰਘ ਦੋਹਾਂ ਬੱਚਿਆਂ ਨੂੰ ਲੈ ਕੇ ਭਡਾਣੇ ਚਲਾ ਗਿਆ। ਪਹਿਲਾਂ ਧੀ ਦਾ ਵਿਆਹ ਕੀਤਾ। ਫਿਰ ਚੰਦਾ ਸਿੰਘ ਦੇ ਵੱਡੇ ਭਰਾ ਹਰੀ ਸਿੰਘ ਦੇ ਘਰੋਂ, ਮੰਗਲ ਕੌਰ ਚਵਿੰਡੇ ਤੋਂ ਆਪਣੀ ਭਤੀਜੀ ਜਿੰਦੋ ਦਾ ਸਾਕ ਆਪਣੇ ਦਿਓਰ ਦੇ ਮੁੰਡੇ ਦੀਦਾਰ ਸਿੰਘ ਲਈ ਲੈ ਆਈ। ਦੀਦਾਰ ਸਿੰਘ ਵੀ ਵਿਆਹਿਆ ਗਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਗੁਰਮੇਜ ਕੌਰ ਤੇ ਦੀਦਾਰ ਸਿੰਘ ਦੇ ਵਿਆਹਾਂ ਉਤੇ ਉਨ੍ਹਾਂ ਨੂੰ ਆਪਣੇ ਬੱਚੇ ਸਮਝ ਕੇ ਹੀ ਖਰਚ ਕੀਤਾ। ਦੀਦਾਰ ਸਿੰਘ ਤੇ ਜੋਗਿੰਦਰ ਕੌਰ ਦੇ ਪਲੇਠੀ ਦਾ ਪੁੱਤਰ ਸਾਡਾ ਵਰਿਆਮ ਜੰਮਿਆ।
ਵਰਿਆਮ ਅਜੇ ਡੇਢ ਪੌਣੇ ਦੋ ਸਾਲ ਦਾ ਸੀ ਕਿ ਪਾਕਿਸਤਾਨ ਬਣ ਗਿਆ। ਐਨ ਆਖਰੀ ਦਿਨ ਤੱਕ, ਜਦੋਂ ਇਹ ਖਬਰ ਮਿਲੀ ਕਿ ਧਾੜਵੀ ਪਿੰਡ ਨੂੰ ਲੁੱਟਣ ਅਤੇ ਸਾੜਨ ਆ ਰਹੇ ਹਨ, ਸਾਰੇ ਹਿੰਦੂ-ਸਿੱਖ ਪਿੰਡ ਵਿਚ ਹੀ ਟਿਕੇ ਹੋਏ ਸਨ। ਭਡਾਣਾ ਪਾਕਿਸਤਾਨ ਵਿਚ ਆ ਗਿਆ ਸੀ। ਹੁਣ ਅਚਨਚੇਤ ਹਨੇਰਾ ਉਤਰਦਿਆਂ ਹੀ ਵੱਸਦੇ-ਰੱਸਦੇ ਘਰ ਛੱਡ ਕੇ ਸਭ ਨੂੰ ਤੁਰਨਾ ਪੈ ਗਿਆ।
ਵਰਿਆਮ ਦੀ ਬੀਬੀ ਵਰਿਆਮ ਨੂੰ ਦੱਸਿਆ ਕਰਦੀ, “ਤੇਰੇ ਜੰਮਣ ‘ਤੇ ਕੁਝ ਚਿਰ ਤਾਂ ਮੈਂ ਚਵਿੰਡੇ ਰਹੀ। ਭਡਾਣੇ ਬਾਪੂ ਜੀ ਨਵਾਂ ਮਕਾਨ ਬਣਵਾ ਰਹੇ ਸਨ। ਸਾਂਝੇ ਟੱਬਰ ‘ਚੋਂ ਹਿੱਸੇ ਆਉਂਦਾ ਪਹਿਲਾ ਮਕਾਨ ਤਾਂ ਏਨੇ ਸਾਲਾਂ ਪਿੱਛੋਂ ਰਹਿਣ ਜੋਗਾ ਨਹੀਂ ਸੀ ਰਿਹਾ। ਦੋ ਨਵੇਂ ਪੱਕੇ ਕੋਠੇ, ਅੱਗੇ ਸੁਫਾ ਤੇ ਰਸੋਈ ਬਣਵਾਈ। ਡੰਗਰਾਂ ਲਈ ਵੱਖਰਾ ਕੱਚਾ ਕੋਠਾ ਤੇ ਪੱਕਾ ਬਰਾਂਡਾ ਬਣਵਾਇਆ। ਬਰਾਂਡੇ ਵਿਚ ਟੋਕਾ ਲਵਾਇਆ। ਉਦੋਂ ਮਸ਼ੀਨੀ ਟੋਕਾ ਕਿਸੇ ਕਿਸੇ ਦੇ ਘਰ ਹੀ ਹੁੰਦਾ ਸੀ। ਬਾਰ ਵਾਲੀ ਜਮੀਨ ਵਿਚ ਕਣਕ ਬੀਜ ਕੇ ਅਸੀਂ ਫੱਗਣ ਵਿਚ ਭਡਾਣੇ ਆ ਗਏ। ਬਾਪੂ ਜੀ ਬੜੇ ਖੁਸ਼ ਕਿ ਵਰ੍ਹਿਆਂ ਬਾਅਦ ਉਨ੍ਹਾਂ ਦਾ ਘਰ ਵੱਸਿਆ ਸੀ! ਅਜੇ ਪੰਜ-ਛੇ ਮਹੀਨੇ ਹੀ ਰਹੇ ਹੋਵਾਂਗੇ ਕਿ ਭਾਦਰੋਂ ਵਿਚ ਪਾਕਿਸਤਾਨ ਬਣ ਗਿਆ। ਗੁਰੂ ਕੀ ਵਡਾਲੀ ਤੋਂ ਉਜੜ ਕੇ ਮੁਸਲਮਾਨ ਸਾਡੇ ਗੁਆਂਢ ਆ ਵੱਸੇ ਸਨ। ਬਾਪੂ ਜੀ ਆਪਣੇ ਦਲੇਰ ਸੁਭਾਅ ਕਰਕੇ ਉਨ੍ਹਾਂ ਨੂੰ ਕਹਿੰਦੇ, ‘ਤੁਸੀਂ ਮੈਨੂੰ ਦੱਸੋ, ਮੈਂ ਗੁਰੂ ਕੀ ਵਡਾਲੀ ਤੋਂ ਜਾ ਕੇ ਤੁਹਾਡਾ ਸਮਾਨ ਲਿਆਉਂਦਾ ਹਾਂ!’ ਪਰ ਰਾਤ ਨੂੰ ਆਪਣਾ ਸਭ ਕੁਝ ਛੱਡ-ਛੁਡਾ ਕੇ ਘਰੋਂ ਨਿਕਲਣਾ ਪੈ ਗਿਆ! ਉਂਜ ਪਿੰਡ ਵਿਚ ਅਮਨ-ਕਮੇਟੀ ਵੀ ਬਣੀ ਹੋਈ ਸੀ। ਰੇਡੀਓ ਸੁਣਨ ਵਾਲੇ ਕੁਝ ਲੋਕ ਆਖਦੇ ਤਾਂ ਸਨ ਕਿ ਭਡਾਣਾ ਪਾਕਿਸਤਾਨ ਵਿਚ ਆ ਗਿਐ, ਪਰ ਵੱਸਦੇ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ। ਭਡਾਣੇ ਦੇ ਪਾਕਿਸਤਾਨ ਵਿਚ ਆ ਜਾਣ ਦੀ ਖਬਰ ਸੁਣ ਕੇ ਸਵੇਰੇ ਈ ਸੁਰਸਿੰਘ ਵਾਲੇ ਬਾਪੂ ਜੀ ਸਾਨੂੰ ਲੈਣ ਗਏ ਤਾਂ ਬਾਪੂ ਜੀ ਉਨ੍ਹਾਂ ਨੂੰ ਝਿੜਕ ਕੇ ਪਏ, ‘ਪੰਝੀਆਂ ਵਰ੍ਹਿਆਂ ਬਾਅਦ ਮੇਰਾ ਘਰ ਵੱਸਿਆ। ਤੂੰ ਫੇਰ ਉਜਾੜਨ ਆਇਐਂ!’ ਪਰ ਤਕਾਲੀਂ ਰੌਲਾ ਪੈ ਗਿਆ ਕਿ ਲੀਗ ਵਾਲੇ ਹੱਲਾ ਕਰਨ ਆ ਪਏ ਨੇ। ਲੋਕ ਪਿੰਡੋਂ ਨਿਕਲ ਤੁਰੇ। ਮਿਲਟਰੀ ਨੇ ਵਾਪਸ ਭੇਜ ਦਿੱਤੇ। ਸੱਤ-ਅੱਠ ਵਜੇ ਫਿਰ ਰੌਲਾ ਪੈ ਗਿਆ। ਰਾਤ ਦੇ ਹਨੇਰੇ ਵਿਚ ਭੱਜ ਨਿਕਲੇ। ਭਡਾਣੇ ਦੀ ਜਮੀਨ ਦੀ ਹੱਦ ਹੀ ਪਾਕਿਸਤਾਨ ਦੀ ਹੱਦ ਸੀ। ਪਰ ਨੇਰ੍ਹੀ ਰਾਤ ਵਿਚ ਰਾਹ ਨਾ ਲੱਭੇ। ਓਧਰੋਂ ਮੀਂਹ ਪੈਣ ਲੱਗਾ। ਖਾਲੇ-ਖਾਲ ਲੰਮੇ ਪੈ ਕੇ ਸੂਏ ਵੱਲ ਗਏ ਤਾਂ ਓਥੇ ਮਿਲਟਰੀ ਦਾ ਨਾਕਾ ਲੱਗਾ ਹੋਇਆ। ਮਿਲਟਰੀ ਤੋਂ ਵੀ ਡਰੀਏ ਕਿ ਕਿਤੇ ਗੋਲੀ ਨਾ ਚਲਾ ਦੇਣ! ਫੇਰ ਪਿੱਛੇ ਮੁੜੇ। ਰਾਤੋ ਰਾਤ ਕਮਾਦਾਂ ‘ਚ ਲੁਕਦੇ, ਜਾਨ ਬਚਾਉਂਦੇ, ਵੌੜਾਂ ਲੈਂਦੇ ਮਸਾਂ ਦਿਨ ਚੜ੍ਹਨ ਤੱਕ ‘ਸੌ ਕੋਹਾਂ’ ਵਰਗਾ ਚਾਰ ਪੰਜ ਕੋਹਾਂ ਦਾ ਪੈਂਡਾ ਮਾਰ ਕੇ ਮਸੀਂ ਸੁਰਸਿੰਘ ਪਹੁੰਚੇ।
ਸੁਰਸਿੰਘ ਆ ਕੇ ਰੋਟੀ-ਪਾਣੀ ਖਾਧਾ ਤੇ ਬਾਪੂ ਜੀ ਆਖਣ ਲੱਗੇ, ਮੈਂ ਭਡਾਣੇ ਨੂੰ ਚੱਲਿਆਂ। ਜਾ ਕੇ ਪਤਾ-ਸੁਤਾ ਕਰਦਾਂ, ਨਾਲੇ ਮਾਲ ਡੰਗਰ ਭੁੱਖਾ ਮਰਦਾ ਹੋਊ, ਉਹਨੂੰ ਪੱਠਾ-ਦੱਥਾ ਪਾ ਆਊਂ। ਆਪਣੇ ਕੋਲ ਉਸ ਵੇਲੇ ਚਾਰ ਮੱਝਾਂ, ਦੋ ਝੋਟੀਆਂ, ਦੋ ਬਲਦ, ਲਬੋਚੜ ਗਾਂ, ਆਉਣ ਜਾਣ ਲਈ ਘੋੜੀ ਤੇ ਪੱਠਾ-ਦੱਥਾ ਢੋਣ ਤੇ ਖੂਹ ਵਾਹੁਣ ਲਈ ਪਹਾੜ ਜਿੱਡਾ ਊਠ ਸੀ। ਘਰ ਜਾ ਕੇ ਬਾਪੂ ਜੀ ਨੇ ਊਠ ਖੋਲ੍ਹਿਆ ਤੇ ਪੱਠਿਆ ਨੂੰ ਤੁਰ ਪਿਆ। ਪਿੰਡ ਦੇ ਮੁਸਲਮਾਨ ਹੈਰਾਨ ਹੋਏ ਉਸ ਵੱਲ ਵੇਖਣ। ਉਸ ਨੂੰ ਪੈਲੀ ‘ਚੋਂ ਪੱਠੇ ਵੱਢਦਿਆਂ ਵੇਖ ਜਲਾਲ ਬਰਵਾਲਾ ਭੱਜਾ ਆਇਆ ਤੇ ਆਖਣ ਲੱਗਾ, ‘ਸਰਦਾਰਾ! ਮੇਰੀ ਮੰਨਦੈਂ ਤਾਂ ਤੈਨੂੰ ਅੱਲਾ ਦਾ ਵਾਸਤਾ ਈ, ਛੇਤੀ ਭੱਜ ਜਾ। ਰਾਤੀਂ ਤਾਂ ਪਿੰਡ ਵਾਲਿਆਂ ਨੇ ਬਾਹਰੋਂ ਆਏ ਬੰਦੇ ਹੱਥ ਬੰਨ੍ਹ ਕੇ ਮੋੜ ਦਿੱਤੇ ਸਨ। ਮਿਲਟਰੀ ਵਾਲਿਆਂ ਵੀ ਸਾਥ ਦਿੱਤਾ ਸੀ। ਹੁਣ ਵੀ ਪਿੰਡ ਵਾਲਿਆਂ ਦਾ ਤਾਂ ਕੋਈ ਨਹੀਂ, ਪਰ ਬਾਹਰੋਂ ਆਏ ਮੁਸਲਮਾਨ ਬੜੇ ਆਫਰੇ ਫਿਰਦੇ ਨੇ। ਉਨ੍ਹਾਂ ਤਾਂ ਘਰ ਲੁੱਟਣੇ ਵੀ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਡੰਗਰਾਂ ਲਈ ਪੱਠੇ ਵੱਢਣ ਡਿਹੈਂ ਉਨ੍ਹਾਂ ਵਿਚੋਂ ਤਾਂ ਹੁਣ ਕੋਈ ਵੀ ਕਿੱਲੇ ‘ਤੇ ਬੱਝਾ ਨਹੀਂ ਰਹਿ ਗਿਆ!’ ਬਾਪੂ ਜੀ ਹੱਥ ਝਾੜ ਕੇ ਤੁਰ ਪਏ। ਆਉਣ ਲੱਗਿਆਂ ਊਠ ਨੂੰ ਪੈਲੀਆਂ ਵਿਚ ਖੁੱਲ੍ਹਾ ਛੱਡ ਆਏ। ਉਨ੍ਹਾਂ ਨੂੰ ਪਤਾ ਸੀ ਕਿ ਘਰ ਦੇ ਕਿਸੇ ਜੀਅ ਤੋਂ ਬਿਨਾ ਕੋਈ ਹੋਰ ਜਣਾ ਉਸ ਨੂੰ ਫੜਨ ਦੀ ਹਿੰਮਤ ਨਹੀਂ ਕਰ ਸਕਦਾ। ਬੜਾ ਵਾਢੂ ਊਠ ਸੀ ਉਹ। ਹੋਇਆ ਵੀ ਇੰਜ ਹੀ। ਆਂਹਦੇ ਨੇ ਮਹੀਨਾ ਭਰ ਉਸ ਨੇ ਕਿਸੇ ਨੂੰ ਆਪਣੇ ਨੇੜੇ ਨਾ ਢੁੱਕਣ ਦਿੱਤਾ।”
ਉਜੜਨ ਦੀ ਵਾਰਤਾ ਸੁਣਾਉਂਦੀ ਬੀਬੀ ਆਪਣੇ ਦਾਜ ਤੇ ਗਹਿਣਿਆਂ ਦੀ ਗਿਣਤੀ ਕਰਨ ਲੱਗਦੀ, ਜਿਨ੍ਹਾਂ ਨੂੰ ਪਹਿਨਣਾ ਉਹਦੀ ਕਿਸਮਤ ਵਿਚ ਨਹੀਂ ਸੀ। ਚੰਦਾ ਸਿੰਘ ਦਾ ਟੱਬਰ, ਉਹਦੀ ਧੀ ਗੁਰਮੇਜ ਕੌਰ ਦੇ ਸਹੁਰਿਆਂ ਦਾ ਵੱਡਾ ਟੱਬਰ, ਹਰਨਾਮ ਕੌਰ ਦੇ ਪੇਕਿਆਂ ਦਾ ਟੱਬਰ, ਪੰਜਾਹ-ਸੱਠ ਜੀਅ ਹੋਣਗੇ ਨਿੱਕੇ-ਵੱਡੇ ਰਲਾ ਕੇ, ਜਿਹੜੇ ਸੁਰਸਿੰਘ ਦੀ ਹਵੇਲੀ ਵਿਚ ਆ ਟਿਕੇ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਆਪਣੇ ਦਿਲ ਵਾਂਗ ਹੀ ਘਰ ਦੇ ਬੂਹੇ ਖੋਲ੍ਹ ਦਿੱਤੇ। ਹੌਲੀ-ਹੌਲੀ ਸਭ ਜਿੱਥੇ-ਜਿੱਥੇ ਪੈਰ ਅੜਿਆ, ਤੁਰਦੇ ਗਏ ਪਰ ਸੁਰਸਿੰਘੀਆਂ ਦੀ ਖੁੱਲ੍ਹ-ਦਿਲੀ ਤੇ ਪ੍ਰਾਹੁਣਚਾਰੀ ਦੀਆਂ ਤਾਰੀਫਾਂ ਸਾਲਾਂ ਤੱਕ ਕਰਦੇ ਰਹੇ।
ਪਾਕਿਸਤਾਨ ਵਿਚ ਰਹਿ ਗਈ ਜਮੀਨ ਦੇ ਬਦਲੇ ਚੰਦਾ ਸਿੰਘ ਨੂੰ ਕੱਚੀ ਅਲਾਟਮੈਂਟ ਮੁਕੇਰੀਆਂ ਨੇੜੇ ਛੋਟੇ ਜਿਹੇ ਪਿੰਡ ਤੰਗਰਾਲੀਆਂ ਵਿਚ ਹੋਈ। ਬਾਕੀ ਭਾਈਚਾਰੇ ਨਾਲ ਚੰਦਾ ਸਿੰਘ ਦਾ ਪਰਿਵਾਰ ਵੀ ਤੰਗਰਾਲੀਆਂ ਜਾ ਵੱਸਿਆ। ਵਰਿਆਮ ਉਦੋਂ ਮਾਂ ਦੇ ਕੁੱਛੜ ਸੀ। ਉਹ ਆਪਣਾ ਮਾਲ ਡੰਗਰ ਤਾਂ ਪਿੱਛੇ ਭਡਾਣੇ ਛੱਡ ਆਏ ਸਨ। ਹਰਨਾਮ ਕੌਰ ਤੇ ਹਕੀਕਤ ਸਿੰਘ ਮਿਲਣ ਆਏ ਤਾਂ ਸੱਜਰ-ਸੂਈ ਮੱਝ ਮੁੱਲ ਲੈ ਕੇ ਦੇ ਗਏ ਤਾਂ ਕਿ ਬੱਚਿਆਂ ਦੇ ਮੂੰਹ ‘ਚ ਦੁੱਧ ਦੀ ਤਿੱਪ ਜਾ ਸਕੇ।
ਵਰਿਆਮ ਨੂੰ ਆਪਣੀ ਪਹਿਲੀ ਸੁਰਤ-ਸੰਭਾਲ ਇਸੇ ਪਿੰਡ ਤੰਗਰਾਲੀਆਂ ਦੀ ਹੈ। ਉਥੇ ਉਸ ਨੇ ਤੁਰਨਾ ਸਿੱਖਿਆ। ਉਥੇ ਹੀ ਉਸ ਦੀ ਭੈਣ ਸੁਰਜੀਤੋ ਨੇ ਜਨਮ ਲਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਕੁਝ ਚਿਰ ਬਾਅਦ ਫੇਰ ਆਏ। ਉਨ੍ਹਾਂ ਨੇ ਚੰਦਾ ਸਿੰਘ ਨੂੰ ਸਮਝਾਇਆ। ਹਰਨਾਮ ਕੌਰ ਨੇ ਆਖਿਆ, “ਵੀਰਾ! ਇਹ ਤੇਰੇ ਹੀ ਨਿਆਣੇ ਸਹੀ, ਪਰ ਸਾਡੇ ਵੀ ਕੁਝ ਲੱਗਦੇ ਨੇ। ਇਨ੍ਹਾਂ ਨੂੰ ਇਸ ਹਾਲੇ ਵੇਖ ਕੇ ਸਾਡੇ ਤੋਂ ਜਰਿਆ ਨਹੀਂ ਜਾਂਦਾ। ਤੂੰ ਦੀਦਾਰ ਨੂੰ ਸਾਡੇ ਕੋਲ ਘੱਲ ਦੇਹ। ਜਦੋਂ ਤੈਨੂੰ ਕਿਤੇ ਪੱਕੀ ਜਮੀਨ ਮਿਲ ਗਈ, ਬੇਸ਼ੱਕ ਲੈ ਜਾਈਂ।”
ਇੰਜ ਦੀਦਾਰ ਸਿੰਘ ਆਪਣੇ ਬਾਲ-ਬੱਚੇ ਨਾਲ ਸੁਰਸਿੰਘ ਪਰਤ ਪਿਆ। ਪਿੱਛੋਂ ਕੱਚੀ ਅਲਾਟਮੈਂਟ ਵਾਲੀ ਜਮੀਨ ਵੀ ਖੁੱਸ ਗਈ ਅਤੇ ਚੰਦਾ ਸਿੰਘ ਵੀ ਸੁਰਸਿੰਘ ਹੀ ਆ ਗਿਆ। ਉਹ ਆਪਣੇ ਕਲੇਮ ਤੇ ਜਮੀਨ ਦੀ ਪ੍ਰਾਪਤੀ ਲਈ ਜਲੰਧਰ ਫੇਰੇ ‘ਤੇ ਫੇਰੇ ਮਾਰਦਾ। ਉਹ ਸੁਰਸਿੰਘ ਤੋਂ ਸਦਾ ਤੁਰ ਕੇ ਹੀ ਜਾਂਦਾ। ਰਾਤ ਦੇ ਤੀਜੇ ਪਹਿਰ ਪਰਾਉਂਠੇ ਤੇ ਅੰਬ ਦਾ ਆਚਾਰ ਪਰਨੇ ਦੇ ਲੜ ਬੰਨ੍ਹ ਕੇ ਜਲੰਧਰ ਨੂੰ ਪੈਦਲ ਨਿਕਲ ਤੁਰਦਾ ਤੇ ਤੀਜੇ ਚੌਥੇ ਦਿਨ ਖੱਜਲ-ਖਰਾਬ ਹੋਣ ਬਾਅਦ ਘਰ ਪਰਤਦਾ। ਜਲੰਧਰ ਉਸ ਨੂੰ ਕੋਈ ਹੱਥ-ਪੱਲਾ ਨਾ ਫੜਾਉਂਦਾ। ਇੱਕ ਵਾਰ ਤਾਂ ਉਹ ਮਹਿਕਮਾ ਮਾਲ ਦੇ ਕਰਮਚਾਰੀ ਨੂੰ ਆਪਣਾ ਚਾਕੂ ਕੱਢ ਕੇ ਹੀ ਪੈ ਗਿਆ ਸੀ। ਆਖਰ ਲੰਮੇ ਯਤਨਾਂ ਪਿੱਛੋਂ ਉਸ ਨੂੰ ਆਪਣੇ ਹੋਰ ਬਹੁਤ ਸਾਰੇ ਪਿੰਡ ਵਾਸੀਆਂ ਵਾਂਗ ਅਬੋਹਰ ਨੇੜੇ ‘ਚਰਾਗ ਢਾਣੀ’ ਨਾਂ ਦੇ ਪਿੰਡ ਵਿਚ ਜਮੀਨ ਅਲਾਟ ਹੋਈ। ਜਮੀਨ ਦਾ ਕਬਜ਼ਾ ਲੈਣ ਲਈ ਚੰਦਾ ਸਿੰਘ ਓਥੇ ਪਹੁੰਚ ਗਿਆ। ਓਥੇ ਹੀ ਉਹਦੇ ਭਤੀਜਿਆਂ ਨੂੰ ਜਮੀਨ ਮਿਲੀ ਹੋਈ ਸੀ। ਬਾਕੀ ਪਰਿਵਾਰ ਸੁਰਸਿੰਘ ਹੀ ਟਿਕਿਆ ਰਿਹਾ।
ਵਰਿਆਮ ਦੱਸਦੈ: 1951 ਵਿਚ ਮੇਰਾ ਪਿਓ ਮੈਨੂੰ ਸਕੂਲ ਦਾਖ਼ਲ ਕਰਵਾਉਣ ਲੈ ਗਿਆ। ਮੇਰੇ ਤੇੜ ਚਾਦਰਾ ਬੱਝਾ ਹੋਇਆ ਸੀ। ਮੇਰੇ ਪਿਤਾ ਦੇ ਕਿੱਤੇ ਵਾਲੇ ਖਾਨੇ ਵਿਚ ‘ਰਫਿਊਜੀ’ ਲਿਖਿਆ ਗਿਆ। ਮਾਸਟਰ ਮੁਲਖ ਰਾਜ ਮੇਰੇ ਪਿਓ ਦਾ ਵੀ ਉਸਤਾਦ ਰਿਹਾ ਸੀ। ਉਸ ਨੇ ਮੈਨੂੰ ਘਬਰਾਇਆ ਵੇਖ ਕੇ ਕਿਹਾ, “ਡਰਦਾ ਕਿਓਂ ਏਂ? ਤੇਰਾ ਪਿਓ ਵੀ ਏਥੇ ਇਨ੍ਹਾਂ ਤੱਪੜਾਂ ‘ਤੇ ਬਹਿ ਕੇ ਹੀ ਪੜ੍ਹਿਆ। ਆਹ ਵੇਖ ਸਭ ਤੇਰੇ ਜਿੱਡੇ ਮੁੰਡੇ। ਔਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਜਿੱਡਾ।” ਉਹ ਮੈਨੂੰ ਹੌਸਲਾ ਦੇਣ ਲਈ ਜਮਾਤ ਵਿਚ ਲੈ ਗਿਆ ਅਤੇ ਮੈਨੂੰ ਬਾਜ਼ਾਰ ਵਿਚ ਸਾਡੇ ਨੇੜੇ ਹੀ ਵੱਸਦੇ ਦੁਕਾਨਦਾਰ ਖੁਸ਼ੀ ਰਾਮ ਦੇ ਲੜਕੇ ਕੋਲ ਬਿਠਾ ਦਿੱਤਾ। ਮੈਂ ਵੀ ਉਹਦੇ ਵਾਂਗ ਜਮਾਤਾਂ ਚੜ੍ਹਨ ਲੱਗਾ। ਅਠਵੀਂ ‘ਚ ਪੜ੍ਹਦਾ ਸਾਂ ਜਦੋਂ ਅਸੀਂ ਆਪਣੀ ਪੱਕੀ ਅਲਾਟਮੈਂਟ ਵਾਲੀ ਜਮੀਨ ‘ਤੇ ਜਾਣ ਦਾ ਫੈਸਲਾ ਕਰ ਲਿਆ। ਸਮਾਨ ਲੈ ਜਾਣ ਲਈ ਮੇਰਾ ਪਿਤਾ ਟਰੱਕ ਵੀ ਕਿਰਾਏ ‘ਤੇ ਕਰ ਲਿਆਇਆ। ਬਾਪੂ ਹਕੀਕਤ ਸਿੰਘ ਅਤੇ ਦਾਦੀ ਹਰਨਾਮ ਕੌਰ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਮੇਰੇ ਪਿਤਾ ਦੇ ਨੇੜਲੀ ਜਾਣ-ਪਛਾਣ ਅਤੇ ਰਸੂਖ ਵਾਲੇ ਬੰਦਿਆਂ ਕੋਲ ਸਾਨੂੰ ਅਬੋਹਰ ਜਾਣੋਂ ਰੋਕਣ ਦਾ ਤਰਲਾ ਲਿਆ। ਵਿਚਲੀ ਗੱਲ ਇਹ ਸੀ ਕਿ ਸੁਰਸਿੰਘ ਵਿਚਲੀ ਸਾਰੀ ਜਮੀਨ-ਜਾਇਦਾਦ ਤਾਂ ਹਕੀਕਤ ਸਿੰਘ ਦੇ ਨਾਂ ਸੀ ਤੇ ਉਹਤੋਂ ਬਾਅਦ ਉਸ ਉਤੇ ਉਹਦੇ ਭਤੀਜਿਆਂ ਦਾ ਹੱਕ ਹੋ ਜਾਣਾ ਸੀ। ਮੇਰਾ ਪਿਤਾ ਕਹਿੰਦਾ ਸੀ ਕਿ ਜੇ ਉਹ ਏਥੇ ਹੀ ਬੈਠਾ ਰਿਹਾ ਤਾਂ ਕੱਲ੍ਹ ਨੂੰ ਆਪਣੇ ਪਰਿਵਾਰ ਨੂੰ ਰੋਟੀ ਕਿਥੋਂ ਖੁਆਵੇਗਾ? ਉਂਜ ਵੀ ਜਮੀਨ ਦੀ ਸਾਰੀ ਖੱਟੀ ਹਕੀਕਤ ਸਿੰਘ ਦੀ ਜੇਬ ਵਿਚ ਜਾਂਦੀ ਸੀ ਅਤੇ ਘਰ-ਪਰਿਵਾਰ ਦੇ ਖਰਚਿਆਂ ਲਈ ਹਰ ਵੇਲੇ ਉਨ੍ਹਾਂ ਦੇ ਮੂੰਹ ਵੱਲ ਵੇਖਣਾ ਪੈਂਦਾ ਸੀ। ਮੇਰੇ ਪਿਤਾ ਨੂੰ ਇਸ ਘਰ ਵਿਚ ਕਿਸੇ ਪ੍ਰਕਾਰ ਦੇ ਹੱਕ ਅਤੇ ਮਾਣ ਦੀ ਘਾਟ ਦੁਖੀ ਕਰਦੀ ਸੀ। ਉਹ ਲੱਖ ਕੋਸ਼ਿਸ਼ ਕਰਨ ‘ਤੇ ਵੀ ਆਪਣੇ ਪਿਓ ਵਰਗਾ ਮਾਣ ਆਪਣੇ ਪਿਓ ਵਰਗੇ ਮਾਮੇ ‘ਤੇ ਨਹੀਂ ਸੀ ਕਰ ਸਕਦਾ। ਬਹੁਤੀ ਵਾਰ ਤਾਂ ਉਹ ਮਾਂ ਹਰਨਾਮ ਕੌਰ ਕੋਲ ਹੀ ਆਪਣੀ ਮੰਗ ਰੱਖਦਾ ਤੇ ਉਹੋ ਹੀ ਅੱਗੇ ਬਾਪੂ ਹਕੀਕਤ ਸਿੰਘ ਨੂੰ ਦੱਸਦੀ। ਦੂਜੇ ਪਾਸੇ ਹਕੀਕਤ ਸਿੰਘ ਦੇ ਅੰਦਰ ਵੀ ਸ਼ਾਇਦ ਇਹ ਕੰਡਾ ਰੜਕਦਾ ਰਹਿੰਦਾ ਸੀ ਕਿ ਉਸ ਦਾ ਅਸਲੀ ਪੁੱਤ ਹੁੰਦਾ ਤਾਂ ਉਸ ਨੂੰ ਖਬਰੇ ਕਿਵੇਂ ਦਾ ਮੋਹ-ਪਿਆਰ ਅਤੇ ਆਦਰ-ਮਾਣ ਦਿੰਦਾ! ਮਾਮਾ-ਭਣੇਵਾਂ ਦੋਵੇਂ ਇੱਕ ਦੂਜੇ ਨੂੰ ਆਪਣੀ ਵੱਲੋਂ ਬਣਦਾ ਮੋਹ-ਪਿਆਰ ਦੇਣ ਦੇ ਬਾਵਜੂਦ ਅੰਦਰੋਂ-ਅੰਦਰੀ ਕਿਤੇ ਖਾਲੀਪਨ ਮਹਿਸੂਸ ਕਰਦੇ ਸਨ। ਇਸੇ ਕਰਕੇ ਕਦੀ-ਕਦੀ ਮਾਮੇ-ਭਣੇਵੇਂ ਵਿਚ ਮਨ-ਮੁਟਾਵ ਵੀ ਹੋ ਜਾਂਦਾ ਸੀ। ਅੱਜ ਮੈਨੂੰ ਲੱਗਦਾ ਹੈ ਕਿ ਮਾਮਾ-ਭਣੇਵਾਂ ਦੋਵੇਂ ਹੀ ਸ਼ਾਇਦ ਆਪਣੀ-ਆਪਣੀ ਥਾਂ ਸੱਚੇ ਸਨ। ਦੋਵਾਂ ਨੂੰ ਕਿਤੇ-ਕਿਤੇ ‘ਪਿਓ-ਪੁੱਤ’ ਦਾ ਇਹ ਰਿਸ਼ਤਾ ‘ਅੰਬ’ ਦੀ ਥਾਂ ‘ਅੰਬਾਕੜੀ’ ਵਾਂਗ ਲੱਗਣ ਦਾ ਅਹਿਸਾਸ ਕਰਾਉਣ ਲੱਗ ਜਾਂਦਾ ਸੀ।
ਸੱਚਾਈ ਉਤੇ ਜਿੰਨਾ ਮਰਜ਼ੀ ਆਦਰਸ਼ ਦਾ ਪੋਚਾ ਫੇਰੀਏ ‘ਪਿਉ’ ਤੇ ‘ਮਾਮੇ’ ਵਾਲੀ ਗੱਲ ਰੜਕਦੀ ਹੀ ਰਹਿੰਦੀ ਹੈ। ਰਿਸ਼ਤਿਆਂ ਦੀ ਇਸ ਗੁੰਝਲ ਵਿਚ ਫਸਿਆ ਮੇਰਾ ਪਿਤਾ ਆਪਣੇ ਆਪ ਨੂੰ ਹਕੀਕਤ ਸਿੰਘ ਦੀ ਦਇਆ ‘ਤੇ ਨਿਰਭਰ ਸਮਝਦਾ ਸੀ। ਇਹ ‘ਦਇਆ’ ਉਸ ਦੇ ਸਵੈਮਾਣ ਨੂੰ ਜ਼ਖਮੀ ਕਰਦੀ ਰਹਿੰਦੀ। ਉਸ ਨੂੰ ਹਰ ਨਿੱਕੇ ਮੋਟੇ ਪਰਿਵਾਰਕ ਖਰਚੇ ਲਈ ਮਾਮੇ ਅੱਗੇ ਹੱਥ ਅੱਡਣੇ ਗਵਾਰਾ ਨਹੀਂ ਸਨ। ਉਹ ਹੁਣ ਕੋਈ ਛੋਟਾ ਬੱਚਾ ਨਹੀਂ ਸੀ ਰਹਿ ਗਿਆ! ਦੂਜੇ ਪਾਸੇ ਹਕੀਕਤ ਸਿੰਘ ਦਾ ਵਿਚਾਰ ਸੀ ਕਿ ਸਾਨੂੰ ਏਥੇ ਕਿਸ ਚੀਜ਼ ਦਾ ਘਾਟਾ ਸੀ? ਉਸ ਨੇ ਕਿਹੜਾ ਸਾਡੇ ਕੋਲੋਂ ਕੁਝ ਲੁਕਾਇਆ ਸੀ? ਉਹ ਜਟਕੀ ਜਿਹੀ ਦਲੀਲ ਦਿੰਦਾ ਕਿ ਜਦੋਂ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਪਾਲਿਆ ਤੇ ਕੋਲ ਰੱਖਿਆ ਹੈ ਤਾਂ ਮੇਰੀ ਜਾਇਦਾਦ ਦਾ ਵਾਰਿਸ ਕੋਈ ਹੋਰ ਕਿਵੇਂ ਬਣ ਜਾਵੇਗਾ? ਪਰ ਉਸ ਨੇ ਬਾਕਾਇਦਾ ਕਾਨੂੰਨੀ ਤੌਰ ‘ਤੇ ਮੇਰੇ ਪਿਤਾ ਨੂੰ ਆਪਣਾ ਮੁਤਬੰਨਾ ਨਹੀਂ ਸੀ ਬਣਾਇਆ ਹੋਇਆ। ਮੇਰਾ ਪਿਤਾ ਕਾਨੂੰਨੀ ਮੁਤਬੰਨਾ ਬਣਾਏ ਜਾਣ ਦੀ ਗੱਲ ਉਸ ਨੂੰ ਆਖਦਾ ਵੀ ਨਹੀਂ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਮਾਮਾ-ਮਾਮੀ ਇਹ ਸੋਚਣ ਕਿ ਉਹ ਉਨ੍ਹਾਂ ਦੀ ਜਾਇਦਾਦ ਉਤੇ ਲਾਲਚੀ ਨਜ਼ਰ ਰੱਖੀ ਬੈਠਾ ਹੈ। ਸ਼ਾਇਦ ਅੰਦਰਲੀ ਗੱਲ ਇਹ ਵੀ ਸੀ ਕਿ ਹਕੀਕਤ ਸਿੰਘ ਜਮੀਨ ਆਪਣੇ ਹੱਥ ਵਿਚ ਇਸ ਲਈ ਵੀ ਰੱਖੀ ਰੱਖਣਾ ਚਾਹੁੰਦਾ ਹੋਵੇ ਕਿ ਜੇ ਸਾਰੀ ਜਮੀਨ ਸਾਡੇ ਨਾਂ ਲਵਾ ਦਿੱਤੀ ਤਾਂ ਕੀ ਪਤਾ ਲੋੜ ਪੈਣ ‘ਤੇ ਅਸੀਂ ਉਨ੍ਹਾਂ ਦੀ ਦੇਖ-ਭਾਲ ਕਰੀਏ ਵੀ ਜਾਂ ਨਾ ਕਰੀਏ? ਉਹਦੀ ਇਹ ਸ਼ੰਕਾ ਵੀ ਦੁਨਿਆਵੀ ਵਿਹਾਰ ਦੇ ਪੱਖੋਂ ਨਿਰਮੂਲ ਨਹੀਂ ਸੀ ਆਖੀ ਜਾ ਸਕਦੀ। ਪਰ ‘ਉਸ ਦੇ ਪਿੱਛੋਂ ਵੀ ਜਮੀਨ ਜਾਇਦਾਦ ਸਾਡੀ ਹੋਵੇਗੀ’ ਇਹ ਗੱਲ ਏਨੀ ਸਿੱਧੀ ਤਾਂ ਨਹੀਂ ਸੀ। ਸਾਡੇ ਵੱਲੋਂ ਪਿੰਡ ਛੱਡ ਕੇ ਚਲੇ ਜਾਣ ਦੀ ਖਬਰ ਸੁਣ ਕੇ ਅਤੇ ਮਾਤਾ ਹਰਨਾਮ ਕੌਰ ਦੇ ਤਰਲਿਆਂ ਕਰਕੇ ਪਰਿਵਾਰ ਦੇ ਸਨੇਹੀਆਂ ਦਾ ਸਾਡੇ ਘਰ ਆਉਣ-ਜਾਣ ਅਤੇ ਬਾਪੂ ਹਕੀਕਤ ਸਿੰਘ ਨੂੰ ਸਮਝਾਉਣ ਦਾ ਸਿਲਸਿਲਾ ਦੋ ਕੁ ਦਿਨ ਚੱਲਿਆ ਅਤੇ ਆਖਰਕਾਰ ਅੰਗਾਂ-ਸਾਕਾਂ ਤੇ ਹਰਨਾਮ ਕੌਰ ਦੇ ਕਹਿਣ ‘ਤੇ ਉਸ ਨੇ ‘ਹਾਲ ਦੀ ਘੜੀ’ ਆਪਣੀ ਜਮੀਨ ਵਿਚੋਂ ਅੱਠ ਕੁ ਕਿੱਲੇ ਜਮੀਨ ਮੇਰੇ ਪਿਤਾ ਦੇ ਨਾਂ ਲਗਵਾ ਦਿੱਤੀ।
ਪਿਤਾ ਨੇ ਅਬੋਹਰ ਜਾਣ ਦਾ ਇਰਾਦਾ ਤਰਕ ਕਰ ਦਿੱਤਾ। ਉਂਜ ਵੀ ਉਹ ਬਚਪਨ ਤੋਂ ਹੀ ਪਿੰਡ ਸੁਰਸਿੰਘ ਪਲਿਆ, ਪੜ੍ਹਿਆ ਅਤੇ ਹੁਣ ਕਈ ਸਾਲਾਂ ਤੋਂ ਏਥੇ ਹੀ ਵੱਸਦਾ ਰਿਹਾ ਹੋਣ ਕਰਕੇ ਇਸ ਪਿੰਡ ਨਾਲ ਉਸ ਦੀਆਂ ਗੂੜ੍ਹੀਆਂ ਸਾਂਝਾਂ ਬਣੀਆਂ ਹੋਈਆਂ ਸਨ। ਇਸ ਲਈ ਇਸ ਪਿੰਡ ਨੂੰ ਛੱਡ ਕੇ ਤੁਰ ਜਾਣ ਦਾ ਉਸ ਦਾ ਆਪਣਾ ਮਨ ਵੀ ਨਹੀਂ ਸੀ।
ਸੋ ਇੰਜ ਬਣਿਆ ਸੰਧੂਆਂ ਦੇ ਪਿੰਡ ਭਡਾਣੇ ਦਾ ਲਾਡਲਾ ਬਾਲ ਵਰਿਆਮ, ਢਿੱਲੋਂਆਂ ਦੇ ਪਿੰਡ ਸੁਰਸਿੰਘ ਦਾ ਲੇਖਕ ਵਰਿਆਮ ਸਿੰਘ ਸੰਧੂ।
(ਚਲਦਾ)