‘ਸੂਰਜ ਦੀ ਅੱਖ’ ਨੂੰ ਗ੍ਰਹਿਣ

ਧਰਮ ਸਿੰਘ ਗੁਰਾਇਆ
ਫੋਨ: 301-653-7029
2 ਦਸੰਬਰ 2017 ਦੇ ‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਲੇਖ “ਸੂਰਜ ਦੀ ਅੱਖ: ‘ਮਹਾਰਾਜਾ’ ਤੇ ‘ਮਨੁੱਖ’ ਰਣਜੀਤ ਸਿੰਘ” ਵਿਚ ਪ੍ਰਿੰ. ਸਰਵਣ ਸਿੰਘ ਨੇ ਠੀਕ ਹੀ ਲਿਖਿਆ ਹੈ ਕਿ ਰਣਜੀਤ ਸਿੰਘ ਕੋਈ ਪੱਕਾ ਕੱਟੜ ਸਿੱਖ ਨਹੀਂ ਸੀ। ਹਰ ਫੈਸਲਾ ਗੁਰਮਤੇ ਰਾਹੀਂ ਕਰਨ ਦੀ ਸਿੱਖ ਰਵਾਇਤ ਨੂੰ ਰਣਜੀਤ ਸਿੰਘ ਨੇ ਕਦੇ ਨਹੀਂ ਸੀ ਅਪਨਾਇਆ। ਉਂਜ, ਉਸ ਵਿਚ ਰਾਜਿਆਂ ਵਾਲੇ ਗੁਣ ਹੁੰਦੇ ਹੋਏ ਵੀ ਉਸ ਨੇ ਸਾਦਗੀ ਭਰੀ ਜ਼ਿੰਦਗੀ ਨੂੰ ਤਰਜੀਹ ਦਿੱਤੀ। ਜੇ ਉਹ ਬਾਜ਼ ਵਾਲੀ ਅੱਖ ਨਾ ਰੱਖਦਾ ਤਾਂ ਜਨਰਲ ਵੈਂਤੂਰਾ (1794-1858), ਜਨਰਲ ਅਲਾਰਡ (1785-1839), ਕਲਾਂਓਡ ਕੂਰ (1793-1880), ਜਾਂ ਪਾਓਲੋ ਮਾਰਤੀਨੋ (1791-1850) ਦੀ ਪਛਾਣ ਕਦੇ ਨਾ ਕਰ ਸਕਦਾ।

ਇਹ ਕਦੇ ਨਾ ਭੁਲੀਏ ਕਿ ਰਾਜਿਆਂ ਦੇ ਸ਼ੌਕ ਵੀ ਅਵੱਲੇ ਹੁੰਦੇ ਸਨ। ਅਸੀਂ ਰਣਜੀਤ ਸਿੰਘ ਨੂੰ ਇਨ੍ਹਾਂ ਵਿਚੋਂ ਮਨਫੀ ਨਹੀਂ ਕਰ ਸਕਦੇ। ਨੱਚਣ ਵਾਲੀ ਕੁੜੀ ਮੋਰਾਂ ‘ਤੇ ਉਹ ਫਿਦਾ ਹੋ ਗਿਆ। ਗੁਲਬਹਾਰ ਉਸ ਦੀ ਬਹਾਰ ਦਾ ਹਿੱਸਾ ਬਣੀ। ਜਵਾਨੀ ਦੀ ਦੁਪਹਿਰ ਜਦ ਦਿਨ ਦੀ ਦੁਪਹਿਰ ਨਾਲ ਇਕ ਮਿਕ ਹੋਣ ਨੂੰ ਆਉਂਦੀ ਹੈ ਤਾਂ ਰਣਜੀਤ ਸਿੰਘ ਜਿਥੇ ਵੀ ਕਿਤੇ ਬਾਹਰ ਸ਼ਿਕਾਰ ਜਾਂ ਸੈਰ ਕਰ ਰਿਹਾ ਹੁੰਦਾ, ਉਸ ਦੇ ਟਹਿਲੀਏ ਉਸ ਦੇ ਚੌਕੜਾ ਮਾਰਨ ਲਈ ਚਟਾਈ ਵਿਛਾ ਦਿੰਦੇ, ਜਿਥੇ ਬੈਠ ਕੇ ਉਹ ਅਫੀਮ ਦਾ ਸੇਵਨ ਕਰਦਾ ਅਤੇ ਨਾਲ ਹੀ ਵੱਖ ਵੱਖ ਦਿਸ਼ਾਵਾਂ ਵੱਲ ਸੁਨੇਹੇ ਲਿਖਵਾ ਕੇ ਭੇਜਦਾ। ਸ਼ਾਮ ਵਕਤ ਸ਼ਰਾਬ ਦੀ ਮਹਿਫਿਲ ਵਿਚ ਵੱਡੇ ਵੱਡੇ ਯੂਰਪੀ ਵੀ ਉਸ ਦੇ ਸਾਹਮਣੇ ਤੌਬਾ ਤੌਬਾ ਕਰ ਉਠਦੇ।
ਪ੍ਰਿੰ. ਸਰਵਣ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਖਲੋਤੇ ਪਾਣੀ ਅੰਦਰ ਕੁਝ ਹਿਲਜੁਲ ਤਾਂ ਕੀਤੀ। ਸ਼ਾਇਦ ਦੇਖਾ-ਦੇਖੀ ਹੋਰ ਵੀ ਸੁਚੇਤ, ਅਗਾਂਹਵਧੂ ਸੋਚ ਦੇ ਧਾਰਨੀ, ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸ਼ ਬਲਦੇਵ ਸਿੰਘ ਨੂੰ ਬਾਂਹ ਤੋਂ ਫੜ੍ਹ ਕੇ ਉਠਾਉਣਗੇ। ਮੇਰੇ ਲਈ ਉਨ੍ਹਾਂ ਦੇ ਦੋ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਅਤੇ ‘ਮਹਾਬਲੀ ਸੂਰਾ’ ਹੀ ਮਜ਼ਬੂਤ ਦਸਤਾਵੇਜ਼ੀ ਗਵਾਹ ਹਨ ਕਿ ਉਨ੍ਹਾਂ ਨੇ ਕਿਧਰੇ ਵੀ ਜਾਣਬੁਝ ਕੇ ‘ਸੂਰਜ ਦੀ ਅੱਖ’ ਵਿਚ ਮਿਰਚਾਂ ਨਹੀਂ ਧੂੜੀਆਂ ਹੋਣਗੀਆਂ। ਯਕੀਨਨ ਉਨ੍ਹਾਂ ਨੇ ਵੱਖ ਵੱਖ ਸਰੋਤਾਂ ਦਾ ਆਸਰਾ ਲਿਆ ਹੋਵੇਗਾ। ਇਸ ਲਈ ਇਸ ਬਾਰੇ ਰਤਾ ਨਿੱਠ ਕੇ ਗੱਲ ਕਰੀਏ।
ਬੁੱਧ ਸਿੰਘ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕਿਆ ਸੀ, ਸ਼ੁਕਰਚੱਕੀਆ ਮਿਸਲ ਦੇ ਬਾਨੀ ਸਨ। 1716 ਵਿਚ ਆਪਣੀ ਮੌਤ ਉਪਰੰਤ ਕੁਝ ਪਿੰਡ ਅਤੇ ਜ਼ਮੀਨ ਆਪਣੇ ਪੁੱਤਰਾਂ ਲਈ ਛੱਡ ਗਏ। ਬੁੱਧ ਸਿੰਘ ਦੇ ਦੋ ਪੁੱਤਰਾਂ ਵਿਚੋਂ ਨੌਧ ਸਿੰਘ (ਮੌਤ 1753) ਤੋਂ ਬਾਅਦ ਉਸ ਦੇ ਚਾਰ ਪੁੱਤਰਾਂ ਵਿਚੋਂ ਚੜ੍ਹਤ ਸਿੰਘ (ਮੌਤ 1774) ਮਗਰੋਂ ਮਹਾਂ ਸਿੰਘ (1760-1792) ਨੇ ਆਪਣੇ ਬਾਪ (ਚੜ੍ਹਤ ਸਿੰਘ) ਦੀ ਵਿਰਾਸਤ ਸੰਭਾਲੀ। ਸ਼ੁਕਰਚਕੀਆ ਮਿਸਲ ਉਦੋਂ ਭਾਵੇਂ ਬਹੁਤ ਵੱਡੀ ਨਹੀਂ ਸੀ, ਪਰ ਜਦੋਂ ਮਹਾਂ ਸਿੰਘ ਨੇ ਜੀਂਦ ਦੇ ਗਜਪਤ ਸਿੰਘ ਦੀ ਲੜਕੀ ਨਾਲ ਵਿਆਹ ਕਰ ਲਿਆ ਤਾਂ ਮਹਾਂ ਸਿੰਘ ਦੀ ਤਾਕਤ ਵਧ ਗਈ। ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਨੂੰ ਮਹਾਂ ਸਿੰਘ ਦੀ ਤਾਕਤ ਅੱਖਾਂ ਵਿਚ ਰੜਕਣ ਲੱਗੀ। ਜਦੋਂ ਦੀਵਾਲੀ ਮੌਕੇ ਮਹਾਂ ਸਿੰਘ ਨੇ ਸਿੱਖ ਸਮੂਹ ਨੂੰ ਹਰਿਮੰਦਰ ਸਾਹਿਬ ਆਉਣ ਲਈ ਸੁਨੇਹੇ ਭੇਜੇ ਤਾਂ ਜੈ ਸਿੰਘ ਨੇ ਕੋਈ ਪਰਵਾਹ ਨਾ ਕੀਤੀ, ਸਗੋਂ ਮਹਾਂ ਸਿੰਘ ਨੂੰ ‘ਭਗਤੀਆ’ ਤੱਕ ਕਹਿ ਦਿੱਤਾ, ਭਾਵ ਨੱਚਣ ਵਾਲਾ। ਮਹਾਂ ਸਿੰਘ ਦਾ ਗੁੱਸਾ ਜਾਇਜ਼ ਸੀ। ਇਨ੍ਹਾਂ ਦੋਹਾਂ ਦਰਮਿਆਨ ਦੋ ਲੜਾਈਆਂ ਹੋਈਆਂ। ਪਹਿਲੀ ਮਜੀਠੇ ਲਾਗੇ ਅਤੇ ਦੂਜੀ ਨੌਸ਼ਹਿਰਾ ਵਿਚ। ਦੋਹਾਂ ਵਿਚ ਹੀ ਜੈ ਸਿੰਘ ਦੀ ਹਾਰ ਹੋਈ। ਅਖੀਰ ਜੈ ਸਿੰਘ ਸਭ ਕੁਝ ਛੱਡ-ਛਡਾ ਕੇ ਬਟਾਲੇ ਲਾਗੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਗੁੰਮਨਾਮੀ ਵਿਚ ਬਿਤਾ ਗਿਆ।
ਜਦ 1792 ਵਿਚ ਮਹਾਂ ਸਿੰਘ ਦੀ ਮੌਤ ਹੋਈ, ਉਦੋਂ ਰਣਜੀਤ ਸਿੰਘ (1780-1839) 12 ਵਰ੍ਹਿਆਂ ਦਾ ਸੀ। ਮਹਾਂ ਸਿੰਘ ਦੇ ਜਿਉਂਦੇ ਜੀਅ ਉਹ ਕਈ ਵਾਰ ਆਪਣੇ ਬਾਪ ਨਾਲ ਲੜਾਈ ਦੀਆਂ ਝੜਪਾਂ ਵੇਖ ਚੁਕਾ ਸੀ। ਇਨ੍ਹਾਂ ਲੜਾਈਆਂ ਨੇ ਰਣਜੀਤ ਸਿੰਘ ਨੂੰ ਚੰਗਾ ਘੋੜ-ਸਵਾਰ ਅਤੇ ਤਲਵਾਰਬਾਜ਼ੀ ਦਾ ਮਾਹਿਰ ਬਣਾ ਦਿੱਤਾ। ਰਣਜੀਤ ਸਿੰਘ ਕੱਦ-ਕਾਠ ਵਿਚ ਭਾਵੇਂ ਕਰੀਬ 5 ਫੁੱਟ 4 ਇੰਚ ਹੀ ਸੀ, ਪਰ ਉਸ ਦਾ ਮੱਥਾ ਬਹੁਤ ਚੌੜਾ ਸੀ। ਛੋਟੀ ਉਮਰੇ ਚੇਚਕ ਨੇ ਉਸ ਦੀ ਖੱਬੀ ਅੱਖ ਖੋਹ ਲਈ। ਚਿਹਰੇ ‘ਤੇ ਮਾਤਾ ਦੇ ਦਾਗ ਸਨ। ਉਹ ਜੱਟਾਂ ਜ਼ਿਮੀਂਦਾਰਾਂ ਦੇ ਮੁੰਡਿਆਂ ਨਾਲ ਖੇਡਦਾ, ਸ਼ਿਕਾਰ ਕਰਦਾ ਅਤੇ ਪੁੱਠੇ-ਸਿੱਧੇ ਪੰਗੇ ਲੈਂਦਾ। ਉਹ ਕੋਰਾ ਅਨਪੜ੍ਹ ਸੀ, ਪਰ ਜਦ ਲਾਹੌਰ ਦੇ ਸ਼ਾਹੀ ਦਰਬਾਰ ‘ਤੇ ਕਬਜ਼ਾ ਕੀਤਾ ਤਾਂ ਦਸਤਖਤ ਕਰਨੇ ਸਿੱਖ ਲਏ ਸਨ।
ਮੈਨੂੰ ‘ਸੂਰਜ ਦੀ ਅੱਖ’ (ਵਿਵਾਦ ਵਿਚ ਘਿਰਿਆ ਬਲਦੇਵ ਸਿੰਘ ਦਾ ਨਾਵਲ) ਵਿਚ ਅੱਖ ਪਾਉਣ ਦਾ ਅਜੇ ਮੌਕਾ ਨਹੀਂ ਮਿਲਿਆ, ਪਰ ਜਦੋਂ ਇਹ ਕਿਤਾਬ ਛਪੀ ਅਤੇ ਕੁਝ ਕੁ ਨੇ ਪੜ੍ਹੀ, ਤੇ ਬਾਕੀਆਂ ਨੇ ਦੇਖਾ-ਦੇਖੀ, ਬਿਨਾ ਕਿਸੇ ਪੜਚੋਲ ਦੇ ਆਪਣੀਆਂ ਕਲਮਾਂ ਵਿਚੋਂ ਸਿਆਹੀ ਕੱਢ ਮੁਕਾਈ, ਬੜਾ ਅਚੰਭਾ ਹੋਇਆ। ਆਖਰ ਬਲਦੇਵ ਸਿੰਘ ਨੇ ਕਿਹੜਾ ਨਵਾਂ ਸਲਮਾਨ ਰਸ਼ਦੀ ਵਾਲਾ ‘ਸਟੈਨਿਕ ਵਰਸਜ਼’ ਵਰਗੀ ਰਚਨਾ ਕੀਤੀ ਸੀ। ਇਨ੍ਹਾਂ ਆਲੋਚਕਾਂ ਵਿਚੋਂ ਬਹੁਤਿਆਂ ਨੇ ਸ਼ਾਇਦ ਹੀ ਯੂਰਪੀ ਲਿਖਾਰੀਆਂ ਵੱਲੋਂ ਲਿਖੇ ਪੰਜਾਬ, ਖਾਸ ਕਰ ਕੇ ਰਣਜੀਤ ਸਿੰਘ ਦੇ ਰਾਜ ਕਾਲ ਬਾਰੇ ਪੜ੍ਹਿਆ ਹੋਵੇ। ਇਨ੍ਹਾਂ ਆਲੋਚਕਾਂ ਨੇ ਇਹ ਸੋਚ ਕੇ, ਕਿ ‘ਮੈਂ ਕਿਤੇ ਪਿਛੇ ਨਾ ਰਹਿ ਜਾਵਾਂ’, ਚਿੱਟੇ ਕਾਗਜ਼ ਕਾਲੇ ਕਰ ਸੁੱਟੇ। ਬਹੁ-ਗਿਣਤੀ ਲੇਖਕ ਚੁੱਪ ਹੋ ਗਏ। ਮਿੱਤਰੋ! ਕਦੇ ਤੁਹਾਡੀ ਵਾਰੀ ਵੀ ਆ ਸਕਦੀ ਹੈ!
ਰਣਜੀਤ ਸਿੰਘ ਦਾ ਪਰਿਵਾਰਕ ਵੇਰਵਾ ਇਸ ਲਈ ਵੀ ਜ਼ਰੂਰੀ ਸੀ ਤਾਂ ਕਿ ਪਤਾ ਲੱਗੇ ਕਿ ਉਹ ਜੰਮਦਿਆਂ ਹੀ ਰਾਜਾ ਨਹੀਂ ਸੀ ਬਣ ਗਿਆ। ਉਂਜ, ਉਸ ਨੇ ਮਹਿਜ਼ 17 ਸਾਲ ਦੀ ਉਮਰ ਵਿਚ ਲਾਹੌਰ ਦਰਬਾਰ ਦੀਆਂ ਪੌੜ੍ਹੀਆਂ ਦੀ ਮਿਣਤੀ ਸ਼ੁਰੂ ਕਰ ਦਿੱਤੀ ਸੀ ਅਤੇ 1799 ਵਿਚ 19 ਸਾਲ ਦੀ ਉਮਰੇ ਸ਼ਾਹੀ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ। ਆਪਣੇ 40 ਸਾਲ ਦੇ ਰਾਜ ਕਾਲ ਦੌਰਾਨ ਉਸ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਵਾਕਿਆ ਹੀ ਵੱਡਾ ਸ਼ਾਹ-ਸਵਾਰ, ਤਲਵਾਰ-ਨੇਜੇ ਦਾ ਧਨੀ, ਲਗਾਤਾਰ 10-10 ਘੰਟੇ ਘੋੜੇ ਦੀ ਪਿੱਠ ਦਾ ਸਵਾਰ ਸੀ। ਉਹ ਇਨਸਾਫਪਸੰਦ, ਹਰ ਧਰਮ ਦੇ ਲੋਕਾਂ ਦਾ ਮਾਣ ਕਰਨ ਵਾਲਾ, ਹਲੀਮੀ ਦਾ ਪਾਤਰ, ਰੱਬ ਤੋਂ ਡਰਨ ਵਾਲਾ, ਕਿਸਾਨਾਂ ਦਾ ਆਪਣਾ ਅਤੇ ਬੇਸਹਾਰਿਆਂ ਦਾ ਸਹਾਰਾ ਸੀ। ਉਸ ਨੇ ਆਪਣੀ ਸੋਚ, ਦੂਰ-ਅੰਦੇਸ਼ੀ ਅਤੇ ਬਾਹੂਬਲ ਨਾਲ ਪੰਜਾਬ ਅੰਦਰ ਅਜਿਹੀ ਹਕੂਮਤ ਕਾਇਮ ਕੀਤੀ ਜਿਸ ਦੀ ਚਰਚਾ ਇੰਗਲੈਂਡ, ਫਰਾਂਸ, ਰੂਸ, ਚੀਨ ਤੱਕ ਹੋਣ ਲੱਗੀ।
ਹੈਰਾਨੀ ਹੁੰਦੀ ਹੈ ਕਿ ਮਹਿਜ਼ 6.5 ਫੀਸਦੀ ਸਿੱਖਾਂ ਦੀ ਆਬਾਦੀ ਨਾਲ 53 ਫੀਸਦੀ ਮੁਸਲਮਾਨ ਅਤੇ 34.8 ਫੀਸਦੀ ਹਿੰਦੂਆਂ ਨੂੰ ਕਿਵੇਂ ਇਕ ਦੂਜੇ ਨਾਲ ਮਿਲ-ਮਿਲਾ ਕੇ ਰਹਿਣ ਦੀ ਜੁਗਤ ਸਿਖਾਈ ਹੋਵੇਗੀ। ਇਨਸਾਫ ਦੇ ਤਰਾਜੂ ਵਿਚ ਕੋਈ ਕਾਣ ਨਹੀਂ ਸੀ। ਜ਼ਮੀਨ ਦਾ ਮਾਮਲਾ ਉਗਰਾਹੁਣ ਲਈ ਫੌਜ ਨਹੀਂ ਸੀ ਭੇਜੀ ਜਾਂਦੀ। ਜੇ ਕਿਧਰੇ ਫਸਲਮਾਰ ਹੋ ਜਾਂਦੀ ਤਾਂ ਮਾਲੀਆ ਮੁਆਫ ਜਾਂ ਘੱਟ ਕਰ ਦਿੱਤਾ ਜਾਂਦਾ ਸੀ। ਸਜ਼ਾ-ਏ-ਮੌਤ ਨਹੀਂ ਸੀ। ਬਹਾਦਰਾਂ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ। ਦੁਸ਼ਮਣ ਨੂੰ ਵੀ ਬਖਸ਼ ਦਿੱਤਾ ਜਾਂਦਾ ਸੀ। ਪੰਜਾਬੀਆਂ ਨੇ ਉਸ ਨੂੰ ‘ਮਹਾਰਾਜਾ’ ਦਾ ਖਿਤਾਬ ਦਿੱਤਾ ਹੋਇਆ ਸੀ, ਜਿਸ ਦਾ ਭਾਵ (ਅਗਰ ਯੂਰਪੀ ਰਾਜਿਆਂ ਨਾਲ ਮੁਕਾਬਲਾ ਕੀਤਾ ਜਾਵੇ) ਸੀ ਕਿ ਮਹਾਰਾਜੇ ਦਾ ਹੁਕਮ ਰੱਬੀ ਅਤੇ ਆਖਰੀ ਹੁੰਦਾ ਸੀ। ਪਰਜਾ ਲਈ ਹੁਕਮ ਦੀ ਤਾਮੀਲ ਲਾਜ਼ਮੀ ਬਣ ਜਾਂਦੀ ਸੀ, ਪਰ ਪੰਜਾਬ ਅੰਦਰ ਇਉਂ ਨਹੀਂ ਸੀ। ਜੇ ਰਾਜੇ ਦੇ ਹੁਕਮ ਨਾਲ ਆਮ ਜਨਤਾ ਨੂੰ ਕੋਈ ਦੁਖ-ਤਕਲੀਫ ਜਾਂ ਨੁਕਸਾਨ ਹੁੰਦਾ ਸੀ, ਤਾਂ ਉਸ ਨੂੰ ਬਦਲਿਆ ਵੀ ਜਾਂਦਾ ਸੀ।
ਜਦ ਸਿੱਖ ਸਰਦਾਰਾਂ ਨੇ ਰਣਜੀਤ ਸਿੰਘ ਨੂੰ ਕਿਹਾ ਕਿ ਕਿਉਂ ਨਾ ਆਪਾਂ ਜੰਗਲ ਸਾਫ ਕਰ ਕੇ ਪੱਕੇ ਰਾਹ ਬਣਾਈਏ ਅਤੇ ਦਰਿਆਵਾਂ ‘ਤੇ ਪੁਲ ਉਸਾਰੀਏ ਤਾਂ ਅੱਗਿਉਂ ਰਣਜੀਤ ਸਿੰਘ ਕਹਿੰਦਾ, “ਕੀ ਗੱਲ, ਤਾਂ ਕਿ ਅੰਗਰੇਜ਼ੀ ਫੌਜ ਬਿਨਾ ਰੋਕ-ਟੋਕ ਆਰਾਮ ਨਾਲ ਪੰਜਾਬ ਅੰਦਰ ਆ ਸਕੇ।” ਜੰਗਲ ਸਾਫ ਕਰਨਾ ਵੀ ਉਸ ਨੂੰ ਵਾਜਿਬ ਨਹੀਂ ਸੀ ਲਗਦਾ, ਕਿਉਂਕਿ ਸਿੱਖਾਂ ਲਈ ਜੰਗਲਾਂ ਅੰਦਰ ਗੁਰੀਲਾ ਯੁੱਧ ਨੀਤੀ ਹੀ ਕਾਰਗਰ ਸੀ।
ਰਣਜੀਤ ਸਿੰਘ ਅੰਦਰ ਪੰਜਾਬ ਨੂੰ ਵੱਡੇ ਆਕਾਰ ਵਿਚ ਅਤੇ ਮਜ਼ਬੂਤ ਫੌਜੀ ਸ਼ਕਤੀ ਕਾਇਮ ਕਰਨ ਦੀ ਹਮੇਸ਼ਾ ਤੜਫ ਸੀ। ਇਹੀ ਕਾਰਨ ਸੀ ਕਿ ਉਸ ਦੇ ਰਾਜ ਅੰਦਰ ਵੱਖ ਵੱਖ ਫਿਰਕਿਆਂ ਨੂੰ ਉਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਰੁਤਬੇ ਦਿੱਤੇ ਜਾਂਦੇ ਸਨ; ਜਿਵੇਂ ਫਕੀਰ ਅਜ਼ੀਜ਼-ਉਦ-ਦੀਨ ਵਿਦੇਸ਼ ਮੰਤਰੀ, ਦੀਨਾ ਨਾਥ ਮਾਲ ਮੰਤਰੀ ਅਤੇ ਇਮਾਮ-ਉਦ-ਦੀਨ ਤੇ ਨੂਰ-ਉਦ-ਦੀਨ ਤੋਪਖਾਨੇ ਦੇ ਕਮਾਂਡਰ ਸਨ। ਉਸ ਨੇ ਆਪਣੀ ਪਰਜਾ ਨੂੰ ਹਰ ਸੁਖਾਵਾਂ ਮਾਹੌਲ ਦੇਣ ਦਾ ਯਤਨ ਕੀਤਾ। ਉਸ ਦਾ ਆਕਾਰ ਵੱਡੇ ਬੋਹੜ ਦੀ ਨਿਆਈਂ ਸੀ। ਉਸ ਦੇ ਹੇਠਾਂ ਘਾਹ-ਫੂਸ ਦੇ ਸਿਵਾਏ ਹੋਰ ਕੁਝ ਨਾ ਉਗ ਸਕਿਆ। ਜੋ ਕੁਝ ਉਸ ਦੀ ਮੌਤ ਤੋਂ ਬਾਅਦ ਹੋਇਆ, ਸਭ ਜਾਣਦੇ ਹਨ।
ਆਉ, ਹੁਣ ਤਸਵੀਰ ਦਾ ਦੂਜਾ ਪਾਸਾ ਦੇਖੀਏ:
ਬਿਨਾ ਸ਼ੱਕ ਰਣਜੀਤ ਸਿੰਘ ਮਹਾਂ ਯੋਧਾ ਸੀ। ਉਸ ਦੇ ਚਿਹਰੇ ਦਾ ਤੇਜ ਪਰਤਾਪ ਸੀ। ਆਪਣੇ ਸਾਥੀਆਂ ਦੇ ਮੂਹਰੇ ਹੋ ਕੇ ਮੈਦਾਨੇ ਜੰਗ ਵਿਚ ਲੜਨ-ਮਰਨ ਵਾਲਾ ਜੁਝਾਰੂ ਸੀ। ਸ਼ਾਇਦ ਕਿਪਲਿੰਗ ਦਾ ਇਸ਼ਾਰਾ ਰਣਜੀਤ ਸਿੰਘ ਵੱਲ ਕੁਝ ਇੱਦਾਂ ਸੀ:
ਚਹੁੰ ਚੀਜ਼ਾਂ ਦੀ ਜੀਵਨ ਵਿਚ ਰਹਿੰਦੀ ਮਹਾਂ ਉਮੰਗ,
ਇਸਤਰੀਆਂ ਤੇ ਘੋੜੇ ਅਤੇ ਹਕੂਮਤ ਤੇ ਜੰਗ।
ਰਣਜੀਤ ਸਿੰਘ ਖੁਦ ਭਾਵੇਂ ਸ਼ਕਲੋਂ ਕਰੂਪ ਸੀ, ਪਰ ਸੁਹਣੇ ਰੰਗ-ਰੂਪ ਅਤੇ ਸੁੰਦਰਤਾ ਦਾ ਸ਼ੈਦਾਈ ਸੀ। ਚੰਗੀ ਸ਼ਰਾਬ ਅਤੇ ਅਫੀਮ ਵੀ ਉਸ ਦੇ ਸ਼ੌਕ ਸਨ। ਸੁੰਦਰ ਕਸ਼ਮੀਰੀ ਕੁੜੀਆਂ ਦੇ ਨਾਚ-ਗਾਣੇ ਅਤੇ ਘੁੰਗਰੂਆਂ ਦੀ ਮਸਤ ਆਵਾਜ਼ ਉਸ ਦੀ ਮੌਜ-ਮਸਤੀ ਦਾ ਹਿੱਸਾ ਸਨ। ਉਸ ਦੀਆਂ ਰਾਣੀਆਂ ਅਤੇ ਦਾਸੀਆਂ ਦੀ ਗਿਣਤੀ ਵੀ ਚੋਖੀ ਸੀ। ਸੱਤ ਪੁੱਤਰ ਸਨ ਜੋ ਵੱਖ ਵੱਖ ਪੇਟੋਂ ਪੈਦਾ ਹੋਏ ਸਨ। ਉਨ੍ਹਾਂ ਅੰਦਰ ਬਜਾਏ ਇਸ ਦੇ ਕਿ ਆਪਸੀ ਪਿਆਰ-ਮੁਹੱਬਤ ਅਤੇ ਭਾਈਚਾਰਕ ਸਾਂਝ ਹੁੰਦੀ, ਵੈਰ ਤੇ ਸ਼ਰੀਕਾ ਆ ਗਿਆ। ਸਿੱਟਾ ਇਹ ਨਿਕਲਿਆ ਕਿ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਦੇ ਸਾਰੇ ਮਾਰੇ ਗਏ, ਤੇ ਜੋ ਬਚਿਆ ਸੀ ਦਲੀਪ ਸਿੰਘ, ਜਿਸ ਨੂੰ ਕਈ ਲੋਕ ਰਣਜੀਤ ਸਿੰਘ ਦੀ ਸ਼ੱਕੀ ਔਲਾਦ ਵੀ ਮੰਨਦੇ ਹਨ, ਨੂੰ ਅੰਗਰੇਜ਼ ਇੰਗਲੈਂਡ ਲੈ ਗਏ। ਬੇਵਸੀ, ਇਕੱਲ ਅਤੇ ਅਖੀਰ ਗਰੀਬੀ ਵਾਸੇ ਦੌਰਾਨ 22 ਅਕਤੂਬਰ 1893 ਨੂੰ ਪੈਰਿਸ ਦੇ ਇਕ ਹੋਟਲ ਵਿਚ ਉਸ ਦੀ ਮੌਤ ਹੋ ਗਈ।