ਨਹੀਂ ਕਿਸੇ ਨੇ ਬਣ ਸਕਣਾ ਅਮਰ ਸਿੰਘ ਸ਼ੌਂਕੀ

ਐਸ਼ ਅਸ਼ੋਕ ਭੌਰਾ
ਸਮੇਂ ਸਮੇਂ ਦੀ ਗੱਲ ਐ, ਭੁੱਲਣਾ ਭਾਵੇਂ ਬਹੁਤ ਕੁਝ ਪੈ ਜਾਵੇ ਪਰ ਵਕਤ ਦੀਆਂ ਪੂਣੀਆਂ ਕਈ ਵਾਰ ਉਹ ਕੁਝ ਕੱਤੀਆਂ ਜਾਂਦੀਆਂ ਹਨ ਕਿ ਜਿਨ੍ਹਾਂ ਨਾਲ ਬੁਣੀ ਗਈ ਚਾਦਰ ਵਿਰਾਸਤ ਦੀ ਦੀਵਾਰ ‘ਤੇ ਸਦਾ ਲਈ ਲਟਕ ਜਾਂਦੀ ਹੈ। ਸਿੱਖ ਇਤਿਹਾਸ ਨਾਲ ਜੁੜੀ ਹੋਣ ਕਰਕੇ ਢਾਡੀ ਕਲਾ ਜਿਉਂਦੀ ਹੀ ਰਹੇਗੀ ਤੇ ਜੇ ਲੋਕ ਸਾਹਿਤ ਤੇ ਲੋਕ ਗੀਤਾਂ ਵਰਗੀਆਂ ਵੰਨਗੀਆਂ ਵੀ ਸਿੱਖ ਇਤਿਹਾਸ ਦੇ ਨਾਲ ਅਮਰ ਸਿੰਘ ਸ਼ੌਂਕੀ ਗਾ ਕੇ ਗਿਆ ਹੈ ਤਾਂ ਕਹਿ ਸਕਦੇ ਹਾਂ ਕਿ ਉਹ ਅਮਰ ਹੋ ਗਿਆ ਹੈ। ਮੈਂ ਇਹ ਤੁਲਨਾ ਤਾਂ ਨਹੀਂ ਕਰ ਰਿਹਾ ਪਰ ਤੱਥ ਹੀ ਹਨ ਕਿ ਇੱਕੋ ਜਿਹੀ ਪਿਆਰ ਤੇ ਸਤਿਕਾਰ ਵਾਲੀ ਜਿਹੜੀ ਪਿੱਚ ਗਾਇਕੀ ਵਿਚ ਗੁਰਦਾਸ ਮਾਨ ਨੂੰ ਮਿਲੀ ਹੈ, ਉਹੀ ਸੱਚਮੁੱਚ ਕਿਸੇ ਵਕਤ ਅਮਰ ਸਿੰਘ ਸ਼ੌਂਕੀ ਦੀ ਸੀ।

ਚੱਲੋ! ਜੇ ਘੜੀ ਪਲ ਲਈ ਢਾਡੀ ਕਲਾ ਦੇ ਪਿਛੋਕੜ ਤੇ ਵਿਰਸੇ ਵੱਲ ਅੱਖ ਮੀਚ ਲਈਏ ਤਾਂ ਇਹ ਗੱਲ ਝੱਟ ਦੇਣੀ ਮੰਨ ਲੈਣੀ ਪਵੇਗੀ ਕਿ ਸ਼ੌਂਕੀ ਸਰਵ ਪ੍ਰਵਾਨਿਤ ਗਵੱਈਆਂ ਵਾਂਗ ਲੰਬਾ ਸਮਾਂ ਵਿਚਰਿਆ। ਜੇ ਕਿਸੇ ਢਾਡੀ ਨੂੰ ਸਭ ਤੋਂ ਪਹਿਲਾਂ ਰੇਡੀਓ ਨੇ ਬੁਲਾ ਕੇ ਗਵਾਇਆ ਤਾਂ ਉਹ ਸ਼ੌਂਕੀ ਹੀ ਸੀ; ਜੇ ਭਲੇ ਵੇਲਿਆਂ ਵਿਚ ਸਭ ਤੋਂ ਵੱਧ ਪੈਸੇ ਲੈ ਕੇ ਵਿਆਹ-ਸ਼ਾਦੀਆਂ ‘ਤੇ ਬੁਕਿੰਗ ਮਿਲੀ ਤਾਂ ਉਹ ਸਿਰਫ ਸ਼ੌਂਕੀ ਨੂੰ। ਉਹਦੀਆਂ ਵਿਹਲੀਆਂ ਤਰੀਕਾਂ ਪੁੱਛ ਕੇ ਲੋਕਾਂ ਨੇ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਦੀਆਂ ਤਰੀਕਾਂ ਰੱਖੀਆਂ। ਅਹੁ ਜਾਂਦਾ ਸ਼ੌਂਕੀ, ਅਹੁ ਚਲੇ ਗਿਆ ਸ਼ੌਂਕੀ, ਕੱਲ੍ਹ ਮੇਜਰ ਸਿਹੁੰ ਦੇ ਆਇਆ ਸੀ, ਭਲਕੇ ਬਲਾਚੌਰ ਐ, ਅੱਜ ਮਹਿਲਪੁਰ ਸ਼ਹੀਦਾਂ ਵਾਲੇ ਗੁਰਦੁਆਰੇ ਐ। ਸੁਰਜਣ ਸਿਹੁੰ ਦੇ ਮੁੰਡੇ ਦੇ ਵਿਆਹ ‘ਤੇ ਵੀ ਸ਼ੌਂਕੀ ਹੀ ਆ ਰਿਹੈ, ਤਖਤੂਪੁਰੇ ਦੇ ਜੋੜ ਮੇਲੇ ‘ਤੇ ਵੀ-ਏਦਾਂ ਦੇ ਸ਼ਬਦ ਲੋਕਾਂ ਦੀ ਜ਼ੁਬਾਨ ਤੋਂ ਨਿੱਤ ਟਪਕਦੇ ਸਨ।
ਢਾਡੀ ਦੀਦਾਰ ਸਿੰਘ ਰਟੈਂਡਾ ਤੋਂ ਬਾਅਦ ਅਮਰ ਸਿੰਘ ਸ਼ੌਂਕੀ ਨੇ ਹੀ ਦੱਸਿਆ ਸੀ ਕਿ ਮਿਰਜ਼ਾ ਤੇ ਰਾਣੀ ਸੁੰਦਰਾਂ ਢੱਡ ਸਾਰੰਗੀ ‘ਤੇ ਵੀ ਗਾਏ ਜਾ ਸਕਦੇ ਹਨ। ਭਾਵੇਂ ਢਾਡੀਆਂ ਦੀ ਚੰਗੇ ਮਾੜੇ ਦਿਨਾਂ ‘ਚ ਸੁੱਧ-ਬੁੱਧ ਨਾ ਪੁੱਛਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੌਂਕੀ ਨੂੰ ਪੰਥਕ ਸਟੇਜਾਂ ‘ਤੇ ਬੋਲਣ ਤੋਂ ਇੱਕ ਤਰ੍ਹਾਂ ਨਾਲ ਮਨ੍ਹਾਂ ਹੀ ਕਰੀ ਰੱਖਿਆ। ਇਹ ਗੱਲ ਵੀ ਪੰਜਾਬ ਦੇ ਸੱਭਿਆਚਾਰਕ ਨਕਸ਼ੇ ‘ਤੇ ਯਾਦ ਰਹੇਗੀ ਕਿ ਸਿਰਫ ਇੱਕ ਹੀ ਢਾਡੀ ਦੀ ਯਾਦ ਵਿਚ ਮਾਹਿਲਪੁਰ (ਹੁਸ਼ਿਆਰਪੁਰ) ਸ਼ੌਂਕੀ ਮੇਲਾ ਲੱਗਿਆ ਪਰ ਇਸ ਨੇ ਸਾਹ ਸੂਤੀ ਬੈਠੀ ਢਾਡੀ ਕਲਾ ਨੂੰ ਇੱਕ ਵਾਰ ਫਿਰ ਤੋਂ ਸਿਖਰ ਵੱਲ ਖਿੱਚਿਆ।
ਢਾਡੀ ਅਮਰ ਸਿੰਘ ਸ਼ੌਂਕੀ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਦੁਰਘਟਨਾ ਵਰਗੀ ਘਟਨਾ ਮੇਰੇ ਚੇਤੇ ਵਿਚ ਫਸੀ ਹੋਈ ਹੈ, ਚਾਹੁੰਦਾ ਨਹੀਂ ਕਿ ਇਸ ਨੂੰ ਅੰਦਰ ਦੱਬੀ-ਘੁੱਟੀ ਰੱਖਾਂ। ਇਹ ਸ਼ਰੀਕੇਬਾਜ਼ੀ ਵੀ ਹੋ ਸਕਦੀ ਹੈ, ਈਰਖਾ ਵੀ, ਹਉਮੈ ਵੀ, ਤੇ ਜਾਂ ਫਿਰ ਮੇਰਾ ਭਰਮ ਵੀ। ਲਾਇਆ ਤਾਂ ਢਾਡੀ ਸੋਹਣ ਸਿੰਘ ਸੀਤਲ ਨੇ ਬਹਾਨਾ ਸੀ ਪਰ ਪਿੱਛੋਂ ਸੱਚ ਜਿਹਾ ਮੂੰਹੋਂ ਵੀ ਨਿਕਲ ਗਿਆ। ਸਾਲ 1992 ਵਿਚ ਸ਼ੌਂਕੀ ਮੇਲਾ ਲਾਉਣ ਵਾਲੇ ਟਰੱਸਟ ਦਾ ਮੈਂ ਮੁਖੀ ਸਾਂ। ਸੀਤਲ ਸਾਹਿਬ ਨੂੰ ਸ਼ੌਂਕੀ ਐਵਾਰਡ ਦੇਣ ਦਾ ਫੈਸਲਾ ਅਸੀਂ ਉਹਦੀ ਸਹਿਮਤੀ ਲਏ ਤੋਂ ਬਿਨਾ ਹੀ ਕਰ ਲਿਆ। ਜਦੋਂ ਲੁਧਿਆਣੇ ਦੇ ਮਾਡਲ ਗ੍ਰਾਮ ਸਥਿਤ ਉਹਦੀ ਰਿਹਾਇਸ਼ ‘ਤੇ ਮੈਂ ਸੱਦਾ ਪੱਤਰ ਦੇਣ ਗਿਆ ਤਾਂ ਉਹ ਕਹਿਣ ਲੱਗਾ, ਸਿਹਤ ਹੁਣ ਇਜਾਜ਼ਤ ਨਹੀਂ ਦਿੰਦੀ, ਮੈਨੂੰ ਨਹੀਂ ਲੱਗਦਾ ਮੈਂ ਪਹੁੰਚ ਸਕਾਂਗਾ। ਤੇ ਫਿਰ ਉਹ ਆਇਆ ਵੀ ਨਾ।
ਲਿਖਣ ਕਰਕੇ ਵੀ, ਢਾਡੀ ਕਲਾ ਕਰਕੇ ਵੀ ਸੀਤਲ ਮੈਨੂੰ ਸਾਹਿਤ ਤੇ ਕਲਾ ਦਾ ਹੱਜ ਹੀ ਲੱਗਦਾ ਰਿਹਾ ਹੈ। ਮੇਲੇ ਤੋਂ ਬਾਅਦ ਮੈਂ ਸ਼ਾਲ, ਯਾਦ ਚਿੰਨ ਤੇ ਕੁਝ ਨਗਦੀ ਜਦੋਂ ਉਹਨੂੰ ਦੇਣ ਲਈ ਘਰੇ ਗਿਆ ਤਾਂ ਉਹ ਮੰਜੇ ‘ਤੇ ਵਿਹੜੇ ‘ਚ ਧੁੱਪੇ ਲੇਟਿਆ ਉਠ ਕੇ ਬਹਿ ਗਿਆ। ਮੈਂ ਸਨਮਾਨ ਪ੍ਰਾਪਤ ਕਰਨ ਲਈ ਹੱਥ ਜੋੜੇ ਤਾਂ ਉਹ ਥੋੜ੍ਹਾ ਰੁੱਖਾ ਬੋਲਿਆ, ‘ਅਸ਼ੋਕ ਤੈਨੂੰ ਉਸ ਦਿਨ ਸਮਝ ਲੈਣਾ ਚਾਹੀਦਾ ਸੀ ਜਦੋਂ ਮੈਂ ਸਿਹਤ ਨਾ ਠੀਕ ਹੋਣ ਦੀ ਗੱਲ ਆਖੀ ਸੀ। ਪੁੱਤਰਾ ਇਹ ਐਵਾਰਡ ਮੈਂ ਲੈਣਾ ਹੀ ਨਹੀਂ ਕਿਉਂਕਿ ਗਾਉਂਦਾ ਤਾਂ ਭਾਵੇਂ ਸ਼ੌਂਕੀ ਚੰਗਾ ਸੀ ਪਰ ਗਾਉਂਦਾ ਅਵਾ ਤਵਾ ਵੀ ਰਿਹਾ, ਮੈਂ ਉਹਨੂੰ ਢਾਡੀ ਮੰਨਦਾ ਹੀ ਨਹੀਂ। ਮੈਂ ਬੁੱਧੀਜੀਵੀ, ਚਿੰਤਕ ਤੇ ਪੰਥ ਦਾ ਢਾਡੀ ਵਜੋਂ ਸੇਵਾਦਾਰ ਹਾਂ, ਇਹ ਝੱਗਾ-ਚੁੰਨੀ ਜਿਹੜਾ ਤੂੰ ਸ਼ਗਨਾਂ ਵਾਲਾ ਲਿਆਇਐਂ, ਆਏਂ ਮੋੜ ਕੇ ਲੈ ਜਾ।Ḕ ਫਿਰ ਜਦੋਂ ਇਹ ਸਥਿਤੀ ਚੇਤੇ ਆਉਂਦੀ ਤਾਂ ਮੈਨੂੰ ਝਟਕਾ ਲੱਗਦਾ ਪਰ ਦੇਰ ਬਾਅਦ ਅਹਿਸਾਸ ਹੋਇਆ ਕਿ ਸੀਤਲ ਮੇਰੇ ਨਾਲੋਂ ਆਪ ਸਾਰੇ ਦਾ ਸਾਰਾ ਸਹੀ ਸੀ, ਇਸ ਕਰਕੇ ਕਿ ਉਹਨੇ ਆਪਣੀ ਜ਼ਿੰਦਗੀ ਵਿਚ ਕਿਸੇ ਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ।
ਪਰ ਊਂ ਕਲਾ ਤਾਂ ਕਲਾ ਈ ਹੈ, ਇਹਨੂੰ ਕਿਸੇ ਦਾਇਰੇ ਵਿਚ ਬੰਨ੍ਹ ਕੇ ਖਿੱਚੀ ਫਿਰਨਾ ਹੋ ਸਕਦਾ ਕਦੇ ਕਦੇ ਧਰਮ ਦੀਆਂ ਮਜ਼ਬੂਰੀਆਂ ਹੋਣ। ਮੈਂ ਉਦੋਂ ਮਸਾਂ ਦਸ ਕੁ ਸਾਲ ਦਾ ਹੋਵਾਂਗਾ, ਜਦੋਂ ਪਹਿਲਾਂ ਸ਼ੌਂਕੀ ਨਾਂ ਸੁਣਿਆ, ਫਿਰ ਨਾਲ ਅਮਰ ਸਿੰਘ ਤੇ ਫਿਰ ਉਹਦੇ ਗਾਏ ਢਾਡੀ ਰੰਗ। ਮੇਰੇ ਪਿੰਡ ਇੱਕ ਬਜ਼ੁਰਗ ਹੁੰਦਾ ਸੀ-ਮੰਗਲ ਸਿੰਘ, ਉਹ ਸ਼ੌਂਕੀ ਦਾ ਸ਼ੈਦਾਈ ਸੀ। ਜਿੱਥੇ ਵੀ ਚਾਰ ਬੰਦੇ ‘ਕੱਠੇ ਬੈਠੇ ਹੁੰਦੇ, ਉਹਦੇ ਤੋਂ ਸ਼ੌਂਕੀ ਸੁਣਨ ਲੱਗ ਪੈਂਦੇ। ਉਹ ਮੰਡੀ ਦਾਣੇ ਸੁੱਟਣ ਗਿਆ ਸ਼ੌਂਕੀ ਦੇ ਤਵੇ ਖਰੀਦ ਲਿਆਉਂਦਾ। ਅਸੀਂ ਪਿੰਡ ਦੇ ਨਿੱਕੇ ਨਿੱਕੇ ਨਿਆਣੇ ਉਹਨੂੰ ‘ਆ ਗਿਆ ਸੱਜਣੀḔ ਕਹਿ ਕੇ ਛੇੜਿਆ ਕਰਦੇ ਪਰ ਉਹ ਖਿੱਝਦਾ ਹਰਗਿਜ਼ ਨਹੀਂ ਸੀ। ਦਰਅਸਲ ਸ਼ੌਂਕੀ ਦਾ ਇੱਕ ਗੀਤ ਹੀ ਵਾਰ ਵਾਰ ਗਾਈ ਜਾਣ ਕਰਕੇ ਉਹਦੇ ਨਾਂ ਨਾਲ ਇਹ ਅੱਲ ਪੈ ਗਈ ਸੀ। ਗੀਤ ਸੀ, Ḕਸੱਜਣੀ ਹੱਸ ਕੇ, ਹੱਸ ਕੇ ਬੋਲ।Ḕ
ਇੱਥੋਂ ਹੀ ਮੈਂ ਢਾਡੀਆਂ ਨਾਲ ਜੁੜਦਾ ਗਿਆ। ਪਹਿਲਾਂ ਜੀਅ ਭਰ ਕੇ ਇਨ੍ਹਾਂ ਬਾਰੇ ਲਿਖਿਆ ‘ਤੇ ਫਿਰ ‘ਸ਼ੌਂਕੀ ਮੇਲਾḔ ਲਾਇਆ, ਅੱਠ ਸਾਲ।
ਕਿਸੇ ਵੇਲੇ ਵੀ ਜੇ ਸ਼ੌਂਕੀ ਬਾਰੇ ਇੱਕ ਕਲਾਕਾਰ ਵਜੋਂ ਸਥਿਤੀ ਪੇਸ਼ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ, ‘ਰੁਕ ਜਾਂਦੀ ਸੀ ਖੇਤਾਂ ਨੂੰ ਭੱਤਾ ਲੈ ਕੇ ਜਾਂਦੀਆਂ ਸੁਆਣੀਆਂ ਦੀ ਕਦਮ ਚਾਲ, ਹਲ ਛੱਡ ਬੰਨ੍ਹਿਆ ‘ਤੇ ਬਹਿ ਜਾਂਦੇ ਸਨ ਥੱਕੇ ਟੁੱਟੇ ਜਿਮੀਂਦਾਰ, ਸਕੂਲਾਂ-ਕਾਲਜਾਂ ‘ਚੋਂ ਭੱਜ ਆਉਂਦੇ ਸਨ ਪਾੜ੍ਹੇ, ਬਨੇਰਿਆਂ ‘ਤੇ ਆਣ ਬਹਿੰਦੀਆਂ ਸਨ ਬੀਬੀਆਂ, ਪੰਛੀਆਂ ਦੀ ਚੁੱਪ ਹੋ ਜਾਂਦੀ ਸੀ ਚੀਂ-ਚੀਂ, ਵਿਆਹੁੰਦੜ ਨੂੰ ਚੇਤੇ ਭੁੱਲ ਜਾਂਦਾ ਸੀ ਮੁਕਲਾਵਾ ਅਤੇ ਸੁੰਨੀਆਂ ਹੋ ਜਾਂਦੀਆਂ ਸਨ ਕਰਫਿਊ ਵਾਂਗੂੰ ਗਲੀਆਂ ਤੇ ਤੀਆਂ ਦੇ ਤ੍ਰਿੰਝਣ ਜਦ ‘ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀḔ ਵਰਗੇ ਰਿਕਾਰਡ ਲਾਊਡ ਸਪੀਕਰਾਂ ‘ਤੇ ਵਜਦੇ ਸਨ।
ਜਦੋਂ ਕਦੇ ਗੜਸ਼ੰਕਰ ਤੋਂ ਮਾਹਿਲਪੁਰ ਵੱਲ ਨੂੰ ਜਾਓ ਤਾਂ ਚੌਥੇ ਕਿਲੋਮੀਟਰ ‘ਤੇ ਖੱਬੇ ਪਾਸੇ ਪਿੰਡ ਹੈ ਗੋਲੀਆਂ, ਸੈਨ ਹੋਜੇ ਵੱਸਦੇ ਮਨਜੀਤ ਸਿੰਘ ਬਿੰਦ ਦਾ, ਜੋ ਪਹਿਲਿਆਂ ‘ਚ ਚੰਗਾ ਲੇਖਕ ਬਣ ਗਿਆ ਸੀ। ਸੱਜੇ ਪਾਸੇ ਹੈ, ਪਿੰਡ ਭੱਜਲਾਂ। ਪੰਜਾਬੀ ਸੁਭਾਅ ‘ਚ ਜਿਵੇਂ ਮੇਰੇ ਪਿੰਡ ਭੌਰੇ ਬਾਰੇ ਨੌਰਾ-ਭੌਰਾ ‘ਕੱਠੇ ਬੋਲਦੇ ਹਨ, ਇਵੇਂ ਗੋਲੀਆਂ ਭੱਜਲਾਂ ਕਰਕੇ ਜਾਣੇ ਜਾਂਦੇ ਹਨ। ਪੀਂਘ ਵਾਲੇ ਗੀਤ ‘ਚ ‘ਸੱਚ ਦੇ ਬੋਲ ਸੁਣਾ ਗਿਆ ਭੱਜਲਾਂ ਵਾਲਾ ਸ਼ੌਂਕੀḔ ਇਸ ਦੀ ਤਸਦੀਕ ਵੀ ਕਰਦਾ ਹੈ।
ਪਿੰਡ ਭੱਜਲਾਂ ‘ਚ ਪਿਤਾ ਸਰਦਾਰ ਮੂਲਾ ਸਿੰਘ ਦੇ ਘਰ ਇੱਕ ਜਿਮੀਂਦਾਰ ਪਰਿਵਾਰ ‘ਚ ਅਮਰ ਸਿੰਘ ਸ਼ੌਂਕੀ ਨੇ 15 ਅਗਸਤ 1916 ਨੂੰ ਜਨਮ ਲਿਆ। ਬਾਪੂ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਦਿਨ ਮਹਾਨ ਢਾਡੀ ਤੇ ਗਵੱਈਆ ਬਣੇਗਾ ਕਿਉਂਕਿ ਉਹ ਇੱਕ ਦਿਨ ਵੀ ਸਕੂਲ ਨਹੀਂ ਗਿਆ।
ਸਿਆਣੇ ਕਹਿੰਦੇ ਨੇ, ਜੇ ਕਲਾ ਧੁਰ ਦਰਗਾਹੋਂ ਤੁਹਾਡੇ ਮੁਕੱਦਰਾਂ ਵਿਚ ਲਿਖੀ ਹੋਵੇ ਤਾਂ ਇਸ ਦਾ ਸਿੱਖਿਆ ਜਾਂ ਪੜ੍ਹਨ ਨਾਲ ਕੋਈ ਤਾਅਲੁਕ ਨਹੀਂ ਹੁੰਦਾ। ਫਿਰ ਮੰਨੋਗੇ ਕਿ ਕੋਰੇ ਕਾਗਜ਼ ਵਰਗਾ ਅਨਪੜ੍ਹ ਸ਼ੌਂਕੀ ਆਪਣੇ ਸਾਰੇ ਗੀਤ ਤੇ ਰਚਨਾਵਾਂ ਅੰਦਰ ਦਿਲ ਦੀ ਬਹੀ ‘ਤੇ ਹੀ ਲਿਖਦਾ ਗਿਆ, ਤੇ ਸਭ ਕੁਝ ਉਹਨੂੰ ਜੁਬਾਨੀ ਯਾਦ ਸੀ। ਉਹ ਆਪਣੀਆਂ ਰਚਨਾਵਾਂ ਨੂੰ ਕਾਪੀਆਂ-ਕਿਤਾਬਾਂ ਵਿਚ ਸੰਭਾਲ ਨਹੀਂ ਸਕਿਆ ਤੇ ਨਾ ਹੀ ਇਹ ਕੰਮ ਉਹਦੀ ਵਾਰਿਸ ਕਹਾਉਣ ਵਾਲੀ ਔਲਾਦ ਨੇ ਹਾਲੇ ਤੱਕ ਕੀਤਾ ਹੈ। ਹਾਲਾਂਕਿ ਅਮਰ ਸਿੰਘ ਸ਼ੌਂਕੀ ਦੇ ਅਮਰ ਗੀਤ ਪੰਜਾਬੀ ਸੰਗੀਤ ਦੇ ਖੇਤਰ ਵਿਚ ਲੋਕ ਗੀਤਾਂ ਵਰਗੀ ਥਾਂ ਹੀ ਲੈ ਚੁਕੇ ਹਨ:
-ਛੋਟੇ ਲਾਲ ਦੋ ਪਿਆਰੇ,
ਵਿਛੜੇ ਸਰਸਾ ਦੇ ਕਿਨਾਰੇ
ਕਲਗੀਧਰ ਦੇ ਦੁਲਾਰੇ,
ਚਮਕੇ ਚਿਹਰਿਆਂ ‘ਤੇ ਨੂਰ।
ਮਾਂ ਨੂੰ ਪੁੱਛਦੇ ਦਾਦੀ ਜੀ,
ਘਰ ਹੁਣ ਕਿਤਨੀ ਕੁ ਦੂਰ।

-ਰਾਣੀ ਸੁੰਦਰਾ ਦੇ ਮਹਿਲਾਂ ਹੇਠ ਆਣ ਕੇ
ਦਿੱਤੀ ਪੂਰਨ ਸੀ ਅਲਖ ਜਗਾ।

-ਸਾਹਿਬਾਂ ‘ਵਾਜਾਂ ਮਾਰਦੀ
ਕਹਿੰਦੀ ਉਠ ਖਾਂ ਮਿਰਜਿਆ ਯਾਰ।

-ਫੜ੍ਹਾਂ ਫੋਕੀਆਂ ਬਥੇਰੇ ਲੋਕੀ ਮਾਰਦੇ
ਕੋਈ ਵਿਰਲੇ ਹੀ ਬੋਲ ਪੁਗਾਉਂਦੇ।

-ਚਿੱਠੀਆਂ ਦਰਦਾਂ ਦੀਆਂ
ਅਸਾਂ ਲਿਖ ਸੱਜਣਾਂ ਵੱਲ ਪਾਈਆਂ।

-ਜਿਹੜੇ ਪ੍ਰੇਮ ਦੀ ਨਦੀ ਵਿਚ ਤਰਦੇ
ਮਰਨੋਂ ਨਾ ਡਰਦੇ।

-ਚੜ੍ਹਿਆ ਚੇਤ ਚਿੱਤ ਲੱਗੀ ਉਦਾਸੀ
ਆਈ ਜਵਾਨੀ ਝੱਲ ਮਸਤਾਨੀ।

-ਸਾਵਣ ਚੜ੍ਹਿਆ ਤੀਆਂ ਆਈਆਂ
ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ।

-ਰਾਂਝਾ ਆਖੇ ਹੀਰ ਨੂੰ ਗੱਲ ਸੁਣ ਮੁਟਿਆਰੇ।

-ਤਾਅਨੇ ਆਸ਼ਕ ਦੇ ਦਿਲ ਕਰ ਗਏ
ਘਾਇਲ ਮਸ਼ੂਕ ਦਾ।
ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਬੋਲ ਪੰਜਾਬੀ ਸੁਭਾਅ ‘ਚੋਂ ਕਦੀ ਨਹੀਂ ਖਿਸਕਣਗੇ। ਉਕਤ ਰਚਨਾਵਾਂ ਤੋਂ ਕਈ ਵਾਰ ਏਦਾਂ ਨਹੀਂ ਲੱਗਦਾ ਕਿ ਇੱਕ ਢਾਡੀ ਕਈ ਥਾਂ ਲੋਕ ਸ਼ਾਇਰ ਤੇ ਕਈ ਥਾਂ ਪੂਰਾ ਰੁਮਾਂਟਿਕ ਹੋ ਕੇ ਰੰਗ ਰੰਗੀਲਾ ਲੱਗਦਾ ਹੈ।
ਕੁਲਦੀਪ ਮਾਣਕ ਦੀ ਅਮਰ ਸਿੰਘ ਸ਼ੌਂਕੀ ਨਾਲ ਜਾਂ ਸ਼ੌਂਕੀ ਦੀ ਮਾਣਕ ਨਾਲ ਜੋ ਗੱਲ ਮਿਲਦੀ ਹੈ, ਉਹ ਇਹ ਕਿ ਸੰਗੀਤ ਵਿਗਿਆਨ ‘ਚ ਸੁਰ ਰੱਖ, ਜਿਹੜਾ ਮਰਜ਼ੀ ਹਾਰਮੋਨੀਅਮ ਰੱਖ-ਕਾਲਾ ਰੱਖ ਜਾਂ ਚਿੱਟਾ, ਅਤੇ ਲੋਕ ਭਾਸ਼ਾ ਵਿਚ ਹਾਈ ਪਿੱਚ ‘ਤੇ ਬੁਲੰਦੀ ਦੋਹਾਂ ਦੀ ਇੱਕੋ ਜਿਹੀ ਸੀ। ਸ਼ੌਂਕੀ ਜਦੋਂ ਗਾਉਂਦਾ ਸੀ, ਹੇਕ ਕੱਢਦਾ ਸੀ ਤਾਂ ਮਾਈਕ ਪਾਟਣ ਨੂੰ ਜਾਂਦੇ ਸਨ। ਪਰ ਉਹਦੇ ਆਖਰੀ ਦਮ ਤੱਕ ਇਸ ਆਵਾਜ਼ ਵਿਚ ਲੋਹੜੇ ਤੇ ਕਹਿਰ ਦਾ ਰਸ ਮਨਫੀ ਨਹੀਂ ਹੋਇਆ। ਆਚਾਰ-ਗੰਢੇ ਨਾਲ ਰੋਟੀ ਖਾ ਕੇ ਵੀ ਉਹ ਰਿਕਾਰਡਿੰਗ ਵਾਲੀਆਂ ਮਸ਼ੀਨਾਂ ਦੀਆਂ ਸੁਰ ਨਾਲ ਚੀਖਾਂ ਕਢਾ ਦਿੰਦਾ ਸੀ।
ਅੰਕੜਾ ਇਤਿਹਾਸ ਇੱਕ ਸ਼ੌਂਕੀ ਨਾਲ ਹੋਰ ਵੀ ਜੁੜਦਾ ਹੈ। ਠੀਕ ਹੈ, ਹਿੰਦੀ ਗੀਤਾਂ ਵਿਚ ਲਤਾ ਤੇ ਰਫੀ ਦੀ ਇੱਕ ਥਾਂ ਹੈ, ਗਜ਼ਲ ਵਿਚ ਗੁਲਾਮ ਅਲੀ ਤੇ ਜਗਜੀਤ ਦੀ, ਪੰਜਾਬੀ ਲੋਕ ਗਾਇਕੀ ਵਿਚ ਉਸਤਾਦ ਯਮਲਾ ਜੱਟ ਤੇ ਸੁਰਿੰਦਰ ਕੌਰ ਦੀ, ਪਰ ਇੱਕ ਢਾਡੀ ਦੀ ਹੈਸੀਅਤ ਨੂੰ ਪਾਸੇ ਰੱਖ ਕੇ ਕਲਾ ਪੱਖੋਂ ਦੇਖੀਏ ਤਾਂ ਇਨ੍ਹਾਂ ‘ਚ ਸ਼ੌਂਕੀ ਵਾਂਗ ਤਿੰਨ ਗੁਣ-ਆਪੇ ਲਿਖਣਾ, ਆਪੇ ਗਾਉਣਾ ਤੇ ਆਪੇ ਲੈਕਚਰ ਕਰਨਾ ਕਿਸੇ ਕੋਲ ਵੀ ਨਹੀਂ ਸੀ। ਯਾਦ ਰੱਖਣ ਦਾ ਸਾਫਟਵੇਅਰ ਵੀ ਉਹਦਾ ਆਪਣਾ ਸੀ, ਉਹਨੇ ਕਦੇ ਵੀ ਭੁੱਲ ਜਾਣ ਦੇ ਡਰੋਂ ਦੋ ਅੱਖਰ ਲਿਖਣ ਲਈ ਕਿਸੇ ਨੂੰ ਵੀ ਨਹੀਂ ਆਖਿਆ।
ਸ਼ੁਰੂ ਸ਼ੁਰੂ ਵਿਚ ਸ਼ੌਂਕੀ ਨੇ ਢੋਲਕ ਤੇ ਵਾਜੇ ਨਾਲ ਗਾਇਆ। ਬੱਬਰਾਂ ਦੀ ਧਰਤੀ ‘ਤੇ ਪੈਦਾ ਹੋਣ ਕਰਕੇ ਉਹਦਾ ਪਹਿਲਾ ਰਿਕਾਰਡ ਵੀ ਬੱਬਰਾਂ ਬਾਰੇ ਹੀ ਸੀ, ‘ਪੰਥ ਰੰਗੀਲੇ ਨੇ ਧੁੰਮਾਂ ਦੇਸ਼ ਵਿਚ ਪਾਈਆਂ।Ḕ ਸਿਆਲਕੋਟੋਂ ਗੁੜਤੀ ਲੈਣ ਪਿੱਛੋਂ ਉਹਨੇ ਢੱਡ ਵਜਾਉਣੀ ਸਿੱਖ ਲਈ ਅਤੇ ਸਰਵਣ ਸਿੰਘ ਤੇ ਮੋਹਨ ਸਿੰਘ ਬਿੰਡਾ ਨਾਲ ਰਲ ਕੇ ਪਹਿਲਾ ਢਾਡੀ ਜਥਾ ਬਣਾਇਆ। ਸ਼ੌਂਕੀ ਉਹ ਬਾਅਦ ਵਿਚ ਬਣਿਆ, ਪਹਿਲਾਂ ਅਮਰ ਸਿੰਘ ਮਸਤ ਦੇ ਨਾਂ ਨਾਲ ਗਾਉਂਦਾ ਰਿਹਾ।
ਵਿਸ਼ਵ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ. ਐਮ. ਵੀ. ਨੇ ਕੋਲੰਬੋ ਦੇ ਟ੍ਰੇਡਮਾਰਕ ਹੇਠ ਉਹਦੇ 138 ਪੱਕੇ ਰਿਕਾਰਡ ਭਰੇ। ਪਹਿਲਿਆਂ ‘ਚ ਸਨ:
-ਦੋ ਤਾਰਾ ਵੱਜਦਾ ਵੇ ਰਾਂਝਣਾ
ਨੂਰ ਮਹਿਲ ਦੀ ਮੋਰੀ।

-ਮੁੰਡੇ ਦੇਸ਼ ਪੰਜਾਬ ਦੇ
ਤੇ ਮਰਦ ਪੰਜਾਬੀ ਨਾਰਾਂ।

-ਨੀ ਵਾਹ ਧਰਤੀਏ ਪੰਜਾਬ ਦੀਏ।

-ਆ ਮੁੰਡਿਆ ਦੇਸ਼ ਪੰਜਾਬ ਦਿਆ
ਆ ਕੁੜੀਏ ਦੇਸ਼ ਪੰਜਾਬ ਦੀਏ।

-ਦੇਸ਼ ਮੇਰੇ ਦੀ ਬਾਂਕੀ ਜੋੜੀ
ਰਲ ਮਿਲ ਪੀਂਘ ਚੜਾਵੇ!
ਇਹ ਹੈਰਾਨ ਹੋਣ ਵਾਲੀ ਗੱਲ ਹੀ ਹੈ ਕਿ ਨਾ ਸਿਰਫ ਇੱਕ ਢਾਡੀ ਵਜੋਂ ਸਗੋਂ ਪੰਜਾਬੀ ਦੇ ਸਮਕਾਲੀ ਗਾਇਕਾਂ ਨੂੰ ਮਾਤ ਦੇ ਕੇ ਰਿਕਾਰਡਿੰਗ ਕੰਪਨੀ ਨੂੰ ਸਭ ਤੋਂ ਵੱਡਾ ਰੈਵੇਨਿਊ ਦੇਣ ਵਾਲਾ ਅਮਰ ਸਿੰਘ ਸ਼ੌਂਕੀ ਹੀ ਸੀ।
ਦੁਆਬੇ ‘ਚ ਜੰਮ ਕੇ, ਸਿਆਲਕੋਟੋਂ ਰਾਗ ਵਿੱਦਿਆ ਹਾਸਲ ਕਰਕੇ ਅਤੇ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਵਿਚ ਪੰਜਾਬੀਆਂ ਦੀ ਮੋਹ ਮੁਹੱਬਤ ਦੇ ਮੋਢੇ ‘ਤੇ ਬੈਠੇ ਅਮਰ ਸਿੰਘ ਸ਼ੌਂਕੀ ਨੇ ਆਪਣੀ ਕਲਾ ਦੀ ਸੁਰਮਈ ਜ਼ਿੰਦਗੀ ਵੇਖੀ ਪਰ ਉਹਨੇ ਪੈਸੇ ਨਾਲ ਮੋਹ ਨਹੀਂ ਕੀਤਾ। ਖਾਣ-ਪੀਣ ਦਾ ਉਹ ਸ਼ੌਕੀਨ ਰਿਹਾ, ਗਲਾਸੀ ਉਹ ਘਰ ਦੀ ਕੱਢੀ ਹੋਈ ‘ਚੋਂ Ḕਜੱਟਾਂ ਵਾਂਗḔ ਗੰਢਾ ਭੰਨ੍ਹ ਕੇ ਵੀ ਲਾ ਲੈਂਦਾ ਸੀ। ਜਿਉਂਦੇ ਜੀਅ ਘਰ ਦਾ ਇਹ ਕਹਿ ਕੇ ਉਸ ਕੁਝ ਨਹੀਂ ਸੁਆਰਿਆ ਕਿ ਇੱਕ ਕਲਾਕਾਰ ਹੋਣਾ ਹੀ ਸਭ ਤੋਂ ਵੱਡੀ ਕਮਾਈ ਤੇ ਇਨਾਮ ਹੁੰਦਾ ਹੈ। ਸ਼ੌਂਕੀ ਦਾ ਵਿਆਹ ਸਧਾਰਨ ਸੁਆਣੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ ਸੀ।
ਸਾਲ 1980 ਵਿਚ ਆਪਣੇ ਵੱਡੇ ਪੁੱਤਰ ਸਵਰਾਜ ਨੂੰ ਨਾਲ ਲੈ ਕੇ ਲਛਮਣ ਸਿੰਘ ਚੋਪੜਾ ਤੇ ਮੋਹਣ ਸਿੰਘ ਬਿੰਡਾ ਦੇ ਜਥੇ ਸਮੇਤ ਕੁਝ ਮਹੀਨੇ ਇੰਗਲੈਂਡ ਪ੍ਰੋਗਰਾਮ ਕਰਨ ਗਿਆ ਤੇ ਮੰਨੋਗੇ ਕਿ ਉਹਦੇ ਪ੍ਰੋਗਰਾਮ ਵਿਚ ਗੁਰਦਾਸ ਮਾਨ ਵਾਂਗ ਲੋਕ ਆਉਂਦੇ, ਬੀਬੀਆਂ ਬੱਚੇ ਚੁੱਕ ਕੇ ਪੁੱਜਦੀਆਂ, ਪਰ ਜਦੋਂ ਇੰਗਲੈਂਡ ਤੋਂ ਵਾਪਸ ਮੁੜਿਆ ਤਾਂ ਇੱਕ ਮਾਮੂਲੀ ਜਿਹੀ ਬਿਮਾਰੀ ਨਾਲ ਪੰਥ ਦਾ ਢਾਡੀ, ਲੋਕਾਂ ਦਾ ਗਾਇਕ ਕਲਾਕਾਰ ਤੇ ਮਹਾਨ ਸ਼ਾਇਰ 14 ਅਗਸਤ 1981 ਨੂੰ 65 ਸਾਲ ਦੀ ਉਮਰੇ ਸਦਾ ਲਈ ਪੰਜਾਬ ਦੀ ਧਰਤੀ ਤੋਂ ਸਰੀਰਕ ਤੌਰ ‘ਤੇ ਲੁਪਤ ਹੋ ਗਿਆ।
ਜਦੋਂ 1989 ਵਿਚ ਮੈਂ ਸ਼ੌਂਕੀ ਯਾਦਗਾਰੀ ਟਰੱਸਟ ਬਣਾ ਕੇ ਮਾਹਿਲਪੁਰ ‘ਚ ਸ਼ੌਂਕੀ ਮੇਲਾ 28 ਤੇ 29 ਜਨਵਰੀ ਨੂੰ ਸ਼ੁਰੂ ਕੀਤਾ ਤਾਂ ਇਸ ਦੇ ਅਗਲੇ ਸਾਲ ਹੀ ਮੈਂ ਸਰਦੂਲ ਸਿਕੰਦਰ, ਹੰਸ ਰਾਜ ਹੰਸ, ਸੁਖਵਿੰਦਰ ਪੰਛੀ ਤੇ ਗਮਦੂਰ ਅਮਨ ਨੂੰ ਲੈ ਕੇ ਉਹਦੇ ਗੀਤਾਂ ਦੀ ਰੀਲ ‘ਸੱਜਣਾਂ ਦੂਰ ਦਿਆḔ ਟਾਈਟਲ ਹੇਠ ਰਿਲੀਜ਼ ਕੀਤੀ ਪਰ ਦੁੱਖ ਕਿ ਭਾਸ਼ਾ ਵਿਭਾਗ ਜਾਂ ਪੰਜਾਬ ਦਾ ਸੱਭਿਆਚਾਰ ਵਿਭਾਗ ਅਜਿਹੀਆਂ ਆਵਾਜ਼ਾਂ ਨੂੰ ਸਦੀਵੀ ਰੂਪ ਵਿਚ ਸਾਂਭਣ ਲਈ ਕੋਈ ਯਤਨ ਨਾ ਕਰ ਸਕਿਆ।
ਦੁੱਖ ਨਾਲ ਹੀ ਜੁੜਦੀ ਦੂਜੀ ਗੱਲ ਇਹ ਹੈ ਕਿ ਅਮਰ ਸਿੰਘ ਸ਼ੌਂਕੀ ਦਾ ਪਰਿਵਾਰ ਉਹਦਾ ਦਸਤਾਵੇਜ਼ੀ ਰੂਪ ਵਿਚ ਕੁਝ ਵੀ ਸੰਭਾਲ ਨਹੀਂ ਸਕਿਆ। ਉਹਦੀ ਯਾਦ ‘ਚ ਲੱਗਦੇ ਸ਼ੌਂਕੀ ਮੇਲੇ ਨੂੰ ਰਾਜ ਪੱਧਰੀ ਮਾਨਤਾ ਮਿਲੀ, ਸਰਕਾਰ ਦੇ ਸੱਭਿਆਚਾਰ ਕੈਲੰਡਰ ਵਿਚ ਪ੍ਰਵਾਨ ਚੜ੍ਹਿਆ, ਜ਼ਿਲ੍ਹਾ ਪ੍ਰਸ਼ਾਸਨ ਨੂੰ ਮੇਲੇ ‘ਤੇ ਛੁੱਟੀ ਕਰਨੀ ਪਈ ਪਰ ਉਹ ਮੇਲਾ ਵੀ ਪਰਿਵਾਰ ਬਚਾ ਨਾ ਸਕਿਆ। ਸ਼ੌਂਕੀ ਦੇ ਤਿੰਨ ਪੁੱਤਰ ਸਨ-ਵੱਡਾ ਸਵਰਾਜ, ਫਿਰ ਪ੍ਰਗਟ ਤੇ ਛੋਟਾ ਜਸਪਾਲ। ਪ੍ਰਗਟ ਤੇ ਸਵਰਾਜ ਨੇ ਸ਼ੌਂਕੀ ਸ਼ਬਦ ਜੋੜ ਕੇ ਢਾਡੀ ਜਥਾ ਬਣਾਇਆ ਪਰ ਸ਼ੌਂਕੀ ਤਖੱਲਸ ਦੀ ਖੱਟੀ ਨਾ ਮਿਲੀ। ਸਵਰਾਜ ਬੇਵਕਤੀ ਤੁਰ ਗਿਆ, ਭਾਰੀ ਕਬੀਲਦਾਰੀ ਨੇ ਪ੍ਰਗਟ ਨੂੰ ‘ਕੱਲਾ ਕਰ ਦਿੱਤੈ, ਤੇ ਜਸਪਾਲ ਕੋਲ ‘ਮੈਂ ਸ਼ੌਂਕੀ ਦਾ ਬੇਟਾ ਹਾਂḔ ਕਹਿਣ ਤੋਂ ਵੱਧ ਕੁਝ ਵੀ ਨਹੀਂ।
ਸੱਚੀ ਸ਼ੌਂਕੀ ਮਹਾਂਪੁਰਸ਼ਾਂ ਵਾਂਗ ਵਿਚਰਿਆ ਤੇ ਮਨੁੱਖੀ ਪ੍ਰਵਿਰਤੀ ਹੈ ਕਿ ਮਹਾਂਪੁਰਸ਼ਾਂ ਕੋਲ ਸਤਿਕਾਰ ਤੇ ਸ਼ਹੁਰਤ ਤਾਂ ਹੁੰਦੇ ਨੇ ਪਰ ਸ਼ਕਤੀ ਤੇ ਧਨ ਨਹੀਂ ਹੁੰਦਾ। ਸ਼ੌਂਕੀ ਮਹਾਨ ਸੀ ਤੇ ਮਹਾਨ ਢਾਡੀ ਹੀ ਰਹੇਗਾ।