ਜੇ.ਬੀ. ਸਿੰਘ
ਕੈਂਟ, ਵਾਸ਼ਿੰਗਟਨ
ਇਕ ਛੋਟਾ ਜਿਹਾ ਕਸਬਾ-ਦੋ ਮੰਦਿਰ, ਤਿੰਨ ਮਸਜਿਦਾਂ ਤੇ ਚਾਰ ਗੁਰਦੁਆਰੇ। ਚਾਣਚੱਕ, ਉਥੋਂ ਲੰਘ ਰਹੇ ਤਿੰਨ ਸਮਾਜ ਸੁਧਾਰਕਾਂ ਨੂੰ ਰਾਤ ਰਹਿਣ ਦੀ ਲੋੜ ਪੈ ਗਈ। ਉਹ ਸਭ ਥਾਂਵੀਂ ਗਏ ਪਰ ਕਿਸੇ ਨੇ ਇੱਕਠਿਆਂ ਰਹਿਣ ਲਈ ਥਾਂ ਨਾ ਦਿੱਤੀ, ਕਿਉਂਕਿ ਗੁਰਦੁਆਰੇ ਵਿਚ ਕੇਵਲ ਸਿੱਖ, ਮੰਦਿਰ ਵਿਚ ਹਿੰਦੂ ਤੇ ਮਸਜਿਦ ਵਿਚ ਕੇਵਲ ਮੁਸਲਮਾਨ ਹੀ ਰਹਿ ਸਕਦੇ ਸਨ, ਤੇ ਉਹ ਤਿੰਨੇ ਹੀ ਅਲੱਗ ਅਲੱਗ ਧਰਮਾਂ ਦੇ ਸਨ।
ਉਹ ਕਸਬਾ ਛੱਡ ਕੇ ਅੱਗੇ ਜਾਣ ਹੀ ਲੱਗੇ ਸਨ ਕਿ ਦੂਰ ਕਿਸੇ ਘਰ ‘ਚ ਮੱਧਮ ਜਿਹੀ ਰੋਸ਼ਨੀ ਦਿਸੀ। ਉਨ੍ਹਾਂ ਜਾ ਦਰਵਾਜ਼ਾ ਖੜਕਾਇਆ। ਘਰ ਦੇ ਮਾਲਕ ਨੇ ਦਰਵਾਜ਼ਾ ਖੋਲ੍ਹਿਆ, “ਧੰਨ ਭਾਗ ਸਾਡੇ, ਜੋ ਅੱਜ ਕਿਸੇ ਨੇ ਸਾਡੇ ਬੂਹੇ ਵੀ ਦਸਤਕ ਦਿੱਤੀ।” ਫਿਰ ਤਿੰਨਾਂ ਨੂੰ ਆਦਰ ਸਤਿਕਾਰ ਨਾਲ ਅੰਦਰ ਬੁਲਾਇਆ। ਖੂਬ ਮਹਿਮਾਨ ਨਿਵਾਜ਼ੀ ਕੀਤੀ ਤੇ ਸੋਣ ਲਈ ਨਵੇਂ ਬਿਸਤਰੇ ਵੀ ਦਿੱਤੇ। ਅਗਲੀ ਸਵੇਰ ਜਦ ਉਹ ਤੁਰਨ ਲੱਗੇ ਤਾਂ ਉਸ ਨੇ ਕਿਹਾ, “ਮੁਆਫ ਕਰਨਾ ਜੀ, ਰਾਤ ਇਥੋਂ ਦੇ ਲੋਕਾਂ ਤੁਹਾਡਾ ਸਤਿਕਾਰ ਨਹੀਂ ਕੀਤਾ।”
ਮਹਿਮਾਨ ਹੈਰਾਨ ਹੋਏ, “ਪਰ ਤੁਹਾਨੂੰ ਕਿਵੇਂ ਪਤਾ ਲੱਗਾ?”
“ਜੇ ਤੁਹਾਨੂੰ ਕਿਸੇ ਗੁਰਦੁਆਰੇ, ਮੰਦਿਰ ਜਾਂ ਮਸਜਿਦ ਥਾਂ ਮਿਲੀ ਹੁੰਦੀ ਤਾਂ ਤੁਸੀਂ ਮੇਰੇ ਜਿਹੇ ਗਰੀਬ ਦਾ ਬੂਹਾ ਨਾ ਖੜਕਾਉਂਦੇ।”
ਤਿੰਨਾਂ ਮਹਿਮਾਨਾਂ ਨੇ ਉਸ ਦੀ ਸਮਝ ਅੱਗੇ ਸਿਰ ਝੁਕਾਇਆ।
“ਕਾਸ਼! ਜੇ ਅਸੀਂ ਸਾਰੇ ਇਕੋ ਧਰਮ ਦੇ ਹੁੰਦੇ ਤਾਂ ਤੁਹਾਨੂੰ ਤਕਲੀਫ ਨਾ ਝੱਲਣੀ ਪੈਂਦੀ।” ਸਿੱਖ ਮਹਿਮਾਨ ਬੋਲਿਆ।
“ਨਹੀਂ ਜੀ, ਫਿਰ ਵੀ ਸ਼ਾਇਦ ਤੁਹਾਨੂੰ ਉਥੇ ਥਾਂ ਨਾ ਮਿਲਦੀ। ਸਿੱਖ ਹੁੰਦੇ ਤਾਂ ਜੱਟ ਤੇ ਭਾਪੇ; ਹਿੰਦੂ ਹੁੰਦੇ ਤਾਂ ਵੈਸ਼ਨਵ ਜਾਂ ਸਨਾਤਨੀ; ਮੁਸਲਮਾਨ ਹੁੰਦੇ ਤਾਂ ਸ਼ੀਆ ਜਾਂ ਸੁੰਨੀ ਜਿਹੇ ਸਵਾਲ ਪੁੱਛਦੇ।”
ਮਹਿਮਾਨਾਂ ਨੂੰ ਬੰਦਾ ਸਿਆਣਾ ਲੱਗਾ। ਉਹ ਫਿਰ ਬੈਠ ਗਏ ਤੇ ਮੇਜ਼ਬਾਨ ਤੋਂ ਕਸਬੇ ਬਾਰੇ ਪੂਰੀ ਜਾਣਕਾਰੀ ਲਈ। ਉਨ੍ਹਾਂ ਨੂੰ ਦੁੱਖ ਲੱਗਾ ਕਿ ਅਜੇ ਤਕ ਬੰਦਾ ਇਨ੍ਹਾਂ ਵੰਡੀਆਂ ‘ਚੋਂ ਨਿਕਲਿਆ ਨਹੀਂ।
“ਕੀ ਇਨ੍ਹਾਂ ਨੇ ਆਪਣੇ ਬੱਚਿਆਂ ਲਈ ਸਕੂਲ ਵੀ ਆਪਣੇ ਧਰਮਾਂ ਦੇ ਆਧਾਰ ‘ਤੇ ਬਣਾਏ ਹੋਏ ਹਨ?” ਇਕ ਸੁਧਾਰਕ ਨੇ ਪੁੱਛਿਆ।
“ਸਕੂਲ ਤਾਂ ਇਸ ਕਸਬੇ ਵਿਚ ਹੈ ਹੀ ਨਹੀਂ। ਇਕ ਪੁਰਾਣੀ ਇਮਾਰਤ ਖੜ੍ਹੀ ਹੈ। ਲਗਦਾ ਏ ਜਿਵੇਂ ਪੰਜ-ਛੇ ਸੌ ਸਾਲ ਪਹਿਲਾਂ ਕਿਸੇ ਨੇ ਖੜ੍ਹੀ ਕੀਤੀ ਹੋਵੇ ਤੇ ਫਿਰ ਕਿਸੇ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ ਹੋਵੇ।”
“ਕਿਉਂ ਨਾ ਉਸੇ ਬਿਲਡਿੰਗ ਦੀ ਮੁਰੰਮਤ ਕਰਕੇ, ਉਥੇ ਇਕ ਸਾਂਝਾ ਸਕੂਲ ਬਣਾਇਆ ਜਾਵੇ। ਘੱਟੋ ਘੱਟ ਆਉਣ ਵਾਲੀਆਂ ਪੀੜ੍ਹੀਆਂ ਤਾਂ ਗੁਮਰਾਹ ਨਾ ਹੋਣ।” ਸੁਧਾਰਕਾਂ ਨੇ ਕਿਹਾ।
“ਪਰ ਇਸ ਲਈ ਪੈਸੇ ਕਿਥੋਂ ਆਉਣਗੇ? ਸਾਡੀ ਬਸਤੀ ਵਿਚ ਤਾਂ ਸਾਰੇ ਛੋਟੀ ਜਾਤ ਦੇ ਲੋਕ ਰਹਿੰਦੇ ਹਨ। ਅਸੀਂ ਤਾਂ ਇਨ੍ਹਾਂ ਦੇ ਘਰਾਂ ‘ਚ ਨਿੱਕੇ ਮੋਟੇ ਕੰਮ ਕਰ ਕੇ ਗੁਜ਼ਾਰਾ ਕਰਦੇ ਹਾਂ। ਸਾਨੂੰ ਇਹ ਅਛੂਤ ਮੰਨਦੇ ਨੇ। ਜੇ ਇਨ੍ਹਾਂ ਨੂੰ ਇੰਨਾ ਵੀ ਪਤਾ ਲੱਗ ਗਿਆ ਕਿ ਤੁਸੀਂ ਸਾਡੀ ਬਸਤੀ ਵਿਚ ਠਹਿਰੇ ਹੋ ਤਾਂ ਇਹ ਤੁਹਾਨੂੰ ਵੀ ਮੂੰਹ ਨਹੀਂ ਲਾਉਣਗੇ। ਪਰ ਹਾਂ, ਅਸੀਂ ਹਰ ਘਰ ਦੇ ਭੇਤੀ ਜਰੂਰ ਹਾਂ। ਕਦੇ ਕਦੇ ਸਾਨੂੰ ਦੂਜੇ ਦੇ ਢਿੱਡ ਦੀ ਗੱਲ ਪਤਾ ਕਰਨ ਲਈ ਵੀ ਵਰਤਿਆ ਜਾਂਦਾ ਹੈ।”
ਉਨ੍ਹਾਂ ਸੁਧਾਰਕਾਂ ਨੇ ਰਲ ਕੇ ਤਰਕੀਬ ਸੋਚੀ। ਸਿੱਖ ਸੁਧਾਰਕ ਗੁਰਦੁਆਰੇ ਗਿਆ ਤੇ ਪ੍ਰਧਾਨ ਤੋਂ ਗੁਰਦੁਆਰੇ ਵਿਚ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ।
“ਪਰ ਸਾਨੂੰ ਇਸ ਦਾ ਕੀ ਫਾਇਦਾ?” ਪ੍ਰਧਾਨ ਨੇ ਸਵਾਲ ਕੀਤਾ।
ਸਿੱਖ ਸੁਧਾਰਕ ਸਿਆਣਾ ਸੀ, ਕਹਿਣ ਲੱਗਾ, “ਲੋਕ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਣਗੇ। ਸੰਗਤ ਵੱਧ ਆਊ ਤੇ ਗੁਰਦੁਆਰੇ ਨੂੰ ਵੱਧ ਚੜ੍ਹਾਵਾ ਚੜ੍ਹੇਗਾ।”
ਪ੍ਰਧਾਨ ਨੂੰ ਗੱਲ ਜੱਚ ਗਈ ਤੇ ਉਸ ਨੇ ਇਜਾਜ਼ਤ ਦੇ ਦਿੱਤੀ।
ਬਾਕੀਆਂ ਨੇ ਵੀ ਇਉਂ ਹੀ ਕੀਤਾ। ਸਾਰੇ ਧਰਮ ਅਸਥਾਨਾਂ ‘ਤੇ ਕਲਾਸਾਂ ਸ਼ੁਰੂ ਹੋ ਗਈਆਂ। ਸਾਲ ਕੁ ਲੰਘ ਗਿਆ। ਬੱਚਿਆਂ ਨੂੰ ਸੋਝੀ ਆਉਣ ਲੱਗੀ। ਉਨ੍ਹਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਮੰਨਣਾ ਸ਼ੁਰੂ ਕਰ ਦਿੱਤਾ। ਪਰ ਹੁਣ ਇਨ੍ਹਾਂ ਧਰਮ ਅਸਥਾਨਾਂ ਦੇ ਆਗੂ ਦੁਖੀ ਹੋ ਗਏ। ਉਹ ਆਪਣੇ ਧਰਮ ਦੇ ਸਰਵੋਤਮ ਹੋਣ ਦਾ ਦਾਅਵਾ ਕਰਦੇ ਸੀ, ਪਰ ਇਨ੍ਹਾਂ ਸੁਧਾਰਕਾਂ ਉਲਟ ਪੱਟੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਸੁਧਾਰਕਾਂ ਨੂੰ ਆਪਣੇ ਆਪਣੇ ਧਰਮ ਅਸਥਾਨ ਤੋਂ ਬਾਹਰ ਕੱਢ ਦਿੱਤਾ। ਕਲਾਸਾਂ ਬੰਦ ਹੋ ਗਈਆਂ।
ਸੁਧਾਰਕ ਖੁਸ਼ ਸਨ ਕਿ ਉਨ੍ਹਾਂ ਨਾਲ ਹੁਣ ਕੁਝ ਕੁ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਰਲ ਗਏ ਸਨ। ਸਭ ਨੇ ਰਲ ਕੇ ਸਕੂਲ ਦੀ ਬਿਲਡਿੰਗ ਨਵੇਂ ਸਿਰਿਓਂ ਉਸਾਰਨ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਧਰਮ ਅਸਥਾਨਾਂ ਦੇ ਆਗੂਆਂ ਨੂੰ ਪਿੱਸੂ ਪੈ ਗਏ। ਜਿਹੜੀ ਮਾਇਆ ਉਨ੍ਹਾਂ ਦੀਆਂ ਗੋਲਕਾਂ ਵਿਚ ਪੈਣੀ ਸੀ, ਉਹ ਸਕੂਲ ਦੇ ਚੰਦਿਆਂ ਵਿਚ ਜਾ ਰਹੀ ਸੀ। ਉਨ੍ਹਾਂ ਨਵੇਂ ਬਣਨ ਵਾਲੇ ਸਕੂਲ ਤੇ ਉਨ੍ਹਾਂ ਸੁਧਾਰਕਾਂ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਹੋਇਆ ਕੀ? ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਸੁਧਾਰਕਾਂ ਬਾਰੇ ਪਤਾ ਵੀ ਨਹੀਂ ਸੀ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ। ਘਰ ਘਰ ਚਰਚਾ ਹੋਣ ਲੱਗੀ। ਪਰ ਲੋਕ ਅਜੇ ਵੀ ਦੁਚਿੱਤੀ ਵਿਚ ਸਨ ਕਿ ਚੰਦਾ ਦੇਈਏ ਕਿ ਨਾ।
ਸੁਧਾਰਕਾਂ ਨੂੰ ਉਸ ਅਛੂਤ ਨੇ ਦੱਸਿਆ ਕਿ ਕਸਬੇ ਦੇ ਨੇਤਾ ਨੂੰ ਨਾਲ ਲਓ। ਨੇਤਾ ਪੜ੍ਹਿਆ-ਲਿਖਿਆ ਤੇ ਚਲਾਕ ਸੀ। ਵੈਸੇ ਤਾਂ ਉਹ ਖੁਦ ਨਹੀਂ ਸੀ ਚਾਹੁੰਦਾ ਕਿ ਅਜਿਹਾ ਕੋਈ ਸਕੂਲ ਹੋਵੇ ਜਿਥੇ ਸਭ ਧਰਮਾਂ ਦੇ ਬੱਚੇ ਇਕੱਠੇ ਪੜ੍ਹਨ ਪਰ ਅਜਿਹੀ ਗੱਲ ਉਹ ਮੂੰਹੋਂ ਨਹੀਂ ਸੀ ਕੱਢ ਸਕਦਾ। ਉਸ ਕੋਲ ਜਿਸ ਧਰਮ ਦਾ ਵੀ ਬੰਦਾ ਜਾਂਦਾ, ਉਸ ਸਾਹਮਣੇ ਉਸੇ ਧਰਮ ਨੂੰ ਸਰਵੋਤਮ ਕਹਿ ਦਿੰਦਾ। ਕਹਾਣੀਆਂ ਸੁਣਾਉਣ ਵਿਚ ਉਹ ਬਹੁਤ ਮਾਹਿਰ ਸੀ। Ḕਪਾੜੋ ਤੇ ਰਾਜ ਕਰੋḔ ਦੀ ਨੀਤੀ ਉਹਨੇ ਅੰਗਰੇਜਾਂ ਤੋਂ ਸਿੱਖੀ ਹੋਈ ਸੀ ਤੇ ਆਪਣੀ ਨੇਤਾਗਿਰੀ ਕਾਇਮ ਰੱਖੀ ਹੋਈ ਸੀ। ਸਾਰੇ ਉਸ ‘ਤੇ ਯਕੀਨ ਕਰਦੇ ਤੇ ਉਹਦੀ ਹਰ ਗੱਲ ‘ਤੇ ਫੁੱਲ ਚੜ੍ਹਾਉਂਦੇ।
ਜਦ ਤਿੰਨੇ ਸੁਧਾਰਕ ਉਹਦੇ ਘਰ ਗਏ ਤਾਂ ਉਹਨੇ ਬੜੀ ਆਓ ਭਗਤ ਕੀਤੀ। ਉਨ੍ਹਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਨੌਕਰ ਨੂੰ ਚਾਹ ਲਿਆਉਣ ਦਾ ਹੁਕਮ ਵੀ ਕਰ ਦਿੱਤਾ। ਉਹਨੂੰ ਪਤਾ ਸੀ, ਉਹ ਕਿਸ ਮਕਸਦ ਨਾਲ ਆਏ ਹਨ।
“ਸਕੂਲ ਦੀ ਬਿਲਡਿੰਗ ਉਸਾਰਨ ਦੀ ਪ੍ਰੇਰਣਾ ਤੁਹਾਨੂੰ ਕਿਥੋਂ ਮਿਲੀ? ਇਹਦੀ ਲੋੜ ਕੀ ਹੈ ਤੇ ਤੁਹਾਡਾ ਆਪਣਾ ਮਕਸਦ ਕੀ ਹੈ?” ਨੇਤਾ ਨੇ ਸਵਾਲ ਕੀਤਾ। ਉਹਨੂੰ ਸ਼ੱਕ ਸੀ ਕਿ ਸੁਧਾਰਕਾਂ ਨੂੰ ਕੋਈ ਲਾਲਚ ਹੋਵੇਗਾ, ਜੋ ਪਤਾ ਲੱਗਣ Ḕਤੇ ਰੋੜਾ ਅਟਕਾ ਸਕਦਾ ਸੀ।
ਹਰ ਸੁਧਾਰਕ ਨੇ ਆਪਣੇ ਮਜਹਬ ‘ਚ ਹੋ ਰਹੇ ਪ੍ਰਚਾਰ ਦੀਆਂ ਖਾਮੀਆਂ ਦੱਸੀਆਂ। ਸਿੱਖ ਸੁਧਾਰਕ ਗੁਰਦੁਆਰਿਆਂ ਵਿਚ ਪਾਠਾਂ ਦੀਆਂ ਲੜੀਆਂ, ਰੁਮਾਲਿਆਂ ਦੀ ਦੁਰਵਰਤੋਂ, ਵਹਿਮ-ਭਰਮ, ਪਖੰਡ ਦੇ ਵਿਰੁਧ ਬੋਲ ਰਿਹਾ ਸੀ। ਹਿੰਦੂ ਸੁਧਾਰਕ ਮੰਦਿਰਾਂ ਦੀਆਂ, ਤੇ ਮੁਸਲਮਾਨ ਮਸਜਿਦਾਂ ਦੀਆਂ ਕਮੀਆਂ ਦਸ ਰਿਹਾ ਸੀ।
“ਵੱਡੀ ਗੱਲ ਤਾਂ ਇਹ ਹੈ ਕਿ ਅੱਜ ਦਾ ਢਾਂਚਾ ਸਾਡੇ ਬੱਚਿਆਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਹੈ। ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਸਾਡਾ ਉਦੇਸ਼ ਤਾਂ ਕੇਵਲ ਬੱਚਿਆਂ ਨੂੰ ਐਜੂਕੇਟ ਕਰਨਾ ਏ, ਤੇ ਉਸ ਲਈ ਸਕੂਲ ਦੀ ਲੋੜ ਹੈ।” ਤਿੰਨਾਂ ਨੇ ਸਪਸ਼ਟ ਕੀਤਾ।
ਕਿਉਂਕਿ ਸੁਧਾਰਕ ਕੇਵਲ ਬੱਚਿਆਂ ਦੇ ਭਵਿੱਖ ਦੀ ਗੱਲ ਕਰ ਰਹੇ ਸਨ ਤੇ ਆਪਣੇ ਆਪਣੇ ਧਰਮ ਦੀਆਂ ਖਾਮੀਆਂ ਬਾਰੇ ਬੋਲ ਰਹੇ ਸਨ, ਨੇਤਾ ਨੂੰ ਲੱਗਿਆ, ਉਸ ਦੀ Ḕਪਾੜੋ ਤੇ ਰਾਜ ਕਰੋḔ ਵਾਲੀ ਨੀਤੀ ਤਾਂ ਇਥੇ ਚੱਲੇਗੀ ਨਹੀਂ। ਸੋ, ਉਹ ਆਪਣੀ ਕਹਾਣੀ ਕਲਾ ਅਜਮਾਉਣ ਲੱਗਾ, “ਸੋਚ ਤਾਂ ਤੁਹਾਡੀ ਕਾਬਿਲੇ ਤਾਰੀਫ ਹੈ। ਸੁਪਨਾ ਵੀ ਬਹੁਤ ਵੱਡਾ ਹੈ। ਨਿਰਸੰਦੇਹ ਬੱਚਿਆਂ ਦਾ ਭਵਿੱਖ ਉਜਲਾ ਹੋਣਾ ਚਾਹੀਦਾ ਹੈ। ਧਰਮਾਂ ਦੀਆਂ ਲੜਾਈਆਂ ਖਤਮ ਹੋਣੀਆਂ ਚਾਹੀਦੀਆਂ ਹਨ। ਅਨਪੜ੍ਹਤਾ ਦੂਰ ਹੋਣੀ ਚਾਹੀਦੀ ਹੈ, ਪਰ ਹੈ ਤਾਂ ਕੇਵਲ ਸੁਪਨਾ ਹੀ ਨਾ। ਹਕੀਕਤ ਵਿਚ ਤਾਂ ਇਹਨੂੰ ਵੱਡੀਆਂ ਵੱਡੀਆਂ ਸਰਕਾਰਾਂ ਵੀ ਨਹੀਂ ਬਦਲ ਸਕੀਆਂ। ਅਸੀਂ ਚੰਦ ਕੁ ਬੰਦੇ ਕੀ ਕਰ ਸਕਦੇ ਹਾਂ? ਸਾਨੂੰ ਕੋਈ ਕਦਮ ਚੁੱਕਣ ਲੱਗਿਆਂ ਆਪਣੇ ਇਤਿਹਾਸ ਜਾਂ ਸਾਹਿਤ ਤੋਂ ਕੁਝ ਅਗਵਾਈ ਲੈਣੀ ਚਾਹੀਦੀ ਹੈ।”
ਤੇ ਫਿਰ ਇਕ ਪਲ ਰੁਕ ਕੇ ਨੇਤਾ ਨੇ ਪੁੱਛਿਆ, “ਹਾਂ, ਤੁਸਾਂ ਕਦੇ ਐਚ. ਜੀ. ਵੈਲਜ਼ ਦੀ ਕਹਾਣੀ Ḕਅੰਨ੍ਹਿਆਂ ਦਾ ਦੇਸ਼Ḕ (ਠਹe ਛੁਨਟਰੇ ਾ ਟਹe ਭਲਨਿਦ) ਪੜ੍ਹੀ ਹੈ?”
ਤਿੰਨਾਂ ਸੁਧਾਰਕਾਂ ਨੇ ਉਸ ਵੱਲ ਹੈਰਾਨੀ ਨਾਲ ਤੱਕਿਆ। ‘ਚੰਦੇ ਜਾਂ ਸਕੂਲ ਨਾਲ ਕਿਸੇ ਕਹਾਣੀ ਦਾ ਕੀ ਸਬੰਧ?Ḕ
ਪਰ ਨੇਤਾ ਨੇ ਉਨ੍ਹਾਂ ਦੀ ‘ਹਾਂ ਜਾਂ ਨਾਂਹḔ ਸੁਣਨ ਤੋਂ ਪਹਿਲਾਂ ਹੀ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ: ਇਕ ਵਾਰ, ਬਹੁਤ ਉਚੇ ਪਹਾੜਾਂ ਵਿਚ ਘਿਰੀ ਇਕ ਛੋਟੀ ਜਿਹੀ ਵਾਦੀ ਵਿਚ ਕੋਈ ਅਜਿਹੀ ਬਿਮਾਰੀ ਫੈਲ ਗਈ, ਜਿਸ ਨਾਲ ਸਾਰੇ ਬੱਚੇ ਜਨਮ ਤੋਂ ਹੀ ਜੋਤਹੀਣ ਪੈਦਾ ਹੋਣੇ ਸ਼ੁਰੂ ਹੋ ਗਏ। ਇਕ ਦਿਨ ਐਸਾ ਆਇਆ ਕਿ ਨੇਤਰਾਂ ਵਾਲੇ ਬੰਦੇ ਤਾਂ ਸਾਰੇ ਖਤਮ ਹੋ ਗਏ, ਤੇ ਸਾਰੀ ਵਾਦੀ ਅੰਨ੍ਹਿਆਂ ਦੀ ਨਗਰੀ ਬਣ ਗਈ। ਫਿਰ ਲੋਕ ਅੱਖਾਂ ਤੋਂ ਬਿਨਾ ਹੀ ਕੰਮ ਕਰਨ ਦੇ ਆਦੀ ਹੋ ਗਏ। ਸਮੇਂ ਨਾਲ ਉਹ ਇਹ ਭੀ ਭੁਲ ਗਏ ਕਿ ‘ਦੇਖਣਾḔ ਭੀ ਕੋਈ ਕ੍ਰਿਆ ਹੁੰਦੀ ਹੈ।
ਇਹੀ ਹਾਲ ਏ, ਅਜ ਇਸ ਬਸਤੀ ਦਾ। ਉਸ ਵਾਦੀ ਦੇ ਬੰਦੇ ਨੇਤਰਹੀਣ ਸਨ। ਇਸ ਨਗਰੀ ਦੇ ਬੰਦੇ ‘ਗਿਆਨḔ ਦੀਆਂ ਅੱਖਾਂ ਤੋਂ ਵਾਂਝੇ ਹਨ। ਹੋਇਆ ਕੀ! ਕਿਸੇ ਗਵਾਂਢ ਦੇਸ਼ ਦਾ ਬੰਦਾ ਨੁਨੈਜ਼ ਉਸ ਉਚੀ ਪਹਾੜੀ ਨੂੰ ਸਰ ਕਰਨ ਲਈ ਉਪਰ ਚੜ੍ਹਿਆ, ਪਰ ਜਦ ਚੋਟੀ Ḕਤੇ ਪਹੁੰਚਾ ਤਾਂ ਪੈਰ ਤਿਲਕ ਗਿਆ ਤੇ ਅੰਨ੍ਹਿਆਂ ਦੀ ਨਗਰੀ ਵਿਚ ਜਾ ਡਿੱਗਾ।
ਹੁਣ ਉਹ ਬੰਦਾ ਆਖੇ, ਤੁਸੀਂ ਸਭ ਅੰਨ੍ਹੇ ਹੋ ਤੇ ਮੈਂ ਦੇਖ ਸਕਦਾ ਹਾਂ। ਅੰਨ੍ਹਿਆਂ ਨੂੰ ਪਤਾ ਨਾ ਲਗੇ ਕਿ ‘ਦੇਖਣਾḔ ਹੁੰਦਾ ਕੀ ਏ? ਉਹਨੇ ਮਿਸਾਲਾਂ ਦੇ ਕੇ ਸਮਝਾਇਆ ਕਿ ਦੇਖੋ ਚੰਦ ਹਨ, ਤਾਰੇ ਹਨ, ਸੂਰਜ ਹੈ, ਦੂਰ ਪਹਾੜੀਆਂ ਵਿਚ ਖੂਬਸੂਰਤ ਫੁੱਲ ਹਨ-ਜੋ ਮੈਂ ਦੇਖ ਰਿਹਾ ਹਾਂ। ਪਰ ਤੁਹਾਡੀਆਂ ਅੱਖਾਂ ਨਹੀਂ ਹਨ।
ਅੰਨ੍ਹਿਆਂ ਨੂੰ ਲੱਗਾ, ਇਹ ਬੰਦਾ ਦਿਮਾਗੀ ਤੌਰ ‘ਤੇ ਠੀਕ ਨਹੀਂ। ਯੱਭਲੀਆਂ ਮਾਰਦਾ ਏ, ਜੋ ਕਿਸੇ ਨੇ ਪਹਿਲਾਂ ਸੁਣੀਆਂ ਹੀ ਨਹੀਂ। ਉਨ੍ਹਾਂ ਨੇ ਤਦ ਤਕ ਉਹਨੂੰ ਨਾ ਕੁਝ ਖਾਣ ਨੂੰ ਦਿੱਤਾ, ਨਾ ਪੀਣ ਨੂੰ, ਤੇ ਨਾ ਹੀ ਕਿਸੇ ਘਰ ਰਹਿਣ ਲਈ ਜਗ੍ਹਾ ਦਿੱਤੀ, ਜਦ ਤਕ ਉਹ ਇਹ ਨਹੀਂ ਮੰਨ ਗਿਆ ਕਿ ਉਹ (ਅੰਨ੍ਹੇ) ਸਭ ਠੀਕ ਹਨ ਤੇ ਨੁਨੈਜ਼ ਖੁਦ ਗਲਤ ਹੈ। ਅੰਤ ਵਿਚ ਉਹਨੂੰ ਅੰਨ੍ਹਿਆਂ ਵਿਚ ਅੰਨ੍ਹਾ ਬਣ ਕੇ ਹੀ ਰਹਿਣਾ ਪਿਆ।
“ਤੁਸੀਂ ਸਮਝ ਰਹੇ ਹੋ ਨਾ, ਮੈ ਕੀ ਕਹਿ ਰਿਹਾਂ ਹਾਂ।” ਨੇਤਾ ਨੇ ਆਪਣੀ ਕਹਾਣੀ ਨੂੰ ਕੱਟ ਕੇ ਪੁਛਿਆ। ਸੁਧਾਰਕਾਂ ਨੇ ‘ਹਾਂḔ ਵਿਚ ਸਿਰ ਹਿਲਾਇਆ।
ਨੇਤਾ ਫਿਰ ਸ਼ੁਰੂ ਹੋ ਗਿਆ, “ਰੱਬ ਦੀ ਕੁਦਰਤ, ਉਸ ਨੂੰ ਉਥੇ ਰਹਿੰਦਿਆਂ ਕਬੀਲੇ ਦੀ ਇਕ ਲੜਕੀ ਮੈਡਾਈਨਾ ਨਾਲ ਪਿਆਰ ਹੋ ਗਿਆ। ਸ਼ਾਦੀ ਦੀ ਗੱਲ ਚੱਲੀ ਤਾਂ ਸਾਰੇ ਕਬੀਲੇ ਨੇ ਨਾਂਹ ਕਰ ਦਿੱਤੀ। ਕਹਿਣ ਲੱਗੇ, Ḕਜਦ ਤਕ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਅਸੀਂ ਆਪਣੀ ਲੜਕੀ ਦਾ ਹੱਥ ਇਹਨੂੰ ਨਹੀਂ ਦਿਆਂਗੇ। ਵਿਆਹ ਤੋਂ ਪਹਿਲਾਂ ਇਹਦੀ ਦੇਖਣ ਦੀ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਹੋਣਾ ਜਰੂਰੀ ਹੈ।Ḕ ਸੁਭਾਵਕ ਸੀ, ਕਦੇ ਕਦੇ ਗਲਤੀ ਨਾਲ ਉਹਦੇ ਮੂੰਹੋਂ ਸੁਜਾਖਿਆਂ ਵਾਲੀ ਗੱਲ ਨਿਕਲ ਜਾਂਦੀ ਤੇ ਸਭ ਕਹਿੰਦੇ, ਅਜੇ ਕਸਰ ਬਾਕੀ ਏ।
ਮੈਡਾਈਨਾ ਉਸ ਨੂੰ ਆਪਣੇ ਕਬੀਲੇ ਦੇ ਡਾਕਟਰ ਕੋਲ ਲੈ ਗਈ। ਅੰਨ੍ਹੇ ਡਾਕਟਰ ਨੇ ਉਸ ਦਾ ਸਰੀਰ ਟੋਹ ਕੇ ਮੁਆਇਨਾ ਕੀਤਾ ਤੇ ਦੱਸਿਆ ਕਿ ਉਸ ਦਾ ਇਲਾਜ ਸੰਭਵ ਹੈ। ਛੋਟੀ ਜਿਹੀ ਸਰਜਰੀ ਦੀ ਲੋੜ ਹੈ। ਇਹਦੇ ਚਿਹਰੇ ‘ਤੇ ਜੋ ਦੋ ਟੋਏ (ਅੱਖਾਂ) ਹਨ, ਉਨ੍ਹਾਂ ਨੂੰ ਕੱਢਣਾ ਪਵੇਗਾ।
ਮੈਡਾਈਨਾ ਖੁਸ਼ ਹੋ ਗਈ ਪਰ ਨੁਨੈਜ਼ ਘਬਰਾ ਗਿਆ। ਮੈਡਾਈਨਾ ਨੇ ਬਹੁਤ ਮਿੰਨਤ ਕੀਤੀ ਕਿ ਉਹ ਉਸ ਲਈ ਇੰਨਾ ਵੀ ਨਹੀਂ ਕਰ ਸਕਦਾ। ਪਰ ਉਹ ਅਜਿਹੀ ਸਰਜਰੀ ਕਰਾਉਣ ਦੀ ਜੁਰੱਅਤ ਨਾਂ ਕਰ ਸਕਿਆ ਤੇ ਅਲਵਿਦਾ ਕਹਿ ਕੇ ਆਪਣੇ ਵਤਨ ਵਾਪਸ ਜਾਣ ਲਈ ਉਸੇ ਪਹਾੜ ਵਲ ਚਲਾ ਗਿਆ, ਜਿਥੋਂ ਡਿਗਿਆ ਸੀ। ਕਿਉਂਕਿ ਉਹਦੇ ਵਤਨ ‘ਚ ḔਦੇਖਣਾḔ ਬਿਮਾਰੀ ਨਹੀਂ, ਸੌਗਾਤ ਮੰਨੀ ਜਾਂਦੀ ਸੀ।”
ਤਦ ਤਕ ਚਾਹ ਆ ਗਈ। “ਲਓ ਤੁਸੀਂ ਚਾਹ ਪੀਓ।” ਨੇਤਾ ਨੇ ਚਾਹ ਵੱਲ ਇਸ਼ਾਰਾ ਕਰਦਿਆਂ ਕਿਹਾ ਤੇ ਫਿਰ ਕਹਾਣੀ ਦਾ ਸਿੱਟਾ ਸਮਝਾਉਣ ਲੱਗਾ, “ਦੇਖੋ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਏ, ਤੁਸੀਂ ਪੜ੍ਹੇ-ਲਿਖੇ, ਵਿਦਵਾਨ ਸੁਧਾਰਕ, ਨਿਸ਼ਕਾਮ ਸੇਵਾ ਲਈ ਅੱਗੇ ਵਧੇ ਹੋ, ਪਰ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਅਨਪੜ੍ਹਤਾ ਨੇ ਖੋਹ ਲਈਆਂ ਹਨ, ਉਨ੍ਹਾਂ ਦਾ ਇਲਾਜ ਤਾਂ ਸਾਡੇ ਪੀਰ-ਪੈਗੰਬਰ ਵੀ ਨਹੀਂ ਕਰ ਸਕੇ। ਕੀ ਇਹ ਲੋਕ ਤੁਹਾਡਾ ਸਾਥ ਦੇਣਗੇ? ਇਹ ਤਾਂ ਦੂਜਿਆਂ ਨੂੰ ਭੀ ਚੰਦਾ ਦੇਣ ਤੋਂ ਰੋਕਣਗੇ। ਇੰਜ ਹੀ ਅੱਗੇ ਹੁੰਦਾ ਆਇਆ ਹੈ। ਸਾਨੂੰ ਵਿਦਵਾਨਾਂ ਨੂੰ ਤਾਂ ਆਪਣੀਆਂ ਗਿਆਨ ਰੂਪੀ ਅੱਖਾਂ ਦੀ ਸਰਜਰੀ ਕਰਾਉਣੀ ਹੀ ਠੀਕ ਰਹੇਗੀ।”
ਇਸ ਵਾਰ ਉਹਨੇ ਆਪਣੇ ਆਪ ਨੂੰ ਵੀ ਉਨ੍ਹਾਂ ਸੁਧਾਰਕਾਂ ਦੇ ਨਾਲ ਮਿਲਾ ਲਿਆ।
ਨੇਤਾ ਨੂੰ ਉਮੀਦ ਸੀ, ਇੰਨੀ ਵਡਿਆਈ ਸੁਣ ਕੇ, ਉਨ੍ਹਾਂ ਵਿਚੋਂ ਕੋਈ ਨਾ ਕੋਈ ਤਾਂ ਜਰੂਰ ਬੋਲੂ, “ਜੀ ਹਾਂ, ਹੈ ਤਾਂ ਇਹ ਅਕਲ ਦੇ ਅੰਨ੍ਹੇ ਈ ਨੇ” ਤੇ ਕਿਸੇ ਸੁਧਾਰਕ ਦੇ ਮੂੰਹੋਂ ਨਿਕਲਿਆ ਅਜਿਹਾ ਇਕ ਸ਼ਬਦ ਵੀ ਨੇਤਾ ਲਈ ਕਾਫੀ ਸੀ, ਸਾਰੇ ਕਸਬੇ ਨੂੰ ਸੁਧਾਰਕਾਂ ਦੇ ਵਿਰੁਧ ਉਕਸਾਉਣ ਲਈ।
ਸੁਧਾਰਕਾਂ ਵਿਚੋਂ ਕਿਸੇ ਨੇ ਵੀ ਅਜਿਹਾ ਸ਼ਬਦ ਨਹੀਂ ਬੋਲਿਆ। ਬਲਕਿ ਇਕ ਨੇ ਤਾਂ ਉਲਟੀ ਗੱਲ ਨੇਤਾ ‘ਤੇ ਪਾ ਦਿੱਤੀ, “ਨੇਤਾ ਜੀ, ਤੁਸੀਂ ਸਾਨੂੰ ਚੰਦਾ ਦਿਓ ਜਾਂ ਨਾ, ਪਰ ਕਿਸੇ ਨੂੰ ਅਕਲ ਦਾ ਅੰਨ੍ਹਾ ਤਾਂ ਨਾ ਕਹੋ। ਆਖਰ ਉਹ ਵੀ ਸਾਡੇ ਭਰਾ ਨੇ।”
ਨੇਤਾ ਸਹਿਮ ਗਿਆ। ਜੇ ਇਹ ਗੱਲ ਪਬਲਿਕ ਵਿਚ ਫੈਲ ਜਾਂਦੀ ਤਾਂ ਹਿੰਦੂ, ਸਿੱਖ, ਇਸਾਈ-ਸਭ ਨੇਤਾ ਦੇ ਵਿਰੁਧ ਹੋ ਖੜ੍ਹਦੇ।
ਦੋਹਾਂ ਵਿਚ ਕਿਤੇ ਬਹਿਸ ਨਾ ਚੱਲ ਪਵੇ, ਇਸ ਡਰੋਂ ਦੂਜਾ ਸੁਧਾਰਕ ਬੋਲਿਆ, “ਨੇਤਾ ਜੀ, ਤੁਹਾਨੂੰ ਜਰੂਰ ਪਤਾ ਹੋਵੇਗਾ ਕਿ ਐਚ. ਜੀ. ਵੈਲਜ਼ ਨੇ ਇਸ ਕਹਾਣੀ ਨੂੰ ਬਾਅਦ ਵਿਚ ਐਡਿਟ ਕਰ ਕੇ ਇਸ ਦਾ ਅੰਤ ਬਦਲ ਦਿੱਤਾ ਸੀ।”
“ਨਹੀਂ, ਮੈਂ ਸੋਧੀ ਹੋਈ ਕਹਾਣੀ ਨਹੀਂ ਪੜ੍ਹੀ।” ਸਹਿਮੇ ਹੋਏ ਨੇਤਾ ਨੇ ਕਿਹਾ।
“ਪਰ ਮੈਂ ਪੜ੍ਹੀ ਹੈ। ਸੋਧੀ ਕਹਾਣੀ ਵਿਚ ਨੁਨੈਜ਼ ਆਪਣੀ ਮੈਡਾਈਨਾ ਨੂੰ ਵੀ ਆਪਣੇ ਨਾਲ ਵਤਨ ਲੈ ਜਾਂਦਾ ਹੈ। ਇਹ ਸੋਚ ਕੇ ਕਿ ਮੈਡਾਈਨਾ ਤੋਂ ਪੈਦਾ ਹੋਣ ਵਾਲੀ ਨਸਲ ਤਾਂ ਸੁਜਾਖੀ ਹੋਵੇ। ਅਸੀਂ ਤਾਂ ਇਹ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਨਾਲ ਰਹੋਗੇ ਤਾਂ ਉਹ ਵੀ ਸਾਡੇ ਨਾਲ ਹੋ ਤੁਰਨਗੇ।”
ਨੇਤਾ ਨੂੰ ਲੱਗਾ, ਅੱਜ ਉਸ ਦੀ ਕਹਾਣੀ ਕਲਾ ਵੀ ਕੰਮ ਨਹੀਂ ਸੀ ਕਰ ਰਹੀ। ਹਾਰ ਕੇ ਮੇਜ ‘ਤੇ ਪਈ ਚੈਕ ਬੁੱਕ ਵਿਚੋਂ ਚੈਕ ਲਿਖ ਕੇ ਸੁਧਾਰਕ ਦੀ ਤਲੀ ‘ਤੇ ਰੱਖ ਦਿੱਤਾ।
“ਨੇਤਾ ਜੀ, ਕੇਵਲ ਇਕਵੰਜਾ ਰੁਪਈਆਂ ਦਾ ਚੈਕ?” ਸੁਧਾਰਕ ਨੇ ਹੈਰਾਨ ਹੋ ਕੇ ਪੁੱਛਿਆ।
“ਜੇ ਹਰ ਬੰਦਾ 51-51 ਰੁਪਏ ਵੀ ਦੇ ਦੇਵੇ, ਤਾਂ ਵੀ ਬੱਚਿਆਂ ਦੇ ਸਕੂਲ ਦੀ ਬਿਲਡਿੰਗ ਖੜ੍ਹੀ ਹੋ ਜਾਣੀ ਹੈ।”
ਨੇਤਾ ਨੇ ਭਾਵੇਂ ਇਹ ਗੱਲ ਮਜ਼ਾਕ ਵਜੋਂ ਕਹੀ ਸੀ ਪਰ ਸੁਧਾਰਕਾਂ ਦੇ ਕੰਮ ਆ ਗਈ। ਉਨ੍ਹਾਂ ਨੇ ਨੇਤਾ ਦੇ ਮਹਾਂ ਵਾਕ ਨੂੰ ਉਨ੍ਹਾਂ ਦਾ ਆਦੇਸ਼ ਬਣਾ ਕੇ ਹਰ ਕਸਬਾ ਨਿਵਾਸੀ ਤਕ ਪਹੁੰਚਾਇਆ।
ਨੇਤਾ ਦੀ ਗੱਲ ਕੌਣ ਟਾਲਦਾ। ਹਰ ਇਕ ਨੇ ਦਿਲ ਖੋਲ੍ਹ ਕੇ ਚੰਦਾ ਦਿੱਤਾ। ਦੇਖਦੇ ਹੀ ਦੇਖਦੇ ਸਕੂਲ ਦੀ ਬਿਲਡਿੰਗ ਖੜ੍ਹੀ ਹੋ ਗਈ।