1965 ਦੀ ਭਾਰਤ-ਪਾਕਿਸਤਾਨ ਜੰਗ

ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਵਿਚ ਪਿਛਲੇ ਹਫਤੇ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ 1965 ਦੀ ਜੰਗ ਦੇ ਇਤਿਹਾਸਕ ਪਰਿਪੇਖ ਵਲ ਧਿਆਨ ਦਿੱਤਾ ਗਿਆ। ਇਸ ਨਿਵੇਕਲੇ ਸਾਹਿਤ ਉਤਸਵ ਨੂੰ ਲੈਫਟੀਨੈਂਟ ਜਨਰਲ ਵੀæ ਐਸ਼ ਸ਼ੇਰਗਿੱਲ ਤੇ ਜਨਰਲ ਜੇæ ਐਸ਼ ਚੀਮਾ ਨੇ ਸੰਬੋਧਨ ਕੀਤਾ। ਦੋਵੇਂ ਸੇਵਾ ਮੁਕਤ ਜਰਨੈਲ ਹਨ। ਦੱਸਿਆ ਗਿਆ ਕਿ ਜੰਗ ਦੇ ਮੂਲ ਕਾਰਨ ਦੋ ਬਣੇ। ਇੱਕ, ਪਹਿਲੀ ਦਸੰਬਰ 1964 ਤੋਂ ਭਾਰਤ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 356 ਨੂੰ ਜੰਮੂ ਕਸ਼ਮੀਰ ਉਤੇ ਲਾਗੂ ਕਰਕੇ ਉਥੋਂ ਦੀ ਸਰਕਾਰ ਨੂੰ ਭੰਗ ਕਰਨ ਦਾ ਅਧਿਕਾਰ ਕੇਂਦਰ ਨੂੰ ਦੇਣਾ ਅਤੇ ਦੂਜਾ, 1965 ਵਿਚ ਜਨਰਲ ਅਯੂਬ ਖਾਨ ਵੱਲੋਂ ਪੱਖਪਾਤੀ ਤਰੀਕੇ ਨਾਲ ਕਰਾਈਆਂ ਪਾਕਿਸਤਾਨ ਚੋਣਾਂ ਵਿਚ ਮੁਹੰਮਦ ਅਲੀ ਜਿਨਾਹ ਦੀ ਭੈਣ ਫਾਤਿਮਾ ਨੂੰ ਹਰਾਉਣਾ। ਇਸ ਨਾਲ ਦੋਵੇਂ ਪਾਸੇ ਰਾਜਨੀਤਕ ਬੇਚੈਨੀ ਪੈਦਾ ਹੋਈ।

ਇਸ ਪ੍ਰਸੰਗ ਵਿਚ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦੱਸੀ ਇਹ ਗੱਲ ਵੀ ਦਿਲਚਸਪ ਰਹੀ ਕਿ ਜਨਰਲ ਅਯੂਬ ਖਾਨ ਨੂੰ ਬਚਪਨ ਵਿਚ ਇਕ ਬਜ਼ੁਰਗ ਸਿੱਖ ਨੇ ਮੂਲ ਮੰਤਰ ਦਿੱਤਾ ਸੀ ਅਤੇ ਇਹ ਵੀ ਕਿ ਫਾਰਸੀ ਅੱਖਰਾਂ ਵਿਚ ਲਿਖਿਆ ਇਹ ਮੰਤਰ ਪਾਕਿਸਤਾਨ ਸੈਨਾ ਦੇ ਮੁਖੀ ਵਜੋਂ ਕਮਾਂਡ ਸੰਭਾਲਣ ਸਮੇਂ ਉਸ ਦੇ ਕੋਲ ਸੀ। ਜੰਗ ਦੇ ਕਾਰਨਾਂ ਵਿਚ 1964 ਵਿਚ ਹੋਈ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਚਾਨਕ ਮੌਤ ਵੀ ਬਣੀ ਤੇ 1963 ਵਿਚ ਹਜ਼ਰਤ ਬਲ ਦਰਗਾਹ ਵਿਚੋਂ ਚੋਰੀ ਹੋਈਆਂ ਪਵਿੱਤਰ ਨਿਸ਼ਾਨੀਆਂ ਵੀ।
ਬੁਲਾਰਿਆਂ ਨੇ ਇਹ ਗੱਲ ਖਾਸ ਕਰਕੇ ਉਭਾਰੀ ਕਿ 1965 ਦੀ ਜੰਗ ਵਿਚ ਭਾਰਤ ਤੇ ਪਾਕਿਸਤਾਨ ਦੀਆਂ ਫੌਜੀ ਕਾਰਵਾਈਆਂ ਨੇ ਇੱਕ-ਦੂਜੇ ਨੂੰ ਹੱਕਾ-ਬੱਕਾ ਤੇ ਦੰਗ ਕਰ ਦਿੱਤਾ ਸੀ। ਜੇ ਛੰਬ ਸੈਕਟਰ ਵਿਚ ਪਾਕਿਸਤਾਨ ਦਾ ਅਪਰੇਸ਼ਨ ਗਰੈਂਡ ਸਲੈਮ ਹੈਰਾਨ ਕਰਨ ਵਾਲਾ ਸੀ ਤਾਂ ਖੇਮਕਰਨ ਸੈਕਟਰ ਵਿਚ ਭਾਰਤੀ ਸੈਨਾ ਵੱਲੋਂ ਪਾਕਿਸਤਾਨੀ ਫੌਜ ਨੂੰ ਸਰਹੱਦ ਤੋਂ ਬਹੁਤ ਪਰੇ ਤੱਕ ਖਦੇੜਨਾ ਵੀ। ਪਾਕਿਸਤਾਨ ਦੇ ਵਸਨੀਕ ਕਿਵੇਂ ਉਸ ਪਾਰ ਦੇ ਪਿੰਡਾਂ ਦੇ ਪਿੰਡ ਖਾਲੀ ਕਰਕੇ ਦੌੜੇ ਸਨ, ਇਸ ਦਾ ਦਾਸ ਚਸ਼ਮਦੀਦ ਗਵਾਹ ਹੈ। ਮੈਂ ਉਨ੍ਹਾਂ ਪਿੰਡਾਂ ਵਿਚ ਮਾਸੂਮ ਵਿਦਿਆਰਥੀਆਂ ਦੀਆਂ ਰੁਲ ਰਹੀਆਂ ਕਿਤਾਬਾਂ ਤੇ ਕਾਪੀਆਂ ਹੀ ਨਹੀਂ ਵੇਖੀਆਂ, ਘਰਾਂ ਵਿਚੋਂ ਭੱਜ ਕੇ ਖੇਤਾਂ ਵਿਚ ਪਨਾਹ ਲੈਂਦੇ ਚੂਹੇ ਵੀ ਤੱਕੇ ਸਨ। ਉਂਜ ਮੈਂ ਸੋਚਦਾ ਹਾਂ ਕਿ ਪਾਕਿਸਤਾਨੀ ਤੇ ਭਾਰਤੀ ਏਨੇ ਸੂਰਬੀਰ ਹਨ ਤਾਂ ਇੱਕ ਦੂਜੇ ਨਾਲ ਮਿਲ ਕੇ ਰਹਿਣ ਤਾਂ ਦੁਨੀਆਂ ਵਿਚ ਤਰਥੱਲੀ ਮਚਾ ਦੇਣਾ।
ਸਿਆਸਤ ਵਿਚ ਇਮਤਿਹਾਨ ਦੀ ਘੜੀ: ਪਿਛਲੇ ਹਫਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੱਬੇ ਸਾਲ ਦੇ ਹੋ ਗਏ ਤੇ ਕਾਂਗਰਸ ਪਾਰਟੀ ਦੀ ਕਮਾਂਡ ਤਿਆਗਣ ਵਾਲੀ ਸੋਨੀਆ ਗਾਂਧੀ ਨੇ ਆਪਣਾ 71ਵਾਂ ਜਨਮ ਦਿਨ ਮਨਾਇਆ। ਦੋਵਾਂ ਦੇ ਪੁੱਤਰਾਂ ਲਈ ਇਹ ਵੱਡੇ ਇਮਤਿਹਾਨ ਦੀ ਘੜੀ ਹੈ। ਸੁਖਬੀਰ ਸਿੰਘ ਬਾਦਲ ਦੀ ਰਾਜ ਪੱਧਰ ਉਤੇ ਅਤੇ ਰਾਹੁਲ ਗਾਂਧੀ ਦੀ ਰਾਸ਼ਟਰੀ ਪੱਧਰ ਉਤੇ ਵਡੇਰੇ ਲੀਡਰ ਤਾਂ ‘ਮੈਂ ਹੀ ਮੈਂ’ ਦਾ ਜਾਪ ਕਰਨਗੇ।
ਜਾਵੇਦ-ਸ਼ਬਾਨਾ ਦੋਸਤੀ: ਉਰਦੂ ਸਾਹਿਤ ਦੇ ਪ੍ਰੇਮੀ ਹਰ ਵਰ੍ਹੇ ਮੁੰਬਈ ਵਿਚ ਜਸ਼ਨ-ਏ-ਰੇਖਤਾ ਮਨਾਉਂਦੇ ਹਨ। ਪਿਛਲੇ ਸਾਲ ਇਹ ਜਸ਼ਨ ਵੈਲਨਟਾਈਨ ਦਿਵਸ ਉਤੇ ਮਨਾਇਆ ਗਿਆ, ਜਿੱਥੇ ਜਾਵੇਦ ਅਖਤਰ ਨੇ ਆਪਣੀ ਨਜ਼ਮ ‘ਸ਼ਬਾਨਾ’ ਪੜ੍ਹੀ, ਆਪਣੀ ਜੀਵਨ ਸਾਥਣ ਦੀ ਉਸਤਤ ਵਿਚ। ਇਸ ਵਰ੍ਹੇ ਦੇ ਜਸ਼ਨ ਵਿਚ ਵੀ ਉਸ ਨੇ ਜਿਹੜੀਆਂ ਨਜ਼ਮਾਂ ਪੜ੍ਹੀਆਂ, ਉਨ੍ਹਾਂ ਦੀ ਭੇਟਾ ਪਾਤਰ ਸ਼ਬਾਨਾ ਆਜ਼ਮੀ ਹੀ ਸੀ। ਇਸ ਵਾਰ ਉਨ੍ਹਾਂ ਦੇ ਵਿਆਹੁਤਾ ਜੀਵਨ ਦੀ ਤੇਤੀਵੀਂ ਵਰ੍ਹੇਗੰਢ ਸੀ। ਜਦੋਂ ਜਾਵੇਦ ਤੋਂ ਇਸ ਮੌਕੇ ਟਿੱਪਣੀ ਦੀ ਮੰਗ ਕੀਤੀ ਗਈ ਤਾਂ ਉਸ ਦਾ ਉਤਰ ਸੀ, “ਮੇਰੀ ਔਰ ਸ਼ਬਾਨਾ ਕੀ ਦੋਸਤੀ ਇਤਨੀ ਗਹਿਰੀ ਹੈ, ਇਤਨੀ ਮਜ਼ਬੂਤ ਹੈ ਕਿ ਸ਼ਾਦੀ ਭੀ ਉਸ ਕਾ ਕੁੱਛ ਨਹੀਂ ਬਿਗਾੜ ਸਕੀ।” ਇਸ ਦਾ ਵਿਸਥਾਰ ਮੰਗੇ ਜਾਣ ਉਤੇ ਉਸ ਨੇ ਕਿਹਾ, “ਮੀਆਂ, ਬੀਵੀ ਬੜੀ ਖਤਰਨਾਕ ਟਰਮ ਹੈ। ਯੇਹ ਅਪਨੇ ਸਾਥ ਬੜਾ ਵਜ਼ਨ ਲੇ ਕੇ ਆਤੀ ਹੈ। ਇਸ ਰਿਸ਼ਤੇ ਮੇਂ ਮੀਆਂ ਅਕਸਰ ਯੇਹ ਗਲਤੀ ਕਰਤੇ ਹੈਂ ਕਿ ਉਨ ਕੋ ਲਗਤਾ ਹੈ ਕਿ ਬ੍ਰਹਿਮੰਡ ਕਾ ਧੁਰਾ ਵੁਹ ਹੈ ਔਰ ਬੀਵੀ ਕਾ ਫਰਜ਼ ਹੈ ਕਿ ਉਨ ਕੇ ਚਾਰੋਂ ਤਰਫ ਘੂਮ ਕੇ ਉਨ ਕਾ ਖਿਆਲ ਰਖੇ।”
ਜਾਵੇਦ ਨੂੰ ਚੇਤੇ ਕਰਵਾਇਆ ਗਿਆ ਕਿ ਇਕ ਪੜਾਅ ਉਤੇ ਸ਼ਬਾਨਾ ਨੂੰ ਪੁੱਛਿਆ ਗਿਆ ਸੀ, “ਕੀ ਘਰੇਲੂ ਜੀਵਨ ਵਿਚ ਵੀ ਜਾਵੇਦ ਓਨੇ ਹੀ ਰੋਮਾਂਟਿਕ ਹਨ, ਜਿੰਨੇ ਬਾਹਰੀ ਜੀਵਨ ਅਤੇ ਆਪਣੀਆਂ ਨਜ਼ਮਾਂ ਵਿਚ?” ਸ਼ਬਾਨਾ ਦਾ ਉਤਰ ਨਾਂਹ-ਪੱਖੀ ਸੀ। ਇਹ ਸੁਣ ਕੇ ਜਾਵੇਦ ਬੋਲੇ, “ਦੇਖੋ ਭਾਈ! ਜੋ ਲੋਗ ਸਰਕਸ ਮੇਂ ਕਰਤਵ ਕਰਤੇ ਹੈਂ, ਵੁਹ ਘਰ ਮੇਂ ਉਲਟੇ ਥੋੜੀ ਲਟਕੇ ਰਹਿਤੇ ਹੈਂ।”
ਰਾਸ਼ਟਰੀ ਜਲਗਾਹ (ਵੈਟਲੈਂਡ): ਭਾਖੜਾ ਨੰਗਲ ਵਿਚ ਰੂਸ, ਚੀਨ, ਮੰਗੋਲੀਆ, ਆਸਟ੍ਰੇਲੀਆ, ਬਰਮਾ, ਅਫਗਾਨਿਸਤਾਨ, ਜਪਾਨ, ਸਾਇਬੇਰੀਆ ਆਦਿ ਤੋਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਪਰਵਾਸੀ ਪੰਛੀ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦੇ ਨਾਲ ਹੀ ਸੈਲਾਨੀ ਤੇ ਪੰਛੀ ਪ੍ਰੇਮੀ ਵੀ। ਦੁਨੀਆਂ ਜਾਣਦੀ ਹੈ ਕਿ ਇਹ ਪੰਛੀ ਆਪਣੇ ਦੇਸ਼ਾਂ ਦੀਆਂ ਝੀਲਾਂ ਵਿਚ ਬਰਫਾਂ ਜੰਮਣ ਕਾਰਨ ਇਥੇ ਆਉਂਦੇ ਹਨ ਅਤੇ ਛੇ ਮਹੀਨੇ ਇਥੇ ਰਹਿ ਕੇ ਪਰਤ ਜਾਂਦੇ ਹਨ। ਪਤਾ ਲੱਗਾ ਹੈ ਕਿ ਜਨਵਰੀ 2017 ਵਿਚ ਅਜਿਹੇ ਪਰਵਾਸੀ ਪ੍ਰਾਹੁਣਿਆਂ ਦੀ ਗਿਣਤੀ ਕਰੀਬ 9600 ਸੀ। ਇਹ ਵੀ ਕਿ ਜੰਗਲੀ ਜੀਵ ਖੇਤਰ ਦੇ ਕਰਮਚਾਰੀ ਇਨ੍ਹਾਂ ਪੰਛੀਆਂ ਦੀਆਂ ਬਿੱਠਾਂ ਇਕੱਠੀਆਂ ਕਰਕੇ ਜਲੰਧਰ ਦੀ ਨਾਰਕਰਟ ਲੈਬ ਤੋਂ ਜਾਂਚ ਕਰਵਾਉਂਦੇ ਹਨ ਕਿ ਇਹ ਕਿਸੇ ਰੋਗ ਦਾ ਸ਼ਿਕਾਰ ਤਾਂ ਨਹੀਂ। ਜਨਵਰੀ 2018 ਵਿਚ ਇਨ੍ਹਾਂ ਦੀ ਗਿਣਤੀ ਕਿੰਨੀ ਹੋਵੇਗੀ, ਕੁਝ ਨਹੀਂ ਕਿਹਾ ਜਾ ਸਕਦਾ ਪਰ ਇਕ ਗੱਲ ਪੱਕੀ ਹੈ ਕਿ ਚੰਡੀਗੜ੍ਹ ਦੀ ਸੁਖਨਾ ਝੀਲ ਉਤੇ ਪਹੁੰਚਣ ਵਾਲੇ ਅਜਿਹੇ ਪੰਛੀਆਂ ਦੀ ਗਿਣਤੀ ਨੰਗਲ ਦੇ ਪ੍ਰਾਹੁਣਿਆਂ ਦਾ ਪਾਸਕੂ ਵੀ ਨਹੀਂ ਹੁੰਦੀ।
ਅੰਤਿਕਾ: ਸੁਖਵਿੰਦਰ ਅੰਮ੍ਰਿਤ
ਨਾ ਬਿਹਬਲ ਹੋ ਮੇਰੇ ਅਸਮਾਨ
ਮੈਂ ਬੱਸ ਉਡਣ ਵਾਲੀ ਹਾਂ
ਕਿ ਤੇਰੀ ਹੀ ਮੁਹੱਬਤ ਵਿਚ
ਪਰਾਂ ਨੂੰ ਰੰਗਦੀ ਹਾਂ ਮੈਂ।