ਅੰਬਰ ਦਾ ਕਾਗ਼ਜ਼…ਪਿਆਰ ਦੀਆਂ ਲੀਕਾਂ

ਪੰਜਾਬ ਤੇ ਹਰਿਆਣਾ ਦੇ ਦਲਿਤਾਂ ਅਤੇ ਉਨ੍ਹਾਂ ਦੇ ਦੁੱਖਾਂ-ਦਰਦਾਂ ਬਾਰੇ ਪੱਤਰਕਾਰ ਸੰਜਮਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ‘ਪੰਜਾਬ ਟਾਈਮਜ਼’ ਦੇ 3 ਨਵੰਬਰ, 2012 ਵਾਲੇ ਅੰਕ ਵਿਚ ਛਪੀ ਸੀ। ਇਹ ਰਿਪੋਰਟ ਉੜੀਸਾ ਦੇ ਇਕ ਪਿੰਡ ਤੋਂ ਸਵੀਡਨ ਗਏ ਦਲਿਤ ਪ੍ਰਦੁਮਨ ਕੁਮਾਰ ਮਹਾਨੰਦੀਆ ਨੇ ਪੜ੍ਹੀ ਅਤੇ ਲੇਖਕ ਨਾਲ ਸੰਪਰਕ ਕੀਤਾ। ਇਸ ਸੰਪਰਕ ਵਿਚੋਂ ਹੀ ਇੱਥੇ ਛਾਪੀ ਜਾ ਰਹੀ ਕਹਾਣੀ ਨਿਕਲੀ ਹੈ। ਇਹ ‘ਪੇਂਟਰ ਬਾਬੂ’ ਮਹਾਨੰਦੀਆ ਦੀ ਕਲਾ ਅਤੇ ਪਿਆਰ ਦੀ ਵਿਲੱਖਣ ਕਹਾਣੀ ਹੈ। ਇਹ ਗੱਲ ਮੈਂ ਇਸ ਕਰ ਕੇ ਵੀ ਹੁੱਬ ਕੇ ਦੱਸ ਰਿਹਾ ਹਾਂ ਕਿਉਂਕਿ ਇਹ ਕਹਾਣੀ ਮੇਰੇ ਜਿਗਰੀ ਯਾਰ ਮਰਹੂਮ ਨਰਿੰਦਰ ਭੁੱਲਰ ਦੇ ਬੇਟੇ ਸੰਜਮਪ੍ਰੀਤ ਸਿੰਘ ਨੇ ਕੱਢ ਕੇ ਲਿਆਂਦੀ ਹੈ। ਇਸ ਕਹਾਣੀ ਦਾ ਮਾਨਵੀ ਪੱਖ ਬੜਾ ਜ਼ੋਰਦਾਰ ਹੈ। ਨਰਿੰਦਰ ਵੀ ਜ਼ਿੰਦਗੀ ਦੀਆਂ ਲੜੀਆਂ ਇਉਂ ਹੀ ਫੜਦਾ ਹੁੰਦਾ ਸੀ। -ਅਮੋਲਕ ਸਿੰਘ ਜੰਮੂ

ਸੰਜਮਪ੍ਰੀਤ ਸਿੰਘ
ਫੋਨ:91-98720-21979
1977 ਦੀਆਂ ਸਰਦੀਆਂ ਵਿਚ ਉੜੀਸਾ ਦੇ ਨਿੱਕੇ ਜਿਹੇ ਪਿੰਡ ਮੁੰਡਾ ਸਾਇਕਲ ਉਤੇ ਪੰਜਾਬ ਗਾਹ ਰਿਹਾ ਹੈ। ਉਹਦੇ ਪੈਰੀਂ ਇਹ ਚੱਕਰ ਪਿਆਰ ਦਾ ਪਾਇਆ ਹੋਇਆ ਹੈ। ਉਹ ਸ਼ਾਇਦ ਪੰਜ ਪਾਣੀਆਂ ਦੀ ਧਰਤੀ ਪੰਜਾਬ ਦੀ ਮਸ਼ਹੂਰ ਲੋਕ ਕਥਾ ਹੀਰ ਤੋਂ ਵਾਕਫ ਨਹੀਂ ਸੀ ਜਿਸ ਨੇ ਕਦੀ ਗਾਇਆ ਸੀ: ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈæææ। ਉੜੀਸਾ ਦਾ ਇਹ ਮੁੰਡਾ ਪ੍ਰਦੁਮਨ ਕੁਮਾਰ ਮਹਾਨੰਦੀਆ ਸੀ। ਉਸ ਵੇਲੇ ਉਹਦੀ ਉਮਰ 28 ਕੁ ਵਰ੍ਹਿਆਂ ਦੀ ਸੀ ਅਤੇ ਉਹ ਸਵੀਡਨ ਵਿਚ ਰਹਿੰਦੀ ਆਪਣੀ ਪਿਆਰੀ ਸ਼ਾਰਲਟ ਵਾਨ ਸਲੈਡਵਿੰਨ ਨੂੰ ਮਿਲਣ ਨਵੀਂ ਦਿੱਲੀ ਤੋਂ ਸਾਇਕਲ ਉਤੇ ਚੱਲਿਆ ਸੀ। ਦਲਿਤਾਂ ਦੇ ਘਰ ਜੰਮੇ ਮਹਾਨੰਦਿਆ ਦਾ ਪਿੰਡ ਅੱਤਾ ਮਲਿਕ ਉੜੀਸਾ ਦੇ ਜ਼ਿਲ੍ਹੇ ਕੰਧਪਾੜਾ ਵਿਚ ਪੈਂਦਾ ਹੈ। ਇਕ ਦਿਨ ਉਹ ਦਿੱਲੀ ਦੇ ਕਨਾਟ ਪਲੇਸ ਵਿਚ ਸਕੈਚ ਬਣਾ ਰਿਹਾ ਸੀ ਕਿ ਸ਼ਾਰਲਟ ਨਾਲ ਮੇਲੇ ਹੋ ਗਏ। ਇਹ ਗੱਲ 1975 ਦੀ ਹੈ। ਸ਼ਾਰਲਟ ਉਦੋਂ 19 ਵਰ੍ਹਿਆਂ ਦੀ  ਸੀ। ਮਹਾਨੰਦੀਆ ਦੀ ਸਕੈਚ ਕਲਾ ਬਾਰੇ ਅਖ਼ਬਾਰ ਵਿਚੋਂ ਪੜ੍ਹ ਕੇ ਉਹ ਆਪਣਾ ਸਕੈਚ ਬਣਵਾਉਣ ਆਈ ਸੀ। ਉਹ ਹੈਰਾਨ ਸੀ ਕਿ ਦਿੱਲੀ ਕਾਲਜ ਆਫ਼ ਆਰਟ ਦਾ ਇਹ ਵਿਦਿਆਰਥੀ ਪੈਨਸਿਲ ਨਾਲ ਕਾਗ਼ਜ਼ ਉਤੇ ਅਰਸ਼ ਉਤਾਰ ਰਿਹਾ ਹੈ, ਪਰ ਜਿਉਂ ਹੀ ਸ਼ਾਰਲਟ ਸਕੈਚ ਬਣਵਾਉਣ ਲਈ ਸਾਹਮਣੇ ਬੈਠੀ, ਮਹਾਨੰਦੀਆ ਦੇ ਹੱਥ ਵਿਚ ਫੜੀ ਪੈਨਸਿਲ ਕਹਿਣਾ ਮੰਨਣ ਤੋਂ ਇਨਕਾਰੀ ਹੋ ਗਈ। ਉਸ ਨੂੰ ਜਾਪਿਆ, ਕੁੜੀਆਂ ਦੀਆਂ ਅੱਖਾਂ ਦਾ ਜਾਦੂ ਉਸ ਉਤੇ ਹੋ ਰਿਹਾ ਹੈ। ਉਸ ਦਿਨ ਉਹ ਪਹਿਲੀ ਵਾਰ ਸਕੈਚ ਨਹੀਂ ਬਣਾ ਸਕਿਆ। ਉਹ ਯਾਦ ਕਰਦਾ ਹੈ, “ਸ਼ਾਰਲਟ ਨੂੰ ਦੇਖਦਿਆਂ ਹੀ ਮੇਰੇ ਦਿਲ ਵਿਚ ਉਥਲ-ਪੁਥਲ ਮਚ ਗਈ।” ਤੇ ਸ਼ਾਰਲਟ ਵੀ ਉਸ ਦੀ ਸਾਦਗੀ ਉਤੇ ਮਰ ਮਿਟੀ ਸੀ।
ਛੇਤੀ ਹੀ ਉਨ੍ਹਾਂ ਦੀਆਂ ਮਿਲਣੀਆਂ ਲੰਮੀਆਂ ਹੋਣ ਲੱਗੀਆਂ ਅਤੇ ਫਿਰ ਉਨ੍ਹਾਂ ਵਿਆਹ ਕਰਵਾ ਲਿਆ। ਸਵੀਡਨ ਦੀ ਸ਼ਾਰਲਟ (ਛ੍ਹA੍ਰæੌਠਠਓ) ਮਹਾਨੰਦੀਆ ਦੀ ਚਾਰੂ ਲਤਾ (ਛ੍ਹA੍ਰੂ æAਠA) ਹੋ ਗਈ। ਕੁਝ ਸਮੇਂ ਬਾਅਦ ਉਹ ਆਪਣੇ ਵਤਨ ਸਵੀਡਨ ਪਰਤ ਗਈ। ਉਸ ਨੇ ਮਹਾਨੰਦੀਆ ਨੂੰ ਵੀ ਨਾਲ ਚੱਲਣ ਲਈ ਜ਼ੋਰ ਪਾਇਆ, ਪਰ ਮਹਾਨੰਦੀਆ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਸੀ। ਉਸ ਦੇ ਮਨ ਵਿਚ ਕਿਤੇ ਇਹ ਗੱਲ ਡੂੰਘੀ ਬੈਠੀ ਹੋਈ ਸੀ ਕਿ ਪੜ੍ਹਾਈ ਤੋਂ ਬਗੈਰ ਉਹ ਜ਼ਿੰਦਗੀ ਵਿਚ ਵਾਰ ਵਾਰ ਪੈ ਰਹੇ ਅੜਿੱਕੇ ਪਾਰ ਨਹੀਂ ਕਰ ਸਕੇਗਾ। ਚਾਰੂ ਲਤਾ ਨੇ ਉਸ ਨੂੰ ਉਥੋਂ ਹਵਾਈ ਟਿਕਟ ਭੇਜਣ ਦੀ ਪੇਸ਼ਕਸ਼ ਵੀ ਕੀਤੀ, ਪਰ ਮਹਾਨੰਦੀਆ ਫਿਰ ਵੀ ਨਾ ਮੰਨਿਆ, ਸਗੋਂ ਕਿਹਾ ਕਿ ਉਹ ਆਪਣੀ ਪਿਆਰੀ ਚਾਰੂ ਲਤਾ ਕੋਲ ਆਪ ਆਵੇਗਾ। ਮਹਾਨੰਦੀਆ ਨੇ ਚਾਰੂ ਲਤਾ ਨੂੰ ਇਹ ਕਹਿ ਤਾਂ ਦਿੱਤਾ ਸੀ ਪਰ ਹਕੀਕਤ ਇਸ ਤੋਂ ਐਨ ਉਲਟ ਸੀ। ਉਸ ਦਾ ਬੋਝਾ ਉੱਕਾ ਹੀ ਖਾਲੀ ਸੀ। ਆਖਕਾਰ ਉਸ ਨੇ ਆਪਣਾ ਸਾਰਾ ਸਾਮਾਨ ਕੁੱਲ 1200 ਰੁਪਏ ਵੇਚ ਦਿੱਤਾ। ਇਨ੍ਹਾਂ ਵਿਚੋਂ ਉਸ ਨੇ 60 ਰੁਪਏ ਦਾ ਪੁਰਾਣਾ ਸਾਇਕਲ ਖਰੀਦ ਲਿਆ। ਫਿਰ ਆਪਣਾ ਬੁਰਸ਼, ਰੰਗ ਤੇ ਪੈਨਸਿਲਾਂ ਬੋਝੇ ਵਿਚ ਪਾਏ ਅਤੇ ਦਿੱਲੀ ਤੋਂ ਨਿਕਲ ਪਿਆ।
ਮਹਾਨੰਦੀਆ ਦੀ ਆਪਣੇ ਪਿਆਰ ਲਈ ਵਿੱਢੀ ਇਸ ਸਾਇਕਲ ਯਾਤਰਾ ਦੀ ਵੀ ਆਪਣੀ ਕਹਾਣੀ ਹੈ। ਇਸ ਯਾਤਰਾ ਦੀ ਪ੍ਰੇਰਨਾ ਉਸ ਨੂੰ ਹਿੱਪੀਆਂ ਤੋਂ ਮਿਲੀ ਜਿਹੜੇ ਆਏ ਸਾਲ ਸੜਕ ਰਾਹੀਂ ਭਾਰਤ ਪੁੱਜਦੇ ਸਨ। ਉਸ ਦੀ ਚਾਰੂ ਲਤਾ ਵੀ ਤਾਂ ਵੈਨ ਰਾਹੀਂ 22 ਦਿਨਾਂ ਦਾ ਪੈਂਡਾ ਮਾਰ ਕੇ ਭਾਰਤ ਪੁੱਜੀ ਸੀ। ਦਿੱਲੀ ਤੋਂ ਚੱਲਿਆ ਮਹਾਨੰਦੀਆ ਜਦੋਂ ਅੰਮ੍ਰਿਤਸਰ ਪੁੱਜਾ। ਉਥੇ ਵਿਦੇਸ਼ੀ ਸੈਲਾਨੀਆਂ ਦੇ ਸਕੈਚ ਬਣਾਏ ਅਤੇ ਲੋੜ ਜੋਗੇ ਪੈਸੇ ਕਮਾ ਲਏ। ਮਹਾਨੰਦਿਆ ਗੁਰੂ ਦੀ ਨਗਰੀ ਤੋਂ ਅਫ਼ਗਾਨਿਸਤਾਨ, ਇਰਾਨ, ਤੁਰਕੀ, ਬੁਲਗਾਰੀਆ, ਯੂਗੋਸਲਾਵੀਆ, ਜਰਮਨੀ, ਆਸਟਰੀਆ ਹੁੰਦਾ ਹੋਇਆ ਡੈਨਮਾਰਕ ਪਹੁੰਚ ਗਿਆ। ਕਈ ਵਾਰ ਉਸ ਦਾ ਸਾਇਕਲ ਜਵਾਬ ਦੇ ਗਿਆ, ਪਰ ਮਹਾਨੰਦੀਆ ਨੇ ਹੌਸਲਾ ਨਹੀਂ ਹਾਰਿਆ। ਆਖਰਕਾਰ ਚਾਰ ਮਹੀਨੇ ਅਤੇ ਤਿੰਨ ਹਫਤਿਆਂ ਦੇ ਲੰਮੇ ਪੈਂਡੇ ਤੋਂ ਬਾਅਦ ਉਹ ਆਪਣੀ ਮੰਜ਼ਿਲ ਉਤੇ ਪਹੁੰਚਿਆ। ਇਹ ਸਵੀਡਨ ਦੇ ਪੱਛਮ ਵਿਚ ਸਥਿਤ ਸ਼ਹਿਰ ਗੋਦਨਬਰਗ ਸੀ। ਉਥੇ ਸਵੀਡਨ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ। ਸਵੀਡਨ ਆਉਣ ਦਾ ਮਕਸਦ ਪੁੱਛਿਆ। ਮਹਾਨੰਦੀਆ ਨੇ ਚਾਰੂ ਲਤਾ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਦਿਖਾਉਂਦਿਆਂ ਸਾਰੀ ਕਹਾਣੀ ਦੱਸੀ। ਇਮੀਗਰੇਸ਼ਨ ਅਧਿਕਾਰੀਆਂ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਅਮੀਰ ਖਾਨਦਾਨ ਦੀ ਲੜਕੀ ਸ਼ਾਰਲਟ ਨੇ ਕਿਸੇ ਗਰੀਬ ਦਲਿਤ ਭਾਰਤੀ ਮੁੰਡੇ ਨਾਲ ਵਿਆਹ ਕਰਵਾਇਆ ਹੈ। ਉਸ ਵੇਲੇ ਤੱਕ ਮਹਾਨੰਦੀਆ ਨੂੰ ਖ਼ਬਰ ਨਹੀਂ ਸੀ ਕਿ ਚਾਰੂ ਲਤਾ ਦਾ ਸਬੰਧ ਕਿਸੇ ਉਚ ਪਰਿਵਾਰ ਨਾਲ ਹੈ। ਉਹਨੂੰ ਖੁਦ ਨੂੰ ਯਕੀਨ ਨਹੀਂ ਸੀ ਆ ਰਿਹਾ ਸੀ ਕਿ ਚਾਰੂ ਲਤਾ ਉਸ ਨੂੰ ਹੁਣ ਸਵੀਕਾਰ ਕਰੇਗੀ ਜਾਂ ਨਹੀਂ! ਇਮੀਗਰੇਸ਼ਨ ਅਧਿਕਾਰੀਆਂ ਨੇ ਤੁਰੰਤ ਸ਼ਾਰਲਟ ਦੇ ਘਰ ਪਹੁੰਚ ਕੀਤੀ ਅਤੇ ਸੁਨੇਹਾ ਮਿਲਦਿਆਂ ਹੀ ਉਸ ਦੀ ਚਾਰੂ ਲਤਾ ਆਪਣੇ ਜੱਦੀ ਕਸਬੇ ਬੋਰਸ ਜੋ ਉਥੋਂ 70 ਕਿਲੋ ਮੀਟਰ ਦੂਰ ਪੈਂਦਾ ਸੀ, ਤੋਂ ਝੱਟ ਉਹਦੇ ਕੋਲ ਪਹੁੰਚ ਗਈ ਅਤੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਹੈਰਾਨ ਕਰਦੀ ਆਪਣੇ ਪਿਆਰੇ ਮਹਾਨੰਦੀਆ ਨੂੰ ਆਪਣੇ ਨਾਲ ਲੈ ਗਈ।
ਮਹਾਨੰਦੀਆ ਨੇ ਚਾਰੂ ਲਤਾ ਦੇ ਮਾਪਿਆਂ ਦਾ ਦਿਲ ਵੀ ਲੁੱਟ ਲਿਆ ਸੀ। ਉਹ ਹੈਰਾਨ ਸਨ ਕਿ ਇੰਨੀ ਦੂਰੋਂ ਇਹ ਮੁੰਡਾ ਸਾਇਕਲ ਉਤੇ ਚਾਰੂ ਲਤਾ ਕੋਲ ਆਣ ਪੁੱਜਾ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਉਣਾ ਸਵੀਕਾਰ ਕਰ ਲਿਆ ਪਰ ਕੁਝ ਕੁ ਸ਼ਰਤਾਂ ਜ਼ਰੂਰ ਲਾਈਆਂ ਤਾਂ ਕਿ ਉਨ੍ਹਾਂ ਦੀ ਰਵਾਇਤੀ ਸ਼ਾਨ ਦੀ ਉਲੰਘਣਾ ਨਾ ਹੋਵੇ। ਇਕ ਵਾਰ ਫਿਰ 1979 ਵਿਚ ਦੋਹਾਂ ਦਾ ਵਿਆਹ ਸਵੀਡਨ ਦੀਆਂ ਰੀਤਾਂ ਮੁਤਾਬਕ ਹੋਇਆ। ਮਹਾਨੰਦੀਆ ਹੁਣ 64 ਸਾਲ ਦਾ ਹੈ ਅਤੇ ਆਪਣੇ ਵਤਨ ਪਰਤਣ ਬਾਰੇ ਉਸ ਦੇ ਮਨ ਵਿਚ ਕਦੀ ਕੋਈ ਵਿਚਾਰ ਨਹੀਂ ਆਇਆ। ਉਹ ਉਸ ਧਰਤੀ ਉਤੇ ਕਿਉਂ ਪਰਤਣਾ ਚਾਹੇਗਾ ਜਿਥੇ ਉਸ ਨੂੰ ਠੋਕਰਾਂ ਅਤੇ ਵਿਤਕਰਿਆਂ ਤੋਂ ਸਿਵਾ ਕੁਝ ਮਿਲਿਆ ਹੀ ਨਹੀਂ ਸੀ। ਫਿਰ ਵੀ ਉਸ ਨੂੰ ਉਚ ਜਾਤ ਵੱਲੋਂ ਦਿੱਤੇ ਜ਼ਖ਼ਮਾਂ ਦਾ ਕੋਈ ਗੁੱਸਾ ਗਿਲਾ ਨਹੀਂ। ਉਹ ਆਖਦਾ ਹੈ-‘ਮੇਰੇ ਪਿਆਰ ਨੇ ਮੈਨੂੰ ਇੰਨੀ ਕੁ ਤਾਕਤ ਬਖ਼ਸ਼ ਦਿੱਤੀ ਹੈ ਕਿ ਮੈਂ ਤੱਦੀਆਂ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦਿੱਤਾ ਹੈ।’ ਆਪਣੇ ਬੱਚਿਆਂ ਨੂੰ ਵੀ ਉਹ ਇਹੀ ਪਿਆਰ-ਸੁਨੇਹਾ ਦਿੰਦਾ ਹੈ। ਚਾਰੂ ਲਤਾ ਅਤੇ ਮਹਾਨੰਦੀਆ ਦੇ ਘਰ ਦੋ ਬੱਚੇ ਹਨ। ਧੀ ਐਮਿਲੀ ਹੁਣ 27 ਸਾਲ ਅਤੇ ਪੁੱਤਰ ਸਿਧਾਰਥ 24 ਸਾਲ ਦਾ ਹੈ।

Be the first to comment

Leave a Reply

Your email address will not be published.