ਮੋਗੇ ਦੀ ਜ਼ਿਮਨੀ ਚੋਣ ਲਈ ਮੁੱਖ ਸਿਆਸੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਰਿਹਾ ਹੈ। ਇਸ ਚੋਣ ਦੇ ਨਤੀਜੇ 28 ਫਰਵਰੀ ਨੂੰ ਆਉਣੇ ਹਨ। ਇਕ ਗੱਲ ਨੋਟ ਕਰਨ ਵਾਲੀ ਹੈ ਕਿ ਲੋਕਾਂ ਦੇ ਮੁੱਦਿਆਂ ਵੱਲ ਕਿਸੇ ਵੀ ਧਿਰ ਨੇ ਧਿਆਨ ਨਹੀਂ ਦਿੱਤਾ ਹੈ। ਇਸ ਲਿਹਾਜ਼ ਨਾਲ ਭਾਵੇਂ ਜਿਹੜੀ ਮਰਜ਼ੀ ਧਿਰ ਜਿੱਤੇ, ਲੋਕਾਂ ਦੀ ਹਾਰ ਹੀ ਹੋਵੇਗੀ।
ਚੰਡੀਗੜ੍ਹ: ਦੋ ਦਹਾਕਿਆਂ ਦੇ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜਨਾਲਾ ਜ਼ਿਮਨੀ ਚੋਣ ਮਰਹੂਮ ਬੇਅੰਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਡਾæ ਰਤਨ ਸਿੰਘ ਅਜਨਾਲਾ ਨੇ ਚੋਣ ਜਿੱਤ ਲਈ ਸੀ। ਹਾਲਾਂਕਿ ਬਾਕੀ ਅਕਾਲੀ ਦਲਾਂ ਨੇ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ ਪਰ ਸ਼ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਉਮੀਦਵਾਰ ਜਿੱਤਣ ਕਾਰਨ ਸਰਕਾਰ ਦੇ ਵੱਕਾਰ ਨੂੰ ਹੀ ਢਾਅ ਨਹੀਂ ਲੱਗੀ ਸਗੋਂ ਪੰਥਕ ਧਿਰਾਂ ਵਿਚ ਵੀ ਸ਼ ਬਾਦਲ ਦਾ ਕੱਦ ਉਚਾ ਹੋ ਗਿਆ ਸੀ।
ਇਹ ਉਹ ਸਮਾਂ ਸੀ ਜਦੋਂ ਖਾੜਕੂਵਾਦ ਦੇ ਲੰਮੇ ਦੌਰ ਤੋਂ ਬਾਅਦ ਅਕਾਲੀ ਦਲ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲੱਗਿਆ ਸੀ। ਉਸ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਵਿਚ ਜਾ ਕੇ ਚੁਣੌਤੀ ਦਿੱਤੀ ਤੇ ਸਾਰੇ ਮੰਤਰੀਆਂ ਨੂੰ ਪਿੰਡਾਂ ਵਿਚ ਤਾਇਨਾਤ ਕੀਤਾ। ਅਖੀਰ ਜਿੱਤ ਵਿਰੋਧੀ ਧਿਰ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹੋਈ। ਇਹ ਜ਼ਿਮਨੀ ਚੋਣ ਇਸ ਕਰਕੇ ਵੀ ਲੋਕਾਂ ਵਿਚ ਚਰਚਿਤ ਰਹਿੰਦੀ ਹੈ ਕਿਉਂਕਿ ਵੋਟਾਂ ਦੀ ਖਰੀਦੋ ਫਰੋਖ਼ਤ ਖੁੱਲ੍ਹਮ ਖੁੱਲ੍ਹੀ ਹੋਈ ਸੀ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਨੂੰ ਤਾਂ ਕਿਸੇ ਹਾਲਤ ਵਿਚ ਭੁੱਲਿਆ ਨਹੀਂ ਜਾ ਸਕਦਾ। ਇਸ ਚੋਣ ਵਿਚ ਉਸ ਵੇਲੇ ਦੀ ਹਾਕਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਹੋ ਗਈ ਸੀ। ਕਾਂਗਰਸ ਦੇ ਕਮਲਜੀਤ ਸਿੰਘ ਲਾਲੀ ਗਿਣਤੀ ਦੀਆਂ ਵੋਟਾਂ ‘ਤੇ ਹੀ ਜਿੱਤੇ ਸਨ। ਇਸ ਹਾਰ ਤੋਂ ਬਾਅਦ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕੀਤੀ ਰਾਜਸੀ ਟਿੱਪਣੀ ਏਨੀ ਮਹਿੰਗੀ ਪਈ ਕਿ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਵਿਚੋਂ ਹੀ ਕੱਢ ਦਿੱਤਾ ਗਿਆ। ਇੱਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਤੱਕ ਬਦਲ ਗਏ।
ਆਦਮਪੁਰ ਦੇ ਨਤੀਜੇ ਤੋਂ ਬਾਅਦ ਹਾਕਮ ਪਾਰਟੀ ਹਰ ਜ਼ਿਮਨੀ ਚੋਣ ਵਿਚ ਹੀ ਜੇਤੂ ਹੋ ਕੇ ਨਿਕਲੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕਪੂਰਥਲਾ, ਗੜ੍ਹਸ਼ੰਕਰ, ਅਜਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਕਾਂਗਰਸ ਨੇ ਜਿੱਤੀਆਂ ਤੇ ਅਕਾਲੀ ਭਾਜਪਾ ਗਠਜੋੜ ਦੇ ਪਿਛਲੇ ਸ਼ਾਸਨ ਦੌਰਾਨ ਕਾਹਨੂਵਾਨ, ਨੂਰਮਹਿਲ, ਬਨੂੜ, ਜਲਾਲਾਬਾਦ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਈਆਂ ਸਨ।
____________________________________
ਸਰਕਾਰੀ ਖਜ਼ਾਨੇ ‘ਤੇ ਪਿਆ ਬੋਝ
ਚੰਡੀਗੜ੍ਹ: ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਮੁੱਲ ਤਾਰਨਾ ਪਿਆ। ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ਇਸ ਚੋਣ ‘ਤੇ ਤਕਰੀਬਨ 70 ਤੋਂ 80 ਲੱਖ ਰੁਪਏ ਖ਼ਰਚ ਆਇਆ ਹੈ। ਇਸ ਹਲਕੇ ਦੀ ਜ਼ਿਮਨੀ ਚੋਣ ‘ਤੇ ਦਸੂਹਾ ਵਿਧਾਨ ਸਭਾ ਹਲਕੇ ਦੀ ਚੋਣ ਨਾਲੋਂ ਜ਼ਿਆਦਾ ਖ਼ਰਚ ਹੋ ਰਿਹਾ। ਇਹ ਚੋਣ ਹਾਕਮ ਧਿਰ ਵੱਲੋਂ ਥੋਪੀ ਗਈ ਹੈ ਕਿਉਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦੀ ਦਲ ਬਦਲੀ ਬਾਅਦ ਇਹ ਚੋਣ ਹੋਣ ਜਾ ਰਹੀ ਹੈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬ ਚੋਣਾਂ ਵਿਚ ਸਭ ਤੋਂ ਜ਼ਿਆਦਾ ਖ਼ਰਚ ਪੈਟਰੋਲ ਤੇ ਡੀਜ਼ਲ ਦਾ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਹੋਰ ਖਰਚਿਆਂ ਨੂੰ ਪ੍ਰਮੁੱਖਤਾ ਨਾਲ ਗਿਣਿਆ ਜਾ ਸਕਦਾ ਹੈ, ਉਨ੍ਹਾਂ ਵਿਚ ਵੋਟਾਂ ਵਾਲੇ ਦਿਨ ਤਾਇਨਾਤ ਹੋਣ ਵਾਲੇ ਅਮਲੇ ਨੂੰ ਦਿੱਤਾ ਜਾਣ ਵਾਲਾ ਭੱਤਾ, ਚੋਣ ਅਮਲੇ ਨੂੰ ਦਿੱਤੀ ਜਾਂਦੀ ਸਿਖਲਾਈ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਇੰਸਪੈਕਸ਼ਨ ਕਰਾਉਣ ‘ਤੇ ਆਉਂਦਾ ਖ਼ਰਚ, ਨੀਮ ਸੁਰੱਖਿਆ ਬਲਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਤੇ ਉਨ੍ਹਾਂ ਦੇ ਰਹਿਣ ਦਾ ਖ਼ਰਚਾ ਤੇ ਸਟੇਸ਼ਨਰੀ ਸ਼ਾਮਲ ਹੈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ਦਸੂਹਾ ਜ਼ਿਮਨੀ ਚੋਣ ‘ਤੇ 65 ਕੁ ਲੱਖ ਰੁਪਏ ਖਰਚ ਹੋਇਆ ਸੀ। ਇਹ ਸਾਰਾ ਖ਼ਰਚਾ ਰਾਜ ਸਰਕਾਰ ਨੂੰ ਹੀ ਝੱਲਣਾ ਪੈਂਦਾ ਹੈ। ਸੂਬੇ ਦੇ ਖ਼ਜ਼ਾਨੇ ਨੂੰ ਠੀਕ ਸਾਲ ਪਹਿਲਾਂ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਖ਼ਰਚ ਵੀ ਝੱਲਣਾ ਪਿਆ ਸੀ ਤੇ ਇਕ ਸਾਲ ਦੇ ਅੰਦਰ ਹੀ ਦੋ ਜ਼ਿਮਨੀ ਚੋਣਾਂ ਦਾ ਖ਼ਰਚ ਵੀ ਹੋ ਗਿਆ। ਲੋਕ ਸਭਾ ਚੋਣਾਂ ‘ਤੇ ਆਉਂਦੇ ਖ਼ਰਚ ਦਾ ਅੱਧਾ ਹਿੱਸਾ ਕੇਂਦਰ ਸਰਕਾਰ ਵੱਲੋਂ ਵੀ ਝੱਲਿਆ ਜਾਂਦਾ ਹੈ।
ਦਸੂਹਾ ਜ਼ਿਮਨੀ ਚੋਣ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੌਤ ਕਾਰਨ ਹੋਈ ਸੀ ਪਰ ਮੋਗਾ ਦੀ ਜ਼ਿਮਨੀ ਚੋਣ ਕਾਂਗਰਸੀ ਵਿਧਾਇਕ ਦੇ ਹਾਕਮ ਪਾਰਟੀ ਨਾਲ ਰਲਣ ਕਾਰਨ ਹੋਈ।
________________________________________
ਵੱਕਾਰ ਦਾ ਸਵਾਲ ਬਣਾ ਕੇ ਲੜੀਆਂ ਚੋਣਾਂ
ਚੰਡੀਗੜ੍ਹ: ਇਸ ਜ਼ਿਮਨੀ ਚੋਣ ਨੂੰ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਵਕਾਰ ਦਾ ਸਵਾਲ ਬਣਾਇਆ ਸੀ। ਇਸ ਹਲਕੇ ਵਿਚ ਨੀਮ ਸੁਰੱਖਿਆ ਬਲਾਂ ਦੀਆਂ ਦੋ ਕੰਪਨੀਆਂ ਵਾਧੂ ਤਾਇਨਾਤ ਕੀਤੀਆਂ ਗਈਆਂ ਤੇ ਹਰ ਇਕ ਪੋਲਿੰਗ ਬੂਥ ‘ਤੇ ਮਾਈਕਰੋ ਅਬਜ਼ਰਵਰ ਨਾਮੀ ਵੀਡੀਓ ਕੈਮਰਾ ਵੀ ਲਾਇਆ ਗਿਆ। ਮੋਗਾ ਵਿਚ ਨੀਮ ਸੁਰੱਖਿਆ ਬਲਾਂ ਦੀਆਂ ਸੱਤ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਮੋਗਾ ਵਿਧਾਨ ਸਭਾ ਹਲਕੇ ਵਿਚ ਕੁੱਲ 188 ਪੋਲਿੰਗ ਬੂਥ ਹਨ।
ਸੱਤਾਧਾਰੀ ਧਿਰ ਵੱਲੋਂ ਜਿੱਤ ਯਕੀਨੀ ਬਣਾਉਣ ਲਈ ਸਮੁੱਚੇ ਮੰਤਰੀ ਮੰਡਲ ਨੂੰ ਮੋਗਾ ਵਿਚ ਤਾਇਨਾਤ ਕੀਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਮੰਤਰੀਆਂ ਦੀ ਗ਼ੈਰ ਹਾਜ਼ਰੀ ਕਾਰਨ ਚੰਡੀਗੜ੍ਹ ਵਿਚ ਸਕੱਤਰੇਤ ਸੁੰਨਾ ਪਿਆ ਰਿਹਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਵੀਂ ਦਿੱਲੀ ਵਿਚ ਮੋਰਚਾ ਮੱਲੀ ਰੱਖਿਆ।
_______________________________________
ਜਬਰ ਵਿਰੁਧ ਘੋਲਾਂ ਦਾ ਹਮੇਸ਼ਾ ਕੇਂਦਰ ਰਿਹਾ ਮੋਗਾ
ਮੋਗਾ: ਮੋਗਾ ਦਾ ਇਲਾਕਾ ਸਦੀਆਂ ਤੋਂ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਕਰਾਂਤੀਕਾਰੀ ਅੰਦੋਲਨਾਂ ਦਾ ਕੇਂਦਰ ਰਿਹਾ ਹੈ। ਦੇਸ਼ ‘ਤੇ ਜਦੋਂ ਅੰਗਰੇਜ਼ੀ ਹਕੂਮਤ ਦਾ ਝੰਡਾ ਝੁੱਲ ਰਿਹਾ ਸੀ, ਉਦੋਂ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਆਜ਼ਾਦੀ ਦੇ ਪ੍ਰਵਾਨਿਆਂ ਨੇ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਿਆ ਤਾਂ ਇਸ ਇਲਾਕੇ ਦੇ ਲੋਕਾਂ ਦੀ ਇਸ ਹੱਦ ਤੱਕ ਭਰਵੀਂ ਸ਼ਮੂਲੀਅਤ ਸੀ ਕਿ ਅੰਗਰੇਜ਼ਾਂ ਨੇ ਢੁੱਡੀਕੇ ਪਿੰਡ ਨੂੰ ਗ਼ਦਰ ਦੀਆਂ ਸਰਗਰਮੀਆਂ ਦਾ ਕੇਂਦਰ ਮੰਨਿਆ।
ਆਜ਼ਾਦੀ ਦੀ ਲੜਾਈ ਤੋਂ ਬਾਅਦ ਕਮਿਊਨਿਸਟ ਲਹਿਰਾਂ ਤੇ ਖਾੜਕੂਵਾਦ ਦੀ ਲਹਿਰ ਦੌਰਾਨ ਵੀ ਮੋਗਾ ਦਾ ਨਾਂ ਸੁਰਖੀਆਂ ਵਿਚ ਹੀ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸੇ ਜ਼ਿਲ੍ਹੇ ਦੇ ਜੰਮਪਲ ਸਨ। ਸੱਤਰਵਿਆਂ ਵਿਚ ਚੱਲੇ ਵਿਦਿਆਰਥੀ ਘੋਲ ਦੀਆਂ ਯਾਦਾਂ ਤੇ ਰੀਗਲ ਸਿਨੇਮਾ ਕਾਂਡ ਤਾਂ ਅਜੇ ਵੀ ਲੋਕਾਂ ਦੇ ਚੇਤੇ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਸ ਇਲਾਕੇ ਤੋਂ ਅਜਿਹੀਆਂ ਲਹਿਰਾਂ ਉੱਠੀਆਂ ਹਨ ਜਿਨ੍ਹਾਂ ਨੇ ਰਾਜ ਸਰਕਾਰ ਨਹੀਂ ਸਗੋਂ ਦਿੱਲੀ ਸਰਕਾਰ ਦੀਆਂ ਵੀ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਸਨ। ਭਾਵੇਂ ਲਾਲਾ ਲਾਜਪਤ ਰਾਏ ਦਾ ਕਾਰਜ ਖੇਤਰ ਬੇਸ਼ੱਕ ਹੋਰ ਇਲਾਕੇ ਰਹੇ ਪਰ ਉਹ ਜੰਮਪਲ ਢੁੱਡੀਕੇ ਪਿੰਡ ਦੇ ਸਨ। ਇਤਿਹਾਸਕਾਰਾਂ ਮੁਤਾਬਕ ਢੁੱਡੀਕੇ ਦੇ 16 ਗ਼ਦਰੀ ਹੋਏ ਹਨ।
ਕਿਰਤੀ ਕਿਸਾਨ ਪਾਰਟੀਆਂ ਦਾ ਕੇਂਦਰ ਰਹਿਣ ਦੀ ਸਭ ਤੋਂ ਵੱਡੀ ਮਿਸਾਲ ਇਸ ਤੱਥ ਤੋਂ ਮਿਲਦੀ ਹੈ ਕਿ 21 ਸਤੰਬਰ ਤੋਂ 23 ਸਤੰਬਰ ਤੱਕ ਸਾਲ 1941 ਦੌਰਾਨ ਕਿਰਤੀ ਕਿਸਾਨ ਪਾਰਟੀ ਦਾ ਵੱਡਾ ਸੰਮੇਲਨ ਹੋਇਆ। ਅੰਗਰੇਜ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਅਜੋਕੇ ਸਮੇਂ ਦੌਰਾਨ ਵੀ ਇਹ ਇਲਾਕਾ ਕਿਸਾਨੀ ਸਰਗਰਮੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। 1972 ਵਿਚ ਜਦੋਂ ਮਹਿੰਗਾਈ ਵਿਰੁੱਧ ਅੰਦੋਲਨ ਚੱਲ ਰਿਹਾ ਸੀ ਤਾਂ ਐਨ ਉਸੇ ਸਮੇਂ ਮੋਗਾ ਦੇ ਰੀਗਲ ਸਿਨੇਮਾ ਵਿਚ ਗੋਲੀ ਕਾਂਡ ਵਾਪਰਿਆ।
ਇਸ ਕਾਂਡ ਦੌਰਾਨ ਦੋ ਵਿਦਿਆਰਥੀਆਂ ਹਰਜੀਤ ਸਿੰਘ ਤੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੂਰੇ ਪੰਜਾਬ ਵਿਚ ਬੋਲਬਾਲਾ ਹੋ ਗਿਆ ਸੀ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰੀ ਸੀ ਕਿ ਜਦੋਂ ਸੂਬੇ ਵਿਚ ਫੌਜ ਤਾਇਨਾਤ ਕਰਨੀ ਪਈ। ਤਤਕਾਲੀਨ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ ਸਨ। ਪਰਵਾਸ ਕਰਨ ਵਾਲਿਆਂ ਵਿਚ ਅੱਜ ਦੋਆਬਾ ਮੋਹਰੀ ਮੰਨਿਆ ਜਾਂਦਾ ਹੈ ਪਰ ਇਹ ਵੀ ਇਤਿਹਾਸਕ ਤੱਥ ਹੈ ਕਿ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਮੋਗਾ ਇਲਾਕੇ ਦੇ ਲੋਕਾਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ। ਵਿਦੇਸ਼ ਬੈਠੇ ਲੋਕਾਂ ਨੇ ਹੀ ਗ਼ਦਰ ਪਾਰਟੀ ਵਿਚ ਸ਼ਮੂਲੀਅਤ ਕੀਤੀ। ਬਾਬਾ ਰੂੜ ਸਿੰਘ ਚੂਹੜਚੱਕ ਤੇ ਬਾਬਾ ਨਿਧਾਨ ਸਿੰਘ ਚੁੱਘਾ ਸਿਰਕੱਢ ਗ਼ਦਰੀ ਇਸੇ ਇਲਾਕੇ ਨਾਲ ਸਬੰਧ ਰੱਖਦੇ ਸਨ। ਬਾਬਾ ਰੂੜ ਸਿੰਘ ਤਾਂ ਸਾਲ 1937 ਤੋਂ 1946 ਤੱਕ ਵਿਧਾਇਕ ਵੀ ਰਹੇ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫੌਜ ਵਿਚ ਵੀ ਮੋਗਾ ਇਲਾਕੇ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪਿੰਡ ਰੋਡੇ ਦੇ ਜੰਮਪਲ ਸਨ। ਪਿਛਲੇ ਸਦੀ ਦੇ ਸੱਤਵੇਂ ਦਹਾਕੇ ਦੇ ਅੰਤ ਤੋਂ ਲੈ ਕੇ 1984 ਤੱਕ ਸਿੱਖ ਸਿਆਸਤ ਵਿਚ ਉਨ੍ਹਾਂ ਦਾ ਬੋਲਬਾਲਾ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸੂਬੇ ਵਿਚ ਤਕਰੀਬਨ ਇਕ ਦਹਾਕੇ ਤੱਕ ਅਸ਼ਾਂਤੀ ਦਾ ਮਹੌਲ ਰਿਹਾ।
ਪੰਜਾਬ ਪੁਲਿਸ ਦੇ ਅੰਕੜੇ ਦੇਖੇ ਜਾਣ ਤਾਂ ਆਬਾਦੀ ਦੇ ਲਿਹਾਜ਼ ਨਾਲ ਇਸ ਇਲਾਕੇ ਵਿਚ ਸਭ ਤੋਂ ਵਧੇਰੇ ਅਪਰਾਧ ਹੁੰਦਾ ਹੈ। ਇਸ ਦੇ ਨਾਲ ਹੀ ਮੋਗਾ ਇਲਾਕੇ ਦੇ ਲੋਕ ਅਗਾਂਹਵਧੂ ਮੰਨੇ ਗਏ। ਮੋਗਾ ਇਲਾਕੇ ਦਾ ਇਤਿਹਾਸ ਫਰੋਲਿਆਂ ਪਤਾ ਲਗਦਾ ਹੈ ਕਿ ਇਸ ਇਲਾਕੇ ਨੇ ਜੁਝਾਰੂ ਤੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਤਬਦੀਲੀਆਂ ਦਾ ਜਜ਼ਬਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ।
____________________________________________
ਹੁਣ ਤੱਕ ਕਾਂਗਰਸ ਦੀ ਹੀ ਰਹੀ ਹੈ ਚੜ੍ਹਤ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 1977 ਤੋਂ ਲੈ ਕੇ ਹੁਣ ਤੱਕ ਅੱਠ ਵਾਰ ਹੋਈਆਂ ਚੋਣਾਂ ਦੌਰਾਨ ਮੋਗਾ ਹਲਕੇ ਤੋਂ ਪੰਜ ਵਾਰ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ ਨੇ ਹੀ ਦੋ ਵਾਰ ਮੋਗੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਦਕਿ ਇਕ ਵਾਰ ਹਲਕੇ ਦੀ ਸੀਟ ਇਸ ਵਾਰ ਮੈਦਾਨ ਵਿਚ ਉਤਰੇ ਕਾਂਗਰਸ ਦੇ ਉਮੀਦਵਾਰ ਸਾਥੀ ਵਿਜੈ ਕੁਮਾਰ ਦੇ ਪਿਤਾ ਸਾਥੀ ਰੂਪ ਲਾਲ ਨੇ ਜਨਤਾ ਦਲ ਦੀ ਟਿਕਟ ‘ਤੇ ਜਿੱਤੀ ਸੀ।
ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ 1977 ਤੋਂ ਲੈ ਕੇ ਹੁਣ ਤੱਕ ਪਿਛਲੇ ਢਾਈ ਦਹਾਕਿਆਂ ਦੌਰਾਨ ਮੋਗਾ ਹਲਕੇ ਦੀਆਂ ਹੋਈਆਂ ਅੱਠ ਚੋਣਾਂ ਵਿਚੋਂ ਚਾਰ ਚੋਣਾਂ ਵਿਚ ਔਸਤਨ 43-44 ਫੀਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਬਾਕੀ ਚੋਣਾਂ ਦੌਰਾਨ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਘੱਟ ਰਹੀ ਹੈ। ਸਾਲ 1985 ਦੀ ਵਿਧਾਨ ਸਭਾ ਚੋਣ ਦੌਰਾਨ ਭਾਵੇਂ ਕਾਂਗਰਸ ਦੇ ਉਮੀਦਵਾਰ ਗੁਰਚਰਨ ਸਿੰਘ 23,651 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ ਪਰ ਉਦੋਂ ਇਸ ਉਮੀਦਵਾਰ ਨੂੰ 37æ55 ਫੀਸਦੀ ਵੋਟਾਂ ਹੀ ਨਸੀਬ ਹੋਈਆਂ ਸਨ। ਉਸ ਵੇਲੇ ਮੈਦਾਨ ਵਿਚ ਉਤਰੇ ਜਨਤਾ ਪਾਰਟੀ ਦੇ ਉਮੀਦਵਾਰ ਸਾਥੀ ਰੂਪ ਲਾਲ 19,848 ਵੋਟਾਂ ਹਾਸਲ ਕਰਕੇ ਦੂਸਰੇ ਥਾਂ ‘ਤੇ ਰਹੇ ਸਨ। ਉਨ੍ਹਾਂ ਨੂੰ 31æ51 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨ ਦਾਸ 15,617 ਵੋਟਾਂ ਹਾਸਲ ਕਰਕੇ ਤੀਸਰੇ ਨੰਬਰ ‘ਤੇ ਰਹੇ ਸਨ।
ਇਸੇ ਤਰ੍ਹਾਂ 1997 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੀ ਉਮੀਦਵਾਰ ਮਾਲਤੀ ਥਾਪਰ ਨੂੰ ਕੇਵਲ 19æ27 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਉਨ੍ਹਾਂ ਨੂੰ 16,919 ਵੋਟਾਂ ਮਿਲੀਆਂ ਸਨ। ਹੁਣ ਕਾਂਗਰਸ ਦੇ ਪਲੇਟਫਾਰਮ ਤੋਂ ਚੋਣ ਲੜ ਰਹੇ ਵਿਜੈ ਸਾਥੀ ਨੇ ਉਦੋਂ ਜਨਤਾ ਦਲ ਦੀ ਟਿਕਟ ਤੋਂ ਚੋਣ ਲੜ ਕੇ 20,217 (23æ03 ਫੀਸਦੀ) ਵੋਟਾਂ ਹਾਸਲ ਕੀਤੀਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ 41,616 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ।
1977 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਮੋਗਾ ਦੀ ਸੀਟ ਜਨਤਾ ਪਾਰਟੀ ਦੇ ਉਮੀਦਵਾਰ ਸਾਥੀ ਰੂਪ ਲਾਲ ਨੇ 28,652 ਵੋਟਾਂ (55æ84 ਫੀਸਦ) ਹਾਸਲ ਕਰਕੇ ਜਿੱਤੀ ਸੀ ਪਰ ਇਸ ਦੇ ਬਾਵਜੂਦ ਉਦੋਂ ਕਾਂਗਰਸ ਦੇ ਦੂਸਰੇ ਨੰਬਰ ‘ਤੇ ਰਹੇ ਉਮੀਦਵਾਰ ਇਕਬਾਲ ਸਿੰਘ ਨੂੰ 44æ16 ਫੀਸਦੀ ਵੋਟਾਂ ਹਾਸਲ ਹੋਈਆਂ ਸਨ।
ਫਿਰ 1980 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਨਛੱਤਰ ਸਿੰਘ 22,460 (43æ07 ਫੀਸਦੀ) ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ। ਉਦੋਂ ਜਨਤਾ ਪਾਰਟੀ ਦੇ ਸਾਥੀ ਰੂਪ ਲਾਲ ਨੂੰ 32 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾæ ਗੁਰਨਾਮ ਸਿੰਘ ਤੀਰ ਨੂੰ ਸਿਰਫ 12æ10 ਫੀਸਦੀ ਵੋਟਾਂ ਨਸੀਬ ਹੋਈਆਂ ਸਨ। 1992 ਦੀਆਂ ਚੋਣਾਂ ਦੌਰਾਨ ਇਸ ਸੀਟ ਤੋਂ ਮੌਜੂਦਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾæ ਮਾਲਤੀ ਥਾਪਰ ਜੇਤੂ ਰਹੇ ਸਨ।
2002 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਤੋਂ ਲੜੇ ਸਾਥੀ ਵਿਜੈ ਕੁਮਾਰ ਭਾਵੇਂ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਕੋਲੋਂ 305 ਵੋਟਾਂ ਨਾਲ ਹਾਰ ਗਏ ਸਨ ਪਰ ਉਨ੍ਹਾਂ ਨੇ ਉਦੋਂ 47æ56 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਜਦਕਿ ਜਥੇਦਾਰ ਤੋਤਾ ਸਿੰਘ ਨੂੰ 47æ91 ਫੀਸਦੀ ਵੋਟਾਂ ਹਾਸਲ ਹੋਈਆਂ ਸਨ।
2007 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ 47æ77 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ ਤੇ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ 46æ65 ਫੀਸਦੀ ਵੋਟਾਂ ਹਾਸਲ ਕਰਕੇ ਦੂਸਰੇ ਨੰਬਰ ‘ਤੇ ਰਹੇ ਸਨ। ਪਿਛਲੇ ਵਰ੍ਹੇ ਜਨਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਨਿਰੰਤਰ ਦੂਸਰੀ ਵਾਰ ਮੈਦਾਨ ਵਿਚ ਉਤਰੇ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਮੁੜ 46æ40 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ। ਉਨ੍ਹਾਂ ਨੂੰ ਕੁੱਲ 62,200 ਵੋਟਾਂ ਮਿਲੀਆਂ ਸਨ ਜਦਕਿ ਉਨ੍ਹਾਂ ਦੇ ਨਿਕਟ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਤੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਪਰਮਦੀਪ ਸਿੰਘ ਗਿੱਲ ਨੂੰ 57,575 (42æ95 ਫੀਸਦ) ਵੋਟਾਂ ਮਿਲੀਆਂ ਸਨ। ਹੁਣ ਸ੍ਰੀ ਜੈਨ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਦਲਬਦਲੀ ਕਰਕੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਇਸ ਤਰ੍ਹਾਂ ਭਾਵੇਂ ਮੋਗਾ ਵਿਧਾਨ ਸਭਾ ਚੋਣਾਂ ਦੌਰਾਨ 1977 ਤੋਂ ਲੈ ਕੇ ਹੁਣ ਤੱਕ ਕਾਂਗਰਸ ਦਾ ਪੱਲੜਾ ਹੀ ਭਾਰਾ ਰਿਹਾ ਹੈ ਪਰ ਇਨ੍ਹਾਂ ਚੋਣਾਂ ਵਿਚ ਵੱਡੇ ਪੱਧਰ ‘ਤੇ ਬਦਲੇ ਸਮੀਕਰਨਾਂ ਕਾਰਨ ਚੋਣ ਦਿਲਚਸਪ ਬਣੀ ਹੋਈ ਹੈ।
Leave a Reply