ਪੰਜਾਬ ਦੀ ਅਫਸਰਸ਼ਾਹੀ ਸਿਆਸੀ ਗਿਣਤੀਆਂ-ਮਿਣਤੀਆਂ ‘ਚ ਪਈ

ਚੰਡੀਗੜ੍ਹ: ਪੰਜਾਬ ਵਿਚ ਅਫ਼ਸਰਾਂ ਦੀਆਂ ਨਿਯੁਕਤੀਆਂ ਵਿਚ ਸਿਆਸੀ ਦਖ਼ਲਅੰਦਾਜ਼ੀ ਕਾਰਨ ਤਕਰੀਬਨ ਤਿੰਨ ਦਰਜਨ ਵਿੱਤ ਕਮਿਸ਼ਨਰ ਤੇ ਪ੍ਰਿੰਸੀਪਲ ਸਕੱਤਰ ਪੱਧਰ ਦੇ ਅਧਿਕਾਰੀਆਂ ਵਿਚੋਂ ਦੋ ਦਰਜਨ ਅਜਿਹੇ ਸੀਨੀਅਰ ਅਧਿਕਾਰੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਸੀਨੀਅਰਤਾ ਤੇ ਕੁਸ਼ਲਤਾ ਅਨੁਸਾਰ ਨਾ ਤਾਂ ਚੰਗੇ ਮਹਿਕਮੇ ਦਿੱਤੇ ਗਏ ਹਨ ਤੇ ਨਾ ਹੀ ਯੋਗ ਕੰਮ ਦਿੱਤਾ ਗਿਆ ਹੈ। ਸਿਰਫ਼ ਦਸ ਹੀ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਕੋਲ ਚੰਗੇ ਮਹਿਕਮੇ ਹੀ ਨਹੀਂ ਬਲਕਿ ਉਨ੍ਹਾਂ ਉਪਰ ਲੋੜ ਤੋਂ ਵੱਧ ਬੋਝ ਲੱਦਿਆ ਗਿਆ ਹੈ।
ਚੰਗੇ ਮਹਿਕਮਿਆਂ ਦੀ ਕਾਣੀ ਵੰਡ ਤੇ ਉਚਿੱਤ ਕੰਮ ਨਾ ਮਿਲਣ ਕਾਰਨ ਤਕਰੀਬਨ ਦੋ ਦਰਜਨ ਸੀਨੀਅਰ ਅਧਿਕਾਰੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਬੇਸ਼ੱਕ ਇਹ ਸੀਨੀਅਰ ਅਧਿਕਾਰੀ ਜਨਤਕ ਤੌਰ ‘ਤੇ ਆਪਣੀ ਨਿਰਾਸ਼ਾ ਜ਼ਾਹਰ ਨਹੀਂ ਕਰਦੇ ਪਰ ਅਸਲੀਅਤ ਇਹ ਹੈ ਕਿ ਉਹ ਸਰਕਾਰ ਦੇ ਰਵਈਏ ਤੋਂ ਖ਼ੁਸ਼ ਨਹੀਂ। ਇਨ੍ਹਾਂ ਦੋ ਦਰਜਨ ਅਧਿਕਾਰੀਆਂ ਵਿਚੋਂ ਬਹੁਤਿਆਂ ਨੂੰ ਤਾਂ ਰੋਜ਼ਾਨਾ ਦੋ ਘੰਟੇ ਦਾ ਵੀ ਕੰਮ ਨਹੀਂ ਦਿੱਤਾ ਗਿਆ। ਕਈ ਸੀਨੀਅਰ ਅਧਿਕਾਰੀ ਜੋ ਆਪਣੀ ਮਿਹਨਤ ਤੇ ਕੁਸ਼ਲਤਾ ਲਈ ਮੰਨੇ ਹੋਏ ਹਨ, ਉਨ੍ਹਾਂ ਵਿਚੋਂ ਵੀ ਕਈ ਸਿਆਸਤ ਦਾ ਸ਼ਿਕਾਰ ਹੋ ਗਏ।
ਇਸ ਤਰ੍ਹਾਂ ਦੇ ਸੀਨੀਅਰ ਅਧਿਕਾਰੀਆਂ ਪ੍ਰਤੀ ਸਰਕਾਰ ਦੇ ਇਸ ਰਵਈਏ ਨੇ ਉਨ੍ਹਾਂ ਦੀ ਕੁਸ਼ਲਤਾ ਤੇ ਲਗਨ ‘ਤੇ ਵੀ ਬੁਰਾ ਅਸਰ ਪਾਇਆ ਹੈ। ਇਨ੍ਹਾਂ ਤਿੰਨ ਦਰਜਨ ਸੀਨੀਅਰ ਅਧਿਕਾਰੀਆਂ ਵਿਚੋਂ ਸਿਰਫ਼ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਚੀਮਾ ਜੋ ਸਹਿਕਾਰਤਾ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਵੀ ਹਨ, ਪੀæਐਸ਼ ਔਜਲਾ ਸਕੱਤਰ ਲੋਕ ਨਿਰਮਾਣ, ਵਿੱਤ ਕਮਿਸ਼ਨਰ ਖ਼ਜ਼ਾਨਾ ਤੇ ਯੋਜਨਾ, ਸਤੀਸ਼ ਚੰਦਰਾ, ਡੀæਐਸ਼ ਬੈਂਸ ਵਿੱਤ ਕਮਿਸ਼ਨਰ ਗ੍ਰਹਿ ਤੇ ਜੰਗਲਾਤ, ਵਿਨੀ ਮਹਾਜਨ ਸਿਹਤ ਸਕੱਤਰ, ਜਸਪਾਲ ਸਿੰਘ ਸੰਧੂ ਸਕੱਤਰ ਸਥਾਨਕ ਸਰਕਾਰਾਂ, ਮਨਦੀਪ ਸਿੰਘ ਸੰਧੂ ਦਿਹਾਤੀ ਵਿਕਾਸ, ਕੇæਬੀæਐਸ਼ ਸਿੱਧੂ ਸਕੱਤਰ ਸਿੰਜਾਈ, ਕਰਨ ਏæ ਸਿੰਘ ਸਕੱਤਰ ਉਦਯੋਗ ਤੇ ਡੀæਐਸ਼ ਗਰੇਵਾਲ ਖ਼ੁਰਾਕ ਤੇ ਸਪਲਾਈ ਸਕੱਤਰ ਹੀ ਚੰਦ ਅਫ਼ਸਰ ਹਨ ਜਿਨ੍ਹਾਂ ਕੋਲ ਯੋਗ ਕੰਮ ਤੇ ਅਹਿਮ ਮਹਿਕਮੇ ਹਨ।
ਬਾਕੀ ਦੇ ਤਕਰੀਬਨ ਦੋ ਦਰਜਨ ਤੋਂ ਵੱਧ ਅਧਿਕਾਰੀ ਮਹਿਕਮਿਆਂ ਤੇ ਕੰਮ ਦੀ ਕਾਣੀ ਵੰਡ ਤੇ ਨਿਯੁਕਤੀਆਂ ਵਿਚ ਸਿਆਸੀ ਦਖ਼ਲ ਤੋਂ ਨਿਰਾਸ਼ ਹਨ। ਕੰਮ ਦੀ ਕਾਣੀ ਵੰਡ ਦੇ ਕਈ ਕਾਰਨ ਹਨ। ਤਿੰਨ ਚਾਰ ਅਧਿਕਾਰੀਆਂ ਵਿਰੁੱਧ ਤਾਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਤੇ ਉਨ੍ਹਾਂ ਵਿਰੁੱਧ ਕੇਸ ਵੀ ਦਰਜ ਹਨ। ਦੋ ਤਿੰਨ ਅਧਿਕਾਰੀਆਂ ਦੀ ਦੂਜੀ ਪਾਰਟੀ ਨਾਲ ਨੇੜਤਾ ਬਣਾਉਣਾ ਵੀ ਮੁੱਖ ਕਾਰਨ ਹੈ ਪਰ ਬਾਕੀ ਦੇ 20-22 ਅਜਿਹੇ ਸੀਨੀਅਰ ਅਧਿਕਾਰੀ ਹਨ ਜਿਨ੍ਹਾਂ ਨੂੰ ਯੋਗਤਾ ਤੇ ਕੁਸ਼ਲਤਾ ਅਨੁਸਾਰ ਕੰਮ ਹੀ ਨਹੀਂ ਦਿੱਤਾ ਗਿਆ।
ਵਿੱਤ ਕਮਿਸ਼ਨਰ ਗੀਤਕਾ ਕੱਲ੍ਹਾ ਇਸ ਸਮੇਂ ਸਭ ਤੋਂ ਸੀਨੀਅਰ ਆਈæਏæਐਸ਼ ਅਧਿਕਾਰੀ ਹਨ ਪਰ ਉਨ੍ਹਾਂ ਨੂੰ ਪਿਛਲੇ ਡੇਢ ਦਹਾਕੇ ਵਿਚ ਕਦੇ ਵੀ ਕੋਈ ਅਹਿਮ ਮਹਿਕਮਾ ਨਹੀਂ ਮਿਲਿਆ। ਉਨ੍ਹਾਂ ਕੋਲ ਲੰਮੇ ਸਮੇਂ ਤੋਂ ਸੈਰ-ਸਪਾਟਾ ਮਹਿਕਮਾ ਹੀ ਹੈ। ਜੀæਐਸ਼ ਸੰਧੂ ਨੂੰ ਵੀ ਕਈ ਸਾਲਾਂ ਤੋਂ ਬਾਅਦ ਦੋ ਸਾਲ ਪਹਿਲਾਂ ਵਿੱਤ ਕਮਿਸ਼ਨਰ (ਵਿਕਾਸ) ਲਾਇਆ ਗਿਆ ਪਰ ਉਨ੍ਹਾਂ ਕੋਲ ਵੀ ਸਿਰਫ਼ ਖੇਤੀਬਾੜੀ ਮਹਿਕਮਾ ਹੈ ਜਦਕਿ ਇਸ ਮਹਿਕਮੇ ਨਾਲ ਸਬੰਧਤ ਫ਼ੂਡ ਪ੍ਰਾਸੈਸਿੰਗ ਦਾ ਕੰਮ ਕਿਸੇ ਹੋਰ ਸਕੱਤਰ ਨੂੰ ਦਿੱਤਾ ਗਿਆ ਹੈ। ਸੀæ ਸਰਕਾਰ ਵੀ ਸੀਨੀਅਰ ਅਧਿਕਾਰੀ ਹਨ ਪਰ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸਕੱਤਰ ਲਾਇਆ ਗਿਆ ਹੈ।
ਸੀæ ਵਾਸਤਵਾ ਵੀ ਸੀਨੀਅਰ ਵਿੱਤ ਕਮਿਸ਼ਨਰ ਹਨ ਪਰ ਉਹ ਪੰਜਾਬ ਲੋਕਪਾਲ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ। ਏæਆਰæ ਤਲਵਾੜ ਪਿਛਲੇ ਸਮੇਂ ਵਿਚ ਬੇਸ਼ੱਕ ਵਿੱਤ ਕਮਿਸ਼ਨਰ ਰਹੇ ਹਨ ਪਰ ਕੁਝ ਸਮਾਂ ਪਹਿਲਾਂ ਉਹ ਵੀ ਭਾਜਪਾ ਦੀ ਸਿਆਸਤ ਦਾ ਸ਼ਿਕਾਰ ਹੋ ਗਏ। ਬੇਸ਼ੱਕ ਮੁੱਖ ਮੰਤਰੀ, ਉਨ੍ਹਾਂ ਨੂੰ ਚੰਗਾ ਮਹਿਕਮਾ ਦੇਣਾ ਚਾਹੁੰਦੇ ਹਨ ਪਰ ਭਾਜਪਾ ਨੂੰ ਉਹ ਰਾਸ ਨਾ ਆਏ ਤੇ ਅਖ਼ੀਰ ਉਨ੍ਹਾਂ ਨੂੰ ਤਕਨੀਕੀ ਸਿਖਿਆ ਮਹਿਕਮਾ ਦੇ ਦਿੱਤਾ। ਸੀਨੀਅਰਤਾ ਮੁਤਾਬਕ ਇਹ ਮਹਿਕਮਾ ਵੀ ਕੋਈ ਅਹਿਮੀਅਤ ਨਹੀਂ ਰੱਖਦਾ।
ਆਰæਸੀæ ਨਈਅਰ ਵੀ ਸੀਨੀਅਰ ਵਿੱਤ ਕਮਿਸ਼ਨਰ ਹਨ ਪਰ ਉਨ੍ਹਾਂ ਨੂੰ ਲੇਬਰ ਮਕਿਹਮਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਰੇਸ਼ ਕੁਮਾਰ ਜਿਥੇ ਸੀਨੀਅਰ ਅਧਿਕਾਰੀ ਹਨ, ਉਥੇ ਕੁਸ਼ਲਤਾ ਤੇ ਈਮਾਨਦਾਰੀ ਲਈ ਵੀ ਮੰਨੇ ਹੋਏ ਅਧਿਕਾਰੀ ਹਨ। ਉਹ ਜਿਥੇ ਵੀ ਲੱਗੇ, ਉਥੇ ਹੀ ਉਨ੍ਹਾਂ ਨੇ ਲਗਨ ਨਾਲ ਕੰਮ ਕੀਤਾ ਪਰ ਉਹ ਵੀ ਭਾਜਪਾ ਦੀ ਸਿਆਸਤ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੂੰ ਹੁਣ ਪਿੰਡਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲਾ ਮਹਿਕਮਾ ਦਿੱਤਾ ਗਿਆ ਹੈ।
ਇਕ ਹੋਰ ਸੀਨੀਅਰ ਅਧਿਕਾਰੀ ਧਰਮਵੀਰ ਨੂੰ ਸਰਪਲਸ ਪੂਲ ਮਹਿਕਮੇ ਦਾ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ ਜਿਥੇ ਕੋਈ ਕੰਮ ਹੀ ਨਹੀਂ। ਸੀæ ਰਾਊਲ ਨੂੰ ਪ੍ਰਬੰਧਕੀ ਸੁਧਾਰ ਮਹਿਕਮੇ ਦਾ ਪ੍ਰਿੰਸੀਪਲ ਸਕੱਤਰ ਲਾਇਆ ਹੈ। ਕਲਪਨਾ ਮਿੱਤਲ ਬਰੂਹਾ ਨੂੰ ਦਿੱਲੀ ਵਿਖੇ ਪੂੰਜੀ ਨਿਵੇਸ਼ ਦਾ ਕੰਮ ਦਿੱਤਾ ਗਿਆ ਹੈ। ਇਥੇ ਹੀ ਬੱਸ ਨਹੀਂ ਇਕ ਹੋਰ ਸੀਨੀਅਰ ਅਧਿਕਾਰੀ ਟੀæਆਰæ ਸਾਰੰਗਲ ਨੂੰ ਪ੍ਰਿੰਸੀਪਲ ਸਕੱਤਰ ਚੋਣਾਂ ਲਾਇਆ ਹੈ ਜਦਕਿ ਵਿੱਤ ਕਮਿਸ਼ਨਰ ਕੁਸਮਜੀਤ ਕੌਰ ਸਿੱਧੂ ਨੂੰ ਪਿਛਲੇ ਲੰਮੇ ਸਮੇਂ ਤੋਂ ਮੁੱਖ ਚੋਣ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਕੀਤਾ ਹੋਇਆ ਹੈ।
ਜੀæ ਵਿਜਗਲਿੰਗਮ ਨੂੰ ਮਹਾਤਮਾ ਗਾਂਧੀ ਟਰੇਨਿੰਗ ਇੰਸਟੀਚਿਊਟ ਵਿਚ ਲਾਇਆ ਗਿਆ ਹੈ ਪਰ ਕੁਝ ਸਮਾਂ ਪਹਿਲਾਂ ਸਿੰਜਾਈ ਮਕਿਹਮੇ ਦੇ ਪ੍ਰਿੰਸੀਪਲ ਸਕੱਤਰ ਹੁੰਦਿਆਂ ਉਹ ਕਈ ਕਿਸਮ ਦੇ ਦੋਸ਼ਾਂ ਕਾਰਨ ਚਰਚਾ ਵਿਚ ਰਹੇ ਹਨ। ਵਿਸ਼ਵਜੀਤ ਖੰਨਾ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਅਹਿਮ ਅਧਿਕਾਰੀਆਂ ਦੇ ਮੁਖੀ ਰਹੇ, ਉਥੇ ਇਸ ਵਾਰ ਉਨ੍ਹਾਂ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੱਤੀ ਗਈ।
ਉਨ੍ਹਾਂ ਉਪਰ ਵੀ ਸਿਆਸੀ ਤਾਲਮੇਲ ਦੇ ਦੋਸ਼ ਲੱਗੇ ਹਨ। ਹਿੰਮਤ ਸਿੰਘ ਤੇ ਕ੍ਰਿਸ਼ਨ ਸ਼ੰਕਰ ਸਰੋਜ ਨੂੰ ਤਾਂ ਇਸ ਕਰ ਕੇ ਪਾਸੇ ਲਾਇਆ ਗਿਆ ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਹੋਏ ਹਨ।

Be the first to comment

Leave a Reply

Your email address will not be published.