ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵੇਲੇ ਹਾਕਮ ਧਿਰ ਕਾਂਗਰਸ ਦੀ ‘ਧੱਕੇਸ਼ਾਹੀ’ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਰਨਿਆਂ ਵਾਲੇ ਪੈਂਤੜੇ ਉਤੇ ਅਕਾਲੀ ਦਲ ਘਿਰਿਆ ਹੋਇਆ ਹੈ। ਹਾਈ ਕੋਰਟ ਦੇ ਦਖਲ ਕਾਰਨ ਜਿਥੇ ਕੈਪਟਨ ਸਰਕਾਰ ਨੇ ਸੜਕੀ ਆਵਾਜਾਈ ਰੋਕਣ ਦੇ ਦੋਸ਼ ਹੇਠ ਸੁਖਬੀਰ ਸਮੇਤ 1350 ਅਕਾਲੀ ਆਗੂਆਂ ਖਿਲਾਫ ਕੇਸ ਦਰਜ ਕਰ ਲਏ, ਉਥੇ ਲੋਕਾਂ ਦੀ ਖੱਜਲ ਖੁਆਰੀ ਉਤੇ ਬਾਦਲ ਧਿਰ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ ਹੈ। ਲੋਕ ਸਵਾਲ ਪੁੱਛ ਰਹੇ ਹਨ ਕਿ ਅਕਾਲੀਆਂ ਦੀ ਦਸ ਸਾਲ ਸੱਤਾ ਵੇਲੇ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨੂੰ ‘ਵਿਹਲੜ’ ਅਤੇ ‘ਘਰੋਂ ਕੱਢੇ ਹੋਏ’ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਹੁਣ ਕਿਹੜੇ ਮੂੰਹ ਨਾਲ ਸੜਕਾਂ ਉਤੇ ਆਏ ਹਨ? ਬਾਜ਼ੀ ਪੁੱਠੀ ਪੈਂਦੀ ਵੇਖ ਸੁਖਬੀਰ ਨੂੰ ਅਗਲੇ ਹੀ ਦਿਨ ਕੋਰ ਕਮੇਟੀ ਦੀ ਮੀਟਿੰਗ ਸੱਦਣੀ ਪਈ।
ਇਸ ਮੀਟਿੰਗ ਵਿਚ ਸੁਖਬੀਰ ਦਾ ਫੈਸਲਾ ਇਸ ਤੋਂ ਵੀ ਹੈਰਾਨ ਕਰਨ ਵਾਲਾ ਸੀ। ਫੈਸਲਾ ਸੀ- ਪੰਜਾਬ ਦੇ ਸਾਢੇ 12 ਹਜ਼ਾਰ ਪਿੰਡਾਂ ਵਿਚੋਂ ਸਵਾ ਲੱਖ ਦੇ ਕਰੀਬ ਵਲੰਟੀਅਰ ਚੁਣੇ ਜਾਣਗੇ। ਇਹ ਵੱਡੀ ਫੌਜ ਪੰਜਾਬ ਭਰ ਵਿਚ ਕਿਸੇ ਵੀ ਜਗ੍ਹਾ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਡਟ ਕੇ ਖੜ੍ਹੇਗੀ। ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਵਿਚ ਨਗਰ ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਕਾਰ ਖੂਨੀ ਝੜਪ ਹੋਈ ਸੀ। ਅਕਾਲੀਆਂ ਨੇ ਦੋਸ਼ ਲਾ ਦਿੱਤਾ ਕਿ ਕਾਂਗਰਸੀਆਂ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ। ਇਹ ਸ਼ਿਕਾਇਤ ਚੋਣ ਕਮਿਸ਼ਨ ਕੋਲ ਗਈ ਜਿਸ ਪਿੱਛੋਂ ਨਾਮਜ਼ਦਗੀਆਂ ਲਈ ਇਕ ਦਿਨ ਹੋਰ ਦੇ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਕਿਸੇ ਵੀ ਅਕਾਲੀ ਉਮੀਦਵਾਰ ਨੇ ਕਾਗਜ਼ ਦਾਖਲ ਨਾ ਕੀਤੇ। ਪੁਲਿਸ ਉਤੇ ਇਕਤਰਫਾ ਕਾਰਵਾਈ ਦਾ ਦੋਸ਼ ਲਾਉਂਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਹਰੀਕੇ ਪੱਤਣ ਵਿਚ ਸਤਲੁਜ ਦਰਿਆ ਦੇ ਪੁਲ ਉਤੇ ਧਰਨਾ ਲਾ ਦਿੱਤਾ। ਸੁਖਬੀਰ ਦੇ ਸੱਦੇ ਪਿੱਛੋਂ ਫਿਰੋਜ਼ਪੁਰ, ਹਰੀਕੇ, ਅਮਲੋਹ (ਫਤਿਹਗੜ੍ਹ ਸਾਹਿਬ), ਜਲੰਧਰ ਤੇ ਬਾਘਾ ਪੁਰਾਣਾ ਸਮੇਤ ਕਈ ਥਾਂਵਾਂ ਉਤੇ ਧਰਨੇ ਸ਼ੁਰੂ ਹੋ ਗਏ। ਇਹ ਧਰਨੇ ਇੰਨੀ ਵਿਉਂਤਬੰਦੀ ਨਾਲ ਲਾਏ ਗਏ ਕਿ ਸੂਬੇ ਦਾ ਇਕ ਦੂਜੇ ਖੇਤਰਾਂ ਨਾਲੋਂ ਸੰਪਰਕ ਟੁੱਟ ਗਿਆ। ਲੋਕ ਸੜਕਾਂ ਉਤੇ ਫਸ ਗਏ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਅਕਾਲੀਆਂ ਨੂੰ ਖਦੇੜ ਦੇਵੇਗਾ, ਪਰ ਜਦ ਦੇਰ ਸ਼ਾਮ ਸੁਖਬੀਰ ਸਮੇਤ ਅਕਾਲੀ ਦਲ ਦੇ ਵੱਡੇ ਆਗੂ ਰਜਾਈਆਂ ਲੈ ਕੇ ਸੜਕਾਂ ‘ਤੇ ਹੀ ਲੇਟ ਗਏ ਤਾਂ ਲੋਕਾਂ ਨੂੰ ਆਪਣੇ ਬਾਲ-ਬੱਚੇ ਕੁੱਛੜ ਚੁੱਕ ਕੇ ਪੈਦਲ ਹੀ ਮੰਜ਼ਿਲ ਵੱਲ ਵਧਣ ਲਈ ਮਜਬੂਰ ਹੋਣਾ ਪਿਆ। ਇਸ ਦਿਨ ਅਧਿਆਪਕਾਂ ਦੀ ਭਰਤੀ ਲਈ ਅੰਮ੍ਰਿਤਸਰ ਵਿਚ ਟੈਸਟ ਸੀ ਅਤੇ ਸੈਂਕੜੇ ਪ੍ਰੀਖਿਆਰਥੀ ਇਸ ਤੋਂ ਵਾਂਝੇ ਰਹਿ ਗਏ। ਟਰੱਕਾਂ ਅਤੇ ਬੱਸਾਂ ਵਾਲਿਆਂ ਨੇ ਠੰਢ ਵਿਚ ਸੜਕ ਕਿਨਾਰੇ ਅੱਗ ਸੇਕ ਕੇ ਰਾਤ ਗੁਜ਼ਾਰੀ, ਸੈਂਕੜੇ ਪਰਿਵਾਰਾਂ ਨੇ ਧਾਰਮਿਕ ਸਥਾਨਾਂ ਵਿਚ ਸ਼ਰਨ ਲਈ। ਲੋਕ ਜਦੋਂ ਦੇਰ ਰਾਤ ਖੱਜਲ ਹੋ ਰਹੇ ਸਨ ਤਾਂ ਅਕਾਲੀ ਧਰਨੇ ਉਤੇ ਡਟੇ ਆਪਣੇ ਆਗੂਆਂ ਨੂੰ ਲੰਗਰ ਵਰਤਾ ਰਹੇ ਸਨ। ਸੁਖਬੀਰ ਬਾਦਲ ਹੱਥ ਵਿਚ ਮੋਟੀ ਡਾਇਰੀ ਫੜੀ ਆਖ ਰਿਹਾ ਸੀ ਕਿ ਉਹ ਉਨ੍ਹਾਂ ਅਫਸਰਾਂ ਦੇ ਨਾਂ ਨੋਟ ਕਰ ਰਿਹਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਤੇ ਸਰਕਾਰ ਆਉਣ ‘ਤੇ ਇਨ੍ਹਾਂ ਨੂੰ ਸਬਕ ਸਿਖਾਏਗਾ। ਹਾਲਾਤ ਵੱਸੋਂ ਬਾਹਰ ਹੁੰਦੇ ਵੇਖ ਹਾਈ ਕੋਰਟ ਨੂੰ ਦਖਲ ਦੇਣਾ ਪਿਆ। ਹਾਈ ਕੋਰਟ ਨੇ ਜਦ ਪ੍ਰਸ਼ਾਸਨ ਨੂੰ ਸੜਕਾਂ ਖਾਲੀ ਕਰਵਾਉਣ ਲਈ ਸਖਤੀ ਵਰਤਣ ਦੇ ਹੁਕਮ ਦਿੱਤੇ ਤਾਂ ਦਸ ਮਿੰਟਾਂ ਦੇ ਅੰਦਰ ਅੰਦਰ ਅਕਾਲੀਆਂ ਨੂੰ ਭੱਜਣ ਲਈ ਰਾਹ ਨਾ ਲੱਭਾ। ਲੋਕ ਰੋਹ ਵੇਖ ਸੁਖਬੀਰ ਨੇ ਖੱਜਲ ਖੁਆਰੀ ਲਈ ਮੁਆਫੀ ਮੰਗਦੇ ਹੋਏ ਆਖ ਦਿੱਤਾ ਕਿ ਉਸ ਨੂੰ ਮਾਣ ਹੈ ਕਿ ਉਸ ਦੇ ਇਕ ਸੱਦੇ ਉਤੇ ਐਡਾ ਵੱਡਾ ਇਕੱਠ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਉਥੇ ਹੀ ਧਰਨਾ ਲਾਇਆ, ਜਿਥੇ ਕੁਝ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਸਿੱਖ ਸੰਗਤ ਨੇ ਜਾਮ ਲਾਇਆ ਸੀ। ਉਸ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਸਿੱਖ ਲੀਡਰਾਂ ਖਿਲਾਫ ਕੇਸ ਦਰਜ ਕੀਤੇ ਸਨ ਅਤੇ ਸੁਖਬੀਰ ਬਾਦਲ ਨੇ ਇਨ੍ਹਾਂ ਨੂੰ ਵਿਹਲੜਾਂ ਦੀ ਫੌਜ ਤੇ ਕਾਂਗਰਸੀਆਂ ਦੇ ਹੱਥ ਠੋਕੇ ਤੱਕ ਕਿਹਾ ਸੀ। ਸੋਸ਼ਲ ਮੀਡੀਆ ਉਪਰ ਚਰਚਾ ਹੈ ਕਿ ਪਰਮਾਤਮਾ ਨੇ ਸੁਖਬੀਰ ਬਾਦਲ ਨੂੰ ਝੁਕਾ ਕੇ ਉਸੇ ਥਾਂ ਆਉਣ ਲਈ ਮਜਬੂਰ ਕੀਤਾ ਹੈ। ਅਕਾਲੀ-ਭਾਜਪਾ ਹਕੂਮਤ ਦੇ ਦਸ ਵਰ੍ਹਿਆਂ ਦੌਰਾਨ ਪੰਜਾਬ ਵਿਚ ਤਕਰੀਬਨ 70 ਹਜ਼ਾਰ ਅੰਦੋਲਨ ਹੋਏ ਸਨ। ਹੁਣ ਕੈਪਟਨ ਹਕੂਮਤ ਦੌਰਾਨ ਅਕਾਲੀ ਖੁਦ ਅੰਦੋਲਨਾਂ ਵਾਲੇ ਪਾਸੇ ਹੋ ਗਏ ਹਨ।
ਦਰਅਸਲ, ਪਿਛਲਾ ਇਕ ਦਹਾਕਾ ਸੱਤਾ ਵਿਚ ਰਹੇ ਅਕਾਲੀ ਦਲ ਖਿਲਾਫ ਅਜੇ ਵੀ ਲੋਕ ਰੋਹ ਹੈ। ਵਿਧਾਨ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਮਗਰੋਂ ਅਕਾਲੀ ਵਰਕਰਾਂ ਦੇ ਹੌਸਲੇ ਵੀ ਪਸਤ ਹੋ ਗਏ ਹਨ। ਇਸ ਸੂਰਤ ਵਿਚ ਸੁਖਬੀਰ ਬਾਦਲ ਵਰਕਰਾਂ ਵਿਚ ਮੁੜ ਜੋਸ਼ ਭਰਨਾ ਚਾਹੁੰਦੇ ਸਨ, ਪਰ ਲੋਕਾਂ ਦੀ ਖੱਜਲ ਖੁਆਰੀ ਤੇ ਹਾਈ ਕੋਰਟ ਦੀ ਫਿਟਕਾਰ ਨੇ ਇਹ ਚਾਲ ਪੁੱਠੀ ਪਾ ਦਿੱਤੀ। ਅਕਾਲੀ ਦਲ ਦੇ ਧਰਨਿਆਂ ਦਾ ਜਨਤਾ ਵਿਚ ਗਲਤ ਸੁਨੇਹਾ ਹੀ ਗਿਆ ਹੈ।
———————
ਅਕਾਲੀਆਂ ਤੇ ਕਾਂਗਰਸੀਆਂ ਦਾ ਗੱਠਜੋੜ?
ਅਕਾਲੀਆਂ ਦੇ ਧਰਨੇ ਤੇ ਕਾਂਗਰਸ ਸਰਕਾਰ ਵੱਲੋਂ ਅਪਣਾਏ ਰੁਖ ਉਤੇ ਵੀ ਸਵਾਲ ਉਠ ਰਹੇ ਹਨ। ਸੁਖਬੀਰ ਬਾਦਲ ਦੀ ਅਗਵਾਈ ਵਿਚ ਹਜ਼ਾਰਾਂ ਅਕਾਲੀ ਵਰਕਰਾਂ ਨੇ ਤਕਰੀਬਨ 24 ਘੰਟੇ ਸੜਕਾਂ ਜਾਮ ਕੀਤੀ ਰੱਖੀਆਂ ਅਤੇ ਪੁਲਿਸ ਇਕ ਪਾਸੇ ਖੜ੍ਹੀ ਤਮਾਸ਼ਾ ਦੇਖਦੀ ਰਹੀ। ਅਕਾਲੀਆਂ ਨੇ ਇਕ ਦਿਨ ਪਹਿਲਾਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਸੀ; ਜਦ ਕਿ ਇਸੇ ਤਰ੍ਹਾਂ ਦਾ ਐਲਾਨ ਦੋ ਮਹੀਨੇ ਪਹਿਲਾਂ ਸਰਕਾਰੀ ਲਾਰਿਆਂ ਤੋਂ ਅੱਕੇ ਕਿਸਾਨਾਂ ਨੇ ਕੀਤਾ ਸੀ। ਉਦੋਂ ਕੈਪਟਨ ਸਰਕਾਰ ਨੇ ਰਾਤੋ-ਰਾਤ ਸਾਰੇ ਕਿਸਾਨ ਆਗੂਆਂ ਨੂੰ ਚੁੱਕ ਲਿਆ, ਪਰ ਸੁਖਬੀਰ ਵਾਰੀ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ। ਯਾਦ ਰਹੇ ਕਿ ਅਕਾਲੀਆਂ ਤੇ ਕਾਂਗਰਸੀਆਂ ਉਤੇ ਵਿਧਾਨ ਸਭਾ ਚੋਣਾਂ ਵੇਲੇ ਵੀ ਅੰਦਰੋਂ ਇਕਮਿਕ ਹੋਣ ਦੇ ਦੋਸ਼ ਲੱਗੇ ਸਨ ਤੇ ਹੁਣ ਵੀ ਇਹੋ ਸਵਾਲ ਉਠ ਰਹੇ ਹਨ। ਸ਼ਹਿਰੀ ਚੋਣਾਂ ਵਿਚ ਪਹਿਲੀ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਦੋਵਾਂ ਰਵਾਇਤੀ ਧਿਰਾਂ ਨੂੰ ਵੱਡੀ ਟੱਕਰ ਦੇ ਰਹੀ ਹੈ। ਅਕਾਲੀ ਦਲ ਵਿਧਾਨ ਸਭਾ ਚੋਣਾਂ ਵਾਂਗ ਮੁੜ ਤੀਜੇ ਨੰਬਰ ਉਤੇ ਨਹੀਂ ਆਉਣਾ ਚਾਹੁੰਦਾ।