ਗੁਜਰਾਤ ਵਿਚ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ

ਅਹਿਮਦਾਬਾਦ: ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਸਿਰੇ ਚੜ੍ਹ ਚੁੱਕਾ ਹੈ ਤੇ 18 ਦਸੰਬਰ ਨੂੰ ਆਉਣ ਵਾਲੇ ਨਤੀਜਿਆਂ ਵਿਚ ਨਵੀਂ ਸਰਕਾਰ ਬਾਰੇ ਫੈਸਲਾ ਹੋਵੇਗਾ। ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਸੱਤਾ ‘ਤੇ ਕਾਬਜ਼ ਰਹੀ ਭਾਜਪਾ ਲਈ ਇਹ ਸਭ ਤੋਂ ਵੱਡਾ ਦਿਨ ਹੋਵੇਗਾ, ਕਿਉਂਕਿ ਇਸ ਵਾਰ ਉਸ ਨੂੰ ਕਿਸੇ ‘ਅਣਹੋਣੀ’ ਦਾ ਡਰ ਹੈ। ਪਾਟੀਦਾਰ ਭਾਈਚਾਰੇ ਵੱਲੋਂ ਕਾਂਗਰਸ ਨੂੰ ਹਮਾਇਤ ਨੇ ਤਾਂ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ ਹੋਈ ਹੈ।

ਪਹਿਲੇ ਪੜਾਅ ਦੀਆਂ ਵੋਟਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸਿਆਸੀ ਵਿਰੋਧੀਆਂ ਬਾਰੇ ਜੋ ਰੁਖ ਅਪਣਾਇਆ, ਉਹ ਇਹੀ ਇਸ਼ਾਰਾ ਕਰਦਾ ਹੈ ਕਿ ਇਸ ਵਾਰ ਨਤੀਜੇ ਕੁਝ ਵੱਖਰੇ ਹੋਣਗੇ। ਭਾਜਪਾ ਹੁਣ ਤੱਕ ਕੌਮਾਂਤਰੀ ਪੱਧਰ ‘ਤੇ ਉਤੇ ਆਪਣੇ ‘ਗੁਜਰਾਤ ਮਾਡਲ’ ਨੂੰ ਪ੍ਰਚਾਰਦੀ ਰਹੀ ਹੈ, ਪਰ ਇਸ ਵਾਰ, ਖਾਸ ਕਰ ਕੇ ਦੂਜੇ ਤੇ ਆਖਰੀ ਪੜਾਅ ਲਈ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਭਾਜਪਾ ਦੇ ਪ੍ਰਚਾਰ ਵਿਚੋਂ ਇਹ ਵਿਕਾਸ ਮਾਡਲ ਗਾਇਬ ਹੋ ਗਿਆ ਤੇ ਇਸ ਧਿਰ ਨੇ ਕਾਂਗਰਸ ਦੇ ‘ਮਾੜੇ ਕੰਮਾਂ’ ਨੂੰ ਹਥਿਆਰ ਬਣਾ ਲਿਆ। ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ, ਸਾਬਕਾ ਥਲ ਸੈਨਾ ਮੁਖੀ ਦੀਪਕ ਕਪੂਰ ਅਤੇ ਪਾਕਿਸਤਾਨੀ ਹਾਈ ਕਮਿਸ਼ਨਰ ਦੀ ਮਨੀਸ਼ੰਕਰ ਅਈਅਰ ਦੇ ਘਰ ਖਾਣੇ ਉਤੇ 6 ਦਸੰਬਰ ਵਾਲੀ ਮੁਲਾਕਾਤ ਨੂੰ ਵੀ ਕਾਂਗਰਸ ਦੇ ਆਗੂਆਂ ਦੀ ਗੁਜਰਾਤ ਚੋਣਾਂ ਲਈ ਪਾਕਿਸਤਾਨ ਨਾਲ ਮਿਲੀਭੁਗਤ ਕਰਾਰ ਦੇ ਦਿੱਤਾ। ਯਾਦ ਰਹੇ ਕਿ ਮੋਦੀ ਨੇ ਪਹਿਲਾਂ ਨਰਮਦਾ ਦੇ ਪਾਣੀਆਂ, ਫਿਰ ਓæਬੀæਸੀæ ਤੇ ਫਿਰ ਗੁਜਰਾਤ ਵਿਚ ਵਿਕਾਸ ਦੇ ਮੁੱਦੇ ਉਤੇ ਚੋਣ ਲੜਨ ਦਾ ਐਲਾਨ ਕੀਤਾ ਸੀ, ਪਰ ਵਿਰੋਧੀ ਧਿਰਾਂ ਸਮੇਤ ਆਮ ਲੋਕ ਵਿਕਾਸ ਦੇ ਝੂਠੇ ਮਾਡਲ ਦੀ ਤਸਵੀਰ ਭਾਜਪਾ ਦੀਆਂ ਰੈਲੀਆਂ ਵਿਚ ਲੈ ਕੇ ਪਹੁੰਚਣ ਲੱਗੇ ਤਾਂ ਸੱਤਾਧਿਰ ਘਿਰ ਗਈ। ਫਿਰ ਸੀਨੀਅਰ ਕਾਂਗਰਸੀ ਆਗੂ ਮਣੀ ਸ਼ੰਕਰ ਅਈਅਰ ਨੇ ਮੋਦੀ ਨੂੰ ‘ਨੀਚ’ ਕਹਿ ਕੇ ਭਾਜਪਾ ਨੂੰ ਵੱਡਾ ਮੁੱਦਾ ਦੇ ਦਿੱਤਾ। ਮੋਦੀ ਨੇ ਇਸ ਨੂੰ ਜਾਤੀ ਸਿਆਸਤ ਨਾਲ ਜੋੜਨ ਵਿਚ ਦੇਰ ਨਾ ਲਾਈ ਤੇ ਇਸ ਬਿਆਨ ਦੇ ਸਿਰਫ ਦੋ ਘੰਟਿਆਂ ਬਾਅਦ ਰੈਲੀ ਵਿਚ ਆਖ ਦਿੱਤਾ ਕਿ ‘ਹਾਂ ਉਹ ਨੀਚ ਜਾਤ ਤੋਂ ਹੈ, ਪਰ ਉਸ ਦੇ ਕੰਮ ਨੀਚ ਨਹੀਂ ਹਨ।’ ਦੱਸ ਦਈਏ ਕਿ ਕਾਂਗਰਸ ਦੇ ਇਸੇ ਆਗੂ ਨੇ ਲੋਕ ਸਭਾ ਚੋਣਾਂ ਦੌਰਾਨ ਵੀ ਮੋਦੀ ਨੂੰ ‘ਚਾਹ ਵਾਲਾ’ ਆਖ ਦਿੱਤਾ ਸੀ; ਬੱਸ ਫਿਰ ਕੀ ਸੀ, ਭਾਜਪਾ ਨੇ ਇਨ੍ਹਾਂ ਦੋ ਸ਼ਬਦਾਂ ਦੇ ਸਿਰ ‘ਤੇ ਚੋਣ ਮੇਲਾ ਲੁੱਟ ਲਿਆ। ਉਂਜ, ਐਤਕੀਂ ਗੁਜਰਾਤ ਵਿਚ 22 ਸਾਲਾਂ ਦੀ ਹਕੂਮਤ ਤੋਂ ਬਾਅਦ ਭਾਜਪਾ ਨੂੰ ਪਹਿਲੀ ਵਾਰ ਸਥਾਪਤੀ ਵਿਰੋਧੀ ਭਾਵਨਾ ਨਾਲ ਦੋ-ਚਾਰ ਹੋਣਾ ਪਿਆ ਹੈ। ਉਸ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ।