ਚੰਡੀਗੜ੍ਹ: ਪੰਜਾਬ ਵਿਚ ਕੁੱਲ ਖੇਤੀ ਕਰਜ਼ਾ ਮੁਆਫੀ ਦਾ ਭਾਰ ਪਹਿਲਾਂ ਲਾਏ 9500 ਕਰੋੜ ਰੁਪਏ ਦੇ ਅੰਦਾਜ਼ੇ ਤੋਂ ਬਹੁਤ ਘਟ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਖੇਤੀ ਕਰਜ਼ਾ ਮੁਆਫੀ ਬਾਰੇ ਨੋਟੀਫਿਕੇਸ਼ਨ ਉਨ੍ਹਾਂ ਛੋਟੇ ਕਿਸਾਨਾਂ ਨੂੰ ਇਸ ਯੋਜਨਾ ਵਿਚੋਂ ਬਾਹਰ ਕਰ ਰਿਹਾ ਹੈ, ਜਿਨ੍ਹਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਪਰ ਉਨ੍ਹਾਂ ਨੇ ਦੋ ਲੱਖ ਰੁਪਏ ਤੋਂ ਵੱਧ ਕਰਜ਼ਾ ਚੁੱਕਿਆ ਹੋਇਆ ਹੈ। ਇਸ ਕਾਰਨ ਲਾਭਪਾਤਰੀਆਂ ਦੀ ਗਿਣਤੀ 10 ਲੱਖ ਕਿਸਾਨਾਂ ਨੂੰ ਰਾਹਤ ਦੇਣ ਵਾਲੇ ਪ੍ਰਚਾਰ ਨਾਲੋਂ ਕਿਤੇ ਜ਼ਿਆਦਾ ਘਟ ਸਕਦੀ ਹੈ।
ਸਾਰੇ ਸੀਮਾਂਤ ਕਿਸਾਨਾਂ, ਜਿਨ੍ਹਾਂ ਕੋਲ ਢਾਈ ਏਕੜ ਤੋਂ ਘੱਟ ਜ਼ਮੀਨ ਹੈ, ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਅਤੇ ਉਨ੍ਹਾਂ ਦਾ 2 ਲੱਖ ਰੁਪਏ ਕਰਜ਼ਾ ਮੁਆਫ ਹੋਵੇਗਾ ਭਾਵੇਂ ਉਨ੍ਹਾਂ ਨੇ ਦੋ ਲੱਖ ਤੋਂ ਵੱਧ ਕਰਜ਼ਾ ਚੁੱਕਿਆ ਹੋਵੇ।
ਖੇਤੀਬਾੜੀ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋ ਲੱਖ ਤੋਂ ਵੱਧ ਫਸਲੀ ਕਰਜ਼ਾ ਚੁੱਕਣ ਵਾਲੇ ਛੋਟੇ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਆਫੀ ਯੋਜਨਾ ਤਹਿਤ ਕੋਈ ਲਾਭ ਨਹੀਂ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਜ਼ਿਆਦਾਤਰ ਛੋਟੇ ਕਿਸਾਨਾਂ ਵੱਲੋਂ ਦੋ ਲੱਖ ਤੋਂ ਵੱਧ ਕਰਜ਼ਾ ਚੁੱਕਿਆ ਹੋਇਆ ਹੈ। ਭਾਵੇਂ ਇਕ ਕਿਸਾਨ ਪ੍ਰਤੀ ਏਕੜ ਦੇ ਹਿਸਾਬ ਨਾਲ 40 ਹਜ਼ਾਰ ਰੁਪਏ ਜਾਂ ਪੰਜ ਏਕੜ ਜ਼ਮੀਨ ਲਈ ਵੱਧ ਤੋਂ ਵੱਧ ਦੋ ਲੱਖ ਰੁਪਏ ਫਸਲੀ ਕਰਜ਼ਾ ਲੈ ਸਕਦਾ ਹੈ। ਕਿਸਾਨਾਂ ਵੱਲੋਂ ਅਕਸਰ ਕਈ ਬੈਂਕਾਂ ਤੋਂ ਕਰਜ਼ਾ ਲਿਆ ਜਾਂਦਾ ਹੈ। ਕਈ ਕੇਸਾਂ ਵਿਚ ਪਰਿਵਾਰਾਂ ‘ਚ ਜ਼ਮੀਨ ਦੀ ਵੰਡ ਹੋਣ ਦੇ ਬਾਵਜੂਦ ਇੰਤਕਾਲ ਨਹੀਂ ਹੋਇਆ। ਅਜਿਹੇ ਕੇਸਾਂ ਵਿਚ ਕਿਸੇ ਵਿਅਕਤੀ ਕੋਲ ਜ਼ਮੀਨ ਪੰਜ ਏਕੜ ਤੋਂ ਘੱਟ ਹੋ ਸਕਦੀ ਹੈ ਪਰ ਉਹ ਵੀ ਇਸ ਯੋਜਨਾ ਦੇ ਹੱਕਦਾਰ ਨਹੀਂ ਹੋਣਗੇ।
ਪੰਜਾਬ ਮੰਡੀ ਬੋਰਡ ਵੱਲੋਂ ਛੇ ਬੈਂਕਾਂ ਕੋਲੋਂ 4680 ਕਰੋੜ ਰੁਪਏ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ। ਮੰਡੀ ਬੋਰਡ ਵੱਲੋਂ ਕਰਜ਼ਾ ਮੁਆਫੀ ਲਈ ਛੇ ਕੌਮੀਕ੍ਰਿਤ ਬੈਂਕਾਂ ਕੋਲੋਂ ਇਕ ਹਜ਼ਾਰ ਕਰੋੜ ਕਰਜ਼ਾ ਚੁੱਕਿਆ ਜਾਵੇਗਾ। ਹਾਲ ਹੀ ਵਿਚ ਵਧਾਈ ਇਕ ਫੀਸਦੀ ਮਾਰਕੀਟ ਫੀਸ ਅਤੇ ਪੇਂਡੂ ਵਿਕਾਸ ਫੰਡ ਰਾਹੀਂ ਸਾਲਾਨਾ 9 ਹਜ਼ਾਰ ਕਰੋੜ ਰੁਪਏ ਇਕੱਤਰ ਹੋਣਗੇ। ਇਸ ਰਕਮ ਨੂੰ ਇਸ ਕਰਜ਼ੇ ਦਾ ਵਿਆਜ ਮੋੜਨ ਲਈ ਵਰਤਿਆ ਜਾਵੇਗਾ।
_____________________________________________
ਕਿਸਾਨ ਨੇ ਮੋਦੀ ਦੇ ਨਾਂ ਚਿੱਠੀ ਲਿਖ ਕੇ ਕੀਤੀ ਖੁਦਕੁਸ਼ੀ
ਬਰਨਾਲਾ: ਪੰਜਾਬ ਦੇ ਇਕ ਕਿਸਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ ਚਿੱਠੀ ਲਿਖ ਕੇ ਆਤਮ ਹੱਤਿਆ ਕਰ ਲਈ। ਜ਼ਿਲ੍ਹਾ ਬਰਨਾਲਾ ਨੇ ਕਿਸਾਨ ਨੇ ਆਪਣੀ ਨਿੱਘਰਦੀ ਆਰਥਿਕ ਹਾਲਤ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਪਿੰਡ ਠੀਕਰੀਵਾਲਾ ਦੇ ਕਿਸਾਨ ਜਸਵੀਰ ਸਿੰਘ ਉਰਫ ਹਰਮੀਤ ਸਿੰਘ ਨੇ ਘੱਟ ਜ਼ਮੀਨ ਤੇ ਵਧਦੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ। 42 ਸਾਲਾ ਕਿਸਾਨ ਸਿਰ ਤਕਰੀਬਨ 7 ਲੱਖ ਰੁਪਏ ਦਾ ਕਰਜ਼ ਸੀ ਤੇ ਉਸ ਕੋਲ ਇਕ ਏਕੜ ਜ਼ਮੀਨ ਹੀ ਸੀ। ਇੰਨੀ ਘੱਟ ਜ਼ਮੀਨ ‘ਤੇ ਖੇਤੀ ਕਰਨ ਨਾਲ ਕਰਜ਼ ਨਹੀਂ ਸੀ ਉਤਰਨਾ। ਇਸ ਲਈ ਉਹ ਡਰਾਈਵਰੀ ਵੀ ਕਰਦਾ ਸੀ। ਮ੍ਰਿਤਕ ਕਿਸਾਨ ਨੂੰ ਸਹਾਇਕ ਧੰਦੇ ਨਾਲ ਵੀ ਕੋਈ ਲਾਹਾ ਨਾ ਹੋਇਆ ਤੇ ਉਸ ਦੀ ਹਾਲਤ ਦਿਨੋ-ਦਿਨ ਨਿੱਘਰਦੀ ਗਈ। ਉਹ ਆਪਣੇ ਪਿੱਛੇ 12 ਸਾਲਾ ਬੱਚਾ, ਪਤਨੀ ਤੇ ਬਜ਼ੁਰਗ ਬਾਪ ਛੱਡ ਗਿਆ। ਮ੍ਰਿਤਕ ਕਿਸਾਨ ਨੇ ਚਿੱਠੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੀ ਖੁਦਕੁਸ਼ੀ ਦਾ ਜ਼ਿੰਮੇਵਾਰ ਦੱਸਿਆ ਸੀ। ਖੁਦਕੁਸ਼ੀ ਪੱਤਰ ਵਿਚ ਉਸ ਨੇ ਲਿਖਿਆ ਕਿ ਕੇਂਦਰ ਸਰਕਾਰ ਦੀ ਨੋਟਬੰਦੀ ਕਾਰਨ ਬੈਂਕ ਤੋਂ ਪੈਸੇ ਨਹੀਂ ਸਨ ਮਿਲ ਰਹੇ। ਇਸ ਕਾਰਨ ਉਸ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੇ ਖੁਦਕੁਸ਼ੀ ਪੱਤਰ ਵਿਚ ਪ੍ਰਧਾਨ ਮੰਤਰੀ ਮੋਦੀ ਬਾਰੇ ਕਾਫੀ ਭੱਦੀ ਸ਼ਬਦਾਵਲੀ ਵੀ ਵਰਤੀ। ਦੱਸ ਦਈਏ ਕਿ ਇਸੇ ਸਾਲ ਜੁਲਾਈ ਵਿਚ ਅਜਨਾਲਾ ਦੇ ਇਕ ਕਿਸਾਨ ਮੇਜਰ ਸਿੰਘ ਨੇ ਵੀ ਖੁਦਕੁਸ਼ੀ ਕੀਤੀ ਸੀ, ਜਿਸ ਨੇ ਆਪਣੇ ਖੁਦਕੁਸ਼ੀ ਪੱਤਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ।