ਠਾਣੇਦਾਰਨੀ ਜਿਹਾ ਰੋਹਬ ਸੀ ਬੇਬੇ ਦਾ…

ਬਲਵਿੰਦਰ ਜੰਮੂ ਜ਼ੀਰਕਪੁਰ
ਫੋਨ: 91-97799 21999
ਦੋ ਕੁ ਹਫਤੇ ਪਹਿਲਾਂ ਦੀ ਗੱਲ ਹੈ। ਯੂ ਟੀ ਗੈਸਟ ਹਾਊਸ ਚੰਡੀਗੜ੍ਹ ਵਿਚ ਠਹਿਰੇ ਆਪਣੇ ਇਕ ਮਿੱਤਰ ਨੂੰ ਮਿਲ ਕੇ ਮੈਂ ਪੰਜਾਬ ਗਵਰਨਰ ਹਾਊਸ ਕੋਲ ਪੁੱਜਾ ਤਾਂ ਅਚਨਚੇਤ ਸਾਡੀ ਬੇਬੇ ਸੁਰਜੀਤ ਕੌਰ ਯਾਦ ਆ ਗਈ। ਬੁਲਾਂ ‘ਤੇ ਕੁਲਦੀਪ ਮਾਣਕ ਦਾ ਗੀਤ ‘ਮਾਂ ਹੁੰਦੀ ਏ ਮਾਂæææ’ ਆ ਗਿਆ। ਨਾਲ ਹੀ ਚੇਤੇ ਆਇਆ, ਬੇਬੇ ਕਿਹਾ ਕਰਦੀ ਸੀ, ‘ਮਾਂਵਾਂ ਠੰਡੀਆਂ ਛਾਂਵਾਂ, ਬਿਨ ਮਾਂਵਾਂ ਛਾਂਵਾਂ ਕੌਣ ਕਰੇ।’ ਮਨ ਇਕਦਮ ਮਾਂ ਦੀ ਇਸ ਛਾਂ ਨੂੰ ਤਰਸ ਗਿਆ। ਅੱਧੀ ਰਾਤ ਦਾ ਸਮਾਂ ਤੇ ਸੁੰਨ-ਮਸਾਣ ਸੜਕ ਸੀ। ਗੱਡੀ ਦੀ ਬਰੇਕ ਲਾ ਕੇ ਮੈਂ ਵੱਡੇ ਵੀਰ ਅਮੋਲਕ ਸਿੰਘ ਨੂੰ ਸ਼ਿਕਾਗੋ ਫੋਨ ਮਿਲਾ ਲਿਆ। ਕਿੰਨਾ ਚਿਰ ਦੋਵੇਂ ਭਰਾ ਅਸੀਂ ਮਾਤਾ ਨੂੰ ਚੇਤੇ ਕਰਦੇ ਰਹੇ। ਸੰਮੁਦਰੋਂ ਪਾਰ ਬੈਠੇ ਪੁੱਤ ਨੂੰ ਪਿੱਛੋਂ ਤੁਰ ਗਈ ਮਾਂ ਦਾ ਦੁੱਖ ਡਾਢਾ ਸੀ। ਅਚਾਨਕ ਸਾਡੇ ਦੋਹਾਂ ਦੇ ਬੁਲਾਂ ‘ਤੇ ਸੁਰਜੀਤ ਪਾਤਰ ਦੇ ਇਹ ਸ਼ਬਦ ਨਿਕਲ ਤੁਰੇ-ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ।
ਅਜੇ ਪਿਛਲੇ ਸਾਲ 22 ਫਰਵਰੀ ਦੀ ਤਾਂ ਗੱਲ ਹੈ ਜਦੋਂ ਮੈਂ ਰਾਤ ਨੂੰ ਦੋ ਵੱਜ ਕੇ ਪੈਂਤੀ ਮਿੰਟ ‘ਤੇ ਉਨ੍ਹਾਂ ਨੂੰ ਪਹਿਲਾ ਫੋਨ ਕੀਤਾ ਸੀ, ‘ਬੇਬੇ ਸੰਪੂਰਨ ਹੋ ਗਈ।’ ਉਨ੍ਹਾਂ ਕਿਹਾ, ‘ਏਨੀ ਛੇਤੀ’ ਤੇ ਫਿਰ ਉਨ੍ਹਾਂ ਦੇ ਮੂੰਹੋਂ ਹੋਰ ਕੁੱਝ ਨਾ ਨਿਕਲਿਆ ਤੇ ਫੋਨ ਵਿਚੋਂ ਦਬੇ ਸੁਰ ਕੰਨਾਂ ਵਿਚ ਵਿਰਲਾਪਦੇ ਰਹੇ।
ਸਾਡੀ ਮਾਂ ਇਕ ਸਾਧਾਰਨ ਅਨਪੜ੍ਹ ਔਰਤ ਸੀ ਪਰ ਸੀ ਤਾਂ ਮਾਂ। ਹੁਣ ਮਾਂ ਬਗੈਰ ਘਰ ਦਾ ਵਿਹੜਾ ਭਾਂ-ਭਾਂ ਕਰ ਰਿਹਾ ਮਹਿਸੂਸ ਹੁੰਦਾ ਹੈ। ਬਾਪੂ ਜੀ ਵੱਲ ਵੇਖੀਦਾ ਹੈ ਤਾਂ ਮਾਂ ਹੋਰ ਵੀ ਵੱਧ ਚੇਤੇ ਆ ਜਾਂਦੀ ਹੈ। ਬੇਬੇ ਦਾ ਵੱਡਾ ਖਲਾਅ ਮਹਿਸੂਸ ਹੁੰਦਾ ਹੈ। ਮਾਂ ਦੇ ਤੁਰ ਜਾਣ ਦੇ ਦੁੱਖ ਦਾ ਪਤਾ ਹੁਣ ਲੱਗ ਰਿਹਾ ਹੈ। ਪੁੱਤਾਂ ਦੀਆਂ ਸਾਰੀਆਂ ਬਲਾਵਾਂ ਆਪਣੇ ਸਿਰ ਲੈਣ ਵਾਲੀ ਮਾਂ ਦੇ ਹੁੰਦਿਆਂ ਕਿਸੇ ਬਲਾ ਦਾ ਡਰ ਨਹੀਂ ਸੀ। ਮਾਂ ਦੀ ਆਂਦਰ ਬਿਨਾ ਦਸੇ ਢਿੱਡੋਂ ਜਾਏ ਦੀ ਪੀੜ ਜੋ ਪਛਾਣ ਲੈਂਦੀ ਸੀ। ਬੇਬੇ ਕਿਹਾ ਕਰਦੀ, “ਵਿਹੜੇ ਬੈਠੀ ਮਾਂ ਵਿਹੜਾ ਕਰੇ ਭਾਂ-ਭਾਂ, ਵਿਹੜੇ ਬੈਠੀ ਰੰਨ ਵਿਹੜਾ ਕਰੇ ਧੰਨ-ਧੰਨ।” ਉਸ ਦੀ ਇਹ ਗੱਲ ਸ਼ਾਇਦ ਸਹੀ ਵੀ ਹੈ। ਨਵੀਂ ਪੀੜ੍ਹੀ ਆਉਂਦੀ ਹੈ ਤਾਂ ਰੌਣਕਾਂ ਉਸ ਦੁਆਲੇ ਜੁੜਦੀਆਂ ਹਨ। ਫਿਰ ਵੀ ਮਾਂ ਦੀ ਆਪਣੀ ਰੌਣਕ ਹੁੰਦੀ ਐ।
ਪਿਛਲੇ ਸਾਲ ਯਾਨਿ 2012 ਦੇ ਜਨਵਰੀ ਮਹੀਨੇ ਮਾਤਾ ਦੇ ਸਿਰ ਵਿਚ ਕੈਂਸਰ ਵਾਲੀ ਰਸੌਲੀ ਹੋਣ ਦਾ ਪਤਾ ਲੱਗਾ। ਸਾਰੀ ਉਮਰ ਠਾਣੇਦਾਰਨੀ ਬਣ ਗਜਦੀ ਰਹੀ ਮਾਤਾ ਝੱਟ ਹੀ ਢੇਰੀ ਢਾਹ ਗਈ। ਜਿੰਨੇ ਦਿਨ ਬੇਬੇ ਮੰਜੇ ‘ਤੇ ਰਹੀ ਉਸ ਦਾ ਹਰ ਸਾਹ ਸਾਡੇ ਲਈ ਕੀਮਤੀ ਬਣਦਾ ਗਿਆ। ਬੇਬੇ ਦੇ ਪੋਤਰੇ ਹਨੀ, ਰਾਜਾ, ਸਨੀ ਆਪਣੀ ਦਾਦੀ ਦੇ ਆਲੇ-ਦੁਆਲੇ ਰਹੇ। ਸ਼ਿਕਾਗੋ ਵਸਦਾ ਬੇਬੇ ਦਾ ਚੌਥਾ ਤੇ ਸਭ ਤੋਂ ਵਡਾ ਪੋਤਰਾ ਮਨਦੀਪ ਬੇਬੇ ਨੂੰ ਮਿਲਣ ਆਉਣ ਲਈ ਤਰਲੇ ਲੈਂਦਾ ਰਿਹਾ ਪਰ ਪਹੁੰਚ ਨਾ ਸਕਿਆ ਤੇ ਬੇਬੇ ਤੁਰਦੀ ਹੋਈ। ਘਰ ਵਿਚ ਮਾਂ ਨੂੰ ਕੋਈ ਬੀਬੀ ਕਹਿੰਦਾ, ਕੋਈ ਬੇਬੇ ਕਹਿੰਦਾ ਤੇ ਕੋਈ ਅੰਬੋ ਕਹਿ ਲੈਂਦਾ, ਮਾਤਾ ਖੁਸ਼ ਹੋ ਲੈਂਦੀ। ਦੋਹਤਰੇ ਬੱਬੂ, ਰਿੰਕੂ, ਸ਼ੰਮੀ ਤੇ ਦੋਹਤਰੀ ਮੀਤੂ ਬੇਬੇ ਦੁਆਲੇ ਝੁਰਮਟ ਪਾਈ ਰਖਦੇ। ਬੇਬੇ ਦੇ ਆਖਰੀ ਦਿਨਾਂ ਵਿਚ ਇਹ ਸਾਰੇ ਬੇਬੇ ਨਾਲ ਸ਼ਰਾਰਤਾਂ ਕਰਦੇ ਰਹਿੰਦੇ। ਉਹ ਸਿਰਫ ਮੁਸਕਰਾ ਛਡਦੀ।
ਬੇਬੇ ਨੇ ਕਿਹਾ ਕਰਨਾ, ‘ਭੁੱਖੀ ਰਹਿ ਲਊਂ, ਕਿਸੇ ਅੱਗੇ ਹੱਥ ਨਹੀਂ ਅੱਡਣੇ।’ ਉਹ ਸਾਰੀ ਉਮਰ ਕਿਸੇ ਦੀ ਮੁਥਾਜ ਨਾ ਹੋਈ, ਛੇਕੜ ਉਮਰੇ ਵੀ ਰੋਟੀ-ਪਾਣੀ ਆਪਣਾ ਆਪ ਕਰਦੀ। ਕਦੇ ਕਿਸੇ ਤੋਂ ਨਾ ਹਾਰਨ ਵਾਲੀ ਬੇਬੇ ਵੀ ਕੈਂਸਰ ਦੇ ਮਰੀਜ਼ਾਂ ਦੀ ਨਾ ਮੁੱਕ ਰਹੀ ਲਾਈਨ ਵਿਚ ਲੱਗ ਚੁਕੀ ਸੀ, ਤੇ ਅਖੀਰ ਹਾਰ ਗਈ। ਸ਼ਾਇਦ ਕਿਸੇ ਦੀ ਮੁਥਾਜੀ ਝੱਲਣ ਨਾਲੋਂ ਮਾਤਾ ਨੇ ਇਸ ਜਹਾਨੋਂ ਛੇਤੀ ਤੁਰ ਜਾਣਾ ਸਹੀ ਜਾਤਾ। ਇਕਿਆਸੀ ਸਾਲ ਦੀ ਉਮਰੇ ਅੰਬੋ ਦੀ ਅਖੀਰੀ ਦੇਖੀ ਨਾ ਜਾਂਦੀ ਤੇ ਅਸੀਂ ਬੇਬੇ ਤੋਂ ਪਾਸੇ ਹੋ ਹੋ ਵਿਲਕਦੇ। ਹੰਝੂ ਰੋਕਿਆਂ ਨਾ ਰੁਕਦੇ। ਐਸੀ ਘੜੀ ਵਿਚ ਘਰ ਦੇ ਸਾਰੇ ਜੀਅ ਕਹਿੰਦੇ, ਬੇਬੇ ਲੜਦੀ ਘੁਲਦੀ ਈ ਚੰਗੀ ਲੱਗਦੀ ਸੀ।
ਬੇਬੇ ਦੇ ਤੁਰ ਜਾਣ ਉਪਰੰਤ ਮੈਂ ਰਿਸ਼ਤੇ ਵਿਚ ਲੱਗਦੀ ਇਕ ਮਾਸੀ ਦੇ ਘਰ ਗਿਆ ਤਾਂ ਮਾਸੀ ਨੇ ਬੇਬੇ ਨੂੰ ਚੇਤੇ  ਕਰਦਿਆਂ ਕਿਹਾ, ‘ਸੁਭਾਅ ਦੀ ਤਾਂ ਥੋੜੀ ਕੌੜੀ ਸੀ ਜੀਤਾਂæææ।’ ਮੈਂ ਝੱਟ ਟੋਕਿਆ, ‘ਕੌੜੀ ਸੀ, ਭਾਵੇਂ ਮਿੱਠੀ; ਸਾਡੀ ਤਾਂ ਬੇਬੇ ਸੀ।’ ਮਾਸੀ ਚੁੱਪ ਵੱਟ ਗਈ।
ਢਿੱਲ ਮੱਠ ਸਮੇਂ ਬੇਬੇ ਜਦੋਂ ਕਦੇ ਹਸਪਤਾਲ ਦਾਖਲ ਹੁੰਦੀ ਡਾਕਟਰ, ਨਰਸਾਂ ਤੇ ਹੋਰ ਸਟਾਫ ਬੇਬੇ ਦੇ ਅੱਗੇ ਪਿੱਛੇ ਫਿਰਦੇ, ਬੇਬੇ ਸਭ ਨੂੰ ਅਸੀਸਾਂ ਵੰਡੀ ਜਾਂਦੀ। ਕਦੀ ਦਬਕਾ ਵੀ ਮਾਰ ਦਿੰਦੀ। ਪਤਾ ਨਹੀਂ ਕਿਉਂ, ਹਸਪਤਾਲ ਵਿਚ ਰਹਿ ਕੇ ਬੇਬੇ ਕਦੇ ਅੱਕਦੀ ਨਾ ਤੇ ਡਾਕਟਰਾਂ ਦੇ ਕਿਹਾਂ ਵੀ ਛੁੱਟੀ ਲੈਣ ਲਈ ਤਿਆਰ ਨਾ ਹੁੰਦੀ, ਦੋ ਚਾਰ ਦਿਨ ਵੱਧ ਲਾ ਆਉਂਦੀ।
ਬੇਬੇ ਕਿਹਾ ਕਰਦੀ, “ਮੈਂ ਸੱਚੀ ਗੱਲ ਕਰੂੰ ਭਾਵੇਂ ਕਿਸੇ ਨੂੰ ਚੰਗੀ ਲੱਗੇ, ਭਾਵੇਂ ਕੌੜੀ।” ਤੇ ਸੱਚ ਹੀ ਮਾਤਾ ਗੱਲ ਕਹਿਣ ਲਗਿਆਂ ਉਕਾ ਨਾ ਝਕਦੀ, ਕਿਸੇ ਨੂੰ ਚੰਗੀ ਲੱਗੇ ਜਾਂ ਬੁਰੀ। ਸੱਚ ਦੀ ਪਹਿਰੇਦਾਰ ਬੇਬੇ ਦਾ ਸੱਚ ਹੋਰਨਾਂ ਦੇ ਨਾਲ ਸਾਨੂੰ ਵੀ ਕੌੜਾ ਲੱਗਦਾ ਤੇ ਫੇਰ ਬੇਬੇ ਵੀ ਕੌੜੀ ਲੱਗਣ ਲੱਗ ਜਾਂਦੀ। ਜਦੋਂ ਗੁੱਸੇ ਵਿਚ ਹੁੰਦੀ ਤਾਂ ਬੇਬੇ ਦਾ ਗੁੱਸਾ ਅਸਮਾਨ ਚੀਰਦਾ। ਜੀਰਕਪੁਰ ਰਹਿੰਦੇ ਸਾਂ ਤਾਂ ਕਦੇ ਕਦੇ ਬੇਬੇ ਗਲੀ ਵਿਚੋਂ ਲੋਕਾਂ ਦਾ ਲੰਘਣਾ ਵੀ ਬੰਦ ਕਰ ਦਿੰਦੀ, ਗਲੀ ਵਿਚੋਂ ਫਾਲਤੂ ਬੰਦਿਆਂ ਦਾ ਲੰਘਣਾ ਉਸ ਨੂੰ ਬਰਦਾਸ਼ਤ ਨਾ ਹੁੰਦਾ। ਕਈ ਵਾਰ ਦਫਤਰ ਬੈਠੇ ਨੂੰ ਮੈਨੂੰ ਗੁਆਂਢੀਆਂ ਦਾ ਫੋਨ ਆਉਂਦਾ, “ਤੁਹਾਡੀ ਬੇਬੇ ਕਿਸੇ ਨੂੰ ਗਲੀ ਵਿਚੋਂ ਲੰਘਣ ਨਹੀਂ ਦੇ ਰਹੀ, ਇੱਟਾਂ ਮਾਰਦੀ ਆ। ਸਮਝਾਓ ਆ ਕੇ।” ਕਈ ਬੁਢੀਆਂ ਗਲੀ ‘ਚੋਂ ਇਹ ਕਹਿ ਕੇ ਮੁੜ ਜਾਂਦੀਆਂ, “ਅੱਗੇ ਠਾਣੇਦਾਰਨੀ ਖੜੀ ਆ।” ਪਰ ਜਦੋਂ ਬੇਬੇ ਦਿਆਲ ਹੁੰਦੀ, ਅਸੀਸੜੀਆਂ ਨਾਲ ਅਗਲੇ ਦੀਆਂ ਝੋਲੀਆਂ ਭਰ ਦਿੰਦੀ।
ਨਿੱਕੇ ਹੁੰਦਿਆਂ ਅਕਸਰ ਮਾਤਾ ਦੇ ਮੂੰਹੋਂ ਸੁਣਦੇ, ‘ਮਾਂ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ’, ‘ਇਕ ਦੀ ਮਾਂ ਅੰਨੀ, ਦੋ ਦੀ ਕਾਣੀ।’ ਇਨ੍ਹਾਂ ਦੇ ਅਰਥ ਅੱਜ ਬੇਬੇ ਦੇ ਤੁਰ ਜਾਣ ਪਿੱਛੋਂ ਸਮਝ ਆ ਰਹੇ ਹਨ। ਉਹ ਕਿਹਾ ਕਰਦੀ, ‘ਪੁੱਤ ਕਪੁੱਤ ਹੋ ਜਾਂਦੇ ਨੇ ਮਾਪੇ ਕੁਮਾਪੇ ਨਹੀਂ ਹੁੰਦੇ।’ ਅਸੀਂ ਅਗੋਂ ਚਹੇਡ ਕਰਦੇ, ‘ਮਾਂ ਕੁਮਾਂ ਹੋ ਜਾਂਦੀ ਆ ਬੇਬੇ, ਪੁੱਤ ਕਪੁੱਤ ਨਹੀਂ ਹੁੰਦੇ।’ ਬੇਬੇ ਸਾਡੀ ਗੱਲ ‘ਤੇ ‘ਹੈ ਮਰ ਜਾਣੀ ਦਾ’ ਕਹਿ ਕੇ ਹੱਸ ਛੱਡਦੀ। ਜਦੋਂ ਬੇਬੇ ਸਾਡੇ ਨਵੇਂ ਕਪੜੇ ਪਾਉਂਦੀ ਤਾਂ ਕਿਹਾ ਕਰਦੀ, ‘ਮੇਰਾ ਪੁੱਤ ਇਹ ਹੰਢਾਵੇ ਤੇ ਹੋਰ ਪਾਵੇ।’
ਸਾਡਾ ਪਿੰਡ ਕੁੱਤੇਵਢ ਸਾਰੇ ਦਾ ਸਾਰਾ ਪਾਕਿਸਤਾਨੋਂ ਆ ਕੇ ਇਥੇ ਵਸੇ ਰਿਫਿਊਜ਼ੀਆਂ ਦਾ ਸੀ। ਵਖੋ-ਵਖ ਇਲਾਕਿਆਂ ਤੇ ਬਰਾਦਰੀਆਂ ਦੇ ਲੋਕ-ਜਾਣੋ ਵਣ ਵਣ ਦੀ ਲਕੜੀ। ਉਜੜ ਕੇ ਆਏ ਹੋਣ ਕਰਕੇ ਇਕੋ ਬਰਾਦਰੀ ਦੇ ਬਹੁਤੇ ਲੋਕ ਆਪੋ ਵਿਚ ਕਰੀਬੀ ਰਿਸ਼ਤੇਦਾਰ ਵੀ ਸਨ। ਮਾਤਾ ਦੇ ਨਾਨਕੇ ਵੀ ਸਾਡੇ ਪਿੰਡ ਹੀ ਵਸਦੇ ਸਨ। ਮਾਤਾ ਦੇ ਨਾਨੇ ਦੇ ਦੋ ਵਿਆਹ ਸਨ ਤੇ ਦੂਜੇ ਵਿਆਹ ਵਿਚੋ ਦੋ ਮੁੰਡੇ ਸਨ। ਇਕ ਦੇ ਪੰਜ ਪੁਤ ਤੇ ਸੱਤ ਧੀਆਂ ਤੇ ਦੂਜੇ ਦੇ ਪੰਜ ਧੀਆਂ ਤੇ ਸੱਤ ਪੁੱਤ-ਉਨ੍ਹਾਂ ਦਾ ਆਪਣਾ ਵੱਖਰਾ ਹੀ ਪਿੰਡ ਜਾਪਦਾ। ਇਕ ਦਿਨ ਮਾਤਾ ਦਾ ਨਾਨਾ ਗਲੀ ਵਿਚੋਂ ਹੱਥ ‘ਚ ਦਾਤੀ ਅਤੇ ਛੋਟੀ ਜਿਹੀ ਗਠੜੀ ਪਠਿਆਂ ਦੀ ਬੰਨ੍ਹੀ ਤੁਰਿਆ ਜਾਵੇ। ਮਾਤਾ ਦੇ ਮੂੰਹੋਂ ਸਹਿਜ ਸੁਭਾਅ ਨਿਕਲ ਗਿਆ, ‘ਅੱਠ ਪੁਤ ਅਠਾਰਾਂ ਪੋਤੇ, ਅਜੇ ਬਾਬਾ ਘਾਹ ਖੋਤੇ।’
‘ਕੁੜੀ ਪੇਟ ਕਣਕ ਖੇਤ, ਆ ਜਵਾਈਆ ਮੰਡੇ ਖਾਹ’, ‘ਆਪ ਕੁਚੱਜੀ ਵਿਹੜੇ ਨੂੰ ਦੋਸ਼’, ‘ਕੰਮ ਨਾ ਕਾਜ ਦੀ ਦੁਸ਼ਮਣ ਅਨਾਜ ਦੀ’, ‘ਦੋ ਪਈਆਂ ਵਿਸਰ ਗਈਆਂ ਸਦਕੇ ਯਾਰਾਂ ਦੀ ਢੂਹੀ ਦੇ’ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਅਖਾਣ ਸਾਨੂੰ ਰੋਜ਼ ਬੇਬੇ ਤੋਂ ਸੁਣਨ ਨੂੰ ਮਿਲਦੇ। ਹਰ ਵਾਕ ਵਿਚ ਅਖਾਣ ਬੋਲ ਕੇ ਬੇਬੇ ਆਪਣੀ ਗੱਲ ਵਿਚ ਜਾਨ ਪਾ ਦਿੰਦੀ। ਹਰ ਗੱਲ ਨਾਲ ਕੋਈ ਨਾ ਕੋਈ ਅਖਾਣ ਪਾਉਣਾ ਬੇਬੇ ਦਾ ਸੁਭਾਅ ਸੀ। ਬੇਬੇ ‘ਚੋਰੀ ਮਿਹਣਾ ਯਾਰੀ ਮਿਹਣਾ, ਮਜ਼ੂਰੀ ਦਾ ਕੀ ਮਿਹਣਾ’ ਕਹਿ ਕੇ ਸਾਡੇ ਵਿਚ ਕੰਮ ਕਰਨ ਦਾ ਜੋਸ਼ ਪੈਦਾ ਕਰਦੀ ਤੇ ਮਿਹਨਤ ਕਰਨ ਦਾ ਜ਼ਜਬਾ ਭਰਦੀ।
ਮਾਤਾ ਪਰਦੇਸੀਂ ਜਾ ਵਸੇ ਵਡੇ ਪੁੱਤ ਨੂੰ ਮਿਲਣ ਦਾ ਅੰਦਰ ਹੀ ਅੰਦਰ ਝੋਰਾ ਕਰਿਆ ਕਰਦੀ ਸੀ। ਜ਼ੀਰਕਪੁਰ ਦਸਮੇਸ਼ ਕਾਲੋਨੀ ਵਿਚ ਸਾਡੇ ਨਾਲ ਦੇ ਘਰ ਵਿਚ ਡਾæ ਸਤਨਾਮ ਸਿੰਘ ਰੰਧਾਵਾ ਦੀ ਮੰਜੇ ‘ਤੇ ਪਈ ਬਜ਼ੁਰਗ ਮਾਂ ਵੀ ਆਪਣੇ ਅਮਰੀਕਾ ਗਏ ਪੁੱਤ ਨੂੰ ਯਾਦ ਕਰਦਿਆਂ ਬਹੁੜੀਆਂ ਪਾਇਆ ਕਰਦੀ ਸੀ, ‘ਵੇ ਛਿੰਦੀ æææਵੇ ਛਿੰਦੀ æææਪੁੱਤ, ਮਾਂ ਨੂੰ ਜਿਊਂਦਿਆਂ ਵੀ ਮਿਲਣਾ ਕਿ ਕੜਾਹ ਖਾਣ ਈ ਆਉਣੈæææ।’ ਲੰਮੀ ਉਡੀਕ ਮਗਰੋਂ ਜਿਸ ਦਿਨ ਛਿੰਦੀ ਦਿੱਲੀ ਹਵਾਈ ਅੱਡੇ ‘ਤੇ  ਉਤਰਿਆ, ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਮਾਂ ਮੁੱਕ ਗਈ ਤੇ ਜਿਉਂਦੇ ਜੀਅ ਆਪਣੇ ਲਾਡਲੇ ਪੁੱਤ ਨੂੰ ਮਿਲਣ ਦੀ ਤਾਂਘ ਦਿਲ ਵਿਚ ਲੈ ਕੇ ਹੀ ਤੁਰਦੀ ਬਣੀ। ਪੁੱਤ ਨੂੰ ਮਿਲਣ ਦਾ ਉਸ ਮਾਂ ਦਾ ਰੁਦਨ ਸਾਡੇ ਕੰਨਾਂ ਵਿਚ ਹਾਲੇ ਤੱਕ ਵੀ ਗੂੰਜਦਾ ਹੈ। ਸਾਡੀ ਬੇਬੇ ਦਾ ਵੀ ਪਰਦੇਸੀਂ ਜਾ ਵਸਿਆ ਵੱਡਾ ਪੁੱਤ ਆਪਣੀ ਸਿਹਤ ਦੀਆਂ ਮਜਬੂਰੀਆਂ ਕਰਕੇ ਚਾਹ ਕੇ ਵੀ ਮਰਨ ਕੰਢੇ ਪਈ ਮਾਂ ਦਾ ਦਰਸ਼ਨ ਕਰਨ ਨਾ ਪਹੁੰਚ ਸਕਿਆ।
ਜਦੋਂ ਪੰਜਾਬ ਪੁਲਿਸ ਵਿਚ ਸਾਡੇ ਬਾਪੂ ਜੀ ਠਾਣੇਦਾਰ ਬਣੇ ਤਾਂ ਬੇਬੇ ਨੂੰ ਵੀ ਪਿੰਡ ਕੁੱਤੇਵਡ ਦੇ ਲੋਕ ਠਾਣੇਦਾਰਨੀ ਕਹਿਣ ਲੱਗ ਪਏ। ਉਸ ਦਾ ਰੋਹਬ ਠਾਣੇਦਾਰ ਤੋਂ ਵੀ ਵਧ ਕੇ ਸੀ। ਅੱਠ ਦਹਾਕੇ ਲੰਘ ਗਈ ਜਿੰਦਗੀ ਦਾ ਹਰ ਛਿਣ ਬੇਬੇ ਨੂੰ ਆਪਣੇ ਪੋਟਿਆਂ ‘ਤੇ ਯਾਦ ਸੀ। ਬਾਪੂ ਨਾਲ ਵਿਆਹੁਤਾ ਜ਼ਿੰਦਗੀ ਦੇ ਬੇਬੇ ਨੂੰ ਜਿੰਨੇ ਮਾਣ ਸਨ, ਉਨੇ ਹੀ ਗਿਲੇ ਸਨ। ਕਿਹਾ ਕਰਦੀ, “ਤੁਹਾਡੇ ਦਾਦੇ ਨੇ ਦਸ ਤੋਲੇ ਸੋਨਾ ਪਾ ਕੇ ਲਿਆਂਦਾ ਸੀ ਮੈਨੂੰ। ਕੁੜੀ ਦਿੰਦਾ ਕੌਣ ਸੀ ਇਨ੍ਹਾਂ ਨੂੰ?” ਸਾਡੇ ਬਾਪੂ ਦੀ ਪੁਲਿਸ ਦੀ ਨੌਕਰੀ ਤੋਂ ਉਹ ਕਦੇ ਖੁਸ਼ ਨਾ ਰਹੀ ਤੇ ਕਿਹਾ ਕਰਦੀ, “ਪੁਲਸੀਆਂ ਦਾ ਖੋਤੇ ਜਿੰਨਾ ਵੀ ‘ਡਮਾਕ’ ਨਹੀਂ ਹੁੰਦਾ।” ਬੇਬੇ ਬਾਪੂ ਬਾਰੇ ਅਕਸਰ ਕਹਿ ਦਿੰਦੀ, “ਜਿਹਾ ਮੁੰਨੀ ਬੱਧਾ, ਤੇਹਾ ਚੋਰਾਂ ਖੋਲ੍ਹ ਖੜ੍ਹਿਆ, ਇਹ ਹੈ ਮੇਰਾ ਬੰਦਾ।” ਸਾਰੀ ਉਮਰ ਬਾਪੂ ਬੇਬੇ ਵਿਚ ਖੜ੍ਹਕਾ-ਦੜ੍ਹਕਾ ਹੁੰਦਾ ਰਿਹਾ ਜਿਸ ਦਾ ਸਿੱਤਮ ਅਸੀਂ ਝੱਲਦੇ ਰਹੇ। ਕਈ ਵਾਰ ਦੋਹਾਂ ਦੀ ਆਪਸ ਵਿਚ ਲੜਾਈ ਹੁੰਦੀ ਤੇ ਕੁੱਟ ਸਾਨੂੰ ਪੈ ਜਾਂਦੀ। ਬਹੁਤੀ ਵਾਰ ਬੇਬੇ-ਬਾਪੂ ਦੀ ਆਪਸ ‘ਚ ਲੜਾਈ ਸ਼ਰੀਕੇ ਅਤੇ ਬੇਬੇ ਦੇ ਪੇਕਿਆਂ ਕਰਕੇ ਹੀ ਹੁੰਦੀ ਜੋ ਪਿੰਡ ਹੀ ਵਸਦੇ ਸਨ। ਪੇਕਿਆਂ ਨਾਲ ਅੰਤਾਂ ਦੇ ਮੋਹ ਕਾਰਨ ਪੇਕੇ ਘਰੋਂ ਆਈ ਹਰ ਸ਼ੈਅ ਬੇਬੇ ਲਈ ਸੋਨਾ ਹੁੰਦੀ। ਅੱਜ ਬਾਪੂ ਜੀ ਵੀ ਬੇਬੇ ਦੇ ਤੁਰ ਜਾਣ ਉਪਰੰਤ ਇਕੱਲੇ ਇਕੱਲੇ ਮਹਿਸੂਸ ਕਰਦੇ ਹਨ।
ਛੋਟੇ ਹੁੰਦਿਆਂ ਦੇ ਪਿੰਡ ਕੁੱਤੇਵਢ ਦੇ ਵੇਲੇ ਮੈਨੂੰ ਯਾਦ ਹਨ। ਬੇਬੇ ਆਪ ਅੰਮ੍ਰਿਤ ਵੇਲੇ ਉਠਦੀ, ਦੁੱਧ ਮਧਾਣੀ ਪਾਉਂਦੀ ਅਤੇ ਜਪੁਜੀ ਸਾਹਿਬ ਦੀਆਂ ਕੁਝ ਪਉੜੀਆਂ ਦਾ ਪਾਠ ਕਰਦੀ। ਬਾਅਦ ਵਿਚ ਸਮਝ ਆਈ ਕਿ ਮਾਤਾ ਬਾਣੀ ਦੇ ਅੱਧੇ ਸ਼ਬਦ ਗਲਤ ਹੀ ਬੋਲੀ ਜਾਂਦੀ ਪਰ ਬੋਲਦੀ ਪੂਰੀ ਸ਼ਰਧਾ ਨਾਲ। ਵੇਲੇ ਨਾਲ ਉਠਾਉਣ ਲਈ ਸਾਨੂੰ ਕਿਹਾ ਕਰਦੀ, “ਉਏ ਦਲਿਦਰੀਓ ਉਠੋ, ਦਿਨ ਸਿਰ ‘ਤੇ ਚੜ੍ਹ ਆਇਆ।” ਜੇ ਨਾ ਉਠਦੇ ਤਾਂ ਬੇਬੇ ਪਾਣੀ ਦੀ ਬਾਲਟੀ ਪਾ ਦਿਆ ਕਰਦੀ। ਇਸ ਡਰੋਂ ਅਸੀਂ ਉਠ ਕੇ ਸਕੂਲ ਲਈ ਫਟਾਫਟ ਤਿਆਰ ਹੋਇਆ ਕਰਦੇ।
ਅਸੀਂ ਚਾਰ ਭੈਣ-ਭਰਾ ਹਾਂ। ਮੈਂ ਸਭ ਤੋਂ ਛੋਟਾ ਹਾਂ, ਵਿਚਕਾਰ ਦੋ ਭੈਣਾਂ ਤੇ ਸਭ ਤੋ ਵਡੇ ਭਾਅ ਜੀ। ਪਤਾ ਨਹੀਂ ਕਿਉਂ ਬੇਬੇ ਨੂੰ ਧੀਆਂ ਦੇ ਮੁਕਾਬਲੇ ਪੁੱਤ ਹਮੇਸ਼ਾ ਪਿਆਰੇ ਰਹੇ। ਧੀਆਂ ਨੂੰ ਖਾਣ ਨੂੰ ਬਾਅਦ ਵਿਚ ਦਿੰਦੀ ਤੇ ਪੁੱਤਾਂ ਨੂੰ ਪਹਿਲਾਂ। ਧੀਆਂ ਨੂੰ ਹਮੇਸ਼ਾ ਕਹਿੰਦੀ, ਤੁਸੀਂ ਇਨ੍ਹਾਂ ਨਾਲ ਹੀ ਸੋਂਹਦੀਆਂ ਜੇ। ਸ਼ਾਇਦ ਮਾਤਾ ਉਤੇ ਧੀਆਂ ਨਾਲੋਂ ਪੁੱਤਾਂ ਨੂੰ ਪਹਿਲ ਦੇਣ ਦੇ ਰਵਾਇਤੀ ਸਭਿਆਚਾਰ ਦਾ ਅਸਰ ਸੀ। ਪੁੱਤ ਵਿਆਹੇ ਤਾਂ ਹਮੇਸ਼ਾ ਉਸ ਪੋਤਰੇ ਮੰਗੇ, ਧੀਆਂ ਵਿਆਹੀਆਂ ਤਾਂ ਦੋਹਤਰੇ।
ਸ਼ਿਕਾਗੋ ਵਿਚ ਪੋਤੇ ਮਨਦੀਪ ਦਾ ਵਿਆਹ ਸੀ। ਬੇਬੇ ਨੂੰ ਆਪਣੇ ਵੱਡੇ ਪੋਤੇ ਦੇ ਵਿਆਹ ਦਾ ਬੇਹੱਦ ਚਾਅ ਸੀ ਅਤੇ ਅਮਰੀਕਾ ਜਾਣ ਲਈ ਉਹ ਸਭ ਤੋ ਵੱਧ ਕਾਹਲੀ ਸੀ। ਦਿੱਲੀ ਅਮਰੀਕਨ ਅੰਬੈਸੀ ਵਿਚ ਅਸੀਂ ਵੀਜ਼ੇ ਲਈ ਗਏ, ਵੀਜ਼ਾ ਨਾ ਲੱਗਿਆ। ਫਿਰ ਵੀ ਬੇਬੇ ਨੂੰ ਲੱਗਾ, ਉਹ ਸਚਮੁਚ ਅਮਰੀਕਾ ਜਾ ਆਈ ਹੈ। ਪੋਤਰੇ ਦੇ ਵਿਆਹ ਵਾਲੇ ਦਿਨ ਸ਼ਿਕਾਗੋ ਤੋਂ ਹਜ਼ਾਰਾਂ ਮੀਲ ਦੂਰ ਜ਼ੀਰਕਪੁਰ ਬੈਠੀ ਬੇਬੇ ਨੇ ਆਪਣੇ ਪੋਤਰੇ ਮਨਦੀਪ ਦੀਆਂ ਘੋੜੀਆਂ ਗਾਈਆਂ। ਗਲੀ ਗੁਆਂਢ ਲੱਡੂ ਵੰਡੇ। ਅਮਰੀਕਾ ਬੈਠੇ ਪੁੱਤ ਨੂੰ ਦੱਸਣ ਲੱਗੀ, ਅਸੀਂ ਮਨਦੀਪ ਦੇ ਵਿਆਹ ‘ਤੇ ਗਿੱਧਾ ਪਾਇਆ ਤੇ ‘ਮੂੰਗੀ’ ਵੀ ਬਣਾਈ ਹੈ। ਉਹ ਸੋਚਣ ‘ਮੂੰਗੀ’ ਕੀ ਹੋਈ? ਪਿਛੋਂ ਪਤਾ ਲੱਗਾ ਕਿ ਮਾਤਾ ਮੂਵੀ ਨੂੰ ‘ਮੂੰਗੀ’ ਕਹਿੰਦੀ ਹੈ। ਮਾਤਾ ਨੂੰ ਆਪਣੀ ਪੋਤ ਨੂੰਹ ਨੂੰ ਵੇਖਣ ਦੀ ਬੜੀ ਰੀਝ ਸੀ ਪਰ ਕੈਨੇਡਾ ਤੋਂ ਅਮਰੀਕਾ ਵਿਆਹ ਕੇ ਲਿਆਂਦੀ ਆਪਣੀ ਪੋਤ ਨੂੰਹ ਸੰਦੀਪ ਕੌਰ ਦਾ ਮੂੰਹ ਵੇਖਣ ਦੀ ਰੀਝ ਬੇਬੇ ਪੂਰੀ ਹੋਣ ਤੋਂ ਪਹਿਲਾਂ ਹੀ ਤੁਰਦੀ ਬਣੀ। ਪਹਿਲਾਂ ਅਮਰੀਕਾ ਦਾ ਵੀਜ਼ਾ ਨਾ ਮਿਲਣ ਕਰਕੇ ਅਤੇ ਫਿਰ ਮੌਤ ਦੇ ਕਾਹਲੀ ਕਰ ਜਾਣ ਕਰਕੇ।
ਦੋ ਕੁ ਮਹੀਨੇ ਪਹਿਲਾਂ ਇਕ ਦਿਨ ਸਾਡੀ ਵੱਡੀ ਭੈਣ ਸੁਰਿੰਦਰ ਕੌਰ ਮਿਲਣ ਆਈ, ਅਸੀਂ ਸਾਰੇ ਬੇਬੇ ਦੀਆਂ ਗੱਲਾਂ ਕਰਨ ਲੱਗੇ। ਰਾਤ ਕਾਫੀ ਹੋ ਗਈ ਸੀ ਤੇ ਬੇਬੇ ਦੀਆਂ ਗੱਲਾਂ ਮੁੱਕਣ ‘ਤੇ ਨਹੀਂ ਸੀ ਆ ਰਹੀਆਂ ਤਾਂ ਭੈਣ ਦੇ ਮੂੰਹੋਂ ਨਿਕਲਿਆ, “ਸਾਰੀ ਉਮਰ ਬੇਬੇ ਲੜਦੀ ਰਹੀ, ਜਾਂਦੀ ਜਾਂਦੀ ਤਤੜੀ ਮੋਹ ਪਾ ਗਈ।” ਬੇਬੇ ਨੂੰ ਯਾਦ ਕਰਦਿਆਂ ਅੱਥਰੂ ਰੁਕ ਨਹੀਂ ਸੀ ਰਹੇ।

Be the first to comment

Leave a Reply

Your email address will not be published.